ਜਿੰਦਰ
ਸ਼ਾਹਕੋਟ ਦਾ ਨਵਾਂ ਬੱਸ ਸਟੈਂਡ ਲੰਘਦਿਆਂ ਸਾਰ ਅੱਗੋਂ ਸੜਕ ਬੇਅੰਤ ਟੁੱਟੀ ਹੋਈ ਸੀ। ਸਾਹਮਣਿਓਂ ਆਉਂਦਾ ਟਰੱਕ ਦੇਖ ਕੇ ਇੱਕ ਵਾਰ ਤਾਂ ਐਦਾਂ ਲੱਗਾ ਕਿ ਇਹ ਹੁਣ ਵੀ ਟੇਢਾ ਹੋਇਆ, ਹੁਣ ਵੀ ਉਲਟਿਆ। ਹੇਮਾ ਨੇ ਕਾਰ ਡਰਾਈਵਰ ਨੂੰ ਕਿਹਾ, ‘‘ਭਾਜੀ, ਆਹ ਆਪਣੇ ਸੱਜੇ ਹੱਥ ਵੱਲ ਲੋਕ ਕਾਰਾਂ ਮੋੜੀ ਜਾ ਰਹੇ ਨੇ। ਤੁਸੀਂ ਵੀ ਉੱਧਰ ਨੂੰ ਮੋੜ ਲਓ। ਸਾਡੇ ਨਾਲ ਉਹ ਗੱਲ ਨਾ ਹੋਵੇ ਕਿ ਈਦ ਬਖ਼ਸ਼ਾਉਣ ਗਏ ਸੀ ਅੱਗੋਂ ਰੋਜ਼ੇ ਗਲ ਪੈ ਗਏ।’’ ਡਰਾਈਵਰ ਨੂੰ ਵੀ ਗੱਲ ਜਚ ਗਈ। ਉਸ ਕਈ ਗਲੀਆਂ-ਮੋੜਾਂ ਵਿੱਚੋਂ ਕਾਰ ਲੰਘਾ ਕੇ ਮੇਨ ਰੋਡ ’ਤੇ ਲਿਆਂਦੀ। ਹੇਮਾ ਨੇ ਸੁਖ ਦਾ ਸਾਹ ਲਿਆ। ਸਤਲੁਜ ਦਰਿਆ ਦਾ ਪੁਲ ਪਾਰ ਕਰਦਿਆਂ ਸਾਰ ਉਸ ਸਵੇਰ ਵਾਲੀ ਮੁਹਾਰਨੀ ਫੇਰ ਛੇੜ ਲਈ, ‘‘ਸੰਗੀਤਾ ਦੇ ਘਰ ਨੂੰ ਕਿਸੇ ਦੀ ਨਜ਼ਰ ਲੱਗ ਗਈ। ਘਰ ’ਚ ਲਹਿਰਾਂ-ਬਹਿਰਾਂ ਨੇ। ਕਿਸੇ ਚੀਜ਼ ਦੀ ਕੋਈ ਘਾਟ ਨ੍ਹੀਂ। ਘਰ ਦੇ ਦਸ ਖੇਤ ਖਰੀਦ ਲਏ। ਦੋ ਕਨਾਲਾਂ ’ਚ ਕੋਠੀ ਬਣਾ ਲਈ। ਗੁਰਪ੍ਰੀਤ ਨੂੰ ਚੌਥੇ ਦਿਨ ਪਤਾ ਨ੍ਹੀਂ ਕੀ ਹੋ ਜਾਂਦਾ- ਕਮਲ ਮਾਰਨ ਲੱਗ ਜਾਂਦਾ।’’ ਇਕਬਾਲ ਹੂੰ ਹਾਂ ਕਰੀ ਗਿਆ। ਉਸ ਦੀ ਆਦਤ ਹੈ ਕਿ ਉਹ ਬਿਨਾਂ ਵਜ੍ਹਾ ਕਿਸੇ ਦੀ ਜ਼ਿੰਦਗੀ ਵਿੱਚ ਦਖਲ-ਅੰਦਾਜ਼ੀ ਨਹੀਂ ਕਰਦਾ। ਨਾ ਹੀ ਚਾਹੁੰਦਾ ਹੈ ਕਿ ਕੋਈ ਉਨ੍ਹਾਂ ਦੇ ਪਰਿਵਾਰ ’ਤੇ ਆਪਣੀ ਇੱਛਾ ਥੋਪੇ। ਕੱਲ੍ਹ ਦਾ ਜੱਸੇ ਦਾ ਲਗਾਤਾਰ ਫੋਨ ਆ ਰਿਹਾ ਸੀ, ‘‘ਮਾਸੜ ਜੀ, ਤੁਸੀਂ ਜਲਦੀ ਆਓ। ਆ ਕੇ ਗੁਰਪ੍ਰੀਤ ਨੂੰ ਸਮਝਾਓ। ਅੱਜ ਸਵੇਰੇ ਕੋਟਕਪੁੂਰੇ ਦੀ ਰੇਲਵੇ ਲਾਈਨ ’ਤੇ ਜਾ ਕੇ ਲੰਮਾ ਪੈ ਗਿਆ ਕਿ ਮੈਂ ਗੱਡੀ ਥੱਲੇ ਸਿਰ ਦੇ ਕੇ ਮਰ ਜਾਣਾ। ਮਸਾਂ-ਮਸਾਂ ਘਰ ਲਿਆਂਦਾ। ਹੁਣ ਸੁੰਨ-ਵੱਟਾ ਬਣਿਆ ਪਿਆ। ਕੋਈ ਗੱਲ ਦੱਸਦਾ ਹੀ ਨ੍ਹੀਂ।’’ ਕਦੇ ਇਕਬਾਲ ਦੀ ਸਾਲੀ ਸੰਗੀਤਾ ਦਾ ਫੋਨ ਆ ਜਾਂਦਾ। ਕਦੇ ਉਸ ਦੇ ਵੱਡੇ ਮੁੰਡੇ ਜੱਸੇ ਦਾ। ਸਭ ਤੋਂ ਛੋਟਾ ਸਟੱਡੀ ਬੇਸ ’ਤੇ ਟੋਰਾਂਟੋ ਗਿਆ ਸੀ।
‘‘ਸਾਡੇ ਸਮਾਜ ’ਚ ਪੁੱਤ ਵੀ ਪਿਓ ਦਾ ਸ਼ਰੀਕ ਬਣ ਜਾਂਦੈ। ਹਿੱਕ ਦੇ ਜ਼ੋਰ ਨਾਲ ਆਪਣਾ ਹਿੱਸਾ ਮੰਗਦੈ। ਐਵੇਂ ਤਾਂ ਨ੍ਹੀਂ ਕਿਸੇ ਸਿਆਣੇ ਨੇ ਕਿਹਾ – ਕਾਹਦਾ ਪੁੱਤਾਂ ਦਾ ਮਾਣ,’’ ਇਕਬਾਲ ਨੇ ਜ਼ਿਆਦਾ ਡੂੰਘੀ ਗੱਲ ਕੀਤੀ ਤਾਂ ਹੇਮਾ ਚੁੱਪ ਰਹੀ। ਉਸ ਨੂੰ ਆਪਣੀ ਗੱਲ ਬੇਅਸਰ ਲੱਗੀ। ਹੇਮਾ ਨੇ ਕੋਈ ਹੁੰਗਾਰਾ ਨਾ ਭਰਿਆ। ਸ਼ਾਇਦ ਉਹ ਇਕਬਾਲ ਦੀ ਗੱਲ ਨਾਲ ਸਹਿਮਤ ਨਹੀਂ ਸੀ ਜਾਂ ਉਸ ਦੀ ਰਮਜ਼ ਹੇਮਾ ਨੂੰ ਸਮਝ ਨਹੀਂ ਲੱਗੀ ਸੀ। ਉਸ ਦੀ ਚੁੱਪ ਇਕਬਾਲ ਨੂੰ ਖ਼ਤਰਨਾਕ ਲੱਗੀ। ਉਸ ਨੇ ਹੇਮਾ ਨੂੰ ਗੱਲੀਂ ਲਾਉਣ ਲਈ ਇਕ ਕਹਾਣੀ ਸੁਣਾਈ, ‘‘ਇਕ ਆਦਮੀ ਦਿਮਾਗ਼ੀ ਰੋਗਾਂ ਦੇ ਮਾਹਿਰ ਕੋਲ ਗਿਆ। ਉਸ ਨੇ ਮਾਹਿਰ ਨੂੰ ਦੱਸਿਆ ਕਿ ਉਸ ਨੂੰ ਡਿਪਰੈਸ਼ਨ ਨੇ ਘੇਰਿਆ ਹੋਇਆ ਹੈ। ਉਸ ਨੂੰ ਕੁਸ਼ ਪਤਾ ਨ੍ਹੀਂ ਲੱਗਦਾ ਕਿ ਉਹ ਕੀ ਕਰੇ। ਮਾਹਿਰ ਉਸ ਨੂੰ ਸਰਕਸ ਦੇ ਤੰਬੂ ਕੋਲ ਲੈ ਗਿਆ। ਉਸ ਨੂੰ ਦੱਸਣ ਲੱਗਾ, ‘ਇੱਥੇ ਕਿੰਨੇ ਸਾਰੇ ਜੋਕਰ ਨੇ। ਐਨਾ ਹੱਸਾਉਂਦੇ ਨੇ ਕਿ ਢਿੱਡ ਦੁਖਣ ਲਾ ਦਿੰਦੇ। ਤੂੰ ਇਕ ਹਫ਼ਤਾ ਇਨ੍ਹਾਂ ਦਾ ਸ਼ੋਅ ਦੇਖ। ਤੈਨੂੰ ਐਨਾ ਹਸਾਉਣਗੇ ਕਿ ਤੇਰਾ ਡਿਪਰੈਸ਼ਨ ਛੂ-ਮੰਤਰ ਹੋ ਜਾਊ।’ ਆਦਮੀ ਨੇ ਸਿੱਧਾ ਹੀ ਦੇਖਦਿਆਂ ਦੱਸਿਆ ਕਿ ਉਨ੍ਹਾਂ ਜੋਕਰਾਂ ’ਚੋਂ ਉਹ ਆਪ ਵੀ ਏ… ਆਪਾਂ ਤਾਂ ਆਪ ਮੁੰਡਿਆਂ ਤੋਂ ਪ੍ਰੇਸ਼ਾਨ ਆਂ। ਚੱਲੇ ਉਨ੍ਹਾਂ ਦਾ ਫ਼ੈਸਲਾ ਕਰਨ ਆਂ।’’
‘‘ਇਹ ਦੁਨੀਆਦਾਰੀ ਆ। ਜਦੋਂ ਕੋਈ ਭੈਣ ਭਰਾ ਆਵਾਜ਼ ਮਾਰੇ, ਜਾਣਾ ਹੀ ਪੈਂਦਾ। ਜੇ ਆਪਾਂ ਨਾ ਜਾਵਾਂਗੇ ਤਾਂ ਕੱਲ੍ਹ ਨੂੰ ਸਾਡੇ ਕੌਣ ਆਊ। ਆਪਾਂ ਤਾਂ ਸੰਗੀਤਾ ਭੈਣ ਕਰਕੇ ਜਾਣਾ ਏ। ਮੈਥੋਂ ਉਹ ਵਿਚਾਰੀ ਰੋਂਦੀ ਦੇਖੀ ਨ੍ਹੀਂ ਜਾਂਦੀ। ਰੱਬ ਕਿਸੇ ਨੂੰ ਮਾੜੀ ਔਲਾਦ ਨਾ ਦੇਵੇ।’’
ਹੇਮਾ ਨੇ ਅੱਖਾਂ ਬੰਦ ਕਰ ਲਈਆਂ। ਸੀਟ ਨਾਲ ਢੋਅ ਲਾ ਕੇ ਪਾਠ ਕਰਨ ਲੱਗੀ।
ਇਕਬਾਲ ਦਾ ਧਿਆਨ ਸੈਦੂਪੁਰ ਵਾਲੀ ਸ਼ੀਲੋ ਵੱਲ ਚੱਲਾ ਗਿਆ।
ਪਿਛਲੇ ਦਿਨੀਂ ਸ਼ੀਲੋ ਦਾ ਉਸ ਨੂੰ ਫੋਨ ਆਇਆ ਸੀ। ਉਹ ਗੱਲਾਂ ਕਰਦੀ-ਕਰਦੀ ਕਿੰਨੀ ਵਾਰ ਰੋਈ, ‘‘ਭਾ’ਜੀ ਕੀ ਦੱਸਾਂ। ਛੋਟੇ ਮੋਹਿਤ ਨੇ ਸਾਡਾ ਜਿਊਣਾ ਔਖਾ ਕੀਤਾ ਪਿਐ। ਘਰੇ ਦੁਆਨੀ ਨ੍ਹੀਂ ਦਿੰਦਾ। ਕਾਰ ’ਤੇ ਪਤਾ ਨ੍ਹੀਂ ਕਿੱਥੇ ਜਾਂਦੈ। ਕਿੱਥੋਂ ਆਉਂਦੈ। ਕੀ ਕਮਾਉਂਦੈ? ਉਸ ਦੀ ਕਮਾਈ ਕਿੱਥੇ ਜਾਂਦੀ ਏ? ਦੋ ਕੁੜੀਆਂ ਦਾ ਪਿਉ ਬਣ ਗਿਆ ਪਰ ਅਕਲ ਧੇਲੇ ਦੀ ਨ੍ਹੀਂ। ਜੇ ਪੁੱਛੀਏ ਤਾਂ ਅੱਗਿਉਂ ਟੁੱਟ ਕੇ ਪੈਂਦਾ ਏ। ਜ਼ਿਆਦਾ ਕਹੀਏ ਤਾਂ ਬੁਲਾਉਣੋਂ ਹਟ ਜਾਂਦੈ। ਕਹਿੰਦਾ- ਮੈਂ ਘਰੋਂ ਦੌੜ ਜਾਣਾ। ਘਰ ਦਾ ਸਾਰਾ ਖਰਚਾ ਇਨ੍ਹਾਂ ਦੀ ਪੈਨਸ਼ਨ ਨਾਲ ਚੱਲਦਾ। ਜੇ ਪੈਨਸ਼ਨ ਨਾ ਮਿਲਦੀ ਹੁੰਦੀ ਤਾਂ ਸਾਡਾ ਕੀ ਬਣਨਾ ਸੀ।… ਸਾਰੇ ਰਿਸ਼ਤੇਦਾਰਾਂ ਕੋਲ ਕਾਰਾਂ ਨੇ। ਕਾਰ ਹੋਵੇ ਤਾਂ ਕਿਤੇ ਆਉਣਾ-ਜਾਣਾ ਸੁਖਾਲਾ ਹੋ ਜਾਂਦਾ ਏ। ਇਹੀ ਸੋਚ ਕੇ ਇਨ੍ਹਾਂ ਨੇ ਮੋਹਿਤ ਨੂੰ ਨਵੀਂ ਕਾਰ ਲੈ ਕੇ ਦਿੱਤੀ। ਛੇ ਲੱਖ ਲਵਨੀਤ ਨੇ ਬਾਹਰੋਂ ਭੇਜਿਆ। ਡੇਢ ਲੱਖ ਇਨ੍ਹਾਂ ਨੇ ਪਾਇਆ। ਇੱਕ ਲੱਖ ਮੋਹਿਤ ਨੇ ਦਿੱਤਾ। ਕਾਰ ਇਨ੍ਹਾਂ ਦੇ ਨਾਂ ਸੀ। ਜਦੋਂ ਵੀ ਸਰਵਿਸ ਹੋਣੀ ਹੁੰਦੀ ਜਾਂ ਕੋਈ ਹੋਰ ਕੰਮ, ਇਨ੍ਹਾਂ ਦੇ ਮੋਬਾਈਲ ’ਤੇ ਹੀ ਕੰਪਨੀ ਵਾਲਿਆਂ ਦਾ ਫੋਨ ਆਉਂਦਾ। ਇੱਕ ਦਿਨ ਕੰਪਨੀ ਦੇ ਕਿਸੇ ਕਰਿੰਦੇ ਦਾ ਫੋਨ ਆਇਆ ਕਿ ਕਿਸੇ ਸਕੀਮ ਹੇਠ, ਨਵੀਂ ਲਾਂਚ ਹੋ ਰਹੀ ਕਾਰ, ਤੁਹਾਡੇ ਨਾਂ ਦੀ ਨਿਕਲੀ ਏ। ਇਹ ਕੰਪਨੀ ਦੀ ਪੇਸ਼ਕਸ਼ ਏ। ਤੁਹਾਨੂੰ ਇੱਕ ਰੁਪਈਆ ਨ੍ਹੀਂ ਦੇਣਾ ਪੈਣਾ। ਤਿੰਨ ਸਾਲਾਂ ਦੀ ਇੰਸ਼ੋਰੈਂਸ ਮੁਫ਼ਤ। ਕੱਲ੍ਹ ਨੂੰ ਆ ਕੇ ਪੁਰਾਣੀ ਕਾਰ ਦੇ ਜਾਓ। ਨਵੀਂ ਲੈ ਜਾਓ। ਦੋਵੇਂ ਪਿਉ-ਪੁੱਤ ਏਜੰਸੀ ’ਚ ਗਏ। ਦੋ ਘੰਟਿਆਂ ਮਗਰੋਂ ਨਵੀਂ ਕਾਰ ਲੈ ਆਏ। ਮੈਂ ਸੋਚਾਂ ਕਿ ਇਹ ਕੀ ਗੱਲ ਹੋਈ। ਕੋਈ ਕੰਪਨੀ ਕਦੇ ਘਾਟੇ ਦਾ ਕੰਮ ਕਰਦੀ ਏ! ਮੈਂ ਇਨ੍ਹਾਂ ਨੂੰ ਪੁੱਛਿਆ ਤਾਂ ਇਨ੍ਹਾਂ ਨੇ ਦੱਸਿਆ, ‘ਵੱਡੀਆਂ ਕੰਪਨੀਆਂ ਨਵੀਂਆਂ ਕਾਰਾਂ ਮਾਰਕੀਟ ’ਚ ਉਤਾਰਨ ਤੋਂ ਪਹਿਲਾਂ ਖੁੱਲ੍ਹਾ ਖਰਚ ਕਰਦੀਆਂ ਨੇ। ਜੇ ਪੰਜਾਬ ’ਚ ਪੰਜਾਹ ਕਾਰਾਂ ਵੀ ਫਰੀ ਦੇ ਦਿੱਤੀਆਂ ਤਾਂ ਉਨ੍ਹਾਂ ਨੂੰ ਕੋਈ ਫ਼ਰਕ ਨ੍ਹੀਂ ਪੈਂਦਾ। ਦੇਖੋ-ਦੇਖੀ ਲੋਕ ਨਵੀਆਂ ਕਾਰਾਂ ਖਰੀਦਣਗੇ।’ ਇਹ ਤਾਂ ਪਿਛਲੇ ਹਫ਼ਤੇ ਪਤਾ ਲੱਗਾ ਕਿ ਮੋਹਿਤ ਨੇ ਨਵੀਂ ਕਾਰ ਲੋਨ ’ਤੇ ਲਈ ਏ। ਕੰਪਨੀ ਨੇ ਪਤਾ ਨ੍ਹੀਂ ਪੁਰਾਣੀ ਕਿੰਨੇ ਦੀ ਰੱਖੀ। ਮੋਹਿਤ ਦੇ ਕਹੇ ’ਤੇ, ਜਿੱਥੇ ਉਸ ਨੇ ਕਿਹਾ, ਇਨ੍ਹਾਂ ਨੇ ਦਸਤਖ਼ਤ ਕਰ ਦਿੱਤੇ। ਪਿਉ ਨਾਲ ਐਡਾ ਵੱਡਾ ਧੋਖਾ। ਏਜੰਸੀ ਦੇ ਸੇਲਜ਼ਮੈਨ ਤੇ ਮੋਹਿਤ ਨੇ ਰਲ ਕੇ ਕਿੱਦਾਂ ਕਹਾਣੀ ਬਣਾਈ। ਇਨ੍ਹਾਂ ਨੂੰ ਪਤਾ ਲੱਗਾ ਤਾਂ ਸਿਰ ਫੜ ਕੇ ਬੈਠ ਗਏ, ‘ਮੈਂ ਸਾਰੀ ਜ਼ਿੰਦਗੀ ’ਚ ਕੋਈ ਚੀਜ਼ ਲੋਨ ’ਤੇ ਨ੍ਹੀਂ ਲਈ। ਘੱਟ ਖਾ ਲਿਆ ਪਰ ਕੋਈ ਕਹਿ ਨ੍ਹੀਂ ਸਕਦਾ ਕਿ ਉਧਾਰ ਮੰਗਿਆ ਹੋਵੇ। ਅੱਜਕੱਲ੍ਹ ਦੇ ਮੁੰਡੇ ਟੌਹਰ ਦੇ ਪੱਟੇ ਨੇ। ਜੇਬ ’ਚ ਭਾਵੇਂ ਸੌ ਰੁਪਈਆ ਨਾ ਹੋਵੇ।’ ਅਸੀਂ ਤਾਂ ਸੋਚ-ਸੋਚ ਕੇ ਪਾਗਲ ਹੋ ਜਾਈਦਾ ਪਰ ਮੁੰਡਾ ਪ੍ਰਵਾਹ ਹੀ ਨ੍ਹੀਂ ਕਰਦਾ।’’
* * *
ਡਰਾਇੰਗ-ਰੂਮ ਵਿਚ ਸਾਰਾ ਪਰਿਵਾਰ ਬੈਠਾ ਸੀ। ਗੁਰਪ੍ਰੀਤ ਸਮੇਤ ਪਰਿਵਾਰ ਚੁੱਪ ਸੀ। ਇਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਸਨ ਕਿ ਕੌਣ ਗੱਲ ਸ਼ੁਰੂ ਕਰੇ। ਹੇਮਾ ਨੇ ਇਕਬਾਲ ਦੇ ਹੱਥ ’ਤੇ ਉਂਗਲ ਮਾਰੀ ਜਿਸ ਦਾ ਭਾਵ ਸੀ ਕਿ ਉਹ ਹੀ ਗੱਲ ਸ਼ੁਰੂ ਕਰੇ।
ਇਕਬਾਲ ਨੇ ਗੁਰਪ੍ਰੀਤ ਵੱਲ ਨੂੰ ਮੂੰਹ ਕਰ ਕੇ ਪੁੱਛਿਆ, ‘‘ਹਾਂ ਬਈ, ਨੌਜਵਾਨ ਬੜਾ ਸ਼ੌਕ ਚੜ੍ਹਿਆ ਮਰਨ ਦਾ? ਆਹ ਵਿਚਾਰੀ ਬਹੂ ਬਾਰੇ ਕੀ ਸੋਚਿਆ? ਤੇਰੇ ਦੋ ਬੱਚੇ ਨੇ। ਇਨ੍ਹਾਂ ਦੀ ਜ਼ਿੰਮੇਵਾਰੀ ਤੇਰੀ ਏ… ਨਾ ਕਿ ਬਾਬੇ ਦਾਦੀ ਦੀ।’’
ਜੱਸੇ ਨੇ ਕਿਹਾ, ‘‘ਮਾਸੜ ਜੀ, ਪਰਿਵਾਰ ’ਚ ਸੌ ਗੱਲਾਂ ਹੋ ਜਾਂਦੀਐਂ। ਸਾਨੂੰ ਜਰਨੀਆਂ ਪੈਂਦੀਐਂ। ਸਾਡੇ ਪਰਿਵਾਰ ’ਚ ਅਜਿਹੀ ਕੋਈ ਗੱਲ ਹੋਈ ਹੀ ਨ੍ਹੀਂ ਕਿ ਬੰਦਾ ਘਰੋਂ ਮਰਨ ਲਈ ਦੌੜੇ। ਇਹਨੂੰ ਪੁੱਛੋ ਕਿ ਇਹਨੂੰ ਕਿਸ ਗੱਲ ਦਾ ਦੁੱਖ ਐ। ਜੁਦਾ ਹੋਣਾ ਚਾਹੁੰਦੈ ਤਾਂ ਜੀ ਸਦਕੇ। ਸਾਡੇ ਵੱਲੋਂ ਭਾਵੇਂ ਅੱਜ ਹੀ ਆਪਣੀ ਵੱਖਰੀ ਰੋਟੀ ਪਕਾਉਣ ਲੱਗ ਜਾਵੇ।’’
ਗੁਰਪ੍ਰੀਤ ਨੇ ਆਪਣੀ ਚੁੱਪ ਨਾ ਤੋੜੀ। ਉਸ ਦੇ ਡੈਡੀ ਦੇ ਹੰਝੂ ਦਾੜ੍ਹੀ ਦੇ ਵਾਲਾਂ ’ਤੇ ਫੈਲਣ ਲੱਗੇ। ਇਨ੍ਹਾਂ ਹੰਝੂਆਂ ਦੀ ਭਾਸ਼ਾ ਕੋਈ ਸਮਝ ਨਹੀਂ ਰਿਹਾ ਸੀ। ਇਹ ਭਾਸ਼ਾ ਤੇ ਚੁੱਪ ਆਦਮੀ ਨੂੰ ਪਾਗਲ ਕਰ ਦਿੰਦੀ ਹੈ। ਉਹ ਡਿਪਰੈਸ਼ਨ ਵਿਚ ਜਾ ਸਕਦਾ ਹੈ। ਸ਼ੂਗਰ ਜਾਂ ਬਲੱਡ ਸ਼ੂਗਰ ਦਾ ਮਰੀਜ਼ ਹੋ ਸਕਦਾ ਹੈ। ਜੇ ਇਸ ਨਾਲ ਗੁੱਸਾ ਵੀ ਆ ਰਲੇ ਤਾਂ ਕਹਿਰ ਵਾਪਰ ਜਾਂਦਾ ਹੈ। ਗੁੱਸੇ ਬਾਰੇ ਇਕਬਾਲ ਨੇ ਦਿਮਾਗ਼ੀ ਰੋਗਾਂ ਦੇ ਮਸ਼ਹੂਰ ਮਾਹਿਰ ਡਾ. ਐੱਸ.ਏ.ਐਮ. ਖ਼ਾਨ ਦੀ ਇਕ ਇੰਟਰਵਿਊ ਪੜ੍ਹੀ ਸੀ। ਉਸ ਦਾ ਕਹਿਣਾ ਸੀ ਕਿ ਗੁੱਸੇ ਦੀ ਅਵਸਥਾ ਵਿਚ ਕਿਸੇ ਵਿਅਕਤੀ ਦੇ ਦਿਮਾਗ਼ ਵਿਚੋਂ ਉਹੋ ਜਿਹੀਆਂ ਹੀ ਬਿਜਲ-ਚੁੰਬਕੀ ਤਰੰਗਾਂ ਉੱਠਦੀਆਂ ਹਨ ਜਿਹੋ ਜਿਹੀਆਂ ਮਿਰਗੀ ਪੈਣ ਸਮੇਂ। ਇਕਬਾਲ ਨੇ ਅੱਧਾ ਘੰਟਾ ਲਾ ਕੇ ਗੁਰਪ੍ਰੀਤ ਨੂੰ ਰੁਖ਼ ਸਿਰ ਕੀਤਾ। ਜੱਸੇ ਨੂੰ ਵਿਹੜੇ ਵਿਚ ਲਿਜਾ ਕੇ ਪੁੱਛਿਆ, ‘‘ਬੱਚੇ ਇਨ੍ਹਾਂ ਕੋਲ ਸੌਂਦੇ ਨੇ ਜਾਂ ਕਿ ਬਾਬੇ ਦਾਦੀ ਕੋਲ?’’ ਉਹਨੇ ਦੱਸਿਆ, ‘‘ਉਹ ਤਾਂ ਮੰਮੀ ਡੈਡੀ ਕੋਲ ਹੁੰਦੇ ਐ ਰਾਤ ਨੂੰ।’’
‘‘ਜਦੋਂ ਬੰਦੇ ਦੀਆਂ ਆਰਥਿਕ ਲੋੜਾਂ ਪੂਰੀਆਂ ਹੋ ਜਾਣ ਤਾਂ ਉਸ ਨੂੰ ਪਤਾ ਨ੍ਹੀਂ ਲੱਗਦਾ ਕਿ ਉਹ ਕੀ ਕਰੇ। ਤੂੰ ਮੇਰੇ ਆਖੇ ਲੱਗ ਕੇ ਇਨ੍ਹਾਂ ਮੀਆਂ-ਬੀਵੀ ਨੂੰ ਦੋ-ਚਾਰ ਦਿਨਾਂ ਲਈ ਕਿਸੇ ਪਹਾੜੀ ਸਥਾਨ ’ਤੇ ਭੇਜ ਦੇ। ਇਹ ਵੀ ਇਕ ਤਜਰਬਾ ਕਰ ਕੇ ਦੇਖ। ਇੱਕੋ ਜਿਹੀ ਜ਼ਿੰਦਗੀ ਜਿਊਣ ਨਾਲ ਵੀ ਬੰਦਾ ਚਿੜਚਿੜਾ ਹੋ ਜਾਂਦੈ।’’
ਇਕਬਾਲ ਦੇ ਕਹੇ ਨੇ ਅਸਰ ਦਿਖਾਇਆ। ਪਰਿਵਾਰ ਪਹਿਲਾਂ ਵਾਂਗੂੰ ਹੱਸਣ-ਖੇਡਣ ਲੱਗ ਪਿਆ ਪਰ ਗੁਰਪ੍ਰੀਤ ਦੇ ਡੈਡੀ ਦੇ ਹੰਝੂਆਂ ਨੇ ਇਕਬਾਲ ਨੂੰ ਕਈ ਮਹੀਨੇ ਪ੍ਰੇਸ਼ਾਨ ਕਰੀ ਰੱਖਿਆ। ਪਿਓ ਕਿੰਨਾ ਮਜਬੂਰ ਹੋ ਜਾਂਦਾ ਹੈ ਔਲਾਦ ਅੱਗੇ। ਉਹ ਕੁਝ ਕਹਿ ਨਹੀਂ ਸਕਦਾ। ਕੁਝ ਕਰ ਨਹੀਂ ਸਕਦਾ। ਅਜਿਹੇ ਵੇਲਿਆਂ ਵਿਚ ਇਕਬਾਲ ਨੂੰ ਇਕ ਸੁਣੀ-ਸੁਣਾਈ ਗੱਲ ਯਾਦ ਆ ਜਾਂਦੀ। ਨੌਜਵਾਨ ਮੁੰਡਾ ਆਪਣੇ ਪਿਉ ਨੂੰ ਕਹਿੰਦਾ ਕਿ ਉਸ ਨੂੰ ਧੇਲੇ ਦੀ ਅਕਲ ਨਹੀਂ। ਜਦੋਂ ਮੁੰਡਾ ਆਪਣੇ ਪਿਓ ਦੀ ਉਮਰ ਨੂੰ ਪੁੱਜਦਾ ਹੈ, ਫਿਰ ਉਸ ਨੂੰ ਜ਼ਿੰਦਗੀ ਦੀਆਂ ਰਮਜ਼ਾਂ ਸਮਝ ਆਉਂਦੀਆਂ ਹਨ। ਉਦੋਂ ਉਸ ਦਾ ਮੁੰਡਾ ਜਵਾਨ ਹੋ ਜਾਂਦਾ ਹੈ। ਕਹਿੰਦਾ ਹੈ ਕਿ ਮੇਰੇ ਬੁੜ੍ਹੇ ਨੂੰ ਕੀ ਪਤਾ, ਉਹ ਤਾਂ ਕਮਲਾ ਹੈ।
ਹੰਝੂਆਂ ਦੀ ਭਾਸ਼ਾ ਦੀ ਚੁੱਪ ਬੜੀ ਖ਼ਤਰਨਾਕ ਹੁੰਦੀ ਹੈ।
ਇਕਬਾਲ ਨੇ ਵਾਪਸੀ ਤੋਂ ਪਹਿਲਾਂ ਹੇਮਾ ਨੂੰ ਕਿਹਾ ਸੀ, ‘‘ਭੈਣ ਨੂੰ ਕੱਲਿਆਂ ਲਿਜਾ ਕੇ ਸਮਝਾ ਕਿ ਭਾ’ਜੀ ਨੂੰ ਗੱਲਾਂ ’ਚ ਲਾਉਣ। ਉਨ੍ਹਾਂ ਦੀ ਚੁੱਪ ਘਰ ’ਚ ਹੇਠਲੀ ਉਪਰਲੀ ਲਿਆ ਸਕਦੀ ਏ। ਉਨ੍ਹਾਂ ਨੂੰ ਰੋਂਦਿਆਂ ਦੇਖ ਕੇ ਮੈਨੂੰ ਆਪ ਨੂੰ ਕੁਸ਼ ਹੁੰਦਾ। ਉਨ੍ਹਾਂ ਦੀ ਮਨੋ-ਅਵਸਥਾ ਭੈਣ ਜੀ ਸਮਝ ਸਕਦੇ ਨੇ। ਉਨ੍ਹਾਂ ਕੋਲ ਹੀ ਇਸ ਦਾ ਇਲਾਜ ਏ। ਉਨ੍ਹਾਂ ਨੂੰ ਸਮਝਾਓ ਕਿ ਭਾ’ਜੀ ਨੂੰ ਕੱਲਿਆਂ ਨਾ ਹੋਣ ਦੇਣ। ਤੁਹਾਨੂੰ ਸਾਰਿਆਂ ਨੂੰ ਉਹ ਸਿਰਫ਼ ਰੋਂਦੇ ਦਿਸਦੇ ਨੇ, ਮੈਨੂੰ ਬਹੁਤ ਕੁਝ ਹੋਰ ਦਿਸ ਰਿਹਾ ਏ…।’’
ਸੰਪਰਕ: 98148-03254