ਨਵੀਂ ਸੋਚ ਦਾ ਸੂਰਜ ਉੱਗੇ
ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਨਵੀਂ ਸੋਚ ਦਾ ਸੂਰਜ ਉੱਗੇ ਮਿਟ ਜਾਏ ਕੂੜ ਹਨੇਰ।
ਨਵੇਂ ਸਾਲ ‘ਤੇ ਖ਼ੁਸ਼ੀਆਂ ਲੈ ਕੇ ਆਵੇ ਨਵੀਂ ਸਵੇਰ।
ਦਿਲ ਦੇ ਵਿਚ ਦਿਲਗੀਰੀ ਹੋਵੇ ਜ਼ਿਹਨ ‘ਚ ਹੋਏ ਹਲੀਮੀ,
ਸਾਂਝਾਂ ਰਹਿਣ ਸਲਾਮਤ ਜੋ ਨੇ ਚੱਲਦੀਆਂ ਮੁੱਢ ਕਦੀਮੀਂ,
ਘਰ-ਘਰ ਉੱਤੇ ਉਸ ਦਾਤੇ ਦੀ ਹਰ ਪਲ ਵਰਤੇ ਮੇਹਰ
ਨਵੀਂ ਸੋਚ ਦਾ ਸੂਰਜ ਉੱਗੇ ਮਿਟ ਜਾਏ ਕੂੜ ਹਨੇਰ।
ਆਓ ਰਲ ਕੇ ਕਰੀਏ ਸਾਰੇ ਖ਼ੁਸ਼ੀਆਂ ਦੇ ਲਈ ਹੀਲਾ,
ਰੋਂਦੇ ਚਿਹਰਿਆਂ ‘ਤੇ ਹਾਸੀ ਦਾ ਬਣੀਏ ਇਕ ਵਸੀਲਾ,
ਇਹ ਜ਼ਿੰਦਗੀ ਫਿਰ ਬਣ ਜਾਵੇਗੀ ਫੁੱਲਾਂ ਭਰੀ ਚੰਗੇਰ,
ਨਵੀਂ ਸੋਚ ਦਾ ਸੂਰਜ ਉੱਗੇ ਮਿਟ ਜਾਏ ਕੂੜ ਹਨੇਰ।
ਊਚ-ਨੀਚ ਦਾ ਪਾੜਾ ਮਿੱਤਰੋ ਮੋਹ ਦੇ ਨਾਲ ਮੁਕਾਈਏ,
ਰਾਹਾਂ ਦੇ ਵਿੱਚ ਪਏ ਮੁਸਾਫ਼ਿਰ ਮੰਜ਼ਿਲਾਂ ਤੀਕ ਪੁਚਾਈਏ,
ਨਵੇਂ ਸਾਲ ਦੀ ਦਿਓ ਮੁਬਾਰਕ ਇੱਕ-ਦੂਜੇ ਨੂੰ ਫੇਰ
ਨਵੀਂ ਸੋਚ ਦਾ ਸੂਰਜ ਉੱਗੇ ਮਿਟ ਜਾਏ ਕੂੜ ਹਨੇਰ।
ਨਸ਼ਿਆਂ ਦੇ ਇਸ ਕੋਹੜ ਦਾ ਕਰੀਏ ਆਜੋ ਹੁਣ ਸਫ਼ਾਇਆ,
ਜਿਸ ਨੇ ਮੇਰੇ ਇਸ ਪੰਜਾਬ ‘ਤੇ ਕਾਲਾ ਧੱਬਾ ਲਾਇਆ,
‘ਪਾਰਸ’ ਕਹਿੰਦਾ ਹੁਣ ਨਾ ਸੰਭਲੇ ਹੋ ਜਾਵੇਗੀ ਦੇਰ,
ਨਵੀਂ ਸੋਚ ਦਾ ਸੂਰਜ ਉੱਗੇ ਮਿਟ ਜਾਏ ਕੂੜ ਹਨੇਰ।
ਨਵੇਂ ਸਾਲ ‘ਤੇ ਖ਼ੁਸ਼ੀਆਂ ਲੈ ਕੇ ਆਵੇ ਨਵੀਂ ਸਵੇਰ।
ਸੰਪਰਕ: 99888-11681
* * *
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ
ਬਲਵਿੰਦਰ ਬਾਲਮ ਗੁਰਦਾਸਪੁਰ
ਹਾਸੇ ਖੇੜੇ ਤੜਕ ਸਵੇਰੇ ਮਾਂ ਬਾਪੂ ਦਾ ਪਿਆਰ।
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦਾ ਉਪਹਾਰ।
ਸ਼ੁੱਧ ਚਰਿੱਤਰ ਦੀ ਪਰਿਭਾਸ਼ਾ ਮਿੱਠੇ-ਮਿੱਠੇ ਬੋਲ।
ਬੋਲਣ ਤੋਂ ਵੀ ਪਹਿਲਾਂ ਸੱਜਣਾਂ ਪੂਰਾ-ਪੂਰਾ ਤੋਲ।
ਮੰਦਿਰ ਵਿਚਲੀ ਪੂਜਾ ਵਾਂਗੂੰ ਸਭ ਦਾ ਕਰ ਸਤਿਕਾਰ।
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦਾ ਉਪਹਾਰ।
ਦਹਿਲੀਜ਼ਾਂ ‘ਤੇ ਸੁਰਖ ਸਵੇਰਾ ਸੱਚੇ-ਸੁੱਚੇ ਸੁਪਨੇ।
ਦਿਨ ਚੜ੍ਹਿਆ ਹੈ ਭਾਗਾਂ ਵਾਲਾ ਗ਼ੈਰ ਵੀ ਹੋਏ ਅਪਣੇ।
ਵਿਚ ਵਿਦੇਸ਼ੋਂ ਆਏ ਸੋਹਣੇ ਬੂਹੇ ਬੰਦਨਵਾਰ।
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦਾ ਉਪਹਾਰ।
ਬੂਹੇ ਉੱਤੇ ਵੇਲ ਚੜ੍ਹੀ ਹੈ ਪਹਿਨ ਗੁਲਾਬੀ ਸਾੜ੍ਹੀ।
ਸੂਰਜ ਆਪਣੀ ਮਮਤਾ ਵਿਚੋਂ ਧੁੱਪ ਬਿਖੇਰੇ ਗਾੜ੍ਹੀ।
ਸਰਦੀ ਦੀ ਰੁੱਤ ਛਮ-ਛਮ ਆਈ ਕਰ ਕੇ ਹਾਰ ਸ਼ਿੰਗਾਰ।
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦਾ ਉਪਹਾਰ।
ਫੁੱਲ ਖਿੜੇ ਨੇ ਡਾਲੀ-ਡਾਲੀ ਏਦਾਂ ਸੋਹਣੇ-ਸੋਹਣੇ।
ਨੰਨੇ-ਮੁੰਨ੍ਹੇ ਬੱਚੇ ਜਿੱਦਾਂ ਲੱਗਦੇ ਨੇ ਮਨਮੋਹਣੇ।
ਝਾਂਈ-ਮਾਂਈ ਬੱਚੇ ਕਰਦੇ ਘੁੰਢ ਵਿਚੋਂ ਦੀਦਾਰ।
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦਾ ਉਪਹਾਰ।
ਸਭ ਦੇ ਦਿਲ ਵਿਚ ਸੱਚਾਈ ਦੇ ਦੀਵੇ ਜਗਦੇ ਹੋਵਣ।
ਝੁੱਗੀ ਝੌਂਪੜ ਬੇ-ਇਨਸਾਫ਼ੀ ਵਿੱਚ ਨਾ ਲੋਕੀਂ ਰੋਵਣ।
ਹੰਕਾਰ ਬੁਰਾਈ ਨਫ਼ਰਤ ਵਾਲੀ ਤੋੜ ਦਿਓ ਦੀਵਾਰ।
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦਾ ਉਪਹਾਰ।
ਉੱਚ ਵਿਦਿਆ ਦੇ ਦਾਜ ‘ਚ ਜਿਸ ਨੇ ਦਿੱਤੇ ਸਾਰੇ ਗਹਿਣੇ।
ਸੂਰਜ ਵਾਂਗੂੰ ਚਮਕਣ ਜਿਹੜੇ ਸੂਰਜ ਵਾਂਗੂੰ ਰਹਿਣੇ।
ਭੁੱਲ ਨਈਂ ਸਕਦੀਆਂ ਧੀਆਂ ਆਪਣੇ ਬਾਬਲ ਦਾ ਉਪਕਾਰ।
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦਾ ਉਪਹਾਰ।
ਧੀਆਂ ਵੱਲੋਂ ਆਉਂਦੀਆਂ ਰਹਿਵਣ ਹਰ ਦਮ ਸੁਖਦ ਹਵਾਵਾਂ
ਜਿੱਦਾਂ ਸੰਘਣੇ ਰੁੱਖਾਂ ਹੇਠਾਂ ਠੰਢੀਆਂ ਮਿੱਠੀਆਂ ਛਾਵਾਂ।
ਧੀਆਂ ਦੇ ਘਰ ਰਹਿਮਤ ਵਾਲੇ ਰਹਿਣ ਭਰੇ ਭੰਡਾਰ।
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦਾ ਉਪਹਾਰ।
ਇਹ ਧਰਤੀ ਹੈ ਜੰਨਤ ਵਰਗੀ ਜੰਨਤ ਹੋਰ ਬਣਾਓ।
ਸਭ ਧਰਮਾਂ ਦਾ ਇਕ ਗੁਲਦਸਤਾ ਆਦਰ ਵਿਚ ਸਜਾਓ।
ਪਿਆਰ ਮੁਹੱਬਤ ਘਰ-ਘਰ ਵੰਡੋ ਨਤਮਸਤਕ ਉਪਕਾਰ।
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦਾ ਉਪਹਾਰ।
ਤੂਫ਼ਾਨਾਂ ਵਿਚ ਬਾਰਿਸ਼ ਝੱਖੜ ਬੰਦੇ ਦਾ ਇਉਂ ਜੀਣਾ।
ਜ਼ਹਿਰ ਕਦੀ ਹੈ ਪੀਣਾ ਪੈਂਦਾ ਅੰਮ੍ਰਿਤ ਵੀ ਹੈ ਪੀਣਾ।
ਵੇਖੋ ਦੀਵਾ ਜਗਦਾ ਜਾਂਦਾ ਸਾਗਰ ਦੇ ਵਿਚਕਾਰ।
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦਾ ਉਪਹਾਰ।
ਮਿੱਠਤ ਬਾਣੀ ਪਾਈ ਐਸੀ ਖਿੜੀਆਂ ਸੁੰਦਰ ਕਲੀਆਂ।
ਬੁੱਲ੍ਹਾਂ ਉੱਤੇ ਏਦਾਂ ਹਾਸੇ ਜਿਉਂ ਮਿਸ਼ਰੀ ਦੀਆਂ ਡਲੀਆਂ।
ਖਿੜ-ਖਿੜ ਜਾਂਦੀ ਮੌਸਮ ਦੇ ਵਿਚ ਰਿਸ਼ਤੇ ਦੀ ਕਚਨਾਰ।
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦਾ ਉਪਹਾਰ।
ਰਿਸ਼ਵਤਖੋਰੀ ਨਕਲ ਮਿਲਾਵਟ ਹੌਲੀ-ਹੌਲੀ ਮੁੱਕਣੇ।
ਗਹਿਰੇ ਜ਼ਖ਼ਮ ਤਾਂ ਸੁੱਕਦੇ-ਸੁੱਕਦੇ, ਸੁੱਕਦੇ-ਸੁੱਕਦੇ ਸੁੱਕਣੇ।
ਦੇਸ਼ ਵਿਦੇਸ਼ੀ ਵਧਦੇ ਜਾਣੇ ਭਾਰਤ ਦੇ ਵਿਉਪਾਰ।
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦਾ ਉਪਹਾਰ।
ਤੇਰਾ ਤੇਰਾ ਨਾਨਕ ਤੋਲੇ ਸੱਚਾਈ ਦੇ ਨਾਲ।
ਭਾਗਾਂ ਵਾਲਾ ਮੰਨਿਆਂ ਜਾਂਦਾ ਵੀਹ ਸੌ ਤੇਈ ਸਾਲ।
ਬਾਜ਼ਾਰੀਕਰਨ ‘ਚ ਇੱਕ ਪਿੰਡ ਹੋਇਆ ਇਹ ਸਾਰਾ ਸੰਸਾਰ।
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦਾ ਉਪਹਾਰ।
ਸੱਚ ਨਿਮਰਤਾ ਮਿਹਨਤ ਵਿਦਿਆ ਇਹ ਅਦੁੱਤੀ ਗਹਿਣੇ।
ਯੁੱਗ-ਯੁਗਾਂਤਰ ਤੀਕਰ ਰਹਿੰਦੇ ਯੁੱਗਾਂ ਤੀਕਰ ਰਹਿਣੇ।
‘ਬਾਲਮ’ ਦੇ ਹੁਣ ਲੱਗ ਕੇ ਆਖੇ ਪੱਲੇ ਬੰਨ੍ਹ ਗੁਣ ਚਾਰ।
ਨਵੇਂ ਸਾਲ ਦੀਆਂ ਨਵੀਆਂ ਖ਼ੁਸ਼ੀਆਂ, ਖ਼ੁਸ਼ੀਆਂ ਦਾ ਉਪਹਾਰ।
ਸੰਪਰਕ: 98156-25409
* * *
ਦੁਆਵਾਂ
ਨਿਰਮਲ ਸਿੰਘ ਦਿਉਲ
ਨਵੇਂ ਸਾਲ ਦੇ ਸੂਰਜ ਤਾਈਂ
ਇੱਕੋ ਅਰਜ਼ ਕਰਾਂ,
ਸ਼ੁੱਭ ਸੁਨੇਹੜੇ ਲੈ ਕੇ ਆਵੀਂ
ਹਰ ਘਰ, ਸ਼ਹਿਰ, ਗਰਾਂ।
ਤੂੰ ਹੀ ਸਾਡਾ ਮਾਲਕ, ਪਾਲਕ,
ਅਸੀਂ ਤਾਂ ਤੇਰੇ ਹਾਂ,
ਹਰ ਬੂਹੇ ‘ਤੇ ਬਾਪੂ ਹੋਵੇ
ਹਰ ਵਿਹੜੇ ਵਿੱਚ ਮਾਂ।
ਜਗਣ ਬਨੇਰਿਆਂ ਉੱਤੇ ਦੀਵੇ
ਕੋਠੇ ਬੋਲਣ ਕਾਂ,
ਨਿੱਘ ਵੰਡਦੀਆਂ ਰਹਿਣ ਧੂਣੀਆਂ,
ਰੁੱਖੜੇ ਵੰਡਣ ਛਾਂ।
ਸੱਥ, ਦਰਵਾਜ਼ੇ, ਹੱਟੀਆਂ, ਭੱਠੀਆਂ,
ਛੱਪੜ, ਖੂਹ ਤੇ ਲਾਂ,
ਸਾਡੇ ਦਿਲਾਂ ‘ਚ ਰਹਿਣ ਇਹ ਵਸਦੇ,
ਬਣ ਕੇ ਰੱਬ ਦਾ ਨਾਂ।
‘ਦਿਉਲ’ ਉਹਦੀ ਜੇ ਰਹਿਮਤ ਹੋਵੇ,
ਖ਼ੁਸ਼ੀਆਂ ਵਰਸਣ ਤਾਂ,
ਲੱਗਦੇ ਰਹਿਣ ਖ਼ੁਸ਼ੀ ਦੇ ਮੇਲੇ,
ਹਰ ਦਿਨ ਤੇ ਹਰ ਥਾਂ।
ਸੰਪਰਕ: 94171-04961 (ਵਟਸਐਪ)
* * *
ਮਜ਼ਦੂਰਾਂ ਦਾ ਨਵਾਂ ਸਾਲ
ਜਸਵੰਤ ਗਿੱਲ ਸਮਾਲਸਰ
ਅਮੀਰਾਂ ਦੀ ਹੋਊ ਇੱਕ ਜਨਵਰੀ,
ਮਜ਼ਦੂਰਾਂ ਦਾ ਨਿੱਤ ਨਵਾਂ ਸਾਲ ਹੁੰਦਾ ਏ।
ਜਦ ਬਣ ਕੇ ਸੂਰਜ,
ਕਾਲੀਆਂ ਰਾਤਾਂ ਨੂੰ ਸਿਰ ਤੋਂ ਟਾਲ ਹੁੰਦਾ ਏ।
ਜਿਸ ਭੱਠੇ ‘ਚ ਇੱਟਾਂ ਪੱਕਣ,
ਉੱਥੇ ਹੀ ਪੱਕੇ ਖ਼ੂਨ ਮਜ਼ਦੂਰਾਂ ਦਾ,
ਏਸੇ ਕਰਕੇ ਤਾਂ ਇੱਟਾਂ ‘ਤੇ
ਚੜ੍ਹਿਆ ਰੰਗ ਲਾਲ ਹੁੰਦਾ ਏ।
ਔਰਤ ਉਹ ਮੈਨੂੰ ਸੱਚਮੁੱਚ ਹੀ
ਦੇਵੀ ਕੋਈ ਲੱਗਦੀ ਏ,
ਜਿਸ ਦੇ ਸਿਰ ਉੱਤੇ ਪੰਡ ਭਾਰੀ,
ਕੁੱਛੜ ਚੁੱਕਿਆ ਬਾਲ ਹੁੰਦਾ ਏ।
ਸਾਈਕਲ ਚੁੱਕ ਕੇ ਸਾਝਰੇ ਹੀ
ਦੂਰ ਕੰਮ ‘ਤੇ ਨਿਕਲ ਜਾਂਦਾ,
ਵਾਪਸ ਆਉਂਦੇ ਤੋਂ ਦੂਜੇ ਦਿਨ ਦਾ
ਨਾਲ ਖ਼ਿਆਲ ਹੁੰਦਾ ਏ।
ਚਿਹਰੇ ਉੱਤੇ ਹਿੰਮਤ, ਹੌਂਸਲਾ,
ਅੱਖੀਂ ਸੁਪਨੇ ਭਰ ਕੇ ਰੱਖਦਾ,
ਭਾਵੇਂ ਹਰ ਤਿੜਕਿਆ ਸੁਪਨਾ
ਲਾਇਆ ਕਲੇਜੇ ਨਾਲ ਹੁੰਦਾ ਏ।
ਕਿਰਤੀਆਂ ਦੀ ਕਿਰਤ ਦਾ ਖੌਰੇ
ਕਦੋਂ ਪੈਣਾ ਹੈ ਅਸਲ ਮੁੱਲ?
ਦਿਨ ਢਲਦੇ ਹੀ ਮਜ਼ਦੂਰ ਦੀਆਂ
ਅੱਖਾਂ ‘ਚ ਇਹ ਸਵਾਲ ਹੁੰਦਾ ਏ।
ਨਿੱਕੇ ਨਿੱਕੇ ਬਾਲਾਂ ਦੇ,
ਨਿੱਕੇ ਨਿੱਕੇ ਚਾਵਾਂ ਲਈ ਭੱਜਦਾ ਹੈ,
ਕਿੱਥੇ ਰੱਖੇ ਲੁਕਾ ਕੇ,
ਕਰਦਾ ਐਸੀ ਥਾਂ ਦੀ ਭਾਲ ਹੁੰਦਾ ਏ।
ਭਾਵੇਂ ਡੰਗ ਦੀ ਰੋਟੀ ਖਾਤਰ,
ਸਮਾਂ ਘਰਾਣੇ ਨੂੰ ਨਾ ਦੇ ਪਾਉਂਦਾ,
ਉਂਝ ਹੱਕਾਂ ਲਈ ਲੜਨੇ ਦਾ
ਉਸ ਅੰਦਰ ਭੂਚਾਲ ਹੁੰਦਾ ਏ।
ਵੰਡ ਖਾਣ ਦੀ ਇੱਛਾ ਰੱਖਦਾ
ਦਰ ਆਇਆ ਕੋਈ ਮੁੜਦਾ ਨਾ,
ਉਂਝ ਭਾਵੇਂ ਉਸ ਦੇ ਆਪਣੇ ਘਰ
ਕਿੰਨਾ ਮੰਦੜਾ ਹਾਲ ਹੁੰਦਾ ਏ।
ਮਿਹਨਤ ਨਾਲ ਮਿੱਟੀ ਨੂੰ ਸੋਨਾ ਕਰਦਾ,
ਪੱਥਰਾਂ ਨੂੰ ਹੀਰੇ,
ਕਿਰਤੀ ਦੇ ਹੱਥਾਂ ‘ਚ ‘ਗਿੱਲ’
ਇਹ ਜਾਦੂ ਕਮਾਲ ਹੁੰਦਾ ਏ।
ਸੰਪਰਕ: 97804-51878
* * *
ਨਵੇਂ ਵਰ੍ਹੇ ਦਾ ਸਵਾਗਤ
ਬਿੰਦਰ ਸਿੰਘ ਖੁੱਡੀ ਕਲਾਂ
ਨਵੇਂ ਵਰ੍ਹੇ ਦਾ ਸਵਾਗਤ ਕਰੀਏ,
ਜੀ ਆਇਆਂ ਨੂੰ ਕਹਿ ਕੇ,
ਮਾਣੀਏ ਸੁਨਹਿਰੀ ਕਿਰਨਾਂ,
ਧੁੱਪ ਕੋਸੀ ਕੋਸੀ ਵਿੱਚ ਬਹਿ ਕੇ
ਨਵੇਂ ਵਰ੍ਹੇ ਦਾ ਸਵਾਗਤ…।
ਸਭ ਬੁੱਲ੍ਹਾਂ ‘ਤੇ ਹਾਸਾ ਨੱਚੇ,
ਕੋਈ ਅੱਖ ਨਾ ਹੰਝੂ ਕੇਰੇ,
ਖ਼ੁਸ਼ੀਆਂ ਵਾਲਾ ਕਾਂ ਬੋਲੇ,
ਹਰ ਘਰ ਦੇ ਬੈਠ ਬਨੇਰੇ,
ਫੁੱਲਾਂ ਦੀ ਖੁਸ਼ਬੋਈ ਸੰਗ,
ਹਰ ਬਾਗ ਬਗੀਚਾ ਮਹਿਕੇ,
ਨਵੇਂ ਵਰ੍ਹੇ ਦਾ ਸਵਾਗਤ…।
ਵਿੱਚੋਂ ਮਨਾਂ ਦੇ ਮਿਟ ਜਾਵਣ,
ਜਾਤਾਂ ਤੇ ਮਜ਼ਹਬਾਂ ਦੇ ਝੇੜੇ,
ਨਾਲ ਮੁਹੱਬਤਾਂ ਭਰ ਜਾਵਣ,
ਸਭਨਾਂ ਦੇ ਹੀ ਵਿਹੜੇ,
ਇੱਕ ਦੂਜੇ ਦੇ ਦਰਦ ਵੰਡਾਈਏ,
ਫ਼ਿਕਰ ਕਰੀਂ ਨਾ ਕਹਿ ਕੇ,
ਨਵੇਂ ਵਰ੍ਹੇ ਦਾ ਸਵਾਗਤ…।
ਗੁਰਬਤ ਵਾਲਾ ਜੱਗ ਤੋਂ,
ਹੋ ਜਾਏ ਦੂਰ ਹਨੇਰਾ,
ਮੁੱਲ ਕਿਰਤੀ ਦੀ ਕਿਰਤ ਦਾ,
ਹੜੱਪ ਨਾ ਕਰੇ ਲੁਟੇਰਾ,
ਸਰਹੱਦਾਂ ‘ਤੇ ਵੀ ਅਮਨ ਬਗੀਚਾ,
‘ਬਿੰਦਰ’ ਨਾਲ ਫੁੱਲਾਂ ਦੇ ਟਹਿਕੇ,
ਨਵੇਂ ਵਰ੍ਹੇ ਦਾ ਸਵਾਗਤ ਕਰੀਏ,
ਜੀ ਆਇਆਂ ਨੂੰ ਕਹਿ ਕੇ।।
ਸੰਪਰਕ: 98786-05965
* * *
ਨਵਾਂ ਸਾਲ ਏਸ ਵਾਰੀ…
ਸੰਜੀਵ ਸੀਬੂ ਦਿੜ੍ਹਬਾ
ਨਵਾਂ ਚਾਅ ਨਵਾਂ ਰਾਹ ਲੈ ਕੇ ਆਵੇ ਨਵਾਂ ਸਾਲ ਏਸ ਵਾਰੀ,
ਨਵੀਆਂ ਖ਼ੁਸ਼ੀਆਂ ਲੈ ਕੇ ਆਵੇ ਨਵੀਂ ਸੋਚ ਨੂੰ ਵਧਾਵੇ।
ਲੈ ਕੇ ਆਵੇ ਫੁੱਲਾਂ ਦੀ ਬਹਾਰ ਨਵਾਂ ਸਾਲ ਏਸ ਵਾਰੀ,
ਜਾਵੇ ਮੇਰਾ ਦੇਸ਼ ਅੱਗੇ ਹੋਰ, ਲਾਉਣ ਦੇਸ਼ ਵਾਸੀ ਪੂਰਾ ਜ਼ੋਰ।
ਗ਼ਰੀਬੀ ਹੋ ਜਾਵੇ ਕੋਹਾਂ ਦੂਰ, ਕੰਮ ਮਿਲੇ ਸਭ ਨੂੰ ਜ਼ਰੂਰ,
ਲੱਗੇ ਨਾ ਕੋਈ ਰੁਜ਼ਗਾਰ ਲਈ ਕਤਾਰ ਏਸ ਵਾਰੀ।
ਲਹਿਜੇ ਦੁਨੀਆਂ ਤੋਂ ਬੋਝ ਹੋ ਜਾਵੇ ਨਵੀਂ ਕੋਈ ਖੋਜ,
ਸਹੇ ਨਾ ਕੋਈ ਅਨਪੜ੍ਹਤਾ ਦੀ ਮਾਰ ਏਸ ਵਾਰੀ।
ਮੌਜਾਂ ਮਾਣੇ ਇਹ ਜਹਾਨ, ਬੱਚਾ, ਬੁੱਢਾ ਹੋਵੇ ਜਾਂ ਜਵਾਨ,
ਰਹੇ ਨਾ ਕੋਈ ਸੋਚ ਤੇ ਸਰੀਰ ਦਾ ਬਿਮਾਰ ਏਸ ਵਾਰੀ।
ਗਾਉਣ ਖ਼ੁਸ਼ੀਆਂ ਦੇ ਗੀਤ, ਜਿਉਂਦਾ ਰਹੇ ਗੀਤ ਸੰਗੀਤ,
ਵਧਾਏ ਇਹ ਚਾਰੇ ਪਾਸੇ ਹੋਰ ਵੀ ਪਿਆਰ ਏਸ ਵਾਰੀ।
ਇਹ ਕਹਿਣੋਂ ਵੀ ਨਾ ਸੰਗਾਂ, ਮੰਗੀਆਂ ਪਹਿਲਾਂ ਵੀ ਨੇ ਮੰਗਾਂ,
ਪਰ ਅੱਖਾਂ ਬੰਦ ਕੀਤੀ ‘ਸੀਬੂ’ ਨੇ ਪੁਕਾਰ ਏਸ ਵਾਰੀ।
ਸੰਪਰਕ: 99153-98205
* * *
ਗ਼ਜ਼ਲ
ਡਾ. ਸਾਧੂ ਸਿੰਘ ਚੌਹਾਨ
ਐ! ਖ਼ੁਦਾ, ਦੋ ਹਜ਼ਾਰ ਤੇਈ, ਐਸਾ ਸਾਲ ਮਿਲੇ।
ਮੇਰੇ ਭਾਰਤ ਦੇਸ਼ ਦਾ, ਹਰ ਬੰਦਾ ਖੁਸ਼ਹਾਲ ਮਿਲੇ।
ਧਰਮਾਂ ਵਿੱਚ ਨਾ ਪਾੜਾ, ਹੋਵੇ ਇੱਕੋ ਸਾਰ ਹਲਾਂ,
ਸਾਂਝੀਵਾਲਤਾ ਹਰ ਬੰਦੇ ਦਾ ਚੱਲਣ ਚਾਲ ਮਿਲੇ।
ਅਤਿਵਾਦ ਤੇ ਵੱਖਵਾਦ ਦੀ, ਕਰੇ ਕੋਈ ਨਾ ਕੋਸ਼ਿਸ਼,
ਹਰ ਬੰਦਾ ਇੱਕ ਦੂਜੇ ਨੂੰ, ਖ਼ੁਸ਼ੀਆਂ ਦੇ ਨਾਲ ਮਿਲੇ।
ਨੋਟਬੰਦੀ ਦਾ ਫੇਰ ਦੁਬਾਰਾ, ਪਵੇ ਨਾ ਨਵਾਂ ਪੁਆੜਾ,
ਹਰ ਬੰਦੇ ਨੂੰ ਕੁੱਲੀ ਗੁੱਲੀ, ਆਟਾ ਤੇ ਦਾਲ ਮਿਲੇ।
ਕੁਰਸੀ ਖ਼ਾਤਰ ਦੇਸ਼ ਦੀਆਂ, ਕੋਈ ਵੇਚੇ ਨਾ ਜਾਇਦਾਦਾਂ,
ਨਿੱਜੀਕਰਨ ਦੇ ਚਾਹਵਾਨਾਂ ਨੂੰ, ਸਜ਼ਾ ਕਮਾਲ ਮਿਲੇ।
ਦੇਸ਼ ਮੇਰੇ ਦੇ ਦਰਿਆਵਾਂ ਦੀ, ਕਾਣੀ ਵੰਡ ਨਾ ਹੋਵੇ,
ਨਦੀਆਂ ਤੇ ਦਰਿਆਵਾਂ ਬਾਰੇ, ਸਾਂਝਾ ਖ਼ਿਆਲ ਮਿਲੇ।
ਬਾਗ਼ ਬਗੀਚਿਆਂ ਦੇ ਵਿੱਚ ਮਹਿਕਣ ਰੰਗ ਬਿਰੰਗੇ ਫੁੱਲ,
ਪੰਛੀਆਂ ਨੂੰ ਰਾਤਾਂ ਕੱਟਣ ਲਈ, ਸਭ ਨੂੰ ਡਾਲ ਮਿਲੇ।
ਮਜ਼ਦੂਰ ਕਿਸਾਨਾਂ ‘ਤੇ ਕੁਦਰਤ ਦੀ, ਐਸੀ ਰਹਿਮਤ ਹੋਵੇ,
ਸਭ ਨੂੰ ‘ਚੌਹਾਨਾਂ’ ਮਿੱਟੀ ‘ਚੋਂ, ਮਿਹਨਤ ਦਾ ਲਾਲ ਮਿਲੇ।
ਸੰਪਰਕ: 83603-13603