ਕੇ.ਐਲ. ਗਰਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਦਾ ਕਥਨ ਹੈ ਕਿ ਉਨ੍ਹਾਂ ਦੀ ਯੂਨੀਵਰਸਿਟੀ ਨੇ ਦੇਸ਼ ਵੰਡ ਦੀ ਤ੍ਰਾਸਦੀ ਨੂੰ ਆਪਣੇ ਪਾਠ-ਕ੍ਰਮ ਦਾ ਹਿੱਸਾ ਬਣਾਇਆ ਹੋਇਆ ਹੈ ਤਾਂ ਕਿ ਸਾਡੇ ਹੋਣਹਾਰ ਵਿਦਿਆਰਥੀ ਆਪਣੇ ਵਿਰਸੇ ਬਾਰੇ ਜਾਣਕਾਰੀ ਦੇ ਨਾਲ-ਨਾਲ ਉਸ ਤ੍ਰਾਸਦੀ ਦੀ ਪੀੜ ਨੂੰ ਸਮਝਦਿਆਂ ਉਸ ਬਾਰੇ ਚਿੰਤਨ-ਮਨਨ ਕਰ ਸਕਣ। ਇਸ ਯਤਨ ਵਿਚ ਉਨ੍ਹਾਂ ਨੇ ਇਸ ਵਿਸ਼ੇ ਨਾਲ ਸਬੰਧਿਤ ਕੁਝ ਪੁਸਤਕਾਂ ਸੰਪਾਦਿਤ ਕਰਵਾਈਆਂ ਹਨ। ਵਿਸ਼ਾ-ਮਾਹਰਾਂ ਨੇ ਆਪਣੇ ਸਟੀਕ ਉੱਦਮ ਨਾਲ ਇਹੋ ਜਿਹਾ ਸਾਹਿਤ ਸੰਪਾਦਿਤ ਕਰਕੇ ਆਪਣੇ ਵਿਦਿਆਰਥੀਆਂ ਲਈ ਤਿਆਰ ਕੀਤਾ ਹੈ। ‘ਵਾਹਗੇ ਦੇ ਆਰ-ਪਾਰ’ (ਸੰਪਾਦਕ: ਡਾ. ਸਤੀਸ਼ ਕੁਮਾਰ ਵਰਮਾ, ਡਾ. ਜਸਵਿੰਦਰ ਸਿੰਘ ਸੈਣੀ; ਕੀਮਤ: 250 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ/ਕੋਟਕਪੂਰਾ) ਵੀ ਇਹੋ ਜਿਹੀ ਹੀ ਇਕ ਪੁਸਤਕ ਹੈ ਜਿਸ ਨੂੰ ਪੰਜਾਬ ਦੇ ਦੋ ਕੱਦਾਵਾਰ ਨਾਟਕ ਲੇਖਕਾਂ ਅਤੇ ਆਲੋਚਕਾਂ ਨੇ ਸੰਪਾਦਿਤ ਕੀਤਾ ਹੈ। ਉਨ੍ਹਾਂ ਨੇ ਇਸ ਪੁਸਤਕ ਵਿਚ ਚਾਰ ਪੀੜ੍ਹੀਆਂ ਦੇ ਪ੍ਰਸਿੱਧ ਨਾਟਕਕਾਰਾਂ ਦੇ ਦਸ ਇਕਾਂਗੀ ਸ਼ਾਮਿਲ ਕੀਤੇ ਹਨ। ਇਨ੍ਹਾਂ ਇਕਾਂਗੀਆਂ ਰਾਹੀਂ ਦੇਸ਼-ਵੰਡ ਤ੍ਰਾਸਦੀ ਦੀ ਚੇਤਨਾ ਅਤੇ ਇਤਿਹਾਸ ਪਾਠਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ।
ਇਨ੍ਹਾਂ ਸਾਰੇ ਇਕਾਂਗੀਆਂ ਵਿਚ ਵੰਡ ਦੀ ਤ੍ਰਾਸਦੀ ਕਾਰਨ ਉਪਜੇ ਸੰਤਾਪ, ਔਰਤਾਂ/ਕੁੜੀਆਂ ਦੀ ਹੋਣੀ, ਸਰਕਾਰਾਂ ਦੇ ਆਪਹੁਦਰੇ ਫੈ਼ਸਲੇ, ਉਜਾੜੇ ਕਾਰਨ ਪੈਦਾ ਹੋਈ ਰੁਜ਼ਗਾਰ ਅਤੇ ਘਰ-ਬਾਰ ਦੀ ਸਮੱਸਿਆ, ਆਪਸੀ ਨਫ਼ਰਤ, ਹਮਸਾਇਆਂ ਦੀ ਆਪਸੀ ਘ੍ਰਿਣਾ, ਬਾਰਡਰਾਂ ਦੀ ਸਮੱਸਿਆ, ਬਦਲਾ ਲਊ ਕਾਰਵਾਈਆਂ ਆਦਿ ਦੇ ਬਹੁਤ ਸਾਰੇ ਵੇਰਵੇ ਤੇ ਟਿੱਪਣੀਆਂ ਪ੍ਰਾਪਤ ਹੁੰਦੀਆਂ ਹਨ। ਕੋਈ-ਕੋਈ ਇਕਾਂਗੀ ਪ੍ਰਤੀਕਾਂ ਵਿਚ ਵੀ ਆਪਣੀ ਗੱਲ ਚਿਤਰਦੀ ਅਤੇ ਨਿਤਾਰਦੀ ਹੈ। ਇਸ ਸਾਰੇ ਸਾਹਿਤ ਦਾ ਇਕ ਟੀਚਾ ਇਹ ਵੀ ਹੈ ਕਿ ਦੋਵਾਂ ਖਿੱਤਿਆਂ ਦੇ ਲੋਕਾਂ ਨੂੰ ਏਨਾ ਚੇਤਨ ਕੀਤਾ ਜਾਵੇ ਤੇ ਇਸ ਤ੍ਰਾਸਦੀ ਦਾ ਇਉਂ ਅਹਿਸਾਸ ਕਰਵਾਇਆ ਜਾਵੇ ਕਿ ਇਹੋ ਜਿਹੀ ਪੀੜ-ਪਰੁੰਨੀ ਤ੍ਰਾਸਦੀ ਮੁੜ ਨਾ ਵਾਪਰੇ।
ਗੁਰਦਿਆਲ ਸਿੰਘ ਖੋਸਲਾ ਦਾ ਨਾਟਕ ‘ਬੇਘਰੇ’ ਉਜਾੜੇ ਕਾਰਨ ਪੈਦਾ ਹੋਈ ਨਿਵਾਸ ਅਤੇ ਰੁਜ਼ਗਾਰ ਦੀ ਸਮੱਸਿਆ ਵੱਲ ਸੰਕੇਤ ਕਰਦਾ ਹੈ। ਕਪੂਰ ਸਿੰਘ ਘੁੰਮਣ ਦਾ ਇਕਾਂਗੀ ‘ਉਧਾਲੀ ਹੋਈ ਕੁੜੀ’ ਉਧਾਲੀਆਂ ਕੁੜੀਆਂ ਦਾ ਦੁਖਾਂਤ ਪੇਸ਼ ਕਰਦੀ ਹੈ ਜਿਨ੍ਹਾਂ ਨੂੰ ਸਰਕਾਰਾਂ ਵਟਾਂਦਰੇ ਦੀ ਆੜ ਵਿਚ ਨਾ ਇੱਧਰ ਟਿਕਣ ਦਿੰਦੀਆਂ ਹਨ ਤੇ ਨਾ ਉੱਧਰ। ਹਰਸ਼ਰਨ ਸਿੰਘ ਦਾ ਇਕਾਂਗੀ ‘ਇਕ ਵਿਚਾਰੀ ਮਾਂ’ ਵੀ ਕੁਝ-ਕੁਝ ਇਸੇ ਵਿਸ਼ੇ ਨੂੰ ਜ਼ਾਹਿਰ ਕਰਦਾ ਹੈ ਜਿਸ ਵਿਚ ਔਰਤ ਦੇ ਉੱਧਰ ਵੀ ਦੋ ਬੱਚੇ ਹਨ ਤੇ ਉਧਾਲੇ ਤੋਂ ਬਾਅਦ ਇੱਧਰ ਵੀ ਦੋ ਬੱਚੇ ਹੋ ਗਏ ਹਨ। ਮਾਂ ਦਾ ਦਿਲ ਦੋਵਾਂ ਪਾਸਿਆਂ ਦੀ ਸੰਤਾਨ ਲਈ ਲੁੱਛਦਾ ਹੈ, ਤੜਫ਼ਦਾ ਹੈ। ‘ਚਿੜੀਆਂ’ (ਆਤਮਜੀਤ) ਵਿਚ ਕੁੜੀਆਂ ਦੀ ਤ੍ਰਾਸਦੀ ਨੂੰ ਚਿੜੀਆਂ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਹੈ। ਅਜਮੇਰ ਸਿੰਘ ਔਲਖ (ਅੰਨ੍ਹੇ ਨਿਸ਼ਾਨਚੀ) ਦਾ ਇਸ ਸਥਿਤੀ ’ਤੇ ਵਿਅੰਗ ਹੈ ਕਿ ਦੰਗਈਆਂ ਦਾ ਕੋਈ ਧਰਮ ਨਹੀਂ ਹੁੰਦਾ, ਕੋਈ ਈਮਾਨ ਨਹੀਂ ਹੁੰਦਾ। ਨਿਸ਼ਾਨਾ ਲਾਉਣ ਲੱਗਿਆਂ ਉਹ ਅੰਨ੍ਹਿਆਂ ਵਾਂਗ ਵਿਹਾਰ ਕਰਦੇ ਹਨ। ਨਾਟਕ ਮੁਨਸ਼ੀ ਖਾਨ ਦਾ (ਗੁਰਸ਼ਰਨ ਸਿੰਘ) ਇਕਾਂਗੀ ਦੱਸਦਾ ਹੈ ਕਿ ਅੰਮ੍ਰਿਤ ਛਕ ਕੇ ਮੁਨਸ਼ੀ ਖਾਨ ਤੋਂ ਸੱਜਣ ਸਿੰਘ ਬਣ ਜਾਣ ਨਾਲ ਮਨੁੱਖ ਦਾ ਧਰਮ ਨਹੀਂ ਬਦਲ ਜਾਂਦਾ। ਉਸ ਦੀ ਜ਼ਹਿਨੀਅਤ ਵਿਚ ਕੋਈ ਤਬਦੀਲੀ ਨਹੀਂ ਆਉਂਦੀ।
ਮਰਨ ਲੱਗਿਆਂ ਉਸ ਦੇ ਮੂੰਹੋਂ ਵਾਹਿਗੁਰੂ ਦੀ ਥਾਂ ਅੱਲ੍ਹਾ ਹੀ ਨਿਕਲਦਾ ਹੈ। ‘ਅਨਾਰਕਲੀ ਬਾਜ਼ਾਰ ਤੋਂ ਅਨਾਰਦਾਨਾ ਚੌਕ’ (ਡਾ. ਸਤੀਸ਼ ਕੁਮਾਰ) ਦਾ ਪਾਤਰ ਵੱਢ-ਟੁੱਕ ਕਾਰਨ ਬਚਪਨ ਵਿਚ ਹੀ ਯਤੀਮ ਹੋ ਜਾਂਦਾ ਹੈ ਤੇ ਰਿਸ਼ਤਿਆਂ ਦੀ ਪਛਾਣ ਗੁਆ ਬਹਿੰਦਾ ਹੈ। ‘ਜਦੋਂ ਮੈਂ ਸਿਰਫ਼ ਇਕ ਔਰਤ ਹੁੰਦੀ ਹਾਂ’ (ਪਾਲੀ ਭੁਪਿੰਦਰ ਸਿੰਘ) ਦਾ ਇਕਾਂਗੀ ਇਸ ਵਿਚਾਰ ’ਤੇ ਕੇਂਦਰਿਤ ਹੈ ਕਿ ਵੰਡ ਦੀ ਤ੍ਰਾਸਦੀ ਵੇਲੇ ਮਨੁੱਖ ਏਨਾ ਬੇਹੁਰਮਤਾ ਹੋ ਜਾਂਦਾ ਹੈ ਕਿ ਰਿਸ਼ਤਿਆਂ ਦੀ ਪਛਾਣ ਤੇ ਪਾਕੀਜ਼ਗੀ ਵੀ ਭੁੱਲ ਜਾਂਦਾ ਹੈ। ਮੁੱਖ ਪਾਤਰ ਆਪਣੀ ਪਤਨੀ ਨੂੰ ਵੀ ਦੰਗਈਆਂ ਕੋਲ ਛੱਡਣ ਲਈ ਤਿਆਰ ਹੋ ਜਾਂਦਾ ਹੈ। ‘ਇਸ ਜਗ੍ਹਾ ਇਕ ਪਿੰਡ ਸੀ’ ਜਗਦੀਸ਼ ਸਚਦੇਵਾ ਦਾ ਇਕਾਂਗੀ ਵੰਡ ਵੇਲੇ ਹੋਏ ਫ਼ਸਾਦਾਂ, ਲੁੱਟ-ਮਾਰ ਅਤੇ ਅਗਜ਼ਨੀ ਕਾਰਨ ਪਿੰਡਾਂ ਦੇ ਪਿੰਡ ਤਬਾਹ ਹੋਣ ਦੀ ਕਹਾਣੀ ਹੈ। ਪੱਛਮੀ ਪੰਜਾਬ ਦੇ ਨਾਟਕਕਾਰ ਸ਼ਾਹਿਦ ਨਦੀਮ ਦਾ ਇਕਾਂਗੀ ‘ਬੌਰਡਰ ਬੌਰਡਰ’ ਕਈ ਵਿਸ਼ਿਆਂ ਨੂੰ ਛੋਂਹਦਾ ਪ੍ਰਤੀਤ ਹੁੰਦਾ ਹੈ। ਉਹ ਸਮਝੌਤਾ ਐਕਸਪ੍ਰੈਸ ਵੱਲ ਸੰਕੇਤ ਕਰਦਾ ਹੈ, ਬੌਰਡਰ ਦੀ ਹੋਂਦ ’ਤੇ ਕਟਾਖਸ਼ ਕਰਦਾ ਹੈ, ਭੂ-ਹੇਰਵੇ ਦਾ ਚਿੰਤਨ ਕਰਦਾ ਹੈ ਤੇ ਆਖ਼ਰ ਇਧਰਲੇ ਤੇ ਉਧਰਲੇ ਬੱਚਿਆਂ ਰਾਹੀਂ ਅਮਨ ਦਾ ਸੁਨੇਹਾ ਦਿੰਦਾ ਹੈ।
ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਪੁਸਤਕ ਆਪਣੇ ਟੀਚੇ ਤੇ ਨਿਸ਼ਚੇ ਵਿਚ ਸਫ਼ਲ ਰਹੀ ਹੈ। ਯੋਗ ਤੇ ਵਿਦਵਾਨ ਸੰਪਾਦਕਾਂ ਦੀ ਇਹ ਕੋਸ਼ਿਸ਼ ਸਫ਼ਲ ਆਖੀ ਜਾ ਸਕਦੀ ਹੈ ਕਿਉਂਕਿ ਇਹ ਪੁਸਤਕ ਵੰਡ ਕਾਰਨ ਪੈਦਾ ਹੋਏ ਦੁਖਾਂਤ ਦੇ ਕਈ ਵੇਰਵਿਆਂ ਅਤੇ ਚਿਹਰਿਆਂ ਦਾ ਬਿਰਤਾਂਤ ਪੇਸ਼ ਕਰਦੀ ਹੋਈ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਇਸ ਵੰਡ ਦੀ ਪੀੜ ਦਾ ਅਹਿਸਾਸ ਕਰਵਾ ਦਿੰਦੀ ਹੈ। ਉਮੀਦ ਹੈ ਡਾ. ਸੁਰਜੀਤ ਦੇ ਕਥਨ ਅਨੁਸਾਰ ਅਜਿਹੀਆਂ ਹੋਰ ਵੀ ਪੁਸਤਕਾਂ ਹੋਂਦ ਵਿਚ ਆਉਣਗੀਆਂ, ਆਉਂਦੀਆਂ ਰਹਿਣਗੀਆਂ।