ਡਾ. ਜਸਬੀਰ ਕੇਸਰ
ਜੰਗ ਦਾ ਖ਼ੌਫ਼
ਤਰੀਕ: 29 ਜੁਲਾਈ 2020, ਸਮਾਂ: ਤਿੰਨ ਵਜੇ ਬਾਅਦ ਦੁਪਹਿਰ, ਸਥਾਨ: ਏਅਰਬੇਸ ਸਟੇਸ਼ਨ, ਅੰਬਾਲਾ। ਫਰਾਂਸ ਦੀ ਜੰਗੀ ਸਾਮਾਨ ਬਣਾਉਣ ਵਾਲੀ ਕੰਪਨੀ ਦਾਸੋ ਜਾਂ ਡਸਾਲਟ (Dassault) ਤੋਂ ਖ਼ਰੀਦੇ ਰਾਫ਼ੇਲ ਨਾਂ ਦੇ 36 ਜੰਗੀ ਜਹਾਜ਼ਾਂ ਵਿਚੋਂ ਪੰਜ ਜਹਾਜ਼ ਭਾਰਤ ਦੇ ਆਸਮਾਨ ’ਤੇ ਪੂਰੀ ਗੜਗੱਜ ਪਾਉਂਦੇ ਆ ਉਤਰੇ। ਇਨ੍ਹਾਂ ਦੀ ਅਗਵਾਈ ਭਾਰਤ ਦੇ ਸੁਰੱਖਿਆ ਖ਼ਜ਼ਾਨੇ ਦੇ ਪਹਿਲਾਂ ਤੋਂ ਸ਼ਿੰਗਾਰ ਬਣੇ ਰੂਸ ਤੋਂ ਖ਼ਰੀਦੇ ਦੋ ‘ਸੁਖੋਈ-30’ ਲੜਾਕੂ ਜਹਾਜ਼ ਕਰ ਰਹੇ ਸਨ। ਇਨ੍ਹਾਂ ਜਹਾਜ਼ਾਂ ਦੀ ਅਗਵਾਈ ਪਾਣੀ ਦੀਆਂ ਤੋਪਾਂ ਨਾਲ ਕੀਤੀ ਗਈ ਅਤੇ ਇਨ੍ਹਾਂ ਦੇ ਸੁਆਗਤ ਲਈ ਭਾਰਤੀ ਹਵਾਈ ਸੈਨਾ ਦੇ ਮੁਖੀ ਉੱਥੇ ਹਾਜ਼ਰ ਸਨ। ਟੀ.ਵੀ. ਉਪਰ ਇਸ ਘਟਨਾ ਨੂੰ ਲਾਈਵ ਦੇਖਦਿਆਂ ਮੈਂ ਡਰ ਗਈ। ਰਾਫ਼ੇਲ ਜਹਾਜ਼ਾਂ ਦੇ ਮੋਟੇ ਮੋਟੇ ਕਾਲੇ ਅਖਵਾਨਿਆਂ (ਲਾਲ ਲਾਲ ਅੱਖਾਂ ਨਹੀਂ) ਵਰਗੇ ਲੱਗਦੇ ਏਅਰ ਵੈਂਟਰੀਕੁਲਰ, ਬਚਪਨ ਵਿਚ ਸੁਣੀਆਂ ਪਰੀ ਕਹਾਣੀਆਂ ਵਿਚਲੇ ਕਿਸੇ ਆਦਮਖੋਰ ਦੈਂਤ ਦੀਆਂ ਅੱਖਾਂ ਵਰਗੇ ਲੱਗੇ ਜਿਨ੍ਹਾਂ ਵਿਚੋਂ ਹੁਣੇ ਅੱਗ ਦੀਆਂ ਲਪਟਾਂ ਨਿਕਲ ਪੈਣਗੀਆਂ ਅਤੇ ਇਹ ਅੱਗ ਸਾਰੀ ਕਾਇਨਾਤ ਨੂੰ ਗਾੜ੍ਹੇ ਕਾਲੇ ਧੁੂੰਏਂ ਦੀ ਚਾਦਰ ਵਿਚ ਲਪੇਟ ਲਵੇਗੀ।
ਪਰ ਸਰਕਾਰੀ ਮੀਡੀਆ ਨੇ ਦੋ ਦਿਨਾਂ ਤੋਂ ਟੀ.ਵੀ. ਚੈਨਲਾਂ ਉੱਤੇ ਜੰਗ ਦਾ ਮਾਹੌਲ ਸਿਰਜਿਆ ਹੋਇਆ ਸੀ ਅਤੇ ਐਂਕਰ ਕਿੱਲ੍ਹ ਕਿੱਲ੍ਹ ਕੇ ਇਉਂ ਚੀਕ ਰਹੇ ਸਨ ਜਿਵੇਂ ਆਪ ਮੋਰਚੇ ’ਤੇ ਖੜ੍ਹੇ ਹੋਣ ਅਤੇ ਰਾਫ਼ੇੇਲ ਦੇ ਆਉਂਦਿਆਂ ਹੀ, ਉਸ ਵਿਚ ਸਵਾਰ ਹੋ ਕੇ ਅੱਖ ਦੇ ਫੋਰ ਵਿਚ, ਭਾਰਤ ਦੇ ਸਾਰੇ ਦੁਸ਼ਮਣਾਂ ਦਾ ਸਫ਼ਾਇਆ ਕਰ ਦੇਣਗੇ- ‘ਰਾਫ਼ੇਲ ਆਨੇ ਵਾਲਾ ਹੈ!’ ‘ਰਾਫ਼ੇਲ ਆਏਗਾ, ਸਭ ਕੀ ਨੀਂਦ ਉੜਾਏਗਾ!’ ਤੇ ਫਿਰ ਰਾਫ਼ੇਲ ਦੇ ਪਹੁੰਚਣ ਤੋਂ ਬਾਅਦ: ‘ਪਾਂਚ ਰਾਫ਼ੇਲ ਪਾਕਿਸਤਾਨ ਹਲਕਾਨ!’ ‘ਦੇਸ਼ ਕਾ ਚੌਕੀਦਾਰ ਲੇ ਆਇਆ ਰਾਫ਼ੇਲ!’ ‘ਸਾਂਪ ਸੂੰਘ ਗਯਾ ਪਾਕਿਸਤਾਨ ਕੋ, ਸ਼ੂਗਰ ਹੋ ਗਯਾ ਚੀਨ ਕੋ!’ ‘ਵਿਸ਼ਵ ਗੁਰੂ ਬਨ ਗਯਾ ਸੁਪਰ ਪਾਵਰ!’ ਭਲਾ ਕੋਈ ਪੁੱਛੇ ਕਿ ਸੁਪਰ ਪਾਵਰ ਫਰਾਂਸ ਹੈ ਜਿਸ ਨੂੰ ਕਰੋੜਾਂ ਰੁਪਏ ਦਾ ਭੁਗਤਾਨ ਕਰ ਕੇ ਰਾਫ਼ੇਲ ਜਹਾਜ਼ਾਂ ਦਾ ਸੌਦਾ ਕੀਤਾ ਗਿਆ ਹੈ, ਕਿ ਸਾਡਾ ਦੇਸ਼ ਜਿਸ ਨੇ ਸੁਰੱਖਿਆ ਉਪਕਰਣਾਂ ਦਾ ਨਿਰਮਾਣ ਕਰਨ ਅਤੇ ਵਿਦੇਸ਼ਾਂ ਤੋਂ ਜੰਗੀ ਸਾਮਾਨ ਖਰੀਦਣ ਵਿਚ ਮਾਹਰ, ਜਨਤਕ ਖੇਤਰ ਦੀ ਕੰਪਨੀ ‘ਹਿੰਦੋਸਤਾਨ ਏਅਰੋਨੋਟਿਕਸ ਲਿਮਟਿਡ’ ਨੂੰ ਅੱਖੋਂ ਪਰੋਖੇ ਕਰ ਕੇ ਇਹ ਸੌਦਾ ਕੀਤਾ ਤਾਂ ਕਿ ਇਕ ਦੀਵਾਲੀਆ ਕਾਰੋਬਾਰੀ ਜਿਸ ਨੂੰ ਜੰਗੀ ਸਾਮਾਨ ਦਾ ਊੜਾ ਐੜਾ ਵੀ ਨਹੀਂ ਆਉਂਦਾ, ਨੂੰ ਲਾਭ ਪਹੁੰਚਾਇਆ ਜਾ ਸਕੇ। ਕਾਰਪੋਰੇਟ ਘਰਾਣਿਆਂ ਦੇ ਥੱਲੇ ਲੱਗੀ ਸਰਕਾਰ, ਦੇਸ਼ ਨੂੰ ਕਦੇ ਵੀ ਸੁਪਰ ਪਾਵਰ ਨਹੀਂ ਬਣਾ ਸਕਦੀ।
ਖ਼ੈਰ! ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ: ‘ਦਿ ਬਰਡਜ਼ ਹੈਵ ਲੈਂਡਿਡ ਸੇਫਲੀ ਇਨ ਅੰਬਾਲਾ’ (ਪੰਛੀ ਅੰਬਾਲਾ ਵਿਚ ਸੁਰੱਖਿਅਤ ਉਤਰ ਆਏ ਹਨ)। ਜੰਗੀ ਜਹਾਜ਼=ਪੰਛੀ, ਕਿੰਨਾ ਕਮਾਲ ਦਾ ਰੂਪਕ ਹੈ। ਹਾਲਾਂਕਿ 2019 ਵਿਚ ਅੱਠ ਅਕਤੂਬਰ, ਦੁਸਹਿਰੇ ਵਾਲੇ ਦਿਨ ਰੱਖਿਆ ਮੰਤਰੀ ਜੀ ਫਰਾਂਸ ਜਾ ਕੇ ਇਸ ਪੰਛੀ ਦੀ ਪਿੱਠ ’ਤੇ ‘ਓਮ’ ਲਿਖ ਕੇ ਇਕ ਫੁੱਲ ਤੇ ਨਾਰੀਅਲ ਅਤੇ ਅਗਲੇ ਦੋਹਾਂ ਪਹੀਆਂ ਅੱਗੇ ਨਿੰਬੂ ਰੱਖ ਕੇ ਇਸ ਦੀ ‘ਸ਼ਸਤਰ ਪੂਜਾ’ ਵੀ ਕਰ ਆਏ ਸਨ ਤੇ ਇਸ ਪੰਛੀ ਦੇ ਖੰਭਾਂ ’ਤੇ ਸਵਾਰ ਹੋ ਝਾਟੀ ਵੀ ਲੈ ਆਏ ਸਨ। ਪਰ ਮੈਂ ਇਨ੍ਹਾਂ ਪੰਛੀਆਂ ਤੋਂ ਸੱਚਮੁਚ ਡਰ ਗਈ।
ਆਪਣੇ ਸੁਰੱਖਿਅਤ ਮਹਿਲਾਂ ਤੇ ਕਿਲ੍ਹਿਆਂ ਵਰਗੇ ਘਰਾਂ ਵਿਚ ਰਹਿੰਦਿਆਂ ਆਕਾਸ਼ ਤੋਂ ਬਾਰੂਦ ਦੀ ਵਰਖਾ ਕਰਦੇ, ਸ਼ਹਿਰਾਂ ਦੇ ਸ਼ਹਿਰ ਅੱਗ ਵਿਚ ਝੁਲਸਦੇ, ਭਿਆਨਕ ਹਥਿਆਰਾਂ ਨਾਲ ਲੈਸ ਜੰਗੀ ਜਹਾਜ਼ਾਂ ਨੂੰ ‘ਪੰਛੀ’ ਕਹਿਣਾ ਕਿੰਨਾ ਸੌਖਾ ਹੈ।
ਪੰਜਾਹ ਕੁ ਵਰ੍ਹੇ ਪਿੱਛੇ ਮੁੜ੍ਹਦਿਆਂ ਯਾਦ ਆਉਂਦਾ ਹੈ ਕਿ ਆਸਮਾਨ ਉੱਤੇ ਜਦੋਂ ਕਿਸੇ ਜਹਾਜ਼ ਦੀ ਗੂੰਜ ਪੈਣੀ, ਨਿੱਕੇ ਬੱਚਿਆਂ ਨੇ ਘਰਾਂ ਵਿਚੋਂ ਨਿਕਲ ਕੇ ਆਸਮਾਨ ਵੱਲ ਹੱਥ ਹਿਲਾਉਂਦਿਆਂ ਇਕਸੁਰ ਹੋ ਕੇ ਬੋਲਣਾ ਸ਼ੁਰੂ ਕਰ ਦੇਣਾ: ‘ਹੈਲੀਕਾਪਟਰ ਬਾਇ ਬਾਇ’ ‘ਐਰੋਪਲੇਨ ਟਾ ਟਾ…।’ ਉਦੋਂ ਸ਼ਾਇਦ ਉਹ ਵੀ ਇਨ੍ਹਾਂ ਨੂੰ ਪੰਛੀ ਹੀ ਸਮਝਦੇ ਹੋਣਗੇ। ਮੈਨੂੰ ਇਕ ਪੰਜਾਬੀ ਕਵੀ (ਸ਼ਾਇਦ ਸਰੋਦ ਸੁਦੀਪ) ਦੀਆਂ ਬਹੁਤ ਪਹਿਲਾਂ ਪੜ੍ਹੀਆਂ ਪੰਗਤੀਆਂ ਚੇਤੇ ਆ ਗਈਆਂ-
ਉਸ ਨੂੰ ਦੇਖ ਕੇ ਵੀ
ਬੱਚੇ ਬਾਹਰ ਨਿਕਲੇ ਹੋਣਗੇ
ਉਸ ਨੂੰ ਵੀ ਉਨ੍ਹਾਂ
ਟਾ-ਟਾ ਬਾਇ ਬਾਇ ਕੀਤਾ ਹੋਵੇਗਾ
ਉਹ ਜਹਾਜ਼ ਜੋ
ਹੀਰੋਸ਼ੀਮਾ ’ਤੇ ਬੰਬ ਸੁੱਟ ਗਿਆ।
ਇਹ ਮਹੀਨਾ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਦੁਖਾਂਤ ਦਾ ਮਹੀਨਾ ਹੈ- 6 ਅਤੇ 9 ਅਗਸਤ 1945 ਉਹ ਦੋ ਮਨਹੂਸ ਦਿਨ ਸਨ ਜਦੋਂ ਅਮਰੀਕਾ ਨੇ ਆਪਣੇ ਐਟਮ ਬੰਬਾਂ ਦਾ ਪ੍ਰਯੋਗ ਕਰਨ ਲਈ ਹੀ ਉਨ੍ਹਾਂ ਨੂੰ ਜਾਪਾਨ ਦੇ ਸ਼ਹਿਰਾਂ ’ਤੇ ਸੁੱਟਿਆ, ਨਹੀਂ ਤਾਂ ਦੂਜੀ ਆਲਮੀ ਜੰਗ ਤਾਂ ਪਹਿਲਾਂ ਹੀ ਮੁੱਕਣ ਕਿਨਾਰੇ ਪਹੁੰਚ ਚੁੱਕੀ ਸੀ।
ਇਸ ਜੰਗ ਤੋਂ ਬਾਅਦ ਸੰਯੁਕਤ ਰਾਸ਼ਟਰ ਸੰਘ (U.N.O.) ਬਣਿਆ (24 ਅਕਤੂਬਰ 1945) ਤਾਂ ਕਿ ਅੱਗੇ ਤੋਂ ਦੁਨੀਆ ਵਿਚ ਏਨੀਆਂ ਭਿਆਨਕ ਜੰਗਾਂ ਨਾ ਲੱਗਣ। ਇਸ ਦਾ ਮੁੱਖ ਦਫ਼ਤਰ ਨਿਊਯਾਰਕ ਵਿਚ ਹੈ। ਇਹ ਇਕ ਤਰ੍ਹਾਂ ਦੀ ਪੂਰੀ ਦੁਨੀਆਂ ਦੀ ਪੰਚਾਇਤ ਜਾਂ ਕਚਹਿਰੀ ਹੈ। ਪਰ ਫਿਰ ਵੀ ਅਮਰੀਕਾ ਸਣੇ ਲਗਪਗ ਸਾਰੇ ਵੱਡੇ ਅਤੇ ਉੱਨਤ ਦੇਸ਼ ਆਪਹੁਦਰੀਆਂ ਕਰਦੇ ਅਤੇ ਜੰਗ ਦਾ ਮਾਹੌਲ ਸਿਰਜੀ ਰੱਖਦੇ ਹਨ। ਹਥਿਆਰਾਂ ਦੀ ਦੌੜ ਬਾਦਸਤੂਰ ਜਾਰੀ ਹੈ ਅਤੇ ਵੱਧ ਤੋਂ ਵੱਧ ਮਾਰੂ ਹਥਿਆਰ ਬਣ ਰਹੇ ਹਨ। ਇਨ੍ਹਾਂ ਹਥਿਆਰਾਂ ਨੂੰ ਵੇਚਣ ਲਈ ਉਨ੍ਹਾਂ ਨੂੰ ਮੰਡੀਆਂ ਚਾਹੀਦੀਆਂ ਹਨ। ਭਾਰਤ ਵਰਗਾ ਮੁਲਕ ਹਥਿਆਰਾਂ ਦੀ ਸਭ ਤੋਂ ਵੱਡੀ ਮੰਡੀ ਦੇ ਰੂਪ ਵਿਚ ਉਨ੍ਹਾਂ ਨੂੰ ਉਪਲੱਬਧ ਹੈ। ਉਂਜ ਲਗਪਗ ਹਰ ਦੇਸ਼ ਆਪਣੇ ਕੋਲ ਜੰਗੀ ਹਥਿਆਰ- ਪਿਸਤੌਲਾਂ, ਬੰਦੂਕਾਂ, ਮਿਜ਼ਾਈਲਾਂ, ਲੜਾਕੂ ਜਹਾਜ਼ਾਂ ਦਾ ਜ਼ਖ਼ੀਰਾ ਜਮ੍ਹਾਂ ਕਰੀ ਬੈਠਾ ਹੈ। ਭਾਰਤ ਦਾ ਵੀ ਇਹ ਪਹਿਲਾ ਸੌਦਾ ਨਹੀਂ ਜਿਸ ਬਾਰੇ ਸਰਕਾਰੀ ਮੀਡੀਆ ਚੈਨਲਾਂ ’ਤੇ ਏਨਾ ਰੌਲਾ ਪਾਇਆ ਗਿਆ। ਜੰਗੀ ਜਹਾਜ਼ਾਂ ਦੀ ਪਹਿਲੀ ਖਰੀਦ ਵੀ ਫਰਾਂਸ ਦੀ ਇਸੇ ਡਸਾਲਟ ਕੰਪਨੀ ਤੋਂ ਹੋਈ ਸੀ- ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸਮੇਂ। 1953 ਵਿਚ ਫਰਾਂਸ ਤੋਂ ‘ਅੋਰੇਗਨ’ ਨਾਂ ਦੇ ਚਾਰ ਜੰਗੀ ਜਹਾਜ਼ ਪਾਲਮ ਏਅਰਬੇਸ (ਦਿੱਲੀ) ’ਤੇ ਉਤਰੇ ਸਨ ਅਤੇ ਲੋਕਾਂ ਦੀ ਅਥਾਹ ਭੀੜ ਨੇ ਏਅਰਬੇਸ ਦੇ ਆਲੇ-ਦੁਆਲੇ ’ਕੱਠੇ ਹੋ ਕੇ ਇਹ ਨਜ਼ਾਰਾ ਅੱਖੀਂ ਵੇਖਿਆ ਸੀ। ਫਰਾਂਸੀਸੀ ਸ਼ਬਦ ‘ਅੋਰੇਗਨ’ ਦਾ ਅੰਗਰੇਜ਼ੀ ਅਨੁਵਾਦ ‘ਹਰੀਕੇਨ’ ਹੈ ਅਤੇ ਪੰਜਾਬੀ ਅਨੁਵਾਦ ‘ਤੂਫ਼ਾਨ’। ਇਨ੍ਹਾਂ ਜਹਾਜ਼ਾਂ ਦਾ ਨਾਂ ਵੀ ‘ਤੂਫ਼ਾਨ’ ਰੱਖਿਆ ਗਿਆ ਸੀ। ਉਸ ਤੋਂ ਬਾਅਦ ਅਨੇਕਾਂ ਲੜਾਕੂ ਜਹਾਜ਼ ਸਮੇਂ ਸਮੇਂ ਖਰੀਦੇ ਜਾਂਦੇ ਰਹੇ- ਮਿੱਗ, ਜੈਗੁਆਰ, ਬੋਇੰਗ, ਸੁਖੋਈ ਤੇ ਹੁਣ ਰਾਫ਼ੇਲ।
ਉਂਜ ਤਾਂ ਮਨੁੱਖ ਧਰਤੀ ਦਾ ਸਭ ਤੋਂ ਕਮਜ਼ੋਰ ਪ੍ਰਾਣੀ ਹੈ। ਖੁਰਦਬੀਨ ਨਾਲ ਮਸਾਂ ਦਿਸਣ ਵਾਲਾ ਇਕ ਨਿੱਕਾ ਜਿਹਾ ਵਿਸ਼ਾਣੂ ਦੁਨੀਆਂ ਭਰ ਵਿਚ ਲਾਸ਼ਾਂ ਦੇ ਸੱਥਰ ਵਿਛਾ ਦਿੰਦਾ ਹੈ। ਭਾਰਤ ਸਮੇਤ ਸਾਰੀ ਦੁਨੀਆਂ ਪਹਿਲਾਂ ਹੀ ਜੰਗ ਦੀ ਅਵਸਥਾ ਵਿਚ ਹੈ। ਕੁੱਲ ਮਾਨਵਤਾ ਦੇ ਇਸ ਦੁਸ਼ਮਣ ਨੂੰ ਕੋਈ ਤਕੜੇ ਤੋਂ ਤਕੜਾ ਜੰਗੀ ਜਹਾਜ਼ ਨਹੀਂ ਮਾਰ ਸਕਦਾ। ਦੂਜੇ ਪਾਸੇ ਭਾਰਤ ਦਾ ਵੀ ਆਪਣੇ ਗੁਆਂਢੀ ਮੁਲਕਾਂ ਨਾਲ ਪੇਚਾ ਪਿਆ ਹੋਇਆ ਹੈ। ਅਮਰੀਕਾ ਆਪਣੀਆਂ ਫ਼ੌਜਾਂ ਸਾਡੇ ਦੇਸ਼ ਵਿਚ ਵਾੜਨ ਨੂੰ ਫਿਰਦਾ ਹੈ। ਤੀਜੀ ਜੰਗ ਬਰੂਹਾਂ ’ਤੇ ਦਸਤਕ ਦੇ ਰਹੀ ਲੱਗਦੀ ਹੈ (ਰੱਬ ਕਰੇ ਇਉਂ ਨਾ ਹੋਵੇ)। ਇਸ ਜੰਗ ਦਾ ਅਖਾੜਾ ਭਾਰਤ ਬਣਦਾ ਲੱਗਦਾ ਹੈ ਕਿਉਂਕਿ ਇਸ ਵੇਲੇ ਭਾਰਤ ਸਭ ਤੋਂ ਵੱਡੀ ਮੰਡੀ ਹੈ। ਇਹ ਠੀਕ ਹੈ ਕਿ ਸਵੈ-ਸੁਰੱਖਿਆ ਲਈ ਹਥਿਆਰਾਂ ਦਾ ਜ਼ਖ਼ੀਰਾ ’ਕੱਠਾ ਕਰਨਾ ਵੀ ਲਾਜ਼ਮੀ ਹੈ। ਜ਼ਰੂਰੀ ਨਹੀਂ ਕਿ ਇਹ ਹਥਿਆਰ ਚੱਲਣ ਹੀ। ਪਰ ਕਹਿੰਦੇ ਹਨ, ਜੇਬ੍ਹ ਵਿਚ ਪੈਸਾ ਅਤੇ ਡੱਬ ਵਿਚ ਹਥਿਆਰ ਕਿਸੇ ਨਾ ਕਿਸੇ ਬਹਾਨੇ ਚੱਲ ਹੀ ਜਾਂਦੇ ਹਨ।
ਲਿਉ ਤਾਲਸਤਾਏ ਦੇ ਨਾਵਲ ‘ਵਾਰ ਐਂਡ ਪੀਸ’ ਵਿਚ ਇਕ ਜਗ੍ਹਾ ਇਕ ਘਟਨਾ ਆਉਂਦੀ ਹੈ। ਰੂਸ ਤੇ ਨੈਪੋਲੀਅਨ ਦੀਆਂ ਫ਼ੌਜਾਂ ਇਕ ਥਾਂ ’ਤੇ ਆਹਮੋ-ਸਾਹਮਣੇ ਡਟੀਆਂ ਹਨ। ਕੁਝ ਚਿਰ ਲਈ ਜੰਗਬੰਦੀ ਲਾਗੂ ਹੋਈ ਹੈ। ਅੰਤਾਂ ਦੀ ਠੰਢ ਵਿਚ ਦੋਵੇਂ ਵਿਰੋਧੀ ਫ਼ੌਜਾਂ ਵਿਚ ਕਾਫ਼ੀ, ਚਾਹ, ਸਿਗਰਟਾਂ ਆਦਿ ਦੇ ਆਦਾਨ-ਪ੍ਰਦਾਨ ਨਾਲ ਹਾਸਾ ਠੱਠਾ ਚੱਲ ਰਿਹਾ ਹੈ। ਦੋਹਾਂ ਫ਼ੌਜਾਂ ਦੇ ਪਿੱਛੇ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ। ਟਰੱਕਾਂ ਵਿਚੋਂ ਉਤਰਦੇ ਹਥਿਆਰਾਂ ਦੀ ਆਵਾਜ਼ ਆ ਰਹੀ ਹੈ। ਇੱਥੇ ਤਾਲਸਤਾਏ ਦੀ ਇਕ ਬੜੀ ਖ਼ੂਬਸੂਰਤ ਸਤਰ ਹੈ: ‘ਦੋਵਾਂ ਧਿਰਾਂ ਦੀਆਂ ਫ਼ੌਜਾਂ ਦਾ ਵਤੀਰਾ ਦੇਖ ਕੇ ਇਉਂ ਲੱਗਦਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਹਥਿਆਰਾਂ ਦੀ ਕੋਈ ਲੋੜ ਨਹੀਂ। ਪਰ ਕਿਉਂਕਿ ਇਹ ਲਿਆਂਦੇ ਗਏ ਹਨ, ਇਸ ਲਈ ਚੱਲਣਗੇ ਜ਼ਰੂਰ।’
ਬਸ ! ਮੇਰੇ ਡਰ ਦਾ ਕਾਰਨ ਇਹੀ ਹੈ।
ਹਥਿਆਰਾਂ ਦਾ ਚੱਲਣਾ ਲਾਜ਼ਮੀ ਹੈ। ਕਿਸੇ ਵੀ ਦੇਸ਼ ਦੇ ਲੋਕਾਂ ਦਾ ਦੂਜੇ ਦੇਸ਼ ਦੇ ਲੋਕਾਂ ਨਾਲ ਕੋਈ ਵੈਰ ਨਹੀਂ। ਜੰਗਾਂ ਸਰਕਾਰਾਂ ਲੜਦੀਆਂ ਹਨ, ਮਰਦੇ ਲੋਕ ਹਨ- ਕਿਸਾਨਾਂ ਦੇ ਪੁੱਤ, ਰੋਜ਼ੀ ਰੋਟੀ ਲਈ ਆਪਣੇ ਲਈ ਮੌਤ ਸਹੇੜਨ ਦੀ ਮਜਬੂਰੀ ਜਿਉਂਦੇ ਲੋਕ। ਰਾਦੂਗਾ ਪ੍ਰਕਾਸ਼ਨ, ਮਾਸਕੋ ਤੋਂ ਬਹੁਤ ਪਹਿਲਾਂ ਬੱਚਿਆਂ ਲਈ ਪ੍ਰਕਾਸ਼ਿਤ ਇਕ ਪੁਸਤਕ ‘ਰੂਸ ਦਾ ਇਤਿਹਾਸ ਕਹਾਣੀਆਂ ਵਿਚ’ (ਸੇ. ਅਲੇਕਸੇਯੇਵ) ਦੇ ਇਕ ਪਾਤਰ ਦਾ ਕਥਨ ਹੈ: ‘ਹਾਲ਼ੀ ਤੇ ਫ਼ੌਜੀ ਇਸ ਤਰ੍ਹਾਂ ਹੀ ਹਨ ਜਿਵੇਂ ਇਕੋ ਆਦਮੀ ਦੇ ਦੋ ਹੱਥ ਹੋਣ।’
ਮਾਹਰ ਇੰਜਨੀਅਰਾਂ, ਤਕਨੀਕੀ ਮਾਹਰਾਂ ਵੱਲੋਂ ਵਧੀਆ ਤੋਂ ਵਧੀਆ ਧਾਤਾਂ ਲਗਾ ਕੇ ਬਣਾਏ ਗਏ ਹਥਿਆਰਾਂ ਦਾ ਕਰਮ ਇਹੀ ਹੈ ਕਿ ਉਨ੍ਹਾਂ ਨੂੰ ਜਿਸ ਕੰਮ ਲਈ ਬਣਾਇਆ ਹੈ, ਉਹ ਚੰਗੀ ਤਰ੍ਹਾਂ ਕਰਨ। ਹਥਿਆਰਾਂ, ਲੜਾਕੂ ਜਹਾਜ਼ਾਂ ਦਾ ਇਹੀ ਕੰਮ ਹੈ। 1960 ਵਿਚ ਲਿਖੀਆਂ ‘ਸ਼ਰੀਫ਼ ਕੁੰਜਾਹੀ’ ਦੀਆਂ ਇਹ ਸਤਰਾਂ ਮੈਨੂੰ ਲੱਗਦਾ ਜਿਵੇਂ ਮੈਨੂੰ ਸਮਝਾਉਣ ਲਈ ਹੀ ਲਿਖੀਆਂ ਗਈਆਂ ਹੋਣ:
ਧੀਏ ਨੀ ਲੜਾਈਆਂ ਵਿਚ ਇਹੋ ਕੁਝ ਹੁੰਦਾ ਏ
ਤੋਪਾਂ ਦੱਸ ਹੋਰ ਮੂੰਹੋਂ ਆਇਤਾਂ ਨੇ ਪੜ੍ਹਨੀਆਂ
ਹਵਾਈ ਜਹਾਜ਼ਾਂ ਵਿਚ ਦੱਸ ਛੱਲੀਆਂ ਨੇ ਢੀਣੀਆਂ
ਉਡਦੇ ਆਕਾਸ਼ ਵਿਚ ਚੰਗੇ ਭਲੇ ਲੱਗਦੇ
ਉਂਜ ਨੇ ਦੁਗਾੜੇ ਨਿਰੀ ਮੌਤੜੀ ਤੇ ਅੱਗ ਦੇ।
ਸੰਪਰਕ: 95010-01396