ਇਕ ਛੋਟੀ ਜਿਹੀ ਲੜਾਈ
ਮੈਂ ਕਰਨੀ ਹੈ ਇਕ ਛੋਟੀ ਜਿਹੀ ਲੜਾਈ
ਇਕ ਝੂਠੀ ਲੜਾਈ ’ਚ ਮੈਂ ਐਨਾ ਥੱਕ ਗਿਆ ਹਾਂ
ਕਿ ਕਿਸੇ ਵੱਡੀ ਲੜਾਈ ਦੇ ਕਾਬਲ ਨਹੀਂ ਰਿਹਾ
ਮੈਂ ਲੜਨਾ ਨਹੀਂ ਹੁਣ
ਕਿਸੇ ਛੋਟੇ ਕੱਦ ਵਾਲੇ ਆਦਮੀ ਦੇ ਇਸ਼ਾਰੇ ’ਤੇ
ਜਿਹੜਾ ਆਪਣਾ ਕੱਦ ਲੰਬਾ ਕਰਨ ਲਈ
ਸਮੁੱਚੇ ਦੇਸ਼ ਨੂੰ ਯੁੱਧ ’ਚ ਧੱਕ ਦਿੰਦਾ ਹੈ
ਮੈਂ ਨਹੀਂ ਲੜਨਾ
ਕਿਸੇ ਚਿੰਨ੍ਹ ਲਈ
ਕਿਸੇ ਨਾਮ ਲਈ
ਕਿਸੇ ਵੱਡੇ ਪ੍ਰੋਗਰਾਮ ਲਈ
ਮੈਂ ਲੜਨੀ ਹੈ ਇਕ ਛੋਟੀ ਜਿਹੀ ਲੜਾਈ
ਮਾਮੂਲੀ ਲੋਕਾਂ ਲਈ
ਨਿੱਕੀਆਂ ਨਿੱਕੀਆਂ ਗੱਲਾਂ ਲਈ
ਮੈਂ ਲੜਨਾ ਹੈ ਇਕ ਮਾਮੂਲੀ ਕਲਰਕ ਲਈ
ਜਿਹੜਾ ਬਿਨਾਂ ਫਰਦ-ਜੁਰਮ ਦੇ ਮੁਅੱਤਲ ਹੋ ਜਾਂਦਾ ਹੈ
ਢਿੱਡ ’ਚ ਅਲਸਰ ਦਾ ਦਰਦ ਲੈ ਕੇ
ਜੇਬਾਂ ’ਚ ਇਨਸਾਫ਼ ਵਾਸਤੇ ਅਰਜ਼ੀ ਦੀਆਂ ਨਕਲਾਂ ਪਾ ਕੇ
ਨੌਕਰਸ਼ਾਹੀ ਦੇ ਫੌਲਾਦੀ ਦਰਵਾਜ਼ੇ
ਆਪਣੀਆਂ ਕਮਜ਼ੋਰ ਮੁੱਠੀਆਂ ਨਾਲ ਖੜਕਾਉਂਦਾ ਹੈ
ਮੈਂ ਲੜਨਾ ਹੈ
ਜਮਹੂਰੀਅਤ ਵਿਚ ਉੱਗ ਰਹੇ ਜੰਗਲੀ ਰਾਜ ਦੇ ਖ਼ਿਲਾਫ਼
ਜਿਸ ਵਿਚ ਇਕ ਗੈਂਡਾ ਨੁਮਾ ਆਦਮੀ ਦਗੜਦਾ ਹੈ
ਮੈਂ ਲੜਨਾ ਹੈ
ਆਪਣੀਆਂ ਹੀ ਕਵਿਤਾਵਾਂ ਦੇ ਬਿੰਬਾਂ ਵਿਰੁੱਧ
ਜਿਨ੍ਹਾਂ ਦੇ ਹਨੇਰੇ ਵਿਚ ਮੇਰੇ ਤੋਂ
ਜ਼ਿੰਦਗੀ ਦਾ ਉਜਾਲਾ ਛੁੱਟ ਜਾਂਦਾ ਹੈ
t t t t t t t t t
ਇਕ ਸ਼ਰਾਬੀ ਕਵਿਤਾ
ਇਨ੍ਹਾਂ ਭੈੜੇ ਦਿਨਾਂ ’ਚ ਆਪਾਂ
ਭਵਿੱਖ ਵਿਚ
ਕਿਵੇਂ ਯਾਦ ਕਰ ਸਕਾਂਗੇ
ਅਤੇ ਆਪਣੀਆਂ ਆਪਣੀਆਂ ਡਾਇਰੀਆਂ ’ਚ
ਇਨ੍ਹਾਂ ਨੂੰ
ਕਿਨ੍ਹਾਂ ਸਿਰਲੇਖਾਂ ਦੇ ਅਧੀਨ ਲਿਖ ਸਕਾਂਗੇ।
ਇਹ ਦਿਨ
ਜਿਹੜੇ ਅਸੀਂ
ਸ਼ਰਾਬ ਦੇ ਹਨੇਰੇ ’ਚ ਬਿਤਾਏ ਨੇ
ਸਾਡੀ ਜ਼ਿੰਦਗੀ ’ਚ ਪਤਾ ਨਹੀਂ ਕਿੱਥੋਂ ਕਿੱਥੋਂ
ਭਟਕ ਕੇ ਆਏ ਨੇ
ਅਮਿਤੋਜ ਆਖਦਾ ਹੈ
ਇਨ੍ਹਾਂ ਦਿਨਾਂ ਦੇ ਪਿੱਛੇ ਹਰੇਕ ਆਦਮੀ ਦੇ ਆਪਣੇ ਆਪਣੇ
ਕੁਮਾਰ ਵਿਕਲ ਦਾ ਹੱਥ ਹੈ
ਮੈਂ ਆਖਦਾ ਹਾਂ, ਨਹੀਂ
ਇਹ ਇਕ ਸਾਜ਼ਿਸ਼ ਹੈ
ਜਿਸ ਵਿਚ ਇਕ ਅਣਲਿਖੀ ਕਵਿਤਾ ਦਾ ਵੀ ਹੱਥ ਹੈ
ਸ਼ੌਕੀਨ ਆਖਦਾ ਹੈ
‘‘ਬਾਈ ਬਦਮਾਸ਼ ਹੋ ਰਿਹਾ ਐ
ਕਵਿਤਾ ਸ਼ਬਦ ਦੀ ਗ਼ਲਤ ਵਰਤੋਂ ਕਰਕੇ ਹੋ ਰਿਹਾ ਐ
ਅਮਿਤੋਜ ਦਾ ਕੀ ਐ
ਉਹ ਤਾਂ ਅੱਜਕਲ੍ਹ
ਲੋਕ-ਗੀਤਾਂ ਵਿਚ ਗਚ ਰਿਹਾ ਏ
ਨਾਗਣ ਨੂੰ ਕਵਿਤਾ ’ਚ ਰਚ ਰਿਹਾ ਏ’’
ਇਸ ਤੋਂ ਬਾਅਦ ਸ਼ੌਕੀਨ
ਬਾਈ ਦੀ ਗ਼ਲਤ ਸ਼ਬਦਾਂ ਵਾਲੀ
ਕਵਿਤਾ ਪੜ੍ਹ ਕੇ ਰੋ ਪੈਂਦਾ ਹੈ
ਰੱਬ ਜਾਣੇ ਉਸ ਦਾ ਕੁੱਤਾ ਕਿੱਥੇ ਜਾ ਫਸਦਾ ਹੈ
ਲੋਕੂ ਬਾਰੀ ਤੋਂ ਬਾਹਰ
ਇਕ ਭਟਕਦਾ ਬੱਦਲ ਵੇਖ ਕੇ ਕਹਿੰਦਾ ਹੈ
ਬਾਈਓ! ਕਵਿਤਾ ਅਤੇ ਕੁੱਤੇ ਦੀ ਗੱਲ ਛੱਡੋ
ਪਾਣੀ ਵਰ੍ਹਣ ਵਾਲਾ ਹੈ
ਹੁਣ ਸਭ ਕੁਝ ਘੁਲ ਮਿਲ ਜਾਵੇਗਾ
ਹਰ ਆਦਮੀ ਦਾ ਅਸਮਾਨ ਖੁੱਲ੍ਹ ਜਾਵੇਗਾ
t t t t t t t t t
ਇਕ ਅਮੀਰ ਸਬਜ਼ੀ
ਆਲੂ ਮਟਰ ਦੀ ਸਬਜ਼ੀ
ਗ਼ਰੀਬ ਪੰਜਾਬੀ ਦੀ ਸਭ ਤੋਂ ਅਮੀਰ ਸਬਜ਼ੀ ਹੈ
ਗ਼ਰੀਬ ਆਦਮੀ
ਜਦੋਂ ਸਫ਼ਰ ’ਤੇ ਨਿਕਲਦਾ ਹੈ
ਚਾਰ ਪਰੌਂਠੇ ਅਤੇ ਆਲੂ ਮਟਰ ਦੀ ਸਬਜ਼ੀ
ਜ਼ਰੂਰ ਨਾਲ ਲੈ ਤੁਰਦਾ ਹੈ
ਪਰ ਜਦੋਂ ਘਰ ਵਾਪਸ ਆਉਂਦਾ ਹੈ
ਕਿਸੇ ਧਰਮਸ਼ਾਲਾ
ਜਾਂ ਸਰਾਂ ’ਚ ਖਾਧੀ
ਆਲੂ ਮਟਰ ਦੀ ਸਬਜ਼ੀ ਦਾ ਸਵਾਦ
ਆਪਣੇ ਨਾਲ ਜ਼ਰੂਰ ਵਾਪਸ ਲਿਆਉਂਦਾ ਹੈ
ਪਰ ਅੱਜ ਕੱਲ੍ਹ ਜ਼ਰੂਰੀ ਨਹੀਂ
ਗ਼ਰੀਬ ਆਦਮੀ ਸਫ਼ਰ ’ਤੇ ਜਾਵੇ
ਅਤੇ
ਆਲੂ ਮਟਰ ਦੀ ਸਬਜ਼ੀ ਦਾ ਸੁਆਦ
ਘਰ ਪਰਤ ਆਵੇ
t t t t t t t t t
ਨਾਮੁਮਕਿਨ ਰੂਪ ’ਚ
ਫੇਰ ਮਿਲਾਂਗੇ ਆਪਾਂ
ਇਸੇ ਅਸਮਾਨ ਹੇਠ
ਅਜਿਹੀ ਹੀ ਕੋਸੀ ਕੋਸੀ ਧੁੱਪ ’ਚ
ਅਤੇ ਅਜਿਹੇ ਹੀ ਰੂਪ ਵਿਚ
ਤੂੰ ਪਿਆਜ਼ੀ ਰੰਗ ਦੀ ਸਾੜੀ ਪਾ ਕੇ ਆਵੇਂਗੀ
ਅਤੇ ਮੈਂ
ਆਪਣਾ ਉਹੋ ਪੁਰਾਣਾ ‘ਪੁਲ-ਓਵਰ’
ਜਿਸ ’ਚ ਮੈਂ ਇਕ ਪੁਲਾੜ-ਪਾਂਧੀ ਜਿਹਾ ਲਗਦਾ ਹਾਂ
ਫੇਰ ਮਿਲਾਂਗੇ ਆਪਾਂ
ਨੇੜੇ ਨੇੜੇ ਸਿਰ ਝੁਕਾ ਗੱਲਾਂ ਕਰਦੇ ਰਹਿਣ ਦੇ
ਆਪਣੇ ਇਸ ਮਨਪਸੰਦ ਅੰਦਾਜ਼ ’ਚ
ਆਪਾਂ ਬਹੁਤ ਬਹੁਤ ਗੱਲਾਂ ਕਰਾਂਗੇ ਤੇ ਬਾਤਾਂ ਪਾਵਾਂਗੇ
ਫੁੱਲਾਂ ਨੂੰ ਲਤੀਫ਼ੇ
ਅਤੇ ਰੰਗਾਂ ਨੂੰ
ਨਜ਼ਮਾਂ ਸੁਣਾਵਾਂਗੇ
ਅਤੇ
ਅਖ਼ਬਾਰ ਦੀਆਂ ਸਾਰੀਆਂ ਸੁਰਖ਼ੀਆਂ
ਭੁੱਲ ਜਾਵਾਂਗੇ
t t t t t t t t t
ਇਕ ਖ਼ਤ
ਨਿਰੂਪਮਾ ਦੱਤ, ਮੈਂ ਬਹੁਤ ਉਦਾਸ ਹਾਂ
ਤੂੰ ਇਹ ਸ਼ਹਿਰ ਛੱਡ ਚੁੱਕੀ ਏਂ
ਫਿਰ ਵੀ ਮੈਂ ਤੇਰੇ ਅੰਗ-ਸੰਗ ਹਾਂ
ਤੇਰੇ ਹਰੇਕ ਦੁੱਖ ਦੀ ਘੜੀ ’ਚ
ਤੇਰੇ ਸੀਮਤ ਸੁੱਖਾਂ ਦੀ ਹਰੇਕ ਕੜੀ ’ਚ
ਇਸ ਖ਼ਤ ’ਚ
ਮੈਂ ਤੇਰੇ ਦੁੱਖ ਨਹੀਂ ਦੁਹਰਾਵਾਂਗਾ
ਸਿਰਫ਼ ਉਨ੍ਹਾਂ ਸੁੱਖਾਂ ਬਾਰੇ ਜਾਣਨਾ ਚਾਹਾਂਗਾ
ਜਿਹੜੇ ਤੂੰ
ਹੁਣ ਤਕ
ਦਿੱਲੀ ਜਿਹੇ ਬੇਰਹਿਮ ਸ਼ਹਿਰ ’ਚ ਪਾ ਸਕੀ ਏਂ
ਅਤੇ ਮੈਂ ਆਪਣੇ ਦੁੱਖਾਂ ਦੀ ਤਫ਼ਸੀਲ ਵੀ ਨਹੀਂ ਦੱਸਾਂਗਾ
ਜਿਹੜੇ ਮੈਂ
ਤੇਰੀ ਗ਼ੈਰਹਾਜ਼ਰੀ ’ਚ ਕਮਾਏ
ਤੇ ਹਾਲੇ ਤਕ ਕਿਸੇ ਨੂੰ ਨਹੀਂ ਸੁਣਾਏ
ਨੀਰੂ, ਮੈਂ ਨਹੀਂ ਜਾਣਦਾ
ਤੈਨੂੰ ਇਹ ਨਵਾਂ ਸ਼ਹਿਰ ਕੇਹਾ ਲਗਦਾ ਹੈ
ਪਰ ਮੈਂ ਏਨਾ ਜ਼ਰੂਰ ਜਾਣਦਾ ਹਾਂ
ਤੂੰ ਆਪਣੇ ਸਾਰੇ ਦੁੱਖ
ਇਕ ਗੁਥਲੀ ’ਚ ਬੰਦ ਕਰਕੇ
ਜਾਣ ਪਹਿਚਾਣ ਦੇ ਲੋਕਾਂ ਦੀਆਂ ਮਹਿਫ਼ਲਾਂ ’ਚ
ਜਾਂਦੀ ਐਂ
ਹਸਦੀ-ਮੁਸਕਰਾਉਂਦੀ ਐਂ
ਬਹੁਤ ਸਾਰੇ ਲਤੀਫ਼ੇ ਤੇ ਮੇਰੀਆਂ ਕਵਿਤਾਵਾਂ ਸੁਣਾਉਂਦੀ ਐਂ
ਅਤੇ ਗਈ ਰਾਤ
ਜਦੋਂ
ਆਪਣੀ ਬਰਸਾਤੀ ’ਚ ਮੁੜ ਆਉਂਦੀ ਐਂ
ਆਪਣੇ ਦੁੱਖਾਂ ਦੀ ਗੁਥਲੀ ਨੂੰ ਖੋਲ੍ਹ ਕੇ ਬਹੁਤ ਰੋਂਦੀ ਏਂ
ਅਤੇ ਸਾਰੀ ਰਾਤ ਸੌਂ ਨਹੀਂ ਸਕਦੀ
ਉਸ ਵਕਤ
ਸਸਤੀ ਕਿਸਮ ਦੀਆਂ ਸਿਗਰਟਾਂ ਹੀ ਤੇਰਾ ਸਹਾਰਾ ਹੁੰਦੀਆਂ ਨੇ
ਜਾਂ ਚੰਡੀਗੜ੍ਹ ਦੀਆਂ ਕੁਝ ਸੁੱਖ ਭਰੀਆਂ ਯਾਦਾਂ
ਇਕ ਮਾਂ
ਇਕ ਭਰਾ
ਜਿਹੜੇ ‘ਟਵੰਟੀ ਸੈਵਨ ਡਾਊਨ’* ਵਿਚ ਸਫ਼ਰ ਕਰ ਰਹੇ ਨੇ
ਫ਼ੈਸਲੇ ਕਈ ਵਾਰ ਕਰ ਚੁੱਕਿਆ ਹੈ
ਜੇਕਰ ਤੂੰ ਚਾਹੁੰਦੀ ਏਂ
ਤੇਰਾ ਵੀਰਾ ਇਸ ਗੱਡੀ ’ਚ ਕਦੇ ਨਾ ਬੈਠੇ
ਤੂੰ ਚੰਡੀਗੜ੍ਹ ਮੁੜ ਆ
ਤਾਂ ਕਿ ਆਪਾਂ ਤਿੰਨੋਂ
ਬਹੁਤ ਸਾਰੇ ਹਮ-ਕਲਮ ਲੋਕਾਂ ਨਾਲ ਮਿਲ ਕੇ
ਦੁੱਖਾਂ ਨੂੰ ਘਟਾਉਣ ਦੀ ਲੜਾਈ
ਲੜ ਸਕੀਏ
* ਰਮੇਸ਼ ਬਖਸ਼ੀ ਦੇ ਹਿੰਦੀ ਨਾਵਲ ਦੇ ਆਧਾਰ ’ਤੇ ਅਵਤਾਰ ਕ੍ਰਿਸ਼ਨ ਕੌਲ ਨੇ 1974 ਵਿਚ ‘ਟਵੰਟੀ ਸੈਵਨ ਡਾਊਨ’ ਨਾਂ ਦੀ ਫਿਲਮ ਬਣਾਈ
t t t t t t t t t
ਦੁਖੀ ਦਿਨਾਂ ’ਚ
ਦੁਖੀ ਦਿਨਾਂ ’ਚ ਆਦਮੀ ਕਵਿਤਾ ਨਹੀਂ ਲਿਖਦਾ
ਦੁਖੀ ਦਿਨਾਂ ’ਚ ਆਦਮੀ ਬਹੁਤ ਕੁਝ ਕਰਦਾ ਹੈ
ਲਤੀਫ਼ੇ ਸੁਣਾਉਣ ਤੋਂ ਲੈ ਕੇ ਜ਼ਹਿਰ ਖਾਣ ਤਕ
ਪਰ ਉਹ ਕਵਿਤਾ ਨਹੀਂ ਲਿਖਦਾ
ਦੁਖੀ ਦਿਨਾਂ ’ਚ ਆਦਮੀ
ਦਿਨ ਦੀ ਰੌਸ਼ਨੀ ’ਚ ਰੋਣ ਲਈ ਹਨੇਰਾ ਲੱਭਦਾ ਹੈ
ਅਤੇ ਚਾਲੀ ਵਰ੍ਹਿਆਂ ਦੀ ਉਮਰ ’ਚ ਵੀ
ਮਾਂ ਦੀ ਗੋਦੀ ਵਰਗੀ
ਕੋਈ ਸੁਰੱਖਿਅਤ ਜਗ੍ਹਾ ਲੱਭਦਾ ਹੈ
ਦੁਖੀ ਦਿਨਾਂ ’ਚ ਆਦਮੀ ਬਹੁਤ ਕੁਝ ਸੋਚਦਾ ਹੈ
ਮਸਲਨ ਝੀਲ ਦੇ ਪਾਣੀ ਦੀ ਡੂੰਘਾਈ
ਅਤੇ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਦੀ ਉਚਾਈ
ਅਤੇ ਨਾਲੋ ਨਾਲ
ਇਕ ਖ਼ਾਮੋਸ਼ ਬੋਲੀ ’ਚ ਚੀਖ਼ਦਾ ਹੈ
ਕਿ ਉਸ ਦੇ ਸਾਰੇ ਪਿਆਰੇ
ਝੀਲ ’ਤੇ ਇਕ ਮਜ਼ਬੂਤ ਬੰਨ੍ਹ ਬਣ ਕੇ ਖਲੋ ਜਾਣ
ਅਤੇ ਇਮਾਰਤ ਦੀ ਉਚਾਈ ਵੱਲ ਲੈ ਜਾਂਦੀ ਲਿਫ਼ਟ ਨੂੰ ਰੋਕ ਲੈਣ
ਪਰ ਸਨੇਹੀ ਤਾਂ ਸੰਘਣੇ ਰੁੱਖ ਹੁੰਦੇ ਹਨ
ਛਾਂ ਦਿੰਦੇ ਹਨ
ਹਵਾ ਵਾਂਗ ਲਾਡ ਕਰ ਸਕਦੇ ਹਨ
ਬੰਨ੍ਹ ਨਹੀਂ ਬਣ ਸਕਦੇ
ਬੰਨ੍ਹ ਤਾਂ ਆਦਮੀ ਖ਼ੁਦ ਹੀ ਬਣਦਾ ਹੈ
ਦੁਖੀ ਦਿਨਾਂ ’ਚ ਆਦਮੀ
ਇਕ ਮਜ਼ਬੂਤ ਜਾਂ ਕਮਜ਼ੋਰ ਬੰਨ੍ਹ ਤਾਂ ਬਣ ਸਕਦਾ ਹੈ
ਪਰ ਕਵਿਤਾ ਨਹੀਂ ਲਿਖਦਾ
t t t t t t t t t
ਮੌਤ ਦੀ ਮਹਿਕ
ਮੌਤ ਦੀ ਮਹਿਕ ਕਿਹੋ ਜਿਹੀ ਹੁੰਦੀ ਹੈ
ਜੇ ਜਾਣਨਾ ਚਾਹੁੰਦੇ ਹੋ
ਤਾਂ ਮੇਰੇ ਕੋਲ ਆਓ
ਬੈਠੋ
ਥੋੜ੍ਹੀ ਦੇਰ ’ਚ ਜਾਣ ਜਾਓਗੇ
ਮੌਤ ਦੀ ਮਹਿਕ ਕਿਹੋ ਜਿਹੀ ਹੁੰਦੀ ਹੈ
ਉਹ ਇਕ ਅਜਿਹੀ ਸੁਗੰਧ ਹੈ
ਜਿਹੜੇ ਲੰਬੇ ਵਾਲਾਂ ਵਾਲੀ
ਇਕ ਔਰਤ ਦੇ ਤਾਜ਼ਾ ਧੋਤੇ ਵਾਲਾਂ ’ਚੋਂ ਆਉਂਦੀ ਹੈ
ਤਦ ਤੁਸੀਂ ਉਸ ਔਰਤ ਦਾ ਨਾਂ ਯਾਦ ਕਰਨ ਲਗਦੇ ਹੋ
ਪਰ ਉਸ ਦਾ ਕੋਈ ਨਾਂ ਨਹੀਂ
ਉਹ ਸਿਰਫ਼ ਆਪਣੇ ਵਾਲ ਖੋਲ੍ਹਦੀ ਹੈ
ਅਤੇ ਤੁਸੀਂ
ਹਮੇਸ਼ਾ ਹਮੇਸ਼ਾ ਲਈ
ਉਸਦੇ ਵਾਲਾਂ ਦੀ ਖੁਸ਼ਬੂ ’ਚ
ਅਲੋਪ ਹੋ ਜਾਂਦੇ ਹੋ
ਤੁਸੀਂ ਉਸ ਔਰਤ ਨੂੰ ਕਦੇ ਵੇਖ ਨਹੀਂ ਸਕਦੇ
ਜਿਵੇਂ ਤੁਸੀਂ ਮੇਰੇ ਕੋਲ ਬੈਠੇ ਹੋ
ਅਤੇ ਉਹ
ਆਪਣੇ ਵਾਲ ਖੋਲ੍ਹ ਰਹੀ ਹੈ
t t t t t t t t t
ਤੈਅ ਤਾਂ ਬਹੁਤ ਕੁਝ ਸੀ
(ਸਲਿਲ ਦੱਤ ਦੀ ਯਾਦ ’ਚ)
ਤੈਅ ਤਾਂ ਇਹ ਸੀ
ਤੂੰ ਮੈਨੂੰ ਇਕ ਡਾਕਟਰ ਕੋਲ ਲੈ ਜਾਵੇਂਗਾ
ਅਤੇ ਸ਼ਰਾਬ ਦੇ ਹਨੇਰੇ ’ਚੋਂ ਕੱਢ ਕੇ
ਇਕ ਲਿਸ਼ਕਦੀ ਦੁਨੀਆਂ ’ਚ ਲੈ ਆਵੇਂਗਾ
ਜਿੱਥੇ ਰੌਸ਼ਨੀ ਦੇ ਬਿੰਬ
ਮੇਰੀ ਉਡੀਕ ਕਰ ਰਹੇ ਹੋਣਗੇ
ਤੈਅ ਤਾਂ ਇਹ ਸੀ
ਰੱਬੋਂ ਵਿਹੂਣੇ ਸੰਸਾਰ ’ਚ
ਆਪਾਂ ਆਸਤਕ ਬਣ ਜਾਵਾਂਗੇ
ਅਤੇ ਆਪਣਾ ਆਪਣਾ ਰੱਬ ਲੱਭਣ ਲਈ
ਆਪਾਂ ਸ਼ਹਿਰ ਦੇ ‘ਕਾਰਨੀਵਾਲ’ ’ਚ ਜਾਵਾਂਗੇ
ਜਿੱਥੇ ਤੂੰ ਮੈਨੂੰ ਲੰਬੇ ਵਾਲਾਂ ਵਾਲੀ
ਇਕ ਜਿਪਸੀ ਕੁੜੀ ਨਾਲ ਮਿਲਾਵੇਂਗਾ
ਅਤੇ ਸੂਰਜ ਤੋਂ ਥੋੜ੍ਹੀ ਅੱਗ ਲੈ ਕੇ
ਉਸ ਦੇ ਸਿਗਰਟ ਨੂੰ ਸੁਲਗਾਏਂਗਾ
ਤੈਅ ਤਾਂ ਇਹ ਸੀ
ਅਸੀਂ ਖ਼ੁਦਾ ਦੀ ਭਾਲ ’ਚ
ਇਕ ਦਿਨ ਰੋਜ਼ ਗਾਰਡਨ ਜਾਵਾਂਗੇ
ਫੁੱਲਾਂ ਦੀ ਬੋਲੀ ’ਚ ਬੋਲਾਂਗੇ
ਅਤੇ ਧੁੱਪ ਦੀ ਪ੍ਰਯੋਗਸ਼ਾਲਾ ’ਚ ਰੰਗਾਂ ਦੇ ਭੇਤ ਖੋਲਾਂਗੇ
ਆਪਾਂ ਬੱਚਿਆਂ ਨੂੰ ਪੌਪ-ਕੌਰਨ ਖਿਲਾਵਾਂਗੇ
ਉਨ੍ਹਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਸਿਖਾਵਾਂਗੇ
ਉਨ੍ਹਾਂ ਦੀਆਂ ਮਾਵਾਂ
ਅਤੇ ਸਕੂਲ ਦੀਆਂ ਮਾਸਟਰਨੀਆਂ ਦੇ ਨਾਂ-ਪਤੇ ਪੁੱਛਾਂਗੇ
ਅਤੇ ਆਪਣੇ ਨਾਵਾਂ ਦੇ ਕਾਰਡ
ਉਨ੍ਹਾਂ ਦੀਆਂ ਜੇਬਾਂ ’ਚ ਛੱਡ ਆਵਾਂਗੇ
ਤੈਅ ਤਾਂ ਬਹੁਤ ਕੁਝ ਸੀ
ਪਰ ਇਹ ਤਾਂ ਬਿਲਕੁਲ ਤੈਅ ਨਹੀਂ ਸੀ
ਕਿ ਤੂੰ ਆਪਣੇ ਨਾਂ ਦਾ ਕਾਰਡ
ਇਕ ਗੁੰਮਨਾਮ ਰੇਲਗੱਡੀ ਦੇ ਖਾਲੀ ਡੱਬੇ ’ਚ ਪਏ
ਲਾਵਾਰਿਸ ਕੋਟ ਦੀ ਜੇਬ ’ਚ ਛੱਡ ਜਾਵੇਂਗਾ
ਅਤੇ ਆਪਣੀ ਬੁੱਢੀ ਮਾਂ
ਸ਼ਰਾਰਤੀ ਭੈਣ ਦੇ ਰੋਣ ਲਈ
ਇਕ ਹਨੇਰਾ ਰਚਾਵੇਂਗਾ
ਜਿਸ ’ਚੋਂ ਕੱਢ ਕੇ
ਤੂੰ ਮੈਨੂੰ ਰੌਸ਼ਨੀ ਦੀ ਦੁਨੀਆਂ ’ਚ ਲਿਆਉਣਾ ਚਾਹੁੰਦਾ ਸੀ
t t t t t t t t t
ਚੀਖ਼
ਮੈਂ ਕਿਸੇ ਕਿਰਪਾਨ ਨਾਲ ਮਰਾਂ
ਕਿਸੇ ਤ੍ਰਿਸ਼ੂਲ ਨਾਲ
ਜਾਂ ਪੁਲੀਸ ਦੀ ਗੋਲੀ ਨਾਲ
ਪਰ
ਮਰਨ ਤੋਂ ਪਹਿਲਾਂ
ਮੈਂ ਜ਼ਰੂਰ ਚੀਖਾਂਗਾ
ਮਜ਼ਹਬ ਹੀ ਹੈ ਸਿਖਾਉਂਦਾ
ਆਪਸ ’ਚ ਵੈਰ ਰੱਖਣਾ
ਆਦਮੀ ਨੂੰ
ਤ੍ਰਿਸ਼ੂਲ ਜਾਂ ਕਿਰਪਾਨ ਵਿਚ ਬਦਲਣਾ
ਮੈਂ ਚੀਖਾਂਗਾ…
ਮਜ਼ਹਬ ਅਫੀਮ ਦੀ ਅਜਿਹੀ ਗੋਲੀ ਏ
ਜਿਹੜੀ ਅੱਜਕੱਲ੍ਹ
ਇਕਦਮ ਬੰਦੂਕ ਦੀ ਗੋਲੀ ਬਣ ਗਈ ਏ
ਸ਼ੂਕਦੀ ਹੋਈ ਆਉਂਦੀ ਹੈ
ਪਾਰਕ ’ਚ ਖੇਡ ਰਹੇ ਬੱਚਿਆਂ
ਛਾਂਟੀ ਕੀਤੇ ਮਜ਼ਦੂਰਾਂ
ਰਿਕਸ਼ਾ-ਚਾਲਕਾਂ
ਰਾਸ਼ਨ ਦੀ ਦੁਕਾਨ ’ਚ ਖੜ੍ਹੇ ਲੋਕਾਂ ਨੂੰ
ਲਹੂ ਲੁਹਾਣ ਕਰ ਜਾਂਦੀ ਹੈ
ਮਜ਼ਹਬ ਇਕ ਗੰਦੀ ਗਾਲ੍ਹ ਹੈ
ਜਿਹੜੀ ਹਰੇਕ ਧਰਮ-ਗ੍ਰੰਥ ’ਚ
ਪਾਕੀਜ਼ਗੀ ਦੇ ਨਕਾਬਾਂ ਵਿਚ ਲੁਕੀ ਰਹਿੰਦੀ ਹੈ
(ਇਹ ਕਵਿਤਾਵਾਂ ਮੈਗਜ਼ੀਨ ‘ਅੱਖਰ’ ਦੇ ਅੰਕ ਵਿਚ ਪ੍ਰਕਾਸ਼ਿਤ ਹੋਈਆਂ। ਇਸ ਮੈਗਜ਼ੀਨ ਦੇ ਸੰਪਾਦਕ ਪ੍ਰਮਿੰਦਰਜੀਤ ਸਨ ਅਤੇ ਕੁਮਾਰ ਵਿਕਲ ਦੀਆਂ ਕਵਿਤਾਵਾਂ ਵਾਲਾ ਅੰਕ (ਸਤੰਬਰ ਅਕਤੂਬਰ 2001) ਰੁਪਿੰਦਰ ਰਿੱਪੀ ਨੇ ਸੰਪਾਦਤ ਕੀਤਾ।)