ਭਾਰਤੀ ਸਮਾਜ ਦੀ ਸੰਰਚਨਾ ਬਹੁ-ਪਾਸਾਰੀ ਹੈ। ਇਸ ਲਈ ਇਸ ਦਾ ਕਾਵਿਕ ਮੁਹਾਂਦਰਾ ਵੀ ਬਹੁਪਰਤੀ ਹੈ। ਜਿੰਨੀਆਂ ਵੰਡਾਂ ਭਾਰਤੀ ਜੀਵਨ ਵਿਚ ਹਨ ਉਨੀਆਂ ਹੀ ਸਾਹਿਤ ਵਿਚ ਮੌਜੂਦ ਹਨ। ਇਹ ਪਰਛਾਵੇਂ ਦੇ ਰੂਪ ਵਿਚ ਫੈਲਿਆ ਹੋਇਆ ਹੈ, ਪਰ ਇਸ ਅੰਦਰਲੀ ਕਸ਼ਮਕਸ਼ ਇਸ ਨੂੰ ਸਥਾਈ ਰੱਖਣ ਜਾਂ ਬਦਲਣ ਵਿਚ ਚਲਦੀ ਹੈ।
ਪੰਜਾਬੀ ਕਵਿਤਾ ਵਿਚਲਾ ਮਨੁੱਖੀ ਸੰਘਰਸ਼ ਵਿਭਿੰਨ ਖੇਤਰਾਂ, ਪਸਾਰਾਂ ਵਿਚੋਂ ਦੇਖਿਆ ਤੇ ਸਮਝਿਆ ਜਾ ਸਕਦਾ ਹੈ। ਪੰਜਾਬੀ ਕਵਿਤਾ ਵਿਚਲਾ ਸੰਵਾਦ ਸਮਾਜ ਅੰਦਰਲੇ ਵਿਰਾਟ, ਲਘੂ ਤੇ ਲਘੂਤਮ ਵਰਤਾਰਿਆਂ ਉੱਪਰ ਕੇਂਦਰਿਤ ਹੈ। ਇਕ ਵਿਸ਼ੇਸ਼ ਸਮਾਜਿਕ ਖੇਤਰ ਤੋਂ ਆਉਂਦਾ ਵਿਅਕਤੀ ਲੇਖਕ ਵੱਖਰੀ ਕਿਸਮ ਦੀ ਚੇਤਨਾ ਨਾਲ ਸਾਹਿਤ ਵਿਚ ਪ੍ਰਵੇਸ਼ ਕਰਦਾ ਹੈ। ਇਹ ਚੇਤਨਾ, ਚਿੰਤਨ ਨਵੇਂ ਸਵਾਲਾਂ ਨੂੰ ਖੜ੍ਹਾ ਕਰਦਾ ਹੈ। ਜੇ ਸਵਾਲ ਨਵਾਂ ਨਹੀਂ ਹੁੰਦਾ ਉਸ ਦੀ ਦ੍ਰਿਸ਼ਟੀ ਵੱਖਰੀ ਹੁੰਦੀ ਹੈ। ਜੇ ਦ੍ਰਿਸ਼ਟੀ ਵੀ ਵੱਖਰੀ ਨਾ ਹੋਵੇ ਤਾਂ ਉਸਦੀ ਪੇਸ਼ਕਾਰੀ, ਸੰਚਾਰ ਜੁਗਤਾਂ ਵਿਚ ਫ਼ਰਕ ਜ਼ਰੂਰ ਹੁੰਦਾ ਹੈ। ਪੰਜਾਬ ਦੇ ਸਮਾਜਿਕ ਆਧਾਰਾਂ ਦੇ ਉਸਾਰ ਬੜੇ ਵੱਖਰੇ ਰੂਪ ਵਿਚ ਪੇਸ਼ ਹੁੰਦੇ ਹਨ। 1990 ਤੋਂ ਬਾਅਦ ਦੀ ਕਵਿਤਾ ਬਹੁਤ ਵੱਖਰੇ ਰੂਪ ਵਿਚ ਪੇਸ਼ ਹੋਈ ਹੈ ਜਿਸ ਦਾ ਮੁਲਾਂਕਣ ਬਹੁਤ ਜ਼ਰੂਰੀ ਹੈ। ਇਨ੍ਹਾਂ ਵੱਖਰੇ ਆਧਾਰਾਂ, ਉਸਾਰਾ, ਪ੍ਰਕਾਰਾਂ, ਪ੍ਰਵੇਸ਼ਾਂ, ਆਵੇਸ਼ਾਂ ਨਾਲ ਨਵੀਂ ਕਵਿਤਾ ਵਿਚ ਮੱਖਣ ਮਾਨ ਪ੍ਰਵੇਸ਼ ਕਰਦਾ ਹੈ। ਇਹ ਪ੍ਰਵੇਸ਼ ਸਿੱਧਾ ਕਵਿਤਾ ਵਿਚ ਨਹੀਂ ਸਗੋਂ ਇਸ ਤੋਂ ਪਹਿਲਾਂ ਉਸ ਨੇ ਕਹਾਣੀਕਾਰੀ ਵਿਚ ਵੀ ਆਪਣੀ ਭਰਪੂਰ ਹਾਜ਼ਰੀ ਲਗਵਾਈ ਹੈ। ਉਸ ਕੋਲ ਕਹਾਣੀਕਾਰੀ ਹੈ। ਸੰਵਾਦੀ ਮਸਲਿਆਂ ਦਾ ਬਿਰਤਾਂਤਕਾਰੀ ਵਿਚੋਂ ਕਾਵਿਕਾਰੀ ਵਿਚ ਤਬਦੀਲ ਹੋਣਾ ਬਹੁਤ ਨਵੇਂ ਖੇਤਰਾਂ ਨੂੰ ਪੈਦਾ ਕਰਦਾ ਹੈ। ਇਸ ਨਾਲ ਕਹਾਣੀ ਵਿਚ ਕਾਵਿਕਤਾ ਤੇ ਕਾਵਿਕਤਾ ਵਿਚ ਕਹਾਣੀਕਾਰੀ ਲੱਭੀ ਜਾ ਸਕਦੀ ਹੈ।
‘ਬਿਰਸਾ ਮੁੰਡਾ ਦਾ ਪੁਨਰ ਜਨਮ’ ਮੱਖਣ ਮਾਨ ਦਾ ਪਹਿਲਾ ਕਾਵਿ ਸੰਗ੍ਰਹਿ ਹੈ। ਇਸ ਵਿਚਲਾ ਸੰਵਾਦ ਰੀਕਾਲਿੰਗ ਦਾ ਹੈ (ਦੁਬਾਰਾ ਬੁਲਾਉਣ ਦਾ ਹੈ)। ਇਹ ਮੁੜ ਸੋਚਣ ਤੇ ਸੋਧਣ ਦੀ ਪ੍ਰਕਿਰਿਆ ਵਿਚੋਂ ਲੰਘਦਾ ਹੈ। ਉਹ ਇਕ ਗੱਲ ਨੂੰ, ਵਿਚਾਰ ਨੂੰ ਵਾਰ-ਵਾਰ ਕਰਦਾ ਹੈ, ਪਰ ਉਹ ਦੁਹਰਾਓ ਨਹੀਂ ਬਣਦਾ। ਉਹ ਇਕ ਵਿਚਾਰ ਨੂੰ ਵਿਭਿੰਨ ਚੱਕਰਾਂ, ਵਿਧੀਆਂ ਵਿਚੋਂ ਸੋਚਦਾ ਹਰ ਵਾਰ ਨਵੀਂ ਗੱਲ ਦੀ ਤਲਾਸ਼ ਕਰ ਲੈਂਦਾ ਹੈ। ਇਸ ਲਈ ਉਹ ਵਿਸ਼ਲੇਸ਼ਣੀ ਤੇ ਸੰਸ਼ਲੇਸ਼ਣੀ ਕਾਵਿ ਵਿਧੀ ਵਿਚੋਂ ਲੰਘਦਾ ਹੈ। ਇਸ ਕਾਰਜ ਲਈ ਉਹ ਦੁਬਿਧਾਗ੍ਰਸਤ ਨਹੀਂ ਹੁੰਦਾ, ਪਰ ਧਿਰਾਂ ਦੀ ਸਿਰਜਣਾ ਜ਼ਰੂਰ ਕਰਦਾ ਹੈ। ਇਹ ਧਿਰਾਂ ਧਰੁਵੀ ਬਣਦੀਆਂ ਹਨ। ਟਕਰਾਉਂਦੀਆਂ, ਭਿੜਦੀਆਂ ਹਨ ਜਿਨ੍ਹਾਂ ਦਾ ਉਦੇਸ਼ ਸਥਿਤੀ ਨੂੰ ਸਪੱਸ਼ਟ ਕਰਨਾ ਹੈ।
ਇਸ ਟਕਰਾਓ ਵਿਚੋਂ ਹੀ ਉਹ ਸਾਬਤ ਕਰਦਾ ਹੈ ਕਿ ਉਹ ਉੱਤਰ-ਆਧੁਨਿਕ ਕਵੀ ਨਹੀਂ। ਮੌਕੇ ਮੇਲ ਦੀਆਂ ਲੜਾਈਆਂ, ਟਕਰਾਓ ਉਸ ਦੇ ਮਨੋਰੰਜਕੀ ਤੱਤ ਨਹੀਂ ਸਗੋਂ ਹਰ ਲੜਾਈ ਦਾ ਇਤਿਹਾਸਕ ਪਰਿਪੇਖ ਸਿਰਜਦਾ ਹੈ। ਉਸ ਨੂੰ ਇਤਿਹਾਸ ਦੀਆਂ ਲੜੀਆਂ ਨੂੰ ਕਾਵਿ ਲੜੀ ਵਿਚ ਪਰੋਣਾ ਆਉਂਦਾ ਹੈ। ‘ਬਿਰਸਾ ਮੁੰਡਾ ਦਾ ਪੁਨਰ ਜਨਮ’ ਕਵਿਤਾ ਇਸ ਦੀ ਤਸਦੀਕ ਕਰਦੀ ਹੈ:
ਤੂੰ ਮੇਰੇ ਲਈ ਕੋਈ ਗੀਤ ਨਾ ਗਾਵੀਂ
ਕਦੀ ਮੈਨੂੰ ਖ਼ਤ ਵੀ ਨਾ ਲਿਖੀਂ
ਕਦੀ ਯਾਦ ਬਣ ਕੇ ਵੀ ਨਾ ਬਹੁੜੀਂ
ਕਦੀ ਸੁਪਨਾ ਬਣ ਕੇ ਵੀ ਨਾ ਆਵੀਂ
ਕਦੀ ਸਮੁੰਦਰ ਵਾਂਗ ਖੌਰੂ ਵੀ ਨਾ ਪਾਵੀਂ
ਕਦੀ ਲਹਿਰ ਵੀ ਨਾ ਬਣੀਂ ਤੂੰ
ਕਦੀ ਹੌਕਾ ਵੀ ਨਾ
ਕਦੀ ਭਟਕਣ ਵੀ ਨਾ
ਕਦੀ ਤਲਾਸ਼ ਵੀ ਨਾ
ਕਦੀ ਮੰਜ਼ਿਲ ਵੀ ਨਾ
ਕਦੀ ਹਾਵ ਵੀ ਨਾ
ਇਹ ਜਨਮ ਅਵੱਗਿਆ ਹੈ ਸਾਡੇ ਲਈ
ਤੇ ਮੈਂ ਬੀਤੀ ਰੁੱਤ ਦਾ ਮਰਸੀਆ ਗਾਉਣਾ ਹੈ
ਤੇਰਾ ਅਸਮਾਨ ਗਹੁਣਾ ਹੈ
ਤੇਰੀ ਧਰਤੀ ਨਾਪਣੀ ਹੈ
ਮੈਂ ਬਨਵਾਸ ਹਾਂ ਉਮਰਾਂ ਦਾ
ਦੇਖੋ ਸੰਘਣੇ ਘਣੇ ਇਸ ਜੰਗਲ ਵਿੱਚ
ਕਿੰਨੀ ਵਾਰ ਸੜਨਾ ਹੈ
ਕਿੰਨੀ ਵਾਰ ਮਰਨਾ ਹੈ
ਕਿੰਨੀ ਵਾਰ ਜਲਾਵਤਨ ਹੋਣਾ ਹੈ
ਤੂੰ ਮੇਰੇ ਏਨਾ ਨੇੜੇ ਨਾ ਆਵੀਂ
ਕਿਤੇ ਮੈਂ ਭਾਵੁਕ ਹੋ ਕੇ ਤੇਰੀਆਂ ਖੁਰਾਂ ਲੱਭਦਾ
ਤੇਰੇ ਪਿੱਛੇ-ਪਿੱਛੇ ਨਾ ਹੋ ਤੁਰਾਂ
ਮੈਂ ਤਾਂ ਸੜਦਾ ਜੰਗਲ ਹਾਂ
ਧੁਖਦਾ ਧੂਣਾਂ ਹਾਂ
ਸਰਾਪ ਹਾਂ ਕਿਸੇ ਰੂਹ ਦਾ
ਚੀਕ ਹਾਂ ਕਿਸੇ ਅਬਲਾ ਦੀ
ਡਿਗਰੀ ਹਾਂ ਕਿਸੇ ਬੇਰੋਜ਼ਗਾਰ ਦੀ
ਮੈਂ ਸ਼ੰਭੂਕ ਹਾਂ
ਜਿਸਦਾ ਕਾਤਲ ਮਰਿਆਦਾ ਪਰਸ਼ੋਤਮ ਹੈ
ਮੈਂ ਦਰੋਣਾਚਾਰੀਆ ਦੀ ਸਿਆਸਤ ਦੀ ਦੱਖਣਾ ਹਾਂ
ਮੈਂ ਹਾਸ਼ੀਆਂ ਦੇ ਗੂੰਗਿਆਂ ਦੀ ਅਵਾਜ਼ ਹਾਂ
ਮੈਂ ਮਿੱਥ ਹਾਂ
ਇਤਿਹਾਸ ਹਾਂ
ਮੈਂ ਵੇਮੁੱਲਾ ਦੀ ਖ਼ੁਦਕੁਸ਼ੀ ਦਾ ਆਖ਼ਰੀ ਖਤ ਹਾਂ
ਪਰ ਮੇਰੇ ਯਾਰਾ ਜੇ ਸੱਚ-ਮੁੱਚ
ਤੂੰ ਮੈਨੂੰ ਏਨਾ ਹੀ ਚਾਹੁੰਦਾ ਹੈਂ
ਮੇਰੀ ਆਖ਼ਰੀ ਸਲਾਮ ਤੋਂ ਪਹਿਲਾਂ
ਜਦੋਂ ਤੂੰ ਕਨੂੰਨੀ ਰਿਸ਼ਤਿਆਂ ਤੋਂ ਮੁਕਤ ਹੋਵੇਂ
ਕੌਲ ਨਿਭਾਵੀਂ
ਮੇਰੇ ਸਦੀਆਂ ਦੇ ਅੱਥਰੂ ਚੁਗੀਂ ਨਾ
ਤਾਂ ਕਿ ਇਨ੍ਹਾਂ ਦੀ ਰਾਖ ’ਚੋਂ
ਕੋਈ ਬਿਰਸਾ ਮੁੰਡਾ ਜਨਮ ਲੈ ਸਕੇ!
ਇਹ ਇਕੱਲੀ ਕਵਿਤਾ ਹੀ ਭਾਰਤ ਵਿਚਲੇ ਅਧੀਨ ਜਾਤੀ ਸਮੂਹਾਂ ਦੇ ਅਧੀਨਗੀ ਦੇ ਸਭਿਆਚਾਰ ਦਾ ਚਿਤਰਨ ਕਰ ਜਾਂਦੀ ਹੈ। ਸ਼ੰਭੂਕ, ਏਕਲਵਿਆ ਤੇ ਵੇਮੁਲਾ ਇਕ ਲੜੀ ਤੇ ਕੜੀ ਵਿਚ ਹਨ। ਇਹ ਜੂਝਦੇ ਲੋਕਾਂ ਦੇ ਨਾਇਕ ਹਨ ਤੇ ਹਾਕਮ ਜਮਾਤਾਂ ਲਈ ਖਲਨਾਇਕ। ਅਧੀਨ ਧਿਰਾਂ ਅੰਦਰ ਦੁੱਖ ਦਾ ਅਹਿਸਾਸ ਜ਼ਿਆਦਾ ਹੁੰਦਾ ਹੈ। ਇਸ ਲਈ ਉਨ੍ਹਾਂ ਦੀ ਕਵਿਤਾ ਵੀ ਦੁੱਖ, ਸੋਗ, ਉਦਾਸੀ ਤੇ ਕਿਤੇ-ਕਿਤੇ ਅਕ੍ਰੋਸ਼ ਨਾਲ ਭਰੀ ਹੁੰਦੀ ਹੈ। ਮਾਨ ਗੁੱਸੇ ਨੂੰ ਗੁੱਸੇ ਵਿਚ ਹੀ ਪੇਸ਼ ਕਰਦਾ ਹੈ, ਲਲਕਾਰਦਾ ਨਹੀਂ। ਇਹ ਉਸ ਦੀ ਜੁਗਤ ਹੈ। ਸ਼ਾਇਦ ਇਸ ਪਿੱਛੇ ਨਕਸਲਬਾੜੀ ਲਹਿਰ ਦੇ ਸਿੱਟਿਆਂ ਦਾ ਕੋਈ ਪ੍ਰਭਾਵ ਹੋਵੇ। ਉਹ ਇਸ ਵਾਸਤੇ ਸੰਬੋੋਧਨੀ ਜ਼ਰੂਰ ਰਹਿੰਦਾ ਹੈ ਜਿਸ ਨਾਲ ਧਿਰਾਂ ਦੀ ਨਿਸ਼ਾਨਦੇਹੀ ਹੁੰਦੀ ਰਹੇ।
ਮੱਖਣ ਮਾਨ ਦੀ ਕਵਿਤਾ ਉਦੇਸ਼ਮੁਖ ਹੈ, ਮਨੋਰੰਜਨ ਨਹੀਂ। ਉਦੇਸ਼ ਵਿਚ ਭਾਵਾਂ ਦਾ ਸੰਤੁਲਨ ਬੁੱਧੀ ਦੇ ਅਧੀਨ ਆ ਜਾਂਦਾ ਹੈ। ਇਸ ਦਾ ਅਰਥ ਇਹ ਵੀ ਨਹੀਂ ਕਿ ਉਹ ਸੋਚ-ਸੋਚ ਕਵਿਤਾ ਲਿਖਣ ਲੱਗਦਾ ਹੈ ਸਗੋਂ ਉਸ ਦਾ ਕਾਵਿ ਪ੍ਰਵਾਹ ਹੀ ਅਜਿਹਾ ਹੋ ਜਾਂਦਾ ਹੈ। ਇਹ ਉਸ ਦੀ ਰਾਜਨੀਤੀ ਵੀ ਤੈਅ ਕਰਦਾ ਜਾਂਦਾ ਹੈ। ਇਸ ਲਈ ਉਹ ਕਵਿਤਾ ਵਿਚ ਪੁਨਰਤਾ ਨੂੰ ਵਿਸ਼ੇਸ਼ ਥਾਂ ਦਿੰਦਾ ਹੈ। ਇਹ ਪੁਨਰਤਾ ਮੱਧਕਾਲੀ ਨਹੀਂ ਸਗੋਂ ਵਰਤਮਾਨ ਨਾਲ ਜੁੜੀ ਹੈ। ਵਰਤਮਾਨ ਦੇ ਸੰਕਟ, ਵੰਗਾਰਾਂ, ਚੁਣੌਤੀਆਂ ਉਸ ਦੇ ਸਾਹਮਣੇ ਹਨ। ਇਸ ਲਈ ਉਹ ਇਤਿਹਾਸ ਵਿੱਚੋਂ ਉਹ ਘਟਨਾ, ਪਲ ਚੁਣਦਾ ਹੈ ਜਿਹੜਾ ਵਰਤਮਾਨ ਦੀਆਂ ਸਮੱਸਿਆਵਾਂ ਨੂੰ ਸੰਬੋਧਿਤ ਹੋ ਹੱਲ ਕਰਨ ਵਿਚ ਕੋਈ ਯੋਗਦਾਨ ਪਾ ਸਕਦਾ ਹੋਵੇ।
ਮੱਖਣ ਮਾਨ ਦੀ ਕਵਿਤਾ ਦੀ ਖਾਸੀਅਤ ਇਸ ਗੱਲ ਵਿਚ ਹੈ ਕਿ ਉਹ ਹਰ ਗੱਲ, ਹਰ ਵਰਤਾਰੇ ਨੂੰ ਖੋਲ੍ਹਣਾ ਚਾਹੁੰਦਾ ਹੈ। ਉਸ ਨੂੰ ਧਿਰਾਂ ਬੰਨ੍ਹੀਆਂ ਹੋਈਆਂ ਮਹਿਸੂਸ ਹੁੰਦੀਆਂ ਹਨ। ਆਜ਼ਾਦ ਹੋਣ ਦੀ ਚਾਹਤ ਤੇ ਆਜ਼ਾਦ ਕਰਨ ਦੀ ਚਾਹਨਾਂ ਦੋਵੇਂ ਨਾਲੋਂ ਨਾਲ ਚਲਦੇ ਹਨ। ਬਹੁਤੀ ਵਾਰ ਲੋਕ ਖ਼ੁਦ ਦੀ ਆਜ਼ਾਦੀ ਲਈ ਲੜਾਈ ਲੜਦੇ ਹਨ ਤੇ ਆਜ਼ਾਦੀ ਲੈਂਦੇ ਹਨ, ਪਰ ਦੂਸਰੇ ਨੂੰ ਦੇਣ ਲਈ ਤਿਆਰ ਨਹੀਂ ਹੁੰਦੇ। ਇਹ ਸਾਡੀ ਆਜ਼ਾਦੀ ਨਾਲ ਵੀ ਵਾਪਰਿਆ ਹੈ। ਅੰਗਰੇਜ਼ਾਂ ਤੋਂ ਆਜ਼ਾਦ ਹੋਏ ਲੋਕਾਂ ਨੇ ਆਪਣੇ ਤੋਂ ਉਨ੍ਹਾਂ ਕਮਜ਼ੋਰ ਲੋਕਾਂ ਨੂੰ ਬਾਰੀਕ ਤੰਦਾਂ ਰਾਹੀਂ ਆਪਣੇ ਅਧੀਨ ਕਰ ਲਿਆ ਜਿਨ੍ਹਾਂ ਦੀ ਆਜ਼ਾਦੀ ਦੀ ਕਾਮਨਾ ਸ਼ਹੀਦ ਭਗਤ ਸਿੰਘ ਤੇ ਡਾ. ਅੰਬੇਦਕਰ ਨੇ ਕੀਤੀ ਸੀ। ਨਵੀਂ ਰਾਜਨੀਤਿਕ ਸ਼ਕਤੀ ਨੇ ਲੋਕਤੰਤਰ ਰਾਹੀਂ ਲੋਕ ਚੇਤਨਾ ਨੂੰ ਭਸਮ ਕਰ ਦਿੱਤਾ ਹੈ।
ਸ਼ਬਦਾਂ ਕੋਲ ਲੋਕਤੰਤਰ ਦਾ ਭਰਮ ਸੀ
ਪਰ ਸ਼ਾਤਰ ਬਹੁਤ ਤੇਜ਼ ਸੀ
ਸ਼ਾਤਰ ਕੋਲ ਤਾਕਤ ਸੀ
ਸ਼ਾਤਰ ਨੇ ਇਤਿਹਾਸ ਮਿਥਿਹਾਸ ਸਭ ਛਾਂਗ ਦਿੱਤੇ
ਆਪਣਾ ਰੰਗ ਦਿੱਤਾ
ਸ਼ਾਤਰ ਨੇ ਯੂਨੀਵਰਸਿਟੀਆਂ, ਨਿਆਂਪਾਲਕਾ,
ਸੰਚਾਰ ਸਾਧਨਾਂ ਸਭ ’ਤੇ ਕਬਜ਼ਾ ਕਰ ਲਿਆ
ਸ਼ਬਦ ਬੰਦੀ ਬਣਾ ਲਏ ਗਏ
ਸ਼ਬਦਾਂ ਦੀ ਜੀਭ ਠਾਕ ਦਿੱਤੀ ਗਈ
ਸ਼ਬਦਾਂ ਦੀਆਂ ਬੱਚੀਆਂ ਨਾਲ ਰੇਪ ਕੀਤੇ
ਸ਼ਬਦਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ
ਕਾਲ ਕੋਠੜੀ ਪਾਇਆ ਗਿਆ
ਸ਼ਬਦ ਹਾਰੇ ਨਹੀਂ
ਸ਼ਬਦ ਲੜੇ
ਸ਼ਬਦ ਖੜੇ
ਸ਼ਬਦਾਂ ਨੇ ਫਿਰ ਪੰਜ ਸਾਲਾਂ ਜਿੰਨੇ ਖ਼ਤ ਲਿਖੇ
ਉਨ੍ਹਾਂ ਦੀਆਂ ਕਿਸ਼ਤੀਆਂ ਬਣਾਈਆਂ
ਪਰ ਨਦੀ?
ਨਦੀ ਤਾਂ ਸਿਰਫ਼ ਰੇਤ ਸੀ
ਸ਼ਬਦ ਹਤਾਸ਼ ਨਹੀਂ ਹੋਏ
ਹਾਰੇ ਨਹੀਂ
ਉਹਨਾਂ ਨਦੀ ਦਾ ਗੀਤ ਗਾਇਆ
ਮੌਸਮ ਨੂੰ ਮਾਤਮ ’ਚੋਂ ਕੱਢਿਆ
ਕੋਈ ਸ਼ਬਦ ਪਾਤਾਲ ’ਚ ਉਤਰਿਆ
ਗੰਗਾ ਵਾਂਗ ਨਦੀ ਦਾ ਵਹਾਅ ਮੋੜ ਲਿਆਇਆ
ਸ਼ਬਦ ਨਦੀ ਦੇ ਤਲ ’ਤੇ ਤੈਰਨ ਲੱਗੇ।
ਲੋਕਤੰਤਰ ਦੇ ਅਮਲ ਨੂੰ ਵਧਾਉਣ ਵਾਲੀਆਂ ਤਾਕਤਾਂ ਨੂੰ ਤਰਕਹੀਣ ਤੇ ਭੂਮਿਕਾ ਤੋਂ ਵਾਂਝੀ ਕਰ ਦਿੱਤਾ ਹੈ। ਲੋਕਤੰਤਰ ਸਰਮਾਏਦਾਰੀ ਦੇ ਅਧੀਨ ਕਾਰਜਸ਼ੀਲ ਹੋ ਗਿਆ ਹੈ। ਇਹ ਵਰਤਾਰਾ ਆਲਮੀ ਪੱਧਰ ’ਤੇ ਫੈਲਿਆ ਹੋਇਆ ਹੈ। ਕਵੀ ਸ਼ਬਦ ਦੀ ਆਜ਼ਾਦੀ ਨੂੰ ਲੋਕ ਰਾਜ ਤੱਕ ਲਿਜਾਣਾ ਚਾਹੁੰਦਾ ਹੈ। ਮੂਲ ਰੂਪ ਵਿਚ ਅਜਿਹੀਆਂ ਕਵਿਤਾਵਾਂ ਲੋਕਤੰਤਰ ਨੂੰ ਪੁਨਰ-ਪ੍ਰੀਭਾਸ਼ਿਤ ਕਰਦੀਆਂ ਹਨ। ਸ਼ਬਦਾਂ ਨੂੰ ਅਰਥਾਂ ਤੱਕ ਪਹੁੰਚਣ ਦੀ ਕਾਮਨਾ ਹੈ। ਇਕ ਫ਼ਿਕਰ ਹੈ ਜਿਹੜਾ ਵਿਭਿੰਨ ਪਾਸਾਰਾਂ ਵਿਚ ਫੈਲਿਆ ਹੋਇਆ ਹੈ। ਇਸੇ ਕਰਕੇ ਸਭਿਅਕ ਹੋਣਾ ਖ਼ੁਦਕੁਸ਼ੀ ਹੈ। ਸਭਿਅਤਾ ਸਭਿਅਕ ਨਹੀਂ ਰਹੀ। ਜਿੱਥੇ ਲੋਕ, ਕੁਝ ਲੋਕਾਂ ਦੇ ਗ਼ੁਲਾਮ ਹੋਣ ਉੱਥੇ ਸਭਿਅਤਾ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਬਾਹਰੀ ਪ੍ਰਭਾਵਾਂ/ਦਿਖਾਵਿਆਂ ਰਾਹੀਂ ਸਭਿਅਤਾ ਨੂੰ ਪ੍ਰੀਭਾਸ਼ਿਤ ਕਰਨਾ ਇਕ ਸਾਜ਼ਿਸ਼ ਹੈ। ਇਸ ਲਈ ਮੱਖਣ ਮਾਨ ਸੱਭਿਅਤਾ, ਲੋਕ, ਲੋਕਤੰਤਰ ਦੀ ਪੁਨਰ-ਪਰਿਭਾਸ਼ਾ ਚਾਹੁੰਦਾ ਹੈ ਜਿਹੜਾ ਉਸ ਦੇ ਕਾਵਿ ਆਭਾ ਮੰਡਲ ਵਿਚ ਫੈਲਿਆ ਹੋਇਆ ਹੈ।
ਇਸ ਕਾਵਿ-ਸੰਗ੍ਰਹਿ ਦੀ ਖਾਸੀਅਤ ਰਿਸ਼ਤੇ ਤੇ ਔਰਤ ਨੂੰ ਪੁਨਰ ਪ੍ਰੀਭਾਸ਼ਿਤ ਕਰਨ ਦੀ ਵੀ ਹੈ। ਉਹ ਕਵਿਤਾ ਵਿਚ ਵਾਰ-ਵਾਰ ਔਰਤ ਕੋਲ ਜਾਂਦਾ ਹੈ। ਰਿਸ਼ਤੇ ਦੇ ਪੂਰੇ ਨਿਭਾਅ ਨਾ ਹੋਣ ਕਾਰਨ ਮੁਆਫ਼ੀ ਮੰਗਦਾ ਨਜ਼ਰ ਆਉਂਦਾ ਹੈ। ਅਸਲ ਵਿਚ ਉਹ ਔਰਤ ਦੇ ਚਿੰਤਨ ਤੋਂ ਔਰਤ ਲਈ ਬਹੁਤ ਕੁਝ ਕਹਿਣਾ ਚਾਹੁੰਦਾ ਹੈ। ਇਕ ਗੱਲ ਵਿਚਾਰਨ ਵਾਲੀ ਹੈ ਕਿ ਮਰਦ ਦੀ ਕਵਿਤਾ ਮਸਲ (ਪੱਠਿਆਂ) ਤੋਂ ਬੋਲਦੀ ਹੈ ਜਦੋਂਕਿ ਔਰਤ ਦੀ ਕਵਿਤਾ ਮੋਹ ਤੋਂ ਬੋਲਦੀ ਹੈ। ਇਹ ਦ੍ਰਿਸ਼ਟੀਗਤ ਅੰਤਰ ਹੈ ਜਿਹੜਾ ਜੈਵਿਕ ਆਧਾਰਾਂ ਤੇ ਸਭਿਆਚਾਰਕ ਉਸਾਰਾਂ ਤੋਂ ਵੀ ਪ੍ਰਭਾਵਿਤ ਹੋਇਆ ਹੈ। ਔਰਤ ਦੀ ਦ੍ਰਿਸ਼ਟੀ ਮਰਦ ਨਾਲੋਂ ਵੱਖਰੀ ਹੈ। ਉਹ ਦੁੱਖ ਨੂੰ ਚੁੱਪ ਰਾਹੀਂ ਬੋਲਦੀ ਹੈ, ਮਰਦ ਚੀਕਦਾ ਜਾਂ ਲਲਕਾਰਦਾ ਹੈ। ਪਰ ਹੁਣ ਸੁੰਦਰਾਂ ’ਚ ਤਬਦੀਲੀ ਹੈ। ਕਨਵਰਸ਼ਨ ਆਧਾਰ ਬਣ ਜਾਦਾ ਹੈ। ਪਰ ਇਸ ਵਿਚ ‘ਮੈਂ’ ਮੁਕਤ ਔਰਤ ਨੂੰ ਵੀ ਬਚਾਉਣਾ ਚਾਹੁੰਦਾ ਹੈ।
ਮੈਂ ਉਹ ਸੁੰਦਰਾਂ ਨਹੀਂ
ਜੋ ਮਹਿਲ ਤੋਂ ਛਾਲ ਮਾਰ ਖ਼ੁਦਕੁਸ਼ੀ ਕਰ ਲਵਾਂ
ਮੈਂ ਇੱਕੀਵੀਂ ਸਦੀ ਦੀ ਔਰਤ ਹਾਂ
ਪਰ ਮੈਂ ਡਰ ਕਿਉਂ ਗਈ ਪੂਰਨ ਤੋਂ
ਪੂਰਨ ਤਾਂ ਮੇਰਾ ਸੀ!
ਨਹੀਂ ਪੂਰਨ ਮੇਰਾ ਨਹੀਂ ਸੀ
ਪੂਰਨ ਤਾਂ ਛਲਾਵਾ ਸੀ
ਪੂਰਨ ਤਾਂ ਸੁੰਦਰਾਂ ਨੂੰ ਦਿੱਤਾ ਧੋਖਾ ਸੀ
ਜੋਗੀ ਫਿਰ ਆਇਆ ਹੈ
ਅਲਖ ਜਗਾਈ ਹੈ
ਭਿੱਖਿਆ ਮੰਗੀ ਹੈ
ਮੈਂ ਦਰਵਾਜ਼ੇ ਬੰਦ ਕਰ ਲਏ ਨੇ
ਜੋਗੀ ਵਾਪਸ ਪਰਤ ਰਿਹਾ ਹੈ
ਮੈਂ ਦਰਵਾਜ਼ੇ ਦੀਆਂ ਝੀਥਾ ਥਾਂਣੀ ਉਸਨੂੰ ਵੇਖ ਰਹੀ ਹਾਂ
ਉਸਦੀ ਚਾਲ ਉੱਖੜ ਗਈ ਹੈ
ਚਿਹਰੇ ’ਤੇ ਉਦਾਸੀ ਹੈ
ਜੋਗੀ ਠੱਗਿਆ ਗਿਆ ਹੈ, ਪੂਰੀ ਤਰ੍ਹਾਂ ਤਿੜਕ ਗਿਆ ਹੈ
ਮੇਰੇ ਅੰਦਰ ਉਦਾਸੀ ਡੂੰਘੀ ਹੋ ਗਈ ਹੈ
ਮੇਰੀ ਮੈਂ ਦਾ ਘੜਾ, ਅੱਥਰੂਆਂ ’ਚ ਖੁਰ ਗਿਆ ਹੈ
ਮੇਰੇ ’ਤੇ ਪੂਰਨ ’ਚ ਕੀ ਫ਼ਰਕ ਹੈ?
ਮੈਂ ਪੂਰਨ ਹਾਰ ਆਈ ਹਾਂ
ਮੇਰੀ ਮੈਂ ਨੇ ਕੀ ਖੱਟਿਆ ਹੈ
ਜੋਗੀ ਤਾਂ ਕਦੋਂ ਦਾ ਚਲਿਆ ਗਿਆ ਹੈ
ਮੈਂ ਸੁੰਦਰਾਂ ਹਾਂ
ਹਰ ਜਨਮ ਮੈਂ ਹੀ ਖ਼ੁਦਕੁਸ਼ੀ ਕਰਨੀ ਹੈ।
ਉਹ ਰਿਸ਼ਤਿਆਂ ਨੂੰ ਰੂਹ ਰਾਹੀਂ ਦੇਖਦਾ ਹੈ। ਰੂਹ ਦੀ ਭਾਵੇਂ ਕੋਈ ਪਰਿਭਾਸ਼ਾ ਨਹੀਂ ਹੈ ਪਰ ਇਕ ਗੱਲ ਜ਼ਰੂਰ ਹੈ ਕਿ ਇਸ ਵਿਚ ਸਮਾਜਿਕ, ਰਾਜਨੀਤਿਕ, ਆਰਥਿਕਤਾ ਆਦਿ ਸ਼ਾਮਿਲ ਨਹੀਂ ਹਨ। ਇਹ ਸਮਾਜਿਕ ਸਵਾਰਥਾਂ, ਧਾਰਮਿਕ ਰੰਗਣਾ ਤੋਂ ਮੁਕਤ ਹੈ। ਇਸ ਵਿਚ ਕੁਝ ਵੀ ਕੈਦ ਨਹੀਂ। ਕੋਈ ਦਾਵਾ ਨਹੀਂ, ਕੋਈ ਵਾਅਦਾ ਨਹੀਂ, ਪਰ ਇਸ ਵਿਚ ਫੋਕਾ ਤੇ ਫਿਕਲਾ ਜਿਹਾ ਅਧਿਆਤਮ ਵੀ ਨਹੀਂ। ਇਸ ਦੇ ਸੰਵਾਦ ਰਾਹੀਂ ਹੀ ਉਹ ਮੀਰਾ, ਕ੍ਰਿਸ਼ਨ, ਬੁੱਲਾ, ਰਾਂਝਾ, ਹੀਰ ਤੱਕ ਪਹੁੰਚਦਾ ਹੈ। ਇਹ ਉਹ ਪਾਤਰ ਹਨ ਜਿਹੜੇ ਗਰਜ ਨਾਲ ਨਹੀਂ ਸਗੋਂ ਮੁਹੱਬਤੀ ਫ਼ਰਜ਼ ਰਾਹੀਂ ਲੋਕਾਈ ਨਾਲ ਜੁੜੇ ਹਨ। ਇਸੇ ਕਰਕੇ ਮਾਨ ਮੁਹੱਬਤ ਨੂੰ ਉਹ ਸੂਤਰ ਬਣਾਉਂਦਾ ਹੈ ਜਿਸ ਨਾਲ ਆਦਮ ਦੀ ਪੁਨਰ ਵਿਆਖਿਆ ਕੀਤੀ ਜਾ ਸਕੇ।
ਮੱਖਣ ਮਾਨ ਦੇ ਕਾਵਿ ਦੀ ਇਕ ਪੀੜਾ ਭਾਰਤੀ ਸਮਾਜਿਕ ਸੰਰਚਨਾ ਵਿਚ ਨਿਮਨ ਤੋਂ ਨਿਮਨ ਜਾਤੀਗਤ ਧਿਰਾਂ ਦਾ ਆਪਣੀਆਂ ਮਿੱਥਾਂ ਵਿਚ ਫਸੇ ਰਹਿਣਾ ਹੈ। ਕਵਿਤਾ ‘ਮੱਖਣ ਉਰਫ਼ ਮੱਖਣ ਸਿੰਘ ਮਾਨ’ ਇਸ ਪੀੜਾ ਨੂੰ ਪੂਰੀ ਤਰ੍ਹਾਂ ਵਿਅਕਤ ਕਰਦੀ ਹੈ। ਮੱਖਣ, ਮੱਖਣ ਰਹਿਣਾ ਚਾਹੁੰਦਾ ਹੈ, ਪਰ ਲੋਕ ਉਸ ਦੀਆਂ ਵੱਖ-ਵੱਖ ਪੁਜੀਸ਼ਨਾਂ ਵਿਚੋਂ ਨਿਕਲੇ ਵਿਵਹਾਰ ਵਿਚੋਂ ਜਾਤੀ ਨਾਲ ਜੋੜਨਾ ਚਾਹੁੰਦੇ ਹਨ। ਕੋਈ ਉਸ ਨੂੰ ਜੱਟ ਕਹਿੰਦਾ ਹੈ, ਕੋਈ ਰਾਮਗੜ੍ਹੀਆ, ਕੋਈ ਮੁਸਲਮਾਨ, ਕੋਈ ਦਲਿਤ, ਕੋਈ ਬਾਲਮੀਕੀ। ਇਹ ਪਛਾਣ ਉਸ ਨੂੰ ਮੁਆਫਕ ਨਹੀਂ ਕਿਉਂਕਿ ਉਹ ਸਮਾਜਿਕ ਪਛਾਣਾਂ ਨੂੰ ਇਕ ਵੱਖਰੇ ਨਜ਼ਰੀਏ ਤੋਂ ਦੇਖਦਾ ਹੈ। ਦਰਅਸਲ, ਸਮਾਜ ਦੀ ਮਜਬੂਰੀ ਹੈ ਕਿ ਉਹ ਇਨ੍ਹਾਂ ਪਛਾਣਾਂ ਤੋਂ ਬਿਨਾਂ ਮਨੁੱਖ ਨੂੰ ਪਛਾਣ ਨਹੀਂ ਸਕਦਾ। ਭਾਰਤ ਦਾ ਸੰਵੇਦਨਸ਼ੀਲ ਵਿਅਕਤੀ ਇਸ ਪਛਾਣ ਤੋਂ ਬਹੁਤ ਔਖਾ ਹੈ, ਪਰ ਇਸ ਤੋਂ ਮੁਕਤੀ ਸੰਭਵ ਨਹੀਂ ਹੋ ਸਕੀ।
ਸੱਚਮੁੱਚ! ਮਾਂ ਮੈਂ ਤਾਂ ਤੇਰਾ ਮੱਖਣ ਸੀ
ਜੋ ਨਾ ਕਿਸੇ ਜਾਤ ਦਾ, ਨਾ ਕਲਾਸ ਦਾ, ਨਾ ਕਿਸੇ ਗੋਤ ਦਾ,
ਨਾ ਹੀ ਕਿਸੇ ਧਰਮ ਦਾ,
ਪਰ ਵੰਡਿਆ ਗਿਆ! ਮਾਂ
ਜਾਤਾਂ ਵਿਚ, ਧਰਮਾਂ ਵਿੱਚ, ਹੱਦਾਂ ਵਿੱਚ
ਹੁਣ ਤਾਂ! ਮਾਂ ਜੀਅ ਕਰਦਾ
ਆਪਣੀਆਂ ਉਹ ਸਾਰੀਆਂ ਡਿਗਰੀਆਂ
ਕਿਤਾਬਾਂ ਅਗਨ ਭੇਟ ਕਰ ਦੇਵਾਂ
ਜਿੱਥੇ ਲਿਖਿਆ ਗਿਆ ਮੱਖਣ ਸਿੰਘ ਮਾਨ
ਤੇ ਸਿਰਫ਼ ਤੇਰਾ ਮੱਖਣ ਹੋ ਜਾਵਾਂ! ਮਾਂ!!
ਮੱਖਣ ਮਾਨ ਨੂੰ ਬਣਾਉਟੀ ਵਿਵਹਾਰ ਤੋਂ ਸਖ਼ਤ ਨਫ਼ਰਤ ਹੈ। ਸੱਚ ਪ੍ਰਤੀ ਸਾਡਾ ਨਜ਼ਰੀਆ ਨਾਂਹ-ਮੁਖੀ ਹੈ। ਅਸੀਂ ਆਪਣੇ ਮੁਖ ਤੋਂ ਬੋਲੇ ਸ਼ਬਦਾਂ ਤੋਂ ਵੀ ਪਰ੍ਹੇ ਹਟ ਜਾਂਦੇ ਹਾਂ। ਇਹ ਸਾਡੇ ਅੰਦਰਲੀਆਂ ਨਾਕਾਰਾਤਮਕ ਰੁਚੀਆਂ ਹਨ ਜਿਨ੍ਹਾਂ ਕਰਕੇ ਅਸੀਂ ਆਪਣੀ ਨਜ਼ਰ ਵਿਚ ਸੰਪੂਰਨ ਨਹੀਂ ਹੋ ਪਾ ਰਹੇ। ਉਸ ਦੀ ਕਵਿਤਾ ‘ਕਹਿਣ ਨੂੰ ਤਾਂ ਅਸੀਂ’ ਬਹੁਤ ਕੁਝ ਕਹਿੰਦੀ ਹੈ। ਸਾਡਾ ਮਨੋਵਿਗਿਆਨ ਇੱਕੀਵੀਂ ਸਦੀ ਵਿਚ ਵੀ ਸੋਲ੍ਹਵੀਂ ਸਦੀ ਵਰਗਾ ਕਿਉਂ ਹੋ ਜਾਂਦਾ ਹੈ? ਦਾ ਸਵਾਲ ਮਹੱਤਵਪੂਰਨ ਹੈ। ਇਸ ਪਿੱਛੇ ਮਾਨ ਸੁਆਲ ਉਠਾਉਣਾ ਚਾਹੁੰਦਾ ਹੈ ਕਿ ਆਖ਼ਰ ਮਨੁੱਖੀ ਵਿਵਹਾਰ ਵਿਚ ਅਜਿਹਾ ਕਿਉਂ ਹੈ? ਇਸ ਦਾ ਉੱਤਰ ਇਹ ਬਣਦਾ ਹੈ ਕਿ ਸੋਲ੍ਹਵੀਂ ਸਦੀ ਮਿੱਥ ਦੀ ਸਦੀ ਹੈ। ਮਿੱਥ ਸੱਚ ਨੂੰ ਮਿੱਧਣ ਵਾਲੀ ਚੀਜ਼ ਹੈ। ਮਨੁੱਖ ਇੰਨਾ ਕੁ ਚਲਾਕ ਹੈ ਕਿ ਉਹ ਵਿਚਾਰ ਨੂੰ ਆਪਣੇ ਅਨੁਸਾਰ ਘੜ ਲੈਂਦਾ ਹੈ, ਆਪਣੇ ਹੱਕ ਵਿਚ ਭੁਗਤਾ ਲੈਂਦਾ ਹੈ। ਇਹੀ ਉੱਤਰ-ਆਧੁਨਿਕਤਾ ਦੇ ਨੇੜੇ ਦਾ ਵਰਤਾਰਾ ਹੈ। ਉਸ ਦੀ ਕਵਿਤਾ ਹੈ:
ਕਹਿਣ ਨੂੰ ਤਾਂ ਅਸੀਂ ਆਖ ਦਿੰਦੇ ਹਾਂ
ਬੜੇ ਮਾਡਰਨ ਹਾਂ
ਸਟੇਟ ਫਾਰਵਡ ਹਾਂ
ਦੇਖਣ ਤੋਂ ਵੀ ਇੰਜ ਹੀ ਜਾਪਦੈ।
ਪਰ ਹੁੰਦਾ ਨਹੀਉਂ ਏਦਾਂ
ਇਹ ਮਹਿਜ਼ ਸਾਡਾ ਭਰਮ ਹੁੰਦਾ
ਦਰਅਸਲ ਅਸੀਂ ਦੋਹਰੀ ਜ਼ਿੰਦਗੀ ਜੀ ਰਹੇ ਹੁੰਦੇ ਹਾਂ
ਸਾਡੇ ਚੇਤਿਆਂ ’ਚ
ਸਾਡੇ ਵਿਹਾਰ ਵਿਚ
ਸਦੀਆਂ ਦੀ ਟਰਡੀਸ਼ਨ ਪਈ ਹੁੰਦੀ
ਗਲੀ ਸੜੀ ਅਵਸਥਾ ਵੀ ਸਾਖਸ਼ਾਤ
ਪੀੜ੍ਹੀ ਦਰ ਪੀੜ੍ਹੀ ਸਫ਼ਰ ਕਰਦੀ
ਸਾਡੇ ਪਿੱਛੇ ਹੋ ਤੁਰਦੀ
ਸਾਡੇ ਮੋਹਰੇ
ਵੇਖਦੇ ਹੀ ਵੇਖਦੇ
ਸ਼ਬਦ ਖ਼ੁਦਕੁਸ਼ੀ ਕਰ ਜਾਂਦੇ
ਤੇ ਰਾਅਲਾਂ ਵਾਂਗ ਵਗ ਤੁਰਦੇ
ਫਿਊਡਲ ਵਿਚਾਰ
ਕਹਿਣ ਨੂੰ ਤਾਂ ਆਖ ਦਿੰਦੇ ਹਾਂ ਅਸੀਂ ਮਾਡਰਨ ਹੁੰਦੇ ਹਾਂ
ਪਰ ਹੁੰਦੇ ਨਹੀਂ ਅਕਸਰ ਏਦਾਂ
ਨਿੱਕੀ ਜੇਹੀ ਗੱਲ ’ਤੇ
ਭੜਕ ਪੈਂਦੇ ਹਾਂ
ਨਹੀਂ ਸੋਚਦੇ
ਜੋ ਹੁਣੇ ਹੁਣੇ ਮਾਡਰਨ ਸੀ
ਸਟੇਟ ਫਾਰਵਡ ਸੀ
ਕਿਥੇ ਗਵਾਚ ਗਿਆ?
ਹੌਲੀ-ਹੌਲੀ ਖੁੱਲ੍ਹ ਜਾ ਸਿਮ-ਸਿਮ
ਸਾਡੀ ਨਕਾਰਾਤਮਕ ਸੋਚ
ਘੁਰਨਿਆਂ ’ਚੋਂ ਬਾਹਰ ਆਉਂਦੀ
ਤੇ ਫੈਲ ਜਾਂਦੀ ਹੈ ਸਾਡੇ ਮਨ ਮਸਤਕ ਵਿਚ
ਫਿਰ ਅਸੀਂ
ਮਿੱਥ ਹੋ ਜਾਂਦੇ
ਗੁਲਾਮ ਹੋ ਜਾਂਦੇ
ਸ਼ਬਦ ਬੌਣੇ ਹੋ ਜਾਂਦੇ
ਤੇ ਰੱਦ ਕਰ ਜਾਂਦੇ ਉਹ ਸਭ ਕੁਝ
ਜੋ ਸਾਡੇ ਸੁਪਨਿਆਂ ’ਚ ਵਸਿਆ ਹੁੰਦਾ
ਪਲ-ਪਲ ਘਟਿਆ ਹੁੰਦਾ
ਜੋ ਅਸੀਂ ਜੀਵਿਆ ਹੁੰਦਾ
ਜੋ ਅਸੀਂ ਆਖਿਆ ਹੁੰਦਾ
ਪਿੱਠ ਦੇ ਖੜ੍ਹ ਜਾਂਦੇ ਉਸੇ ਵੱਲ
ਨਹੀਂ ਸੋਚਦੇ ਆਖਣ ਲੱਗਿਆਂ
ਕਿ ਤੁਹਾਡੇ ਸ਼ਬਦ ਬਾਣ
ਕਿੰਨਾ ਨੁਕਸਾਨ ਕਰ ਗਏ
ਕਿੰਨੇ ਗਹਿਰੇ ਜ਼ਖ਼ਮ ਦੇ ਗਏ
ਕੋਈ ਹਿਸਾਬ ਕਿਤਾਬ
ਕੋਈ ਗਿਆਨ ਨਹੀਂ
ਬੱਸ ਅਸੀਂ ਉਦੋਂ ਦਿਲ ਤੋਂ ਨਹੀਂ
ਆਲੇ-ਦੁਆਲੇ ਤੋਂ ਸੋਚਦੇ ਹਾਂ
ਚੱਕਰਵਿਯੂ ਵਿੱਚ ਫਸੇ
ਮਾਰ ਦਿੰਦੇ ਹਾਂ ਸੁਪਨੇ
ਜੋ ਤੁਸੀਂ ਨਹੀਂ
ਕਿਸੇ ਨੇ ਤਾਂ ਲਏ ਹੁੰਦੇ ਨੇ
ਸੁਪਨੇ ਲੈਣਾ ਕੋਈ ਜੁਰਮ ਤਾਂ ਨਹੀਂ
ਗੁਨਾਹ ਤਾਂ ਨਹੀਂ
ਸਾਡਾ ਮਨੋਵਿਗਿਆਨ
ਇੱਕੀਵੀਂ ਸਦੀ ’ਚ ਬੈਠਾ
ਸੋਲ੍ਹਵੀਂ ਸਦੀ ਵਰਗਾ ਕਿਉਂ ਹੋ ਜਾਂਦਾ?
ਜਦੋਂ ਅਸੀਂ ਮਾਡਰਨ ਹੁੰਦੇ
ਸਟੇਟ ਫਾਰਵਡ ਹੁੰਦੇ।
ਮੱਖਣ ਮਾਨ ਦੀ ਕਾਵਿ ਕਲਾ ਵਿਚ ਉਸ ਦਾ ਕਵਿਤਾ ਨੂੰ ਬਿਰਤਾਂਤਕ ਬਣਾਉਣਾ ਅਹਿਮ ਹੈ। ਬਿਰਤਾਂਤ ਸਿਰਜਣ ਪਿੱਛੇ ਕਾਰਨ ਉਸ ਦਾ ਇਤਿਹਾਸਕ ਪੱਖ ਸਿਰਜਣਾ ਹੈ। ਇਸ ਲਈ ਉਹ ਕਵਿਤਾ ਨੂੰ ਬੌਧਿਕ ਅਭਿਆਸ ਤੋਂ ਬਚਾਉਣਾ ਚਾਹੁੰਦਾ ਹੈ। ਕਿਸੇ ਧਿਰ ਵਿਸ਼ੇਸ਼ ਦੇ ਮਾਨਸਿਕ ਵਿਕਾਸ ਲਈ ਲਿਖੀ ਕਵਿਤਾ ਨੂੰ ਸੰਜੀਦਾ ਰਹਿਣਾ ਹੀ ਪੈਂਦਾ ਹੈ। ਮੱਖਣ ਮਾਨ ਇਹ ਕਾਰਜ ਸੁਚੇਤ ਰੂਪ ਵਿਚ ਕਰਦਾ ਹੈ। ਇਸ ਤਰ੍ਹਾਂ ਉਹ ਵਿਗਠਤ ਸ਼ਕਤੀਆਂ ਨੂੰ ਸੰਗਠਤ ਕਰਨ ਲਈ ਕਵਿਤਾ ਨੂੰ ਮਾਧਿਅਮ ਬਣਾਉਂਦਾ ਹੈ ਜਿਹੜੀ ਬਾਜ਼ਾਰ ਸਾਹਿਤ ਵਿਚ ਭਾਵੇਂ ਜਗ੍ਹਾ ਨਾ ਬਣਾ ਸਕੇ, ਪਰ ਸੰਘਰਸ਼ ਕਰਦੀਆਂ ਧਿਰਾਂ ਲਈ ਇਹ ਕਵਿਤਾ ਸਾਬਾਸ਼ੀ ਦੇ ਰੂਪ ਵਿਚ ਹੁਲਾਰਾ ਦੇਵੇਗੀ।