ਉੱਦਮੀ…
ਬਲਵਿੰਦਰ ਬਾਲਮ
ਉੱਦਮੀ ਮਜ਼ਦੂਰਾ ਸਿਰਜਕ ਕਿਰਸਾਨਾ ਸੁਣ।
ਹਾਸੇ ਖ਼ੁਸ਼ੀਆਂ ਤੇਰੇ ਨਾਲ ਜਵਾਨਾਂ ਸੁਣ।
ਤੇਰੇ ਖ਼ੂਨ ਪਸੀਨੇ ਦੇ ਵਿੱਚ ਸੂਰਜ ਹੈ।
ਸੁੰਦਰ ਕਾਇਨਾਤ ਤਿਰੀ ਹੀ ਮੂਰਤ ਹੈ।
ਰੀਸ ਤੇਰੀ ਕਰ ਸਕਦਾ ਵੀ ਭਗਵਾਨ ਨਹੀਂ।
ਤੇਰੇ ਵਰਗਾ ਦੁਨੀਆਂ ’ਤੇ ਇਨਸਾਨ ਨਹੀਂ।
ਦੇਸ਼ ਦੀਆਂ ਨੀਹਾਂ ਵਿੱਚ ਮੁੜ੍ਹਕਾ ਤੇਰਾ ਹੈ।
ਅੰਬਰ ਤੀਕਰ ਤੇਰੇ ਨਾਲ ਸਵੇਰਾ ਹੈ।
ਤੇਰੇ ਨੈਣਾਂ ਕਰਕੇ ਚੰਨ ਸਿਤਾਰੇ ਨੇ।
ਤੇਰੇ ਕਰਕੇ ਧਰਤੀ ਕੋਲ ਨਜ਼ਾਰੇ ਨੇ।
ਤੈਥੋਂ ਉੱਚੀ ਸੁੱਚੀ ਕੋਈ ਸ਼ਾਨ ਨਹੀਂ।
ਤੇਰੇ ਵਰਗਾ ਦੁਨੀਆਂ ’ਤੇ ਇਨਸਾਨ ਨਹੀਂ।
ਧਰਮ ਤਿਰਾ ਹੈ ਧਰਤੀ, ਧਰਤੀ ਜਾਤ ਤਿਰੀ।
ਸਭਨਾਂ ਦੇ ਲਈ ਚੜ੍ਹਦੀ ਹੈ ਪ੍ਰਭਾਤ ਤਿਰੀ।
ਕਣ-ਕਣ ਤੇਰਾ ਅਪਣਾ ਕੋਈ ਨਾ ਦੂਜਾ ਹੈ।
ਕਿਰਤ ਤਿਰੀ ਵਿੱਚ ਮੰਦਿਰ ਵਰਗੀ ਪੂਜਾ ਹੈ।
ਕਿਹੜਾ ਤੇਰੀ ਹਿੰਮਤ ਤੋਂ ਕੁਰਬਾਨ ਨਹੀਂ।
ਤੇਰੇ ਵਰਗਾ ਦੁਨੀਆਂ ’ਤੇ ਇਨਸਾਨ ਨਹੀਂ।
ਤੇਰੇ ਕਰਕੇ ਔੜਾਂ ਵਿੱਚ ਖੁਸ਼ਹਾਲੀ ਹੈ।
ਮਹਿਕ ਰਹੀ ਗੁਲਸ਼ਨ ਦੀ ਡਾਲੀ ਡਾਲੀ ਹੈ।
ਪਰਬਤ ਚੀਰ ਵਿਖਾਵੇਂ ਨਹਿਰਾਂ ਕੱਢ ਦੇਵੇਂ।
ਧਰਤੀ ਦੀ ਹਿੱਕ ਚੀਰ ਸੁਨਹਿਰਾ ਕੱਢ ਦੇਵੇਂ।
ਹੋਰ ਕਿਸੇ ਦਾ ਏਦਾਂ ਦਾ ਈਮਾਨ ਨਹੀਂ।
ਤੇਰੇ ਵਰਗਾ ਦੁਨੀਆਂ ’ਤੇ ਇਨਸਾਨ ਨਹੀਂ।
ਖੋਜਾਂ ਦੇ ਸਿਰ ਉੱਤੇ ਤਾਜ ਰਖਾਏ ਤੂੰ।
ਚੰਨ ਦੇ ਉੱਤੇ ਚੜ੍ਹ ਕੇ ਚੰਨ ਸਜਾਏ ਤੂੰ।
ਯਾਰ ਤਰੱਕੀ ਦਾ ਤੂੰ ਸੂਤਰਧਾਰ ਰਿਹਾ।
ਤੇਰੇ ਵਿਚ ਅਲੌਕਿਕ ਇੱਕ ਭੰਡਾਰ ਰਿਹਾ।
ਤੂੰ ਅੰਨਦਾਤਾ ਏਂ ਤੇਰੀ ਪਹਿਚਾਣ ਨਹੀਂ।
ਤੇਰੇ ਵਰਗਾ ਦੁਨੀਆਂ ’ਤੇ ਇਨਸਾਨ ਨਹੀਂ।
ਕਦਰ ਤਿਰੀ ਨਾ ਜਾਣਨ ਨੇਤਾ ਰਿਸ਼ਵਤਖੋਰ।
ਕਦਰ ਤੇਰੀ ਪੈਣੀ ਸੀ ਜੇਕਰ ਹੁੰਦੇ ਹੋਰ।
ਤੇਰਾ ਖ਼ੂਨ ਪਸੀਨਾ ਲੁੱਟ ਲਿਆ ਚੋਰਾਂ ਨੇ।
ਬਾਗ਼ ’ਚ ਸੁੰਦਰ ਪੈਲਾਂ ਪਾਉਂਦੇ ਮੋਰਾਂ ਨੇ।
ਤੂੰ ਨਹੀਂ ਕੋਈ ਭੋਲਾ ਤੂੰ ਨਾਦਾਨ ਨਹੀਂ।
ਤੇਰੇ ਵਰਗਾ ਦੁਨੀਆਂ ’ਤੇ ਇਨਸਾਨ ਨਹੀਂ।
ਵੇਖ ਕਰਾਂਤੀ ਆਉਣੀ ਹਿੰਮਤ ਰੱਖ ਜ਼ਰਾ।
ਜ਼ਹਿਰ ਖੜੱਪੇ, ਬਿਸੀਅਰ ਦਾ ਵੀ ਚੱਖ ਜ਼ਰਾ।
ਸੱਪਾਂ ਦਾ ਕਬਜ਼ਾ ਹੈ ਵਰਮੀ ਉੱਤੇ ਅੱਜ।
ਕੱਢ ਕੱਢ ਮਾਰ ਮੁਕਾਉਣੇ, ਕਰ ਕਰ ਪੁੱਠੇ ਅੱਜ।
ਹੁਣ ਸੱਪਾਂ ਦਾ ਵਰਮੀ ਵਿੱਚ ਸਥਾਨ ਨਹੀਂ।
ਤੇਰੇ ਵਰਗਾ ਦੁਨੀਆਂ ’ਤੇ ਇਨਸਾਨ ਨਹੀਂ।
‘ਲਾਲੋ’ ਬਣ ਕੇ ਹੱਕ ਹਲਾਲ ਕਮਾਵੇਂ ਤੂੰ।
‘ਬਾਲਮ’ ਨਾਨਕ ਦਾ ਸੇਵਕ ਕਹਿਲਾਵੇਂ ਤੂੰ।
ਮਿੱਟੀ ਤੇਰੀ ਪੂਜਾ ਮਿੱਟੀ ਭਗਤੀ ਹੈ।
ਤੇਰੇ ਸਿਰ ’ਤੇ ਮਾਨਵਤਾ ਦੀ ਸ਼ਕਤੀ ਹੈ।
‘ਸੱਜਣ’ ਠੱਗਾਂ ਵਰਗਾ ਤੂੰ ਧਨਵਾਨ ਨਹੀਂ।
ਤੇਰੇ ਵਰਗਾ ਦੁਨੀਆਂ ’ਤੇ ਇਨਸਾਨ ਨਹੀਂ।
ਸੰਪਰਕ: 98156-25409
ਗ਼ਜ਼ਲ
ਮਹਿੰਦਰ ਸਿੰਘ ਮਾਨ
ਚਾਹੇ ਦੁੱਖਾਂ ਘੇਰੀ ਸਾਡੀ ਜਾਨ ਹੈ,
ਫਿਰ ਵੀ ਸਾਡੇ ਹੋਠਾਂ ’ਤੇ ਮੁਸਕਾਨ ਹੈ।
ਰਹਿੰਦੇ ਹਾਂ ਚੜ੍ਹਦੀ ਕਲਾ ਵਿੱਚ ਹਰ ਸਮੇਂ,
ਯਾਰੋ, ਸਾਡੀ ਤਾਂ ਇਹ ਹੀ ਪਹਿਚਾਣ ਹੈ।
ਮੰਗ ਕੇ ਖਾਂਦੇ ਕੇਵਲ ਬੇਗੈਰਤੇ,
‘ਕੰਮ ਕਰ ਕੇ ਖਾਣਾ’ ਸਾਡੀ ਸ਼ਾਨ ਹੈ।
’ਕੱਠੇ ਰਹਿ ਕੇ ਕੁਝ ਨਾ ਸਾਡਾ ਵਿਗੜਨਾ,
ਵੱਖਰੇ ਰਹਿ ਕੇ ਹੋਣਾ ਨੁਕਸਾਨ ਹੈ।
ਕਾਮਿਆਂ ਬਾਰੇ ਜੋ ਸੋਚੇ ਹਰ ਸਮੇਂ,
ਉਹ ਉਨ੍ਹਾਂ ਨੂੰ ਲੱਗਦਾ ਭਗਵਾਨ ਹੈ।
ਲੋਕ ਉਸ ਅਫ਼ਸਰ ’ਤੇ ਕਰਦੇ ਮਾਣ ਨੇ,
ਕੋਲ ਜਿਸ ਦੇ ਪਹੁੰਚਣਾ ਆਸਾਨ ਹੈ।
ਦੇਖ ਕੇ ਉਸ ਨੂੰ ਉਨ੍ਹਾਂ ਨੂੰ ਚਾਅ ਚੜ੍ਹੇ,
ਪਾਠਕਾਂ ਨੂੰ ਜੋ ਕਵੀ ਪ੍ਰਵਾਨ ਹੈ।
ਸੰਪਰਕ: 99158-03554
ਕਿਰਤੀ ਦੇ ਸਦਕੇ
ਅਮਰਜੀਤ ਸਿੰਘ ਫ਼ੌਜੀ
ਦੇਸ਼ ਦਿਆ ਕਿਰਤੀ ਮਜ਼ਦੂਰਾ
ਤੂੰ ਹੈਂ ਕਰਮ ਧਰਮ ਦਾ ਪੂਰਾ
ਤੈਥੋਂ ਮੈਂ ਬਲਿਹਾਰੇ ਜਾਵਾਂ
ਸਦਕੇ ਜਾਵਾਂ ਵਾਰੇ ਜਾਵਾਂ
ਤੇਰੇ ਕਰਕੇ ਚਲਦੀ ਦੁਨੀਆਂ
ਜਿੱਥੇ ਨਹੀਂ ਤੂੰ ਠੱਲ੍ਹਦੀ ਦੁਨੀਆਂ
ਖ਼ੂਨ ਪਸੀਨਾ ਬਹੁਤ ਵਹਾਇਆ
ਹੋਈ ਨਾ ਤੇਰੇ ਵੱਲ ਦੀ ਦੁਨੀਆਂ
ਦਿਨ ਰਾਤ ਤੂੰ ਮਿਹਨਤ ਕਰਦਾ
ਸਾਰੇ ਜੱਗ ਦਾ ਤੂੰ ਢਿੱਡ ਭਰਦਾ
ਕੋਠੀਆਂ ਕਾਰਾਂ ਤੂੰ ਬਣਾਈਆਂ
ਏਹ ਵੀ ਤੇਰੇ ਕੰਮ ਨਾ ਆਈਆਂ
ਗੱਲੀਂਬਾਤੀਂ ਤੈਨੂੰ ਵਡਿਆਇਆ
ਮਿਹਨਤ ਦਾ ਮੁੱਲ ਕਿਸੇ ਨਾ ਪਾਇਆ
ਕਦ ਤੱਕ ਰਹੇਂਗਾ ਤੂੰ ਚੁੱਪ ਕਰਕੇ
ਹੱਕ ਖੋਹ ਲੈ ਹਿੱਕ ਗੋਡਾ ਧਰ ਕੇ
ਦੇਸ਼ ਮੇਰੇ ਦੀ ਇੱਜ਼ਤ ਰਹਿਜੇ
ਕਿਰਤ ਤੇਰੀ ਦਾ ਜੇ ਮੁੱਲ ਪੈਜੇ
ਇਸ ਗੱਲ ਦਾ ਕੋਈ ਦਮ ਨਾ ਭਰਦਾ
‘ਫ਼ੌਜੀ’ ਤੈਨੂੰ ਸਿਜਦਾ ਕਰਦਾ।
ਸੰਪਰਕ: 95011-27033
ਸਾਲ ਗ਼ਰੀਬੀ ਦੇ
ਜਸਵੰਤ ਗਿੱਲ
ਬਾਪੂ ਦੀ ਕੰਮ ਨਾਲ ਕੁੱਬੀ ਢੂਹੀ
ਮਾਂ ਦੇ ਪੈਰਾਂ ਦੀਆਂ ਬਿਆਈਆਂ
ਯਾਦ ਨੇ ਮੈਨੂੰ ਅੱਜ ਵੀ
ਉਹ ਹਾਲ ਗ਼ਰੀਬੀ ਦੇ।
ਅੱਧੀ ਰਾਤੀਂ ਰੋਟੀ ਪੱਕਣੀ,
ਮਾਂ ਨੂੰ ਫਿਰ ਵੀ ਅੱਧੀ ਬਚਣੀ,
ਕਿੰਝ ਗੁਜ਼ਾਰੇ ਸੀ ਉਹ
ਗਰਮੀ-ਸਿਆਲ ਗ਼ਰੀਬੀ ਦੇ।
ਅੱਧੀ ਰਾਤੀਂ ਤ੍ਰਹਿ ਕੇ ਉੱਠਦਾ
ਫਿਰ ਅੰਦਰੋਂ ਮੇਰਾ ਆਪਾ ਟੁੱਟਦਾ
ਜਦ ਵੀ ਆ ਜਾਣ ਕਿਧਰੋਂ
ਖ਼ਿਆਲ ਗ਼ਰੀਬੀ ਦੇ।
ਮਾਂ ਬਾਪ ਨੇ ਨਾ ਸ਼ਿਕਵਾ ਕੀਤਾ
ਹੌਸਲੇ ਦਾ ਅਸਾਂ ਪਾਣੀ ਪੀਤਾ
ਮਿਹਨਤਾਂ ਦੇ ਨਾਲ ਪੁੱਟ ਦਿੱਤੇ
ਦੋ ਮੂੰਹੇਂ ਵਾਲ਼ ਗ਼ਰੀਬੀ ਦੇ।
ਜੋੜ ਘਟਾਓ ਤਾਂ ਫਿਰ ਵੀ
ਉਂਗਲਾਂ ਉੱਤੇ ਹੱਲ ਹੋ ਜਾਂਦੇ
ਐਪਰ ਕੱਢਣੇ ਬੜੇ ਹੀ ਔਖੇ
ਉਲਝੇ ਸਵਾਲ ਗ਼ਰੀਬੀ ਦੇ।
ਚੜ੍ਹੀ ਜਵਾਨੀ ਵਿੱਚ ਗਲੀਆਂ ਦੇ
ਪਾਉਂਦੀ ਫਿਰਦੀ ਖੌਰੂ
ਸਾਡੀ ਜੋਬਨ ਰੁੱਤ ਸੀ ਮਰਗੀ
ਲੜਦੀ ਨਾਲ ਗ਼ਰੀਬੀ ਦੇ।
ਨਾ ਬੰਦਾ ਹੱਸਦਾ, ਨੱਚਦਾ
ਤੇ ਨਾ ਹੀ ਗਾਉਂਦਾ ਹੈ
ਜਦ ਵੀ ਬੇਤਾਲੇ ਹੋ ਜਾਂਦੇ
ਵੱਜਦੇ ਤਾਲ ਗ਼ਰੀਬੀ ਦੇ।
ਕੁਝ ਨਾ ਛੱਡਣ ਘਰ ਦੇ ਵਿੱਚ
ਝੱਖੜ ਬਣ ਹੂੰਝ ਕੇ ਲੈ ਜਾਂਦੇ
ਉੱਠਦੇ ਨੇ ਜਦ ਵੀ ਕਦੇ
ਬਵਾਲ ਗ਼ਰੀਬੀ ਦੇ।
ਹਰ ਪਾਸੇ ਕੱਚੇ ਹੀ ਢਾਰੇ ਹੁੰਦੇ
ਫਿਰ ਨਾ ਮਹਿਲ ਮੁਨਾਰੇ ਹੁੰਦੇ
ਜੇ ਨਾ ਹੁੰਦੇ ਕਿਰਤੀ ਕਾਮੇ
ਧਰਤੀ ’ਤੇ ਲਾਲ ਗ਼ਰੀਬੀ ਦੇ।
ਮਾਂ ਬਾਪੂ ਵੀ ਹੁਣ ਸੌਖੇ ਦੋਵੇਂ
ਪੁੱਤਾਂ ਸਿਰ ’ਤੇ ਕਰਨ ਆਰਾਮ
ਮਿਹਨਤਾਂ ਦੇ ਨਾਲ ਸਮਾਂ ਬਦਲਿਆ
ਦੂਰ ਕੀਤੇ ਇੰਝ ਸਾਲ ਗ਼ਰੀਬੀ ਦੇ।
ਸੰਪਰਕ: 97804-51878
ਦੇਸ਼ ਦੀ ਉਸਾਰੀ
ਬਲਵੀਰ ਕੁਮਾਰ
ਮਜ਼ਦੂਰਾਂ ਨਾਲ ਦੇਸ਼ ਦੀ ਉਸਾਰੀ ਮਿੱਤਰੋ
ਇਨ੍ਹਾਂ ਨਾਲ ਲਾ ਕੇ ਵੇਖੋ ਯਾਰੀ ਮਿੱਤਰੋ
ਉਸਾਰੀ ਵਿੱਚ ਡੋਲ੍ਹਦੇ ਪਸੀਨਾ ਰੱਜ ਕੇ
ਮਿਹਨਤਾਂ ਦਾ ਮੁੱਲ ਲੈਂਦੇ ਤਲੀ ਅੱਡ ਕੇ
ਬੱਚਾ ਬੱਚਾ ਇਨ੍ਹਾਂ ਪਿੱਛੇ ਰਹਿੰਦਾ ਲੱਗ ਕੇ
ਰੋਹਬ ਪਾਉਂਦੇ ਇਨ੍ਹਾਂ ਉੱਤੇ ਅੱਖਾਂ ਕੱਢ ਕੇ
ਮਜ਼ਦੂਰ ’ਤੇ ਜ਼ੁਬਾਨ ਕਿਉਂ ਕਰਾਰੀ ਮਿੱਤਰੋ
ਮਜ਼ਦੂਰਾਂ ਨਾਲ ਦੇਸ਼ ਦੀ ਉਸਾਰੀ ਮਿੱਤਰੋ
ਇਨ੍ਹਾਂ ਨਾਲ ਲਾ ਕੇ ਵੇਖੋ ਯਾਰੀ ਮਿੱਤਰੋ
ਮਜ਼ਦੂਰਾਂ ਤੇ ਗ਼ਰੀਬੀ ਨੇ ਵਿਛਾਇਆ ਜਾਲ ਏ
ਘਰਾਂ ਵਿੱਚ ਜਾ ਕੇ ਵੇਖੋ ਬੁਰਾ ਹਾਲ ਏ
ਔਖਾ ਹੋ ਕੇ ਬੱਚਿਆਂ ਨੂੰ ਰਿਹਾ ਪਾਲ ਏ
ਇਨ੍ਹਾਂ ਦੀਆਂ ਮਿਹਨਤਾਂ ’ਤੇ ਜੱਗ ਖੁਸ਼ਹਾਲ ਏ
ਸਾਡੀ ਮਜ਼ਦੂਰਾਂ ਨਾਲ ਬਣੀ ਸਰਦਾਰੀ ਮਿੱਤਰੋ
ਮਜ਼ਦੂਰਾਂ ਨਾਲ ਦੇਸ਼ ਦੀ ਉਸਾਰੀ ਮਿੱਤਰੋ
ਇਨ੍ਹਾਂ ਨਾਲ ਲਾ ਕੇ ਵੇਖੋ ਯਾਰੀ ਮਿੱਤਰੋ
ਦਿਲਾਂ ਵਿੱਚੋਂ ਕੱਢ ਕੇ ਬੁਰਾਈਆਂ ਵੇਖ ਲੋ
ਮਜ਼ਦੂਰਾਂ ਦੀਆਂ ਪੈਂਦੀਆਂ ਦੁਹਾਈਆਂ ਵੇਖ ਲੋ
ਗ਼ਰੀਬਾਂ ਦੀਆਂ ਕਰ ਕੇ ਭਲਾਈਆਂ ਵੇਖ ਲੋ
ਗ਼ਰੀਬਾਂ ਕੋਲੋਂ ਲੈ ਕੇ ਵਡਿਆਈਆਂ ਵੇਖ ਲੋ
ਗੱਲ ਬਾਬਾ ਬੀਰ੍ਹਾ ਆਖਦਾ ਪਿਆਰੀ ਮਿੱਤਰੋ
ਮਜ਼ਦੂਰਾਂ ਨਾਲ ਦੇਸ਼ ਦੀ ਉਸਾਰੀ ਮਿੱਤਰੋ
ਇਨ੍ਹਾਂ ਨਾਲ ਲਾ ਕੇ ਵੇਖੋ ਯਾਰੀ ਮਿੱਤਰੋ।
ਸੰਪਰਕ: 99883-28567
ਅੱਗ
ਬਲਜਿੰਦਰ ਕੌਰ ਸ਼ੇਰਗਿੱਲ
ਤਪਦੀ ਗਰਮੀ ਸੇਕ ਧੁੱਪ ਦਾ,
ਕੜਕ ਕੜਕ ਕਰਦੀ ਕਣਕ ਖੇਤ ਵਿੱਚ
ਹਾਏ ਅੱਗ ਲੱਗੀ ਮੇਰੇ ਖੇਤ ਵਿੱਚ
ਆਇਆ ਸੁਨੇਹਾ ਘਰ ਵਿੱਚ
ਖੇਤਾਂ ਨੂੰ ਭੱਜਦਾ ਜਾਵਾਂ
ਹਾਏ ਅੱਗ ਲੱਗੀ ਮੇਰੇ ਖੇਤ ਵਿੱਚ
ਕਿਵੇਂ ਬੁਝਾਵਾਂ,
ਕਿੰਝ ਪਾਣੀ ਪਾਵਾਂ
ਹਾਏ ਅੱਗ ਲੱਗੀ ਮੇਰੇ ਖੇਤ ਵਿੱਚ
ਮੱਚੀ ਭਾਜੜ, ਇਕੱਠੇ ਹੋ ਗਏ ਸਭ
ਹੀਲੇ ਵਸੀਲੇ ਲੱਗੇ ਕਰਨ
ਹਾਏ ਅੱਗ ਲੱਗੀ ਮੇਰੇ ਖੇਤ ਵਿੱਚ
ਨਿਕਲੇ ਮੇਰੇ ਅੰਦਰੋਂ ਸੇਕ
ਫੜ ਕਲੇਜਾ ਧਾਹਾਂ ਮਾਰਾਂ
ਹਾਏ ਅੱਗ ਲੱਗੀ ਮੇਰੇ ਖੇਤ ਵਿੱਚ
ਗਰਮੀ ਤੋਂ ਵੱਧ ਤਪਦਾ ਜਾਵਾਂ
ਸ਼ਾਰਟ ਸਰਕਟ ਨੂੰ ਲਾਂਭੇ ਪਾਵਾਂ
ਹਾਏ ਅੱਗ ਲੱਗੀ ਮੇਰੇ ਖੇਤ ਵਿੱਚ
ਤੇਜ਼ ਹਵਾਵਾਂ ਵੀ ਚੱਲਣ ਅੱਜ
ਸੜ ਕੇ ਸਵਾਹ ਕਰ ਗਈਆਂ ਸਭ
ਹਾਏ ਅੱਗ ਲੱਗੀ ਮੇਰੇ ਖੇਤ ਵਿੱਚ
ਅੱਗ ਬੁਝਾਊ ਅਮਲੇ ਨੇ ਆ ਕੇ
ਤਪਦਾ ਸੇਕ ਠਾਰ ਦਿੱਤਾ
ਹਾਏ ਅੱਗ ਲੱਗੀ ਮੇਰੇ ਖੇਤ ਵਿੱਚ
ਕਣਕ ਦੀ ਫ਼ਸਲ ਸੜ ਗਈ ਸਭ
ਬਚਿਆ ਨਾ ਪੱਲੇ ਮੇਰੇ ਕੱਖ
ਹਾਏ ਅੱਗ ਲੱਗੀ ਮੇਰੇ ਖੇਤ ਵਿੱਚ
ਮਿਹਨਤ ’ਤੇ ਪਾਣੀ ਫਿਰ ਗਿਆ
ਮੁਆਵਜ਼ਾ ਮਿਲੇਗਾ ਪਤਾ ਨੀ ਕਦ
ਹਾਏ ਅੱਗ ਲੱਗੀ ਮੇਰੇ ਖੇਤ ਵਿੱਚ
ਸੰਪਰਕ: 98785-19278