ਡਾ. ਮੇਘਾ ਸਿੰਘ
ਨਾਰੀਵਾਦੀ ਹਿੰਦੀ ਲੇਖਿਕਾ ਸੁਜਾਤਾ ਦੇ ਪਲੇਠੇ ਹਿੰਦੀ ਨਾਵਲ ‘ਇੱਕ ਬਟਾ ਦੋ’ ਦਾ ਤੇਜਿੰਦਰ ਬਾਵਾ ਵੱਲੋਂ ਕੀਤਾ ਗਿਆ ਪੰਜਾਬੀ ਅਨੁਵਾਦ ਵੀ ਸਾਹਿਤਕ ਤੇ ਸਮਾਜਿਕ ਹਲਕਿਆਂ ਵਿਚ ਹਿੰਦੀ ਵਾਂਗ ਹੀ ਚਰਚਿਤ ਹੋਇਆ ਹੈ। ਇਸ ਨਾਵਲ ਵਿਚ ਲੇਖਿਕਾ ਨੇ ਦੋ ਆਧੁਨਿਕ ਔਰਤਾਂ – ਮੀਨਾ ਅਤੇ ਨਿਵੇਦਿਤਾ ਰਾਹੀਂ ਮੌਜੂਦਾ ਸਮਾਜ ਵਿਚ ਔਰਤ ਦੀ ਸਥਿਤੀ, ਸਥਾਨ ਅਤੇ ਦਰਦ ਨੂੰ ਬਿਆਨ ਕਰਦਿਆਂ ਅਜੋਕੀ ਔਰਤ ਨੂੰ ਬਗ਼ਾਵਤ ਦੇ ਰਾਹ ਵੱਲ ਤੋਰਨ ਦੀ ਕੋਸ਼ਿਸ਼ ਕੀਤੀ ਹੈ। ਨਾਵਲ ਦੀਆਂ ਇਨ੍ਹਾਂ ਔਰਤ ਪਾਤਰਾਂ ਰਾਹੀਂ ਲੇਖਿਕਾ ਨੇ ਮੌਜੂਦਾ ਪਿਤਰ ਸੱਤਾ ਪ੍ਰਭਾਵੀ ਵਿਵਸਥਾ ਵਿਰੁੱਧ ਚੇਤਨਾ ਪੈਦਾ ਕਰਨ ਦਾ ਯਤਨ ਕੀਤਾ ਹੈ। ਲੇਖਿਕਾ ਨੇ ਇਹ ਗੱਲ ਜ਼ੋਰ ਦੇ ਕੇ ਉਘਾੜਨ ਅਤੇ ਸਪਸ਼ਟ ਕਰਨ ਦੀ ਹਿੰਮਤ ਕੀਤੀ ਹੈ ਕਿ ਵਰਤਮਾਨ ਸਮਾਜਿਕ, ਆਰਥਿਕ ਪ੍ਰਬੰਧ ਵਿਚ ਔਰਤਾਂ ਨਾਲ ਬਾਲ-ਵਰੇਸ ਤੋਂ ਲੈ ਕੇ ਅੰਤਿਮ ਅਵਸਥਾ ਤੱਕ ਬੇਇਨਸਾਫ਼ੀ ਅਤੇ ਧੱਕਾ ਹੁੰਦਾ ਹੈ। ਪਹਿਲਾਂ ਘਰ-ਪਰਿਵਾਰ ਅਤੇ ਸਕੂਲ ਵਿਚ ਅਤੇ ਫਿਰ ਜਵਾਨੀ ਤੇ ਵਿਆਹ ਸਮੇਤ ਜ਼ਿੰਦਗੀ ਦੇ ਹਰ ਮਰਹਲੇ ’ਤੇ ਉਸ ਨਾਲ ਦੁਜੈਲਾ ਵਿਵਹਾਰ ਹੁੰਦਾ ਹੈ। ਉਸ ਦੀ ਜ਼ਮੀਰ ਅਤੇ ਮਾਣ-ਸਤਿਕਾਰ ਨੂੰ ਪੈਰਾਂ ਹੇਠ ਵਲੂੰਧਰਿਆ ਤੇ ਰੋਲਿਆ ਜਾਂਦਾ ਹੈ। ਉਸ ਦੇ ਜਜ਼ਬਾਤ ਤੇ ਪਿਆਰ ਦੀ ਕੋਈ ਕਦਰ ਨਹੀਂ ਕੀਤੀ ਜਾਂਦੀ।
ਲੇਖਿਕਾ ਦਾ ਮੰਨਣਾ ਹੈ ਕਿ ਹਰ ਔਰਤ ਨੂੰ ਦੂਹਰੀ ਗ਼ੁਲਾਮ ਮਾਨਸਿਕਤਾ ਵਾਲਾ ਜੀਵਨ ਹੰਢਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਮੌਜੂਦਾ ਸਮਾਜਿਕ ਵਰਤਾਰੇ ਵਿਚ ਉਸ ਨੂੰ ਆਪਣੇ-ਆਪ, ਖ਼ੁਦ ਲਈ ਜਿਉਣ ਦੇ ਬਹੁਤ ਘੱਟ ਅਵਸਰ ਹਨ ਅਤੇ ਉਸ ਨੂੰ ਹਮੇਸ਼ਾ ਦੂਜਿਆਂ ਲਈ ਹੀ ਜਿਉਣ ਵਾਸਤੇ ਘਾਲਣਾ ਘਾਲਦਿਆਂ ‘ਇੱਕ ਬਟਾ ਦੋ’ ਬਣ ਕੇ ਹੀ ਜਿਉਣਾ ਪੈਂਦਾ ਹੈ। ਇਹੀ ਕਾਰਨ ਹੈ ਕਿ ਆਧੁਨਿਕ ਔਰਤ ਇਸ ਸਮਾਜਿਕ ਗ਼ਲਬੇ ਤੋਂ ਬਾਹਰ ਨਿਕਲਣ ਦੇ ਰਾਹ ਤੁਰ ਪਈ ਹੈ। ਉਹ ਚਾਹੁੰਦੀ ਹੈ ਕਿ ਜ਼ਿੰਦਗੀ ਦਾ ਹਰ ਪਲ ਉਹ ਆਪਣੇ ਅਨੁਸਾਰ ਜਿਉਣ ਲਈ ਆਜ਼ਾਦ ਹੋਵੇ। ਉਸ ਨੂੰ ਕੋਈ ਰੋਕ-ਟੋਕ ਨਾ ਹੋਵੇ। ਲੇਖਿਕਾ ਨੇ ਇਸ ਨਾਵਲ ਵਿਚ ਇਹ ਨਾਰੀਵਾਦੀ ਨਜ਼ਰੀਆ ਉਭਾਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅਜਿਹਾ ਕਰਦਿਆਂ ਉਹ ਜਮਾਤੀ ਸੰਘਰਸ਼ ਦੀ ਥਾਂ ਸਤਹੀ ਪੱਧਰ ’ਤੇ ਕੇਵਲ ਸਮਾਜਿਕ ਬੰਦਸ਼ਾਂ ਵਿਰੁੱਧ ਬਗ਼ਾਵਤ ਤੱਕ ਹੀ ਸੀਮਤ ਰਹਿ ਗਈ ਹੈ। ਲੋੜ ਮੌਜੂਦਾ ਲੁਟੇਰੀ ਸਮਾਜਿਕ-ਆਰਥਿਕ-ਰਾਜਨੀਤਕ ਵਿਵਸਥਾ ਵਿਰੁੱਧ ਚੇਤਨਾ ਪੈਦਾ ਕਰ ਕੇ ਔਰਤਾਂ ਨੂੰ ਅਸਲੀ ਮੁਕਤੀ ਦੇ ਮਾਰਗ ਵੱਲ ਤੋਰਨ ਦੇ ਰਾਹ ਪਾਉਣ ਦੀ ਹੈ, ਜਿਸ ਵਿਚ ਉਹ ਅਸਫਲ ਰਹੀ ਹੈ। ਫਿਰ ਵੀ ਨਾਰੀਵਾਦੀ ਨਜ਼ਰੀਏ ਤੋਂ ਇਹ ਇਕ ਸਫ਼ਲ ਨਾਵਲ ਕਿਹਾ ਜਾ ਸਕਦਾ ਹੈ। ਇਸ ਨਾਵਲ ਦੀ ਕਥਾ-ਧਾਰਾ ਪ੍ਰਵਾਹ ਬੇਹੱਦ ਦਿਲਚਸਪ ਅਤੇ ਯਥਾਰਥਵਾਦੀ ਹੈ। ਵਧੀਆ ਅਨੁਵਾਦ ਲਈ ਤੇਜਿੰਦਰ ਬਾਵਾ ਸ਼ਲਾਘਾ ਦਾ ਹੱਕਦਾਰ ਹੈ।
ਸੰਪਰਕ: 97800-36137