ਜਗਦੀਪ ਸਿੱਧੂ
ਚੌਦਾਂ ਤੋਂ ਸੋਲ੍ਹਾਂ ਨਵੰਬਰ ਤੱਕ ਸੌ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਕਾਵਿ-ਸੰਮੇਲਨ ਲਈ ਕੋਕਰਾਝਾਰ, ਬੋਡੋਲੈਂਡ ਤੋਂ ਸੱਦਾ ਆਇਆ। ਬੋਡੋਲੈਂਡ ਦਾ ਨਾਂ ਸੁਣਦਿਆਂ ਸਾਰ ਮੇਰਾ ਧਿਆਨ ਪੁਰਾਣੀਆਂ ਯਾਦਾਂ ਵੱਲ ਚਲਾ ਗਿਆ। ਚੜ੍ਹਦੀ ਉਮਰ ਦੇ ਦੇਖੇ-ਸੁਣੇ ਇਕ ਜਨ-ਸਮੂਹ ‘ਆਲ ਬੋਡੋ ਸਟੂਡੈਂਟਸ ਯੂਨੀਅਨ’ ਦਾ ਸੰਘਰਸ਼। ਸੰਘਰਸ਼ ਆਪਣੀ ਧਰਤੀ, ਆਪਣੀ ਬੋਲੀ ਖ਼ਾਤਰ। ਬੋਲੀ ਬੋਡੋ। ਖਿੱਤਾ ਬੋਡੋਲੈਂਡ।
ਇਹ ਅੰਦੋਲਨ ਵੇਗਮਈ ਤਦ ਬਣਿਆ, ਜਦੋਂ ਇਸ ਦੀ ਅਗਵਾਈ ਪ੍ਰਧਾਨ ਵਜੋਂ ਵਿਆਪਕ ਨਜ਼ਰੀਏ ਵਾਲੇ ਨੌਜਵਾਨ ਉਪੇਂਦਰ ਨਾਥ ਬਰੱਹਮਾ ਦੇ ਹੱਥ ਆਈ। ਬਾਅਦ ਵਿਚ ਉਸ ਨੂੰ ਬੋਡੋਲੈਂਡ ਦਾ ਮਸੀਹਾ ‘ਬੋਡਫਾ’ ਕਿਹਾ ਗਿਆ। ਉਸ ਦੀ ਉੱਨੀ ਸੌ ਨੱਬੇ ਵਿਚ ਕੈਂਸਰ ਨਾਲ ਬੇਵਕਤੀ ਮੌਤ ਤੋਂ ਬਾਅਦ ਸਰਕਾਰ ਵੱਲੋਂ ਸਾਰੀਆਂ ਮੰਗਾਂ ਤੋਂ ਇਨਕਾਰੀ ਹੋਣ ਮਗਰੋਂ ਹਥਿਆਰਬੰਦ ਸੰਸਥਾ ‘ਬੋਡੋ ਲਬਿਰੇਸ਼ਨ ਟਾਈਗਰਜ਼’ ਹੋਂਦ ਵਿਚ ਆਈ। 1999 ਵਿਚ ਗੋਲੀਬੰਦੀ ਤੋਂ ਬਾਅਦ ਇਹ ਬੋਡੋ ਖਿੱਤਾ ਸਹੂਲਤਾਂ ਪ੍ਰਾਪਤ ਖਿੱਤੇ ਦੇ ਰੂਪ ਵਿਚ ਸਾਹਮਣੇ ਆਇਆ ਅਤੇ ਅਜਿਹੇ ਉਤਸਵ ਉਲੀਕਣ ਲੱਗਿਆ ਹੈ।
ਮੈਂ ਤੇ ਡਾ.ਪਾਲ ਕੌਰ ਸਵੇਰੇ ਹਨੇਰੇ ਘਰੋਂ ਨਿਕਲੇ ਸਾਂ। ਸੜਕ, ਹਵਾ, ਸੜਕ। ਇਕ ਰਿਦਮ। ਤਬੀਅਤ ਖ਼ੁਸ਼। ਹਨੇਰੇ ਹੋਏ ਉੱਥੇ ਪਹੁੰਚੇ। ਹਰ ਵਾਰ ਰਵਾਇਤੀ ਬਿੰਬ ਸੱਚ ਨਹੀਂ ਬੋਲਦੇ। ਕੋਕਰਾਝਾਰ ਦਾ ਬੋਡਫਾ ਕਲਚਰਲ ਕੰਪਲੈਕਸ ਜਗਮਗਾ ਰਿਹਾ ਸੀ। ਨਦੀ ਵਿਚਕਾਰ ਗੱਡੀ ਹੋਈ ‘Literary Festival Kokrajhar’ ਦੀ ਇਬਾਰਤ ਇਨ੍ਹਾਂ ਲੋਕਾਂ ਦੇ ਹੌਸਲੇ ਦੀ ਬਾਤ ਪਾ ਰਹੀ ਸੀ। ਉਹ ਸੌ ਭਾਸ਼ਾਵਾਂ ਦੇ ਕਵੀਆਂ ਦਾ ਸੁਆਗਤ ਕਰਦੇ ਹੋਏ ਮਾਣ ਨਾਲ ਭਰੇ ਸਨ। ਇਹ ਸੋਚ ਕੇ ਮਨ ਖ਼ੁਸ਼ ਹੋਇਆ ਕਿ ਜੇ ਏਥੇ ‘ਸੂਰਜ ਜਲਦੀ ਛਿਪਿਆ, ਤਾਂ ਚੜ੍ਹਿਆ ਵੀ ਜਲਦੀ ਹੈ’। ਹੁਣ ਇਹ ਪੰਜ ਜ਼ਿਲ੍ਹਿਆਂ ਦਾ ਬੋਡੋਲੈਂਡ ਟੈਰੀਟੋਰੀਅਲ ਰੀਜਨ ਹੈ। ਇਨ੍ਹਾਂ ਦਾ ਇਕ ਚੀਫ ਐਗਜ਼ੀਕਿਊਟਿਵ ਮੈਂਬਰ ਹੈ। ਚੀਫ ਸੈਕਟਰੀ, ਮੰਤਰੀ ਮੰਡਲ ਹੈ। ਨੌਜਵਾਨਾਂ ਨੂੰ ਆਸਾਮ ਵਿਚ ਵੀ ਨੌਕਰੀਆਂ ਅਤੇ ਦਾਖ਼ਲਿਆਂ ਵਿਚ ਕੋਟਾ ਮਿਲਦਾ ਹੈ। ਇਨ੍ਹਾਂ ਦੇ ਪੈਂਤੀ ਸਾਲਾਂ ਦੇ ਸੰਘਰਸ਼ ਨੂੰ ‘ਏਨਾ’ ਬੂਰ ਪਿਆ।
ਸਭਿਅਤਾਵਾਂ ਦਰਿਆਵਾਂ ਕੰਢੇ ਹੋਂਦ ਵਿਚ ਆਈਆਂ। ਇਨ੍ਹਾਂ ਗੌਰਾਂਗ ਨਦੀ ਕਿਨਾਰੇ ਇਕ ਸੋਚ ਪੈਦਾ ਕੀਤੀ। ਆਪਣੇ ਜਿਹੀਆਂ ਬੋਲੀਆਂ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਸਰਕਾਰਾਂ ਨੇ ਹਮੇਸ਼ਾ ਪਿੱਛੇ ਧੱਕੀ ਰੱਖਿਆ, ਨੂੰ ਇਕੱਠਿਆਂ ਕਰ ਕੇ ਇਕ ਵਿਸ਼ਾਲ ਕੌਮਾਂਤਰੀ ਪੱਧਰ ਦਾ ਕਵਿਤਾ ਸੰਮੇਲਨ ਕਰਵਾਇਆ। ਆਪਣੀ ਲਿਪੀ ਵਾਲੀਆਂ ਪ੍ਰਫੁਲਿਤ ਭਾਸ਼ਾਵਾਂ ਅਤੇ ਲਿਪੀ ਤੋਂ ਵਾਂਝੀਆਂ ਭਾਸ਼ਾਵਾਂ ਇਕ ਮੰਚ ’ਤੇ ਹਾਜ਼ਰ ਸਨ। ਇਨ੍ਹਾਂ ’ਚੋਂ ਕਈਆਂ ਨੇ ਦੂਜੀਆਂ ਲਿਪੀਆਂ ਨੂੰ ਅਪਣਾ ਲਿਆ। ਜਿਵੇਂ ਬੋਡੋ, ਦੇਵਨਾਗਰੀ ਵਿਚ ਲਿਖੀ ਜਾਂਦੀ ਹੈ। ਬੋਡੋ ਵਾਲਿਆਂ ਨੇ ਤਾਂ ਮਹਿਮਾਨ ਕਵੀਆਂ ਅਤੇ ਸਰੋਤਿਆਂ ਨੂੰ ਵੀ ਆਪਣਾ ਬਣਾ ਲਿਆ। ਕਮਾਲ ਦਾ ਪ੍ਰਬੰਧ। ਜ਼ਮੀਨ ਤੋਂ ਸਟੇਜ ਤੱਕ ਕੋਈ ਕਮੀ-ਪੇਸ਼ੀ ਨਹੀਂ। ਨੌਜਵਾਨਾਂ ਨੂੰ ਨਾਲ ਜੋੜਨ ਲਈ ਦੋ ਸੌ ਦੇ ਲਗਭਗ ਮੁੰਡੇ ਕੁੜੀਆਂ ਵਾਲੰਟੀਅਰ। ਕੰਧਾਂ ’ਤੇ ਕਵੀਆਂ ਦੇ ਵੱਡੇ-ਵੱਡੇ ਬੈਨਰ। ਹਰ ਮੋੜ ’ਤੇ ਬੋਡੋ ਦੇ ਵੱਡੇ ਸਾਹਿਤਕਾਰਾਂ ਦੀਆਂ ਫੋਟੋਆਂ ਤੇ ਵਿਚਾਰਾਂ ਦੇ ਪੋਸਟਰ ਲੱਗੇ ਹੋਏ ਸਨ।
ਕਵਿਤਾ ਲਈ ਦੋ ਮੰਚ। ਦੋਵੇਂ ਹਰ ਵਕਤ ਭਰੇ ਰਹਿੰਦੇ। ਕਵੀ ਪਹਿਲਾਂ ਆਪਣੀ ਮਾਂ ਬੋਲੀ ਵਿਚ ਕਵਿਤਾ ਪੜ੍ਹਦਾ, ਫੇਰ ਅਨੁਵਾਦ। ਜਾਪਦਾ ਜਿਵੇਂ ਕਵੀ ਇੱਥੇ ਆ ਕੇ ਦੋ ਭਾਸ਼ਾਵਾਂ ਦਾ ਕਵੀ ਬਣ ਗਿਆ। ਹਰ ਸੈਸ਼ਨ ਤੋਂ ਬਾਅਦ ਸਟੇਜ ਤੋਂ ਹੇਠਾਂ ਦਰਸ਼ਕਾਂ/ਸਰੋਤਿਆਂ ਦੇ ਸਾਹਮਣੇ ਬੋਡੋ ਜਾਂ ਕੋਈ ਹੋਰ ਰਵਾਇਤੀ ਆਦਿਵਾਸੀ ਨਾਚ ਹੁੰਦਾ।
ਪਹਿਲੇ ਦਿਨ ਦਾ ਪਹਿਲਾਂ ਸੈਸ਼ਨ ਯਾਦਗਾਰੀ ਹੋ ਨਿੱਬੜਿਆ। ਝਾਰਖੰਡ ਤੋਂ ਆਏ ਸੰਥਾਲੀ ਕਵੀ ਗਣੇਸ਼ ਠਾਕੁਰ ਹੰਦਸਾ ਨੂੰ ਸੁਣਨ ਦਾ ਮੌਕਾ ਮਿਲਿਆ। ਉਸ ਨੇ ਪਹਿਲਾਂ ਆਪਣੀ ਬੋਲੀ ਬਾਰੇ ਦੱਸਿਆ। ਇਤਫ਼ਾਕ ਦੇਖੋ, ਜਦ ਇਨ੍ਹੀਂ ਦਿਨੀਂ ਉਹ ਆਪਣੇ ਸੂਬੇ, ਬੋਲੀ ਅਤੇ ਆਪਣੀ ਆਦਿਵਾਸੀ ਰਵਾਇਤ ਦੀ ਪ੍ਰਤੀਨਿਧਤਾ ਕਰ ਰਿਹਾ ਸੀ ਤਾਂ ਉਸ ਦੇ ਪਿੱਤਰੀ ਸੂਬੇ ਝਾਰਖੰਡ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ।
ਡਾ. ਹੀਰਾ ਮੀਣਾ ਨੂੰ ਸੁਣਿਆ। ਉਹ ਰਾਜਸਥਾਨ ਦੇ ਮੀਣਾ ਸਮਾਜ ਦੀ ਭਾਸ਼ਾ ਮੀਣਾ ਦੀ ਪ੍ਰਤੀਨਿਧਤਾ ਕਰ ਰਹੀ ਸੀ। ਉਸ ਨੇ ਆਪਣਾ ਰਵਾਇਤੀ ਪਹਿਰਾਵਾ ਪਾਇਆ ਹੋਇਆ ਸੀ। ਮੀਣਾ ਸਮਾਜ ਬਾਰੇ ਕੁਝ ਹੈਰਾਨਕੁਨ ਸੁਣਿਆ ਸੀ। ਇੱਥੋਂ ਦੇ ਇਕ ਪਿੰਡ ਵਿਚ ਤੇਤੀ ਆਈ.ਪੀ.ਐੱਸ. ਅਫ਼ਸਰ ਮੀਣਾ ਸਮਾਜ ਦੇ ਹੋਏ ਨੇ। ਪੰਜਾਬ ਦਾ ਇਕ ਏ.ਡੀ.ਜੀ.ਪੀ. ਵੀ ਉਸੇ ਪਿੰਡ ਦਾ ਹੈ। ਇਕ ਵਾਰ ਕਿਸੇ ਬਿਹਾਰੀ ਬੈਂਕ ਮੈਨੇਜਰ ਦੋਸਤ ਤੋਂ ਬਿਹਾਰ ਵਿਚੋਂ ਸਭ ਤੋਂ ਜ਼ਿਆਦਾ ਅਫ਼ਸਰ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਦੱਸਿਆ ਕਿ ਸਾਡੇ ਕੋਲ ਇਸ ਤੋਂ ਬਿਨਾਂ ਗ਼ਰੀਬੀ ਤੋਂ ਨਿਜ਼ਾਤ ਦਾ ਕੋਈ ਵਿਕਲਪ ਨਹੀਂ ਹੁੰਦਾ। ਨੌਜਵਾਨਾਂ ਵਿਚ ਕੁਝ ਕਰਨ ਦੀ ਲਲ੍ਹਕ ਹੁੰਦੀ ਹੈ।
ਦੂਜੇ ਦਿਨ ਕਵਿਤਾ ਦੇ ਨਾਲ ਨਾਲ ਸਥਾਨਕ ਬੋਡੋ ਵਿਦਵਾਨਾਂ ਦੀ ਪੈਨਲ ਚਰਚਾ ਵੀ ਹੋਈ; ਸਮਕਾਲੀ ਕਵਿਤਾ ’ਤੇ ਭਖਵੀਂ ਬਹਿਸ ਹੋਈ ਪਰ ਆਖ਼ਰ ਵਿਚ ਵਧੀਆ ਸਹਿਮਤੀ ਨਾਲ ਸਮਾਪਤੀ ਹੋਈ। ਮੈਨੂੰ ਇਸ ਗੱਲ ’ਚੋਂ ਵੀ ਇਨ੍ਹਾਂ ਦੇ ਸੰਘਰਸ਼ ਦੀ ਝਲਕ ਦਿਖਾਈ ਦਿੱਤੀ।
ਆਸਾਮੀ ਕਵੀ ਨੀਲਮ ਕੁਮਾਰ ਨਾ ਮਿਲਿਆਂ ਵਰਗਾ ਮਿਲਿਆ। ਉਸ ਦੀ ਮਾਂ ਬਿਮਾਰ ਸੀ। ਇਹ ਕਵੀ ਕਿੱਤੇ ਵਜੋਂ ਡਾਕਟਰ ਹੈ। ਮਾਂ ਕੋਲ ਉਸ ਦਾ ਲਾਜ਼ਮੀ ਰਹਿਣਾ ਬਣਦਾ ਸੀ। ਉਹ ਕਵਿਤਾ ਵਿਚ ਛੋਟੀਆਂ-ਛੋਟੀਆਂ ਛੋਹਾਂ ਦਿੰਦਾ ਹੈ। ਇਸ ਤੋਂ ਪਰਚੀ ਲਿਖਦੇ ਡਾਕਟਰ ਯਾਦ ਆਏ, ਪੜ੍ਹਨ ਵਾਲੇ ਸਮਝ ਜਾਂਦੇ ਹਨ। ਤੁਸੀਂ ਉਹਦੀ ਕਵਿਤਾ ਨੂੰ ਮਹਿਸੂਸ ਕਰਦੇ ਹੋ। ਇਸ ਦਾ ਹੋਣਾ ਤੁਹਾਡੇ ’ਤੇ ਭਾਰੀ ਨਹੀਂ ਪੈਂਦਾ। ਉਸ ਦੀਆਂ ਕਵਿਤਾਵਾਂ ਅਨੁਵਾਦ ਲਈ ਲੈ ਲਈਆਂ, ਕਿਉਂ ਜੋ ਸੋਚਿਆ ਕਿ ਬੀਵੀ ਲਈ ਚਾਹ, ਧੀ ਲਈ ਲੱਕੜ ਦਾ ਖਿਡੌਣਾ ਚਾਹੀਦਾ ਹੈ ਤਾਂ ਪਾਠਕਾਂ ਲਈ ਵੀ ਤਾਂ ਕੁਝ ਲਿਜਾਣਾ ਚਾਹੀਦਾ ਹੈ।
ਅਗਲੇ ਦਿਨ ਉਤਸਵ ਦੀ ਸਭ ਤੋਂ ਬਜ਼ੁਰਗ ਨੱਬੇ ਸਾਲਾ ਸ਼ਾਇਰਾ ਅੰਜਲੀ ਬਰਹੱਮਾ ਦੀ ਕਵਿਤਾ ਵੀ ਸੁਣੀ। ਬੈਠ ਕੇ ਪੜ੍ਹਨ ਦੀ ਬਜਾਏ ਉਸ ਨੇ ਡਾਇਸ ’ਤੇ ਕਵਿਤਾ ਪੜ੍ਹਨ ਨੂੰ ਤਰਜੀਹ ਦਿੱਤੀ। ਉਹ ਥੋੜ੍ਹਾ ਅਸਪੱਸ਼ਟ ਤੇ ਮੁਸ਼ਕਿਲ ਨਾਲ ਬੋਲੀ। ਨਵਤੇਜ ਭਾਰਤੀ ਦੀ ਕਵਿਤਾ ਦੀ ਇਕ ਸਤਰ ਚੇਤੇ ਆਈ- ਓਦੋਂ ਬੋਲਾਂ ਦੇ ‘ਅਰਥ’ ਨਹੀਂ ਰਹਿੰਦੇ/ ਬੋਲਣਾ ਹੀ ਅਰਥ ਹੁੰਦਾ।
ਕਈ ਭਾਸ਼ਾਵਾਂ ਦੇ ਕਵੀਆਂ ਦੇ ਅਨੁਵਾਦ ਦਾ ਤਲੱਫੁਜ਼ ਕਾਰਨ ਸੰਚਾਰ ਨਹੀਂ ਸੀ ਹੁੰਦਾ ਪਰ ਸਾਡੇ ਲਈ ਉਨ੍ਹਾਂ ਭਾਸ਼ਾਵਾਂ ਦੇ ਨਾਂ ਹੀ ਹੁਣ ਦੇ ਸਮੇਂ ਕਵਿਤਾਵਾਂ ਨੇ; ਗਾਲੋ, ਗਾਰੋ, ਕੋਚ ਰਾਜਬੰਗਸ਼ੀ, ਨਾਇਸ਼ੀ, ਟੀ ਟਰਾਈਬ, ਮੰਗਰ, ਗੋਲਪਾਰੀਆ, ਰੱਬ੍ਹਾ, ਟੁਲੂ, ਮੀਣਾ, ਬਣਜਾਰਾ, ਚਕਮਾ, ਪੋਮਾਈ ਨਾਗਾ ਆਦਿ। ਇਕ ਦਾ ਨਾਂ ਸੀ ਮੀਸਿੰਗ।
ਤੀਸਰਾ ਦਿਨ ਬਹੁਤ ਤੇਜ਼ੀ ਨਾਲ ਗੁਜ਼ਰਿਆ। ਮੈਨੂੰ ਇਸ ਇਲਾਕੇ ਨਾਲ ਮੁਹੱਬਤ ਜਿਹੀ ਹੋ ਗਈ ਸੀ। ਮੈਂ ਇਹਦੇ ਬਾਰੇ ਹੋਰ ਵੀ ਬਹੁਤ ਕੁਝ ਜਾਣਨਾ ਚਾਹੁੰਦਾ ਸੀ। ‘ਜੋ ਭੀ ਮਿਲੇ ਤੇਰੇ ਜ਼ਿਕਰ ਛੇੜ ਦੇਤੇ ਹੈਂ’ ਦੇ ਕਹਿਣ ਵਾਂਗ ਹੋਟਲ ਤੋਂ ਜਾਂਦਿਆਂ ਗੱਡੀ ਦੇ ਡਰਾਈਵਰ ਨਾਲ ਹੀ ਗੱਲ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ- ਏਥੇ ਬੋਡੋ ਜਾਤੀ ਤੋਂ ਇਲਾਵਾ ਮਾਰਵਾੜੀ, ਬੰਗਾਲੀ, ਅਸਾਮੀ, ਰਾਜਬੰਗਸ਼ੀ ਲੋਕ ਵੀ ਚੋਖੀ ਮਾਤਰਾ ਵਿਚ ਰਹਿੰਦੇ ਨੇ। ਬੀ.ਟੀ.ਆਰ. ਬਣਨ ਤੋਂ ਬਾਅਦ ਜ਼ਿਆਦਾ ਪੜ੍ਹਿਆ-ਲਿਖਿਆ ਤਬਕਾ ਨੌਕਰੀਪੇਸ਼ਾ ਹੋ ਗਿਆ। ਬਾਕੀ ਥੋੜ੍ਹੇ ਬਹੁਤ ਖੇਤੀ ਤੇ ਚਾਹ ਦੇ ਬਾਗ਼ਾਂ ਵਿਚ ਕੰਮ ਕਰਦੇ ਹਨ।
ਪਹਿਲੇ ਤੇ ਆਖ਼ਰੀ ਸੈਸ਼ਨ ਵਿਚ ਬੋਡੋ ਕਵਿਤਾ ਹੀ ਪੜ੍ਹੀ ਗਈ। ਵਿਸ਼ਾਲ ਇਕੱਠ ਸੀ। ਕਵਿਤਾ ਵਿਚ ਸਾਨੂੰ ਆਕ੍ਰੋਸ਼ ਸਮਝ ਪੈ ਰਿਹਾ ਸੀ। ਸਰੀਰਕ ਭਾਸ਼ਾ ਨੇ ਦੱਸਿਆ ਕਿ ਸਰੀਰ ਨੂੰ ਵੀ ਕਸ਼ਟ ਹੋਇਆ ਸੀ। ਆਸਾਮ ਸਰਕਾਰ ਵਿਚ ਬੋਡੋ ਸਮਾਜ ਦੇ ਇਕ ਕੈਬਨਿਟ ਮੰਤਰੀ ਨੇ ਵੀ ਕਵਿਤਾ ਪੜ੍ਹੀ। ਬਾਤ ਦਾ ਹੁੰਗਾਰਾ ਭਰਿਆ।
ਫੇਰ ਸਮਾਪਤੀ ਵੱਲ ਵਧਦਿਆਂ ਰੰਗਾ-ਰੰਗ ਸਮਾਗਮ ਹੋਇਆ; ਕਬੀਲਾਈ ਨਾਚ ਪੇਸ਼ ਕੀਤੇ ਗਏ, ਆਪਣਾ ਮੂਲ ਯਾਦ ਰੱਖਣ ਵੱਲ ਉਨ੍ਹਾਂ ਦਾ ਇਹ ਵੀ ਇਕ ਕਦਮ ਸੀ। ਬੱਚਿਆਂ ਨੇ ਆਧੁਨਿਕ ਸਮੇਂ ਦੀ ਕਲਾਕਾਰੀ ਕੀਤੀ, ਬੰਦੂਕ ਜਿਹੀ ’ਚੋਂ ਫੁੱਲ ਕੱਢ ਕੇ ਵੀ ਦਿਖਾਏ। ਉਨ੍ਹਾਂ ਦੇ ਵੱਡੇ ਸੋਚਦੇ ਹੋਣਗੇ ਕਿ ਇਹ ਫੁੱਲ ਕਢਵਾਉਣ ਲਈ ਉਨ੍ਹਾਂ ਨੂੰ ਗੋਲੀਆਂ ਕੱਢਣੀਆਂ ਪਈਆਂ। ਠੰਢ ਉਤਰ ਰਹੀ ਸੀ। ਚਾਹ ਵਰਤਾਈ ਜਾ ਰਹੀ ਸੀ। ਸਮਾਪਤੀ ਸਮਾਗਮ, ਉਦਘਾਟਨ ਜਿਹਾ ਹੀ ਲੱਗਿਆ।
ਸੰਪਰਕ: 82838-26876, 98762-22868