ਪ੍ਰੋ. ਨਵ ਸੰਗੀਤ ਸਿੰਘ
ਸੁਖ, ਸੰਪਤੀ ਤੇ ਸਮ੍ਰਿਧੀ ਦਾ ਪ੍ਰਤੀਕ ਪੋਂਗਲ ਦੱਖਣੀ ਭਾਰਤ ਦੇ ਤਾਮਿਲਨਾਡੂ ਸੂਬੇ ਵਿੱਚ ਮਨਾਇਆ ਜਾਣ ਵਾਲਾ ਪ੍ਰਮੁੱਖ ਤਿਉਹਾਰ ਹੈ। ਜਿਸ ਤਰ੍ਹਾਂ ਉੱਤਰੀ ਭਾਰਤ ਵਿੱਚ ਜਨਵਰੀ ਵਿੱਚ ਮਾਘੀ ਅਤੇ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ ਦੱਖਣ ਭਾਰਤ ਵਿੱਚ ਪੋਂਗਲ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਵਾਰ ਇਹ ਤਿਉਹਾਰ 14 ਜਨਵਰੀ ਤੋਂ 17 ਜਨਵਰੀ ਤੱਕ ਮਨਾਇਆ ਜਾਵੇਗਾ।
ਮਾਨਤਾ ਇਹ ਹੈ ਕਿ ਪੋਂਗਲ ਤਿਉਹਾਰ ਵਿੱਚ ਕਿਸਾਨ ਆਪਣੀਆਂ ਅਗਲੀਆਂ ਫ਼ਸਲਾਂ ਦੀ ਚੰਗੀ ਪੈਦਾਵਾਰ ਲਈ ਪ੍ਰਾਰਥਨਾ ਕਰਦੇ ਹਨ। ਇਸ ਤਿਉਹਾਰ ਨੂੰ ਤਾਮਿਲਨਾਡੂ ਦੇ ਸਭਿਆਚਾਰਕ ਅਤੇ ਰਵਾਇਤੀ ਰੀਤੀ ਰਿਵਾਜਾਂ ਨਾਲ ਉਤਸ਼ਾਹਪੂਰਵਕ ਢੰਗ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਿੱਚ ਮੁੱਖ ਤੌਰ ’ਤੇ ਸੂਰਜ ਦੇਵਤਾ ਦੀ ਪੂਜਾ ਹੁੰਦੀ ਹੈ।
ਇਹ ਤਿਉਹਾਰ ਚਾਰ ਦਿਨਾਂ ਤੱਕ ਵੱਖ ਵੱਖ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ। ਪਹਿਲੇ ਦਿਨ ਭੋਗੀ ਪੋਂਗਲ, ਦੂਜੇ ਦਿਨ ਸੂਰਜ ਪੋਂਗਲ, ਤੀਜੇ ਦਿਨ ਮੱਟੂ ਪੋਂਗਲ ਅਤੇ ਚੌਥੇ ਦਿਨ ਨੂੰ ਕੰਨੁਮ ਪੋਂਗਲ ਕਿਹਾ ਜਾਂਦਾ ਹੈ। ਪੋਂਗਲ ਦੇ ਹਰ ਇੱਕ ਦਿਨ ਵਿੱਚ ਵੱਖ ਵੱਖ ਪਰੰਪਰਾਵਾਂ ਅਤੇ ਰੀਤੀ ਰਿਵਾਜ ਪੂਰੇ ਉਤਸ਼ਾਹ ਨਾਲ ਨਿਭਾਏ ਜਾਂਦੇ ਹਨ।
ਤਾਮਿਲਨਾਡੂ ਵਿੱਚ ਇਸ ਤਿਉਹਾਰ ਦੇ ਦਿਨ ਤੋਂ ਤਾਮਿਲ ਦੇ ਤਇ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ। ਇਸ ਤਿਉਹਾਰ ਵਿੱਚ ਇੰਦਰ ਦੇਵਤਾ ਅਤੇ ਸੂਰਜ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ। ਪੋਂਗਲ ਵਿੱਚ ਸੁਖ, ਸ਼ਾਂਤੀ ਲਈ ਪ੍ਰਕਿਰਤੀ ਜਿਵੇਂ ਵਰਖਾ, ਧੁੱਪ ਅਤੇ ਖੇਤੀ ਨਾਲ ਸੰਬੰਧਿਤ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਹੈ।
ਆਓ ਜਾਣੀਏ, ਕਿਵੇਂ ਮਨਾਇਆ ਜਾਂਦਾ ਹੈ ਪੋਂਗਲ:
ਭੋਗੀ ਪੋਂਗਲ (ਪਹਿਲਾ ਦਿਨ): ਇਸ ਦਿਨ ਲੋਕ ਆਪਣੇ ਘਰਾਂ ਨੂੰ ਸਾਫ਼ ਕਰਦੇ ਹਨ ਅਤੇ ਪੁਰਾਣੀਆਂ ਤੇ ਬੇਕਾਰ ਚੀਜ਼ਾਂ ਦੀ ਹੋਲੀ ਜਲਾਉਂਦੇ ਹਨ। ਇਸ ਦੌਰਾਨ ਛੋਟੇ ਛੋਟੇ ਢੋਲ ਵਜਾਏ ਜਾਂਦੇ ਹਨ। ਇਸ ਢੋਲ ਨੂੰ ਤਾਮਿਲ ਵਿੱਚ ਭੋਗੀ ਕੁੱਟੂ ਕਹਿੰਦੇ ਹਨ। ਪੋਂਗਲ ਦਾ ਪਹਿਲਾ ਦਿਨ ਵਰਖਾ ਰੁੱਤ ਦੇ ਰਾਜਾ ਇੰਦਰ ਨੂੰ ਸਮਰਪਿਤ ਕੀਤਾ ਜਾਂਦਾ ਹੈ ਕਿਉਂਕਿ ਇਸੇ ਰੁੱਤ ਵਿੱਚ ਰੁੱਖਾਂ ’ਤੇ ਨਵੇਂ ਨਵੇਂ ਫੁੱਲ ਪੱਤੇ ਆਉਂਦੇ ਹਨ ਜਿਨ੍ਹਾਂ ਨੂੰ ਜੀਵਨ ਦੀ ਨਵੀਂ ਸ਼ੁਰੂਆਤ ਦੇ ਪ੍ਰਤੀਕ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ।
ਸੂਰਜ ਪੋਂਗਲ (ਦੂਜਾ ਦਿਨ): ਭੋਗੀ ਤੋਂ ਅਗਲੇ ਦਿਨ ਵੱਡਾ ਪੋਂਗਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਘਰਾਂ ਦੀ ਸਜਾਵਟ ਲਈ ਚੌਲਾਂ ਦੇ ਆਟੇ ਨਾਲ ਫਰਸ਼ ’ਤੇ ਸੁੰਦਰ ਆਕ੍ਰਿਤੀਆਂ ਬਣਾਉਂਦੇ ਹਨ ਜਿਨ੍ਹਾਂ ਨੂੰ ਕੋਲੱਮ ਕਿਹਾ ਜਾਂਦਾ ਹੈ। ਕੋਲੱਮ ਸੂਰਜ ਦੇਵਤਾ ਨੂੰ ਸਮਰਪਿਤ ਹੁੰਦਾ ਹੈ। ਪੋਂਗਲ ਦੇ ਦਿਨ ਖ਼ਾਸ ਤੌਰ ’ਤੇ ਲੋਕ ਨਵੇਂ ਭਾਂਡੇ ਖਰੀਦਦੇ ਹਨ ਅਤੇ ਉਸ ਮਿੱਟੀ ਦੇ ਭਾਂਡੇ ਵਿੱਚ ਚੌਲ, ਘਿਉ, ਸ਼ੱਕਰ ਅਤੇ ਦੁੱਧ ਨੂੰ ਘਰ ਦੇ ਬਾਹਰ ਸੂਰਜ ਦੇਵਤਾ ਦੇ ਸਾਹਮਣੇ ਉਬਾਲਦੇ ਹਨ ਅਤੇ ਇਸ ਨਾਲ ਸੂਰਜ ਦੇਵਤਾ ਦੀ ਪੂਜਾ ਕਰ ਕੇ ਭੋਗ ਲਾਉਂਦੇ ਹਨ। ਇਸ ਭੋਗ ਨੂੰ ਪਗਲ ਕਿਹਾ ਜਾਂਦਾ ਹੈ।
ਮੱਟੂ ਪੋਂਗਲ (ਤੀਜਾ ਦਿਨ): ਮੱਟੂ ਪੋਂਗਲ ਦੇ ਦਿਨ ਖ਼ਾਸ ਤੌਰ ’ਤੇ ਗਾਵਾਂ ਅਤੇ ਬਲਦਾਂ ਨੂੰ ਸੁੰਦਰਤਾ ਨਾਲ ਜੋੜਦਿਆਂ ਉਨ੍ਹਾਂ ਨੂੰ ਖ਼ਾਸ ਮਹੱਤਵ ਦਿੱਤਾ ਜਾਂਦਾ ਹੈ। ਬਲਦਾਂ ਤੇ ਗਾਵਾਂ ਦੇ ਮੱਥੇ ’ਤੇ ਹਲਦੀ ਸੰਧੂਰ ਦਾ ਤਿਲਕ ਲਾ ਕੇ ਫੁੱਲਾਂ ਦੀ ਮਾਲਾ ਪਹਿਨਾ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹਦੇ ਨਾਲ ਹੀ ਤਾਮਿਲਨਾਡੂ ਦੇ ਕੁਝ ਹਿੱਸਿਆਂ ਵਿੱਚ ਇਸ ਦਿਨ ਜਲੀਕੱਟੂ ਦੀ ਖੇਡ ਦਾ ਵੀ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਬੈਲਗੱਡੀਆਂ ਦੀ ਦੌੜ ਹੁੰਦੀ ਹੈ। ਇਸ ਵਿੱਚ ਖੇਤੀ ਦੇ ਸੰਦਾਂ ਨੂੰ ਰੰਗ ਰੋਗਨ ਵੀ ਕੀਤਾ ਜਾਂਦਾ ਹੈ ਅਤੇ ਬਲਦਾਂ ਨੂੰ ਸਜਾਉਣ ਲਈ ਧਾਤ ਦੇ ਔਜ਼ਾਰ ਪਹਿਨਾਏ ਜਾਂਦੇ ਹਨ। ਸ਼ਾਮ ਨੂੰ ਪਿੰਡ ਦੀਆਂ ਔਰਤਾਂ ਗ੍ਰਾਮ ਦੇਵੀ ਦੀ ਪੂਜਾ ਕਰਨ ਲਈ ਮੰਦਰ ਜਾਂਦੀਆਂ ਹਨ।
ਕਾਨੁੱਮ ਪੋਂਗਲ (ਚੌਥਾ ਦਿਨ): ਪੋਂਗਲ ਤਿਉਹਾਰ ਦੇ ਆਖ਼ਰੀ ਦਿਨ ਸਾਰੇ ਲੋਕ ਸਮੂਹਿਕ ਤੌਰ ’ਤੇ ਭੋਜਨ ਕਰਦੇ ਹਨ। ਇਸ ਦਿਨ ਇਕ ਖ਼ਾਸ ਤਰੀਕੇ ਦੀ ਰਸਮ ਵੀ ਹੁੰਦੀ ਹੈ। ਇਹਦੇ ਨਾਲ ਹੀ ਔਰਤਾਂ ਭਾਈ ਦੂਜ ਵਾਂਗ ਆਪਣੇ ਭਰਾਵਾਂ ਦੀ ਆਰਤੀ ਕਰ ਕੇ ਉਨ੍ਹਾਂ ਦੀ ਲੰਮੀ ਉਮਰ ਅਤੇ ਸੁੱਖ ਸ਼ਾਂਤੀ ਤੇ ਤਰੱਕੀ ਦੀ ਕਾਮਨਾ ਕਰਦੀਆਂ ਹਨ। ਪਰਿਵਾਰ ਦੇ ਸਾਰੇ ਲੋਕ ਵੱਡਿਆਂ ਦਾ ਆਸ਼ੀਰਵਾਦ ਲੈਂਦੇ ਹਨ।
ਪੋਂਗਲ ਨਾਲ ਜੁੜੀ ਕਹਾਣੀ
ਭਾਰਤੀ ਸੰਸਕ੍ਰਿਤੀ ਵਿੱਚ ਮਨਾਏ ਜਾਣ ਵਾਲੇ ਹਰ ਤਿਉਹਾਰ ਨਾਲ ਕੁਝ ਕਥਾਵਾਂ/ਕਹਾਣੀਆਂ ਵੀ ਜੁੜੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਪੋਂਗਲ ਤਿਉਹਾਰ ਨਾਲ ਜੁੜੀਆਂ ਵੀ ਦੋ ਕਥਾਵਾਂ ਮਾਨਤਾ ਅਨੁਸਾਰ ਪ੍ਰਚੱਲਿਤ ਹਨ:
ਇੱਕ ਪੌਰਾਣਿਕ ਕਥਾ ਅਨੁਸਾਰ ਇੱਕ ਵਾਰ ਭਗਵਾਨ ਸ਼ਿਵ ਨੇ ਆਪਣੇ ਬਲਦ ਬਸਵ ਨੂੰ ਸਵਰਗ ਤੋਂ ਧਰਤੀ ’ਤੇ ਜਾ ਕੇ ਮਨੁੱਖਾਂ ਨੂੰ ਇਹ ਸੁਨੇਹਾ ਦੇਣ ਲਈ ਭੇਜਿਆ ਕਿ ਉਨ੍ਹਾਂ ਨੂੰ ਹਰ ਦਿਨ ਤਿਲ ਨਾਲ ਇਸ਼ਨਾਨ ਕਰਾਇਆ ਜਾਵੇ ਅਤੇ ਮਹੀਨੇ ਵਿੱਚ ਇੱਕ ਵਾਰ ਭੋਗ ਲਾਇਆ ਜਾਵੇ। ਬਸਵ ਨੇ ਧਰਤ-ਲੋਕ ’ਚ ਜਾ ਕੇ ਇਹਦਾ ਬਿਲਕੁਲ ਉਲਟਾ ਸੰਦੇਸ਼ ਦੇ ਦਿੱਤਾ। ਬਸਵ ਦੇ ਦਿੱਤੇ ਸੁਨੇਹੇ ਅਨੁਸਾਰ ਭਗਵਾਨ ਸ਼ਿਵ ਨੂੰ ਮਹੀਨੇ ਵਿੱਚ ਇੱਕ ਵਾਰ ਤਿਲ ਨਾਲ ਇਸ਼ਨਾਨ ਕਰਾਇਆ ਜਾਵੇ ਅਤੇ ਹਰ ਦਿਨ ਭੋਗ ਲਾਇਆ ਜਾਵੇ। ਇਸ ਗੱਲ ’ਤੇ ਭਗਵਾਨ ਸ਼ਿਵ ਨੂੰ ਗੁੱਸਾ ਆ ਗਿਆ। ਉਨ੍ਹਾਂ ਨੇ ਆਪਣੇ ਬਲਦ ਬਸਵ ਨੂੰ ਸਰਾਪ ਦੇ ਦਿੱਤਾ ਕਿ ਹੁਣ ਤੋਂ ਬਾਅਦ ਉਹਨੂੰ ਧਰਤੀ ’ਤੇ ਹੀ ਰਹਿਣਾ ਪਵੇਗਾ ਅਤੇ ਮਨੁੱਖ ਦੀ ਮਦਦ ਲਈ ਹਲ ਜੋਤਣਾ ਹੋਵੇਗਾ। ਇਸੇ ਕਥਾ ਦੀ ਮਾਨਤਾ ਅਨੁਸਾਰ ਪੋਂਗਲ ਦੇ ਦਿਨ ਗਾਵਾਂ ਅਤੇ ਬਲਦਾਂ ਦੀ ਵਿਸ਼ੇਸ਼ ਤੌਰ ’ਤੇ ਪੂਜਾ ਕੀਤੀ ਜਾਂਦੀ ਹੈ ਅਤੇ ਬਲਦਾਂ ਨੂੰ ਭਗਵਾਨ ਸ਼ਿਵ ਦੇ ਬਲਦ ਬਸਵ ਦਾ ਹੀ ਰੂਪ ਮੰਨਿਆ ਜਾਂਦਾ ਹੈ।
ਪੋਂਗਲ ਦੇ ਤਿਉਹਾਰ ਨਾਲ ਜੁੜੀ ਇਕ ਹੋਰ ਪੌਰਾਣਿਕ ਕਥਾ ਹੈ ਜੋ ਭਗਵਾਨ ਕ੍ਰਿਸ਼ਨ ਅਤੇ ਇੰਦਰ ਦੇਵਤਾ ਨਾਲ ਸਬੰਧਤ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਨੇ ਆਪਣੇ ਬਚਪਨ ਵਿੱਚ ਆਪਣੇ ਪਿੰਡ ਵਾਲਿਆਂ ਨੂੰ ਪ੍ਰਕਿਰਤੀ ਦੀ ਪੂਜਾ ਲਈ ਪ੍ਰੇਰਿਤ ਕੀਤਾ। ਇਸ ਗੱਲ ’ਤੇ ਇੰਦਰ ਦੇਵਤਾ, ਜਿਨ੍ਹਾਂ ਦੀ ਪੂਜਾ ਪਿੰਡ ਵਿਚ ਸ਼ੁਰੂ ਕੀਤੀ ਜਾ ਰਹੀ ਸੀ, ਬੜੇ ਗੁੱਸੇ ਹੋਏ ਅਤੇ ਉਨ੍ਹਾਂ ਨੇ ਤਿੰਨ ਦਿਨਾਂ ਤਕ ਲਗਾਤਾਰ ਤੂਫ਼ਾਨ ਅਤੇ ਵਰਖਾ ਕੀਤੀ ਜਿਸ ਨਾਲ ਪੂਰਾ ਦੁਆਰਕਾ ਤਹਿਸ-ਨਹਿਸ ਹੋ ਗਿਆ। ਫਿਰ ਸਭ ਦੀ ਰਾਖੀ ਲਈ ਭਗਵਾਨ ਕ੍ਰਿਸ਼ਨ ਨੇ ਗੋਵਰਧਨ ਪਰਬਤ ਨੂੰ ਆਪਣੀ ਛੋਟੀ ਉਂਗਲੀ ’ਤੇ ਚੁੱਕ ਲਿਆ ਅਤੇ ਪਿੰਡ ਵਾਲਿਆਂ ਦੀ ਰੱਖਿਆ ਕੀਤੀ। ਫਿਰ ਇੰਦਰ ਦੇਵਤਾ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੂੰ ਭਗਵਾਨ ਕ੍ਰਿਸ਼ਨ ਦੀਆਂ ਸ਼ਕਤੀਆਂ ਦਾ ਅਹਿਸਾਸ ਹੋਇਆ। ਸ੍ਰੀ ਕ੍ਰਿਸ਼ਨ ਨੇ ਵਿਸ਼ਵਕਰਮਾ ਜੀ ਨੂੰ ਦੁਆਰਕਾ ਦਾ ਪੁਨਰ-ਨਿਰਮਾਣ ਕਰਨ ਨੂੰ ਕਿਹਾ ਅਤੇ ਗਵਾਲਿਆਂ ਨੇ ਆਪਣੀਆਂ ਗਾਵਾਂ ਨਾਲ ਫਿਰ ਤੋਂ ਫ਼ਸਲ ਉਗਾਈ।
ਇਸ ਪੌਰਾਣਿਕ ਕਥਾ ਦੀ ਮਾਨਤਾ ਮੁਤਾਬਿਕ ਪੋਂਗਲ ਦਾ ਤਿਉਹਾਰ ਹਰ ਸਾਲ ਮਨਾਇਆ ਜਾਣ ਲੱਗਿਆ।
ਸੰਪਰਕ: 94176-92015