ਅਦਿਤੀ ਸਿੰਘ ਭਦੌਰੀਆ
ਅੱਜ ਵਿਨੋਦ ਬਾਬੂ ਬਹੁਤ ਉਦਾਸ ਹਨ। ਆਪਣੀ ਪਤਨੀ ਸੰਧਿਆ ਦੀ ਤੇਰ੍ਹਵੀਂ ਮਨਾ ਕੇ ਆਪਣੇ ਕਮਰੇ ਵਿੱਚ ਅੱਖਾਂ ਮੀਚ ਕੇ ਕੁਝ ਚਿਰ ਬੈਠਣਾ ਚਾਹੁੰਦੇ ਹਨ। ਪਰ ਜਿਉਂ ਹੀ ਅੱਖਾਂ ਬੰਦ ਕੀਤੀਆਂ, ਉਨ੍ਹਾਂ ਦੀਆਂ ਅੱਖਾਂ ਮੂਹਰੇ ਆਪਣੀ ਬੇਟੀ ਦਿਵਿਆ ਦਾ ਚਿਹਰਾ ਆ ਗਿਆ। ਅੱਜ ਵਿਨੋਦ ਜੀ ਨੂੰ ਆਪਣੀ ਇਕੱਲਤਾ ਦੀ ਚਿੰਤਾ ਹੋ ਰਹੀ ਹੈ। ਉਹ ਉੱਠੇ ਅਤੇ ਦਿਵਿਆ ਦੇ ਕਮਰੇ ਵਿੱਚ ਗਏ। ਉੱਥੇ ਜਾ ਕੇ ਉਨ੍ਹਾਂ ਨੇ ਦਿਵਿਆ ਨੂੰ ਆਪਣੇ ਬਿਸਤਰੇ ਉੱਤੇ ਉਦਾਸ ਲੇਟਿਆਂ ਵੇਖਿਆ ਅਤੇ ਉਹਦੇ ਸਿਰ ’ਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ- ‘‘ਮੈਨੂੰ ਪਤਾ ਹੈ ਕਿ ਤੂੰ ਅੱਜ ਕੀ ਮਹਿਸੂਸ ਕਰ ਰਹੀ ਏਂ? ਇਹ ਮੇਰੇ ਲਈ ਕਹਿ ਸਕਣਾ ਬੜਾ ਮੁਸ਼ਕਿਲ ਹੈ। ਪਰ ਬੇਟਾ, ਤੂੰ ਮੇਰੇ ਲਈ ਬਹੁਤ ਹੀ ਅਨਮੋਲ ਹੈਂ। ਅੱਜ ਤੱਕ ਤੇਰੇ ਨਾਲ ਜੋ ਬੇਇਨਸਾਫ਼ੀ ਹੋਈ ਹੈ, ਮੈਂ ਵੀ ਉਹਦੇ ਲਈ ਜ਼ਿੰਮੇਵਾਰ ਹਾਂ। ਤੇਰੀ ਮਾਂ ਨੇ ਜਿਸ ਤਰ੍ਹਾਂ ਤੇਰੇ ਅਤੇ ਤੇਰੇ ਭਰਾਵਾਂ ਵਿੱਚ ਭੇਦਭਾਵ ਕੀਤਾ ਹੈ, ਹੁਣ ਮੈਂ ਉਸਦਾ ਪਛਤਾਵਾ ਕਰਾਂਗਾ ਅਤੇ ਤੈਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਨਹੀਂ ਹੋਣ ਦਿਆਂਗਾ।’’
ਇੰਨਾ ਕਹਿ ਕੇ ਵਿਨੋਦ ਬਾਬੂ ਆਪਣੇ ਕਮਰੇ ਵਿੱਚ ਮੁੜ ਆਏ ਅਤੇ ਆਉਂਦਿਆਂ ਹੀ ਆਪਣੀ ਪਤਨੀ ਦੀ ਤਸਵੀਰ ਮੂਹਰੇ ਖੜ੍ਹੇ ਹੋ ਕੇ ਕਹਿਣ ਲੱਗੇ, ‘‘ਕਿਉਂ ਕੀਤਾ ਤੂੰ ਅਜਿਹਾ? ਆਖ਼ਰ ਕੀ ਕਮੀ ਸੀ ਮੇਰੇ ਪਿਆਰ ਵਿੱਚ…?’’ ਉਹ ਆਪਣੀਆਂ ਅੱਖਾਂ ਬੰਦ ਕਰਕੇ ਅਤੀਤ ਵਿੱਚ ਚਲੇ ਗਏ, ਜਦੋਂ ਪਹਿਲੀ ਵਾਰੀ ਆਪਣੇ ਮਾਪਿਆਂ ਨਾਲ ਸੰਧਿਆ ਨੂੰ ਵੇਖਣ ਗਏ ਸਨ। ਸੰਧਿਆ ਦੀ ਸਾਦਗੀ ਨੇ ਵਿਨੋਦ ਬਾਬੂ ਅਤੇ ਉਨ੍ਹਾਂ ਦੇ ਪਰਿਵਾਰ ਦਾ ਮਨ ਮੋਹ ਲਿਆ ਅਤੇ ਸ਼ਾਦੀ ਪੱਕੀ ਹੋ ਗਈ। ਸੰਧਿਆ ਦੇ ਰੂਪ ਵਿੱਚ ਇੱਕ ਸੁਸ਼ੀਲ ਵਹੁਟੀ ਨਾਲ ਵਿਨੋਦ ਬਾਬੂ ਦੇ ਪਰਿਵਾਰ ਵਿੱਚ ਖ਼ੁਸ਼ੀਆਂ ਛਾ ਗਈਆਂ ਸਨ। ਵਿਨੋਦ ਬਾਬੂ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸਨ ਪਰ ਸੰਧਿਆ ਦੇ ਆਉਣ ਪਿੱਛੋਂ ਉਨ੍ਹਾਂ ਦੇ ਘਰ ਵਿੱਚ ਧੀ ਦਾ ਵੀ ਆਗਮਨ ਹੋਇਆ। ਦੋਵਾਂ ਨੇ ਮਿਲ ਕੇ ਇੱਕ ਸੁਖੀ ਪਰਿਵਾਰ ਬਣਾਇਆ। ਇਸ ਖ਼ੁਸ਼ੀ ਨੂੰ ਚਾਰ ਚੰਨ ਲੱਗ ਗਏ, ਜਦੋਂ ਵਿਨੋਦ ਬਾਬੂ ਅਤੇ ਸੰਧਿਆ ਦੇ ਘਰ ਪਹਿਲੇ ਬੇਟੇ ਦਾ ਜਨਮ ਹੋਇਆ ਅਤੇ ਨਾਂ ਰੱਖਿਆ ਮੁਕੇਸ਼। ਪਰਿਵਾਰ ਵਧਣ ਲੱਗਿਆ। ਫਿਰ ਛੋਟਾ ਬੇਟਾ ਰਤਨ ਹੋਇਆ।
ਸਮਾਂ ਆਪਣੀ ਚਾਲ ਚੱਲ ਰਿਹਾ ਸੀ। ਵਿਨੋਦ ਬਾਬੂ ਦੇ ਪਿਤਾ ਜੀ ਦੇ ਦੇਹਾਂਤ ਤੋਂ ਤਿੰਨ ਮਹੀਨੇ ਪਿੱਛੋਂ ਹੀ ਵਿਨੋਦ ਦੀ ਮਾਤਾ ਵੀ ਗੁਜ਼ਰ ਗਏ। ਇਸ ਮੁਸ਼ਕਿਲ ਸਮੇਂ ਵਿੱਚ ਸੰਧਿਆ ਦੇ ਤੀਜੀ ਵਾਰ ਮਾਂ ਬਣਨ ਦੀ ਖ਼ਬਰ ਨੇ ਹਲਕੀ ਜਿਹੀ ਖ਼ੁਸ਼ੀ ਦਿੱਤੀ ਪਰ ਸੰਧਿਆ ਦੀ ਸਿਹਤ ਵਿਗੜ ਰਹੀ ਸੀ। ਇਸ ਲਈ ਉਹ ਆਪਣੇ ਪੇਕੇ ਚਲੀ ਗਈ। ਕੁਝ ਮਹੀਨਿਆਂ ਪਿੱਛੋਂ ਵਿਨੋਦ ਬਾਬੂ ਨੂੰ ਬੇਟੀ ਹੋਣ ਦੀ ਸੂਚਨਾ ਮਿਲੀ। ਉਹ ਖ਼ੁਸ਼ੀ-ਖ਼ੁਸ਼ੀ ਆਪਣੀ ਬੇਟੀ ਨੂੰ ਵੇਖਣ ਗਏ ਤਾਂ ਅੱਗੋਂ ਸੰਧਿਆ ਬੜੀ ਨਾਰਾਜ਼ ਸੀ। ਜਦੋਂ ਵਿਨੋਦ ਬਾਬੂ ਨੇ ਕਾਰਨ ਪੁੱਛਿਆ ਤਾਂ ਸੰਧਿਆ ਨੇ ਕਿਹਾ, ‘‘ਮੈਂ ਬੇਟੀ ਦੀ ਮਾਂ ਨਹੀਂ ਬਣਨਾ ਚਾਹੁੰਦੀ ਸਾਂ! ਕਿੰਨੀ ਮੁਸੀਬਤ ਦੀ ਗੱਲ ਹੈ!’’ ਸੰਧਿਆ ਦੀ ਗੱਲ ਸੁਣ ਕੇ ਵਿਨੋਦ ਬਾਬੂ ਹੈਰਾਨ ਤਾਂ ਬਹੁਤ ਹੋਏ ਪਰ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਉਹ ਥੱਕੀ ਹੋਈ ਹੋਵੇ। ਸੰਧਿਆ ਨੇ ਉਨ੍ਹਾਂ ਨੂੰ ਬੱਚਿਆਂ ਨਾਲ ਵੀ ਨਹੀਂ ਮਿਲਣ ਦਿੱਤਾ। ਉਹ ਬੱਚਿਆਂ ਨੂੰ ਬਿਨਾਂ ਮਿਲਿਆਂ ਹੀ ਪਰਤ ਆਏ।
ਜਦੋਂ ਕੁਝ ਮਹੀਨੇ ਪਿੱਛੋਂ ਵੀ ਸੰਧਿਆ ਘਰ ਨਾ ਪਰਤੀ ਤੇ ਨਾ ਹੀ ਵਿਨੋਦ ਬਾਬੂ ਨੂੰ ਮਿਲਣ ਆਉਣ ਦਿੱਤਾ ਤਾਂ ਵਿਨੋਦ ਬਾਬੂ ਪ੍ਰੇਸ਼ਾਨ ਹੋ ਗਏ। ਇੱਕ ਦਿਨ ਸੰਧਿਆ ਦੀ ਮਾਂ ਦੇ ਘਰ ਚਲੇ ਗਏ। ਸੰਧਿਆ ਦੇ ਸੁਭਾਅ ਵਿੱਚ ਆਈ ਤਬਦੀਲੀ ਨੂੰ ਉਹ ਸਮਝ ਨਾ ਸਕੇ। ਸੰਧਿਆ ਤੋਂ ਕਾਰਨ ਪੁੱਛਿਆ ਤਾਂ ਉੁਹਨੇ ਕਿਹਾ, ‘‘ਮੈਂ ਅੱਗੇ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ। ਤੁਸੀਂ ਤਾਂ ਮੈਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਬਣਾ ਰਹੇ ਹੋ ਅਤੇ ਹਾਂ, ਮੈਂ ਸਿਰਫ਼ ਬੱਚੇ ਹੀ ਨਹੀਂ ਪਾਲਾਂਗੀ, ਆਪਣੇ ਲਈ ਵੀ ਕੁਝ ਕਰਾਂਗੀ।’’ ਵਿਨੋਦ ਬਾਬੂ ਨੇ ਸੰਧਿਆ ਨੂੰ ਸਮਝਾਉਣਾ ਚਾਹਿਆ, ‘‘ਸੰਧਿਆ, ਤੂੰ ਘਰ ਚੱਲ। ਆਪਾਂ ਘਰ ਦੇ ਕੰਮਾਂ ਲਈ ਕੋਈ ਨੌਕਰ ਰੱਖ ਲਵਾਂਗੇ। ਤੂੰ ਜੋ ਕਰਨਾ ਚਾਹੁੰਦੀ ਹੈਂ, ਕਰ ਲਵੀਂ!’’ ਸੰਧਿਆ ਨੇ ਵਿਨੋਦ ਬਾਬੂ ਦੀ ਗੱਲ ਨੂੰ ਅਣਸੁਣਿਆ ਕਰਕੇ ਭਾਵਹੀਣ ਚਿਹਰੇ ਨਾਲ ਕਿਹਾ- ‘‘ਮੁੰਡਿਆਂ ਨੂੰ ਹੋਸਟਲ ਭੇਜ ਦਿਓ, ਮੈਂ ਬੇਟੀ ਨਾਲ ਆਪਣੀ ਮਾਂ ਕੋਲ ਹੀ ਰਹਾਂਗੀ।’’ ਇਹ ਸੁਣ ਕੇ ਵਿਨੋਦ ਬਾਬੂ ਦਾ ਗਲਾ ਭਰ ਆਇਆ। ‘‘ਤਲਾਕ ਚਾਹੁੰਦੀ ਹੈਂ?’’ ਰੋਣਹਾਕੇ ਹੋ ਕੇ ਉਨ੍ਹਾਂ ਨੇ ਪੁੱਛਿਆ। ‘‘ਨਹੀਂ, ਦੂਰੀ…।’’ ਕਹਿ ਕੇ ਸੰਧਿਆ ਨੇ ਘਰ ਦਾ ਬੂਹਾ ਬੰਦ ਕਰ ਲਿਆ।
ਭਾਰੀ ਮਨ ਨਾਲ ਵਿਨੋਦ ਬਾਬੂ ਆਪਣੇ ਘਰ ਪਰਤੇ। ਮਾਂ-ਪਿਉ ਦੇ ਦੇਹਾਂਤ ਪਿੱਛੋਂ ਉਹ ਬੜੇ ਟੁੱਟ ਚੁੱਕੇ ਸਨ। ਹੁਣ ਪਤਨੀ ਤੋਂ ਵੀ ਦੂਰੀ। ਉਹ ਇਸ ਮਾਨਸਿਕ ਸਥਿਤੀ ਵਿੱਚ ਨਹੀਂ ਸਨ ਕਿ ਬੇਟਿਆਂ ਦੀ ਦੇਖਭਾਲ ਖ਼ੁਦ ਕਰ ਸਕਣ।
ਕੁਝ ਹੀ ਸਮੇਂ ਵਿੱਚ ਹੱਸਦੇ-ਖੇਡਦੇ ਪਰਿਵਾਰ ਨੂੰ ਨਜ਼ਰ ਲੱਗ ਗਈ। ਸਭ ਕੁਝ ਖਿੰਡ ਗਿਆ। ਸੰਧਿਆ ਆਪਣੀ ਬੇਟੀ ਨਾਲ ਮਾਂ ਦੇ ਘਰੇ ਰਹਿਣ ਲੱਗੀ। ਉਹ ਆਪਣੇ ਪੁੱਤਰਾਂ ਨੂੰ ਮਿਲਣ ਜਾਂਦੀ ਪਰ ਨੌਕਰੀ ਕਰਨ ਕਰਕੇ ਹੁਣ ਸਮਾਂ ਨਾ ਕੱਢ ਸਕਦੀ। ਵਿਨੋਦ ਬਾਬੂ ਨੇ ਵੀ ਹੁਣ ਉਹਨੂੰ ਸਮਝਾਉਣਾ ਛੱਡ ਦਿੱਤਾ ਸੀ। ਉਨ੍ਹਾਂ ਨੇ ਬੇਟਿਆਂ ਅਤੇ ਘਰ ਦੇ ਕੰਮਾਂ ਵਿੱਚ ਖ਼ੁਦ ਨੂੰ ਬਿਜ਼ੀ ਕਰ ਲਿਆ। ਕੰਮ ਵਿੱਚ ਵਧਦੀਆਂ ਜ਼ਿੰਮੇਵਾਰੀਆਂ ਕਰਕੇ ਉਹ ਆਪਣੀ ਧੀ ਨੂੰ ਵੀ ਵਧੇਰੇ ਨਹੀਂ ਮਿਲ ਸਕਦੇ ਸਨ। ਅਸਲ ਵਿੱਚ ਸੰਧਿਆ ਨੂੰ ਵੇਖ ਕੇ ਉਨ੍ਹਾਂ ਦਾ ਮਨ ਦੁਖੀ ਹੁੰਦਾ। ਸੰਧਿਆ ਦਿਨੋ-ਦਿਨ ਬਦਲਦੀ ਜਾ ਰਹੀ ਸੀ।
ਸਮਾਂ ਬੀਤਦਾ ਗਿਆ। ਦੋਵਾਂ ਬੇਟਿਆਂ ਨੂੰ ਚੰਗੇ ਥਾਈਂ ਨੌਕਰੀ ਮਿਲ ਗਈ ਅਤੇ ਦੋਵਾਂ ਦੀ ਸ਼ਾਦੀ ਵੀ ਹੋ ਗਈ। ਦੋਵਾਂ ਬੇਟਿਆਂ ਨੇ ਮਾਂ ਨੂੰ ਨਾਲ ਰਹਿਣ ਲਈ ਬੜਾ ਜ਼ੋਰ ਲਾਇਆ ਪਰ ਸੰਧਿਆ ਨਿਰਲੇਪ ਰਹੀ। ਵਿਨੋਦ ਬਾਬੂ ਬੇਟਿਆਂ ਨਾਲ ਰਹਿਣ ਲੱਗ ਪਏ।
ਅਚਾਨਕ ਖ਼ਬਰ ਮਿਲੀ ਕਿ ਸੰਧਿਆ ਨੂੰ ਕੈਂਸਰ ਹੋ ਗਿਆ ਹੈ ਅਤੇ ਆਖ਼ਰੀ ਸਟੇਜ ’ਤੇ ਹੈ। ਹਸਪਤਾਲ ਵਿੱਚ ਹੈ। ਸਾਰੇ ਹਸਪਤਾਲ ਪੁੱਜੇ। ਸੰਧਿਆ ਦੇ ਹੱਥ ਵਿੱਚ ਦਿਵਿਆ ਦਾ ਹੱਥ ਸੀ ਅਤੇ ਦੋਹਾਂ ਦੇ ਚਿਹਰਿਆਂ ’ਤੇ ਡਰ ਸੀ। ਵਿਨੋਦ ਨੂੰ ਵੇਖਦੇ ਹੀ ਸੰਧਿਆ ਦੇ ਚਿਹਰੇ ’ਤੇ ਡਰ ਦੀ ਥਾਂ ਸ਼ਾਂਤੀ ਆ ਗਈ।
ਉਹਨੇ ਬੜੇ ਯਤਨ ਨਾਲ ਆਪਣੇ ਸਿਰਹਾਣੇ ਹੇਠ ਰੱਖਿਆ ਇਕ ਲਿਫ਼ਾਫ਼ਾ ਕੱਢਿਆ ਅਤੇ ਵਿਨੋਦ ਦੇ ਹੱਥ ਦਿੰਦਿਆਂ ਕਿਹਾ, ‘‘ਮੇਰੇ ਜਾਣ ਪਿੱਛੋਂ ਪੜ੍ਹਨਾ।’’ ਕਹਿ ਕੇ ਸੰਧਿਆ ਨੇ ਹਮੇਸ਼ਾ ਲਈ ਅੱਖਾਂ ਮੀਚ ਲਈਆਂ।
ਦਿਵਿਆ ਚੁੱਪ-ਚੁੱਪ ਰਹਿਣ ਲੱਗੀ। ਕਿਸੇ ਨਾਲ ਕੋਈ ਗੱਲ ਨਾ ਕਰਦੀ। ਬਸ ਸੰਧਿਆ ਦੀ ਫ਼ੋਟੋ ਕੋਲ ਖ਼ਾਮੋਸ਼ ਬੈਠੀ ਰਹਿੰਦੀ। ਮਾਂ-ਧੀ ਵਿੱਚ ਬਹੁਤ ਪਿਆਰ ਸੀ। ਸਹੇਲੀਆਂ ਵਾਂਗ ਰਹਿੰਦੀਆਂ ਸਨ। ਵਿਨੋਦ ਬਾਬੂ ਨੂੰ ਚੁਭਦਾ ਵੀ ਸੀ। ਜੋ ਪਿਆਰ ਸੰਧਿਆ ਆਪਣੀ ਬੇਟੀ ਨੂੰ ਦਿੰਦੀ ਸੀ, ਬੇਟਿਆਂ ਦੀ ਕਿਸਮਤ ਵਿੱਚ ਉਹ ਪਿਆਰ ਨਹੀਂ ਸੀ। ਇਹੀ ਕਾਰਨ ਸੀ ਕਿ ਉਹ ਬੇਟਿਆਂ ਵੱਲ ਵਧੇਰੇ ਝੁਕ ਗਏ।
ਇਹ ਸਭ ਸੋਚਦਿਆਂ ਵਿਨੋਦ ਬਾਬੂ ਦੀ ਅੱਖ ਖੁੱਲ੍ਹ ਗਈ। ਉਹ ਉੱਠੇ ਅਤੇ ਆਪਣੀ ਅਲਮਾਰੀ ਕੋਲ ਗਏ। ਅਲਮਾਰੀ ਖੋਲ੍ਹ ਕੇ ਸੰਧਿਆ ਦਾ ਦਿੱਤਾ ਲਿਫ਼ਾਫ਼ਾ ਕੱਢਿਆ ਜੋ ਉਹ ਰੱਖ ਕੇ ਭੁੱਲ ਚੁੱਕੇ ਸਨ। ਲਿਫ਼ਾਫ਼ਾ ਕੱਢ ਕੇ ਵੇਖਣ ਲੱਗੇ। ਸੰਧਿਆ ਨੇ ਹਸਪਤਾਲ ਵਿਚ ਇਹ ਕਹਿ ਕੇ ਦਿੱਤਾ ਸੀ ਕਿ ਮੇਰੇ ਪਿੱਛੋਂ ਪੜ੍ਹਨਾ। ਵਿਨੋਦ ਬਾਬੂ ਨੇ ਲਿਫ਼ਾਫ਼ਾ ਖੋਲ੍ਹਿਆ ਤੇ ਚਿੱਠੀ ਪੜ੍ਹਨ ਲੱਗੇ। ਚਿੱਠੀ ਸੰਧਿਆ ਦੀ ਖ਼ੂਬਸੂਰਤ ਲਿਖਾਈ ਵਿੱਚ ਸੀ:
ਪਿਆਰੇ ਵਿਨੋਦ,
ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਨਾਲ ਨਾਰਾਜ਼ ਹੋ। ਤੁਸੀਂ ਮੈਨੂੰ ਸਭ ਕੁਝ ਦਿੱਤਾ, ਜਿਹਦੀ ਕਲਪਨਾ ਕੋਈ ਲੜਕੀ ਕਰਦੀ ਹੈ। ਬਹੁਤ ਸਾਰਾ ਪਿਆਰ ਅਤੇ ਇੱਜ਼ਤ। ਦੋਵਾਂ ਬੇਟਿਆਂ ਪਿੱਛੋਂ ਜਦੋਂ ਮਾਂ ਬਣਨ ਦੀ ਖ਼ਬਰ ਸੁਣੀ ਤਾਂ ਮੈਂ ਵੀ ਬੜੀ ਖ਼ੁਸ਼ ਹੋਈ। ਮੇਰੀ ਤਬੀਅਤ ਠੀਕ ਨਹੀਂ ਸੀ। ਮੈਂ ਮਾਂ ਕੋਲ ਆ ਗਈ। ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਪਰਮਾਤਮਾ ਦੀ ਮਰਜ਼ੀ ਸੀ ਕਿ ਮੈਂ ਇਸ ਬੱਚੇ ਨੂੰ ਮਾਂ ਕੋਲ ਜਨਮ ਦਿਆਂ। ਦਿਵਿਆ ਦੇ ਜਨਮ ਪਿੱਛੋਂ ਮੈਂ ਤੁਹਾਨੂੰ ਕਿਹਾ ਕਿ ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ ਅਤੇ ਬੇਟਿਆਂ ਨੂੰ ਵੀ ਦੂਰ ਕਰ ਦਿੱਤਾ, ਆਪਣੇ ਸਵਾਰਥ ਲਈ। ਦਿਵਿਆ ਨੂੰ ਵੀ ਤੁਹਾਨੂੰ ਜਾਂ ਕਿਸੇ ਨੂੰ ਮਿਲਣ ਨਹੀਂ ਦਿੱਤਾ। ਮੈਂ ਕਿਸੇ ਰਿਸ਼ਤੇਦਾਰ ਨਾਲ ਵੀ ਚੰਗਾ ਵਿਹਾਰ ਨਹੀਂ ਕੀਤਾ ਜਿਸ ਕਰਕੇ ਸਾਰੇ ਮੈਥੋਂ ਦੂਰ ਹੋ ਗਏ। ਮੈਂ ਸਭ ਕੁਝ ਆਪਣੀ ਬੇਟੀ ਲਈ ਕੀਤਾ। ਜਦੋਂ ਮੈਨੂੰ ਪਤਾ ਲੱਗਿਆ ਕਿ ਦਿਵਿਆ ਨਾ ਤਾਂ ਸਾਡੀ ਧੀ ਹੈ ਤੇ ਨਾ ਹੀ ਪੁੱਤਰ। ਮੈਂ ਡਰ ਗਈ ਸੀ ਕਿ ਕਿਤੇ ਲੋਕ ਉਹਨੂੰ ਆਪਣੇ ਮਨੋਰੰਜਨ ਦਾ ਸਾਧਨ ਨਾ ਬਣਾ ਲੈਣ! ਮੈਨੂੰ ਇਹੋ ਠੀਕ ਲੱਗਿਆ ਕਿ ਮੈਂ ਸਭ ਦੀਆਂ ਨਜ਼ਰਾਂ ਵਿੱਚ ਬੁਰੀ ਬਣ ਜਾਵਾਂ ਪਰ ਆਪਣੀ ਧੀ ਨੂੰ ਬਚਾ ਲਵਾਂ। ਮੇਰੀ ਮਾਂ ਨੇ ਵੀ ਮੇਰੇ ਇਸ ਵਚਨ ਨੂੰ ਨਿਭਾਉਣ ਵਿੱਚ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ। ਮੈਨੂੰ ਮੁਆਫ਼ ਕਰ ਦੇਣਾ। ਮੈਂ ਤੁਹਾਥੋਂ ਵੀ ਇਹ ਗੱਲ ਛੁਪਾ ਲਈ ਕਿਉਂਕਿ ਮੈਂ ਬਹੁਤ ਡਰ ਗਈ ਸਾਂ। ਤੁਸੀਂ ਇਹ ਗੱਲ ਕਿਸੇ ਨੂੰ ਨਾ ਦੱਸਣਾ। ਤੁਸੀਂ ਚਾਹੋ ਤਾਂ ਇਹਨੂੰ ਜ਼ਹਿਰ ਦੇ ਦੇਣਾ। ਅੱਜ ਮੈਨੂੰ ਪਤਾ ਲੱਗਿਆ ਹੈ ਕਿ ਮੈਂ ਵਧੇਰੇ ਦਿਨ ਨਹੀਂ ਬਚਾਂਗੀ ਤਾਂ ਮੇਰੇ ਅੰਦਰ ਦਿਵਿਆ ਨੂੰ ਲੈ ਕੇ ਅਸੁਰੱਖਿਆ ਆ ਗਈ। ਹੁਣ ਇਹਦਾ ਕੀ ਬਣੇਗਾ…?
ਵਿਨੋਦ ਬਾਬੂ ਦੇ ਹੱਥਾਂ ਵਿੱਚੋਂ ਚਿੱਠੀ ਹੇਠਾਂ ਡਿੱਗ ਪਈ। ਅੱਜ ਉਹ ਆਪਣੀਆਂ ਹੀ ਨਜ਼ਰਾਂ ਵਿੱਚ ਡਿੱਗ ਪਏ ਸਨ। ਉਨ੍ਹਾਂ ਨੇ ਆਪਣੇ ਬੇਟਿਆਂ ਨੂੰ ਸੱਦਿਆ ਅਤੇ ਸੰਧਿਆ ਦੀ ਚਿੱਠੀ ਸਭ ਨੂੰ ਪੜ੍ਹਾਈ। ਸਭ ਦੀਆਂ ਨਜ਼ਰਾਂ ਵਿੱਚ ਆਪਣੀ ਮਾਂ ਲਈ ਸਨਮਾਨ ਸੀ। ਉਦੋਂ ਹੀ ਵੱਡੀ ਵਹੁਟੀ ਨੇ ਕਿਹਾ, ‘‘ਅਸੀਂ ਮਾਂ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿਆਂਗੇ। ਦਿਵਿਆ ਦੀਦੀ ਹਮੇਸ਼ਾ ਸਾਡੇ ਨਾਲ ਰਹੇਗੀ।’’ ਦਿਵਿਆ ਨੂੰ ਵੀ ਸੱਦਿਆ ਗਿਆ। ਵਿਨੋਦ ਬਾਬੂ ਨੇ ਦਿਵਿਆ ਦੇ ਸਿਰ ਉੱਤੇ ਹੱਥ ਰੱਖ ਕੇ ਕਿਹਾ, ‘‘ਮੈਨੂੰ ਸਭ ਕੁਝ ਪਤਾ ਲੱਗ ਗਿਆ ਹੈ। ਤੂੰ ਘਬਰਾ ਨਾ। ਇਹ ਤੇਰੀ ਮਾਂ ਦੀ ਤਪੱਸਿਆ ਦਾ ਹੀ ਫਲ ਹੈ। ਅੱਜ ਤੋਂ ਤੂੰ ਕਦੇ ਉਦਾਸ ਨਹੀਂ ਹੋਵੇਂਗੀ।’’ ਵਿਨੋਦ ਬਾਬੂ ਦੇ ਛੋਟੇ ਬੇਟੇ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਆਪਣੇ ਵੱਡੇ ਭਰਾ ਕੋਲ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਜਿਸ ਵਿੱਚ ਦਿਵਿਆ ਨੂੰ ਵੀ ਸ਼ਾਮਲ ਕੀਤਾ ਗਿਆ ਤਾਂ ਕਿ ਉਹ ਆਪਣੇ ਪੈਰਾਂ ’ਤੇ ਖੜ੍ਹੀ ਹੋ ਸਕੇ।
ਹੁਣ ਦਿਵਿਆ ਦੀਆਂ ਅੱਖਾਂ ਵਿੱਚ ਉਦਾਸੀ ਨਹੀਂ ਸਗੋਂ ਆਪਣੀ ਮਾਂ ਪ੍ਰਤੀ ਆਦਰ ਤੇ ਪਿਆਰ ਸੀ। ਉਹਦੀ ਮਾਂ ਦੀ ਆਖ਼ਰੀ ਚਿੱਠੀ ਨੇ ਉਹਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੱਤੀ ਸੀ…।
ਸੰਪਰਕ: 89593-61111
– ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015
* * *
ਮਾਂ
ਹਰਿੰਦਰ ਸਿੰਘ ਗੋਗਨਾ
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕਿਸੇ ਲੇਖਕ ਦੀ ਪੁਸਤਕ ਦਾ ਲੋਕ ਅਰਪਣ ਕਰਨ ਆਇਆ ਸੀ। ਪੁਸਤਕ ਦੇ ਸਿਰਲੇਖ ਦਾ ਨਾਂ ਸੀ ‘ਮੇਰੀ ਮਾਂ’’। ਅਚਾਨਕ ਹੀ ਉਸ ਦੇ ਮੋਬਾਈਲ ’ਤੇ ਛੋਟੇ ਭਰਾ ਦਾ ਮੈਸੇਜ ਆਇਆ, ‘‘ਵੀਰ ਜੀ, ਤੁਹਾਡਾ ਫੋਨ ਨਹੀਂ ਲੱਗ ਰਿਹਾ। ਮਾਂ ਬਹੁਤ ਬਿਮਾਰ ਐ। ਅੱਜ ਹੀ ਪਿੰਡ ਆ ਜਾਓ।’’ ਉਸ ਦੇ ਮੱਥੇ ਸ਼ਿਕਨ ਉਭਰ ਆਏ। ਮੁੱਖ ਮਹਿਮਾਨ ਨੇ ਮੋਬਾਈਲ ਸਵਿੱਚ ਆਫ਼ ਕਰ ਦਿੱਤਾ ਤੇ ਮਾਂ ਦੀ ਮਹਾਨਤਾ ’ਤੇ ਆਪਣਾ ਲੰਮਾ ਭਾਸ਼ਣ ਦੇਣ ਲੱਗਾ। ਹਾਲ ਵਿੱਚ ਤਾੜੀਆਂ ਦੀ ਗੂੰਜ ਸੀ।
ਸੰਪਰਕ: 98723-25960
* * *
ਹਵਾ ’ਚ ਲਟਕਦਾ ਸੁਆਲ
ਤਰਸੇਮ ਸਿੰਘ ਭੰਗੂ
ਦੇਸ਼ ਵਿੱਚ ਭੜਕੇ ਧਾਰਮਿਕ ਦੰਗਿਆਂ ਕਰਕੇ ਬਹੁਤ ਹੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਅਖੀਰ ਸੱਤਾਧਾਰੀਆਂ ਆਪਣਾ ਫ਼ਰਜ਼ ਨਿਭਾਉਂਦਿਆਂ ਸਖ਼ਤੀ ਕਰ ਕੇ ਵਿਗੜਿਆ ਮਾਹੌਲ ਕਾਬੂ ਕਰ ਲਿਆ। ਸ਼ਾਂਤ ਹੋਏ ਮਾਹੌਲ ਵਿੱਚ ਮਨੁੱਖਤਾ ਦਾ ਘਾਣ ਕਰਨ ਦੀ ਹੱਲਾਸ਼ੇਰੀ ਦੇਣ ਵਾਲਿਆਂ ਦੇ ਹੱਥਾਂ ਵਿਚ ਹਥਿਆਰਾਂ ਦੀ ਥਾਂ ਸ਼ਾਂਤੀ ਜਲੂਸਾਂ ਦੇ ਚਿੱਟੇ ਝੰਡੇ ਤੇ ਮੋਮਬੱਤੀਆਂ ਸਨ।
ਇੱਕ ਸਾਂਝੀ ਥਾਂ ’ਤੇ ਸਾਰੀਆਂ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਏਕਤਾ ਦਾ ਸਬੂਤ ਦੇਣ ਲਈ ਸਾਂਝੇ ਤੌਰ ’ਤੇ ਖੂਨਦਾਨ ਕੈਂਪ ਲਾਇਆ ਹੋਇਆ ਸੀ। ਜਾਗਰੂਕ ਲੋਕ ਖ਼ੂਨ ਦਾਨ ਕਰ ਰਹੇ ਸਨ। ਅਖੌਤੀ ਧਰਮ ਪ੍ਰਚਾਰਕਾਂ ਦਾ ਹਮੇਸ਼ਾ ਆਲੋਚਕ ਰਿਹਾ ਤਰਕ ਸਿੰਘ ਜਦੋਂ ਕੈਂਪ ਵਿੱਚ ਆਇਆ ਤਾਂ ਸਾਰੇ ‘ਧਾਰਮਿਕ’ ਆਗੂਆਂ ਨੇ ਹੱਥ ਜੋੜ-ਜੋੜ ਕੇ ਉਸ ਦਾ ਸੁਆਗਤ ਕੀਤਾ। ਆਪਣੇ-ਆਪ ਨੂੰ ਬਹੁਤ ਹੀ ਤਿੱਖਾ ਸਮਝਦਾ ਇੱਕ ਆਗੂ ਟਿੱਪਣੀ ਵਜੋਂ ਤਰਕ ਸਿੰਘ ਨੂੰ ਮੁਖਾਤਬਿ ਹੁੰਦਿਆਂ ਬੋਲਿਆ, ‘‘ਬਾਈ ਜੀ, ਹਮੇਸ਼ਾ ਹੀ ਸਾਡੇ ਆਲੋਚਕ ਰਹੇ ਹੋ, ਹੁਣ ਤਾਂ ਤੁਹਾਨੂੰ ਵੀ ਮੰਨਣਾ ਪਵੇਗਾ ਕਿ ਅਸੀਂ ਕਿਸੇ ਦੇ ਵਿਰੋਧੀ ਨਹੀਂ, ਮਨੁੱਖਤਾ ਦੇ ਹਾਮੀ ਹਾਂ।’’
ਤਰਕ ਸਿੰਘ ਗੰਭੀਰ ਹੁੰਦਾ ਹੋਇਆ ਬੋਲਿਆ, ‘‘ਮਿੱਤਰੋ, ਇਹ ਤੁਸੀਂ ਵੀ ਭਲੀਭਾਂਤ ਜਾਣਦੇ ਹੋ ਕਿ ਅੱਜ ਤੱਕ ਜਿੰਨਾ ਵੀ ਮਨੁੱਖੀ ਘਾਣ ਹੋਇਆ ਹੈ ਉਹ ਧਰਮ ਦੇ ਨਾਂ ’ਤੇ ਹੀ ਹੋਇਆ ਹੈ। ਤੁਹਾਡਾ ਕੈਂਪ ਇਸ ਗੱਲ ਦਾ ਸੰਕੇਤ ਹੈ ਕਿ ਧਰਮ ਵੀ ਮਨੁੱਖਤਾ ਦੀ ਕਦਰ ਕਰਨਾ ਸਿੱਖ ਰਿਹਾ ਹੈ! ਕਾਸ਼! ਸਾਰੇ ਧਰਮ ਇੰਝ ਕਰਨਾ ਸਿੱਖ ਲੈਣ।’’ ਤਰਕ ਸਿੰਘ ਧਾਰਮਿਕ ਜਨੂੰਨੀਆਂ ਲਈ ਇੱਕ ਸੁਆਲ ਹਵਾ ਵਿੱਚ ਲਟਕਾ ਕੇ ਅੱਗੇ ਤੁਰ ਗਿਆ।
ਸੰਪਰਕ: 94656-56214
* * *
ਮੈਂ ਵੀ ਹੁੱਕਾ ਪੀ ਲਵਾਂ?
ਅਸ਼ੋਕ ਸੋਨੀ
ਗਰਮੀ ਦੀ ਸ਼ਾਮ ਨੂੰ ਛੇ ਕੁ ਵਜੇ ਸੇਮ ’ਚ ਡੁੱਬੇ ਬਾਗੜੀ ਪਿੰਡ ਵਿੱਚੋਂ ਲੰਘਦੀ ਜੀ.ਟੀ. ਰੋਡ ’ਤੇ ਟੈਂਟ ਵਾਲੀ ਦੁਕਾਨ ’ਤੇ ਚਾਰ-ਪੰਜ ਕੁ ਜਣੇ ਹੁੱਕੇ ਦੀ ਗੁੜਗੁੜ ਰਾਹੀਂ ਤੰਬਾਕੂ ਦਾ ਧੂੰਆਂ ਕੱਢਦੇ ਹੋਏ ਆਪਣੇ ਵਿੱਚ ਬੈਠੇ ਪਿੰਡ ਦੇ ਹੀ ਇੱਕ ਗਾਲੜੀ ਮਾਸਟਰ ਦੀਆਂ ਗੱਲਾਂ ਦਾ ਲੁਤਫ਼ ਲੈਣ ’ਚ ਮਸ਼ਗੂਲ ਸਨ। ਇੰਨੇ ਨੂੰ ਨੀਲੇ ਰੰਗ ਦੇ ਵੱਡੇ ਟਰੈਕਟਰ ’ਤੇ ਲਾਗਲੇ ਪਿੰਡ ਦਾ ਚੌਧਰੀ ਨਾਲ ਵਾਲੀ ਵੈਲਡਿੰਗ ਦੀ ਦੁਕਾਨ ਤੋਂ ਟਰਾਲੀ ਦੀ ਟੁੱਟੀ ਹੋਈ ਡੇਈ ਵੈਲਡ ਕਰਵਾਉਣ ਆ ਗਿਆ। ਤੰਬਾਕੂ ਦੀ ਖ਼ਾਸ ਮਹਿਕ ਤੇ ਗੱਲਾਂ ਦੇ ਸੁਆਦ ਨੇ ਹੁੱਕੇ ਦੇ ਸ਼ੌਕੀਨ ਜ਼ਿਮੀਂਦਾਰ ਨੂੰ ਵੀ ਆਪਣੇ ਵੱਲ ਖਿੱਚ ਲਿਆ। ਹਲਕੀ ਜਿਹੀ ਰਾਮ-ਰਾਮ ਬੁਲਾ, ਚੌਧਰੀ ਨੇ ਵੀ ਖਾਲੀ ਪਈ ਲਾਲ ਰੰਗ ਦੀ ਕੁਰਸੀ ਮੱਲਦਿਆਂ ਮਹਿਫ਼ਲ ਦੀਆਂ ਦਿਲਚਸਪ ਗੱਲਾਂ ਦਾ ਪ੍ਰਵਾਹ ਤੋੜਦਿਆਂ ਹੁੱਕੇ ਦੀ ਨੜੀ ਨੂੰ ਹੱਥ ਪਾ ਆਪਣੀ ਅਖੌਤੀ ਉੱਚੀ ਜਾਤ ਦੇ ਮਾਣ ਜਿਹੇ ’ਚ ਪੁੱਛਿਆ, ‘‘ਮੈਂ ਵੀ ਹੁੱਕਾ ਪੀ ਲਵਾਂ?’’
ਚੌਧਰੀ ਦੇ ਸੁਭਾਅ ਤੋਂ ਜਾਣੂੰ ਮਾਸਟਰ ਇਕਦਮ ਕਹਿੰਦਾ, ‘‘ਰੁਕ ਜਾਓ।’’ ਹੁੱਕੇ ਦੀ ਨੜੀ ਨੂੰ ਹੱਥ ’ਚ ਫੜੀ ਬੈਠਾ ਚੌਧਰੀ ਹੱਕਾ-ਬੱਕਾ ਹੁੰਦਾ ਬੋਲਿਆ, ‘‘ਕੀ ਗੱਲ ਏ ਭਾਈ, ਮੈ ਤਾਂ ਉੱਚੀ ਜਾਤ ਦਾ ਹਾਂ।’’ ਮਾਸਟਰ ਬੋਲਿਆ, ‘‘ਚੌਧਰੀ ਸਾਬ੍ਹ, ਤੁਸੀਂ ਸਮਝੇ ਨ੍ਹੀਂ ਸਾਨੂੰ ਤਾਂ ਪਤਾ ਈ ਏ ਤੁਹਾਡੀ ਜਾਤ ਦਾ, ਪਰ ਮੈਂ ਨੀਵੀਂ ਜਾਤ ਦਾ ਹਾਂ, ਜੇ ਤੁਹਾਨੂੰ ਨ੍ਹੀਂ ਇਤਰਾਜ਼ ਤਾਂ ਪੀ ਲਵੋ, ਸਾਡਾ ਹੁੱਕਾ।’’ ਚੌਧਰੀ ਦਾ ਮੂੰਹ ਲਾਲ ਹੋ ਗਿਆ। ਦੋ ਕੁ ਮਿੰਟ ਸੋਚ ਕੇ ਬੋਲਿਆ, ‘‘ਯਾਰ, ਹੁਣ ਵਡੇਰਿਆਂ ਦੇ ਬਣਾਏ ਨਿਯਮ ਕਿਵੇਂ ਤੋੜ ਦੇਈਏ, ਬਾਕੀ ਬੰਦੇ-ਬੰਦੇ ’ਚ ਤਾਂ ਕੀ ਫਰਕ ਏ।’’ ਬਿਨਾਂ ਪੀਤੇ ਈ ਹੁੱਕੇ ਦੀ ਨੜੀ ਛੱਡਦਿਆਂ, ਬਹਾਨੇ ਜਿਹੇ ਨਾਲ ਹੌਲੀ ਜਿਹੀ ਖੜ੍ਹਾ ਹੋ ਕੇ ਵੈਲਡਿੰਗ ਵਾਲੀ ਦੁਕਾਨ ’ਤੇ ਇੱਕ ਪਾਸੇ ਖੜ੍ਹੇ ਹੜੰਬੇ ’ਤੇ ਪਏ ਪੁਰਾਣੇ ਜਿਹੇ ਕੱਪੜੇ ਨਾਲ ਆਪਣਾ ਹੁੱਕਾ ਫੜਨ ਵਾਲਾ ਹੱਥ ਪੂੰਝਦਾ, ਚਿੱਟੇ ਕੁੜਤੇ ਪਜਾਮੇ ਵਿੱਚ ਗੋਰੇ ਰੰਗ ਦਾ, ਛੇ ਫੁੱਟਾ ਚੌਧਰੀ, ਬੌਣਾ ਜਿਹਾ ਜਾਪਦਾ ਬਿਲਕੁਲ ਨੰਗਾ ਨਜ਼ਰ ਆ ਰਿਹਾ ਸੀ।
ਸੰਪਰਕ: 98727-05078
* * *
ਕਿਰਦੇ ਦਾਣੇ
ਬਲਜਿੰਦਰ ਜੌੜਕੀਆਂ
ਬੱਚੇ ਪੜ੍ਹਾਉਣ ਕਰਕੇ ਸ਼ਹਿਰ ਪਿੰਡ ਦੇ ਨੇੜਲੇ ਕਸਬਾ ਨੁਮਾ ਸ਼ਹਿਰ ਵਿੱਚ ਰਿਹਾਇਸ਼ ਹੁਣ ਕਰਕੇ ਦੁੱਖ ਸੁੱਖ ਵਿੱਚ ਪਿੰਡ ਜਾਣਾ ਪੈਂਦਾ ਹੈ। ਅੱਜ ਵੀ ਸਾਬਕਾ ਸਰਪੰਚ ਦੇ ਸਸਕਾਰ ਵਿੱਚ ਸ਼ਾਮਿਲ ਹੋਣ ਲਈ ਪਿੰਡ ਜਾਂਦਿਆਂ ਵਿੱਛੜੀ ਰੂਹ ਵੱਲੋਂ ਪਿੰਡ ਲਈ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਜੁੜੀਆਂ ਕਿੰਨੀਆਂ ਹੀ ਯਾਦਾਂ ਫ਼ਿਲਮ ਦੀ ਰੀਲ ਵਾਂਗ ਅੱਖਾਂ ਅੱਗਿਓਂ ਲੰਘ ਰਹੀਆਂ ਸਨ। ਤਾਈ ਬੜਾ ਪਹਿਲਾਂ ਸਮਾਂ ਤੁਰ ਗਈ ਸੀ ਤੇ ਬੱਚੇ ਜੱਦੀ ਘਰ-ਬਾਰ ਤੇ ਜ਼ਮੀਨਾਂ ਛੱਡ ਕੇ ਕੈਨੇਡਾ ਚਲੇ ਗਏ ਸਨ। ਰਿਸ਼ਤੇਦਾਰ ਆਪਣੇ ਕੰਮਾਂ ਵਿੱਚ ਵਿਅਸਤ ਸਨ। ਚੰਦਰੀ ਬਿਮਾਰੀ ਆ ਚਿੰਬੜੀ ਤੇ ਸਾਂਭ ਸੰਭਾਲ ਵਾਲਾ ਆਪਣਾ ਕੋਈ ਵੀ ਕੋਲ ਨਹੀਂ ਸੀ।
ਖ਼ੈਰ! ਕਿਰਿਆ ਕਰਮ ਕਰ ਕੇ ਵਿਹਲੇ ਹੋਏ ਤਾਂ ਸਰਪੰਚ ਸਾਹਿਬ ਦੇ ਕਰੀਬੀ ਰਿਸ਼ਤੇਦਾਰ ਨੇ ਸ਼ਹਿਰ ਤਕ ਮੇਰੇ ਨਾਲ ਜਾਣ ਲਈ ਗੱਡੀ ਵਿੱਚ ਬੈਠਦਿਆਂ ਹੀ ਪੁੱਛਿਆ, ‘‘ਕਾਰ ਕਿਹੜਾ ਮਾਡਲ ਏ ਬਾਈ?’’
‘‘ਜੂਨ 2019,’’ ਮੈਂ ਅੱਭੜਵਾਹੇ ਜਿਹੇ ਕਿਹਾ।
‘‘ਗੱਡੀ ਦੀ ਸੰਭਾਲ ਘੱਟ ਲੱਗਦੀ ਹੈ, ਪੁਰਾਣੀ ਵੀ ਕਰ ਲਈ।’’ ‘‘ਵੱਡੇ ਵੀਰ ਇਹ ਤਾਂ ਲੋਹਾ ਹੈ, ਹੋਰ ਲੈ ਲਵਾਂਗੇ ਪਰ ਨੇੜਲਿਆਂ ਵੱਲੋਂ ਸਾਂਭ ਸੰਭਾਲ ਦੀ ਘਾਟ ਕਰਕੇ ਜੋ ਬੰਦੇ ਸਾਡੇ ਹੱਥਾਂ ਵਿੱਚੋਂ ਕਿਰ ਰਹੇ ਹਨ ਉਨ੍ਹਾਂ ਨੇ ਕਦੇ ਨਹੀਂ ਮੁੜਨਾ।’’ ਮੇਰਾ ਉੱਤਰ ਸੁਣ ਕੇ ਉਸ ਨੇ ਨਿੰਮੋਝੂਣਾ ਹੁੰਦਿਆਂ ਵਿਸ਼ਾ ਬਦਲ ਕੇ ਹੋਰ ਗੱਲ ਸ਼ੁਰੂ ਕਰ ਰਹੀ ਪਰ ਮੈਂ ਗੱਡੀ ਚਲਾਉਣ ਦੇ ਨਾਲ ਨਾਲ ਅਜੇ ਵੀ ਵੱਡਾ ਪਰਿਵਾਰ ਹੋਣ ਦੇ ਬਾਵਜੂਦ ਸਭ ਦਾ ਭਲਾ ਕਰਨ ਵਾਲੇ ਤਾਇਆ ਜੀ ਦੀ ਭਿਆਨਕ ਬਿਮਾਰੀ ਹੋਣ ਦੀ ਪੀੜ ਦੇ ਨਾਲ ਨਾਲ ਉਨ੍ਹਾਂ ਦੇ ਅੰਤਲੇ ਸਮੇਂ ਦੇ ਇਕਲਾਪੇ ਦੇ ਦਰਦ ਬਾਰੇ ਸੋਚ ਰਿਹਾ ਸੀ।
ਸੰਪਰਕ: 94630-24575