ਮਨਮੋਹਨ
ਪ੍ਰਸਿੱਧ ਮਾਨਵ-ਭਾਸ਼ਾ ਵਿਗਿਆਨੀ ਡਾ. ਹਰਜੀਤ ਸਿੰਘ ਗਿੱਲ ਦੇ ਵਿਦਿਆਰਥੀ ਅਤੇ ਮੇਰੇ ਦੋਸਤਾਂ ਜਿਹੇ ਅਧਿਆਪਕ, ਚਿਹਨ ਅਤੇ ਲੋਕਧਾਰਾ ਵਿਗਿਆਨੀ ਡਾ. ਰਣਜੀਤ ਸਿੰਘ ਬਾਜਵਾ ਦੀ ਨਵੀਂ ਕਿਤਾਬ ‘Semiotics of Films and Phantasies’ ਵਿਚ ਭਾਰਤ-ਪਾਕਿਸਤਾਨ ਵੰਡ ਅਤੇ ਹੋਰ ਭਿੰਨ ਭਿੰਨ ਸਮਾਜਿਕ ਵਿਸ਼ਿਆਂ ਬਾਰੇ ਬਣੀਆਂ ਫਿਲਮਾਂ ਦਾ ਚਿਹਨ ਸ਼ਾਸਤਰੀ ਅਧਿਐਨ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਡਾ. ਬਾਜਵਾ ਦੀਆਂ ‘The Semiotics of Birth Ceremonies in Punjab’ (1991) ਅਤੇ ‘Community and Violence in Punjab’ (1995) ਪੁਸਤਕਾਂ ਛਪ ਚੁੱਕੀਆਂ ਹਨ।
ਚਿਹਨ ਸ਼ਾਸਤਰ ਅਤੇ ਲੋਕਧਾਰਾ ਦੋ ਵਿਸ਼ਿਆਂ ਵਜੋਂ ਅੰਤਰ-ਅਨੁਸ਼ਾਸਨੀ ਅਤੇ ਪਰਾ-ਅਨੁਸ਼ਾਸਨੀ ਸੁਮੇਲ ਦੇ ਵਿਰਾਟ ਕਾਰਜ ਖੇਤਰ ਦੀਆਂ ਸੰਭਾਵਨਾਵਾਂ ਸਾਂਭੀ ਬੈਠੇ ਹਨ। ਸਿਨੇਮਾਈ ਬੁਣਤਾਂ ਵਿਚ ਜੜਤ ਆਰਕੀਟਾਈਪਾਂ, ਮੋਟਿਫਾਂ ਅਤੇ ਬਿੰਬਾਂ-ਪ੍ਰਤੀਕਾਂ ਨੇ ਪਰੰਪਰਾਗਤ ਕਥਾ ਕਹਿਣ ਨੂੰ ਚੁਣੌਤੀ ਦਿੱਤੀ ਹੈ ਜਿਸ ਕਾਰਨ ਇਨ੍ਹਾਂ ਦੇ ਚਿਹਨ ਸ਼ਾਸਤਰੀ ਅਧਿਐਨ ਲਾਜ਼ਮੀ ਬਣੇ। ਇਸ ਕਿਤਾਬ ਵਿਚ ਪੰਜ (ਇਕ ਲੇਖ ਵਿਚ ਦੋ ਹੋਣ ਕਾਰਨ ਛੇ ਫ਼ਿਲਮਾਂ) ਫਿਲਮਾਂ ਦੇ ਅਧਿਐਨ ਪੇਸ਼ ਕੀਤੇ ਹਨ ਜਿਨ੍ਹਾਂ ਦੇ ਥੀਮਕ ਪਾਸਾਰ ਸਮਾਜ ਵਿਚ ਪਸਰੀ ਮਾਨਵੀ ਬੇਗ਼ਾਨਗੀ, ਉਦਾਸੀ ਅਤੇ ਮਨੋ-ਦੁਬਿਧਾਵਾਂ ਦੇ ਇਰਦ-ਗਿਰਦ ਉਸਰਦੇ ਹਨ।
ਪਹਿਲੀ ਫਿਲਮ ‘ਚਾਰੂਲਤਾ’ ਵਿਚ ਕੁਲੀਨ ਵਰਗ ਦੀ ਔਰਤ ਦੀ ਇਕੱਲਤਾ ਕਾਰਨ ਪੈਦਾ ਹੋਈਆਂ ਮਨੋਵਿਗਿਆਨਕ ਸਮੱਸਿਆਵਾਂ ਬੇਗ਼ਾਨਗੀ ਅਤੇ ਉਦਾਸੀ ਦੇ ਸਿਖਰ ’ਤੇ ਪਹੁੰਚ ਜਾਂਦੀਆਂ ਹਨ, ਦਾ ਚਿਹਨ ਸ਼ਾਸਤਰ ਉਸਾਰਨ ਦਾ ਯਤਨ ਕੀਤਾ ਗਿਆ ਹੈ। ਦੂਜੀਆਂ ਦੋ ਫਿਲਮਾਂ ਹਨ: ‘ਪਾਕੀਜ਼ਾ’ ਅਤੇ ‘ਉਮਰਾਓ ਜਾਨ’। ਇਨ੍ਹਾਂ ’ਤੇ ਆਧਾਰਿਤ ਚਿਹਨ ਸ਼ਾਸਤਰੀ ਅਧਿਐਨ ਵਿਚ ਤਵਾਇਫ਼ਾਂ ਅਤੇ ਨਾਚੀਆਂ ਦੇ ਜੀਵਨ ਵਿਚ ਪੈਦਾ ਹੋਈਆਂ ਨਿੱਜੀ, ਮਾਨਸਿਕ, ਭਾਵੁਕ ਸਮੱਸਿਆਵਾਂ ਨੂੰ ਸਮਾਜਿਕ ਮਸਲੇ ਦੇ ਨੁਕਤਾ ਨਿਗ਼ਾਹ ਤੋਂ ਸਮਝਣ ਦਾ ਯਤਨ ਕੀਤਾ ਗਿਆ ਹੈ। ਅੰਤਿਮ ਤਿੰਨ ਫਿਲਮਾਂ ‘ਏ ਟ੍ਰੇਨ ਟੂ ਪਾਕਿਸਤਾਨ’, ‘ਪਿੰਜਰ’ ਅਤੇ ‘ਕਿੱਸਾ’ ਫ਼ਿਰਕਿਆਂ-ਬਿਰਾਦਰੀਆਂ ਦੇ ਸਮੂਹਿਕ ਸਦਮਿਆਂ ਨੂੰ ਆਪਣਾ ਵਿਦਾ ਬਿੰਦੂ ਬਣਾਉਂਦਿਆਂ ਇਹ ਦੱਸਦੀਆਂ ਹਨ ਕਿ ਇਨ੍ਹਾਂ ਹਿੰਸਕ ਦੌਰਾਂ ਦਾ ਪਿੱਛੇ ਬਚੇ ਰਹਿ ਗਏ ਮਨੁੱਖਾਂ ਦੇ ਮਨਾਂ ’ਤੇ ਕਿਹੋ ਜਿਹਾ ਸਮਾਜ-ਮਨੋਵਿਗਿਆਨਕ ਪ੍ਰਭਾਵ ਪੈਂਦਾ ਹੈ। ਇਹ ਫਿਲਮਾਂ ਭਾਰਤ-ਪਾਕਿਸਤਾਨ ਵੰਡ ਦੇ ਬਚ ਗਏ ਲੋਕਾਂ ਦੇ ਸਮੂਹਿਕ ਡਰਾਉਣੇ ਅਨੁਭਵਾਂ ਨੂੰ ਬੇਪਰਦ ਕਰਨ ਲਈ ਇਨ੍ਹਾਂ ਦੇ ਚਿਹਨ ਸ਼ਾਸਤਰੀ ਸਿਸਟਮ ਅੰਦਰ ਪ੍ਰਵੇਸ਼ ਕਰ ਅੰਦਰੂਨੀ ਤਹਿਆਂ ਨੂੰ ਸਾਹਮਣੇ ਲਿਆਉਂਦੀਆਂ ਹਨ। ਇਹ ਸਾਰੇ ਅਧਿਐਨ ਫਿਲਮੀ ਕਥਾਕਾਰੀ ਦੇ ਕਈ ਆਯਾਮਾਂ ਦੀ ਪੜਤਾਲ ਕਰਦੇ ਹਨ ਜਿਵੇਂ ਕਿ ਕਥਾਕਾਰੀ ਅਜਿਹਾ ਕਲਾ ਰੂਪ ਹੈ ਜੋ ਵਿਭਿੰਨ ਸਮਿਆਂ ਦੇ ਪੜਾਵਾਂ ਨਾਲ ਵਿਕਸਿਤ ਹੋਇਆ ਹੈ, ਰੂਪਾਂਤ੍ਰਿਤ ਹੋਇਆ ਹੈ ਅਤੇ ਇਸ ਦੇ ਕਈ ਹੋਰ ਰੂਪ ਮੁੜ ਮੁੜ ਖੋਜੇ ਗਏ ਹਨ। ਇਨ੍ਹਾਂ ਅਧਿਐਨਾਂ ਵਿਚ ਫਿਲਮਾਂ, ਚਿਹਨ ਸ਼ਾਸਤਰ ਅਤੇ ਲੋਕਧਾਰਾ ਜਿਹੇ ਅੰਤਰ-ਸਬੰਧਿਤ ਅਨੁਸ਼ਾਸਨਾਂ ਨੂੰ ਨਵੇਂ ਪਰਿਪੇਖ ਤੋਂ ਪੇਸ਼ ਕੀਤਾ ਗਿਆ ਹੈ।
ਪਹਿਲੇ ਲੇਖ ਵਿਚ ਪ੍ਰਸਿੱਧ ਫਿਲਮ ਨਿਰਦੇਸ਼ਕ ਸਤਿਆਜੀਤ ਰੇਅ ਦੀ 1964 ’ਚ ਆਈ ਬੰਗਾਲੀ ਫਿਲਮ ‘ਚਾਰੂਲਤਾ’ ਦੀ ਬੇਗ਼ਾਨਗੀ ਅਤੇ ਇਕੱਲਤਾ ਵਿਚ ਉਸ ਪ੍ਰਕਿਰਿਆ ਨੂੰ ਤਲਾਸ਼ਣ ਦਾ ਯਤਨ ਕੀਤਾ ਹੈ ਕਿ ਦਵੰਦ ਦੇ ਦ੍ਰਿਸ਼ਟੀਕੋਣ ਤੋਂ ਚਾਰੂਲਤਾ ਕਿਵੇਂ ਆਪਣੇ ਸਵੈ ਦੀ ਖੋਜ ਕਰਦੀ ਹੈ। ਇਸ ਫਿਲਮ ਵਿਚ ਇਹ ਦਰਸਾਇਆ ਗਿਆ ਹੈ ਕਿ ਤੇਜ਼ੀ ਨਾਲ ਬਦਲਦੇ ਸਮਾਜ ਵਿਚ ਸਭਿਆਚਾਰ ਹੁਣ ਕੋਈ ਆਜ਼ਾਦ ਵਰਤਾਰਾ ਨਹੀਂ ਰਹਿ ਗਿਆ। ਚਾਰੂਲਤਾ ਦੀ ਨਾਇਕਾ ਬਦਲ ਰਹੇ ਬੰਗਾਲੀ ਸਮਾਜ ਦੇ ਰੂਪਾਂਤਰਣ ਦਾ ਸਿਖਰ ਹੈ। ਅਸ਼ੀਸ਼ ਨੰਦੀ ਆਪਣੀ How Indian is Ray? Cinemaya 20’ ਵਿਚ ਲਿਖਦਾ ਹੈ ਕਿ ਰੇਅ ’ਚ ਸਵੈ ਦੀ ਬਹੁਵੰਦਤਾ ਹੈ ਜਿਸ ਵਿਚ ਉਸ ਦਾ ਕੁਝ ਹਿੱਸਾ ਡੂੰਘੇ ਰੂਪ ’ਚ ਭਾਰਤੀ ਹੈ ਅਤੇ ਕੁਝ ਹਿੱਸਾ ਪੱਛਮੀ ਸਭਿਆਚਾਰ ਦਾ ਹੈ। ਚਾਰੂਲਤਾ ਵਿਚ ਰੇਅ ਨੇ ਉਸ ਕੁਲੀਨ-ਸ਼ਹਿਰੀ ਬੰਗਾਲੀ ਸਮਾਜ ਨੂੰ ਫੜ੍ਹਨ ਦਾ ਯਤਨ ਕੀਤਾ ਹੈ ਜੋ ਦੁਵੱਲੀਆਂ ਵਿਰੋਧੀ ਸ਼ਕਤੀਆਂ ਵਿਚ ਵੰਡਿਆ ਪਿਆ ਸੀ। ਇਕ ਹੈ: ਗੋਰੀ, ਸਾਮਰਾਜਵਾਦੀ, ਇਸਾਈਅਤ ਵਾਲੀ ਧਿਰ ਅਤੇ ਦੂਜੀ ਜਗੀਰੂ, ਰੂੜ੍ਹੀਵਾਦੀ, ਹਿੰਦੂ ਪਿੱਠਭੂਮੀ ਵਾਲੀ ਧਿਰ ਜਿਸ ਵਿਚੋਂ ਬੰਗਾਲੀ ਪੁਨਰ-ਜਾਗਰਤੀ ਦਾ ਉੱਥਾਨ ਹੁੰਦਾ ਹੈ। ਕੁਲੀਨ ਬੰਗਾਲੀ ਸਮਾਜ ਨੇ ਅੰਗਰੇਜ਼ੀ ਜ਼ੁਬਾਨ ’ਚ ਮੁਹਾਰਤ ਹਾਸਿਲ ਕਰ ਪੱਛਮ ਦੀ ਆਧੁਨਿਕਤਾ ਦੇ ਨਵੇਂ ਵਿਚਾਰ ਜਿਵੇਂ ਜਮਹੂਰੀਅਤ, ਉਦਾਰਵਾਦ, ਰਾਸ਼ਟਰਵਾਦ, ਨਾਰੀ ਪ੍ਰਤੀ ਉਦਾਰਤਾ ਅਤੇ ਸਮਾਜਿਕ ਬਰਾਬਰੀ ਦੇ ਵਿਚਾਰਾਂ ਨੂੰ ਸਮਝਿਆ ਤੇ ਫੈਲਾਇਆ। ਇਸ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਪ੍ਰਕਰਣ ਨਾਲ ਬੰਗਾਲ ਵਿਚ ਇਕ ਵਿਸ਼ੇਸ਼ ਪ੍ਰਕਾਰ ਦਾ ਕੁਲੀਨ ਬੌਧਿਕ ਅਸਰ ਦਿਖਾਈ ਦੇਣ ਲੱਗਾ।
ਚਾਰੂਲਤਾ ਰੇਅ ਦੀ ਬੜੀ ਮਕਬੂਲ ਫਿਲਮ ਰਹੀ। ਨਾਇਕਾ ਚਾਰੂ ਬੰਗਾਲ ਦੇ ਉਨ੍ਹੀਵੀਂ ਸਦੀ ਦੇ ਸਭਿਆਚਾਰਕ ਕਦਰਾਂ ਕੀਮਤਾਂ ਦੀ ਪ੍ਰਤੀਨਿਧਤਾ ਕਰਦੀ ਹੈ। ਫਿਲਮ ਵਿਚ ਚਾਰੂ, ਭੂਪਤੀ ਨਾਮੀ ਅਮੀਰ ਕੁਲੀਨ ਵਰਗ ਦੇ ਵਿਅਕਤੀ ਨਾਲ ਵਿਆਹੀ ਜਾਂਦੀ ਹੈ। ਭੂਪਤੀ ਅੰਗਰੇਜ਼ੀ ਅਖ਼ਬਾਰ ਦਾ ਸੰਪਾਦਕ ਹੈ। ਉਹ ਆਪਣੇ ਕਿੱਤੇ ਵਿਚ ਬੁਰੀ ਤਰ੍ਹਾਂ ਖਚਿਤ ਹੈ। ਉਸ ਕੋਲ ਆਪਣੀ ਸੁੰਦਰ ਪਤਨੀ ਲਈ ਸਮਾਂ ਨਹੀਂ। ਪਤਨੀ ਦੀ ਇਕੱਲਤਾ ਨੂੰ ਭਾਂਪਦਿਆਂ ਭੂਪਤੀ ਆਪਣੇ ਕਾਰਿੰਦੇ/ਲੇਖਾਕਾਰ ਉਮਪਦਾ ਅਤੇ ਉਸ ਦੀ ਪਤਨੀ ਮਾਂਦਾ ਨੂੰ ਨਾਲ ਰਹਿਣ ਲਈ ਬੁਲਾ ਲੈਂਦਾ ਹੈ। ਫਿਰ ਭੂਪਤੀ ਆਪਣੇ ਮਮੇਰੇ ਭਰਾ ਅਮਾਲ ਨੂੰ ਵੀ ਬੁਲਾ ਲੈਂਦਾ ਹੈ ਜੋ ਚਾਰੂ ਦਾ ਹਮਉਮਰ ਹੈ। ਅਮਾਲ ਦਾ ਕੰਮ ਹੈ ਚਾਰੂ ਨੂੰ ਪੜ੍ਹਾਉਣਾ। ਅਮਾਲ ਨੂੰ ਪੜ੍ਹਨਾ ਲਿਖਣਾ ਪਸੰਦ ਹੈ ਅਤੇ ਉਹ ਚਾਰੂ ਨੂੰ ਵੀ ਲਿਖਣ ਲਈ ਤਿਆਰ ਕਰਦਾ ਹੈ। ਚਾਰੂ ਨੂੰ ਮਾਂਦਾ ਦੀ ਸੰਗਤ ਪਸੰਦ ਨਹੀਂ। ਉਹ ਹੌਲ਼ੀ ਹੌਲ਼ੀ ਅਮਾਲ ਵੱਲ ਖਿੱਚ ਮਹਿਸੂਸ ਕਰਦੀ ਹੈ ਜੋ ਅੰਤ ਪ੍ਰੇਮ ’ਚ ਪਰਵਰਤਿਤ ਹੋ ਜਾਂਦਾ ਹੈ। ਫਿਲਮ ’ਚ ਕਈ ਅਜਿਹੇ ਦ੍ਰਿਸ਼ ਹਨ ਜਿਨ੍ਹਾਂ ਵਿਚ ਦੋਹਾਂ ਦਰਮਿਆਨ ਪ੍ਰੇਮ-ਭਾਵ ਪ੍ਰਗਟ ਹੁੰਦਾ ਹੈ। ਅਮਾਲ ਦੀ ਕਾਮੁਕ ਤੱਕਣੀ ’ਚ ਮਰਦ ਦੀ ਕਾਮਨਾ ਪ੍ਰਤੱਖ ਝਲਕਦੀ ਹੈ। ਚਾਰੂ ਦੀ ਹਾਲਤ ’ਚ ਇਕ ਪ੍ਰਤੱਖ ਖ਼ਲੀਜ਼ ਹੈ ਜਿਸ ’ਚ ਕਾਮੁਕਤਾ ਨਵਰੂਪਕ ਵਜੋਂ ਉਤੇਜਕ ਦ੍ਰਿਸ਼ ਬਣ ਉਭਰਦੀ ਹੈ। ਕਈ ਦ੍ਰਿਸ਼ਾਂ ’ਚ ਅਪੂਰਣ ਇੱਛਾਵਾਂ ਦੀਆਂ ਚੁੱਪ-ਧੁਨੀਆਂ ਥਾਂ-ਪੁਰ-ਥਾਂ ਸੁਣਾਈ ਦਿੰਦੀਆਂ ਹਨ ਜਿਸ ਨਾਲ ਦ੍ਰਿਸ਼ਕਾਰੀ ਦੀ ਮੂਕ ਭਾਸ਼ਾ ਸਿਰਜਣ ਦਾ ਯਤਨ ਕੀਤਾ ਗਿਆ ਹੈ। ਫਿਲਮ ਵਿਚ ਰੇਅ ਦਾ ਮੁੱਖ ਸਰੋਕਾਰ ਹੈ ਕਿ ਚਾਰੂ ਦੇ ਓਸ ਮਨੋ-ਤਣਾਅ ਨੂੰ ਦ੍ਰਿਸ਼ਾਉਣਾ ਜੋ ਪਤੀਵਰਤਾ ਅਤੇ ਨਾਜਾਇਜ਼ ਸਬੰਧਾਂ ਵਾਲੀ ਔਰਤ ਦੇ ਅੰਤਰੀਵ ਭਾਵਾਂ ’ਚ ਕਾਰਜਸ਼ੀਲ ਹੈ। ਚਾਰੂ ਦਾ ਘਰ ਇਕ ਤਰ੍ਹਾਂ ਦੀ ਜੇਲ੍ਹ ਹੈ ਜੋ ਉਨ੍ਹੀਵੀਂ ਸਦੀ ਦੇ ਬੰਗਾਲੀ ਸਮਾਜ ਦੀ ਸੰਰਚਨਾ ਦੀ ਪ੍ਰਤਿਨਿਧਤਾ ਹੈ। ਸਮਾਜਿਕ ਮਾਹੌਲ ਵੀ ਦੋਫਾੜ ਸਥਿਤੀ ’ਚ ਹੈ। ਔਰਤ ’ਤੇ ਪਿੱਤਰਸੱਤਾ ਦਾ ਦਾਬਾ ਹੈ ਜਿਸ ’ਚ ਉਹ ਆਪਣੇ ਆਪ ਨੂੰ ਫਸੀ ਹੋਈ ਤੇ ਅੰਦਰੋਂ ਤਿੜਕੀ ਅਨੁਭਵ ਕਰਦੀ ਹੈ।
ਦੂਜੇ ਲੇਖ ਵਿਚ ਦੋ ਹਿੰਦੀ ਫਿਲਮਾਂ ਨਿਰੇਦਸ਼ਕ ਕਮਾਲ ਅਮਰੋਹੀ ਦੀ ਸੰਨ 1972 ’ਚ ਰਿਲੀਜ਼ ਹੋਈ ‘ਪਾਕੀਜ਼ਾ’ ਅਤੇ ਮੁਜ਼ੱਫ਼ਰ ਅਲੀ ਦੀ 1981 ’ਚ ਆਈ ‘ਉਮਰਾਓ ਜਾਨ’ ਦੀਆਂ ਤਵਾਇਫ਼/ਰੱਕਾਸਾ/ਨਾਚੀ ਨਾਇਕਾਵਾਂ ਦੇ ਰੂਪਾਂਤਰਣ ਨਾਲ ਜੁੜੇ ਚਿਹਨਕਾਂ ਦੀ ਵਿਆਖਿਆ ਕੀਤੀ ਗਈ ਹੈ। ਔਰਤ ਦੀ ਸਮਾਜ-ਸਭਿਆਚਾਰਕ ਸੰਕਲਪਨਾ ਬੜੀ ਗੁੰਝਲਦਾਰ ਅਤੇ ਸਭਿਆਚਾਰਕ ਰੂਪ ’ਚ ਸੰਦਰਭੀਕ੍ਰਿਤ ਹੈ। ਫਰਾਂਸਿਸੀ ਚਿੰਤਕ ਸਿਮੋਨ ਦ ਬਿਵੋਆ ਆਪਣੀ ਕਿਤਾਬ ‘The Second Sex’ ’ਚ ਲਿਖਦੀ ਹੈ ਕਿ ਔਰਤ ਹੱਡ ਮਾਸ ਦੀ ਨਹੀਂ ਸਗੋਂ ਸਮਾਜ ਦੁਆਰਾ ਬਣਾਈ ਹੁੰਦੀ ਹੈ। ਅੱਜਕੱਲ੍ਹ ਵਿਦਵਾਨ ਮਰਦਾਨਗੀ ਅਤੇ ਔਰਤਤੱਵ ਨੂੰ ਮੁੱਖ ਰੂਪ ’ਚ ਏਜੰਸੀ ਅਤੇ ਸਾਂਝ ਦੇ ਚੌਖਟਿਆਂ ’ਚ ਬੰਨ੍ਹ ਕੇ ਵੇਖਦੇ ਹਨ। ਇਹ ਦੁਵੱਲਤਾਵਾਂ ਅਤੇ ਲਿੰਗਕ ਵੱਖਰਤਾਵਾਂ, ਨਿੱਜ ਨੂੰ ਸਭਿਆਚਾਰਕ ਸਿਲਸਿਲਿਆਂ ਤੋਂ ਦੂਰ ਕਰਦੀਆਂ ਹਨ। ਸਮਾਜ ਦੇ ਇਸ ਕਿੱਤੇ/ਤਬਕੇ ਨਾਲ ਜੁੜੀਆਂ ਨਾਇਕਾਵਾਂ ਦੀ ਇਤਿਹਾਸਕ-ਸਭਿਆਚਾਰਕ ਹੋਂਦ ਦੀ ਪੂਰੇ ਭਾਰਤ ’ਚ ਬੜੀ ਵੱਡੀ ਪਰੰਪਰਾ ਰਹੀ ਹੈ। ‘ਪਾਕੀਜ਼ਾ’ ਅਤੇ ‘ਉਮਰਾਓ ਜਾਨ’ ਦੋਵੇਂ ਫਿਲਮਾਂ ਨਾ ਸਿਰਫ਼ ਦੋ ਨਿੱਜਾਂ ਦੀ ਵੱਖੋ-ਵੱਖਰੀ ਰਹਿਨੁਮਾਈ ਹੀ ਕਰਦੀਆਂ ਹਨ ਸਗੋਂ ਦੋ ਪਦਾਰਥਕ ਅਤੇ ਵਸਤੂਗਤ ਸਬੰਧਾਂ ਦੀ ਵੀ ਪੇਸ਼ਕਾਰੀ ਕਰਦੀਆਂ ਹਨ। ਦੋਵੇਂ ਫਿਲਮਾਂ ਤਵਾਇਫ਼ਾਂ ਦੀ ਜੀਵਨ ਸਥਿਤੀ ਰਾਹੀਂ ਪਿੱਤਰਕੀ ਦਾਬੇ ਅਧੀਨ ਔਰਤਤਵ ਅਤੇ ਮਰਦਾਨਗੀ ਦੀਆਂ ਬਣਤਰਾਂ ਨੂੰ ਸਮਝਣ ਦਾ ਯਤਨ ਹਨ। ਨਾਰੀ ਦੇ ਅਵਚੇਤਨ ਅਤੇ ਤਵਾਇਫ਼ ਦੇ ਜੀਵਨ ਦੇ ਸਿਆਹ ਪੱਖ ਸੱਤਾ ਸੰਰਚਨਾਵਾਂ ਅਤੇ ਦਾਸਤਾ/ਸਮਰਪਣ ਵਿਚਾਲੇ ਡੋਲਦੇ ਰਹਿੰਦੇ ਹਨ। ਤਵਾਇਫ਼ਾਂ ਦੇ ਚਰਿੱਤਰਾਂ ਦੇ ਮੁੱਖ ਚਿਹਨਕਾਂ ਦੇ ਕੇਂਦਰ ਕੋਈ ਮਨੋ-ਸਮਾਜਿਕ ਸਬੰਧਾਂ ਦੇ ਮਸਨੂਈ ਦਿਖਾਵੇ ਨਹੀਂ ਹਨ ਸਗੋਂ ਗ਼ਲਬਿਆਂ ਦੇ ਵਰਤਾਰਿਆਂ ਰਾਹੀਂ ਸ਼ਾਸਿਤ ਖ਼ਾਸ ਇੰਤਕਾਲ ਹਨ। ਸਮਾਜ ਦਾਬੇ ਤੇ ਗ਼ੁਲਾਮੀ ਦੀ ਇਕ ਨਿਰੰਤਰ ਬਣਤਰ ਹੈ ਅਤੇ ਇਸ ਦੇ ਨੇਮਾਂ ਦਾ ਉਲੰਘਣ ਸਮਾਜਿਕ ਲਗਾਤਾਰਤਾ ਵਿਚ ਵੱਡਾ ਵਿੱਢ ਪੈਦਾ ਕਰਦਾ ਹੈ।
ਭਾਰਤ-ਪਾਕਿਸਤਾਨ ਵੰਡ ਬਾਰੇ ਤਿੰਨ ਫਿਲਮਾਂ ਦਾ ਚਿਹਨ ਸ਼ਾਸਤਰੀ ਅਧਿਐਨ ਕੀਤਾ ਗਿਆ ਹੈ। ਪਹਿਲੀ ਫਿਲਮ ਹੈ: A Train to Pakistan’ ਜੋ ਖੁਸ਼ਵੰਤ ਸਿੰਘ ਦੇ ਨਾਵਲ ’ਤੇ ਆਧਾਰਿਤ ਹੈ। ਇਸ ਦਾ ਨਿਰਦੇਸ਼ਨ ਪਾਮਿਲਾ ਬਰੁੱਕਸ ਨੇ 1998 ’ਚ ਕੀਤਾ। ਇਸ ਵਿਚ ਦੇਸ਼ ਵੰਡ ਦੌਰਾਨ ਲੋਕਾਂ ਦਰਮਿਆਨ ਹੋਈ ਫ਼ਿਰਕੂ ਹਿੰਸਾ ਦੇ ਕਾਰਨਾਂ ਦੇ ਸਿਮਿਓਟਿਕਸ ਮਾਡਲ ਨੂੰ ਵਿਆਖਿਆਉਣ ਦਾ ਯਤਨ ਕੀਤਾ ਗਿਆ ਹੈ। ਇਸ ਫਿਲਮ ਦਾ ਪ੍ਰਮੁੱਖ ਚਿਹਨ ਪ੍ਰਬੰਧ ਬਦਲਦੇ ਇਤਿਹਾਸਕ ਹਾਲਾਤ ਵਿਚ ਫ਼ਿਰਕੂ ਨਫ਼ਰਤ, ਸੰਪਰਦਾਇਕ ਉਨਮਾਦ ਅਤੇ ਦੰਗਿਆਂ ਦੀ ਹਿੰਸਾ ਨੂੰ ਪ੍ਰਗਟਾਉਂਦਾ ਹੈ। ਫਿਲਮ ਦਾ ਬਿਰਤਾਂਤ ਪੰਜਾਬ ਦੇ ਛੋਟੇ ਜਿਹੇ ਪਿੰਡ ‘ਮਨੂ ਮਾਜਰਾ’ ਅੰਦਰ ਸੰਪਰਦਾਇਕ ਸਥਿਤੀ ਦੇ ਨਾਲ ਖੁੱਲ੍ਹਦਾ ਹੈ। ਅਗਲੇ ਦ੍ਰਿਸ਼ ਵਿਚ ਹੀ ਫ਼ਿਰਕੂ ਆਵਾਜ਼ਾਂ ਉੱਭਰਨ ਲੱਗਦੀਆਂ ਹਨ: ਮੁਸਲਮਾਨ ਪਾਕਿਸਤਾਨ ਚਲੇ ਜਾਣ। ਬਾਅਦ ਵਿਚ ਮੁਸਲਮਾਨਾਂ ਅਤੇ ਹਿੰਦੂ-ਸਿੱਖਾਂ ਦੇ ਦੰਗੇ ਦਿਸਣ ਲੱਗਦੇ ਹਨ। ਪਿੰਡ ਦੇ ਸ਼ਾਹੂਕਾਰ ਦਾ ਕਤਲ ਨਾਇਕ ਜੱਗੇ ਦੇ ਵਿਰੋਧੀਆਂ ਵੱਲੋਂ ਕਰ ਦਿੱਤਾ ਜਾਂਦਾ ਹੈ। ਬਸਤੀਵਾਦੀ ਅਫ਼ਸਰਸ਼ਾਹੀ ਦੀ ਪ੍ਰਤੀਨਿਧਤਾ ਮੈਜਿਸਟ੍ਰੇਟ ਹੁਕਮ ਚੰਦ ਕਰਦਾ ਹੈ। ਨਾਚੀ ਹਸੀਨਾ ਦਾ ਗਾਣਾ ਸੁਣਦਿਆਂ ਲਾਕਾਨੀਅਨ ਸੰਕਲਪ Mirror-Image ਅਨੁਸਾਰ ਹੁਕਮ ਚੰਦ ਨੂੰ ਆਪਣੀ ਧੀ ਦੀ ਝਲਕ ਪੈਂਦੀ ਹੈ। ਜੱਗੇ ਦੀ ਮੁਸਲਮਾਨ ਕੁੜੀ ਨੂਰਾਂ ਨਾਲ ਮੁਹੱਬਤ ਧਾਰਮਿਕ ਪਰੰਪਰਾ ਦਾ ਉਲੰਘਣ ਹੈ। ਦੋਹਾਂ ਦੇ ਸਹਿਵਾਸ ਦੇ ਦ੍ਰਿਸ਼ ਦਾ ਨਤੀਜਾ ਨੂਰਾਂ ਦਾ ਗਰਭਵਤੀ ਹੋਣਾ ਹੈ। ਖੇਤਾਂ ਵਿਚ ਮਿਲਣੀ ਦੌਰਾਨ ਜੱਗਾ ਨੂਰਾਂ ਨੂੰ ਕਹਿੰਦਾ ਹੈ ਕਿ ਮੈਂ ਨਾ ਸਿੱਖ ਹਾਂ, ਨਾ ਮੁਸਲਮਾਨ, ਨਾ ਹਿੰਦੂ। ਮੈਂ ਡਾਕੂ ਹਾਂ। ਬਾਗ਼ੀ। ਜੱਗੇ ਦੀ ਇਸ ਭੂਮਿਕਾ ਤੋਂ ਪਾਕਿਸਤਾਨ ਨੂੰ ਜਾਣ ਵਾਲੀ ਰੇਲ ਗੱਡੀ ’ਚ ਮੁਸਲਮਾਨਾਂ ਨੂੰ ਬਚਾਉਣ ਵਾਲੇ ਰਾਖੇ ਵਜੋਂ ਬਦਲਾਓ ਸੰਪਰਦਾਇਕ ਸਹਿਹੋਂਦ ਦਾ ਚਿਹਨ ਉਸ ਤਿੜਕੇ ਸਮਾਜ ’ਚ ਬੜੇ ਸ਼ਕਤੀਸ਼ਾਲੀ ਢੰਗ ਨਾਲ ਉਭਰਦਾ ਹੈ ਜਿਸ ਵਿਚ ਅੰਤਾਂ ਦਾ ਫ਼ਿਰਕੂ ਤਣਾਅ ਹੈ। ਜੱਗਾ ਫ਼ਿਰਕੂ ਹਿੰਸਾ ਦੇ ਡਿਜ਼ਾਈਨ ’ਚੋਂ ਮਾਨਵਤਾ ਨੂੰ ਬਚਾਉਣ ਹਿੱਤ ਦਿੱਤੀ ਸ਼ਹਾਦਤ ਦੇ ਸ਼ਕਤੀਸ਼ਾਲੀ ਚਿਹਨ ਵਜੋਂ ਸਥਾਪਿਤ ਹੁੰਦਾ ਹੈ।
ਦੂਜੀ ਫਿਲਮ ਹੈ ‘ਪਿੰਜਰ’ ਜੋ ਅੰਮ੍ਰਿਤਾ ਪ੍ਰੀਤਮ ਦੇ ਨਾਵਲ ’ਤੇ ਆਧਾਰਿਤ ਹੈ। ਇਸ ਦਾ ਨਿਰਦੇਸ਼ਨ ਡਾ. ਰਾਜ ਕੁਮਾਰ ਦਿਵੇਦੀ ਨੇ 2003 ਵਿਚ ਕੀਤਾ। ਇਸ ਵਿਚੋਂ ਵਿਸਥਾਪਿਤ ਨਿੱਜ ਦੇ ਦ੍ਰਿਸ਼ਟੀਕੋਣ ਤੋਂ ਵੰਡ ਦੀ ਲੋਕ ਸਮਝ ਦੀ ਤਲਾਸ਼ ਕੀਤੀ ਗਈ ਹੈ। ‘ਪਿੰਜਰ’ ਦਾ ਨਿੱਜ ਸੰਭਾਵਿਤ ਸੱਚ ਅਤੇ ਗਲਪ ਦਾ ਜੁੜਵਾਂ ਬਿਰਤਾਂਤ ਹੈ ਜੋ ਦੇਸ਼ ਵੰਡ ਦੀ ਤ੍ਰਾਸਦੀ ਦੇ ਇਤਿਹਾਸ ’ਚੋਂ ਉਭਰਦਾ ਹੈ। ਹਿੰਦੋਸਤਾਨੀ ਬਰੇ-ਸਗੀਰ ’ਚ ਵੰਡ ਅਜਿਹੀ ਲਾਸ਼ ਹੈ ਜੋ ਸਭਿਆਚਾਰਕ ਸਿਮਰਤੀਆਂ ਦੇ ਚਿਹਨਕੀ ਪਾਣੀਆਂ ’ਚ ਅਜੇ ਵੀ ਤੈਰ ਰਹੀ ਹੈ। ਫਿਲਮ ’ਚ ਦਿਖਾਈ ਸਮਾਜਿਕ ਬਣਤਰ ਵਿਚ ਸਭਿਆਚਾਰਕ ਸੋਪਾਨ ਵਿਚ ਮੁਸਲਮਾਨ ਸ਼ੇਖ ਬਰਾਦਰੀ ਹਿੰਦੂ ਸ਼ਾਹਾਂ ਤੋਂ ਹੀਣੀ ਹੈ। ਦੋਵੇਂ ਪਿੰਡ ‘ਰੱਤੋਵਾਲ’ ਅਤੇ ‘ਛੱਤੋਆਣੀ’ ਹਿੰਦੂ-ਮੁਸਲਮਾਨ ਦੋਹਾਂ ਫ਼ਿਰਕਿਆਂ ਦੇ ਸ਼ਾਂਤ ਸਦਭਾਵੀ ਜੀਵਨ ਦੇ ਚਿਹਨਕ ਸਿਸਟਮ ’ਚ ਵੰਡ ਦੇ ਪ੍ਰਭਾਵਾਂ ਦੀ ਭਾਸ਼ਾ ਕਈ ਸੰਵਾਦਾਂ ਵਿਚੋਂ ਹੌਲੀ ਹੌਲੀ ਪ੍ਰਤੱਖ ਝਲਕਣ ਲੱਗਦੀ ਹੈ। ਫਿਲਮ ਦੇ ਦ੍ਰਿਸ਼ਾਂ ’ਚ ਵੰਡ ਕਾਰਨ ਹੋਏ ਦੰਗਿਆਂ ਕਾਰਨ ਨਾਇਕਾ ਪੂਰੋ ਦੀ ਚਿਹਨਕੀ ਸਪੇਸ ਭਵਿੱਖ ਦੀਆਂ ਦੁਖਦਾਈ ਅਤੇ ਚਿੰਤਤ ਸਥਿਤੀਆਂ ਵੱਲ ਸਥਗਿਤ ਹੁੰਦੀ ਜਾਂਦੀ ਹੈ। ਸ਼ਾਹਾਂ ਦੀ ਪਰਿਵਾਰਕ ਸਪੇਸ ਇੱਜ਼ਤ ਅਤੇ ਧੀ ਦੀ ਭਾਲ਼ ਵਿਚ ਨਿਰੰਤਰ ਉਖੜਦੀ ਚਲੀ ਜਾਂਦੀ ਹੈ। ਫ਼ਿਰਕੂ ਨਫ਼ਰਤ ਅਤੇ ਹਿੰਸਾ ’ਚ ਪੂਰੋ ਦੀ ਸਪੇਸ ਕਾਮਨਾ ਅਤੇ ਮਾਨਸਿਕ ਸੰਤਾਪ ਵਿਚ ਡੂੰਘੇ ਲਹਿ ਜਾਂਦੀ ਹੈ। ਰਾਸ਼ਿਦ ਉਸ ਨੂੰ ਉਜਾੜਦਾ ਵੀ ਹੈ ਤੇ ਬਚਾਉਂਦਾ ਵੀ ਹੈ। ਪੂਰੋ ਇਕ ਵਿਸਥਾਪਿਤ ‘ਹੋਰ’ (other) ਹੈ। ਰਾਸ਼ਿਦ ਦੇ ਘਰੋਂ ਨੱਠ ਕੇ ਜਦ ਉਹ ਆਪਣੇ ਘਰ ਦੇ ਦਰ ’ਤੇ ਪਹੁੰਚਦੀ ਹੈ ਤਾਂ ਉਸ ਨੂੰ ਅਸਵੀਕਾਰ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹ ਮੁਸਲਮਾਨ ਰਾਸ਼ਿਦ (other) ਦੀ ਸਪੇਸ ’ਚ ਪ੍ਰਦੂਸ਼ਿਤ ਹੋ ਗਈ ਹੈ। ਇਨ੍ਹਾਂ ਦ੍ਰਿਸ਼ਾਂ ਵਿਚ ਸਮਾਜ ਵਿਚ ਨਸਲ, ਬਿਰਾਦਰੀ ਅਤੇ ਜਮਾਤ ਵਰਗਾਂ ਵਜੋਂ ਚਿਹਨਕੀ ਰੂਪ ਵਿਚ ਬੜੀਆਂ ਨੁਮਾਇਆ ਹੋ ਉਭਰਦੀਆਂ ਹਨ। ਦ੍ਰਿਸ਼ਾਤਮਕ ਰੂਪ ਵਿਚ ਫਿਲਮ ਦੇ ਸਾਰੇ ਦ੍ਰਿਸ਼ ਫ਼ਿਰਕੂ ਦੰਗੇ, ਮਜ਼ਹਬੀ ਉਨਮਾਦ, ਪਾਗ਼ਲਪਣ ਅਤੇ ਨਫ਼ਰਤ ਦਾ ਪ੍ਰਗਟਾਵਾ ਹਨ ਪਰ ਪੂਰੋ ਦੀ ਰੂਪਾਂਤ੍ਰਿਤ ਪਛਾਣ ਬਿਲਕੁਲ ਵੱਖਰੀ ਸੰਵੇਦਨਾ ਦੀ ਧਾਰਨੀ ਹੈ ਜੋ ਸਾਧਾਰਨ ਸਵੈ ਤੋਂ ਹਾਸ਼ੀਆਕ੍ਰਿਤਤਾ ਦੀ ਜੈਨਰਿਕ ਸਪੇਸ ਸਿਰਜਦੀ ਹੈ। ਹਿੰਸਾ ਅਤੇ ਦੰਗਿਆਂ ਦੀ ਇਹ ਦ੍ਰਿਸ਼ਾਵਲੀ ਫਿਲਮ ਦੇ ਬਿਰਤਾਂਤ ਦੀ ਮੂਲ ਕਥਾ ਨਹੀਂ ਸਗੋਂ ਮੂਲ ਕਥਾ ਤਾਂ ਦੋ ਵਿਰੋਧੀ ਤਣਾਓਸ਼ੀਲ ਕਾਮਨਾਵਾਂ ’ਚ ਫਸੀ ਔਰਤ ਦੇ ਅੰਤਰਮਨ ਦੀ ਸਥਿਤੀ ਹੈ। ਫਿਲਮ ਦੇ ਅੰਤਿਮ ਦ੍ਰਿਸ਼ ’ਚ ਪੂਰੋ ਤੇ ਰਾਸ਼ਿਦ ਸ਼ਰਨਾਰਥੀ ਕੈਂਪ ’ਚ ਆਉਂਦੇ ਹਨ ਤੇ ਤ੍ਰਿਲੋਕਾ ਪੂਰੋ ਨੂੰ ਸੁਨੇਹਾ ਦਿੰਦਾ ਹੈ ਕਿ ਰਾਮ ਚੰਦ ਉਸ ਨੂੰ ਸਵੀਕਾਰ ਕਰਨ ਨੂੰ ਤਿਆਰ ਹੈ। ਪੂਰੋ ਨੂੰ ਇਹ ਮਨਜ਼ੂਰ ਨਹੀਂ ਕਿਉਂਕਿ ਉਸ ਰਾਸ਼ਿਦ ਨਾਲ ਰਹਿਣ ਨੂੰ ਮਨ ’ਚ ਧਾਰ ਲਿਆ ਹੈ। ਉਹ ਆਪਣਾ ਆਪ ‘ਲਾਜੋ’ ਦੀ ਸਥਿਤੀ ’ਚੋਂ ਦੇਖਦੀ ਹੈ ਜਿਸ ਨੂੰ ਉਸ ਦੇ ਮਾਪਿਆਂ ਹਵਾਲੇ ਕੀਤਾ ਜਾ ਚੁੱਕਾ ਹੈ।
ਤੀਜੀ ਫਿਲਮ ‘ਕਿੱਸਾ’ ਹੈ ਜੋ 2013 ਵਿਚ ਆਈ ਅਤੇ ਜਿਸ ਦਾ ਨਿਰਦੇਸ਼ਨ ਅਨੂਪ ਸਿੰਘ ਨੇ ਕੀਤਾ ਹੈ। ਇਸ ਵਿਚੋਂ ਇਕੱਲਤਾ ਦੇ ਭੂਤ ਦੀ ਕਹਾਣੀ ਵਿਚੋਂ ਪੰਜਾਬੀ ਲੋਕ ਮਨ ਵਿਚ ਕਾਰਜਸ਼ੀਲ ਵੈਭਵ ਦੇ ਵਰਤਾਰੇ ਦੇ ਅਰਥ ਵਿਗਿਆਨ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ‘ਕਿੱਸਾ’ ਕਹਿਰ ਦਾ ਬਿਰਤਾਂਤ ਹੈ। ਅੰਬਰ ਸਿੰਘ ਦੀ ਪੁੱਤ ਪੈਦਾ ਕਰਨ ਦੀ ਭੁੱਖ ਵਿਚੋਂ ਪੈਦਾ ਹੋਏ ਦੁੱਖ, ਬੇਗ਼ਾਨਗੀ ਅਤੇ ਜੜ੍ਹਹੀਣਤਾ ਦੀਆਂ ਗੁੰਝਲਾਂ ਦੀ ਸਿਨਮੈਟੋਗਰਾਫ਼ੀ ਹੈ। ਇਸ ਦੇ ਪਸਮੰਜ਼ਰ ਵਿਚ ਦੇਸ਼ ਵੰਡ ਦਾ ਲੰਮੇਰਾ, ਤਿੱਖਾ ਅਤੇ ਖ਼ੂਨੀ ਸਿਲਸਿਲਾ ਨਿਰੰਤਰ ਚੱਲਦਾ ਹੈ। ਅੰਬਰ ਸਿੰਘ ਦਾ ਵੰਡ ਕਾਰਨ ਉਜਾੜਾ ਇਕ ਭਾਵੁਕ ਵਿਸਥਾਪਨ ਦੀ ਸਮਝ ਸਿਰਜਦਾ ਹੈ ਜੋ ਕਿ ਸਿਰਫ਼ ਘਰ ਬਦਲਣ ਤਕ ਹੀ ਸੀਮਤ ਨਹੀਂ ਸਗੋਂ ਇਸ ਦੀ ਤਬਾਹੀ ਕਿਤੇ ਵੱਧ ਭਿਆਨਕ ਹੈ। ਅੰਬਰ ਸਿੰਘ ਲਈ ਪੁੱਤ ਦਾ ਪਿਤਾ ਬਣਨ ਦੀ ਚਾਹਤ ਦੀ ਪੂਰਤੀ ਦੁਨੀਆ ਦੀਆਂ ਸਭ ਸੱਤਾਵਾਂ ਤੋਂ ਕਿਤੇ ਵੱਧ ਹੈ। ਅੰਬਰ ਸਿੰਘ ਲਈ ਇਸ ਚਾਹਤ ਦੀ ਕਾਲਪਨਿਕ ਗ਼ੁਲਾਮੀ ਇੱਥੋਂ ਤੱਕ ਵਧ ਜਾਂਦੀ ਹੈ ਕਿ ਉਹ ਕੁੜੀ ਨੂੰ ਮੁੰਡੇ ਦੇ ਰੂਪ ਵਿਚ ਸਜਾ ਸੰਵਾਰ ਕੇ ਰੱਖਣ ਲੱਗਦਾ ਹੈ। ਦੁੱਧ ਪੁੱਤ ਨਾਲ ਧਾਰਮਿਕ ਪੁਰਾਤਨਤਾ/ਪੁਰਾਤੱਤਵਤਾ ਵੀ ਜੁੜੀ ਹੋਈ ਹੈ ਭਾਵ ਕਿ ਪੁੱਤ ਹੀ ਪਿਤਾ ਦੀ ਮੁਕਤੀ ਦਾ ਹੇਤੂ ਬਣਦਾ ਹੈ। ਕੰਵਰ ਦਾ ਪਗੜੀ ਬੰਨ੍ਹਣ ਦੀ ਰਸਮ ਦਾ ਚਿਹਨਕੀ ਮਹੱਤਵ ਹੈ। ਇੰਝ ਕੰਵਰ ਦੀ ਭੂਮਿਕਾ ਔਰਤ ਹੋਣ ਤੇ ਮਰਦ ਦਿਸਣ ਵਿਚ ਦੂਹਰੀ ਮਾਰ ਸਹਿੰਦੀ ਹੈ। ਰੋਬਰਟ ਜੇ. ਸਟੋਲਰ ਦਾ ਕਹਿਣਾ ਇੱਥੇ ਠੀਕ ਪ੍ਰਤੀਤ ਹੁੰਦਾ ਹੈ ਕਿ ਲਿੰਗ ਜੀਵ-ਵਿਗਿਆਨਕ ਅਤੇ ਜੈਂਡਰ ਮਨੋ-ਵਿਗਿਆਨਕ ਹੈ, ਇਸੇ ਲਈ ਇਹ ਸਭਿਆਚਾਰਕ ਹੈ। ਖ਼ਾਨਾਬਦੋਸ਼ ਕੁੜੀ ਨੀਲੀ ਅਤੇ ਕੰਵਰ ਵਿਚਕਾਰ ਜੈਂਡਰ ਦੇ ਅਰਥ ਸਮਾਜ-ਸਭਿਆਚਾਰਕ ਸੰਰਚਨਾ ਹੈ। ਕੰਵਰ ਦੇ ਦੇਹਿਕ-ਕਾਮੁਕ ਗੁਣ, ਮਾਨਸਿਕ ਵਿਵਹਾਰ ਅਤੇ ਕਾਮਨਾ ਦੇ ਪ੍ਰਗਟਾਵੇ ਉਸ ਦੇ ਅਵਚੇਤਨ ਵਿਚ ਪਾੜ ਪੈਦਾ ਕਰਦੇ ਹਨ। ਦੂਜੇ ਪਾਸੇ ਅੰਬਰ ਸਿੰਘ ਦੀ ਪੁੱਤ ਦੀ ਕਲਪਨਾ ਉਸ ਵੱਲੋਂ ਸਿਰਜੇ ਭਰਮ ਦੀ ਬਲੀ ਚੜ੍ਹ ਜਾਂਦੀ ਹੈ।
ਇਸ ਤਰ੍ਹਾਂ ਦੇ ਲੋਕ-ਮਨ ਦੇ ਵੈਭਵ ਵਿਚ ਮਰਦ ਵੱਲੋਂ ਆਪਣੀ ਚਾਹਤ ਦੇ ਪ੍ਰਗਟਾਵੇ ਪੰਜਾਬੀ ਲੋਕਧਾਰਾ ਵਿਚ ਬਹੁਤ ਮਿਲਦੇ ਹਨ। ਇੰਝ ਕਹਿ ਸਕਦੇ ਹਾਂ ਕਿ ਡਾ. ਬਾਜਵਾ ਨੇ ਆਪਣੀ ਕਿਤਾਬ Semiotics of Films and Phantasies’ ਵਿਚ ਕਲਾ ਸਿਨੇਮਾ ਦੇ ਬਿਰਤਾਂਤਾਂ ਨੂੰ ਬੌਲੀਵੁੱਡ ਦੇ ਮੁੱਖਧਾਰਾਈ ਸਿਨੇਮਾ ਨਾਲ ਜੋੜ ਕੇ ਹਿੰਸਾ, ਪਛਾਣ ਅਤੇ ਮਾਨਵੀ ਸਬੰਧਾਂ ਜਿਹੇ ਉਨ੍ਹਾਂ ਵਿਸ਼ਿਆਂ ਨੂੰ ਬਾਖ਼ੂਬੀ ਢੰਗ ਨਾਲ ਪੇਸ਼ ਕੀਤਾ ਹੈ ਜੋ ਭਾਰਤੀ ਸਮਾਜ ਵਿਚਲੇ ਮੈਟਾਬਿਰਤਾਂਤਾਂ ਕਾਰਨ ਸਦਾ ਪਰਿਵਰਤਨ ’ਚ ਰਹੇ ਹਨ। ਇਨ੍ਹਾਂ ਬਦਲਾਵਾਂ ਨੇ ਸਮਾਜ ਅਤੇ ਇਸ ਨਾਲ ਜੁੜੀਆਂ ਸੰਸਥਾਵਾਂ ਨੂੰ ਘਟਾ ਕੇ ਦੇਖਿਆ ਹੈ ਪਰ ਡਾ. ਬਾਜਵਾ ਨੇ ਸਿਮੇਨਾ ਦੇ ਲੈਂਜ਼ ਰਾਹੀਂ ਇਨ੍ਹਾਂ ਬਿਰਤਾਂਤਾਂ ਦੇ ਚਿਹਨ ਸ਼ਾਸਤਰੀ ਪਰਿਪੇਖਾਂ ਦੀ ਪੜਚੋਲ ਕਰਦਿਆਂ ਇਨ੍ਹਾਂ ਨੂੰ ਇਕ ਬੌਧਿਕ ਚੌਖਟੇ ਵਿਚੋਂ ਦੇਖਣ ਦਾ ਯਤਨ ਕੀਤਾ ਹੈ। ਇਹ ਲਿਖਤ ਪੜਨ੍ਹਯੋਗ, ਰੌਚਿਕ, ਦ੍ਰਿਸ਼ਟਾਂਤਕ ਅਤੇ ਕਲਪਨਾਸ਼ੀਲ ਪੁੱਠ ਵਾਲੀ ਹੈ ਜੋ ਪਾਠਕ ਦੇ ਮਨ ਅਤੇ ਸੋਚ ਪ੍ਰਕਿਰਿਆ ਨੂੰ ਹਲੂਣਦੀ ਹੈ।
ਸੰਪਰਕ: 82839-48811