ਮਲਵਿੰਦਰ
ਅਖਾਣਾ ਮੁਹਾਵਰਿਆਂ ’ਚ ਆਈ ਚੁੱਪ ਬਾਹਰੀ ਚੁੱਪ ਹੈ। ਅਧਿਆਤਮਕ ਪੁੱਠ ਵਾਲੀ ਚੁੱਪ ਤੀਕ ਪਹੁੰਚਣ ਲਈ ਬਹੁਤ ਗਹਿਰਾ ਉਤਰਨਾ ਪੈਂਦਾ ਹੈ। ਚੁੱਪ ਮਨੁੱਖੀ ਮਨ ਦੀਆਂ ਗੁੰਝਲਾਂ ਦੀ ਵਾਣੀ-ਰਹਿਤ ਤਰਲ ਅਵਸਥਾ ਹੁੰਦੀ ਹੈ। ਇਸ ਅਵਸਥਾ ਨੂੰ ਸਮਝਣ, ਮਾਣਨ, ਹੰਢਾਉਣ ਲਈ ਆਪਣੇ ਨਾਲ ਸੰਵਾਦ ਰਚਾਉਣਾ ਪੈਂਦਾ, ਕਵਿਤਾ ਦਾ ਤਰਲਾ ਕਰਨਾ ਪੈਂਦਾ ਹੈ। ਕਵਿਤਾ ਮਨੁੱਖੀ ਮਨ ਦੀਆਂ ਗੁੰਝਲਾਂ ਖੋਲ੍ਹਣ ਦੇ ਨਾਲ-ਨਾਲ ਚੁੱਪ ਦੀਆਂ ਬਹੁਤ ਸਾਰੀਆਂ ਪਰਤਾਂ ਤੋਂ ਵੀ ਪਰਦਾ ਚੁੱਕਦੀ ਜਾਂ ਉਨ੍ਹਾਂ ਨੂੰ ਪ੍ਰਭਾਸ਼ਿਤ ਕਰਦੀ ਹੈ। ਕਵਿਤਾ ਦੀ ਸਮਰੱਥਾ ਦਾਰਸ਼ਨਿਕ ਗਹਿਰਾਈਆਂ ਅੰਦਰ ਉਤਰ ਮਨੁੱਖੀ ਮਨ ਦੀ ਲੁਪਤ ਜਗਿਆਸਾ ਦੀ ਥਾਹ ਪਾਉਣ ਦੀ ਹੁੰਦੀ ਹੈ। ਚੁੱਪ ਦੀ ਪਰਤ ਇਕਹਿਰੀ ਨਹੀਂ ਹੁੰਦੀ। ਹਰ ਸਮਾਜਿਕ ਵਰਤਾਰੇ ਵਿੱਚ ਇਸ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਹੋ ਜਾਂਦੀ ਹੈ। ਚੁੱਪ ਕਦੇ ਆਨੰਦ ਦੀ ਅਵਸਥਾ ਵਿੱਚ ਲੈ ਜਾਂਦੀ ਤੇ ਕਦੇ ਤਲਖ਼ ਵਰਤਾਰਿਆਂ ਦੀ ਪੀੜ ਬਣ ਆਉਂਦੀ ਹੈ। ਚੁੱਪ ਜਦ ਰਾਜਨੀਤੀ ਦੇ ਹੱਥਾਂ ’ਚ ਆਉਂਦੀ ਹੈ ਤਾਂ ਵਿਪਰੀਤ ਵਰਤਾਰਿਆਂ ’ਚੋਂ ਲੋਕਤੰਤਰਿਕ ਮੁਹਾਵਰੇ ਦੀ ਤਲਾਸ਼ ਕਰਦੀ ਹੈ। ਤਬਾਹੀ ਦੇ ਮੰਜ਼ਰਾਂ ਨੂੰ ਵੇਖ ਕੇ ਚੁੱਪ ਰਹਿੰਦੇ ਬੰਦੇ ਕੋਲ ਚੁੱਪ ਕਿਹੜੇ ਅਰਥਾਂ ’ਚ ਆਉਂਦੀ ਏ, ਸਮਝਣਾ ਮੁਸ਼ਕਲ ਹੁੰਦਾ ਹੈ। ਸਾਡੀ ਸਮਝ ਤੋਂ ਬਾਹਰ ਰਹਿ ਗਿਆ ਬੰਦਾ ਸਾਡੇ ਵੇਲਿਆਂ ਦਾ ਸਭ ਤੋਂ ਵੱਡਾ ਦੁਖਾਂਤ ਹੋ ਨਬਿੜਦਾ ਹੈ। ਆਵਾਮ ਦੀ ਬੇਵੱਸੀ ਵੀ ਚੁੱਪ ਹੁੰਦੀ ਹੈ। ਅਜਿਹੀ ਚੁੱਪ ਜਿਹੜੀ ਰਾਜਨੀਤਕ ਰੌਲੇ ਤੋਂ ਡਰਦੀ ਅੰਦਰ ਦੁਬਕੀ ਰਹਿੰਦੀ ਹੈ। ਰਾਜਨੀਤਕ ਰੌਲਾ ਬੰਦੇ ਅੰਦਰ ਖ਼ੌਫ਼ ਪੈਦਾ ਕਰਦਾ ਹੈ। ਇਹ ਖ਼ੌਫ਼ ਹੀ ਚੁੱਪ ਨੂੰ ਜਨਮ ਦਿੰਦਾ ਹੈ। ਲੋਕਤੰਤਰਿਕ ਨਿਜ਼ਾਮ ਅੰਦਰ ਕਿਸੇ ਰਾਜਨੀਤਕ ਧੜੇ ਦੇ ਇਕਲੌਤੇ ਜੇਤੂ ਰਹੇ ਉਮੀਦਵਾਰ ਦੀ ਚੁੱਪ ਸਿਆਲ ’ਚ ਮਾਰੀ ਲੋਈ ਦੀ ਬੁੱਕਲ ਵਰਗੀ ਹੁੰਦੀ ਹੈ। ਵਿਰੋਧੀ ਧੜੇ ਉਸ ਅੰਦਰ ਵਸਤ ਦਾ ਅਹਿਸਾਸ ਪੈਦਾ ਕਰਦੇ, ਭਾਅ ਲਾਉਂਦੇ ਹਨ। ਉਸ ਦੀ ਚੁੱਪ ਦੇ ਵਧਣ ਨਾਲ ਮੰਡੀ ਵਿੱਚ ਉਸ ਦਾ ਮੁੱਲ ਵਧਦਾ ਜਾਂਦਾ ਹੈ। ਨਕਾਰ ਦਿੱਤੇ ਜਾਣ ਤੋਂ ਪਹਿਲਾਂ ਉਸ ਦੀ ਚੁੱਪ ਟੁੱਟਦੀ ਅਤੇ ਉਹ ਵਿਕਿਆ ਹੋਇਆ ਮਾਲ ਹੋ ਜਾਂਦਾ ਹੈ। ਚੁੱਪ ਦੀ ਇਹ ਪ੍ਰਵਿਰਤੀ ਸੱਤਾ ਦੇ ਭਵਿੱਖ ਦੇ ਨਕਸ਼ ਘੜਦੀ ਹੈ। ਸੱਤਾ ਦੇ ਨਵੇਂ ਨਕਸ਼ ਰੌਲੇ ਦੇ ਨਵੇਂ ਮਿਆਰ ਮਿੱਥਦੇ ਹਨ। ਅਵਾਮ ਦੀ ਚੁੱਪ ਹੋਰ ਗਹਿਰੀ ਹੋ ਜਾਂਦੀ ਹੈ। ਸਮੱਸਿਆਵਾਂ ਹੋਰ ਵਿਕਰਾਲ ਹੋ ਜਾਂਦੀਆਂ ਹਨ ਪਰ ਜਦ ਕਦੇ ਚੁੱਪ ਦੇ ਬੋਲ ਸੰਗਠਤ ਹੋ ਜਾਂਦੇ ਹਨ, ਸੱਤਾ ਦਾ ਰੌਲਾ ਸ਼ਾਂਤ ਹੋ ਜਾਂਦਾ ਹੈ। ਅਣਗੌਲੇ ਲੋਕ ਗੌਲਣਯੋਗ ਇਕੱਠ ਬਣ ਜਾਂਦੇ ਹਨ। ਚਿੰਤਨ, ਮੰਥਨ ਕਰਨਾ ਤੇ ਪਿਛਲਖੁਰੀ ਤੁਰਨਾ ਸੱਤਾ ਦੀ ਮਜਬੂਰੀ ਬਣ ਜਾਂਦਾ ਹੈ। ਇਹ ਸੰਘਰਸ਼ ਦੀ ਜਿੱਤ ਤੇ ਚੁੱਪ ਨੂੰ ਮਿਲੀ ਪ੍ਰਵਾਨਗੀ ਹੁੰਦੀ ਹੈ।
ਸਾਡੀਆਂ ਸਾਂਝਾਂ, ਰਿਸ਼ਤਿਆਂ ਵਿੱਚ ਬਹੁਤ ਸਾਰਾ ਰੌਲਾ ਹੁੰਦਾ ਹੈ। ਅਸਲ ਵਿੱਚ ਇਹ ਰੌਲਾ ਸਾਂਝਾਂ ਵਿੱਚ ਰਹਿ ਗਈਆਂ ਵਿਰਲਾਂ ਦੀ ਚੁੱਪ ਹੁੰਦੀ ਹੈ। ਬੰਦੇ ਦੇ ਵਿਵਹਾਰ ’ਚ ਛੁਪੀ ਸ਼ਾਲੀਨਤਾ ਕੋਲ ਰੌਲਾ ਨਹੀਂ, ਚੁੱਪ ਹੁੰਦੀ ਹੈ। ਅਸੀਂ ਬਾਹਰੀ ਤੌਰ ’ਤੇ ਜਿੰਨੇ ਨੇੜੇ ਹੁੰਦੇ ਹਾਂ, ਅੰਦਰਲੀਆਂ ਵਿਰਲਾਂ ਓਨੀਆਂ ਹੀ ਗਹਿਰੀਆਂ ਹੁੰਦੀਆਂ ਹਨ। ਇੱਕੋ ਮਕਾਨ ਵਿੱਚ ਰਹਿੰਦਿਆਂ ਅਸੀਂ ਵੱਖੋ ਵੱਖਰੇ ਘਰ ਉਸਾਰ ਲੈਂਦੇ ਹਾਂ। ਹਰ ਘਰ ਦੀ ਆਪਣੀ ਚੁੱਪ ਹੁੰਦੀ ਹੈ ਤੇ ਹਰ ਚੁੱਪ ਦਾ ਆਪਣਾ ਰਹੱਸ। ਘਰ ਵਿੱਚ ਜੀਆਂ ਦੀ ਹੋਂਦ ਹੁੰਦੀ ਹੈ ਪਰ ਸੰਵਾਦ ਨਹੀਂ ਹੁੰਦਾ। ਜੀਆਂ ਦੇ ਵਿਵਹਾਰ ਵਿੱਚ ਆਈ ਤਬਦੀਲੀ ਦੇ ਨਕਸ਼ ਚੁੱਪ ’ਚ ਪਏ ਹੁੰਦੇ ਹਨ। ਸੰਵਾਦਹੀਣ ਸਥਿਤੀ ਜਿਸ ਚੁੱਪ ਦਾ ਸਬੱਬ ਬਣਦੀ ਹੈ, ਉਹ ਅਣਸੁਖਾਵੇਂ ਲਮਹਿਆਂ ਦਾ ਅਣਚਾਹਿਆ ਬਿਰਤਾਂਤ ਹੁੰਦਾ ਹੈ। ਸੰਵਾਦ ’ਚ ਆਈ ਖੜੋਤ ਵਿਚਲੀ ਚੁੱਪ ਸੁਖਾਵੀਂ ਨਹੀਂ ਹੁੰਦੀ। ਇਕੱਲਤਾ ਹੰਢਾਉਂਦੀ ਕਾਇਆ ਅੰਦਰ ਉੱਠਿਆ ਸ਼ੋਰ ਟੱਸ ਟੱਸ ਕਰਦੀ ਚੁੱਪ ਬਣਦੀ ਹੈ। ਜਦ ਰਿਸ਼ਤਿਆਂ ਵਿਚਲੀ ਚੁੱਪ ਟੁੱਟਦੀ ਹੈ ਤਾਂ ਇਸ ਕਾਰਨ ਉਪਜੇ ਸ਼ਬਦ ਤੁਹਾਡੀ ਸੋਚ ਨੂੰ ਵਿੰਨ੍ਹਦੇ ਪੀੜ ਨਾਲ ਭਰ ਦਿੰਦੇ ਹਨ। ਇਹ ਸੰਵਾਦ ਸਿਰ ਵਿਹੂਣੇ ਸਿਰਾਂ ਦੀ ਬਹਿਸ ਬਣ ਜਾਂਦੀ ਹੈ। ਰਿਸ਼ਤਿਆਂ ਦੀ ਸਾਰਥਕਤਾ ਉਨ੍ਹਾਂ ਵਿਚਲੇ ਨਿੱਘ ਕਾਰਨ ਹੁੰਦੀ ਹੈ। ਜਦ ਰਿਸ਼ਤੇ ਠਰ ਜਾਣ ਤਾਂ ਉਨ੍ਹਾਂ ਵਿੱਚ ਚੁੱਪ ਪਸਰ ਜਾਂਦੀ ਹੈ। ਬੰਦਾ ਆਪਣੇ ਹੀ ਘਰ ’ਚ ਅਣਦੇਖੀ ਦਾ ਸ਼ਿਕਾਰ ਹੋ ਜਾਂਦਾ ਹੈ। ਅਣਦੇਖੀ ਦਾ ਸ਼ਿਕਾਰ ਹੋਇਆ ਮਨੁੱਖ ਚੁੱਪ ਦੀ ਬੁੱਕਲ ਮਾਰ ਲੈਂਦਾ ਹੈ। ਇਹ ਚੁੱਪ ਉਸ ਦੀ ਦੇਹ ਨੂੰ ਰੋਗੀ ਕਰ ਦਿੰਦੀ ਹੈ। ਉਹ ਘਰ ਦੀ ਸੱਤਾ ਦੇ ਵਿਰੋਧ ਵਿੱਚ ਖੜ੍ਹਾ ਹੋ ਜਾਂਦਾ ਹੈ।
ਚੁੱਪ ਕੋਲ ਬਹੁਤ ਸਾਰੀ ਊਰਜਾ ਵੀ ਹੁੰਦੀ ਹੈ। ਊਰਜਾਮਈ ਚੁੱਪ ਕੋਲ ਸਿਰਜਣ ਪਲ ਆਉਂਦੇ ਹਨ। ਕਲਪਨਾ ਉਡਾਣ ਭਰਦੀ ਹੈ। ਕਵਿਤਾ ਆਕਾਰ ਲੈਂਦੀ ਹੈ। ਇਕੱਲੇ ਬੈਠੇ ਬੰਦੇ ਕੋਲ ਕਵਿਤਾਵਾਂ ਦਾ ਮੇਲਾ ਲੱਗ ਜਾਂਦਾ ਹੈ। ਉਹ ਕਿਸੇ ਵੱਖਰੀ ਦੁਨੀਆਂ ਵਿੱਚ ਵਿਚਰ ਰਿਹਾ ਹੁੰਦਾ ਹੈ। ਵਸਤਾਂ, ਵਰਤਾਰਿਆਂ ਨੂੰ ਵੇਖਣ ਪਰਖਣ ਦੀ ਉਸ ਦੀ ਦ੍ਰਿਸ਼ਟੀ ਬਦਲ ਜਾਂਦੀ ਹੈ। ਰੋਗੀ ਦੇਹ ਨਿਰੋਗੀ ਸੋਚਾਂ ਨਾਲ ਭਰ ਜਾਂਦੀ ਹੈ। ਰਿਸ਼ਤੇ ਮਹੱਤਵਪੂਰਨ ਹੋ ਜਾਂਦੇ ਹਨ। ਸੋਗੀ ਵਿਚਾਰ ਦੂਰ ਖਿਸਕਣ ਲੱਗਦੇ ਹਨ। ਸੁਭਾਅ ਵਿੱਚ ਸਿਹਤਮੰਦ ਤਬਦੀਲੀ ਆਉਂਦੀ ਹੈ। ਘਰ ਅੰਦਰ ਘਰ ਦਾ ਅਹਿਸਾਸ ਪਰਤ ਆਉਂਦਾ ਹੈ। ਚੁੱਪ ਸੰਗੀਤਮਈ ਹੋ ਜਾਂਦੀ ਹੈ।
ਸੰਘਣੇ ਜੰਗਲ ਦੀ ਚੁੱਪ ਕੋਲ ਸਹਿਜ, ਸੁਹਜ ਅਤੇ ਸਿਦਕ ਵੀ ਹੁੰਦਾ ਹੈ ਤੇ ਜੰਗਲੀ ਵਿਵਹਾਰ ਦਾ ਖ਼ੌਫ਼ ਵੀ। ਪੱਤਿਆਂ, ਫੁੱਲਾਂ ਦੇ ਸ਼ੋਖ਼ ਰੰਗ ਮਨ ਨੂੰ ਚੰਗੇ ਲੱਗਦੇ ਹਨ ਪਰ ਇਨ੍ਹਾਂ ਰੰਗਾਂ ਦੀ ਇੱਕ ਉਮਰ ਹੁੰਦੀ ਹੈ। ਬਸੰਤ ਬਹਾਰ ਤੋਂ ਬਾਅਦ ਪੱਤਝੜ ਨੇ ਵੀ ਆਉਣਾ ਹੁੰਦਾ ਹੈ। ਰੰਗਾਂ ਨੇ ਫੁੱਲਾਂ ਕੋਲੋਂ ਵਿਦਾਇਗੀ ਲੈਣੀ ਹੁੰਦੀ ਹੈ। ਵਿਦਾਇਗੀ ਦਾ ਇਹ ਛਿਣ ਉਦਾਸ ਚੁੱਪ ਨਾਲ ਭਰ ਜਾਂਦਾ ਹੈ। ਸਹਿਮੇ ਪੰਛੀ ਨੂੰ ਗੌਰ ਨਾਲ ਵੇਖੋ। ਇਸ ਕੋਲ ਵੀ ਚੁੱਪ ਹੁੰਦੀ ਹੈ। ਇਹ ਚੁੱਪ ਪੰਛੀ ਦੇ ਪਰਾਂ ’ਚ ਪਰਵਾਜ਼ ਭਰ ਦਿੰਦੀ ਹੈ। ਸੰਘਣੇ ਰੁੱਖ ਦੀ ਛਾਵੇਂ ਉੱਗੇ ਪੌਦਿਆਂ ਕੋਲ ਪਛਤਾਵੇ ਦੀ ਚੁੱਪ ਹੁੰਦੀ ਹੈ। ਘਾਹ ਦੀਆਂ ਜੜ੍ਹਾਂ ਕੋਲ ਧਰਤੀ ਦੀ ਸਤ੍ਵਾ ’ਤੇ ਵਿਛ ਰਹੀ ਹਰਿਆਲੀ ਦੀ ਚੁੱਪ ਹੁੰਦੀ ਹੈ। ਨਦੀ ਦੇ ਵਗਦੇ ਪਾਣੀ ਕੋਲ ਸੰਗੀਤ ਹੁੰਦਾ ਹੈ ਪਰ ਪਾਣੀ ਦੀ ਗਹਿਰਾਈ ਕੋਲ ਚੁੱਪ ਹੁੰਦੀ ਹੈ। ਇਸ ਚੁੱਪ ’ਚ ਕਈ ਰਾਜ਼ ਸਾਂਭੇ ਰਹਿੰਦੇ ਹਨ। ਕੁਦਰਤ ਦੀ ਮਹਾਨਤਾ ਦਾ ਗੀਤ ਜੇਕਰ ਕੋਈ ਗਾ ਸਕਦਾ ਹੈ ਤਾਂ ਯਕੀਨਨ ਉਸ ਕੋਲ ਚੁੱਪ ਦਾ ਵਰ ਹੋਵੇਗਾ। ਰੌਲੇ ’ਚ ਗੀਤ ਨਹੀਂ ਹੁੰਦੇ। ਕੀ ਤੁਸੀਂ ਕਦੇ ਉਦੈ ਹੋ ਰਹੇ ਸੂਰਜ ਨੂੰ ਵੇਖਿਆ ਹੈ? ਕਦੇ ਅਸਤ ਹੋ ਰਹੇ ਸੂਰਜ ਨਾਲ ਗੱਲਾਂ ਕੀਤੀਆਂ ਹਨ? ਇਹ ਚੁੱਪ ਨਾਲ ਭਰੇ ਇਲਾਹੀ ਛਿਣ ਹੁੰਦੇ ਹਨ। ਇਸ ਛਿਣ ’ਚੋਂ ਆਸ ਜਾਗਦੀ ਹੈ। ਚਾਨਣ ਦੀ ਆਮਦ ਤੇ ਵਿਦਾਇਗੀ ਹੁੰਦੀ ਹੈ। ਸੂਰਜ ਦੇ ਅਸਤ ਹੋਣ ਤੋਂ ਬਾਅਦ ਹਨੇਰੇ ਦੇ ਅਰਥ ਸਮਝ ਆਉਂਦੇ ਹਨ। ਸੰਘਰਸ਼ ਦੀ ਲੋੜ ਮਹਿਸੂਸ ਹੁੰਦੀ ਹੈ। ਜੀਵਨ ਦਾ ਰਹੱਸ ਸੋਚਾਂ ਅੰਦਰ ਅੰਗੜਾਈ ਲੈਂਦਾ ਹੈ। ਕੁਦਰਤ ਦੀ ਚੁੱਪ ਕੋਲ ਇਨ੍ਹਾਂ ਸਵਾਲਾਂ ਦੇ ਬੇਅੰਤ ਜਵਾਬ ਹੁੰਦੇ ਹਨ। ਪਹਾੜ ਜਿੰਨਾ ਵਿਸ਼ਾਲ ਹੋਵੇਗਾ, ਉਸ ਦੀ ਚੁੱਪ ਓਨੀ ਹੀ ਗਹਿਰੀ ਹੋਵੇਗੀ। ਸੜਕ ਕਿਨਾਰੇ, ਪਾਰਕਾਂ, ਮੈਦਾਨਾਂ ’ਚ ਜੰਮੀ ਬਰਫ਼ ਚੁੱਪਚਾਪ ਪਈ ਰਹਿੰਦੀ ਹੈ। ਜਦ ਸੂਰਜ ਚਮਕਦਾ ਹੈ ਤਾਂ ਬਰਫ਼ ਹੌਲੀ ਹੌਲੀ ਪਿਘਲਦੀ ਹੈ ਬਿਨਾਂ ਕੋਈ ਸ਼ੋਰ ਕੀਤਿਆਂ। ਪਾਣੀ ਨਿਵਾਣਾਂ ਵੱਲ ਵਹਿੰਦਾ ਕਿਸੇ ਟੋਭੇ, ਝੀਲ ਦੇ ਪਾਣੀਆਂ ’ਚ ਰਲ਼ ਜਾਂਦਾ ਹੈ। ਕਿਸੇ ਸਾਗਰ ਦਾ ਹਿੱਸਾ ਹੋ ਜਾਂਦਾ ਹੈ। ਪਾਣੀ ਦੀ ਚੁੱਪ ਅੰਦਰ ਪਿਆ ਇਹ ਵਿਵਹਾਰ ਮਨੁੱਖੀ ਜੀਵਨ ਨੂੰ ਸੁਨੇਹਾ ਦੇ ਜਾਂਦਾ ਹੈ। ਕੁਦਰਤ ਦੇ ਹਰ ਨਕਸ਼ ਕੋਲ ਚੁੱਪ ਹੈ ਅਤੇ ਹਰ ਚੁੱਪ ਕੋਲ ਜੀਵਨ-ਜਾਚ ਦਾ ਕੋਈ ਗੁਰ।
ਅਣਗੌਲੀ ਪਈ ਚੁੱਪ ਦੇ ਅਰਥ ਸ਼ਾਇਰ ਕੋਲ ਆ ਕੇ ਸਾਕਾਰ ਹੁੰਦੇ ਹਨ। ਕਵੀ ਹੀ ਚੁੱਪ ਦਾ ਇਜ਼ਹਾਰ, ਇਕਰਾਰ ਸਮਝਦਾ ਹੈ। ਕਵੀ ਜਾਣਦਾ ਹੈ ਕਿ ਹੁਣ ਤੱਕ ਅਣਕਿਹਾ ਰਿਹਾ ਚੁੱਪ ਨੇ ਕਹਿਣਾ ਹੈ। ਸਮਾਧੀ ’ਚ ਬੈਠਣਾ ਚੁੱਪ ਕੋਲ ਬੈਠਣਾ ਹੁੰਦਾ ਹੈ। ਸਮਾਧੀ ਦੇ ਬੋਧੀ ਛਿਣਾਂ ’ਚੋਂ ਕਵਿਤਾ ਨੇ ਆਕਾਰ ਲੈਣਾ ਹੁੰਦਾ ਹੈ। ਕਵਿਤਾ ਨੇ ਮਨੁੱਖੀ ਮਨ ਦੀ ਹਰ ਅਵਸਥਾ ਨੂੰ ਬਿਆਨ ਕਰਨਾ ਹੁੰਦਾ ਹੈ। ਚੁੱਪ ਨੇ ਸਮਾਜਿਕ ਅਤੇ ਰਾਜਨੀਤਕ ਵਰਤਾਰਿਆਂ ਨਾਲ ਸੰਵਾਦ ਰਚਾਉਣਾ ਹੁੰਦਾ ਹੈ। ਸੱਤਾ ਦੇ ਭੈਅ ’ਚ ਚੁੱਪ ਰਹੀ ਲੋਕਾਈ ਦੀ ਆਵਾਜ਼ ਬਣਨਾ ਹੁੰਦਾ ਹੈ। ਹਨੇਰੇ ਦੇ ਵਪਾਰੀਆਂ ਵੱਲੋਂ ਫੈਲਾਏ ਭਰਮ ਦੇ ਭੈਅ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਚੁੱਪ ਨੇ ਹੀ ਗੱਲ ਕਰਨੀ ਹੁੰਦੀ ਹੈ। ਜਦ ਚੁੱਪ ਬੋਲਦੀ ਹੈ ਤਾਂ ਕਈ ਕੁਝ ਠੋਸਿਆ ਟੁੱਟ ਬਿਖਰ ਜਾਂਦਾ ਹੈ। ਕਠੋਰ ਤੇ ਹੰਕਾਰੀ ਨਿਰਣਿਆਂ ਦੀ ਸ਼ਰਮਸਾਰ ਵਾਪਸੀ ਹੁੰਦੀ ਹੈ। ਕਵੀ ਦੇ ਬੋਲ ਸਲਤਨਤ ਦੀਆਂ ਦੀਵਾਰਾਂ ਨਾਲ ਟਕਰਾਉਂਦੇ ਹਨ। ਚੁੱਪ ਦੇ ਜੁਝਾਰੂ ਛਿਣ ਸਾਕਾਰ ਹੁੰਦੇ ਹਨ। ਚੱਲਦੇ ਸੰਵਾਦ ’ਚ ਚੁੱਪ ਉਹ ਭਾਸ਼ਾ ਸਿਰਜਦੀ ਹੈ ਜਿਸ ਦਾ ਦੂਜੀ ਧਿਰ ਕੋਲ ਕੋਈ ਜਵਾਬ ਨਹੀਂ ਹੁੰਦਾ। ’ਨੇਰਿਆਂ ਨਾਲ ਜੂਝਦੀ ਕਵਿਤਾ ਦਾ ਸ਼ਾਇਰ ਆਪਣੀ ਹੀ ਲੋਅ ’ਚ ਤੁਰਦਾ ਹੈ। ਕਵਿਤਾ ਨੇ ਰਿਸ਼ਤਿਆਂ ਦੇ ਬੇਰਹਿਮ ਵਰਤਾਰਿਆਂ ਨੂੰ ਬੇਪਰਦ ਕਰਨਾ ਹੁੰਦਾ ਹੈ। ਕਵਿਤਾ ਨੇ ਸਮਾਜ ਦੇ ਦੰਭੀ ਵਿਵਹਾਰ ਖ਼ਿਲਾਫ਼ ਬੋਲਣਾ ਹੁੰਦਾ ਹੈ। ਕਵਿਤਾ ਚੁੱਪ ਦੀ ਊਰਜਾ ਦਾ ਇਜ਼ਹਾਰ ਕਰਦੀ ਹੈ। ਕਵੀ ਜਦੋਂ ਆਪਣੇ ਕੋਲ ਬੈਠਾ ਹੁੰਦਾ ਹੈ ਤਾਂ ਉਦੋਂ ਆਕਾਰ ਰਹਿਤ, ਸ਼ਬਦ ਰਹਿਤ ਕਵਿਤਾ ਦਾ ਅਹਿਸਾਸ ਹੁੰਦਾ ਜੋ ਕਵੀ ਅੰਦਰ ਮੌਲਦਾ, ਫੈਲਦਾ ਤੇ ਉਡਾਣ ਭਰਦਾ ਹੈ। ਕਵੀ ਦਾ ਸੰਨਾਟਾ ਆਨੰਦ ਨਾਲ ਭਰ ਜਾਂਦਾ ਹੈ।
ਰੈਕ ’ਚ ਪਈਆਂ ਕਿਤਾਬਾਂ ਚੁੱਪ ਹੁੰਦੀਆਂ ਹਨ ਪਰ ਉਨ੍ਹਾਂ ਦੀ ਚੁੱਪ ਅੰਦਰ ਵਿਚਾਰ ਹੁੰਦੇ ਹਨ, ਗਿਆਨ, ਦਰਸ਼ਨ ਤੇ ਭਾਸ਼ਾ ਹੁੰਦੀ ਹੈ। ਕਿਤਾਬਾਂ ਦੀ ਚੁੱਪ ਕੋਲ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਦਾ ਵਲ਼ ਹੁੰਦਾ ਹੈ। ਕਿਤਾਬਾਂ ਦੀ ਚੁੱਪ ਅੰਦਰ ਇੱਕ ਸੰਸਾਰ ਵਸਦਾ ਹੈ। ਸਿਰਜਣਾ ਅੰਗੜਾਈ ਲੈਂਦੀ ਹੈ। ਕਿਤਾਬਾਂ ਦੀ ਚੁੱਪ ਪਾਠਕ ਨੂੰ ਬੋਲਣ ਲਾ ਦਿੰਦੀ ਹੈ। ਕਿਤਾਬਾਂ ਦੀ ਚੁੱਪ ਪੀੜ੍ਹੀ-ਦਰ-ਪੀੜ੍ਹੀ ਸਫ਼ਰ ਕਰਦੀ ਆਪਣੀ ਚੁੱਪ ਵਿੱਚ ਲੁਪਤ ਜਗਿਆਸਾ ਦਾ ਪ੍ਰਵਾਹ ਕਰਦੀ ਹੈ। ਕਿਤਾਬਾਂ ਦੀ ਚੁੱਪ ਕੋਲ ਅਪਣੱਤ ਹੁੰਦੀ ਹੈ। ਕਿਤਾਬਾਂ ਤੋਂ ਸੱਖਣੇ ਘਰ ਕੋਲ ਸਲ੍ਹਾਬੀ ਚੁੱਪ ਹੁੰਦੀ ਹੈ। ਇਸ ਚੁੱਪ ਕੋਲ ਬੋਲ ਨਹੀਂ ਹੁੰਦੇ, ਉਦਾਸੀ, ਹੇਰਵਾ ਤੇ ਸੰਨਾਟੇ ਦਾ ਖ਼ੌਫ਼ ਹੁੰਦਾ ਹੈ। ਕਿਤਾਬ ਦੇ ਮੁੜੇ ਪੰਨੇ ਦੀ ਚੁੱਪ ’ਚ ਇਤਿਹਾਸ ਸਾਂਭਿਆ ਰਹਿੰਦਾ ਹੈ। ਜਦ ਵੀ ਮੁੜੇ ਪੰਨੇ ਦੀ ਗੱਲ ਤੁਰਦੀ ਹੈ, ਇਤਿਹਾਸ ਦਾ ਸੁਨਹਿਰੀ ਛਿਣ ਸਾਕਾਰ ਹੋ ਜਾਂਦਾ ਹੈ।
ਚੁੱਪ ਕੋਲ ਕਈ ਭੇਤ ਹੁੰਦੇ ਹਨ। ਉਨ੍ਹਾਂ ਭੇਤਾਂ ਨੂੰ ਜਾਣਨ, ਸਮਝਣ ਲਈ ਬਾਹਰਲੇ ਰੌਲੇ ਤੋਂ ਮੁਕਤ ਹੋ ਆਪਣੇ ਅੰਦਰ ਬੋਧੀ ਛਿਣ ਸਾਕਾਰ ਕਰਨਾ ਪੈਂਦਾ ਹੈ। ਉਸ ਛਿਣ ਅੰਦਰ ਚੁੱਪ ਦਾਰਸ਼ਨਿਕ ਹੋ ਜਾਂਦੀ ਹੈ। ਗੁੱਝੇ ਭੇਤਾਂ ਨੂੰ ਸਮਝਣ ਦੀ ਸੂਝ ਪੈਦਾ ਹੁੰਦੀ ਹੈ। ਕੁਝ ਭੇਤਾਂ ਦੇ ਭੇਤ ਬਣੇ ਰਹਿਣ ਵਿੱਚ ਹੀ ਭਲਾ ਹੁੰਦਾ ਹੈ। ਉੱਥੇ ਚੁੱਪ ਸਹਿਯੋਗੀ ਹੁੰਦੀ ਹੈ। ਅਸਲ ਵਿੱਚ ਚੁੱਪ ਉਸ ਬੰਦ ਬੂਹੇ ਵਰਗੀ ਹੁੰਦੀ ਹੈ ਜਿਸ ਦੇ ਖੁੱਲ੍ਹਦਿਆਂ ਹੀ ਸੁੱਤਾ ਮਨੁੱਖ ਜਾਗ ਪੈਂਦਾ ਹੈ। ਜਾਗਣਾ ਹੀ ਵਰਦਾਨ ਹੈ। ਜਾਗਣਾ ਹੀ ਮਨੁੱਖੀ ਮਨ ਦੀ ਪ੍ਰਾਪਤੀ ਹੈ। ਕਾਮਨਾ ਕਰੀਏ ਕਿ ਸਾਡਾ ਸਮਾਜ ਜਾਗੇ ਹੋਏ ਮਨੁੱਖਾਂ ਦਾ ਸਮਾਜ ਹੋਵੇ।
ਸੰਪਰਕ: 97795-91344 (ਵੱਟਸਐਪ)