ਜਿੰਦਰ
ਦਰਵਾਜ਼ੇ ਕੋਲ ਆ ਕੇ ਸੁਖਪਾਲ ਰੁਕ ਗਿਆ। ਕਮਰੇ ਵਿੱਚੋਂ ਹਰਕੰਵਲ ਦੇ ਉੱਚੀ-ਉੱਚੀ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਵਿੱਚ-ਵਿੱਚ ਉਹ ਚੀਕਾਂ ਮਾਰਨ ਲੱਗ ਜਾਂਦੀ। ਸੁਖਪਾਲ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਰੀਆਂ ਪਈਆਂ ਸਨ। ਸ਼ਾਇਦ ਇੰਨਾ ਕਦੇ ਉਹ ਪਹਿਲਾਂ ਰੋਇਆ ਨਹੀਂ ਸੀ। ਇੰਨਾ ਭਾਵੁਕ ਨਹੀਂ ਹੋਇਆ ਸੀ। ਉਸ ਕੋਲੋਂ ਆਪਣਾ ਆਪ ਸੰਭਾਲਿਆ ਨਹੀਂ ਜਾ ਰਿਹਾ ਸੀ। ਜਿਸ ਕੁੜੀ ਦਾ ਤਲਾਕ ਹੋਣ ਜਾ ਰਿਹਾ ਸੀ ਜਾਂ ਤਲਾਕ ਦਾ ਫ਼ੈਸਲਾ ਹੋ ਗਿਆ ਸੀ, ਉਸ ਦੀ ਮਨੋਦਸ਼ਾ ਕਿਹੋ ਜਿਹੀ ਹੋਵੇਗੀ, ਉਸ ਲਈ ਸ਼ਬਦ ਨਹੀਂ ਰਹਿ ਜਾਂਦੇ। ਉਸ ਨੂੰ ਘਰਦਿਆਂ ਦੇ ਨਾਲ-ਨਾਲ ਉਸ ਪੰਡਤ ’ਤੇ ਵੀ ਖਿਝ ਆਈ ਜਿਸ ਨੇ ਸਵੇਰ ਦੇ ਤਿੰਨ ਵੱਜੇ ਦਾ ਸ਼ੁਭ ਮੁਹਾਰਤ ਕੱਢਿਆ ਸੀ। ਇਸ ਵੇਲੇ ਜੇ ਉਸ ਨੂੰ ਪੰਡਤ ਮਿਲ ਜਾਂਦਾ ਤਾਂ ਉਹ ਉਸੇ ਦੀ ਜੁੱਤੀ ਨਾਲ ਸੌ ਮਾਰ ਕੇ ਇੱਕ ਗਿਣਦਾ। ਸਾਲ ਵਿੱਚ ਹੀ ਹੱਸਦੇ-ਵੱਸਦੇ ਦੋਹਾਂ ਘਰਾਂ ਵਿੱਚ ਸੋਗ ਫੈਲ ਗਿਆ ਸੀ। ਰਣਬੀਰ ਨੇ ਇੱਥੋਂ ਤੱਕ ਧਮਕੀ ਦੇ ਦਿੱਤੀ ਸੀ, ‘‘ਜੇ ਤੁਸੀਂ ਜ਼ਿਆਦਾ ਜ਼ੋਰ ਪਾਇਆ ਤਾਂ ਮੈਂ ਕੁਸ਼ ਖਾ ਕੇ ਮਰ ਜਾਣਾ। ਹਰਕੰਵਲ ਮੇਰੀ ਨ੍ਹੀਂ ਤੁਹਾਡੀ ਪਸੰਦ ਏ।’’
ਹਰਕੰਵਲ ਸੁਖਪਾਲ ਦੇ ਭਾਂਣਜੇ ਦੀ ਵਹੁਟੀ ਸੀ। ਦੋਹਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਇਹ ਰਿਸ਼ਤਾ ਬਣਿਆ ਸੀ।
ਘਰੋਂ ਤੁਰਨ ਲੱਗਿਆਂ ਸੁਖਪਾਲ ਦੀ ਭੈਣ ਨੇ ਜ਼ੋਰ ਦੇ ਕੇ ਕਿਹਾ ਸੀ, ‘‘ਜਿੱਦਾਂ ਮਰਜ਼ੀ ਹੋ ਜਾਵੇ ਤੁਸੀਂ ਅੱਜ ਸਿਆਪਾ ਨਬਿੇੜਣ ਦੀ ਗੱਲ ਕਰਿਓ। ਭਾਵੇਂ ਸਾਡਾ ਉਧਰਲਾ ਪਲਾਟ ਵਿਕ ਜਾਵੇ।’’ ਕਿੰਨੇ ਚਾਅਵਾਂ ਨਾਲ ਵਿਆਹ ਕੀਤਾ ਸੀ ਜਿਸ ਨੇ ਹੁਣ ‘ਸਿਆਪੇ’ ਦਾ ਰੂਪ ਧਾਰਨ ਕਰ ਲਿਆ ਸੀ।
ਹਰਕੰਵਲ ਦਾ ਪਿਉ ਕਿਸੇ ਬਾਹਰਲੇ ਮੁਲਕ ਰਹਿੰਦਾ ਸੀ। ਸਾਰੀ ਗੱਲਬਾਤ ਉਸ ਦੇ ਜੀਜੇ, ਜਿਹੜਾ ਕਿ ਇਟਲੀ ਤੋਂ ਆਇਆ ਹੋਇਆ ਸੀ, ਨੇ ਕੀਤੀ। ਸੁਖਪਾਲ ਨੇ ਆਪਣੀ ਆਦਤ ਅਨੁਸਾਰ ਸਪੱਸ਼ਟ ਕਹਿ ਦਿੱਤਾ ਕਿ ਜਦੋਂ ਉਨ੍ਹਾਂ ਨੂੰ ਵਿਚਲੀ ਗੱਲ ਦਾ ਪਤਾ ਹੈ ਤਾਂ ਰੋਜ਼ ਦੀ ਖਿਚ-ਖਿਚ ਨੂੰ ਇੱਕ ਪਾਸੇ ਕਰਨ ਦੀ ਗੱਲ ਕਰੀਏ। ਜੀਜੇ ਨੇ ਆਪਣੇ ਨਾਲ ਲਿਆਂਦੇ ਵਕੀਲ ਵੱਲ ਦੇਖਿਆ। ਵਕੀਲ ਵੀ ਬੋਲਿਆ, ‘‘ਭਾਈ ਸਾਹਿਬ ਦੀ ਗੱਲ ਮਨ ਨੂੰ ਲੱਗਦੀ ਏ। ਆਪਸ ’ਚ ਬੈਠ ਕੇ ਮਸਲਾ ਹੱਲ ਕਰ ਲਓ। … ਕੋਰਟ ’ਚ ਸਿਰਫ਼ ਦੋ ਤਰੀਕਾਂ ਪੈਣੀਆਂ। ਫੇਰ ਆਪਸੀ ਸਹਿਮਤੀ ਨਾਲ ਤਲਾਕ ਹੋ ਜਾਊ।’’
ਹਰਕੰਵਲ ਦੀ ਮੰਮੀ ਨੇ ਰੋਣਹਾਕੀ ਆਵਾਜ਼ ਵਿੱਚ ਕਿਹਾ, ‘‘ਭਰਾ ਜੀ, ਤੁਸੀਂ ਸਿਆਣੇ ਹੋ। ਕੋਈ ਹੱਲ ਕੱਢੋ। ਆਖ਼ਰ ਕੁੜੀ ਦੀ ਜ਼ਿੰਦਗੀ ਦਾ ਸੁਆਲ ਆ।’’
‘‘ਧੱਕੇ ਨਾਲ ਕੁੜੀ ਨ੍ਹੀਂ ਵਸਾਈ ਜਾ ਸਕਦੀ।’’ ਹਰਕੰਵਲ ਦੇ ਜੀਜੇ ਨੇ ਕਿਹਾ। ਉਸ ਨੂੰ ਵਿਚਲੀ ਰਾਮ-ਕਹਾਣੀ ਦਾ ਪਤਾ ਸੀ। ਵਿਆਹ ਤੋਂ ਪਹਿਲਾਂ ਹੀ ਰਣਬੀਰ ਦੇ ਰਿੰਪੀ ਨਾਲ ਸੰਬੰਧ ਰਹੇ ਸਨ। ਉਹ ਕਿਸੇ ਵੀ ਕੀਮਤ ’ਤੇ ਰਿੰਪੀ ਤੋਂ ਦੂਰ ਨਹੀਂ ਰਹਿ ਸਕਦਾ ਸੀ। ਹਰਕੰਵਲ ਨੇ ਗੱਲਾਂ ਗੱਲਾਂ ਵਿੱਚ ਕਿਹਾ ਸੀ, ‘‘ਤੁਸੀਂ ਦਿਨੇ ਜਿੱਥੇ ਮਰਜ਼ੀ ਜਾਓ, ਘੱਟੋ-ਘੱਟ ਰਾਤ ਨੂੰ ਤਾਂ ਮੇਰੇ ਬਣਿਆ ਕਰੋ।’’ ਰਣਬੀਰ ਮੰਨ ਜਾਂਦਾ। ਦੂਜੇ-ਤੀਜੇ ਹਫ਼ਤੇ ਫੇਰ ਇਹੀ ਚੱਕਰ ਸ਼ੁਰੂ ਹੋ ਜਾਂਦਾ। ਜਦੋਂ ਹਰਕੰਵਲ ਦੇ ਸਬਰ ਦਾ ਪਿਆਲਾ ਭਰ ਗਿਆ, ਉਸ ਨੇ ਆਪਣੀ ਮੰਮੀ ਤੇ ਵੱਡੀ ਭੈਣ ਨੂੰ ਸਭ ਕੁਝ ਦੱਸ ਦਿੱਤਾ। ਅੱਗੋਂ ਰਣਬੀਰ ਦੀ ਮੰਮੀ ਨੇ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ। ਉਹ ਆਪਣੇ ਮੁੰਡੇ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੀ ਗਈ। ਜਦੋਂ ਚਹੁੰ ਪਾਸਿਆਂ ਤੋਂ ਕੋਈ ਪੇਸ਼ ਨਾ ਗਈ ਤਾਂ ਹਰਕੰਵਲ ਨੂੰ ਉਸ ਦੀ ਮੰਮੀ ਆਪਣੇ ਨਾਲ ਲੈ ਗਈ।
‘‘ਕੁੜੀ ਨੂੰ ਵੀ ਇੱਕ ਵਾਰ ਪੁੱਛ ਲਓ,’’ ਵਕੀਲ ਨੇ ਕਿਹਾ। ਸ਼ਾਇਦ ਉਸ ਵੀ ਮਨ ਹੀ ਮਨ ਸੋਚਿਆ ਹੋਵੇ ਕਿ ਕੁੜੀ ਦਾ ਘਰ ਨਾ ਪੁੱਟਿਆ ਜਾਵੇ। ਅੱਜਕੱਲ੍ਹ ਨਾਜਾਇਜ਼ ਰਿਸ਼ਤੇ ਆਮ ਗੱਲ ਹੋ ਗਈ ਸੀ। ਮਾਂ-ਪਿਓ ਨੇ ਇਸ ਨੂੰ ਸਵੀਕਾਰਨਾ ਸ਼ੁਰੂ ਕਰ ਦਿੱਤਾ ਹੈ।
‘‘ਜਦੋਂ ਸਿਆਣੇ ਗੱਲ ਕਰ ਰਹੇ ਹੋਣ ਤਾਂ ਨਿਆਣਿਆਂ ਨੂੰ ਪੁੱਛਣ ਦੀ ਕੀ ਤੁਕ ਬਣਦੀ ਏ?’’ ਸੁਖਪਾਲ ਦੀ ਭੈਣ ਟੁੱਟ ਕੇ ਪਈ।
‘‘ਅੱਜਕੱਲ੍ਹ ਤਲਾਕ ਵੱਡਾ ਮੁੱਦਾ ਨ੍ਹੀਂ ਰਿਹਾ।’’
‘‘ਸਿਆਣੇ ਕਹਿੰਦੇ ਨੇ ਕਿ ਇੱਕ ਵਾਰ ਕੁੜੀ ਵਿਆਹੀ ਜਾਵੇ ਤਾਂ ਉਸ ਦਾ ਮੁੱਲ ਅੱਧਾ ਰਹਿ ਜਾਂਦਾ।’’
‘‘ਭੈਣ ਜੀ, ਸਮੇਂ ਬਦਲ ਗਏ। ਸਾਡੇ ਬਾਪ-ਦਾਦਿਆਂ ਵੇਲੇ ਅਜਿਹਾ ਹੁੰਦਾ ਹੋਊਗਾ। ਅੱਜਕੱਲ੍ਹ ਨ੍ਹੀਂ। ਹੋ ਸਕਦਾ ਕੁੜੀ ਨੂੰ ਇਸ ਤੋਂ ਚੰਗਾ ਮੁੰਡਾ ਮਿਲ ਜਾਵੇ। ਕਿਸਮਤ ਬਦਲਦਿਆਂ ਦਾ ਕੀ ਪਤਾ ਲੱਗਦਾ। ਪੁਰਾਣੇ ਵੇਲਿਆਂ ਦੀ ਗੱਲ ਆ। ਇੱਕ ਪਟਾਰੀ ’ਚ ਬੰਦ ਪਿਆ ਭੁੱਖਾ ਸੱਪ ਮਰਣ ਕਿਨਾਰੇ ਜਾ ਪਹੁੰਚਿਆ। ਇੱਕ ਚੂਹੇ ਨੇ ਪਟਾਰੀ ਕੁਤਰੀ। ਅੰਦਰ ਜਾ ਵੜਿਆ। ਸੱਪ ਨੇ ਚੂਹੇ ਨੂੰ ਨਿਗਲਣ ਦੀ ਕੀਤੀ। ਚੂਹੇ ਨੂੰ ਖਾਣ ਉਪਰੰਤ ਉਸ ’ਚ ਜਾਨ ਆ ਪਈ। ਫੇਰ ਉਹ ਜਿੱਥੋਂ ਚੂਹੇ ਨੇ ਪਟਾਰੀ ਕੁਤਰੀ ਸੀ, ਉੱਥੋਂ ਦੀ ਬਾਹਰ ਨਿਕਲ ਗਿਆ। ਹੁਣ ਤੁਸੀਂ ਇਸ ਨੂੰ ਕੀ ਸਮਝੋਗੇ?’’
ਚੁੱਪ ਪਸਰ ਗਈ ਸੀ।
* * *
ਫੇਰ ਗੱਲ ਪੈਸਿਆਂ ’ਤੇ ਆ ਕੇ ਰੁਕ ਗਈ।
ਹਰਕੰਵਲ ਦੇ ਜੀਜੇ ਨੇ ਖਰਚੇ ਦਾ ਹਿਸਾਬ-ਕਿਤਾਬ ਪਹਿਲਾਂ ਹੀ ਬਣਾ ਰੱਖਿਆ ਸੀ। ਉਸ ਨੇ ਚੌਦ੍ਹਾਂ ਲੱਖ ਦਾ ਖਰਚਾ ਗਿਣਾਇਆ। ਸੁਣ ਕੇ ਸਾਰੇ ਦੰਗ ਰਹਿ ਗਏ। ਇਹ ਬਹੁਤ ਜ਼ਿਆਦਾ ਸਨ।
‘‘ਮੈਂ ਐਨੇ ਪੈਸੇ ਨ੍ਹੀਂ ਦੇ ਸਕਦਾ?’’ ਰਣਬੀਰ ਦੇ ਡੈਡੀ ਨੇ ਕਿਹਾ। ‘‘ਫੇਰ ਅਸੀਂ ਕੋਰਟ ’ਚ ਖਰਚੇ ਦਾ ਕੇਸ ਕਰ ਦਿੰਦੇ ਹਾਂ,’’ ਜੀਜੇ ਨੇ ਰੋਹਬ ਨਾਲ ਕਿਹਾ।
ਸੁਖਪਾਲ ਦੇ ਵਕੀਲ ਦੋਸਤ ਅਜਾਇਬ ਹੁੰਦਲ ਨੇ ਉਸ ਨੂੰ ਸਮਝਾਇਆ ਸੀ, ‘‘ਜੋ ਮਰਜ਼ੀ ਹੋ ਜਾਵੇ, ਤੁਸੀਂ ਕਚਹਿਰੀਆਂ ਦੇ ਚੱਕਰ ’ਚ ਨਾ ਪੈਣਾ। ਇੱਕ ਵਾਰ ਕੇਸ ਰਜਿਸਟਰਡ ਹੋ ਗਿਆ ਅੱਧੀ ਉਮਰ ਕੋਰਟ ਦੇ ਚੱਕਰ ਮਾਰਦਿਆਂ ਨਿਕਲ ਜਾਣੀ ਏ। ਨਾ ਮੁੰਡਾ-ਕੁੜੀ ਮੁੜ ਕੇ ਵਿਆਹ ਕਰਵਾਉਣ ਜੋਗੇ। ਨਾ ਕਿਸੇ ਕੰਢੇ ਸਿਰੇ ਗੱਲ ਲੱਗਣੀ। ਗੱਲ ਬਾਹਰੋਂ-ਬਾਹਰ ਨਬਿੇੜ ਲੈਣੀ। ਮੈਂ ਤਾਂ ਤੁਹਾਨੂੰ ਇਹੀ ਸਲਾਹ ਦੇਊਂਗਾ। ਵਕੀਲਾਂ ਦਾ ਤੁਹਾਨੂੰ ਪਤਾ ਹੀ ਆ।’’
ਸੁਖਪਾਲ ਹਰਕੰਵਲ ਦੇ ਜੀਜੇ ਨੂੰ ਇੱਕ ਪਾਸੇ ਲੈ ਗਿਆ। ਅੱਧਾ ਘੰਟਾ ਮਗਜ਼-ਖਪਾਈ ਕਰਨ ਮਗਰੋਂ ਨੌਂ ਲੱਖ ਵਿੱਚ ਗੱਲ ਮੁੱਕੀ। ਹਰਕੰਵਲ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੀ ਸੀ। ਸ਼ਾਇਦ ਉਸ ਨੂੰ ਆਪਣੇ ਭਵਿੱਖ ਦਾ ਪਤਾ ਲੱਗ ਗਿਆ ਸੀ। ਕਿਸੇ ਨੇ ਵੀ ਹਰਕੰਵਲ ਦੀ ਮਰਜ਼ੀ ਪੁੱਛਣ ਦੀ ਲੋੜ ਨਹੀਂ ਸਮਝੀ ਸੀ।
ਵਕੀਲ ਨੇ ਕਾਗਜ਼ ’ਤੇ ਫ਼ੈਸਲਾ ਲਿਖਿਆ। ਸੁਖਪਾਲ, ਉਸ ਦੀ ਭੈਣ ਤੇ ਰਣਬੀਰ ਦੇ ਡੈਡੀ ਨੇ ਦਸਤਖ਼ਤ ਕਰ ਦਿੱਤੇ। ਉਹ ਘਰ ਦੇ ਨਾਲ ਲੱਗਦੇ ਪਲਾਟ ਵਿੱਚ ਧੁੱਪ ਵਿੱਚ ਬੈਠੇ ਸਨ। ਉੱਥੇ ਚੁੱਪ ਇੰਨੀ ਸੰਘਣੀ ਹੋ ਗਈ ਜਿੱਦਾਂ ਹੁਣੇ ਹੁਣੇ ਕੋਈ ਮਰਿਆ ਹੋਵੇ। ਸਾਰਿਆਂ ਨੇ ਨੀਵੀਂ ਪਾਈ ਹੋਈ ਸੀ। ਜਿੱਦਾਂ ਇੱਕ ਦੂਜੇ ਨੂੰ ਮੂੰਹ ਦਿਖਾਉਣ ਜੋਗੇ ਨਾ ਰਹੇ ਹੋਣ।
‘‘ਸੁਖਪਾਲ ਹੁਣ ਆਪਾਂ ਚੱਲੀਏ?’’ ਭੈਣ ਨੇ ਕੁਰਸੀ ਤੋਂ ਉੱਠਦਿਆਂ ਕਿਹਾ।
ਸੁਖਪਾਲ ਜੁੱਤੀ ਪਾ ਕੇ ਤੁਰਨ ਲੱਗਾ ਤਾਂ ਹਰਕੰਵਲ ਦੀ ਮਾਂ ਬੋਲੀ, ‘‘ਭਰਾ ਜੀ ਆਪਣੀ ਧੀ ਨੂੰ ਇੱਕ ਵਾਰ ਮਿਲ ਜਾਓ ਜਾਂਦੀ ਵੇਰ।’’
ਉਹ ਕਮਰੇ ਅੰਦਰ ਗਏ ਤਾਂ ਹਰਕੰਵਲ ਭੁੱਬੀਂ ਰੋਣ ਲੱਗ ਪਈ। ਉਸ ਨੇ ਸੁਖਪਾਲ ਨੂੰ ਜੱਫੀ ਪਾ ਲਈ। ਪੁੱਛਣ ਲੱਗੀ, ‘‘ਮਾਮਾ ਜੀ, ਮੈਨੂੰ ਕੋਈ ਤਾਂ ਦੱਸੇ ਆਖ਼ਰ ਮੇਰਾ ਕੀ ਕਸੂਰ ਆ?’’ ਸੁਖਪਾਲ ਨੇ ਉਸ ਦੇ ਸਿਰ ’ਤੇ ਪਿਆਰ ਦਿੱਤਾ, ‘‘ਪੁੱਤ, ਸਮੇਂ ਨੂੰ ਇਹੀ ਮਨਜ਼ੂਰ ਸੀ।’’ ਹਰਕੰਵਲ ਨੇ ਉੱਚੀ ਸਾਰੀ ਲੇਰ ਮਾਰੀ। ਪਹਿਲਾਂ ਨਾਲੋਂ ਵੀ ਜ਼ਿਆਦਾ ਆਪਣੇ ਨਾਲ ਘੁੱਟ ਲਿਆ। ਉਸ ਦਾ ਜਿਸਮ ਬੁਰੀ ਤਰ੍ਹਾਂ ਕੰਬਣ ਲੱਗਾ। ਸੁਖਪਾਲ ਦੀ ਆਪਣੀ ਲੇਰ ਨਿਕਲ ਗਈ। ਉਨ੍ਹਾਂ ਨੇ ਇੱਕ ਦੂਜੇ ਨੂੰ ਸਾਂਭਣਾ ਤਾਂ ਕੀ ਸੀ, ਇੱਕ ਦੂਜੇ ਨਾਲੋਂ ਉੱਚੀ-ਉੱਚੀ ਰੋਣ ਲੱਗ ਪਏ। ਸੁਖਪਾਲ ਦਾ ਦਿਮਾਗ਼ ਸੁੰਨ ਹੋ ਗਿਆ ਸੀ। ਸਾਂ-ਸਾਂ ਹੋ ਰਹੀ ਸੀ। ਦੁਨੀਆ ਦੀ ਨਜ਼ਰ ਵਿੱਚ ਉਹ ਉਸ ਦਾ ਮਤਿਆਉਰਾ ਸੀ। ਉਸ ਨੂੰ ਵਾਰ-ਵਾਰ ਲੱਗਾ ਕਿ ਉਸ ਨੇ ਕੁੜੀ ਨਾਲ ਇਨਸਾਫ਼ ਨਹੀਂ ਕੀਤਾ। ਨੌਂ ਲੱਖ ਤਾਂ ਕੁਝ ਵੀ ਨਹੀਂ ਹੁੰਦਾ। ਕਿਸੇ ਦੀ ਜ਼ਿੰਦਗੀ ਅੱਗੇ ਪੈਸੇ ਦੀ ਕੀ ਅਹਿਮੀਅਤ ਹੁੰਦੀ ਹੈ। ਜਦੋਂ ਰਣਬੀਰ ਨੇ ਹੀ ਕਹਿ ਦਿੱਤਾ ਕਿ ਉਸ ਨੇ ਹਰਕੰਵਲ ਨਾਲ ਨਹੀਂ ਰਹਿਣਾ- ਫੇਰ ਕੋਈ ਕੀ ਕਰ ਸਕਦਾ ਸੀ। ਹਰਕੰਵਲ ਦੀ ਮਾਂ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ, ‘‘ਧੀਏ, ਆਪਣੇ ਆਪਣੇ ਨਸੀਬ ਹੁੰਦੇ ਨੇ।’’ ਹਰਕੰਵਲ ਨੇ ਸੁਖਪਾਲ ਨੂੰ ਫੇਰ ਜੱਫੀ ਪਾ ਲਈ। ਸੁਖਪਾਲ ਦਾ ਰੁਮਾਲ ਹੰਝੂਆਂ ਨਾਲ ਭਿੱਜ ਗਿਆ, ‘‘ਪੁੱਤ ਜਿਗਰਾ ਰੱਖ!’’ ਹਰਕੰਵਲ ਨੇ ਅੱਗੋਂ ਪੁੱਛਿਆ, ‘‘ਮਾਮਾ ਜੀ, ਕਿਸ ਗੱਲ ਦਾ?’’ ਜਿਸ ਹਰਕੰਵਲ ਦੀ ਸੁਖਪਾਲ ਨੇ ਕਦੇ ਉੱਚੀ ਆਵਾਜ਼ ਨਹੀਂ ਸੁਣੀ ਸੀ, ਜਿਸ ਹਰਕੰਵਲ ਨੂੰ ਜਦੋਂ ਉਹ ਉਸ ਦੇ ਪੈਰੀਂ ਹੱਥ ਲਾਉਂਦੀ ਸੀ, ਅਸੀਸਾਂ ਦਿੱਤੀਆਂ ਸਨ, ‘‘ਸਦਾ ਖ਼ੁਸ਼ ਰਹੋ।’’ ਹੁਣ ਉਸ ਦੀ ਗੱਲ ਦਾ ਉਸ ਕੋਲ ਕੋਈ ਜੁਆਬ ਨਹੀਂ ਸੀ। ਉਸ ਦੀ ਗੱਲ ਦਾ ਕੋਈ ਜੁਆਬ ਹੋ ਹੀ ਨਹੀਂ ਸਕਦਾ।
ਉਹ ਅਜੇ ਬਾਹਰਲੇ ਦਰਵਾਜ਼ੇ ਕੋਲ ਹੀ ਪਹੁੰਚੇ ਸਨ ਕਿ ਹਰਕੰਵਲ ਸਨਤੌੜ ਦੌੜਦੀ ਹੋਈ ਉਨ੍ਹਾਂ ਦੇ ਅੱਗੇ ਜਾ ਖਲੋਈ, ‘‘ਪੰਜ ਮਿੰਟਾਂ ਲਈ ਅੰਦਰ ਚੱਲੋ।’’ ਸਾਰਿਆਂ ਨੇ ਉਸ ਵੱਲ ਹੈਰਾਨੀ ਨਾਲ ਦੇਖਿਆ। ਉਹ ਉਨ੍ਹਾਂ ਨੂੰ ਉਸੇ ਥਾਂ ’ਤੇ ਲੈ ਆਈ ਜਿੱਥੇ ਵਿਆਹ ਵੇਲੇ ਵੇਦੀ ਦਾ ਮੰਡਪ ਬਣਾਇਆ ਸੀ। ਉਹ ਆਪਣੀ ਮੰਮੀ ਵੱਲ ਨੂੰ ਹੋਈ। ਬੋਲੀ, ‘‘ਤੁਸੀਂ ਚਾਹ ਬਣਾ ਕੇ ਲਿਆਓ। ਮੈਂ ਵਾਸ਼ਰੂਮ ਜਾ ਕੇ ਆਈ।’’ ਜਦੋਂ ਉਸ ਦੀ ਮੰਮੀ ਚਾਹ ਬਣਾ ਲਿਆਈ ਤਾਂ ਉਹ ਵਾਸ਼ਰੂਮ ਵਿੱਚੋਂ ਬਾਹਰ ਨਿਕਲੀ। ਟ੍ਰੇਅ ਵਿੱਚੋਂ ਕੱਪ ਚੁੱਕ ਕੇ ਸਾਰਿਆਂ ਨੂੰ ਫੜਾਏ। ਉਸ ਨੇ ਸੁਖਪਾਲ ਨੂੰ ਪੁੱਛਿਆ, ‘‘ਵਿਆਹ ਵਾਲੇ ਦਿਨ ਵੀ ਐਨੀ ਠੰਢ ਸੀ ਨਾ ਮਾਮਾ ਜੀ?’’ ਸੁਖਪਾਲ ਨੇ ਹਾਂ ਵਿੱਚ ਸਿਰ ਹਿਲਾਇਆ। ਉਹ ਅੰਦਰੋਂ ਡਰ ਗਿਆ ਸੀ ਕਿ ਬਹੂ ਅਵੱਸ਼ ਹੀ ਕੋਈ ਧਮਾਕਾ ਕਰੇਗੀ।
ਹਰਕੰਵਲ ਨੇ ਆਪਣੀ ਮੰਮੀ ਕੋਲੋਂ ਪੁੱਛਿਆ, ‘‘ਕਿੰਨੇ ’ਚ ਸੌਦਾ ਮਾਰਿਆ?’’ ‘‘ਨੌਂ ਲੱਖ ’ਚ।’’ ਉਸ ਦੀ ਮੰਮੀ ਨੇ ਮਰੀ ਜਿਹੀ ਆਵਾਜ਼ ਵਿੱਚ ਦੱਸਿਆ।
‘‘ਹੁਣ ਮੇਰਾ ਫੈਸਲਾ ਸੁਣ ਲਓ,’’ ਉਸ ਨੇ ਸਾਰਿਆਂ ਵੱਲ ਦੇਖਿਆ। ਸੁਖਪਾਲ ਕੋਲ ਆ ਕੇ ਪੈਰਾਂ ਭਾਰ ਬੈਠ ਗਈ। ਬੋਲੀ, ‘‘ਤੁਸੀਂ ਕਹਿੰਦੇ ਹੁੰਦੇ ਸੀ ਕਿ ਕੁੜੀਆਂ ਨੂੰ ਆਪਣੇ ਭਵਿੱਖ ਦਾ ਆਪ ਫ਼ੈਸਲਾ ਕਰਨਾ ਚਾਹੀਦੈ?’’ ਸੁਖਪਾਲ ਨੇ ਕਿਹਾ, ‘‘ਹੁਣ ਵੀ ਕਹਿਨਾਂ।’’ ਫੇਰ ਉਹ ਆਪਣੀ ਸੱਸ ਕੋਲ ਆ ਕੇ ਖੜ੍ਹ ਗਈ, ‘‘ਘਰ ਜਾ ਕੇ ਰਣਬੀਰ ਨੂੰ ਮੇਰਾ ਆਖ਼ਰੀ ਫ਼ੈਸਲਾ ਦੱਸ ਦਿਓ ਕਿ ਮੈਂ ਤਲਾਕ ਨ੍ਹੀਂ ਦੇਣਾ। ਨਾ ਆਪ ਵਿਆਹ ਕਰਵਾਉਣਾ ਤੇ ਨਾ ਹੀ ਉਸ ਨੂੰ ਦੁਬਾਰਾ ਵਿਆਹ ਕਰਵਾਉਣ ਦੇਣੈ। ਹੁਣ ਤੁਸੀਂ ਜਾ ਸਕਦੇ ਹੋ।’’
ਸੰਪਰਕ: 98148-03254