ਪਾਲ ਕੌਰ
ਸ਼ਾਇਰ ਇਤਿਹਾਸਕਾਰੀ ਵੀ ਕਰਦੇ ਹਨ। ਪੰਜਾਬੀ ਵਿਚ ਨਜ਼ਾਬਤ ਤੇ ਕਾਦਰਯਾਰ ਦੀ ਸ਼ਾਇਰੀ ਵਿਚ ਇਹ ਰਵਾਇਤ ਉੱਘੜ ਕੇ ਸਾਹਮਣੇ ਆਉਂਦੀ ਹੈ। ਕਰਤਾਰ ਸਿੰਘ ਕਲਾਸਵਾਲੀਆ ਨੇ ਸਿੱਖ ਇਤਿਹਾਸ ਨੂੰ ਬੈਂਤਾਂ ਵਿਚ ਕਲਮਬੰਦ ਕੀਤਾ। ਪਿਛਲੇ ਕੁਝ ਵਰ੍ਹਿਆਂ ਦੌਰਾਨ ਹਰਵਿੰਦਰ ਅਤੇ ਹਰਵਿੰਦਰ ਭੱਟੀ ਨੇ ਅਜਿਹੀਆਂ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਹਨ। ਅੰਮ੍ਰਿਤਾ ਪ੍ਰੀਤਮ ਨੇ ‘ਮੈਂ ਤਵਾਰੀਖ ਹਾਂ ਹਿੰਦ ਦੀ’ ਲਿਖੀ। ਮਹਿੰਦਰ ਸਿੰਘ ਸਰਨਾ, ਅਵਤਾਰ ਸਿੰਘ ਆਜ਼ਾਦ, ਹਰਿੰਦਰ ਸਿੰਘ ਰੂਪ ਅਤੇ ਹੋਰ ਕਵੀਆਂ ਨੇ ਵੀ ਪੰਜਾਬ ਦੇ ਇਤਿਹਾਸ ਦੇ ਵੱਖ-ਵੱਖ ਹਿੱਸਿਆਂ ਨੂੰ ਕਾਵਿ-ਰੂਪ ਵਿਚ ਪੇਸ਼ ਕੀਤਾ ਹੈ। ਹੁਣ ਪੰਜਾਬੀ ਦੀ ਉੱਘੀ ਕਵਿੱਤਰੀ ਪਾਲ ਕੌਰ ਨੇ ਇਹ ਵਿਧਾ ਅਪਣਾਉਂਦਿਆਂ ਕਿਤਾਬ ‘ਸੁਣ ਗੁਣਵੰਤਾ ਸੁਣ ਬੁਧਿਵੰਤਾ’ ਪੰਜਾਬ ਦੇ ਇਤਿਹਾਸ ’ਤੇ ਲਿਖੀ ਹੈ। ਅਸੀਂ ਇਸ ਵਿਚੋਂ ਕੁਝ ਹਿੱਸੇ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।
(1)
ਆਦਿ ਨਗਰ ਦੇ ਵਾਸੀ ਹਾਂ, ਧਰਤੀ ਮਾਂ ਦੇ ਜਾਏ।
ਪਾਣੀਆਂ ਉੱਤੇ ਰਾਜ ਕਰੇਂਦੇ, ਕਾਦਰ ਗੋਦ ਖਿਡਾਏ।
ਦੇਸ ਕੇਹਾ, ਪਰਦੇਸ ਕੀ, ਕੁਝ ਵੱਸਦੇ ਤੇ ਵਸਾਂਦੇ।
ਮੱਥੇ ਤਿਊੜੀ ਬਣਨਗੇ, ਵੱਸਿਆਂ ਨੂੰ ਉਖੜਾਂਦੇ।
ਜੰਗਲ ਸਾਡਾ ਨਾਂ ਥਾਂ ਸੀ, ਜੰਗਲ ਸਾਡੇ ਯਾਰ।
ਕਰਦੇ ਭਾਲ ਚਰਾਂਦਾਂ ਦੀ, ਕਰਦੇ ਭਾਲ ਸ਼ਿਕਾਰ।
ਭੇਡ ਬੱਕਰੀ ਕੁੱਤੇ ਬਿੱਲੀਆਂ, ਗੈਂਡੇ ਬੈਲ ਸਨ ਸ਼ਾਨ।
ਮੱਝਾਂ ਗਾਵਾਂ ਹਾਥੀ ਊਠ, ਧਨ ਬਣੇ ਘਰ ਆਣ।
ਦਾਣਾ ਦਾਣਾ ਚੁਗ ਅਸੀਂ, ਭਾਂਡੇ ਭਰ ਭਰ ਧਰਦੇ।
ਇਕ ਹੱਥ ਪੱਥਰ ਦੂਜੇ ਕਾਂਸੀ, ਆਪਣੀ ਕੀਤੀ ਕਰਦੇ।
(2)
ਇਸ ਕਾਲ ਦੇ ਕੁੰਡ ਅੰਦਰ, ਹੋਇਆ ਕਾਲ ਸਵਾਹ।
ਗੂੰਜ ਉੱਠੀਆਂ ਮੰਤ੍ਰ ਧੁਨਾਂ, ਇਕ ਇਤਿਹਾਸ ਸਵਾਹ।
ਕੌਣ ਆਹੂਤੀ ਬਣ ਗਿਆ, ਤੇ ਕੀਤਾ ਕਿਸ ਸਵਾਹ?
ਕੌਣ ਬਲੀ ਬਣਦਾ ਰਿਹਾ, ਕਿਸ ਕੀਤਾ ਭੇਂਟ ਸਵਾਹ?
ਦੇਵ ਬਣਾ ਕੇ ਥਾਪੀਆਂ, ਉਨ੍ਹਾਂ ਕੁਦਰਤੀ ਦਾਤਾਂ।
ਕਰਨ ਸਵਾਹਾ ਬੈਠ ਕੇ, ਫਿਰ ਮੰਗਣ ਨੂੰ ਸੌਗਾਤਾਂ।
ਸੋਨਾ, ਰੂਪਾ, ਗਾਂ, ਚਰਾਂਦਾ, ਆਪ ਮੰਗਣ ਕਲਿਆਣ।
ਜਿਸ ਧਰਤੀ ਆ ਬੈਠੇ, ਉਨ੍ਹਾਂ ਲੋਕਾਂ ਦਾ ਘਾਣ।
ਸਵਰਗ ਥਾਪੇ ਹਿਮ ਪਰਬਤ, ਉਹ ਜਿੱਥੋਂ ਆਏ ਚੱਲ।
ਥਾਪੇ ਉਥੇ ਦੇਵ-ਲੋਕ, ਉਹ ਗੁਣ ਗਾਣ ਹਰ ਪਲ।
(3)
ਨਿੱਕੀ ਬੇੜੀ ਗਿਆਨ ਦੀ, ਬੋਧੀ ਭਿਖੂ ਸਵਾਰ।
ਬੁੱਧ ਹੋ ਕੇ ਸੱਚ ਪਾ ਲੈਂਦੇ, ਭਵ ਦਾ ਸਾਗਰ ਪਾਰ।
ਵੱਡੀ ਬੇੜੀ ਜੋ ਬਣਾਈ, ਬਹੁਤੇ ਪਾਰ ਲੰਘਾਏ।
ਬੋਧੀਸੱਤਵ ਕਰੁਣਾ ਤੋਂ, ਮਹਾਂ-ਕਰੁਣਾ ਤੱਕ ਜਾਵੇ।
ਬੋਧੀਸੱਤਵ ਲੈ ਗਏ ਬੇੜੀ, ਫਿਰ ਸਾਗਰਾਂ ਪਾਰ।
ਮਹਾਂਯਾਨ ਦਾ ਦੂਰ ਦੂਰ, ਜਾ ਵਧਿਆ ਪ੍ਰਸਾਰ।
ਵੱਡੀ ਬੇੜੀ ਬੈਠਣ ਲੱਗੇ, ਬਹੁਤੇ ਬਹੁਤੇ ਲੋਕ।
ਵੱਡੇ ਮੱਠ, ਵੱਡੀਆਂ ਭੇਂਟਾਂ, ਥਾਂ ਥਾਂ ਬਹੁਤ ਅਸ਼ੋਕ।
(4)
ਈਰਾਨ ਦੀ ਵੱਡੀ ਮੱਲ ਮਾਰ, ਵਧਦਾ ਗਿਆ ਸਿਕੰਦਰ।
ਜੱਗ ਜਿੱਤਣ ਦੀ ਕਾਮਨਾ, ਕਾਮਨਾ ਹੱਥ ਕਲੰਦਰ।
ਲੈ ਥਾਪੜਾ ਅਰਸਤੂ ਦਾ, ਚੜ੍ਹਿਆ ਨ੍ਹੇਰ ਯੂਨਾਨੀ।
ਅਸ਼ਟਾਕੇ ਅਭੀਸਾਰਸ ਉੱਡੇ, ਅਸਾਸੇਨੀ, ਈਰਾਨੀ
ਤਕਸ਼ਿਲਾ ਦਾ ਰਾਜਾ ਅੰਭੀ, ਲੜਨੋਂ ਪਹਿਲਾਂ ਮਰਿਆ।
ਸੈ ਸੌਗਾਤਾਂ ਲੈ ਮਿਲਿਆ, ਸਿਰ ਪੈਰੀਂ ਸੀ ਧਰਿਆ।
ਹਾਰਿਆ ਪੋਰਸ ਪੇਸ਼ ਹੋਇਆ, ਜੇਤੂ ਰਾਜੇ ਕੋਲ।
ਅਜੇ ਤੱਕ ਇਤਿਹਾਸੀਂ ਗੂੰਜਣ, ਦੋਹਾਂ ਵਿਚਲੇ ਬੋਲ।
ਉਸ ਤੋਂ ਮਗਰੋਂ ਸੁੰਨ ਹੈ, ਅੱਖਰ ਧੁੰਦਲਾ ਛਾਇਆ।
ਨੇਰ੍ਹੀ ਦੇ ਨਾਲ ਰਲ ਗਿਆ, ਇਹ ਹਨੇਰਾ ਸਾਇਆ।
ਇਸ ਨੇਰ੍ਹੇ ਨੂੰ ਅੱਗੋਂ ਟੱਕਰੇ, ਸਤਿਲੁਜ ਕੰਢੇ ਕੱਠ।
ਲੜ ਮਰੇ ਪਰ ਕਰ ਦਿੱਤਾ, ਢੇਰ ਯੂਨਾਨੀ ਹੱਠ।
ਇੱਥੋਂ ਪਰਤ ਪਿਆ ਸਿਕੰਦਰ, ਕੇਰਦਾ ਗਿਆ ਨਿਸ਼ਾਨੀ।
ਝੰਡਾ, ਸੈਨਾ, ਸੈਨਾਪਤੀ, ਰਾਜ ਤੇ ਕਾਜ ਯੂਨਾਨੀ।
(5)
ਹੇਠੋਂ ਉੱਗੇ ਬੋਲ ਵੱਖਰੇ, ਉੱਤੋਂ ਵੱਖਰੇ ਬੋਲ।
ਬੋਲਾਂ ਉੱਤੇ ਵੰਡੀਆਂ, ਸ਼ਿਸ਼ਟ, ਸ਼ਿਸ਼ਟਾਂ ਕੋਲ।
ਪ੍ਰਾਕਿਰਤਾਂ ਪ੍ਰਕਿਰਤੀ ਨੇੜੇ, ਅਪਭ੍ਰੰਸ਼ੀ ਆਉਂਦੇ ਸਾਹ।
ਸੰਸਕ੍ਰਿਤ ਰਾਜ ਮਾਰਗੀ, ਪ੍ਰਾਕਿਰਤਾਂ ਵੱਖਰੇ ਰਾਹ।
ਗਿਆਨ ਦਾ ਤੀਰਥ ਤਕਸ਼ਿਲਾ, ਰਿਹਾ ਪੰਦਰਾਂ ਸੌ ਸਾਲ।
ਬੁੱਧ ਚਿੰਤਨ ਦਾ ਵਿਦਿਆਲਾ, ਵਿਸ਼ਵ ਦੇ ਵਿਚ ਕਮਾਲ।
ਸ਼ਾਸਤ੍ਰ, ਸ਼ਸਤ੍ਰ ਤੇ ਸ਼ਾਸਨ, ਕਲਾ ਅਤੇ ਵਿਗਿਆਨ।
ਸ਼੍ਰਵਣ, ਮਨਨ, ਨਿਧਿਆਸਣ, ਪਾਂਦੇ ਗਿਆਨ ਧਿਆਨ।
ਰਾਜ-ਕੁਲ ਤੇ ਕੁਲ-ਪੁਰੋਹਿਤ, ਸਿੱਖਿਆ ਦੇ ਅਧਿਕਾਰੀ।
ਰਾਜੇ, ਸ਼ਾਸਕ, ਪੰਡਿਤ ਬਣਦੇ, ਸ਼ਾਸਨ ਦੇ ਕਰਮਚਾਰੀ।
(6)
ਐਸਾ ਬਾਜ਼ ਜੀ ਇਕ ਗ਼ਜ਼ਨਵੀ, ਨਾਂ ਸੁਲਤਾਨ ਮਹਿਮੂਦ ਕਹਾਉਂਦਾ ਸੀ।
ਹਰ ਸਾਲ ਉਹ ਸਾਡੀ ਫ਼ਸਲ ਉੱਤੇ, ਟਿੱਡੀ ਦਲ ਲੈ ਕੇ ਚੜ੍ਹ ਆਉਂਦਾ ਸੀ।
ਫਲ ਤੋੜਦਾ ਪੱਕੇ ਜੋ ਰਸ ਭਰੇ, ਨੁਮਾਇਸ਼ ਗ਼ਜ਼ਨੀ ’ਚ ਜਾ ਕੇ ਲਾਉਂਦਾ ਸੀ।
ਭੁੱਖ ਸੋਨੇ ਦੀ, ਕਰਮ ਲੁੱਟਣਾ ਸੀ, ਪਰ ‘ਗ਼ਾਜ਼ੀ’ ਦਾ ਨਾਮ ਸਦਾਉਂਦਾ ਸੀ।
(7)
ਲੈ ਕੇ ਆਇਆ ਫ਼ੌਜ ਨਾਲ ਗ਼ਜ਼ਨਵੀ, ਗ਼ੁਲਾਮ, ਆਲਮ, ਸੂਫ਼ੀ, ਫ਼ਕੀਰ ਸਾਈਂ।
ਖ਼ਵਾਰਜ਼ਿਮ ਦਰਬਾਰ ਤੋਂ ਆਇਆ ਸੀ, ਅਲਬਰੂਨੀ ਗ਼ਜ਼ਨਵੀ ਪਾਈ ਸੀਰ ਸਾਈਂ।
ਹਿੰਦ ਆ ਕੇ ‘‘ਕਿਤਾਬ-ਅਲ-ਹਿੰਦ’’ ਲਿਖੀ, ਮੁਲਤਾਨ ਗ਼ਾਜ਼ੀਪੁਰ ਤਕਦੀਰ ਸਾਈਂ।
ਖਗੋਲ ਫਰੋਲਦਾ ਤੇ ਤਾਰੇ ਪੜ੍ਹਦਾ ਸੀ, ਘੋਖ ਘੋਖ ਵੇਖੇ ਹਰ ਧੁਨੀਰ ਸਾਈਂ।
ਰਾਗ ਰੰਗ ਸੀ ਕੁਫ਼ਰ ਸ਼ਰ੍ਹਾ ਅੰਦਰ, ਸ਼ਰ੍ਹਾ ਤਿੜਕੀ ਤਾਂ ਸਭ ਰਾਗ-ਰੰਗ ਆਇਆ।
ਚਿਸ਼ਤੀ ਔਲੀਆ ਵਜਦ ਵਿਚ ਜਦ ਆਏ, ਹਰ ਬੋਲ ਗਾਉਂਦਾ ਰੂਹ ਸੰਗ ਆਇਆ।
ਬੱਝੇ ਬੋਲ ਤੇ ਸੁਰ ਦਰਬਾਰਾਂ ਅੰਦਰ, ਦਰ-ਦਰ ’ਤੇ ਕੱਵਾਲ ਮਲੰਗ ਆਇਆ।
ਪੰਜਾਬੀ ਰੰਗ ਲਹੌਰੀ ਦੇ ਵਿੱਚ ਗਾਉਂਦਾ, ਅਮੀਰ ਖ਼ੁਸਰੋ ਅਨੋਖਾ ਨਿਹੰਗ ਆਇਆ।
(8)
ਚਰਖਾ ਘੂਕਿਆ ਤੇ ਸੁਣ ਕੇ ਉਤਰ ਆਏ, ਜੋਗੀ, ਸੂਫ਼ੀ ਤੇ ਪੀਰ ਫ਼ਕੀਰ ਵੇਖੋ।
ਉੱਸਰ ਪਈਆਂ ਦਰਗਾਹਾਂ ਤੇ ਖ਼ਾਨਕਾਹਾਂ, ਗੱਦੀ ਗੱਦੀ ’ਤੇ ਬੈਠੇ ਪੀਰ ਵੇਖੋ।
ਏਧਰ ਬਸੰਤ, ਉਧਰ ਨੌਰੋਜ਼ ਆਏ, ਉਰਸਾਂ ਮੇਲਿਆਂ ’ਚ ਪੱਕਦੀ ਖੀਰ ਵੇਖੋ।
ਕੱਢਣ ਤਾਜ਼ੀਏ ਮੁਹੱਰਮ ਦੇ ਰਲ ਮਿਲ ਕੇ, ਦੇਵਾਂ ਅਤੇ ਖ਼ਵਾਜਾ ਦਾ ਸੀਰ ਵੇਖੋ।
(9)
ਏਥੇ ਗੂੰਜੇ ਬੋਲ ਫਿਰ, ਸਭ ਮਿਟਾ ਕੇ ਭੇਦ।
ਧਰਮ ਲੁੱਟ ਤੇ ਛਲ ਦਾ, ਫਿਰ ਹੋਇਆ ਨਿਖੇਧ।
ਇਨ੍ਹਾਂ ਵਿੱਚੋਂ ਚਮਕੇ ਨਾਮਾ, ਰੈਦਾਸ ਅਤੇ ਕਬੀਰ।
ਪਾਟੀ ਕੋਈ ਸੀਂਵਦਾ, ਬੁਣੇ ਕੋਈ ਤਦਬੀਰ।
ਧੰਨਾ, ਪੀਪਾ, ਸਧਨਾ, ਸੇਨ, ਕਰਦੇ ਆਪਣੀ ਕਿਰਤ।
ਜਾਤ, ਜਨਮ ਤੇ ਬਾਣਾ ਰੱਦ, ਭਗਤੀ ਧਿਆਨ ਦੀ ਪਿਰਤ।
ਪੰਚ ਤੀਰਥੀਂ ਮੱਠ ਬਨਾਰਸ, ਮਹਿਕੇ ਭਗਤ ਇਤਿਹਾਸ।
ਨਾਮਦੇਵ, ਜੈਦੇਵ, ਕਬੀਰਾ, ਤ੍ਰਿਲੋਚਨ ਤੇ ਰੈਦਾਸ।
(10)
ਇਬਾਰਤ ਇਕ ਤੇ ਅੱਖਰ ਵੱਖ ਵੱਖ,
ਯੂਨਾਨੀ, ਈਰਾਨੀ, ਹਿੰਦੁਸਤਾਨੀ।
ਜ਼ਾਹਿਰ-ਬਾਤਿਨ ਸਭ ਦਾ ਉਹੀ,
ਇਸ਼ਕ-ਹਕੀਕੀ ਹੈ ਲਾਸਾਨੀ।
ਮੋਮਿਨ ਕਾਫ਼ਿਰ ਭੇਤ ਮਿਟਾਏ,
ਉਭਰੇ ਜਦ ਹੂ ਹੂ ਦੇ ਸਾਏ।
ਕਦੇ ਸੂਰਜ, ਕਦੇ ਦਰਿਆ ਬਣ ਕੇ,
ਧਰਤੀ ਬਣੇ ਕਈ ਸੂਫ਼ ਕਮਾਲ।
ਪੱਥਰ-ਹੀਰਾ, ਸਾਲਿਕ-ਸਾਕਿਨ,
ਜ਼ਾਤ ਇਸ਼ਕ ਦਾ ਰੰਗ ਜਮਾਲ।
ਖ਼ਾਲਿਕ ਖ਼ਲਕਤ ਨੂੰ ਪਰਨਾਏ,
ਆਏ ਉਹ ਹੂ ਹੂ ਦੇ ਸਾਏ।
(11)
ਨਾ ਕੋ ਹਿੰਦੂ ਮੁਸਲਮਾਨ, ਦਾ ਹੋਇਆ ਐਲਾਨ।
ਤੱਥ ਤੇ ਤੱਤ ਮਿਲਾ ਕੇ, ਸਜਿਆ ਨਵਾਂ ਦੀਵਾਨ।
ਸਤਿਨਾਮ ਤੇ ਸਤਿਗੁਰੂ, ਖ਼ਾਲਸਾ ਇਕ ਇਨਸਾਨ।
ਇੱਕ ਕਰੇ, ਇੱਕ ਹੋ ਕੇ, ਝੂਲੇ ਇੱਕ ਨਿਸ਼ਾਨ।
ਤੇ ਸੰਗਤ ਤੋਂ ਕੁਰਬਾਨ।
(12)
ਸ਼ਬਦ ਗਾਣ ਤੇ ਸ਼ਬਦ ਰਚਨਾ, ਹੁੰਦੀ ਸ਼ਬਦ ਵਿਚਾਰ।
ਨਾਲ ਜੋਤ ਤੇ ਨਾਲ ਸ਼ਬਦ, ਤੁਰਿਆ ਗੁਰ ਪਰਿਵਾਰ।
ਗੁਟਕੇ ਪੋਥੀ ਲਿਖ ਲਿਖ, ਗਾ ਗਾ ਹੋਏ ਪ੍ਰਚਾਰ।
ਵਿੱਚ ਰਲੇਵਾਂ ਕਰ ਰਹੇ, ਸਮਝਣ ਜੋ ਅਧਿਕਾਰ।
(13)
ਨਾ ਕੋਈ ਫ਼ਰਦ ਮਸੂਲ ਰਹੇ, ਤੇ ਨਾ ਇਜਾਰੇਦਾਰੀ।
ਇਉਂ ਪ੍ਰਗਟਿਉ ਖ਼ਾਲਸਾ, ਵਾਹਿਗੁਰੂ ਅਧਿਕਾਰੀ।
ਜੰਗ, ਫ਼ਤਹਿ ਤੇ ਰਾਜ ਹੈ, ਸਭ ਉਸ ਦੀ ਸਰਦਾਰੀ।
ਮਾਣ, ਤਾਂ ਕੀ ਖ਼ਾਲਸਾ, ਸਭ ਉਹਦੇ ਸਦਕੇ ਵਾਰੀ।
(14)
ਕਿੱਕਰਾਂ ਵੇ ਕੰਡਿਆਲਿਆ, ਭਾਦੋਂ ਚੜ੍ਹਿਆ ਵੇਖ।
ਜਿੰਦ ਧਰਤ ਦੀ ਹੁੱਸੜੀ, ਲਹੂ ਦੇ ਪੜ੍ਹ ਪੜ੍ਹ ਲੇਖ।
ਨੰਦੇੜ ਧਰਤ ਦੀ ਕੁੱਖ ’ਚੋਂ, ਲਾਵਾ ਫੁੱਟਿਆ ਇੰਜ।
ਕਣ ਕਣ ਉਸ ਪੰਜਾਬ ਦਾ, ਰੋਹ ਨਾਲ ਦਿੱਤਾ ਸਿੰਜ।
(15)
ਸੰਗਤ, ਜਥੇ ਤੇ ਫ਼ੌਜ ਦੇ ਅੰਦਰ ਸਦਾ, ਗੁਰਮਤਿ ਦਾ ਸੀ ਜਾਨ-ਪ੍ਰਾਣ ਚੱਲਦਾ।
ਇਹੋ ਸ਼ਕਤੀ ਤੇ ਇਹੋ ਸੀ ਕੁੰਡਾ, ਇਹਤੋਂ ਉੱਤੇ ਨਾ ਕੋਈ ਫ਼ੁਰਮਾਨ ਚੱਲਦਾ।
ਘੋੜਿਆਂ ਕਾਠੀਆਂ ਕਿਹਾ ਕਿ ਸਾਡੇ ਉੱਪਰ, ਨਾ ਕੋਈ ਤਖ਼ਤ ਤੇ ਨਾ ਦੀਵਾਨ ਚੱਲਦਾ।
ਲਾਲਟੈਣ ਬਲਦੀ ਵਿਚਲੇ ਤੇਲ ਰਾਹੀਂ, ਬਿਨਾਂ ਤੇਲ ਚਿਰ ਕਿੰਨਾ ਲਟਲਟਾਣ ਚੱਲਦਾ।
(16)
ਉੱਠਿਆ ਰਣਜੀਤ ਸਿੰਘ ਪੰਜ ਹਜ਼ਾਰ ਫ਼ੌਜ ਨਾਲ, ਹਰ ਜਿੱਤ ਮਗਰੋਂ ਵਧ ਕੁਝ ਹਜ਼ਾਰ ਗਈ।
ਸ਼ਾਮ ਸਿੰਘ, ਨਲਵਾ, ਮੋਹਕਮ, ਇਲਾਹੀ ਬਖ਼ਸ਼, ਸਿਰ ਜਰਨੈਲਾਂ ਦੇ ਕਈ ਮੱਲਾਂ ਮਾਰ ਗਈ।
ਮਿਸਰ, ਡੋਗਰੇ, ਪੂਰਬੀ, ਪਠਾਣ ਆਏ, ਇੱਕ ਵਰਦੀ ਵਿੱਚ ਸਭ ਨੂੰ ਖਲ੍ਹਾਰ ਗਈ।
ਇਹਦਾ ਬੋਲ ਬਾਲਾ ਯੂਰਪ ਈਰਾਨ ਤੱਕ ਸੀ, ਵੱਡੀਆਂ ਤਾਕਤਾਂ ’ਚ ਹੋ ਸ਼ੁਮਾਰ ਗਈ।
(17)
ਸੌ ਵਰ੍ਹਿਆਂ ਤੇ ਸੈਆਂ ਘੱਲੂਘਾਰਿਆਂ ਬਾਅਦ, ਧਰਮ ਕਰਮ ਵਿੱਚ ਕੁਝ ਕੁਝ ਜਾਨ ਆਈ।
ਲਹਿਰੇ ਖੇਤ ਤੇ ਆਈ ਬਾਜ਼ਾਰ ਰੌਣਕ, ਵਾਰੀ ਲੋਕਾਂ ਦੀ ਅੱਧ ਤਾਂ ਖਾਣ ਆਈ।
ਖੇਤੀ ਵਧੇ ਤਾਂ ਵਧਦੀ ਰੋਟੀ-ਰੋਜ਼ੀ, ਛੋਟਾਂ ਮਿਲਣ ਜੇ ਅਣਵਾਹੀ ਵਾਹਣ ਆਈ।
ਵੱਡੇ ਹਾਕਮ ਦਾ ਜ਼ੋਰ ਛੋਟੇ ’ਤੇ ਮਾਮਲੇ ਲਈ, ਤੰਗ ਲੋਕ ਨਾ ਕਰੇ ਟੋਲੀ ਉਗਰਾਹਣ ਆਈ।
(18)
ਦੋਹਾਂ ਧਿਰਾਂ ਦੇ ਸੈਨਿਕ ਅਭੋਲ ਮਰਦੇ, ਆਗੂਆਂ ਆਪਣੀ ਸੀ ਕੜ੍ਹੀ ਘੋਲੀ ਹੋਈ।
ਕਨਿੰਘਮ ਲਿਖ ਨਮੋਸ਼ੀ ਮਹਿਸੂਸ ਕੀਤੀ, ਸਾਜ਼ਿਸ਼ਾਂ ਅੰਗਰੇਜ਼ ਦੀ ਜੋ ਪੱਤ ਰੋਲੀ ਹੋਈ।
ਆਲੀਵਾਲ ਸਭਰਾਉਂ ਦੇ ਯੁੱਧ ਅੰਦਰ, ਹੋਈ ਉਹ ਜੋ ਪਹਿਲਾਂ ਨਾਪੀ ਤੋਲੀ ਹੋਈ।
ਸ਼ਾਮ ਸਿੰਘ, ਮਹਿਤਾਬ ਜਿਹੇ ਯੋਧਿਆਂ ਲਈ, ਮਾਣ ਅੱਥਰੂਆਂ ਨਾਲ ਭਰੀ ਝੋਲੀ ਹੋਈ।
(19)
ਤੂਫ਼ਾਨ ਉੱਠੇ ਤੇ ਸ਼ਾਂਤ ਕਰ ਗਏ ਦਿੱਤੇ, ਉਂਗਲ ਉੱਠੀ ਪਰ ਜਿੰਦਾਂ ਮਹਾਰਾਣੀ ਉੱਤੇ।
ਵਜ਼ੀਫ਼ਾ ਘਟਦਾ ਤੇ ਕੈਦ ਗਈ ਵਧਦੀ, ਕਿਲੇ ਬੰਦ ਹੋਏ ਕਿਲਿਆਂ ਦੀ ਰਾਣੀ ਉੱਤੇ।
ਗਵਰਨਰ ਜਨਰਲ ਨੂੰ ਧੜੱਲੇ ਨਾਲ ਖ਼ਤ ਲਿਖਿਆ, ਦੋਸ਼ ਕੋਈ ਨਾ ਸਾਬਤ ਨਿਮਾਣੀ ਉੱਤੇ।
ਉਹ ਤਾਂ ਆਪਣੇ ਖੌਫ਼ ਵਿੱਚ ਸਨ ਉਤਰੇ, ਐਵੇਂ ਲੀਕਾਂ ਪਏ ਮਾਰਦੇ ਪਾਣੀ ਉੱਤੇ।
ਸੰਪਰਕ: 94164-97323