ਡਾ. ਸਰਬਜੀਤ ਸਿੰਘ
ਦਲਵੀਰ ਕੌਰ ‘ਸੋਚ ਦੀ ਦਹਿਲੀਜ਼ ’ਤੇ’ 2003 ਵਿਚ ਆਪਣਾ ਕਾਵਿ ਸਫ਼ਰ ਸ਼ੁਰੂ ਕਰ ਕੇ ‘ਅਹਿਦ’ ਅਤੇ ‘ਹਾਸਿਲ’ ਰਾਹੀਂ ਵਿਕਸਿਤ ਕਰਦਿਆਂ ਹਥਲੀ ਪੁਸਤਕ ‘ਚਿਤਵਣੀ’ (ਸ਼ਬਦ ਲੋਕ) ਤੱਕ ਆਪਣੀ ਨਿਵੇਕਲੀ ਕਾਵਿ-ਭਾਸ਼ਾ ਅਤੇ ਕਾਵਿ ਸ਼ਿਲਪ ਦੀ ਵੱਖਰੀ ਪਛਾਣ ਸਥਾਪਤ ਕਰ ਲੈਂਦੀ ਹੈ। ਦਲਵੀਰ ਦਿਸਦੇ ਗ਼ੈਰ ਸਿਆਸੀ ਵਿਸ਼ਿਆਂ ਉੱਤੇ ਰਾਜਸੀ ਸੁਰਤੀ-ਬਿਰਤੀ ਦੀ ਕਵਿਤਾ ਸਿਰਜਣ ਵਾਲੀ ਚੇਤੰਨ ਸ਼ਾਇਰਾ ਹੈ ਜਿਹੜੀ ਸ਼ਬਦ ਨੂੰ ਸੰਕੋਚਵੇਂ ਰੂਪ ਵਿਚ ਵਰਤਦੀ ਹੈ ਪਰ ਅਰਥਾਂ ਦੇ ਵਿਭਿੰਨ ਪਾਸਾਰ ਸਿਰਜਦੀ ਹੈ। ਦਲਵੀਰ ਦੀ ਕਵਿਤਾ ਦਾ ਸਭ ਤੋਂ ਉੱਭਰਵਾਂ ਪਾਸਾਰ ਅਵਚੇਤਨ ਪੱਧਰ ’ਤੇ ਨਾਰੀ ਅਤੇ ਮਰਦਾਵੀਂ ਕਦਰ ਵਿਵਸਥਾ ਦੀਆਂ ਅੰਦਰੂਨੀ ਪਰਤਾਂ ਵਿਚ ਪਈ ਸੱਤਾ ਸਿਆਸਤ ਦੀ ਪਛਾਣ ਹੈ। ਇੱਥੇ ਉਸ ਦੀ ਮਨਭਾਉਂਦੀ ਵਿਧੀ ਮਾਂ ਦੀ ਹੈ ਜਿਸ ਰਾਹੀਂ ਉਹ ਅਤੀਤ, ਵਰਤਮਾਨ ਅਤੇ ਭਵਿੱਖ ਦਾ ਦ੍ਰਿਸ਼ ਸਿਰਜਦੀ ਹੈ। ਇਸ ਕਵਿਤਾ ਦਾ ਤੇਵਰ ਤਲਖ਼ ਹੈ ਅਤੇ ਕਵਿਤਾ ਦੀ ਰੂਪ-ਰਚਨਾ, ਅੰਦਾਜ਼, ਬਣਤਰ ਅਤੇ ਬੁਣਤੀ ਵਧੇਰੇ ਸੰਚਾਰਮਈ ਅਤੇ ਬਿਰਤਾਂਤਕ ਹੈ। ਤੂੰ ਕੌਣ, ਮਾਂ ਦੇ ਦਿੱਤੇ ਸ਼ਬਦ, ਲਬਿਾਸ, ਸਿਮਰਤੀ ਨਾੜੂ, ਪੰਧ, ਅਗਲੇਰੇ ਪੰਧ, ਨਰਸਰੀ, ਜਨਮਦਾਤੀ, ਅੰਤਹਿਕਰਨ ’ਚ ਤੁਰਦੀ ਮਾਂ, ਮਿਸਟਰੀ ਫ਼ਲ, ਉਹ ਦੱਸਦੀ ਹੈ, ਬੇਤਰਤੀਬੀ ਆਦਿ ਨਜ਼ਮਾਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ। ਇਨ੍ਹਾਂ ਨਜ਼ਮਾਂ ਵਿਚ ਨਾਰੀ ਕੇਂਦਰ ਵਿਚ ਹੈ ਅਤੇ ਉਸ ਦੇ ਸਮੁੱਚੇ ਜੀਵਨ ਵਿਹਾਰ ਅਤੇ ਹੋਂਦ ਦੇ ਪਹਿਲੂ ਹਨ ਜੋ ਬਹੁਤ ਤਿੱਖੀ ਅਤੇ ਕਾਟਵੀਂ ਕਾਵਿ-ਭਾਸ਼ਾ ਰਾਹੀਂ ਸਾਹਮਣੇ ਆਉਂਦੇ ਹਨ।
ਇਹ ਕੇਹਾ ਲਬਿਾਸ
ਹੈ ਮੈਂ ਪਹਿਨ ਰੱਖਿਆ
ਜੇ ਆਖਾਂ ਤਾਂ
ਉੱਤਰ ਜਾਂਦਾ ਹੈ
ਜੇ ਛੋਹਾਂ ਤਾਂ
ਬਿਖਰ ਜਾਂਦਾ ਹੈ
ਕੱਖੋਂ ਹੌਲੀ ਹੋਵਾਂ … ਤਾਂ
ਸਭ ਨਿੱਖਰ ਜਾਂਦਾ ਹੈ!
ਉਸ ਦੀ ਕਵਿਤਾ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਨਾਰੀ ਦੇ ਨਾ ਤਾਂ ਰੁਮਾਨੀ ਦ੍ਰਿਸ਼ ਸਿਰਜਦੀ ਹੈ ਅਤੇ ਨਾ ਹੀ ਨਾਰੀ ਦੇਹ ਨੂੰ ਕਾਮਨਾਮਈ ਪ੍ਰਵਚਨ ਬਣਾਉਂਦੀ ਹੈ। ਉਸ ਦੀ ਕਵਿਤਾ ਵਿਚ ਨਾਰੀ ਦੇਹ ਮਰਦਾਵੇਂ ਕਦਰ-ਪ੍ਰਬੰਧ ਵਿਚ ਉੱਸਰੀ-ਨਿੱਸਰੀ ਸਮਾਜਿਕ-ਸਭਿਆਚਾਰਕ ਹੋਂਦ ਹੈ ਜੋ ਰੁਮਾਨੀ ਬਗ਼ਾਵਤ ਕਰ ਕੇ ਚਕਾਚੌਂਧ ਨਹੀਂ ਕਰਦੀ ਸਗੋਂ ਦੇਹ ਦੇ ਇਰਦ-ਗਿਰਦ ਸਿਰਜੀ ਮਰਦਾਵੀਂ ਰਹਿਤਲ, ਸੰਸਕਾਰੀ ਰਵਾਇਤ ਅਤੇ ਨਾਰੀ ਦੇ ਪੈਰਾਂ ਵਿਚ ਬੱਝੀ ਮਰਦਾਵੀਂ ਸਭਿਆਚਾਰਕ ਸਿਆਸਤ ਦੀ ਵਿਆਕਰਣ ਹੈ। ਇਸ ਸਮੁੱਚੀ ਸਿਆਸਤ ਨੂੰ ਦਲਵੀਰ ਕੌਰ ‘ਬਰਮੀਆਂ ਦੇ ਇਤਿਹਾਸ’ ਵਜੋਂ ਉਸਾਰਦੀ ਹੈ। ਮਰਦਾਵੇਂ ਕਦਰ ਪ੍ਰਬੰਧ ਨੇ ਸੱਭਿਆਚਾਰੀਕਰਨ ਦੇ ਅਮਲ ਰਾਹੀਂ ਔਰਤ ਨੂੰ ਦਾਬੇ, ਸੋਸ਼ਣ ਅਤੇ ਦਮਨ ਦਾ ਜੋ ਖਾਜਾ ਬਣਾਇਆ ਹੈ, ਉਸ ਨੂੰ ਰਿਸ਼ਤਿਆਂ ਦੀਆਂ ਬਾਰੀਕ ਤੰਦਾਂ ਦੀ ਵਿਆਕਰਣ ’ਚ ਬੰਨ੍ਹ ਦਿੱਤਾ ਹੈ। ਇੱਥੋਂ ਹੀ ਔਰਤ ਦੇ ਫ਼ਰਜ਼ ਸ਼ੁਰੂ ਹੋ ਜਾਂਦੇ ਹਨ ਅਤੇ ਅਧਿਕਾਰ ਖ਼ਤਮ ਹੋਣ ਲੱਗਦੇ ਹਨ। ਇਸ ਵਿਚੋਂ ਉਸ ਦੀ ਚਾਹਤ ਅਤੇ ਸੁਪਨਾ ਸਮਾਨਾਂਤਰਤਾ ਦਾ ਇਕ ਬਦਲ ਉਸਾਰਦੇ ਹਨ।
ਚੱਲ ਆਪਾਂ!
ਈਵ ਤੇ ਆਦਮ ਨੂੰ
ਧਰਤੀ ’ਤੇ ਸੱਦੀਏ
ਤੂੰ ਮਿਸਟਰੀ ਫ਼ਲ ਦੇ ਬੀਜ
ਆਪਣੇ ਘਰ ਉਗਾ ਲੈ
ਤੇ ਪੈਦਾ ਕਰੀਏ
ਤੇਰੀ ਮੇਰੀ ਸੋਚ ਬੰਧਨ ਤੋਂ ਬੂਟੇ!
ਬਗੀਚਾ ਆਪੇ ਦੱਸ ਦੇਵੇਗਾ
ਫੁੱਲਾਂ ਦਾ ਧਰਮ-ਕਰਮ-ਕਿਰਦਾਰ
ਚੱਲ ਆਪਾਂ
ਈਵ ਤੇ ਆਦਮ ਦੀ
ਜਣਨ ਕਿਰਿਆ ਜਾਣੀਏ।
ਦਲਵੀਰ ਦੀ ਕਵਿਤਾ ਵਿਚ ਨਾਰੀ ਹੋਂਦ ਅਤੇ ਹੋਣੀ ਦੇ ਮਸਲੇ ਨੂੰ ਰਵਾਇਤੀ ਅਰਥਾਂ ਵਿਚ ਨਹੀਂ ਪੜ੍ਹਿਆ ਜਾ ਸਕਦਾ ਕਿਉਂਕਿ ਨਾ ਤਾਂ ਇਹ ਪੱਛਮ ਦੇ ਉਸ ਨਾਰੀਵਾਦ ਤੋਂ ਪ੍ਰਭਾਵਿਤ ਹੈ ਜੋ ਕਾਮਨਾ ਦੀ ਆਜ਼ਾਦੀ ਦੇ ਇਰਦ ਗਿਰਦ ਉਸਰਦਾ ਹੈ ਅਤੇ ਨਾ ਹੀ ਭਾਰਤੀ/ਪੰਜਾਬੀ ਨਾਰੀਵਾਦ ਤੋਂ ਪ੍ਰਭਾਵਿਤ ਹੈ ਜੋ ਪਿਤਰਕੀ ਪ੍ਰਬੰਧ ਦੀ ਥਾਵੇਂ ਮਰਦ ਦੇ ਵਿਰੋਧ ਵਿਚ ਤਣ ਕੇ ਖਲੋ ਜਾਂਦਾ ਹੈ। ਉਸ ਦੇ ਕਾਵਿ ਵਿਚ ਮਰਦ ਪ੍ਰਤਿਯੋਗੀ ਸੰਬੰਧ ਵਿਚ ਨਹੀਂ ਸਗੋਂ ਸਹਿਭਾਗੀ ਸੰਬੰਧਾਂ ਦੇ ਬਦਲ ਵਜੋਂ ਸਾਹਮਣੇ ਆਉਂਦਾ ਹੈ। ਇਸੇ ਕਰਕੇ ਪ੍ਰਤਿਯੋਗੀ ਬਿੰਬ ਵਾਲਾ ਮਰਦ ਬਰਬਰ ਅਤੇ ਹਿੰਸਕ ਹੈ। ਸਹਿਭਾਗੀ ਸੰਬੰਧਾਂ ਦੇ ਬਦਲ ਵਾਲਾ ਮਰਦ ਤਾਂ:
ਏਸ ਜਨਮ ’ਚ ਮਿਲਿਆ ਹੈ ਉਹ!
ਤਾਂ ਹਰ ਜਨਮ ਮਿਲੇਗਾ
ਮੈਂ ਸੰਮੋਹਿਤ ਹਾਂ ਹੁਣ
ਏਸ ਖਿਆਲ ਅੰਦਰ
ਕਾਦਰ
ਮੇਰਾ ਗਵਾਹ ਹੋ ਗਿਆ ਹੈ!
ਦਲਵੀਰ ਦੇ ਕਾਵਿ ਸੰਗ੍ਰਹਿ ਵਿਚ ਕਈ ਨਜ਼ਮਾਂ ਰਾਜਸੀ ਅਤੇ ਉਪਭੋਗੀ ਥੀਮ ਵਾਲੀਆਂ ਹਨ। ਪੰਜਾਬੀ ਵਿਚ ਬਹੁਤਾ ਨਾਰੀ ਰਚਿਤ ਕਾਵਿ ਰਾਜਸੀ ਚੇਤਨਾ ਵਾਲਾ ਨਹੀਂ ਸਗੋਂ ਸਵੈ ਦੇ ਖੋਲ, ਰੁਦਨ ਅਤੇ ਅਲਪ ਸਰੋਕਾਰਾਂ ਦੀ ਗ੍ਰਿਫ਼ਤ ਵਿਚ ਹੈ। ਵਿਰਾਟ ਸਰੋਕਾਰ ਬਹੁਤ ਘੱਟ ਹਨ। ਕਿਸਾਨੀ ਅੰਦੋਲਨ ਨਾਲ ਕੁਝ ਹਿਲਜੁੱਲ ਜ਼ਰੂਰ ਹੋਈ ਹੈ ਪਰ 1990 ਤੋਂ ਬਾਅਦ ਦੀ ਕਵਿਤਾ ਦਾ ਵਡੇਰਾ ਭਾਗ ਅਲਪ ਸਰੋਕਾਰ ਵਾਲਾ ਅਤੇ ਵਿਅਕਤੀ ਦੇ ਨਿੱਕੇ-ਨੰਨ੍ਹੇ ਵੇਰਵੇ ਨਾਲ ਵਧੇਰੇ ਸੰਬੰਧਿਤ ਹੈ। ਦਲਵੀਰ ਦੀ ਕਵਿਤਾ ਵਿਰਾਟ ਸਰੋਕਾਰਾਂ ਵਾਲੀ ਹੈ ਜਿਸ ਵਿਚ ਪਤਾਇਆ ਬੀਚ ਥਾਈਲੈਂਡ, ਮੱਛੀ ਦੀ ਅੱਖ, ਸਰੋਗੇਟ ਮਾਂ ਆਦਿ ਕਿੰਨੀਆਂ ਹੀ ਨਜ਼ਮਾਂ ਹਨ। ਇਨ੍ਹਾਂ ਵਿਚ ਪੈਸੇ ਨੇ ਕਿਵੇਂ ਗ਼ਰੀਬ ਮਨੁੱਖ ਨੂੰ ਕੱਚੇ ਮਾਸ ’ਚ ਬਦਲ ਕੇ ਝੀਂਗੇ, ਮੱਛੀਆਂ, ਪੂੰਗ ਵਿਚ ਬਦਲ ਦਿੱਤਾ ਹੈ। ਦਲਵੀਰ ਧਨ ਦੀ ਅਸਾਵੀਂ ਅਤੇ ਅਨਿਆਂਕਾਰੀ ਵੰਡ ਵਿਚੋਂ ਪੈਦਾ ਹੋਣ ਵਾਲੀ ਸ਼ੋਸ਼ਣਕਾਰੀ ਦੀ ਪ੍ਰਕਿਰਿਆ ਨੂੰ ਤਲਾਸ਼ ਕੇ ਸਰਮਾਏਦਾਰੀ ਦੇ ਅਮਾਨਵੀ ਪਾਸਾਰ ਨੂੰ ਸਿਰਜਦੀ ਹੈ। ਉਸ ਦਾ ਕਾਵਿ ਵਿਵੇਕ ਕਹਿੰਦਾ ਹੈ ਕਿ ਸਰਮਾਇਆ ਜਿਨ੍ਹਾਂ ਅਸਾਵਾਂ ਹੋਵੇਗਾ, ਸਮਾਜ ਅਤੇ ਮਨੁੱਖ ਓਨਾ ਹੀ ਗ਼ੈਰ ਸਮਾਜਿਕ ਅਤੇ ਸੰਵੇਦਨਹੀਣ ਹੋਵੇਗਾ। ਪੂੰਜੀਵਾਦ ਕਿਵੇਂ ਮਨੁੱਖ ਨੂੰ ਮਾਨਵਤਾ ਤੋਂ ਖਾਰਜ ਕਰ ਕੇ ਉਸ ਨੂੰ ਪਸ਼ੂ ਤੱਕ ਘਟਾ ਦਿੰਦਾ ਹੈ। ਉਸ ਦਾ ਕਾਵਿ ਤਰਕ ਚਿੰਤਨਸ਼ੀਲ ਹੈ।
ਦਲਵੀਰ ਦੀ ਕਵਿਤਾ ਵਿਚ ‘ਬਣ ਮਾਨਸ’ ਦਾ ਰੂਪਕ ਤਜਾਰਤੀ ਅਤੇ ਵਪਾਰੀ ਸੁਰਤੀ-ਬਿਰਤੀ ਵਾਲੇ ਪੂੰਜੀਵਾਦ ਦੇ ਉਦਾਰਵਾਦੀ ਪੜਾਅ ਦੇ ਅਣਉਦਾਰਵਾਦੀ ਕਿਰਦਾਰ ਨੂੰ ਸਾਹਮਣੇ ਲਿਆ ਕੇ ਪੂੰਜੀਵਾਦ ਦੇ ਲੁਭਾਵਣੇ ਚਿਹਰੇ-ਮੁਹਰੇ ਦੀ ਹਕੀਕਤ ਸਾਹਮਣੇ ਲੈ ਆਉਂਦਾ ਹੈ।
ਪ੍ਰਚੰਡ ਤਜਾਰਤ ਵੱਲੋਂ
ਬੁੱਧ-ਲੈਨਿਨ-ਡਾਰਵਿਨ ਤੇ ਨਾਨਕ
ਅਰਜਨ ਦੇ ਤੀਰ ਦੀ ਨੋਕ ’ਤੇ
ਮਸਾਲੇ ਵਾਂਗ ਲਗਾ ਦਿੱਤੇ ਨੇ
ਰਾਜਸੀ ਤੇਵਰ ਵਾਲੀਆਂ ਕਵਿਤਾਵਾਂ ਪੰਜਾਬ 2022, ਨਿਹੱਥੇ, ਰਮਜ਼, ਬਾਰੂਦ ਆਦਿ ਅਜੋਕੇ ਭਿਆਨਕ ਡਰ-ਖੌਫ਼ ਸਿਰਜੇ ਜਾਣ ਵਾਲੇ ਸਮੇਂ ਵਿਚ ਵੰਗਾਰ ਬਣਦੀਆਂ ਹਨ। ਉਸ ਦੀ ਵੰਗਾਰ ਵਿਚ ਜੋ ਮਾਡਲ ਉੱਭਰਦਾ ਹੈ, ਉਹ ਵਿਚਾਰਧਾਰਕ ਤਾਂ ਹੈ ਹੀ ਪਰ ਹਰ ਤਰ੍ਹਾਂ ਦੀ ਸੰਕੀਰਨਤਾ ਅਤੇ ਸੰਪਰਦਾਇਕਤਾ ਤੋਂ ਮੁਕਤ ਵੀ ਹੈ:
ਅੱਲਾ ਯਾਰ ਖਾਂ ਯੋਗੀ
ਕਦੇ ਕਦੇ ਹੀ ਲਿਖਦਾ ਹੈ
ਸਾਹਿਬੇ ਕਮਾਲ ਦੀ ਉਸਤਤਿ
ਕਦੇ ਕਦੇ ਹੀ ਜਨਮਦਾ ਹੈ
ਮਾਧੋਦਾਸ
ਬਣਨ ਲਈ ਬੰਦਾ
ਕਦੇ ਕਦੇ ਹੀ ਸਾਂਭਦੀ ਹੈ ਕੁਦਰਤ
ਸਾਈਂ ਮੀਆਂ ਮੀਰ ਪਾਸ
ਰਮਜ਼ ਦੀ ਕੁੰਜੀ।
ਇਸ ਅੰਧਕਾਰ, ਦਹਿਸ਼ਤਜ਼ਦਾ ਅਤੇ ਸੰਪਰਦਾਇਕਤਾ ਦੇ ਸਮਾਨਾਂਤਰ ਅੱਲਾ ਯਾਰ ਖਾਂ ਯੋਗੀ, ਬੰਦਾ ਬਹਾਦਰ, ਸਾਈਂ ਮੀਆਂ ਮੀਰ ਦੀ ਪਰੰਪਰਾ ਨੂੰ ਜਗਾਉਣਾ ਪ੍ਰਤਿਰੋਧ ਦੀ ਸਿਰਜਣਾ ਕਰਨਾ ਹੈ। ਦਲਵੀਰ ਦੀ ਕਵਿਤਾ ਪੰਜਾਬੀ ਕਵਿਤਾ ਵਿਚ ਵੱਢ ਮਾਰਨ ਵਾਲੀ ਕਵਿਤਾ ਹੈ ਜਿਹੜੀ ਚੇਤੰਨ ਸਿਰਜਣਕਾਰੀ ਹੈ। ਇਹ ਪੜ੍ਹਨਯੋਗ ਹੀ ਨਹੀਂ ਸਗੋਂ ਚਿੰਤਨਯੋਗ ਅਤੇ ਸਾਂਭਣਯੋਗ ਪੁਸਤਕ ਹੈ।