ਸਤਿੰਦਰਪਾਲ ਬਾਵਾ
ਕਥਾ ਪ੍ਰਵਾਹ
ਪਹਿਲਾਂ ਸਾਡਾ ਵਿਸ਼ਵਾਸ ਸੀ ਕਿ ਸਾਡਾ ਦੇਸ਼ ਰਿਸ਼ੀਆਂ, ਮੁਨੀਆਂ, ਸਾਧੂ, ਸੰਤਾਂ ਤੇ ਮਹਾਤਮਾਵਾਂ ਦਾ ਦੇਸ਼ ਹੈ, ਪਰ ਜਦੋਂ ਤੋਂ ਅਸੀਂ ਇੱਕੀਵੀਂ ਸਦੀ ਵਿਚ ਪ੍ਰਵੇਸ਼ ਕੀਤਾ ਹੈ ਸਾਡੀ ਧਾਰਨਾ ਵਿਚ ਢੇਰ ਤਬਦੀਲੀ ਆ ਗਈ ਹੈ। ਜੇਕਰ ਵਿਗਿਆਨਕ ਭਾਸ਼ਾ ਕਹਿਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਹੁਣ ਸਾਡਾ ਵਿਸ਼ਵਾਸ ਵੀ ਵਿਗਿਆਨ ਦੇ ਹਾਣ ਦਾ ਹੋ ਗਿਆ ਹੈ। ਅਸੀਂ ਇਹ ਮੰਨਣ ਲੱਗ ਪਏ ਹਾਂ ਕਿ ਭਾਰਤ ਚਮਤਕਾਰਾਂ ਦਾ ਦੇਸ਼ ਨਹੀਂ ਸਗੋਂ ਆਵਿਸ਼ਕਾਰਾਂ ਦਾ ਦੇਸ਼ ਹੈ। ਜਿੱਥੇ ਨਿੱਤ ਨਵੇਂ-ਨਵੇਂ ਆਵਿਸ਼ਕਾਰ ਹੁੰਦੇ ਰਹਿੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਸਾਡੇ ਕੋਲ ਆਵਿਸ਼ਕਾਰਾਂ ਨੂੰ ਕਰਨ ਵਾਲੇ
ਵਿਗਿਆਨੀ ਨਹੀਂ ਸਗੋਂ ਭਾਰਤੀ ਸ਼ੋਧ-ਸੰਸਕ੍ਰਿਤੀ ਦੇ ਗੂੜ੍ਹ-ਗਿਆਨੀ ਹਨ। ਇਨ੍ਹਾਂ ਗਿਆਨੀ ਪੁਰਸ਼ਾਂ ਨੂੰ ਆਵਿਸ਼ਕਾਰ ਕਰਨ ਲਈ ਲੰਮਾ ਸਮਾਂ ਸ਼ੋਧ-ਸੰਸਥਾਨਾਂ ਵਿਚ ਜਾ ਕੇ ਉਮਰਾਂ ਨਹੀਂ ਗਾਲਣੀਆਂ ਪੈਂਦੀਆਂ ਸਗੋਂ ਉਹ ਤਾਂ ਤੁਰਦੇ ਫਿਰਦੇ ਆਪਣੇ ਅਸੀਮ ਅਤੇ ਅਪਾਰ ਗਿਆਨ ਦੀ ਸ਼ੋਧ ਬਰਤੀ ਨਾਲ ਹੀ ਆਵਿਸ਼ਕਾਰ ਕਰਦੇ ਰਹਿੰਦੇ ਹਨ।
ਤੁਹਾਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਵੇਗੀ ਕਿ ਕੁਝ ਮਹੀਨੇ ਪਹਿਲਾਂ ਹੀ ਵਿਚ ਇਕ ਭਾਰਤੀ ਸ਼ੋਧ ਕਰਤਾ ਨੇ ਇਹ ਸਿੱਧ ਕਰ ਦਿੱਤਾ ਕਿ ਹੁਣ ਵਿਅਕਤੀ ਆਪਣੇ ਕਪੜਿਆਂ ਤੋਂ ਨਹੀਂ ਸਗੋਂ ਆਪਣੇ ਫੋਨ ਦੀ ਰਿੰਗ ਟੋਨ ਤੋਂ ਹੀ ਪਛਾਣਿਆ ਜਾਂਦਾ ਹੈ। ਇਹ ਗੱਲ ਸ਼ਾਇਦ ਤੁਸੀਂ ਵੀ ਨੋਟ ਕੀਤੀ ਹੋਵੇ ਕਿ ਨਿੱਕਰ ਬੁਣੈਨਾਂ ਵਿਚ ਘੁੰਮਣ ਵਾਲੀ ਮੁੰਡੀਹਰ ਜਿਹੜੀ ਅਕਲੋਂ ਤੇ ਸ਼ਕਲੋ ਕਿਸੇ ਮਜਨੂੰ ਦਾ ਭੁਲੇਖਾ ਪਾਉਂਦੀ ਹੋਵੇ, ਪਰ ਜਦੋਂ ਉਨ੍ਹਾਂ ਦੇ ਮਹਿੰਗੇ ਫੋਨਾਂ ਵਿਚ ਇਕ ਖ਼ਾਸ ਰਿੰਗ ਟੋਨ ਵੱਜਦੀ ਹੈ ਤਾਂ ਸੱਚ ਜਾਣਿਉ ਉਦੋਂ ਹੀ ਤੁਹਾਨੂੰ ਉਨ੍ਹਾਂ ਦੇ ਕੋਈ ਖ਼ਾਸ ਹਸਤੀ ਹੋਣ ਦਾ ਪਤਾ ਲੱਗਦਾ ਹੈ ਕਿ ਉਹ ਤਾਂ ਕਿਸੇ ਸੰਸਾਰੀ ਨਹੀਂ ਸਗੋਂ ਕਿਸੇ ‘ਆਵਿਸ਼ਕਾਰੀ ਗੂੜ੍ਹ-ਗਿਆਨੀ’ ਦੀ ਸੰਤਾਨ ਹਨ। ਸਾਨੂੰ ਨਹੀਂ ਪਤਾ ਕਿ ਹੁਣ ਕਿਹੜੇ ਮਹਿੰਗੇ ਫੋਨ ਦੀ ਰਿੰਗ ਟੋਨ ਤੁਹਾਡੇ ਦਿਮਾਗ਼ ਵਿਚ ਵੱਜਣ ਲੱਗ ਪਈ ਹੈ। ਪਰ ਭਾਈ, ਇਨ੍ਹਾਂ ਪਛਾਣਾਂ ਦੇ ਦੌਰ ਵਿਚ ਬੰਦਾ ਕਿਵੇਂ ਬੇਪਛਾਣਾ ਹੋਇਆ
ਰਹਿੰਦਾ ਹੈ ਇਸ ਦਾ ਗਿਆਨ ਤਾਂ ਸਾਨੂੰ ਹੁਣੇ ਹੁਣੇ ਹੀ ਹੋਇਆ ਹੈ। ਖ਼ੈਰ! ਅਸੀਂ ਤਾਂ ਨਵੀਂ ਇਜਾਦ ਹੋਈ ਰਿੰਗ ਟੋਨ ਦੀ ਗੱਲ
ਕਰ ਰਹੇ ਹਾਂ ਜਿਹੜੀ ‘ਬੋਲਤੀ ਬੰਦ’ ਦੇ ਸਮੇਂ ਵਿਚ ਸ਼ੁਭ ਸ਼ਗਨ ਬਣ ਕੇ ਬਹੁੜੀ ਹੈ।
ਕਰੋਨਾ ਦੇ ਦਿਨਾਂ ਵਿਚ ਇਕ ਨਵੀਂ ਰਿੰਗ ਟੋਨ ਦਾ ਆਵਿਸ਼ਗਾਰ ਹੋਇਆ ‘ਗੋ ਕਰੋਨਾ ਗੋ… ਗੋ ਕਰੋਨਾ ਗੋ…’। ਇਸ ਰਿੰਗ ਟੋਨ ਨੂੰ ਲੱਖਾਂ ਭਾਰਤੀ ਲੋਕਾਂ ਨੇ ਆਪਣੇ ਫੋਨਾਂ ਵਿਚ ਡਾਊਨਲੋਡ ਕਰ ਲਿਆ ਹੈ। ਇਸ ਰਿੰਗ ਟੋਨ ਦੇ ਸ਼ੋਧ ਕਰਤਾਵਾਂ ਦਾ ਵਿਸ਼ਵਾਸ ਹੈ ਕਿ ਬਿਪਤਾ ਜਾਂ ਸੰਕਟ ਸਮੇਂ ਇਸ ਜਾਦੂਮਈ ਰਿੰਗ ਟੋਨ ਨੂੰ ਫੋਨ ਵਿਚ ਵਰਤਣ ਵਾਲੇ ਬੰਦੇ ਤੋਂ ਵੱਡੀਆਂ ਵੱਡੀਆਂ ਬਲਾਵਾਂ ਤੇ ਬਿਪਤਾਵਾਂ ਦੂਰ ਟਲ ਜਾਂਦੀਆਂ ਹਨ ਅਤੇ ਕਿਸੇ ਹੋਰ ਸ਼ਖ਼ਸ ਦੀ ਭਾਲ ਕਰਨ ਲਗ ਜਾਂਦੀਆਂ ਹਨ ਤੇ ਫਿਰ ਭਲਾ ਇਹ ਕਰੋਨਾ ਕੀ ਚੀਜ਼ ਹੈ! ਉਨ੍ਹਾਂ ਨੇ ਇਸ ਰਿੰਗ ਟੋਨ ਦੀਆਂ ਅਨੇਕਾਂ ਖ਼ੂਬੀਆਂ ਦਾ ਵਰਨਣ ਕੀਤਾ ਹੈ; ਜਾਣੀਂ ਫੋਨ ਵਿਚ ਇਸ ਰਿੰਗ ਟੋਨ ਦੇ ਵੱਜਣ ’ਤੇ ਫੋਨ ਦੀ ਟਾਰਚ ਆਪਣੇ ਆਪ ਔਨ ਹੋ ਜਾਂਦੀ ਹੈ ਅਤੇ ਬੈਕਗਰਾਉਂਡ ਵਿਚਲੇ ਥਾਲੀਆਂ ਤੇ ਤਾਲੀਆਂ ਦੇ ਸੰਗੀਤ ਨਾਲ ਇਕਸੁਰ, ਇਕ-ਲੈਅ ਵਿਚ ਹੋ ਕੇ ਆਪਣੇ ਆਪ ਗੋ ਕਰੋਨਾ ਗੋ ਕਰੋਨਾ ਦੀਆਂ ਆਵਾਜ਼ਾਂ ਨਾਲ ਰੌਸ਼ਨੀ ਨੂੰ ਵਧਾਉਂਦੀ ਤੇ ਘਟਾਉਂਦੀ ਰਹਿੰਦੀ ਹੈ। ਇਸ ਤਰ੍ਹਾਂ ਇਹ ਆਵਾਜ਼ਾਂ ਤੇ ਰੌਸ਼ਨੀ ਸਾਡੇ ਚਾਰ ਚੁਫ਼ੇਰੇ ਇਕ ਪੌਜ਼ਿਟਿਵ ਵਾਈਬਰੇਸ਼ਨ ਪੈਦਾ ਕਰ ਦਿੰਦੀਆਂ ਹਨ।
ਇਸ ਰਿੰਗ ਟੋਨ ਦੀਆਂ ਅਨੇਕਾਂ ਵਿਸ਼ੇਸ਼ਤਾਵਾਂ ਨੂੰ ਦੇਖਦੇ ਹੋਏ ਕੁਝ ਦੇਸ਼ ਵਾਸੀਆਂ ਨੇ ਇਸ ਨੂੰ ਰਾਸ਼ਟਰੀ ਰਿੰਗ ਟੋਨ ਬਣਾਉਣ ਦੀ ਵੀ ਅਪੀਲ ਕੀਤੀ ਹੈ। ਦੂਜਾ, ਬਾਹਰਲੇ ਮੁਲਕਾਂ ਵਿਚ ਵੀ ਇਸ ਦੀ ਮੰਗ ਲਗਾਤਾਰ ਵਧ ਰਹੀ ਹੈ। ਅਸੀਂ ਵੀ ਇਸ ਰਿੰਗ ਟੋਨ ਦੀ ਦਿਨੋਂ ਦਿਨ ਵਧ ਰਹੀ ਹਰਮਨ ਪਿਆਰਤਾ ਤੇ ਬਰੈਂਡ ਰੇਟਿੰਗ ਦੇਖ ਕੇ ਇਸ ਨੂੰ ਆਪਣੇ ਫੋਨ ਦੀ ਮੂਲ ਰਿੰਗ ਟੋਨ ਬਣਾ ਲਿਆ ਹੈ। ਸਿਆਣੇ ਕਹਿੰਦੇ ਨੇ ਕਿ ‘ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ’। ਭਾਈ, ਕੀ ਕਰੀਏ! ਸਾਡੇ ਇੱਕੀਵੀਂ ਸਦੀ ਦੇ ਨਿਕਟ ਅਨੁਭਵ ਨੇ ਸਾਨੂੰ ਸਿਖਾ ਦਿੱਤਾ ਹੈ ਕਿ ‘ਅਗਰ ਇਸ ਦੇਸ਼ ਮੇਂ ਰਹਿਨਾ ਹੋਗਾ, ਤੋ ਗੋ ਗਰੋਨਾ ਕਹਿਣਾ ਹੋਗਾ’ ਤਾਂ ਅਸੀਂ ਵੀ ਉਸੇ ਤਰ੍ਹਾਂ ਹੀ ਕਰ ਲੱਗ ਪਏ ਜਿਵੇਂ ਦੇਸ਼ ਦੀ ਬਹੁਗਿਣਤੀ ਕਰਦੀ ਹੈ। ਨਹੀਂ ਤਾਂ ਕੀ ਪਤਾ ਕਦੋਂ ਕਰੋਨਾ ਦਾ ਕਹਿਰ ਆ ਟੁੱਟੇ ਜਾਵੇ। ਇਸ ਰਿੰਗ ਟੋਨ ਦੀ ਕਿਰਪਾ ਸਦਕਾ ਹੀ ਅਸੀਂ ਸਹੀ ਸਲਾਮਤ ਘਰ ਵਿਚ ਬੈਠੇ ਹਾਂ ਤੇ ਬਲਾਵਾਂ ਦੂਰ ਟਲ ਰਹੀਆਂ ਹਨ।
ਆਰਥਿਕ ਮੰਦੀ ਦੇ ਦੌਰ ਵਿਚ ਇਸ ਰਿੰਗ ਟੋਨ ਤੋਂ ਵਿਸ਼ਵ ਦੇ ਵੱਡੇ ਵੱਡੇ ਅਰਥਸ਼ਾਸਤਰੀਆਂ ਨੂੰ ਵੀ ਢੇਰ ਆਸਾਂ ਤੇ ਉਮੀਦਾਂ ਹਨ ਕਿ ਜਿਸ ਤਰ੍ਹਾਂ ਇਸ ਰਿੰਗ ਟੋਨ ਨੇ ਭਾਰਤ ਦੇ ਲੋਕਾਂ ਦਾ ਕਲਿਆਣ ਕੀਤਾ ਹੈ ਉਸੇ ਤਰ੍ਹਾਂ ਵਿਸ਼ਵ ਨੂੰ ਆਰਥਿਕ ਮੰਦੀ ਵਿਚੋਂ ਕੱਢਣ ਲਈ ਵੀ ਇਹ ਰਿੰਗ ਟੋਨ ਰਾਮ ਬਾਣ ਸਿੱਧ ਹੋਵੇਗੀ। ਜਿੱਥੇ ਅਮਰੀਕਾ ਇਸ ਸਬੰਧੀ ਆਪਣੇ ਆਹਲਾ ਮੰਤਰੀਆਂ ਨਾਲ ਹਾਲੇ ਵਿਚਾਰ ਵਟਾਂਦਰਾ ਹੀ ਕਰ ਰਿਹਾ ਹੈ, ਉੱਥੇ ਚੀਨ ਦੀ ਇਕ ਵੱਡੀ ਕੰਪਨੀ ਨੇ ਪਹਿਲ ਕਰਦਿਆਂ ਇਸ ਤਹਿਲਕਾ ਮਚਾ ਦੇਣ ਵਾਲੀ ਰਿੰਗ ਟੋਨ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਜੇਕਰ ਭਾਰਤ ਚਾਹੇ ਤਾਂ ਇਸ ਰਿੰਗ ਟੋਨ ਨੂੰ ਚੀਨ ਨਾਲ ਮਿਲ ਕੇ ਵਿਸ਼ਵ ਦੀ ਇਕਲੌਤੀ ਰਿੰਗ ਟੋਨ ਬਣਾ ਸਕਦਾ ਹੈ ਕਿਉਂਕਿ ਵਿਸ਼ਵ ਦੇ ਬਹੁਤੇ ਦੇਸ਼ਾਂ ਵਿਚ ਚੀਨ ਦੇ ਹੀ ਫੋਨ ਵਜਦੇ ਹਨ। ਇਸ ਨਾਲ ‘ਇਕ ਸੰਸਾਰ, ਇਕ ਵਪਾਰ’ ਦੇ ਸੰਕਲਪ ਨੂੰ ਵੀ ਵਿਸ਼ਵ ਪੱਧਰ ’ਤੇ ਮਾਨਤਾ ਅਤੇ ਮਾਣ ਮਿਲਣ ਦੀ ਸੰਭਾਵਨਾ ਵਧੇਗੀ ਜਿਸ ਨਾਲ ਦੋਵਾਂ ਮੁਲਕਾਂ ਦੇ ਆਪਸੀ ਸਬੰਧ ਵੀ ਸੁਖਾਵੇਂ ਹੋਣਗੇ। ਦਰਅਸਲ, ਜਿਸ ਸੰਕਲਪ ਨੂੰ ਲੈ ਕੇ ਇਸ ਰਿੰਗ ਟੋਨ ਦਾ ਭਾਰਤੀ ਲੋਕਾਂ ਵੱਲੋਂ ਆਵਿਸ਼ਕਾਰ ਕੀਤਾ ਗਿਆ ਹੈ ਉਸ ਨੇ ਸਮੁੱਚੇ ਵਿਸ਼ਵ ਨੂੰ ਇਸ ਸੰਕਟ ਦੀ ਘੜੀ ਵਿਚ ਏਕਤਾ ਦੇ ਸੂਤਰ ਵਿਚ ਬੰਨ੍ਹਣ ਦਾ ਪਹਿਲਾ ਇਤਿਹਾਸਕ ਕਾਰਜ ਕੀਤਾ ਹੈ।
ਦੂਜਾ ਅਸੀਂ ਆਪਣੇ ਦੇਸ਼ ਦੇ ਰਾਸ਼ਟਰੀ ਸ਼ੋਧ ਸੰਸਥਾਨਾਂ ਨਾਲ ਧਰੋਹ ਨਹੀਂ ਕਮਾ ਸਕਦੇ ਸਾਂ ਕਿਉਂਕਿ ਜਿਨ੍ਹਾਂ ਸਾਜ਼ਾਂ ਤੋਂ ਇਸ ਰਿੰਗ ਟੋਨ ਦਾ ਆਵਿਸ਼ਕਾਰ ਹੋਇਆ ਹੈ ਉਸ ਦਾ ਸਬੰਧ ਸਾਡੀ ਚਮਤਕਾਰਾਂ ਵਾਲੀ ਸੰਸਕ੍ਰਿਤੀ ਨਾਲ ਵੀ ਜੁੜਿਆ ਹੋਇਆ ਹੈ। ਇਸੇ ਕਾਰਨ ਹੀ ਅਸੀਂ ਇਸ ਆਵਿਸ਼ਕਾਰ ਦਾ ਖੁੱਲ੍ਹਦਿਲੀ ਨਾਲ ਸਵਾਗਤ ਕੀਤਾ ਹੈ। ਨਾਲੇ ਹੁਣ ਤਾਂ ਟੈਲੀਫੋਨ ਦੇ ਖੋਜੀ ਅਲੈਗਜੈਂਡਰ ਗ੍ਰਾਹਮ ਬੈੱਲ ਨੇ ਵੀ ਇਸ ਆਵਿਸ਼ਕਾਰ ਦਾ ਸਮਰਥਨ ਕਰ ਦਿੱਤਾ ਹੈ। ਉਸ ਨੇ ਆਪਣੇ ਟਵੀਟ ਵਿਚ ਹੈਰਾਨੀ ਭਰੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਭਾਵੇਂ ਮੇਰਾ ਜਨਮ ਭਾਰਤ ਦੀ ਧਰਤੀ ’ਤੇ ਨਹੀਂ ਹੋਇਆ, ਪਰ ਜਿਸ ਸ਼ਕਤੀ ਅਤੇ ਸਮਰੱਥਾ ਨਾਲ ਭਾਰਤ ਨੇ ਇਸ ਰਿੰਗ ਟੋਨ ਰਾਹੀਂ ਥਾਲੀਆਂ ਖੜਕਾਉਣ ਅਤੇ ਤਾੜੀਆਂ ਵਜਾਉਣ ਵਾਲੀ ਕਲਾ ਦੀ ਵਾਪਸੀ ਕੀਤੀ ਹੈ ਉਸ ਨੇ ਸਮੁੱਚੇ ਵਿਸ਼ਵ ਨੂੰ ‘ਇਕ ਫੋਨ, ਇਕ ਰਿੰਗ ਟੋਨ’ ਦੇ ਵਿਸ਼ਵੀ ਸੰਕਲਪ ਵਿਚ ਬੰਨ੍ਹ ਦਿੱਤਾ ਹੈ। ਭਾਰਤੀ ਲੋਕਾਂ ਦਾ ਇਹ ਉੱਦਮ ਅਸਲੋਂ ਹੀ ਸਲਾਹੁਣਯੋਗ ਅਤੇ ਅਪਣਾਉਣਯੋਗ ਕਰਮ ਹੈ। ਉਸ ਨੇ ਆਪਣੀ ਟਵੀਟ ਵਿਚ ਇਹ ਵੀ ਕਿਹਾ ਹੈ ਕਿ ਅੰਨ੍ਹੀ, ਗੂੰਗੀ ਅਤੇ ਬੋਲੀ ਹੈਲਨ ਕੇਲਰ ਨੇ ਵੀ ਭਾਰਤੀ ਲੋਕਾਂ ਨੂੰ ਉਨ੍ਹਾਂ ਦੀ ਆਪਣੀ ਦੇਸੀ ਰਿੰਗ ਟੋਨ ਦੇ ਆਵਿਸ਼ਕਾਰ ਕਰਨ ’ਤੇ ਮੁਬਾਰਕਾਬਾਦ ਭੇਜੀ ਹੈ।
ਹੁਣ ਤੁਸੀਂ ਆਪ ਹੀ ਦੱਸੋ ਜਦੋਂ ਵਿਸ਼ਵ ਦੇ ਕੋਨੇ-ਕੋਨੇ ਤੋਂ ਇਸ ਰਿੰਗ ਟੋਨ ਬਾਰੇ ਸਾਕਾਰਾਤਮਕ ਟਿੱਪਣੀਆਂ ਆ ਰਹੀਆਂ ਹੋਣ ਤਾਂ ਅਸੀਂ ਕਿਵੇਂ ਆਪਣੇ ਫੋਨ ਦੀ ਪੁਰਾਣੀ ਰਿੰਗ ਟੋਨ ਰੱਖ ਸਕਦੇ ਸਾਂ। ਓ ਭਾਈ! ਸਮੇਂ ਦੇ ਨਾਲ ਚੱਲਣ ਵਿਚ ਹੀ ਸਿਆਣਪ ਹੈ। ‘ਆਵਾਜ਼ ਦੋ ਹਮ ਸਭ ਏਕ ਹੈਂ’ ਵਰਗੇ ਨਾਹਰੇ ਹੁਣ ਬੀਤੇ ਯੁੱਗ ਦੀਆਂ ਗੱਲਾਂ ਹੋ ਗਏ ਹਨ, ਅਖੇ ‘ਨਵੀਆਂ ਗੁੱਡੀਆਂ, ਨਵੇਂ ਪਟੋਲੇ’। ਹੁਣ ਤਾਂ ਲੋਕ ਰਿੰਗ ਟੋਨਾਂ ਹੀ ਤੋਂ ਪਛਾਣੇ ਜਾਂਦੇ ਹਨ, ਉਨ੍ਹਾਂ ਨੂੰ ਆਵਾਜ਼ ਦੇਣ ਦੀ ਲੋੜ ਨਹੀਂ ਪੈਂਦੀ। ਨਾਲੇ ਸਾਨੂੰ ਨਹੀਂ ਪਤਾ ਤੁਸੀਂ ਕਿਹੜਾ ਫੋਨ ਰੱਖਿਆ ਤੇ ਉਸ ’ਤੇ ਕਿਹੜੀ ਰਿੰਗ ਟੋਨ ਲਗਾਈ ਹੋਈ ਹੈ, ਪਰ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਨੇੜਲੇ ਭਵਿੱਖ ਵਿਚ ਤੁਹਾਨੂੰ ਇਸ ਰਿੰਗ ਟੋਨ ਦੀ ਲੋੜ ਲਾਜ਼ਮੀ ਪੈਣ ਵਾਲੀ ਹੈ। ਜੇ ਕਹੋ ਤਾਂ ‘ਗੋ ਕਰੋਨਾ ਗੋ…’ ਡਾਊਨਲੋਡ ਕਰਨ ਵਾਲਾ ਲਿੰਕ ਭੇਜ ਦੇਈਏ? ਮਸਾਂ ਮਸਾਂ ਤਾਂ ਦੇਸੀ ਧੁਨਾਂ ਵਾਲੀ ਰਿੰਗ ਟੋਨ ਦਾ ਆਵਿਸ਼ਕਾਰ ਹੋਇਆ ਹੈ ਜਿਸ ’ਤੇ ਸਮੁੱਚਾ ਭਾਰਤ ਹੀ ਨਹੀਂ ਸਗੋਂ ਵਿਸ਼ਵ ਵੀ ਮਾਣ ਕਰ ਰਿਹਾ ਹੈ। ਤੁਸੀਂ ਇਸ ਮਹਾਂ ਅਹੂਤੀ ਵਿਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਜਿਹੜੇ ਪਛਾਣਾਂ ਦੇ ਦੌਰ ਵਿਚ ‘ਕੱਚ ਤੋਂ ਕੰਚਨ’ ਬਣਾਉਣ ਦਾ ਹੁਨਰ ਰੱਖਣ ਦੇ ਬਾਵਜੂਦ ਬੇਪਛਾਣ ਹੋਏ ਫਿਰਦੇ ਹਨ!
ਸੰਪਰਕ: 94676-54643