ਮਲਵਿੰਦਰ
ਪਰਮਿੰਦਰ ਸੋਢੀ ਪੰਜਾਬ, ਪੰਜਾਬੀ ਸਾਹਿਤ, ਪੰਜਾਬੀ ਕਵਿਤਾ ਦਾ ਜਪਾਨ ਵੱਸਦਾ ਪਿਆਰਾ ਸ਼ਾਇਰ ਦੋਸਤ ਹੈ। ਉਸ ਨੇ ਕਵਿਤਾ ਲਿਖੀ, ਵਾਰਤਕ ਲਿਖੀ; ਜਪਾਨੀ ਕਹਾਣੀਆਂ ਅਤੇ ਕਵਿਤਾ, ਚੀਨੀ ਦਰਸ਼ਨ: ਤਾਓਵਾਦ, ਧੱਮਪਦ ਤੇ ਭਗਵਤ ਗੀਤਾ ਦਾ ਅਨੁਵਾਦ ਕੀਤਾ ਅਤੇ ਜਪਾਨੀ ਹਾਇਕੂ ਸ਼ਾਇਰੀ ਦਾ ਪੰਜਾਬੀ ਵਿਚ ਅਨੁਵਾਦ ਕਰ ਕੇ ਪੰਜਾਬੀ ਸ਼ਾਇਰਾਂ ਨੂੰ ਇਸ ਨਵੀਂ ਵਿਧਾ ਵਿਚ ਕਾਵਿ-ਸਿਰਜਣਾ ਕਰਨ ਲਈ ਪ੍ਰੇਰਿਆ। ‘ਪੋਟੇ ਜਾਗੀ ਕੰਬਣੀ’ (ਕੀਮਤ: 150 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਉਸ ਦਾ ਨਵਾਂ ਕਾਵਿ-ਸੰਗ੍ਰਹਿ ਹੈ। ਪਰਮਿੰਦਰ ਸੋਢੀ ਦੀ ਕਵਿਤਾ ਪੜ੍ਹਦਿਆਂ ਮਨ ਸ਼ਾਂਤ ਹੁੰਦਾ ਹੈ। ਕੁਦਰਤ ਅਤੇ ਹੋਰ ਵਰਤਾਰਿਆਂ ਨੂੰ ਵੇਖਣ ਦਾ ਨਜ਼ਰੀਆ ਬਦਲਦਾ ਹੈ। ਪਿਆਰ ਅਤੇ ਕਵਿਤਾ ਦੇ ਅੰਤਰ-ਸਬੰਧਾਂ ਦਾ ਪਤਾ ਲੱਗਦਾ ਹੈ। ਪਰਮਿੰਦਰ ਸੋਢੀ ਨੂੰ ਪਤਾ ਹੈ ਕਿ ਪਿਆਰ ਤੇ ਕਵਿਤਾ ਉਹ ਪੁਲ਼ ਨੇ ਜੋ ਇਕ ਨੂੰ ਦੂਜੇ ਨਾਲ ਜੋੜ ਦਿੰਦੇ ਹਨ। ਕੁਦਰਤ ਦਾ ਹਰ ਵਰਤਾਰਾ ਉਸ ਲਈ ਮੁਹੱਬਤ, ਪਿਆਰ ਹੈ। ਸਹਿਜ ਉਸ ਦੀ ਕਵਿਤਾ ਦੀ ਵਡੱਤਣ ਹੈ। ਇਨ੍ਹਾਂ ਵਿਕਸਤ ਸਮਿਆਂ ਜਾਂ ਤਕਨਾਲੋਜੀ ਦੇ ਦੌਰ ਵਿਚ ਬਾਰੀ ਦੇ ਅਰਥ ਬਦਲ ਗਏ ਹਨ:
ਇਸ ਸਦੀ ਨੇ ਬਾਰੀ ਨੂੰ ਕੰਧ ਵਿਚੋਂ ਲਾਹ ਕੇ
ਮੇਰੇ ਹੱਥਾਂ ’ਚ ਫੜਾਅ ਦਿੱਤਾ ਹੈ
ਬਾਰੀ ਹੁਣ ਮੇਰੇ ਫ਼ੋਨ ਦੀ ਸਕਰੀਨ ਵਿਚਕਾਰ
ਉੱਕਰੀ ਗਈ ਹੈ
ਅਤੇ
ਮੇਰੀ ਬੇਬਸੀ
ਤੈਨੂੰ ਦੇਖ ਤਾਂ ਸਕਦਾ
ਪਰ ਛੁਹ ਨਾ ਸਕਦਾ
ਧੁੱਪ, ਝੀਲ, ਤਿਤਲੀ, ਰੰਗ, ਮੁਸਕਰਾਹਟ, ਲੋਅ, ਮਹਿਕ, ਗੱਲ ਕੀ ਕੁਦਰਤ ਦਾ ਹਰ ਨਕਸ਼ ਉਸ ਦੀ ਕਵਿਤਾ ਦਾ ਮੁਹਾਂਦਰਾ ਸਿਰਜਦੇ ਹਨ। ਬੇਵਜ੍ਹਾ ਸੋਚਣਾ ਵੀ ਉਸ ਲਈ ਪਿਆਰ ਕਰਨਾ ਹੈ। ਪਿਆਰ ਕਰਦਾ ਬੰਦਾ ਬੇਵਜ੍ਹਾ ਸੋਚਣ ਲੱਗਦਾ ਕਿ ਤਿਤਲੀਆਂ ਰਾਤ ਨੂੰ ਕਿੱਥੇ ਚਲੀਆਂ ਜਾਂਦੀਆਂ ਤੇ ਕਿੱਥੇ ਚਲੇ ਜਾਂਦੇ ਦਿਨ ਵੇਲੇ ਜੁਗਨੂੰ। ਉਹ ਧੰਨਵਾਦ ਕਰਦਾ ਹੈ ਧੁੱਪ ਦੇ ਟੋਟੇ ਲਈ, ਪੋਟੇ ਜਾਗੀ ਕੰਬਣੀ ਲਈ, ਆਉਂਦੀ ਜਾਂਦੀ ਤਿਤਲੀ ਲਈ ਤੇ ਕਵਿਤਾ ਲਈ। ਧੰਨਵਾਦ ਕਰਨਾ ਨਿਮਰ ਹੋਣਾ ਹੈ। ਨਿਮਰਤਾ ਉਸ ਦੀ ਕਵਿਤਾ ਦਾ ਗੁਣ ਹੈ। ਉਸ ਨਿਮਰਤਾ ’ਚ ਸੁਹਜ, ਸਹਿਜ, ਸੂਖ਼ਮਤਾ ਹੈ। ਸਰਲ ਸ਼ਬਦਾਂ ਵਿਚ ਕਾਵਿਕ ਤਲਿਸਮ ਹੈ। ਪਰਮਿੰਦਰ ਸੋਢੀ ਦੀ ਕਵਿਤਾ ਹਾਇਕੂ-ਦਰ-ਹਾਇਕੂ ਆਪਣਾ ਆਕਾਰ ਗ੍ਰਹਿਣ ਕਰਦੀ ਲੱਗਦੀ ਹੈ। ਇਸੇ ਲਈ ਉਸ ਦੀ ਹਰ ਕਵਿਤਾ ਵਿਚ ਕਈ ਛੋਟੀਆਂ ਕਵਿਤਾਵਾਂ ਹਨ। ਕੁਝ ਕਵਿਤਾਵਾਂ ਵਿਚ ਤਾਂ ਇਕੋ ਸਿਰਲੇਖ ਹੇਠ ਦੋ ਤੋਂ ਵੱਧ ਛੋਟੀਆਂ ਕਵਿਤਾਵਾਂ ਦਰਜ਼ ਹਨ। ਤੇਰੀ ਪੌੜੀ ਚੜ੍ਹਦੇ ਸ਼ਬਦ, ਤੇਰੀ ਪੌੜੀ ਚੜ੍ਹਦਾ ਦਿਲ, ਖਿੜਦਾ ਜੀਵਨ, ਅੰਦਰ ਆ ਜਾਓ, ਹਿਜਰ ਵਸਲ ਦੀਆਂ ਘੜੀਆਂ ਅਜਿਹੀਆਂ ਕਵਿਤਾਵਾਂ ਹਨ।
ਪਰਮਿੰਦਰ ਸੋਢੀ ਆਪਣੀਆਂ ਕਵਿਤਾਵਾਂ ਵਿਚ ਇਕ ਦ੍ਰਿਸ਼ ਸਿਰਜਦਾ ਹੈ। ਉਸ ਦ੍ਰਿਸ਼ ’ਚ ਮੁਹੱਬਤ, ਕੁਦਰਤ ਤੇ ਕਵਿਤਾ ਹੁੰਦੀ। ਇਹ ਦ੍ਰਿਸ਼ ਪਾਠਕ ਦੇ ਅੰਦਰ ਲਹਿ ਜਾਂਦਾ। ਉਹ ਸਰਸ਼ਾਰ ਹੋਇਆ ਕਵਿਤਾ ਦੀਆਂ ਸਤਰਾਂ ਦੁਬਾਰਾ ਪੜ੍ਹਦਾ ਹੈ:
ਮੈਨੂੰ ਪਤਾ ਹੈ ਤੈਨੂੰ ਹੌਲ਼ੀ ਤੈਰਨਾ ਆਉਂਦਾ ਹੈ
ਪਰ ਕਾਸ਼ ਤੂੰ ਰੇਤ ਦੇ ਪੈਰਾਂ ਨਾਲ਼ ਤੁਰਦੀ ਮੁਹੱਬਤ ਦੇਖੀ ਹੁੰਦੀ
ਸਾਧਾਰਨ ਪਲਾਂ ਜਾਂ ਵਰਤਾਰਿਆਂ ਨੂੰ ਕਾਵਿਕ ਅਹਿਸਾਸਾਂ ਨਾਲ ਲਬਰੇਜ਼ ਕਰਨਾ ਸੋਢੀ ਦੀ ਕਾਵਿਕਾਰੀ ਦੀ ਪ੍ਰਾਪਤੀ ਹੈ। ਚਾਹ ਪੀਣ ਦਾ ਛਿਣ, ਘਾਹ ਦੀਆਂ ਪੱਤੀਆਂ ਤੇ ਖਿੜਦੇ ਨਿੱਕੇ ਨਿੱਕੇ ਫੁੱਲ, ਧੁੱਪ ਦੀ ਕਾਤਰ, ਸਵੇਰ ਦੀ ਆਮਦ ਆਦਿ ਅਨੇਕਾਂ ਉਦਾਹਰਣਾਂ ਹਨ। ਇੱਕ ਕਵਿਤਾ ਹੈ ‘ਸਵੇਰ ਵੇਲੇ’:
ਸਵੇਰ ਬਾਰੀ ਕੋਲ਼ ਆ ਕੇ ਠਹਿਰ ਜਾਂਦੀ ਹੈ
ਗਲ਼ੀ ਵਿਚ ਖੜ੍ਹਾ ਰੁੱਖ ਹੈਰਾਨ ਹੋ ਕੇ
ਸਵੇਰ ਬਾਰੀ ਅਤੇ ਮੇਰੇ ਵੱਲ ਵੇਖਣ ਲੱਗਦਾ ਹੈ
ਮੁਹੱਬਤ ਦਾ ਅਹਿਸਾਸ ਸੋਢੀ ਕੋਲ ਬੜੀ ਸਹਿਜਤਾ ਅਤੇ ਸੂਖ਼ਮਤਾ ਨਾਲ ਆਉਂਦਾ ਹੈ। ਇਸ ਅਹਿਸਾਸ ਦੀਆਂ ਕਵਿਤਾਵਾਂ ਦੀ ਸਿਰਜਣਾ ਕਰਨ ਲਈ ਜਿਵੇਂ ਉਸ ਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ। ਨਿਰਉਚੇਚ ਹੋਈ ਸਿਰਜਣਾ ਦਾ ਆਪਣਾ ਮਹੱਤਵ ਤੇ ਖ਼ੂਬਸੂਰਤੀ ਹੁੰਦੀ ਹੈ। ਇਹ ਖ਼ੂਬਸੂਰਤੀ ਪਰਮਿੰਦਰ ਸੋਢੀ ਦੀ ਸਮੁੱਚੀ ਕਵਿਤਾ ਦਾ ਹਾਸਲ ਹੈ। ਪੰਜਾਬੀ ਵਿਚ ਲਿਖੀ ਜਾ ਰਹੀ ਨਵੀਂ ਕਵਿਤਾ ਵਿਚ ਪਰਮਿੰਦਰ ਸੋਢੀ ਦੀ ਕਵਿਤਾ ਦਾ ਪ੍ਰਭਾਵ ਸ਼ਪਸ਼ਟ ਵੇਖਿਆ ਜਾ ਸਕਦਾ ਹੈ। ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨਾ ਵੱਡਾ ਸਾਹਿਤਕ ਕਾਰਜ ਹੈ। ਸੋਸ਼ਲ ਮੀਡੀਆ ਦੇ ਇਸ ਯੁੱਗ ਵਿਚ ਜਦੋਂ ਅਸੀਂ ਸ਼ਬਦ ਨਾਲ ਜੁੜੇ ਲੋਕ ਫ਼ਿਕਰਮੰਦ ਹਾਂ ਕਿ ਲੋਕਾਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਘਟ ਰਹੀ ਹੈ ਤਾਂ ਪਰਮਿੰਦਰ ਸੋਢੀ ਵਰਗੇ ਲੋਕ ਇਸ ਫ਼ਿਕਰ ਦੇ ਵਿਪਰੀਤ ਕਾਰਜ ਕਰ ਕੇ ਆਸਵੰਦ ਮਾਹੌਲ ਸਿਰਜ ਰਹੇ ਹਨ।