ਗੁਰਪ੍ਰੀਤ ਸਿੰਘ ਜਖ਼ਵਾਲੀ
ਚਿੜੀ ਅਤੇ ਚਿੜਾ ਪਿੰਜਰੇ ਵਿੱਚ ਬੈਠੇ ਗੱਲਾਂ ਕਰ ਰਹੇ ਸਨ। ‘‘ਸਾਨੂੰ ਇਸ ਪਿੰਜਰੇ ਵਿੱਚ ਕੈਦ ਹੋਇਆਂ ਪੂਰੇ ਤਿੰਨ ਮਹੀਨੇ ਹੋ ਗਏ ਹਨ।’’ ਚਿੜੇ ਨੇ ਚਿੜੀ ਨੂੰ ਕਿਹਾ। ਉਹ ਬੋਲੀ, ‘‘ਹਾਂ… ਸੱਚੀਂ ਸਾਨੂੰ ਤਿੰਨ ਮਹੀਨੇ ਹੋ ਗਏ, ਪਰ ਸੁੱਖ ਨਾਲ ਹੁਣ ਸਾਡੇ ਬੱਚੇ ਵੀ ਹੋ ਜਾਣਗੇ,’’ ਚਿੜੀ ਨੇ ਉਸ ਦੀ ਗੱਲ ਟਾਲਦਿਆਂ ਕਹਿਣਾ ਜਾਰੀ ਰੱਖਿਆ, ‘‘ਹੁਣ ਅਸੀਂ ਦੋ ਤੋਂ ਚਾਰ ਬਣ ਜਾਣਾ ਹੈ।’’ ਚਿੜਾ ਬੋਲਿਆ, ‘‘ਅਸੀਂ ਤਾਂ ਕੈਦੀਆਂ ਵਾਂਗੂੰ ਜ਼ਿੰਦਗੀ ਬਿਤਾ ਹੀ ਰਹੇ ਹਾਂ। ਹੁਣ ਅੱਗੇ ਸਾਡੇ ਬੱਚੇ ਵੀ ਕੈਦ ਹੰਢਾਉਣਗੇ। ਨਾਲੇ ਆਪਾ ਤਾਂ ਉੱਡ ਕੇ ਵੀ ਵੇਖ ਲਿਆ ਨੀਲੇ ਨੀਲੇ ਆਸਮਾਨ ਵਿੱਚ। ਅਸੀਂ ਉੱਡਦੇ ਉੱਡਦੇ ਪਾਣੀਆਂ ਦੀ ਸੈਰ ਕਰ ਆਉਂਦੇ ਸੀ। ਪਰ ਸਾਡੇ ਬੱਚੇ ਸ਼ਾਇਦ ਉੱਡਣਾ ਹੀ ਭੁੱਲ ਜਾਣਗੇ…।’’ ਇਹ ਸੁਣ ਕੇ ਚਿੜੀ ਨੇ ਲੰਬਾ ਹਾਉਕਾ ਲੈਂਦਿਆਂ ਕਿਹਾ, ‘‘…ਪਰ ਸਾਡਾ ਕੀ ਕਸੂਰ? ਅਸੀਂ ਕੈਦੀ ਕਿਉਂ ਹਾਂ? ਕੀ ਇਨਸਾਨ ਦੇ ਮਨਪ੍ਰਚਾਵੇ ਲਈ ਸਾਡਾ ਕੈਦ ਹੋਣਾ ਜ਼ਰੂਰੀ ਹੈ? ਅਸੀਂ ਕੈਦੀ ਚੰਗੇ ਜਾਂ ਆਜ਼ਾਦ…? ਹੋਰ ਵੀ ਤਾਂ ਪੰਛੀ ਅਤੇ ਜਾਨਵਰ ਹਨ। ਅਸੀਂ ਹੀ ਕਿਉਂ ਕੈਦੀ…?’’ ਚਿੜਾ ਬੋਲਿਆ, ‘‘ਇਸ ਦੇ ਕਈ ਕਾਰਨ ਹਨ ਜਿਵੇਂ ਸਾਡੀ ਖ਼ੂਬਸੂਰਤੀ, ਸਾਡੀ ਚੁੱਪ ਅਤੇ ਸਾਡਾ ਸਾਊਪੁਣਾ। ਸਭ ਤੋਂ ਬੜਾ ਕਾਰਨ ਇਹ ਹੈ ਕਿ ਅਸੀਂ ਇਨਸਾਨ ’ਤੇ ਭਰੋਸਾ ਕਰ ਬੈਠੇ ਬਈ ਇਹ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਵੇਗਾ। ਬਸ ਸਾਡਾ ਭਰੋਸਾ ਹੀ ਹੈ ਜੋ ਸਾਨੂੰ ਕੈਦੀ ਬਣਾਈ ਬੈਠਾ ਹੈ। ਕਾਸ਼! ਅਸੀਂ ਵੀ ਸ਼ੇਰ, ਚੀਤਾ, ਅਜਗਰ, ਨਿਉਲਾ ਜਾਂ ਹੋਰ ਜ਼ਹਿਰੀਲੇ ਜਾਨਵਰ ਜਾਂ ਪੰਛੀ ਹੁੰਦੇ ਤਾਂ ਅੱਜ ਕੈਦੀ ਨਾ ਹੁੰਦੇ।’’ ਚਿੜਾ ਅੱਗੇ ਬੋਲਿਆ, ‘‘ਨਾਲੇ ਤੂੰ ਜਿਹੜੇ ਬੱਚਿਆਂ ਦੀ ਖ਼ੁਸ਼ੀ ਮਨਾ ਰਹੀ ਏਂ ਉਹ ਤਾਂ ਉੱਡਣ ਤੱਕ ਕਿਸੇ ਹੋਰ ਪਿੰਜਰੇ ਦੇ ਕੈਦੀ ਬਣ ਜਾਣਗੇ।’’ ‘‘ਉਹ ਕਿਉਂ?’’ ਚਿੜੀ ਹੈਰਾਨੀ ਨਾਲ ਬੋਲੀ। ਚਿੜੇ ਨੇ ਕਿਹਾ, ‘‘ਕੱਲ੍ਹ ਆਪਣਾ ਮਾਲਿਕ ਕਿਸੇ ਵਪਾਰੀ ਨੂੰ ਕਹਿ ਰਿਹਾ ਸੀ ਕਿ ਜਦੋਂ ਇਸ ਚਿੜੀ ਨੇ ਬੱਚੇ ਦਿੱਤੇ ਤਾਂ ਉਨ੍ਹਾਂ ਨੂੰ ਵੇਚ ਕੇ ਤੇਰੇ ਪੈਸੇ ਪੂਰੇ ਹੋ ਜਾਣਗੇ।’’ ਚਿੜੀ ਇਹ ਸੁਣ ਕੇ ਚੁੱਪਚਾਪ, ਉਦਾਸ ਮਨ ਨਾਲ ਆਪਣੇ ਆਲ੍ਹਣੇ ਵਿੱਚ ਜਾ ਬੈਠੀ ਅਤੇ ਸੋਚਣ ਲੱਗੀ, ‘ਸ਼ੁਕਰ ਹੈ ਰੱਬਾ ਤੂੰ ਸਾਨੂੰ ਇਨਸਾਨ ਨਹੀਂ ਬਣਾਇਆ… ਨਹੀਂ ਤਾਂ ਅਸੀਂ ਵੀ ਦੂਜਿਆਂ ਦੇ ਬੱਚੇ ਵੇਚ ਕੇ ਗੁਜ਼ਾਰਾ ਕਰਦੇ। ਅਸੀਂ ਤਾਂ ਪੰਛੀ ਹੀ ਠੀਕ ਹਾਂ। ਚਲੋ ਕਿਸੇ ਦੇ ਕੰਮ ਤਾਂ ਆ ਰਹੇ ਹਾਂ… ਚਾਹੇ ਮਰ ਕੇ, ਚਾਹੇ ਵਿਕ ਕੇ।’ ਚਿੜਾ ਕੋਲ ਗਿਆ ਤੇ ਚਿੜੀ ਦਾ ਉਦਾਸ ਮਨ ਪੜ੍ਹਦਾ ਹੋਇਆ ਨਾਲ ਲੱਗ ਕੇ ਬੈਠ ਗਿਆ।
ਸੰਪਰਕ: 98550-36444
* * *
ਕਦਰ
ਕੰਵਰਦੀਪ ਸਿੰਘ ਭੱਲਾ
ਕਈ ਸਾਲਾਂ ਬਾਅਦ ਇੱਕ, ਦੋ ਅਤੇ ਪੰਜ ਦੇ ਨੋਟ ਇਕੱਠੇ ਹੋਏ। ਉਨ੍ਹਾਂ ਦੇ ਸਾਹਮਣੇ ਦਸ ਦਾ ਨੋਟ ਆਕੜ ਕੇ ਬੈਠਾ ਸੀ। ਸਭ ਤੋਂ ਪਹਿਲਾਂ ਇੱਕ ਦਾ ਨੋਟ ਬੋਲਿਆ, ‘‘ਕੋੋਈ ਸਮਾਂ ਸੀ ਸਾਡੇ ਵਿੱਚ ਵੀ ਐਨੀ ਹੀ ਆਕੜ ਸੀ, ਲੋਕ ਮੇਰੀ ਹਰ ਜਗ੍ਹਾ ਵਰਤੋਂ ਕਰਦੇ ਸਨ, ਪਰ ਹੁਣ ਤਾਂ ਮੈਨੂੰ ਕੋਈ ਪੁੱਛਦਾ ਵੀ ਨਹੀਂ।’’ ਦੋ ਦਾ ਨੋਟ ਬੋਲਿਆ, ‘‘ਯਾਰ, ਮੇਰਾ ਵੀ ਇਹੋ ਹੀ ਹਾਲ ਏ। ਘਬਰਾਉਣ ਦੀ ਲੋੜ ਨਹੀਂ।’’ ਆਖ਼ਰ ਪੰਜ ਦੇ ਨੋਟ ਨੇ ਵੀ ਆਪਣੀ ਚੁੱਪੀ ਤੋੜੀ ਤੇ ਕਿਹਾ, ‘‘ਹਾਲ ਤਾਂ ਮੇਰਾ ਵੀ ਤੁਹਾਡੇ ਵਰਗਾ ਹੀ ਹੈ। ਫਿਰ ਵੀ ਮੇਰੀ ਕਦਰ ਅਜੇ ਕਿਤੇ-ਕਿਤੇ ਪੈ ਜਾਂਦੀ ਏ।’’ ਪੰਜ ਦੇ ਨੋਟ ਨੇ ਇੱਕ ਦੇ ਨੋਟ ਨੂੰ ਸਵਾਲ ਕੀਤਾ, ‘‘ਤੇਰੀ ਤਾਂ ਕਦਰ ਹਾਲੇ ਪੂਰੀ ਏ। ਹਰ ਕੋਈ ਇੱਕ ਦਾ ਨੋਟ ਵੱਡੇ ਨੋਟ ਨਾਲ ਲਾ ਕੇ ਵਿਆਹ ਵਿੱਚ ਸ਼ਗਨ ਦੇ ਰੂਪ ਵਿੱਚ ਦਿੰਦਾ ਹੈ।’’ ‘‘ਨਹੀਂ ਯਾਰ, ਮੈਂ ਤਾਂ ਲਿਫ਼ਾਫ਼ੇ ਵਿਚ ਹੀ ਪਿਆ ਰਹਿ ਜਾਂਦਾ ਹਾਂ। ਮੈਨੂੰ ਤਾਂ ਲੋਕਾਂ ਨੇ ਸਿਰਫ਼ ਮੰਗਤਿਆਂ ਨੂੰ ਦੇਣ ਜੋਗਾ ਹੀ ਰੱਖ ਲਿਆ ਹੈ। ਉਹ ਵੀ ਮੈਨੂੰ ਲੈਣ ਤੋਂ ਇਨਕਾਰ ਕਰਨ ਲੱਗ ਪਏ ਨੇ। ਹੁਣ ਤਾਂ ਜਿੱਥੇ ਦੇਖੋ ਦਸ ਦਾ ਹੀ ਨੋਟ ਪ੍ਰਧਾਨ ਬਣਿਆ ਬੈਠਾ ਏ। ਇਹ ਧਾਰਮਿਕ ਸਥਾਨਾਂ ’ਤੇ ਜ਼ਿਆਦਾ ਨਜ਼ਰ ਆਉਂਦਾ ਹੈ।’’ ਪੰਜ ਦੇ ਨੋਟ ਨੇ ਕਿਹਾ, ‘‘ਪਰ ਲੋਕ ਸਾਡੇ ਕੋਲੋਂ ਵੀ ਤਾਂ ਪਹਿਲਾਂ ਇਹ ਹੀ ਕੰਮ ਲੈਂਦੇ ਸਨ। ਇਸ ਵਿੱਚ ਚਿੰਤਾ ਕਰਨ ਦੀ ਲੋੜ ਨਹੀਂ। ਚਿੰਤਨ ਤਾਂ ਦਸ ਦੇ ਨੋਟ ਨੂੰ ਕਰਨਾ ਹੋਵੇਗਾ ਕਿਉਂਕਿ ਇਸ ਦੀ ਮਿਆਦ ਤਾਂ ਸ਼ਾਇਦ ਸਾਡੇ ਨਾਲੋਂ ਵੀ ਜਲਦੀ ਖ਼ਤਮ ਹੋ ਜਾਵੇਗੀ।’’ ਦਸ ਦਾ ਨੋਟ ਨਿੰਮੋਝੂਣਾ ਜਿਹਾ ਹੋ ਕੇ ਚੱਲ ਪਿਆ।
ਸੰਪਰਕ: 99881-94776
* * *
ਮਤਰੇਈ ਮਾਂ
ਅਮਨਦੀਪ ਕੌਰ
ਰੂਪ ਹਾਲੇ ਛੋਟਾ ਹੀ ਸੀ ਜਦੋਂ ਉਸ ਵਿਚਾਰੇ ਦੀ ਮਾਂ ਉਸ ਨੂੰ ਛੱਡ ਗਈ। ਗੰਭੀਰ ਬਿਮਾਰੀ ਨਾਲ ਜੂਝ ਰਹੀ ਰੂਪ ਦੀ ਮਾਂ ਨੇ ਪ੍ਰਾਣ ਤਿਆਗ ਦਿੱਤੇ। ਉਹ ਇੰਨਾ ਛੋਟਾ ਸੀ ਕਿ ਉਸ ਨੂੰ ਇਹ ਵੀ ਸਾਰ ਨਹੀਂ ਸੀ ਬਈ ਲਾਡ ਪਿਆਰ ਕਰਨ ਵਾਲੀ ਮਾਂ ਉਸ ਤੋਂ ਸਦਾ ਲਈ ਦੂਰ ਹੋ ਗਈ ਹੈ। ਰੂਪ ਦੀ ਦਾਦੀ ਨੂੰ ਉਸ ਦੀ ਬਹੁਤ ਫ਼ਿਕਰ ਹੁੰਦੀ। ਇਸ ਕਰਕੇ ਉਹ ਆਪਣੇ ਪੁੱਤਰ ਜਗਤ ਸਿੰਘ ਨੂੰ ਅਕਸਰ ਕਹਿੰਦੀ, ‘‘ਜਗਤੇ ਪੁੱਤ, ਤੂੰ ਦੂਜਾ ਵਿਆਹ ਕਰਵਾ ਲੈ।’’ ਜਗਤਾ ਅੱਗਿਓਂ ਖਿੱਝ ਕੇ ਬੋਲਦਾ, ‘‘ਮਾਂ, ਮਤਰੇਈ ਤਾਂ ਮਿੱਟੀ ਦੀ ਵੀ ਮਾਣ ਨਹੀਂ ਹੁੰਦੀ। ਤੂੰ ਰੂਪ ਵਾਸਤੇ ਜਿਉਂਦੀ ਜਾਗਦੀ ਮਤੇਰ ਲਿਆਉਣ ਨੂੰ ਫਿਰਦੀ ਐਂ!’’
ਉਸ ਦੀ ਮਾਂ ਕਹਿੰਦੀ, ‘‘ਜਗਤੇ ਪੁੱਤ, ਗੁਰਬਾਣੀ ਵੀ ਦੱਸਦੀ ਐ ਕਿ ਆਪਾਂ ਆਪ ਚੰਗੇ ਬਣਾਂਗੇ ਤਾਂ ਅੱਗੋਂ ਚੰਗਾ ਹੀ ਮਿਲੂ।’’ ਮਾਂ ਦੇ ਬਹੁਤ ਜ਼ੋਰ ਪਾਉਣ ’ਤੇ ਜਗਤੇ ਨੇ ਵਿਆਹ ਲਈ ਹਾਮੀ ਭਰ ਦਿੱਤੀ। ਕੁਝ ਹੀ ਦਿਨਾਂ ਬਾਅਦ ਸਾਦੇ ਜਿਹੇ ਢੰਗ ਨਾਲ ਵਿਆਹ ਹੋਇਆ ਅਤੇ ਨਵੀਂ ਨੂੰਹ ਹਰਗੁਣ ਨੇ ਘਰ ਪੈਰ ਪਾਇਆ। ਹਰਗੁਣ ਦੀ ਵੀ ਇੱਕ ਬੜੀ ਪਿਆਰੀ ਬੱਚੀ ਸੀ ਰਾਵੀ ਜਿਸ ਨੂੰ ਉਹ ਨਾਲ ਹੀ ਲੈ ਕੇ ਆਈ ਸੀ। ਦਾਦੀ ਨੇ ਰਾਵੀ ਨੂੰ ਘੁੱਟ ਕੇ ਜੱਫੀ ਪਾਈ ਅਤੇ ਕਿਹਾ, ‘‘ਹਰਗੁਣ ਪੁੱਤ, ਇਹ ਹੁਣ ਸਾਡੀ ਬੱਚੀ ਹੈ। ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ।’’ ਜਗਤੇ ਦੇ ਪੁੱਤਰ ਰੂਪ ਨੂੰ ਜਿਵੇਂ ਚਾਅ ਚੜ੍ਹ ਗਿਆ ਸੀ। ਉਹ ਨਵੀਂ ਮਾਂ ਨੂੰ ਵੇਖ ਭੱਜ ਕੇ ਉਸ ਦੀ ਗੋਦੀ ਵਿੱਚ ਆ ਬੈਠਾ। ਹਰਗੁਣ ਨੇ ਪਿਆਰ ਨਾਲ ਉਸ ਦਾ ਮੱਥਾ ਚੁੰਮਿਆ ਅਤੇ ਕਿਹਾ, ‘‘ਬੀਬੀ ਜੀ, ਰੂਪ ਅਤੇ ਰਾਵੀ ਦੋਵੇਂ ਹੁਣ ਮੇਰੀ ਜ਼ਿੰਮੇਵਾਰੀ ਹਨ।’’ ਜਗਤ ਸਿੰਘ ਇਹ ਸੁਣ ਕੇ ਬਹੁਤ ਖ਼ੁਸ਼ ਹੋਇਆ। ਅਗਲੇ ਦਿਨ ਹੀ ਹਰਗੁਣ ਨੇ ਘਰ ਦੀ ਮੁਹਾਰ ਬਦਲ ਦਿੱਤੀ। ਉਹ ਰੋਜ਼ ਸਵੇਰੇ ਜਲਦੀ ਉੱਠ ਕੇ ਘਰ ਦਾ ਸਾਰਾ ਕੰਮ ਕਰਦੀ। ਦੋਵੇਂ ਬੱਚਿਆਂ ਦੀ ਸਾਂਭ ਸੰਭਾਲ ਇੱਕੋ ਜਿਹੀ ਕਰਦੀ। ਇਹ ਵੇਖ ਜਗਤੇ ਦੀ ਚਿੰਤਾ ਹੁਣ ਦੂਰ ਹੋ ਗਈ ਸੀ। ਉਹ ਖ਼ੁਸ਼ੀ ਵਿੱਚ ਆਪਣੀ ਮਾਂ ਨੂੰ ਕਹਿੰਦਾ, ‘‘ਮਾਂ, ਹਰਗੁਣ ਨੇ ਤਾਂ ਮਤੇਰ ਸ਼ਬਦ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਹਨ।’’ ਉਸ ਦੀ ਮਾਂ ਇਹੀ ਜਵਾਬ ਦਿੰਦੀ, ‘‘ਪੁੱਤ, ਚੰਗਾ ਕਰੀਏ ਤਾਂ ਚੰਗਾ ਹੀ ਨਸੀਬ ਹੁੰਦਾ। ਤੂੰ ਰਾਵੀ ਨੂੰ ਆਪਣੀ ਧੀ ਸਮਝਦਾ ਹੈਂ ਤਾਂ ਹੀ ਹਰਗੁਣ ਵੀ ਰੂਪ ਅਤੇ ਰਾਵੀ ਵਿੱਚ ਕੋਈ ਫ਼ਰਕ ਨਹੀਂ ਕਰਦੀ।’’
ਸੰਪਰਕ: 98776-54596
* * *
ਸਾਢੇ ਛੇ ਬੈਂਡ
ਬੂਟਾ ਖ਼ਾਨ ਸੁੱਖੀ
ਬੱਸ ਜਦੋਂ ਹੀ ਪਿੰਡ ਦੇ ਦੂਸਰੇ ਬੱਸ ਸਟੈਂਡ ’ਤੇ ਰੁਕੀ, ਬੱਸ ’ਚ ਬੈਠੇ ਕਰਤਾਰ ਦੇ ਨਜ਼ਰੀਂ ਬੱਸ ਚੜ੍ਹਦਾ ਦਿਆਲ ਪੈ ਗਿਆ। ਉਸ ਨੇ ਆਵਾਜ਼ ਮਾਰੀ, ‘‘ਚਾਚਾ, ਇੱਧਰ ਆ ਜਾ। ਸੀਟ ਖਾਲੀ ਆ। ਇੱਥੇ ਬੈਠ।’’ ‘‘ਆਇਆ ਭਤੀਜ।’’ ‘‘ਕਿਧਰੋਂ ਆਇਆ?’’ ‘‘ਕਿਤੋਂ ਨਹੀਂ। ਪਿੰਡੋਂ ਹੀ ਪਹਿਲੇ ਅੱਡੇ ਤੋਂ ਬੈਠਾਂ।’’ ‘‘ਕਿੱਧਰ ਚੱਲਿਆ ਭਤੀਜ?’’ ‘‘ਸ਼ਹਿਰ ਚੱਲਿਆਂ ਹਾਂ ਚਾਚਾ, ਮੁੰਡੇ ਨੂੰ ਆਈਲੈਟਸ ਸੈਂਟਰ ਦੇਖਣ ਬਈ ਕਿਵੇਂ ਆ ਪੜ੍ਹਾਈ ’ਚ। ਤੂੰ ਦੱਸ ਚਾਚਾ?’’ ‘‘ਮੈਂ ਵੀ ਸ਼ਹਿਰ ਹੀ ਚੱਲਿਆਂ ਭਤੀਜ।’’ ‘‘ਕਿਵੇਂ?’’ ‘‘ਭਤੀਜ, ਮੁੰਡਾ ਬਾਹਰ ਭੇਜਣਾ।’’ ‘‘ਹਾਂ ਚਾਚਾ, ਜੇ ਛੇ ਜਾਂ ਸਾਢੇ ਛੇ ਬੈਂਡ ਆਗੇ ਤਾਂ ਵੀਜ਼ਾ ਮਿਲ ਜਾਊ।’’‘‘ ਭਤੀਜ ਕਿਉਂ ਚੱਕਰਾਂ ’ਚ ਪਿਐਂ? ਇਹ ਕੋਈ ਔਖਾ ਕੰਮ ਨੀ। ਮੁੰਡੇ ਦਾ ਕਿਉਂ ਬੁਰਾ ਹਾਲ ਕੀਤਾ ਇਨ੍ਹਾਂ ਬੈਂਡਾਂ ਪਿੱਛੇ!’’ ‘‘ਉਹ ਕਿਵੇਂ, ਚਾਚਾ? ਕੀ ਗਿੱਦੜਸਿੰਙੀ ਆ ਤੇਰੇ ਕੋਲ ਉਹ ਵੀ ਦੱਸ ਦੇ। ਉਹ ਵੇਖ ਸਾਡੇ ਛੋਹਰ ਵੱਲ, ਔਖਾ ਸੌਖਾ ਬਾਰ੍ਹਾਂ ਪੂਰੀਆਂ ਕਰ ਗਿਆ। ਹੁਣ ਅਸੀਂ ਆਈਲੈਟਸ ਵਾਲੀ ਕੁੜੀ ਲੱਭ ਲਈ। ਉਹਦੇ ਨਾਲ ਵਿਆਹ ਕਰ ਕੇ ਭੇਜ ਦੇਵਾਂਗੇ ਕਨੇਡਾ। ਬਸ ਉਹੀ ਕੰਮ ਚੱਲਿਆ ਸੀ ਆੜ੍ਹਤੀਏ ਕੋਲ। ਪੈਸੇ ਚੱਕ ਵਿਆਹ ਕਰਦੇ ਹੋਜਾਂਗੇ। ਬਾਅਦ ’ਚ ਦੋ ਕਿੱਲੇ ਪੈਲੀ ਵੇਚ ਕੇ ਆੜ੍ਹਤੀਏ ਨੂੰ ਦੇ ਦੇਵਾਂਗੇ। ਨਾਲੇ ਫੀਸ ਭਰ ਕੇ ਕੁੜੀ ਭੇਜ ਦਿਆਂਗੇ। ਫਿਰ ਪੱਕੀ ਹੋ ਕੇ ਆਪੇ ਲੈਜੂ ਮੁੰਡੇ ਨੂੰ। ਫਿਰ ਸਾਡਾ ਨੰਬਰ ਲੱਗਜੂ। ਅਸੀਂ ਵੀ ਕਨੇਡਾ ਆਲੇੇ ਵੱਜਾਂਗੇ ਪਿੰੰਡ ’ਚ।’’ ‘‘ਚਾਚਾ, ਬੁਰਾ ਨਾ ਮਨਾਈਂ। ਏਨਾ ਸੌਖਾ ਨ੍ਹੀਂ, ਜਿੰਨਾ ਕਹਿ ਦਿੱਤਾ। ਬੜੀਆਂ ਮਿਹਨਤਾਂ ਕਰਨੀਆਂ ਪੈਦੀਆਂ। ਬਾਕੀ ਅੱਜਕੱਲ੍ਹ ਠੱਗੀ ਬਹੁਤ ਹੁੰਦੀ ਆ। ਚਾਚਾ, ਤੂੰ ਵੀ ਸੱਥ ’ਚ ਰੋਜ਼ ਨਵੀਆਂ ਨਵੀਆਂ ਗੱਲਾਂ ਸੁਣਦਾ ਹੀ ਏਂ। ਜਵਾਨ ਧੀ ਪੁੱਤ ਨੇ, ਆਜ਼ਾਦ ਮੁਲਕਾਂ ’ਚ ਆਜ਼ਾਦ ਸੋਚ ਦੇ ਮਾਲਕ ਹੋ ਜਾਂਦੇ ਨੇ। ਬਾਕੀ ਪੜਾਈ ਦਾ ਬਹੁਤ ਫ਼ਰਕ ਪੈ ਜਾਂਦਾ ਇੱਕ ਦੂਜੇ ਵਿੱਚ। ਚਾਚਾ, ਇਹ ਕੋਈ ਦੋ ਰੂਹਾਂ ਦਾ ਮੇਲ ਵਿਆਹ ਨ੍ਹੀਂ ਹੁੰਦਾ, ਇਹ ਸੌਦਾ ਅਖਵਾਉਂਦਾ ਏ। ਜਿਹੜਾ ਇੱਕ ਨਾ ਇੱਕ ਦਿਨ ਟੁੱਟ ਜਾਂਦਾ ਹੈ। ਇਹ ਰਿਸ਼ਤੇ ਟਾਵੇਂ ਟਾਵੇਂ ਹੀ ਪੂਰ ਚੜ੍ਹਦੇ ਨੇ। ਚਾਚਾ, ਆਪ ਮਰੇ ਬਿਨਾਂ ਸਵਰਗ ਕਿੱਥੇ, ਸਿਆਣੇ ਕਹਿੰਦੇ ਤਾਂ ਨੇ। ਇਸ ਕਰਕੇ ਹੀ ਮੈਂ ਮੁੰਡੇ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕੇ ਉਸ ’ਤੇ ਪੈਸੇ ਲਾਵਾਂਗਾ। ਕੁੜੀਆਂ ਦੇ ਨਾਲ ਨਾਲ ਮੁੰਡਿਆਂ ਲਈ ਵੀ ਪੜ੍ਹਾਈ ਜ਼ਰੂਰੀ ਹੈ।’’ ਇੰਨੇ ਨੂੰ ਬੱਸ ਸ਼ਹਿਰ ਦੇ ਬੱਸ ਸਟੈਂਡ ’ਤੇ ਰੁਕ ਗਈ। ‘‘ਚੱਲ ਚਾਚਾ, ਆ ਗਿਆ ਟਿਕਾਣਾ।’’ ਇਉਂ ਦੋਵੇਂ ਬੱਸ ’ਚੋਂ ਉਤਰ ਗਏ। ਕਰਤਾਰ ਲੰਬੀਆਂ ਲੰਬੀਆਂ ਪੁਲਾਂਘਾਂ ਪੁੱਟਦਾ ਮੁੰਡੇ ਦੇ ਆਈਲੈਟਸ ਸੈਂਟਰ ਵੱਲ ਚੱਲ ਪਿਆ, ਪਰ ਦਿਆਲ ਦੇ ਸੀਨੇ ਕਰਤਾਰ ਦੀਆਂ ਗੱਲਾਂ ਭਰਿੰਡ ਵਾਂਗ ਲੜ ਗਈਆਂ। ਉਸ ਨੂੰ ਆੜ੍ਹਤੀਏ ਦੀ ਦੁਕਾਨ ਵੱਲ ਇੱਕ ਕਦਮ ਪੁੱਟਣਾ ਵੀ ਔਖਾ ਹੋ ਗਿਆ। ਉਹ ਉੱਥੇ ਹੀ ਬੈਠ ਕੇ ਪਿੰਡ ਵਾਲੀ ਬੱਸ ਉਡੀਕਣ ਲੱਗ ਪਿਆ।
ਸੰਪਰਕ: 98789-98577
* * *
ਇਮਾਨਦਾਰੀ ਉੱਪਰ ਸ਼ੱਕ
ਸਿਮਰਨਜੀਤ ਕੌਰ ਬੱਲ
ਰਾਤ ਦੇ ਬਾਰ੍ਹਾਂ ਕੁ ਵੱਜ ਚੁੱਕੇ ਸਨ। ਮੈਂ ਇਕਦਮ ਉੱਠਿਆ। ਪਾਣੀ ਪੀਤਾ। ਜਦੋਂ ਮੇਰੀ ਅੱਖ ਪੂਰੀ ਤਰ੍ਹਾਂ ਖੁੱਲ੍ਹੀ ਤਾਂ ਮੈਂ ਆਲੇ-ਦੁਆਲੇ ਦੇਖਿਆ। ਕੋਈ ਵੀ ਘਰ ਵਿੱਚ ਦਿਖਾਈ ਨਾ ਦਿੱਤਾ। ਮੇਰੇ ਤਾਇਆ ਜੀ ਦੇ ਘਰੋਂ ਕੁਝ ਆਵਾਜ਼ਾਂ ਆ ਰਹੀਆਂ ਸਨ। ਪਹਿਲਾਂ ਤਾਂ ਮੈਂ ਡਰ ਗਿਆ, ਪਰ ਫਿਰ ਮੈਨੂੰ ਉਨ੍ਹਾਂ ਆਵਾਜ਼ਾਂ ਦਾ ਕਾਰਨ ਜਾਣਨ ਦੀ ਉਤਸੁਕਤਾ ਹੋਈ। ਮੈਂ ਪੈਰੀਂ ਜੁੱਤੀ ਪਾਈ ਅਤੇ ਤਾਇਆ ਜੀ ਦੇ ਘਰ ਵੱਲ ਨੂੰ ਤੁਰ ਪਿਆ।
ਜਦੋਂ ਮੈਂ ਤਾਇਆ ਜੀ ਦੇ ਘਰ ਪੁੱਜਾ ਤਾਂ ਦੇਖਿਆ ਕਿ ਬੇਬੇ ਬਾਪੂ ਅਤੇ ਮੇਰਾ ਛੋਟਾ ਭਰਾ ਵੀ ਉੱਥੇ ਹੀ ਸਨ। ਸਾਰਾ ਪਿੰਡ ਇਕੱਠਾ ਹੋਇਆ ਪਿਆ ਸੀ। ਕਿਸੇ ਦੇ ਰੋਣ ਦੀਆਂ ਆਵਾਜ਼ਾਂ ਵੀ ਆ ਰਹੀਆਂ ਸਨ। ਇਹ ਤਾਈ ਦੀ ਆਵਾਜ਼ ਸੀ। ਪਹਿਲਾਂ ਤਾਂ ਮੈਨੂੰ ਲੱਗਿਆ ਕਿਧਰੇ ਕਈ ਦਿਨਾਂ ਤੋਂ ਬਿਮਾਰ ਤਾਇਆ ਤਾਂ ਚਲਾਣਾ ਨਹੀਂ ਕਰ ਗਿਆ। ਮੈਂ ਲੋਕਾਂ ਦੀ ਭੀੜ ਨੂੰ ਚੀਰਦਾ ਹੋਇਆ ਅੱਗੇ ਵਧਿਆ ਤਾਂ ਦੇਖਿਆ ਕਿ ਤਾਇਆ ਆਪਣਾ ਸਿਰ ਫੜ੍ਹੀ ਮੰਜੇ ’ਤੇ ਬੈਠਾ ਸੀ। ਮੈਨੂੰ ਕੁਝ ਸਮਝ ਨਾ ਪਈ। ਫਿਰ ਮੈਂ ਤਾਇਆ ਬਚਨਾ ਕਹਿੰਦਾ ਸੁਣਿਆ, ‘‘ਭਾਈ, ਇਹ ਤਾਂ ਮਾੜੀ ਹੋਈ। ਵਿਚਾਰੀ ਬਿਸ਼ਨੋ ਸਾਰੀ ਦਿਹਾੜੀ ਡੰਗਰਾਂ ’ਚ ਡੰਗਰ ਹੋਈ ਰਹਿੰਦੀ ਸੀ।’’ ਓਧਰੋਂ ਤਾਈ ਕਰਮੋ ਬੋਲੀ, ‘‘ਨੀ ਔਤ-ਨਿਪੁੱਤੇ, ਕੋਈ ਨੀ ਬਿਸ਼ਨ ਕੁਰੇ, ਕੀੜੇ ਪੈ ਕੇ ਮਰਨਗੇ ਜਿਨ੍ਹਾਂ ਨੇ ਇਹ ਸਭ ਕੀਤਾ।’’
ਫਿਰ ਹੌਲ਼ੀ-ਹੌਲ਼ੀ ਮੈਨੂੰ ਪਤਾ ਲੱਗਿਆ ਕਿ ਤਾਈ ਬਿਸ਼ਨੋ ਦੀ ਨਰੋਈ ਮੱਝ ਕੋਈ ਚੋਰੀ ਕਰ ਕੇ ਲੈ ਗਿਆ। ਮੱਝ ਸੀ ਵੀ ਨਵੇਂ ਦੁੱਧ। ਤਾਈ ਵੀ ਮੱਝ ਦਾ ਬਹੁਤ ਮੋਹ ਕਰਦੀ ਸੀ। ਮੱਝ ਵੀ ਤਾਈ ਨੂੰ ਦੇਖ ਕੇ ਰੰਭਣ ਲੱਗ ਜਾਂਦੀ ਅਤੇ ਤਾਈ ਮੱਝ ਨੂੰ ਉਹਦੇ ਪਿਆਰੇ-ਪਿਆਰੇ ਨਾਂ ਲੈ ਕੇ ਪੁਚਕਾਰਦੀ।
ਤਾਈ ਰੋਈ ਜਾ ਰਹੀ ਸੀ। ਉਸ ਦੀਆਂ ਨੂੰਹਾਂ ਉਸ ਨੂੰ ਪਾਣੀ ਪਿਆ ਰਹੀਆਂ ਸਨ। ਡੰਗਰਾਂ ਵਾਲਾ ਵਾੜਾ ਤਾਈ ਹੋਰਾਂ ਦੇ ਘਰ ਤੋਂ ਜ਼ਿਆਦਾ ਦੂਰ ਨਹੀਂ ਸੀ। ਜੇਕਰ ਕੋਈ ਰਾਤ ਨੂੰ ਆਉਂਦਾ ਵੀ ਤਾਂ ਮੱਝ ਪਹਿਲਾਂ ਰੰਭਣਾ ਸ਼ੁਰੂ ਕਰ ਦਿੰਦੀ। ਪਰ ਤਾਈ ਦੱਸ ਰਹੀ ਸੀ ਕਿ ਅੱਜ ਤਾਂ ਮੱਝ ਰੰਭੀ ਵੀ ਨਹੀਂ। ਉੱਥੇ ਖੜ੍ਹੇ ਸਾਰੇ ਲੋਕ ਅਚੰਭੇ ’ਚ ਸਨ। ਲੋਕਾਂ ਦਾ ਕਹਿਣਾ ਸੀ ਕਿ ਮੱਝ ਚੋਰੀ ਹੋ ਗਈ ਹੈ। ਸਵੇਰ ਹੋਣ ’ਤੇ ਇਹ ਸੂਚਨਾ ਸਾਰੇ ਪਿੰਡ ’ਚ ਪਹੁੰਚਾ ਦਿੱਤੀ ਗਈ ਕਿ ਬਿਸ਼ਨੋ ਹੋਰਾਂ ਦੀ ਮੱਝ ਚੋਰੀ ਹੋ ਗਈ ਹੈ। ਸਾਰੇ ਆਪੋ-ਆਪਣੀਆਂ ਮੱਝਾਂ ਦਾ ਧਿਆਨ ਰੱਖਣ।
ਸਵੇਰ ਤਕ ਤਾਈ ਵੀ ਰੋਂਦੀ ਥੱਕ ਗਈ ਸੀ। ਸਾਰੇ ਲੋਕਾਂ ਦੇ ਚਿਹਰਿਆਂ ਉੱਪਰ ਦੁੱਖ ਸੀ। ਸਾਰਿਆਂ ਦੀ ਨਜ਼ਰ ਘਰ ਦੇ ਬੂਹੇ ’ਤੇ ਪਈ। ਤਾਇਆ ਮੋਹਣਾ ਮੁਸਕੜੀਆਂ ਹੱਸਦਾ ਹੋਇਆ ਆ ਰਿਹਾ ਸੀ। ਉਹ ਘਰ ਪੁੱਜਾ ਅਤੇ ਉਹਨੇ ਸਾਰਿਆਂ ਦੇ ਇਉਂ ਲਟਕੇ ਹੋਏ ਮੂੰਹਾਂ ਦਾ ਕਾਰਨ ਪੁੱਛਿਆ। ਕਿਸੇ ਨੇ ਦੱਸਿਆ ਕਿ ਬਿਸ਼ਨ ਕੌਰ ਦੀ ਮੱਝ ਰਾਤੀਂ ਚੋਰੀ ਹੋ ਗਈ। ਤਾਇਆ ਮੋਹਣਾ ਉੱਚੀ-ਉੱਚੀ ਹੱਸਣ ਲੱਗਿਆ ਤੇ ਕਹਿਣ ਲੱਗਿਆ, ‘‘ਬਿਸ਼ਨ ਕੁਰੇ ਉਹ ਤੇਰੀ ਮੱਝ ਏ!’’ ਸਾਰਿਆਂ ਦੀਆਂ ਨਜ਼ਰਾਂ ਮੋਹਣੇ ਤਾਏ ’ਤੇ ਚਲੀਆਂ ਗਈਆਂ। ਅੱਗੋਂ ਤਾਇਆ ਬੋਲਿਆ, ‘‘ਕਾਹਨੂੰ ਭਾਈ ਥੋਨੂੰ ਪਤਾ ਹੀ ਐ, ਸਾਡਾ ਘਰ ਸਾਡੇ ਡੰਗਰਾਂ ਵਾਲੇ ਵਾੜੇ ਤੋਂ ਦੂਰ ਐ, ਏਸੇ ਲਈ ਮੈਨੂੰ ਉੱਥੇ ਸੌਣਾ ਪੈਂਦਾ ਏ। ਕੱਲ੍ਹ ਰਾਤ ਜਦੋਂ ਮੈਂ ਪਾਣੀ ਪੀਣ ਉੱਠਿਆ ਤਾਂ ਥੋਡੀ ਮੱਝ ਸਾਡੇ ਵਾੜੇ ਦੀ ਖੁਰਲੀ ’ਚ ਮੂੰਹ ਮਾਰ ਰਹੀ ਸੀ। ਮੈਨੂੰ ਕੀ ਪਤਾ ਸੀ ਬਈ ਉਹ ਥੋਡੀ ਮੱਝ ਐ। ਮੈਂ ਸੰਗਲ ਫੜਿਆ ਤੇ ਆਪਣੇ ਵਾੜੇ ਵਿੱਚ ਬੰਨ੍ਹ ਲਈ। ਮੈਂ ਸੋਚਿਆ ਜੀਹਦੀ ਹੋਊ ਸਵੇਰ ਤੱਕ ਗਾਹ ਪੈ ਹੀ ਜਾਣਾ। ਫੇਰ ਜਦੋਂ ਗੁਰਦੁਆਰੇ ਵਾਲੇ ਭਾਈ ਨੇ ਥੋਡੀ ਮੱਝ ਚੋਰੀ ਦੀ ਸੂਚਨਾ ਦਿੱਤੀ ਤਾਂ ਇਹ ਸੁਣ ਕੇ ਮੈਂ ਏਧਰ ਆ ਗਿਆ।’’ ਅੱਗੋਂ ਮੋਹਣਾ ਤਾਇਆ ਬੋਲਿਆ, ‘‘ਜਾਓ ਖੋਲ੍ਹ ਲਿਆਓ ਆਪਣੀ ਮੱਝ।’’ ਮੇਰਾ ਤਾਇਆ ਜਾ ਕੇ ਮੱਝ ਖੋਲ੍ਹ ਲਿਆਇਆ। ਮੱਝ ਨੂੰ ਦੇਖ ਕੇ ਬਿਸ਼ਨੋ ਤਾਈ ਦੀ ਜਾਨ ’ਚ ਜਾਨ ਆ ਗਈ। ਉੱਥੇ ਖੜ੍ਹੇ ਸਾਰੇ ਲੋਕ ਮੋਹਣੇ ਤਾਏ ਵੱਲ ਘੂਰ-ਘੂਰ ਦੇਖਣ ਲੱਗੇ।
* * *
ਸੁਪਨਿਆਂ ਦੀ ਮੌਤ
ਬਲਜਿੰਦਰ ਜੌੜਕੀਆਂ
ਵਿਭਾਗੀ ਜ਼ਿੰਮੇਵਾਰੀ ਤਹਿਤ ਮੈਂ ਰੋਜ਼ਾਨਾ ਦੀ ਤਰ੍ਹਾਂ ਸਕੂਲ ਨਿਰੀਖਣ ਸਮੇਂ ਦਸਵੀਂ ਜਮਾਤ ਦੇ ਬੱਚਿਆਂ ਤੋਂ ਉਨ੍ਹਾਂ ਦੀ ਪੜ੍ਹਾਈ ਨਾਲ ਸਬੰਧਿਤ ਅਨੇਕਾਂ ਸਵਾਲ ਪੁੱਛੇ ਜੋ ਮੈਂ ਅਕਸਰ ਹਰ ਸਕੂਲ ਦੇ ਬੱਚਿਆਂ ਤੋਂ ਪੁੱਛਦਾ ਹਾਂ। ਵਿਦਿਆਰਥੀ ਖ਼ਾਮੋਸ਼ ਸਨ। ਉਨ੍ਹਾਂ ਵੱਲੋਂ ਸਾਧਾਰਨ ਪ੍ਰਸ਼ਨਾਂ ਦੇ ਉੱਤਰ ਨਾ ਦੇ ਸਕਣ ਨੇ ਮਨ ਬੇਚੈਨ ਕਰ ਦਿੱਤਾ। ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਨੂੰ ਬੁਲਾਇਆ ਤਾਂ ਉਨ੍ਹਾਂ ਨੇ ਆਪਣੇ ਬਚਾਅ ਲਈ ਬੱਚਿਆਂ ਦੇ ਅਨੇਕਾਂ ਨੁਕਸ ਸਾਰੀ ਕਲਾਸ ਸਾਹਮਣੇ ਗਿਣਾ ਦਿੱਤੇ ਜੋ ਮੈਨੂੰ ਚੰਗਾ ਨਾ ਲੱਗਿਆ। ਮੈਂ ਬੱਚਿਆਂ ਨੂੰ ਹੌਸਲਾ ਦੇਣ ਲਈ ਗੱਲੀਂਬਾਤੀਂ ਉਨ੍ਹਾਂ ਦੀ ਤਾਰੀਫ਼ ਕਰਨ ਲੱਗਿਆ ਮਸਲਨ ਸਾਰੇ ਵਰਦੀਆਂ ’ਚ ਸਨ ਜਾਂ ਜਮਾਤ ’ਚ ਸ਼ੋਰ ਨਹੀਂ ਸੀ। ਜਮਾਤ ਇੰਚਾਰਜ ਨੂੰ ਵਿਦਿਆਰਥੀਆਂ ਦੀ ਗਿਣਤੀ ਪੁੱਛਣ ’ਤੇ ਉਸ ਨੇ ਕਿਹਾ ਕਿ ਇਸ ਸੈਕਸ਼ਨ ’ਚ 40 ਬੱਚੇ ਪੜ੍ਹਦੇ ਹਨ। ਜਦੋਂ ਮੈਂ ਬੱਚਿਆਂ ਦੀ ਗਿਣਤੀ ਕੀਤੀ ਤਾਂ ਮਹਿਜ਼ 16 ਬੱਚੇ ਹੀ ਹਾਜ਼ਰ ਸਨ। ਇੰਨੇ ਬੱਚੇ ਗ਼ੈਰਹਾਜ਼ਰ ਹੋਣ ਬਾਰੇ ਇੰਚਾਰਜ ਅਧਿਆਪਕ ਦਾ ਉੱਤਰ ਤਸੱਲੀਬਖਸ਼ ਨਹੀਂ ਸੀ। ਹਾਂ, ਉਸ ਨੇ ਮਹਿਕਮੇ ਦੇ ਡਰੋਂ ਔਨਲਾਈਨ ਪੋਰਟਲ ’ਤੇ 30 ਬੱਚੇ ਹਾਜ਼ਰ ਕੀਤੇ ਹੋਏ ਸਨ। ਖ਼ੈਰ, ਮੈਂ ਇਸ ਮੁੱਦੇ ’ਤੇ ਜਮਾਤ ਨੂੰ ਸਿੱਧਾ ਮੁਖਾਤਬਿ ਹੁੰਦਿਆਂ ਬੱਚਿਆਂ ਤੋਂ ਗ਼ੈਰਹਾਜ਼ਰੀ ਦਾ ਕਾਰਨ ਪੁੱਛਿਆ। ਇੱਕ ਦੋ ਬੱਚਿਆਂ ਨੇ ਦੱਬਵੀਂ ਜਿਹੀ ਆਵਾਜ਼ ’ਚ ਇੱਕ-ਦੋ ਕਾਰਨ ਸਾਂਝੇ ਕੀਤੇ ਜਿਨ੍ਹਾਂ ’ਚ ਪਿੰਡ ਦੇ ਵੱਖ-ਵੱਖ ਡੇਰਿਆਂ ਦੇ ਸਮਾਗਮ ਅਤੇ ਵਿਆਹਾਂ ਦੇ ਸੀਜ਼ਨ ਦਾ ਜ਼ਿਕਰ ਸੀ। ਪਿੰਡ ਦੀ ਭੂਗੋਲਿਕ ਜਾਣਕਾਰੀ ਹੋਣ ਕਰਕੇ ਮੈਂ ਬੱਚਿਆਂ ਨੂੰ ਸੁਆਲ ਕੀਤਾ ਕਿ ਨਰਮੇ ਦੀ ਚੁਗਾਈ ਦਾ ਸੀਜ਼ਨ ਵੀ ਗ਼ੈਰਹਾਜ਼ਰੀ ਦਾ ਕਾਰਨ ਹੋ ਸਕਦਾ ਹੈ। ਮੇਰੇ ਇਸ ਪ੍ਰਸ਼ਨ ਦੇ ਉੱਤਰ ਵਜੋਂ ਸ਼ੁਰੂ ਤੋਂ ਚੁੱਪ ਬੈਠੀ ਲੜਕੀ ਇਹ ਕਹਿੰਦੇ ਅੱਖਾਂ ਭਰ ਆਈ, ‘‘ਸਰ, ਇਸ ਵਾਰੀ ਨਰਮਾ ਤਾਂ ਗੁਲਾਬੀ ਸੁੰਡੀ ਖਾ ਗਈ।’’ ਸੱਚਮੁੱਚ! ਗੁਲਾਬੀ ਸੁੰਡੀ ਨਰਮਾ ਨਹੀਂ, ਬੱਚਿਆਂ ਭਵਿੱਖ ਖਾ ਗਈ।’’ ਮੈਂ ਅੰਦਰੋਂ ਅੰਦਰੀ ਸੋਚਦਾ ਉਦਾਸ ਮੜ ਨਾਲ ਅਗਲੀ ਜਮਾਤ ਵੱਲ ਹੋ ਤੁਰਿਆ।
ਸੰਪਰਕ: 94630-24575