ਪਰਮਜੀਤ ਸਿੰਘ ਰਮਾਣਾ
‘ਰੁਤਿ ਫਿਰੀ ਵਣੁ ਕੰਬਿਆ’ (ਕੀਮਤ: 200 ਰੁਪਏ; ਲਾਹੌਰ ਬੁਕ ਸ਼ਾਪ) ਜਗਜੀਤ ਸਿੰਘ ਲੋਹਟਬੱਧੀ ਦੀ ਪਲੇਠੀ ਪੁਸਤਕ ਹੈ। ਇਸ ਪੁਸਤਕ ਵਿੱਚ 24 ਲੇਖ ਸ਼ਾਮਿਲ ਹਨ ਜੋ ਕਿ ਬੀਤ ਚੁੱਕੇ ਅਤੇ ਅਜੋਕੇ ਪੰਜਾਬ ਦੇ ਸਭਿਆਚਾਰ, ਗੀਤ ਸੰਗੀਤ, ਇਤਿਹਾਸ, ਪਰਿਵਾਰਕ/ਸਮਾਜਿਕ ਰਿਸ਼ਤਿਆਂ, ਵਾਤਾਵਰਨ ਅਤੇ ਜੀਵਨਸ਼ੈਲੀ ਵਿਚ ਆ ਰਹੇ ਬਦਲਾਅ ਵਰਗੇ ਬਹੁਤ ਹੀ ਮਹੱਤਵਪੂਰਨ ਅਤੇ ਗੰਭੀਰ ਮਸਲਿਆਂ ਨੂੰ ਬਹੁਤ ਖ਼ੂਬਸੂਰਤ, ਸਾਦੇ ਅਤੇ ਬੋਲਚਾਲ ਦੀ ਭਾਸ਼ਾ ਤੇ ਦਿਲਚਸਪ ਅੰਦਾਜ਼ ਵਿਚ ਪੇਸ਼ ਕਰਦੇ ਹਨ। ਲੇਖਕ ਦੇ ਦਿਲ ਅੰਦਰ ਅਲੋਪ ਹੋ ਰਹੇ ਪੰਜਾਬੀ ਵਿਰਸੇ ਦਾ ਹੇਰਵਾ ਹੈ ਪਰ ਇਹ ਨਿਰਾਸ਼ਾਵਾਦੀ ਹੋਣ ਦੀ ਥਾਂ ਮਾਨਵਵਾਦੀ, ਵਿਗਿਆਨਕ ਸਮਝਵਾਲਾ ਤੇ ਹਾਂ-ਪੱਖੀ ਹੋ ਨਬਿੜਦਾ ਹੈ। ਲੇਖਕ ਦੀ ਆਲੇ-ਦੁਆਲੇ ਵਾਪਰ ਰਹੀਆਂ ਸਮਾਜਿਕ/ ਸਭਿਆਚਾਰਕ ਗਤੀਵਿਧੀਆਂ ’ਤੇ ਵਧੀਆ ਪਕੜ ਸਾਫ਼ ਦਿਖਾਈ ਦਿੰਦੀ ਹੈ। ਕੁਝ ਕੁ ਲੇਖਾਂ ਦੇ ਸਿਰਲੇਖਾਂ ’ਤੇ ਇਕ ਝਾਤ ਤੋਂ ਵਾਰਤਕ ਦੇ ਵਿਸ਼ਾ ਵਸਤੂ ਦੀ ਵਿਭਿੰਤਾ ਦਾ ਪਤਾ ਲੱਗਦਾ ਹੈ: “ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ”, “ਮੰਜੇ ਜੋੜ ਸਪੀਕਰ ਲਾਈਏ”, “ਧੀਆਂ ਅਤੇ ਧਰੇਕਾਂ”, “ਘਰ ਛੱਡਣੇ ਸੌਖੇ ਨਹੀਂ”, “ਸੰਗ ਕਿਤਾਬਾਂ ਦੋਸਤੀ”, “ਉੱਜੜ ਗਿਆਂ ਦਾ ਦੇਸ ਨਾ ਕੋਈ”, “ਇੱਕ ਲੱਪ ਸੁਰਮੇਂ ਦੀ” ਅਤੇ “ਸਾਦਗੀ ਦਾ ਸੁੱਹਪਣ”।
ਲੇਖਕ ਤਰਕਸ਼ੀਲ ਅਤੇ ਮਾਨਵਵਾਦੀ ਦ੍ਰਿਸ਼ਟੀਕੋਣ ਤੋਂ ਅਤੇ ਬੋਲਚਾਲ ਦੀ ਭਾਸ਼ਾ ਵਿਚ ਅੱਜ ਦੇ ਪੰਜਾਬੀ ਮਾਨਵ ਨੂੰ ਦਰਪੇਸ਼ ਸਮੱਸਿਆਵਾਂ ਨੂੰ ਪਹਿਚਾਣਦਾ, ਘੋਖਦਾ, ਵਿਚਾਰਦਾ ਹੈ ਅਤੇ ਸਹਿਜ ਤੇ ਸੰਜਮ ਨਾਲ ਸ਼ਬਦਾਂ ਵਿੱਚ ਪਰੋਂਦਾ ਹੈ। ਉਸ ਕੋਲ ਪੰਜਾਬ ਦੇ ਇਤਿਹਾਸਕ ਪਿਛੋਕੜ, ਵਿਰਸੇ ਅਤੇ ਜੀਵਨ ਸ਼ੈਲੀ ਦੀ ਚੰਗੀ ਸਮਝ ਹੈ। ਆ ਰਹੇ ਬਦਲਾਅ ਦੀ ਹਨੇਰੀ ਬਾਰੇ ਚਿੰਤਾ ਹੈ ਪਰ ਪਾਠਕਾਂ ਨੂੰ ਨਿਰਾਸ਼ ਕਰਨਾ ਉਸ ਦਾ ਮੰਤਵ ਨਹੀਂ। ਇਹ ਲੇਖ ਆ ਰਹੀਆਂ ਸਮੱਸਿਆਵਾਂ ਨੂੰ ਸਮਝਣ ਤੇ ਸਫ਼ਲਤਾਪੂਰਵਕ ਸਾਹਮਣਾ ਕਰਨ ਲਈ ਚੇਤਨਾ ਦਾ ਸੰਚਾਰ ਕਰਦੇ ਹਨ।
ਅਜੋਕੀ ਮਾਨਵਤਾ ਨੂੰ ਦਰਪੇਸ਼ ਮਸਲਿਆਂ ਨੂੰ ਬਹੁਤ ਦਿਲਚਸਪ ਢੰਗ ਨਾਲ ਪ੍ਰਭਾਸ਼ਿਤ ਕਰਦੀ ਇਹ ਵਾਰਤਕ ਪੰਜਾਬੀ ਸਮਾਜ ਅਤੇ ਸਭਿਆਚਾਰ ਨੂੰ ਸਮਝਣ ਲਈ ਸ਼ਲਾਘਾਯੋਗ ਕਦਮ ਹੈ। ਜਗਜੀਤ ਸਿੰਘ ਲੋਹਟਬੱਧੀ ਦੀ ਪੰਜਾਬੀ ਭਾਸ਼ਾ ’ਤੇ ਵਧੀਆ ਪਕੜ ਹੈ। ਵਾਰਤਕ ਵਿਚ ਸਹਿ-ਸੁਭਾਅ ਪੇਂਡੂ ਮੁਹਾਵਰੇ, ਲੋਕ ਤੱਥਾਂ, ਬੋਲੀਆਂ, ਲੋਕ ਗੀਤਾਂ ਦੀ ਵਰਤੋਂ ਉਸ ਦੀ ਵਾਰਤਕ ਨੂੰ ਇਕ ਵਿਸ਼ੇਸ਼ ਪਹਿਚਾਣ ਤੇ ਰਵਾਨੀ ਪ੍ਰਦਾਨ ਕਰਦੀ ਹੈ। ‘ਰੁਤਿ ਫਿਰੀ ਵਣੁ ਕੰਬਿਆ’ ਹਰ ਪੰਜਾਬ ਅਤੇ ਪੰਜਾਬੀ ਪ੍ਰੇਮੀ ਪਾਠਕ ਦੇ ਪੜ੍ਹਨ ਅਤੇ ਘਰ ਰੱਖਣ ਵਾਲੀ ਕਿਤਾਬ ਹੈ।
ਸੰਪਰਕ: 94175-25855