ਮਨਦੀਪ ਰਿੰਪੀ
ਇੱਕ ਨਾਂ ਨਾਲ ਉਹ ਤ੍ਰਭਕ ਕੇ ਖੜ੍ਹ ਗਈ ਜਿਵੇਂ ਕੋਈ ਬੁੱਤ ਹੋਵੇ। ਉਹਨੂੰ ਯਕੀਨ ਨਹੀਂ ਸੀ ਆ ਰਿਹਾ ਉਸ ਆਵਾਜ਼ ’ਤੇ। ਥੋੜ੍ਹੀ ਦੇਰ ਉਂਜ ਹੀ ਪੱਥਰ ਬਣੀ ਖੜ੍ਹੀ ਹੋਈ ਆਸੇ ਪਾਸੇ ਵੇਖਣ ਲੱਗੀ, ਪਰ ਉੱਥੇ ਤਾਂ ਕੋਈ ਵੀ ਨਹੀਂ ਸੀ। ਸ਼ਾਇਦ ਇਹ ਆਵਾਜ਼ ਉਸ ਦੇ ਵਹਿਮ ਦਾ ਹੀ ਇੱਕ ਅਹਿਮ ਹਿੱਸਾ ਸੀ। ਉਹ ਵਹਿਮ ਜਿਹੜਾ ਪਿਛਲੇ ਪੰਜਾਹ ਪਚਵੰਜਾ ਵਰ੍ਹਿਆਂ ਤੋਂ ਉਹਦੀ ਉਮਰ ਦੇ ਨਾਲ ਨਾਲ ਫੈਲਦਾ ਜਾ ਰਿਹਾ ਸੀ ਉਸ ਦੇ ਸੁਪਨਿਆਂ ਤੱਕ। ਉਂਜ ਵੀ ਇਹ ਕਿਹੜਾ ਅੱਜ ਦੀ ਗੱਲ ਸੀ, ਉਹ ਤਾਂ ਰਾਤਾਂ ਨੂੰ ਵੀ ਅੱਭੜਵਾਹੇ ਉੱਠ ਬਹਿੰਦੀ ਜਦੋਂ ਇਹ ਨਾਂ ਉਸ ਦੇ ਕੰਨਾਂ ਵਿੱਚ ਗੂੰਜਦਾ ਹੋਇਆ ਉਸ ਦੀ ਰੂਹ ਨਾਲ ਆਣ ਚਿੰਬੜਦਾ। ਪਰ ਅੱਜ ਤਾਂ ਉਸ ਨੂੰ ਇੰਜ ਜਾਪਿਆ ਜਿਵੇਂ ਇਹ ਆਵਾਜ਼ ਉਸ ਦੀ ਰੂਹ ਵਿੱਚੋਂ ਨਹੀਂ ਕਿਸੇ ਦੀ ਜ਼ੁਬਾਨ ਵਿੱਚੋਂ ਨਿਕਲੀ ਹੋਵੇ, ਪਰ ਇਸ ਨਾਂ ਦੀ ਤਾਂ ਕਿਸੇ ਕੋਈ ਉੱਘ ਸੁੱਘ ਹੀ ਨਹੀਂ, ਫਿਰ ਕੋਈ ਭਲਾ ਉਸ ਨੂੰ ਇਸ ਨਾਂ ਨਾਲ ਕਿਵੇਂ ਪੁਕਾਰ ਸਕਦਾ ਹੈ? ਇਸ ਪਿੰਡ ਦੀ ਤਾਂ ਉਹ ਚਿੰਤੀ ਸੀ। ਸਾਰੇ ਉਸ ਨੂੰ ਪਿਆਰ ਨਾਲ ਚਿੰਤੋ ਬੇਬੇ ਆਖਦੇ। ਫਿਰ ਅੱਜ ਜੀਤੋ ਕਹਿ ਕੇ ਕਿਸ ਨੇ ਹਾਕ ਮਾਰੀ?
ਉਹ ਸੋਚਾਂ ਨਾਲ ਜੱਦੋਜਹਿਦ ਕਰਦਿਆਂ ਕਿੰਨਾ ਚਿਰ ਆਸੇ-ਪਾਸੇ ਵੇਖਦੀ ਰਹੀ। ਫਿਰ ਉਸ ਨੂੰ ਲੱਗਿਆ ਜਿਵੇਂ ਬੋਹੜ ਦੇ ਰੁੱਖ ਓਹਲੇ ਸੱਚਮੁੱਚ ਹੀ ਕੋਈ ਖੜ੍ਹਾ ਹੋਵੇ। ਉਹ ਭੈਅ ਨਾਲ ਕੰਬਣ ਲੱਗੀ। ਸੰਘ ਵਿੱਚੋਂ ਅਚਨਚੇਤ ਨਿਕਲੀ ਚੀਕ ਸੰਘ ਵਿੱਚ ਹੀ ਕਿਧਰੇ ਗੁੰਮ ਗਈ। ਉਸ ਦੀਆਂ ਅੱਖਾਂ ਵਿਚਲਾ ਪਾਣੀ ਤਿੱਪ ਤਿੱਪ ਕਰਦਾ ਉਸ ਦੀਆਂ ਝੁਰੜੀਆਂ ਦੇ ਰਾਹੇ ਪੈ ਤੁਰਿਆ।
ਫਿਰ ਅਚਾਨਕ ਬੋਹੜ ਦੇ ਰੁੱਖ ਓਹਲਿਓਂ ਸਫ਼ੈਦ ਚੁੰਨੀ ਲਹਿਰਾਉਂਦਾ ਪਰਛਾਵਾਂ ਨਜ਼ਰ ਆਉਣ ਲੱਗਿਆ ਤੇ ਪਰਛਾਵੇਂ ਵਿੱਚ ਲਿਪਟੀ ਇਕ ਬਜ਼ੁਰਗ ਔਰਤ ਉਸ ਦੇ ਸਾਹਮਣੇ ਆਣ ਖਲੋਤੀ। ਚਿੰਤੋ ਬੇਬੇ ਦੀਆਂ ਅੱਖਾਂ ਉਸ ਧੁੰਦਲੇ ਚਿਹਰੇ ਨੂੰ ਪਛਾਣਨ ਲਈ ਦੋ ਚਾਰ ਹੋਣ ਲੱਗੀਆਂ। ਉਕਤ ਔਰਤ ਹੌਲੀ ਹੌਲੀ ਡਿੰਗ ਪੁੱਟਦੀ ਹੋਈ ਉਸ ਵੱਲ ਵਧਣ ਲੱਗੀ, ਪਰ ਉਸ ਔਰਤ ਦਾ ਹਾਲ ਵੀ ਚਿੰਤੋ ਬੇਬੇ ਨਾਲੋਂ ਚੰਗਾ ਨਹੀਂ ਸੀ। ਉਸ ਦੀਆਂ ਅੱਖਾਂ ’ਚੋਂ ਕਿਰਦੇ ਅੱਥਰੂ ਉਸ ਦੇ ਮਨ ਦੀ ਦਸ਼ਾ ਬਿਆਨ ਕਰਨ ਲਈ ਕਾਫ਼ੀ ਸਨ। ਚਿੰਤੋ ਬੇਬੇ ਆਪਣੇ ਦਿਮਾਗ਼ ’ਤੇ ਬਹੁਤ ਜ਼ਿਆਦਾ ਜ਼ੋਰ ਪਾਉਣ ਮਗਰੋਂ ਵੀ ਉਸ ਔਰਤ ਨੂੰ ਪਛਾਣਨ ’ਚ ਸਫ਼ਲ ਨਾ ਹੋ ਸਕੀ। ਉਸ ਦੇ ਮੂੰਹੋਂ ਨਿਕਲੇ ਬੋਲ ਵੀ ਉਸ ਦੇ ਬੁੱਲ੍ਹਾਂ ਅੰਦਰ ਹੀ ਦਮ ਤੋੜ ਦਿੰਦੇ। ਉਕਤ ਔਰਤ ਦੇ ਮੂੰਹੋਂ ਮੁੜ ਜੀਤੋ ਨਾਂ ਕੱਢਣ ਦੀ ਦੇਰ ਸੀ ਕਿ ਚਿੰਤੋ ਬੇਬੇ ਚੀਕ ਪਈ, ‘‘ਕੌਣ ਜੀਤੋ? ਮੈਂ ਤਾਂ ਕਿਸੇ ਜੀਤੋ ਨੂੰ ਨਹੀਂ ਜਾਣਦੀ? ਤੂੰ ਕਿਹੜੀ ਜੀਤੋ ਦੀ ਗੱਲ ਕਰਦੀ ਪਈ ਐਂ?’’
ਉਕਤ ਔਰਤ, ‘‘ਜਿਹੜੀ ਬਲਦੇਵ ਸਰਦਾਰ ਦੀ ਵੱਡੀ ਧੀ ਤੇ ਅਵਤਾਰ ਫ਼ੌਜੀ ਦੀ ਭੈਣ ਸੀ… ਪਿੰਡ ਮੱਸੇਵਾਲ ਦੇ ਚੱਪੇ ਚੱਪੇ ਨੂੰ ਜਿਸ ਦੀਆਂ ਪੈੜਾਂ ਦੀ ਪੰਜਾਹ-ਪਚਵੰਜਾ ਵਰ੍ਹਿਆਂ ਬਾਅਦ ਵੀ ਉਡੀਕ ਹੈ… ਉਡੀਕ ਹੈ ਜਿਹਦੀ ਅੱਜ ਵੀ ਬਿੜਕਾਂ ਲੈਂਦੀਆਂ ਹਵਾਵਾਂ ਨੂੰ…।’’
ਚਿੰਤੋ ਬੇਬੇ, ‘‘ਉਹ ਜੀਤੋ ਤਾਂ ਕਦੋਂ ਦੀ ਮਰ ਗਈ… ਤੂੰ ਹੁਣ ਕੀਹਦੇ ਸਿਵਿਆਂ ਦੀ ਰਾਖ ਫਰੋਲਣ ਆਈ ਐਂ? ਜੀਤੋ ਨੂੰ ਤਾਂ ਉਹਦੇ ਪਿਉ ਤੇ ਭਰਾ ਨੇ ਕਦੋਂ ਦਾ ਮਾਰ ਮੁਕਾਇਆ। ਬਸ ਇੱਕ ਕੱਫ਼ਣ ਹੀ ਪਾਉਣਾ ਬਾਕੀ ਸੀ, ਪਰ ਉਹਦੇ ਪੇਕਿਆਂ ਵੱਲੋਂ ਆਉਣ ਵਾਲੀ ਕੱਫ਼ਣ ਦੀ ਲੀਰ ਵੀ ਸ਼ਾਇਦ ਉਹਦੇ ਭਾਗਾਂ ਵਿੱਚ ਕਿੱਥੇ? …ਉਹ ਤਾਂ ਹੁਣ ਰਾਖ਼ ਦੀ ਢੇਰੀ ਤੋਂ ਵੱਧ ਹੋਰ ਕੁਝ ਨਹੀਂ …ਨਾਲੇ ਤੂੰ ਹੁੰਦੀ ਕੌਣ ਏਂ ਜੀਤੋ ਦਾ ਨਾਂ ਆਪਣੀ ਜ਼ੁਬਾਨ ’ਚੋਂ ਕੱਢਣ ਵਾਲੀ?’’
ਉਕਤ ਔਰਤ, ‘‘ਮੈਂ ਵੀ ਉਸ ਜੀਤੋ ਦਾ ਹੀ ਪਰਛਾਵਾਂ ਹਾਂ …ਉਸ ਜੀਤੋ ਦੀਆਂ ਰਗਾਂ ’ਚ ਦੌੜਣ ਵਾਲਾ ਲਹੂ ਮੇਰੀਆਂ ਰਗਾਂ ’ਚ ਵੀ ਸਰਪਟ ਦੌੜਦਾ ਰਹਿੰਦੈ… ਆਪਣੀ ਜੀਤੋ ਦੀ ਉਡੀਕ ’ਚ… ਹਾਂ, ਭੈਣੇ! ਮੈਂ ਉਹੀ ਹਾਂ …ਜਿਹਦੀ ਬਾਂਹ ਨੂੰ ਤੂੰ ਕੱਸ ਕੇ ਵਲ੍ਹੇਟ ਲਿਆ ਸੀ ਆਪਣੇ ਹੱਥਾਂ ਨਾਲ ਤੇ ਆਖਦੀ ਸੀ ਕਿ ਰੋਕ ਲੈ ਮੈਨੂੰ …ਰੋਕ ਲੈ …ਨਾ ਜਾਣ ਦੇ ਕਰਮੀਏ …ਨਾ ਜਾਣ ਦੇ ਮੈਨੂੰ।’’
ਉਕਤ ਔਰਤ ਦੀਆਂ ਗੱਲਾਂ ਸੁਣ ਚਿੰਤੋ ਬੇਬੇ ਨੇ ਭੱਜ ਕੇ ਉਸ ਨੂੰ ਜੱਫ਼ੀ ਪਾ ਲਈ ਤੇ ਉਸ ਦੇ ਗਲ਼ ਨਾਲ ਚਿੰਬੜ ਕੇ ਰੋਂਦੀ ਰੋਂਦੀ ਆਖਣ ਲੱਗੀ, ‘‘ਕੀ ਤੂੰ ਸੱਚ ਕਹਿੰਦੀ ਐਂ? ਕੀ ਤੂੰ ਸੱਚਮੁੱਚ ਹੀ ਮੇਰੀ ਕਰਮੀ ਐਂ? ਮੇਰੀ ਨਿੱਕੀ ਭੈਣ ਕਰਮੀ ਐਡੀ ਵੱਡੀ ਹੋ ਗਈ? ਲੈ! ਤੇਰਾ ਤਾਂ ਸਾਰਾ ਸਿਰ ਧੌਲਾ ਹੋਇਆ ਪਿਆ।’’ ਚਿੰਤੋ ਬੇਬੇ ਬੋਲੀ ਜਾ ਰਹੀ ਸੀ ਤੇ ਅੱਖਾਂ ’ਚੋਂ ਡਿੱਗਦੇ ਅੱਥਰੂ ਲਗਾਤਾਰ ਝੁਰੜੀਆਂ ’ਚੋਂ ਗੁਜ਼ਰਦੇ ਹੋਏ ਉਸ ਦੇ ਦਿਲ ਦੀ ਹਾਲਤ ਬਿਆਨ ਕਰ ਰਹੇ ਸਨ।
ਉਹ ਔਰਤ ਚਿੰਤੋ ਬੇਬੇ ਦੀਆਂ ਗੱਲਾਂ ਸੁਣ ਭੁੱਬਾਂ ਮਾਰ ਮਾਰ ਰੋਣ ਲੱਗੀ, ‘‘ਹਾਂ ਜੀਤੋ! ਮੈਂ ਹੀ ਹਾਂ ਤੇਰੀ ਭਾਗਾਂ ਮਾਰੀ ਭੈਣ ਕਰਮੀ… ਉਹੀ ਕਰਮੀ ਜਿਹਦਾ ਤੂੰ ਕਦੇ ਵਸਾਹ ਨਹੀਂ ਸੀ ਖਾਂਦੀ …ਦੇਖ! ਰੱਬ ਨੇ ਕਿੰਨੇ ਵਰ੍ਹਿਆਂ ਦਾ ਵਿਛੋੜਾ ਪਾ ਦਿੱਤਾ ਸਾਡੇ ਪੱਲੇ। ਮੈਂ ਤਾਂ ਆਸ ਹੀ ਛੱਡ ਬੈਠੀ ਸਾਂ ਕਿ ਮੈਂ ਕਦੇ ਆਪਣੀ ਭੈਣ ਨੂੰ ਮੁੜ ਵੇਖਾਂਗੀ… ਏਹ ਤਾਂ ਖੌਰੇ ਰੱਬ ਨੂੰ ਕਿਵੇਂ ਤਰਸ ਆ ਗਿਆ ਮੇਰੇ ਵਰਗੀ ਕਰਮਾਂ ਮਾਰੀ ’ਤੇ?’’
ਚਿੰਤੋ ਬੇਬੇ ਹੀ ਜੀਤੋ ਸੀ, ਪਰ ਅੱਜ ਤੱਕ ਉਹਨੇ ਕਿਸੇ ਕੋਲ ਭਾਫ਼ ਨਹੀਂ ਸੀ ਕੱਢੀ। ਇੱਥੋਂ ਤੱਕ ਕਿ ਉਸ ਦੇ ਢਿੱਡੋਂ ਜੰੰਮਿਆਂ ਨੂੰ ਵੀ ਉਸ ਦੇ ਜੀਤੋ ਨਾਂ ਬਾਰੇ ਨਹੀਂ ਸੀ ਪਤਾ। ਇੱਥੋਂ ਤੱਕ ਕਿ ਕਿਸੇ ਨੂੰ ਨਹੀਂ ਸੀ ਪਤਾ ਉਹ ਕਿੱਥੇ ਪਲੀ ਵੱਡੀ ਹੋਈ ਤੇ ਕਿਨ੍ਹਾਂ ਦੀ ਕੁੜੀ ਐ? ਸਭ ਨੂੰ ਏਨਾ ਹੀ ਪਤਾ ਸੀ ਕਿ ਉਹ ਦਰਸ਼ਨ ਅਮਲੀ ਦੀ ਘਰਵਾਲੀ ਹੈ। ਦਰਸ਼ਨ ਅਮਲੀ ਜਦੋਂ ਜੀਤੋ ਨੂੰ ਲੈ ਕੇ ਪਿੰਡ ਆਇਆ ਤਾਂ ਸਾਰਾ ਪਿੰਡ ਖੜ੍ਹ ਖੜ੍ਹ ਕੇ ਵੇਖਦਾ ਰਹਿ ਗਿਆ। ਵੇਖਦਾ ਵੀ ਕਿਉਂ ਨਾ? ਕਿੱਥੇ ਦਰਸ਼ਨ ਅਮਲੀ ਤੇ ਕਿੱਥੇ ਜੀਤੋ? ਦਰਸ਼ਨ ਅਮਲੀ ਚਾਲੀ ਪੰਜਾਹ ਵਰ੍ਹਿਆਂ ਦਾ ਭੁੱਕੀ ਦੀ ਲੋਰ ’ਚ ਤੁਰਦਾ ਫਿਰਦਾ ਪਿੰਜਰ ਤੇ ਜੀਤੋ ਬੇਬੀ ਚੌਵੀ ਪੱਚੀਆਂ ਵਰ੍ਹਿਆਂ ਦੀ ਸੋਹਣੀ ਸੁਨੱਖੀ ਮੁਟਿਆਰ। ਸਾਰਾ ਪਿੰਡ ਹੈਰਾਨ ਸੀ ਕਿ ਕਿਸ ਨੇ ਆਪਣੇ ਹੱਥੀਂ ਇਸ ਮੁਟਿਆਰ ਦੇ ਭਾਗਾਂ ਨੂੰ ਲਾਂਬੂ ਲਾ ਸੁੱਟਿਆ? ਕੀ ਕੋਈ ਅੱਗੇ ਪਿੱਛੇ ਨਹੀਂ ਇਹਦਾ? ਅਮਲੀ ਦੇ ਲੜ ਲਾਉਣ ਤੋਂ ਚੰਗਾ ਹੁੰਦਾ ਗਲਾ ਘੁੱਟ ਕੇ ਮਾਰ ਦਿੰਦੇ ਵਿਚਾਰੀ ਨੂੰ। ਰੋਜ਼ ਰੋਜ਼ ਦੇ ਮਰਨ ਨਾਲੋਂ ਇੱਕ ਵਾਰ ਮਰਨਾ ਫੇਰ ਚੰਗਾ।
ਪਿੰਡ ਦੀਆਂ ਜ਼ਨਾਨੀਆਂ ਅਕਸਰ ਪੁੱਛਦੀਆਂ, ‘‘ਤੇਰੇ ਪੇਕੇ ਕਿੱਥੇ ਨੇ? ਤੂੰ ਕਿਨ੍ਹਾਂ ਦੀ ਜਾਈ? ਤੈਨੂੰ ਏਸ ਅਮਲੀ ਨਾਲ ਕੀਹਨੇ ਤੋਰਿਆ? ਤੂੰ ਕਿਵੇਂ ਤੁਰ ਆਈ ਅਮਲੀ ਨਾਲ?’’ ਹਰੇਕ ਸਵਾਲ ਉਹਦੇ ਕੰਨਾਂ ’ਚੋਂ ਹੁੰਦਾ ਹੋਇਆ ਉਹਦੇ ਦਿਲ ’ਚ ਕਿੱਲ ਵਾਂਗੂੰ ਵੱਜਦਾ… ਪਰ ਉਹ ਹਰੇਕ ਕਿੱਲ ਨੂੰ ਅੰਦਰ ਹੀ ਦੱਬ ਲੈਂਦੀ। ਬੁੱਲ੍ਹਾਂ ’ਚੋਂ ਕਦੇ ਕੋਈ ਸ਼ਬਦ ਬਾਹਰ ਨਾ ਕੱਢਦੀ ਜਿਵੇਂ ਇੱਥੇ ਕੁ ਆ ਕੇ ਸ਼ਬਦ ਹੀ ਮੁੱਕ ਗਏ ਹੋਣ।
ਉਹਦੇ ਗੂੰਗੇ ਬੋਲੇ ਉੱਤਰਾਂ ਨੂੰ ਲੋਕ ਆਪੋ ਆਪਣੀਆਂ ਜ਼ੁਬਾਨਾਂ ਦੀ ਕੈਂਚੀ ਨਾਲ ਕਦੇ ਟੁੱਕਦੇ ਤੇ ਕਦੇ ਹਮਦਰਦੀ ਦੇ ਫੰਬਿਆਂ ਨਾਲ ਕੱਜਦੇ। ਕੋਈ ਕਹਿੰਦਾ, ਉੱਧਲ ਕੇ ਆਈ ਤੇ ਕੋਈ ਆਖਦਾ, ਖ਼ਰੀਦ ਕੇ ਲਿਆਂਦੀ ਲੱਗਦੀ ਅਮਲੀ ਨੇ। ਫਿਰ ਆਪੋ ਆਪਣੀਆਂ ਵਿਚਾਰਾਂ ਤੇ ਟਿੱਪਣੀਆਂ ਕਰ ਆਖਦੇ, ‘‘ਅਮਲੀ ਨਾਲ ਕਿਹੜੀ ਤੁਰ ਪਊ ਆਪਣੇ ਆਪ?’’ ਕੋਈ ਆਖਦਾ, ‘‘ਆਪ ਤਾਂ ਭੁੱਖਾ ਮਰਦਾ …ਇਸ ਨੰਗ ਕੋਲ ਪੈਸਾ ਕਿੱਥੇ ਐਨੀ ਸੋਹਣੀ ਨਾਰ ਖ਼ਰੀਦਣ ਦਾ?’’ ਫੇਰ ਹੱਥ ’ਤੇ ਹੱਥ ਮਾਰ ਹੱਸਦੇ।
ਪਰ ਕਿਸੇ ਨੂੰ ਕੀ ਪਤਾ? ਜੀਤੋ ਦਾ ਦਿਲ ਤਾਂ ਚੁੱਲ੍ਹੇ ਰੱਖੀ ਪਤੀਲੀ ਵਾਂਗ ਰਿੱਝ ਰਿੱਝ ਕੇ ਧੁਆਂਖਿਆ ਪਿਆ ਸੀ। ਉਸ ਦੀਆਂ ਅੱਖਾਂ ਦੇ ਅੱਥਰੂ ਤਾਂ ਉਦੋਂ ਹੀ ਮੁੱਕ ਗਏ, ਜਦੋਂ ਉਸ ਦੇ ਪਿਓ ਨੇ ਉਸ ਦਾ ਹੱਥ ਧੱਕੇ ਨਾਲ ਅਮਲੀ ਦੇ ਹੱਥ ਫੜਾਇਆ। ਜੀਤੋ ਅਕਸਰ ਯਾਦ ਕਰਦੀ ਆਪਣੇ ਪਿਓ ਤੇ ਭਰਾ ਨੂੰ ਜਿਨ੍ਹਾਂ ਸਾਫ਼ ਆਖ ਦਿੱਤਾ ਸੀ ਕਿ ਜੇ ਸਾਡੇ ਵਿਹੜੇ ਮੁੜ ਪੈਰ ਧਰਿਆ ਤਾਂ ਅਸੀਂ ਤੇਰੇ ਡੱਕਰੇ ਡੱਕਰੇ ਕਰ ਆਪ ਫ਼ਾਹੇ ਲੱਗ ਜਾਣਾ।
ਜੀਤੋ ਨੇ ਧਾਹਾਂ ਮਾਰ ਆਖਿਆ ਸੀ, ‘‘ਤੁਸੀਂ ਮੇਰੇ ਭਾਵੇਂ ਡੱਕਰੇ ਕਰ ਦਿਉ, ਪਰ ਆਪ ਲੰਮੀਆਂ ਉਮਰਾਂ ਭੋਗੋ ਜਿਊਣ ਜੋਗਿਓ। ਮੈਨੂੰ ਕਿਸੇ ਨਾਲ ਨਾ ਤੋਰੋ। ਮੈਂ ਹੁਣ ਵਿਆਹ ਕਰਵਾਉਣ ਜੋਗੀ ਨਹੀਂ ਰਹੀ। ਮੈਂ ਕਿਹੜਾ ਮੂੰਹ ਲੈ ਕੇ ਜਾਊਂ ਬੇਗਾਨੇ ਘਰ?’’ ਭਾਵੇਂ ਜੀਤੋ ਨੇ ਦਰਸ਼ਨ ਅਮਲੀ ਨੂੰ ਕਦੇ ਵੇਖਿਆ ਵੀ ਨਹੀਂ ਸੀ, ਪਰ ਫੇਰ ਵੀ ਉਹਦੇ ਘਰ ਤੇ ਇੱਜ਼ਤ ਦੀ ਖ਼ੈਰ ਮਨਾਉਂਦੀ ਆਖਦੀ, ‘‘ਉਸ ਬੇਗਾਨੇ ਘਰ ਦੀ ਪੱਗ ਨੂੰ ਮੇਰੀ ਬਦਨਾਮੀ ਦਾ ਦਾਗ ਨਾ ਲਾਓ।’’ ਜੀਤੋ ਨੇ ਦਰਸ਼ਨ ਅਮਲੀ ਨੂੰ ਆਪਣੇ ਬਾਰੇ ਵਿਆਹ ਦੀ ਪਹਿਲੀ ਰਾਤ ਹੀ ਦੱਸ ਦਿੱਤਾ, ਪਰ ਦਰਸ਼ਨ ਅਮਲੀ ਨੇ ਜੀਤੋ ਨੂੰ ਕਿਹਾ, ‘‘ਜੀਤੋ ਮਰ ਗਈ ਅੱਜ ਤੋਂ… ਹੁਣ ਜੀਤੋ ਨਹੀਂ ਚਿੰਤੀ ਹੈ ਤੂੰ… ਮੇਰੀ ਚਿੰਤੀ… ਤੂੰ ਜਿੱਦਾਂ ਦੀ ਵੀ ਐਂ ਮੇਰੀ ਐਂ… ਮੈਨੂੰ ਤੇਰੇ ਗੁਜ਼ਰੇ ਵਕਤ ਨਾਲ ਕੁਝ ਲੈਣਾ ਦੇਣਾ ਨਹੀਂ… ਪਰ ਆਉਣ ਵਾਲੇ ਵਕਤ ਵਿੱਚ ਮੈਨੂੰ ਜੀਤੋ ਦਾ ਪਰਛਾਵਾਂ ਤੇਰੇ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ।’’ ਇਸੇ ਕਾਰਨ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਚਿੰਤੋ ਬੇਬੇ ਦਾ ਅਸਲੀ ਨਾਂ ਜੀਤੋ ਹੈ।
ਜੀਤੋ ਨੇ ਆਪਣੀ ਸਾਰੀ ਉਮਰ ਦੁੱਖਾਂ ਵਿੱਚ ਹੰਢਾਈ। ਜੀਤੋ ਸਿਰਫ਼ ਪੰਦਰਾਂ ਕੁ ਸਾਲਾਂ ਦੀ ਸੀ ਜਦੋਂ ਪਿਓ ਨੇ ਆਪਣੇ ਪੱਗ ਵੱਟ ਭਰਾ ਦੇ ਮੁੰਡੇ ਨਾਲ ਵਿਆਹ ਦਿੱਤੀ। ਜੀਤੋ ਪੰਦਰਾਂ ਵਰ੍ਹਿਆਂ ਦੀ ਤੇ ਉਸ ਦਾ ਘਰਵਾਲਾ ਗੁਰਮੁਖ ਵੀਹ ਕੁ ਵਰ੍ਹਿਆਂ ਦਾ ਗੱਭਰੂ। ਗੁਰਮੁਖ ਨੇ ਇਹ ਰਿਸ਼ਤਾ ਕਦੇ ਵੀ ਦਿਲੋਂ ਨਾ ਸਵੀਕਾਰਿਆ। ਲੋਕਾਚਾਰੀ ਉਹ ਜੀਤੋ ਦਾ ਪਤੀ ਸੀ, ਪਰ ਉਂਜ ਜੀਤੋ ਨੂੰ ਆਪਣੇ ਪੈਰ ਦੀ ਜੁੱਤੀ ਤੋਂ ਵੱਧ ਨਹੀਂ ਸੀ ਸਮਝਦਾ। ਉਸ ਦੇ ਦਿਲ ਵਿੱਚ ਤਾਂ ਪਹਿਲਾਂ ਹੀ ਕੋਈ ਹੋਰ ਕੁੜੀ ਵਸੀ ਹੋਈ ਸੀ। ਜਾਤ ਬਿਰਾਦਰੀ ਦੀ ਡੂੰਘੀ ਖਾਈ ਨੇ ਉਸ ਦੇ ਪਿਆਰ ਨੂੰ ਪ੍ਰਵਾਨ ਨਾ ਚੜ੍ਹਨ ਦਿੱਤਾ। ਇਸ ਦਾ ਗੁੱਸਾ ਉਹ ਅਕਸਰ ਜੀਤੋ ’ਤੇ ਲਾਹੁੰਦਾ। ਗੁਰਮੁਖ ਨੇ ਮੈਟ੍ਰਿਕ ਕੀਤੀ ਹੋਈ ਸੀ ਤੇ ਜੀਤੋ ਨੇ ਕਦੇ ਸਕੂਲ ਦਾ ਮੂੰਹ ਵੀ ਨਹੀਂ ਸੀ ਵੇਖਿਆ। ਉਦੋਂ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਬਹੁਤ ਹੀ ਘੱਟ ਸੀ। ਜੀਤੋ ਦੇ ਅਨਪੜ੍ਹ ਹੋਣ ਕਾਰਨ ਵੀ ਗੁਰਮੁਖ ਅਕਸਰ ਉਸ ਦੀ ਲਾਹ ਪਾਹ ਕਰਦਾ ਰਹਿੰਦਾ। ਪਰ ਜੀਤੋ ਕਦੇ ਮੂੰਹੋਂ ਬੋਲ ਕੁਬੋਲ ਨਾ ਬੋਲਦੀ। ਵਿਆਹ ਦੇ ਚਾਰ ਵਰ੍ਹਿਆਂ ਮਗਰੋਂ ਵੀ ਜੀਤੋ ਦੀ ਕੁੱਖ ਸੁੰਨੀ ਦੀ ਸੁੰਨੀ ਰਹੀ ਜਦੋਂਕਿ ਉਸ ਤੋਂ ਬਾਅਦ ਆਈਆਂ ਉਸ ਦੀਆਂ ਦੋ ਦਰਾਣੀਆਂ ਕਦੋਂ ਦੀਆਂ ਮਾਵਾਂ ਬਣ ਆਪਣੇ ਬੱਚਿਆਂ ਨੂੰ ਉਸ ਦੀਆਂ ਨਜ਼ਰ ਤੋਂ ਬਚਾ ਬਚਾ ਰੱਖਦੀਆਂ। ਜੀਤੋ ਨੂੰ ਹੁਕਮ ਨਹੀਂ ਸੀ ਉਨ੍ਹਾਂ ਬੱਚਿਆਂ ਵੱਲ ਵੇਖਣ ਦਾ ਤੇ ਉਨ੍ਹਾਂ ਨੂੰ ਲਾਡ ਲਡਾਉਣ ਦਾ। ਹੁਣ ਤਾਂ ਜੀਤੋ ਦੀ ਸੱਸ ਵੀ ਜੀਤੋ ਨੂੰ ਤਾਹਣੇ ਮਿਹਣੇ ਮਾਰਨ ’ਚ ਕੋਈ ਕਸਰ ਨਾ ਛੱਡਦੀ, ਪਰ ਜੀਤੋ ਚੁੱਪ ਰਹਿੰਦੀ ਆਪਣੀ ਕਿਸਮਤ ਮੰਨ ਕੇ। ਗੁਰਮੁਖ ਨੇ ਆਪਣੀ ਪ੍ਰੇਮਿਕਾ ਨਾਲ ਸਬੰਧ ਉਸੇ ਤਰ੍ਹਾਂ ਕਾਇਮ ਰੱਖੇ ਜਿਵੇਂ ਵਿਆਹ ਤੋਂ ਪਹਿਲਾਂ ਸੀ। ਭਾਵੇਂ ਘਰ ਦੇ ਸਾਰੇ ਜੀਆਂ ਦੇ ਨਾਲ ਨਾਲ ਇਹਦੇ ਬਾਰੇ ਜੀਤੋ ਨੂੰ ਵੀ ਪਤਾ ਸੀ, ਪਰ ਵਿਚਾਰੀ ਕਰ ਹੀ ਕੀ ਸਕਦੀ ਸੀ? ਘਰ ਵਿੱਚ ਗੁਰਮੁਖ ਨੂੰ ਸਮਝਾਉਣ ਵਾਲਾ ਕੋਈ ਵੀ ਨਹੀਂ ਸੀ। ਸਹੁਰਾ ਹੀ ਸੀ ਜੋ ਜੀਤੋ ਦਾ ਸਾਥ ਦਿੰਦਾ ਸੀ, ਪਰ ਉਸ ਦੀ ਬੇਵਕਤ ਮੌਤ ਨੇ ਇਹ ਸਹਾਰਾ ਵੀ ਖੋਹ ਲਿਆ। ਹੁਣ ਗੁਰਮੁਖ ਅਕਸਰ ਜੀਤੋ ਨੂੰ ਮਾਰਦਾ ਕੁੱਟਦਾ, ਗਾਲੀ ਗਲੋਚ ਕਰਦਾ, ਜ਼ਲੀਲ ਕਰਦਾ ਤਾਂ ਜੋ ਜੀਤੋ ਆਪਣੇ ਆਪ ਘਰ ਛੱਡ ਕੇ ਪੇਕੇ ਘਰ ਜਾ ਬੈਠੇ, ਪਰ ਪੇਕੇ ਘਰ ਵਿੱਚ ਵੀ ਪਿਓ ਤੇ ਭਰਾ ਹਮੇਸ਼ਾਂ ਜੀਤੋ ਨੂੰ ਹੀ ਧਮਕੀਆਂ ਦਿੰਦੇ ਉੱਥੇ ਰਹਿਣ ਦੀਆਂ। ਜੀਤੋ ਦੀ ਹਾਲਤ ਸਹੁਰੇ ਘਰ ਵਿੱਚ ਬਹੁਤ ਮਾੜੀ ਸੀ। ਅਜਿਹੇ ਵਿਚ ਉਹਦੀ ਇਕੋ ਇਕ ਨਣਦ ਸੱਤਿਆ ਉਸ ਦੀ ਹਮਦਰਦ ਬਣ ਸੰਘਣੀ ਛਾਂ ਬਣ ਕੇ ਉਸ ਦਾ ਸਹਾਰਾ ਬਣੀ। ਸ਼ਾਇਦ ਉਹ ਉਹਦੇ ਦੁੱਖ ਨੂੰ ਇਸ ਕਾਰਨ ਮਹਿਸੂਸ ਕਰਨ ਲੱਗੀ ਕਿਉਂਕਿ ਉਹ ਵੀ ਆਪਣੇ ਪਤੀ ਦੀ ਕੁੱਟਮਾਰ ਦਾ ਦਰਦ ਆਪਣੇ ਪਿੰਡੇ ’ਤੇ ਹੰਢਾ ਰਹੀ ਸੀ। ਸੱਤਿਆ ਕਈ ਵਾਰ ਰੁੱਸ ਕੇ ਪੇਕੇ ਆਈ ਅਤੇ ਹਰ ਵਾਰ ਉਸ ਦਾ ਪਤੀ ਉਸ ਨੂੰ ਲੈ ਜਾਂਦਾ, ਪਰ ਜੀਤੋ ਤਾਂ ਰੁੱਸ ਕੇ ਪੇਕੇ ਵੀ ਨਹੀਂ ਜਾ ਸਕਦੀ ਸੀ। ਰੁੱਸਦੀ ਵੀ ਕੀਹਦੇ ਨਾਲ? ਉਹਦੇ ਨਾਲ ਜੀਹਨੇ ਉਸ ਨੂੰ ਰੁੱਸਣ ਦਾ ਵੀ ਹੱਕ ਨਹੀਂ ਸੀ ਦਿੱਤਾ। ਉਸ ਦੇ ਰੁੱਸਣ ਦਾ ਜਿਸ ਨੂੰ ਕੋਈ ਫ਼ਰਕ ਨਹੀਂ ਪੈਣ ਲੱਗਿਆ।
ਇਕ ਦਿਨ ਗੁਰਮੁਖ ਨੇ ਰੱਜ ਕੇ ਸ਼ਰਾਬ ਪੀਤੀ ਤੇ ਜੀਤੋ ਨੂੰ ਜਾਨਵਰਾਂ ਵਾਂਗੂੰ ਐਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਈ। ਇਹ ਉਸ ਦੀ ਜ਼ਿੰਦਗੀ ਦਾ ਇਸ ਘਰ ਵਿੱਚ ਆਖ਼ਰੀ ਦਿਨ ਹੋ ਨਬਿੜਿਆ। ਜੇ ਹੋਸ਼ ਵਿੱਚ ਹੁੰਦੀ ਤਾਂ ਸ਼ਾਇਦ ਹੋਰ ਨਰਕ ਭੋਗਦੀ ਉਸੇ ਘਰ ਵਿੱਚ। ਉਸ ਸਮੇਂ ਘਰ ’ਚ ਕੋਈ ਨਹੀਂ ਸੀ। ਘਰ ਦੇ ਸਾਰੇ ਜੀਅ ਉਸ ਦੀ ਦਰਾਣੀ ਦੇ ਪਿਓ ਦੀ ਅਚਨਚੇਤ ਹੋਈ ਮੌਤ ਕਾਰਨ ਉਸ ਦੇ ਦਾਗਾਂ ’ਤੇ ਗਏ ਹੋਏ ਸਨ। ਜੀਤੋ ਨੂੰ ਕੋਈ ਵੀ ਕਿਧਰੇ ਨਹੀਂ ਸੀ ਲੈ ਕੇ ਜਾਂਦਾ। ਨਾ ਕਿਸੇ ਵਿਆਹ ਸ਼ਾਦੀ ਤੇ ਨਾ ਹੀ ਕਿਤੇ ਮਰਗ ’ਤੇ। ਇਸੇ ਕਾਰਨ ਉਸ ਦਿਨ ਵੀ ਉਹਨੂੰ ਘਰ ਵਿੱਚ ਹੀ ਡੰਗਰ ਸਾਂਭਣ ਲਈ ਛੱਡ ਗਏ। ਉਸ ਨੇ ਵਾੜੇ ਦੇ ਡੰਗਰਾਂ ਨੂੰ ਤਾਂ ਸਾਂਭ ਲਿਆ, ਪਰ ਉਸ ਘਰ ਦਾ ਇਨਸਾਨ ਰੂਪੀ ਡੰਗਰ ਜਿਹੜਾ ਹਮੇਸ਼ਾ ਹੀ ਭੂਸਰਿਆ ਰਹਿੰਦਾ ਸੀ ਉਸ ਨੂੰ ਕੌਣ ਸਾਂਭਦਾ? ਜਦੋਂ ਅੱਧਮੋਈ ਪਈ ਜੀਤੋ ਨੂੰ ਗੁਰਮੁਖ ਮਾਰ ਮਾਰ ਕੇ ਹੰਭ ਹਾਰ ਗਿਆ ਤਾਂ ਉਸ ਨੂੰ ਮਰੀ ਮੁੱਕੀ ਸਮਝ ਆਪਣੇ ਖੇਤਾਂ ਵੱਲ ਚਲਿਆ ਗਿਆ। ਉਦੋਂ ਅਚਾਨਕ ਉਸ ਦੀ ਨਣਦ ਸੱਤਿਆ ਦੇ ਸਹੁਰਿਆਂ ਤੋਂ ਸ਼ਰੀਕੇ ’ਚੋਂ ਉਸ ਦਾ ਜੇਠ ਉਨ੍ਹਾਂ ਦੇ ਘਰ ਸੱਤਿਆ ਦਾ ਕੋਈ ਸੁਨੇਹਾ ਲੈ ਕੇ ਆਇਆ ਸੀ। ਜਦੋਂ ਉਹਨੇ ਮਰੀ ਮੁੱਕੀ ਪਈ ਜੀਤੋ ਨੂੰ ਵੇਖਿਆ ਤਾਂ ਉਹ ਗੁਆਂਢੀਆਂ ਦੇ ਬੂਹੇ ਖੜਕਾ ਖੜਕਾ ਕਮਲਾ ਹੋ ਗਿਆ, ਪਰ ਕਿਸੇ ਦੀ ਅੱਗ ਵਿੱਚ ਕੌਣ ਹੱਥ ਸਾੜੇ? ਕੋਈ ਵੀ ਗੁਰਮੁਖ ਦੇ ਅੜਬ ਸੁਭਾਅ ਕਾਰਨ ਜੀਤੋ ਨਾਲ ਖੜ੍ਹਣ ਲਈ ਤਿਆਰ ਨਹੀਂ ਸੀ। ਇਸ ਕਾਰਨ ਸੱਤਿਆ ਦਾ ਜੇਠ ਬੇਹੋਸ਼ ਪਈ ਜੀਤੋ ਨੂੰ ਸੱਤਿਆ ਦੇ ਘਰ ਲੈ ਗਿਆ। ਜੇ ਹਸਪਤਾਲ ਲੈ ਜਾਂਦਾ ਤਾਂ ਗੁਰਮੁਖ ’ਤੇ ਕੁੱਟਮਾਰ ਦਾ ਕੇਸ ਬਣ ਸਕਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਘਰ ਦੀ ਗੱਲ ਥਾਣਿਆਂ ਤੱਕ ਪੁੱਜੇ। ਸੱਤਿਆ ਨੇ ਵੀ ਜਦੋਂ ਭਰਜਾਈ ਨੂੰ ਨਿਢਾਲ ਵੇਖਿਆ ਤਾਂ ਪਿੰਡ ਦੇ ਡਾਕਟਰ ਨੂੰ ਘਰੇ ਬੁਲਾ ਇਲਾਜ ਸ਼ੁਰੂ ਕੀਤਾ। ਉੱਧਰ ਗੁਰਮੁਖ ਨੇ ਥਾਣੇ ਰਿਪਟ ਦਰਜ਼ ਕਰਵਾ ਦਿੱਤੀ ਕਿ ਜੀਤੋ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ। ਸਾਰਾ ਪਿੰਡ ਤ੍ਰਾਹ ਤ੍ਰਾਹ ਕਰ ਉੱਠਿਆ। ਜੀਤੋ ਦੀ ਕਿਸੇ ਨੇ ਨਾ ਸੁਣੀ। ਜੀਤੋ ਦਾ ਭਰਾ ਤੇ ਪਿਓ ਗੰਡਾਸਾ ਚੁੱਕ ਲੱਭਣ ਲੱਗ ਪਏ ਕਰਮਾਂ ਮਾਰੀ ਨੂੰ। ਭਾਵੇਂ ਗੁਰਮੁਖ ਨੂੰ ਸਭ ਪਤਾ ਸੀ ਕਿ ਜੀਤੋ ਕਿੱਥੇ ਹੈ, ਪਰ ਉਸ ਨੇ ਜਾਣਬੁੱਝ ਕੇ ਉਸ ਦੀ ਬਦਖੋਈ ਕੀਤੀ। ਸੱਤਿਆ ਨੇ ਪੇਕੇ ਘਰ ਜਾ ਗੁਰਮੁਖ ਨੂੰ ਖ਼ੂਬ ਖ਼ਰੀਆਂ ਖੋਟੀਆਂ ਸੁਣਾਈਆਂ, ਪਰ ਪਿੱਛੋਂ ਪੁਲੀਸ ਜੀਤੋ ਤੇ ਸੱਤਿਆ ਦੇ ਜੇਠ ਨੂੰ ਥਾਣੇ ਲੈ ਗਈ। ਉਸ ਜ਼ਮਾਨੇ ਵਿਚ ਧੀਆਂ ਭੈਣਾਂ ਦਾ ਥਾਣੇ ਜਾਣਾ ਇੱਜ਼ਤ ’ਤੇ ਦਾਗ਼ ਮੰਨਿਆ ਜਾਂਦਾ ਸੀ। ਭਾਵੇਂ ਸਮਝੌਤਾ ਹੋ ਗਿਆ ਅਤੇ ਜੀਤੋ ਦੀ ਬੇਗੁਨਾਹੀ ਸਭ ਦੇ ਸਾਹਮਣੇ ਸੀ, ਪਰ ਗੁਰਮੁਖ ਨੇ ਉਸ ਨੂੰ ਆਪਣੇ ਘਰ ਮੁੜ ਲਿਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹੁਣ ਨਾ ਉਹ ਪੇਕਿਆਂ ਦੀ ਰਹੀ ਤੇ ਨਾ ਸਹੁਰਿਆਂ ਦੀ। ਹੁਣ ਤਾਂ ਉਸ ਦੇ ਪੇਕਿਆਂ ਦਾ ਗੰਡਾਸਾ ਵੀ ਧਰਿਆ ਧਰਾਇਆ ਰਹਿ ਗਿਆ। ਉਹੀ ਗੰਡਾਸਾ ਜਿਹੜਾ ਥੋੜ੍ਹੀ ਦੇਰ ਪਹਿਲਾਂ ਜੀਤੋ ਦਾ ਗਾਟਾ ਲਾਹੁਣ ਲਈ ਉਤਾਵਲਾ ਸੀ। ਹੁਣ ਇਕ ਖੂੰਜੇ ਲੱਗਿਆ ਪਿਆ ਸੀ। ਉਸ ਨੂੰ ਥਾਣੇ ਛੱਡ ਗੁਰਮੁਖ ਦੇ ਭਗੌੜਾ ਬਣ ਜਾਣ ਦਾ ਦੋਸ਼ ਵੀ ਵਿਚਾਰੀ ਜੀਤੋ ਦੇ ਪੱਲੇ ਹੀ ਪਿਆ। ਉਸ ਦਾ ਭਰਾ ਉਸ ਨੂੰ ਪੇਕੇ ਤਾਂ ਲੈ ਗਿਆ, ਪਰ ਉੱਥੇ ਜਾ ਕੇ ਉਹਨੇ ਵੀ ਜੀਤੋ ਦੀ ਬਹੁਤ ਕੁੱਟ-ਮਾਰ ਕੀਤੀ। ਉਹਦੀ ਮਾਂ ਉਹਦੇ ਪਿਉ ਦੇ ਪੈਰੀਂ ਡਿੱਗਦੀ ਢਹਿੰਦੀ ਆਪਣੀ ਧੀ ਨੂੰ ਬਚਾਉਣ ਦੀ ਜੱਦੋਜਹਿਦ ਕਰਦੀ ਰਹੀ। ਛੋਟੀ ਭੈਣ ਕਰਮੀ ਨੇ ਜਦੋਂ ਆਪਣੇ ਭਰਾ ਦੇ ਪੈਰ ਫੜੇ, ਉਹਨੇ ਤਾਂ ਉਹਨੂੰ ਵੀ ਠੁੱਡਾ ਮਾਰ ਪਰ੍ਹਾਂ ਵਗਾਹ ਮਾਰਿਆ। ਪਤਾ ਨਹੀਂ ਏਨੇ ਮਾੜੇ ਕਰਮ ਕਿਹੜੇ ਰੱਬ ਤੋਂ ਲਿਖਵਾ ਕੇ ਲਿਆਈ ਸੀ ਭੈੜੀ ਜਿਸ ਦੇ ਹਿੱਸੇ ਵਿਆਹ ਤੋਂ ਬਾਅਦ ਕੁੱਟਮਾਰ ਤੇ ਬਦਨਾਮੀ ਹੀ ਆਈ।
ਪਿੰਡ ਵਿੱਚ ਸਾਰੇ ਮੂੰਹ ਨਾਲ ਮੂੰਹ ਜੋੜ ਜੋੜ ਕੇ ਉਸ ਬਾਰੇ ਗੱਲਾਂ ਕਰਦੇ। ਜੀਤੋ ਦੇ ਪਿਉ ਨੇ ਥੋੜ੍ਹੇ ਦਿਨਾਂ ਬਾਅਦ ਹੀ ਦਰਸ਼ਨ ਨਾਂ ਦੇ ਅਮਲੀ ਦੇ ਹੱਥ ਉਸ ਦਾ ਪੱਲਾ ਧੱਕੇ ਨਾਲ ਫੜਾ ਦਿੱਤਾ। ਉਹ ਰੋਂਦੀ ਕੁਰਲਾਉਂਦੀ ਰਹੀ, ਪਰ ਉਹਦੀ ਸੁਣਨ ਵਾਲਾ ਹੈ ਹੀ ਕੌਣ ਸੀ ਮਾਂ ਤੇ ਭੈਣ ਕਰਮੀ ਤੋਂ ਬਿਨਾਂ। ਉਹ ਵਿਚਾਰੀਆਂ ਵੀ ਔਰਤਾਂ ਹੀ ਸਨ ਤੇ ਇਸ ਸਮਾਜ ਵਿੱਚ ਜਿਸ ਘਰ ਵਿੱਚ ਮਰਦ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਵੇ, ਉੱਥੇ ਔਰਤ ਦੀ ਚੱਲਦੀ ਹੀ ਕਿੱਥੇ ਹੈ? ਕੀ ਭੈਣ, ਕੀ ਧੀ ਤੇ ਕੀ ਪਤਨੀ? ਜਦੋਂ ਉਹ ਘਰੋਂ ਤੁਰੀ ਤਾਂ ਉਹਨੇ ਆਪਣੀ ਛੋਟੀ ਭੈਣ ਕਰਮੀ ਦੀ ਬਾਂਹ ਕੱਸ ਕੇ ਫੜ ਲਈ ਤੇ ਆਖਣ ਲੱਗੀ, ‘‘ਮੈਨੂੰ ਰੋਕ ਲੈ… ਨਾ ਜਾਣ ਦੇ…’’ ਪਰ ਉਨ੍ਹਾਂ ਦਾ ਭਰਾ ਬੇਰਹਿਮੀ ਨਾਲ ਜੀਤੋ ਤੋਂ ਕਰਮੀ ਦੀ ਬਾਂਹ ਛੁਡਾ ਉਸ ਨੂੰ ਹਲਾਲ ਹੋਣ ਵਾਲੀ ਭੇਡ ਵਾਂਗ ਘੜੀਸ ਕੇ ਲੈ ਗਿਆ। ਇਸ ਤੋਂ ਬਾਅਦ ਕਿਸੇ ਨੂੰ ਕਦੇ ਕੋਈ ਉੱਘ ਸੁੱਘ ਨਾ ਲੱਗੀ ਕਿ ਜੀਤੋ ਕਿੱਥੇ ਹੈ? ਜਿਊਂਦੀ ਹੈ ਜਾਂ ਮਰਿਆਂ ’ਚ? ਬਲਦੇਵ ਸਰਦਾਰ ਜੋ ਕਿ ਉਹਦਾ ਪਿਓ ਤੇ ਅਵਤਾਰ ਫ਼ੌਜੀ ਜਿਹੜਾ ਉਹਦਾ ਭਰਾ ਸੀ, ਨੇ ਕਦੇ ਵੀ ਭਾਫ਼ ਨਹੀਂ ਕੱਢੀ ਕਿ ਉਸ ਨੂੰ ਕਿਹੜੇ ਪਿੰਡ ਤੋਰਿਆ ਹੈ। ਕੀਹਦੇ ਨਾਲ ਤੋਰਿਆ! ਇਹ ਚੁੱਪ ਹੌਲੀ ਹੌਲੀ ਸਮੇਂ ਦੀ ਪਰਤ ਹੇਠ ਦੱਬਣ ਲੱਗੀ। ਜਦੋਂ ਕਦੇ ਢਿੱਡੋਂ ਜੰਮੀ ਮਾਂ ਦਾ ਧੀ ਲਈ ਕਾਲਜਾ ਪਾਟਣ ਨੂੰ ਆਉਂਦਾ ਉਹ ਚੁੰਨੀ ਦੇ ਲੜ ਨਾਲ ਹੰਝੂ ਸਾਂਭਦੀ ਪੂੰਝਦੀ ਆਪਣੇ ਪੁੱਤ ਨੂੰ ਧੀ ਦੀ ਰਾਜ਼ੀ ਖ਼ੁਸ਼ੀ ਪੁੱਛਦੀ ਤਾਂ ਪੁੱਤ ਦਾ ਇੱਕੋ ਜਵਾਬ ਹੁੰਦਾ, ‘‘ਧੀ ਪਿਆਰੀ ਜਾਂ ਪੁੱਤ? ਜੇ ਧੀ ਬਾਰੇ ਅੱਜ ਤੋਂ ਬਾਅਦ ਕਦੇ ਕੋਈ ਗੱਲ ਛੇੜੀ ਤਾਂ ਆਪਣੇ ਪੁੱਤ ਦਾ ਮਰਿਆ ਮੂੰਹ ਵੇਖੀਂ… ਮੈਂ ਕੁਝ ਖਾ ਕੇ ਮਰ ਜਾਣਾ ਜਾਂ ਘਰ ਛੱਡ ਕੇ ਚਲਿਆ ਜਾਣਾ।’’ ਮਾਂ ਕੋਲ ਠੰਢੇ ਹਾਉਕੇ ਭਰਨ ਤੋਂ ਬਿਨਾਂ ਕੁਝ ਨਾ ਬਚਦਾ।
ਦਰਸ਼ਨ ਭਾਵੇਂ ਗ਼ਰੀਬ ਸੀ, ਪਰ ਜੀਤੋ ਨਾਲ ਹਮਦਰਦੀ ਰੱਖਦਾ ਸੀ। ਦਰਸ਼ਨ ਦੇ ਘਰ ਆ ਜੀਤੋ ਦੀ ਕੁੱਖ ਨੂੰ ਭਾਗ ਲੱਗੇ। ਉਹਨੇ ਦੋ ਪੁੱਤ ਤੇ ਇਕ ਧੀ ਨੂੰ ਸਾਹਾਂ ਦੀ ਤੰਦ ਨਾਲ ਪਰੋਇਆ। ਇਹ ਉਹੀ ਕੁੱਖ ਸੀ ਜਿਸ ਨੂੰ ਕਦੇ ਪੱਥਰ ਆਖ ਉਸ ਦੀਆਂ ਦਰਾਣੀਆਂ ਉਸ ਦੇ ਪਰਛਾਵੇਂ ਤੋਂ ਆਪਣੇ ਬੱਚਿਆਂ ਨੂੰ ਲੁਕੋ ਕੇ ਰੱਖਦੀਆਂ ਸਨ। ਜੀਤੋ ਭਾਵੇਂ ਸਰਦਾਰਾਂ ਦੀ ਧੀ ਸੀ, ਪਰ ਸਾਰੀ ਉਮਰ ਉਹਨੇ ਗ਼ਰੀਬੀ ਵਿੱਚ ਹੰਢਾ ਦਿੱਤੀ। ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਦਰਸ਼ਨ ਮੌਤ ਦੀ ਬੁੱਕਲ ਮਾਰ ਸਿਵਿਆਂ ਦੀ ਰਾਖ ਬਣ ਗਿਆ ਤੇ ਜੀਤੋ ਨੇ ਲੋਕਾਂ ਦੇ ਖੇਤਾਂ ਵਿੱਚ ਦਿਹਾੜੀਆਂ ਕਰ ਫ਼ਾਕੇ ਕੱਟ ਕੱਟ ਔਖੇ ਸੌਖੇ ਆਪਣੇ ਬੱਚੇ ਪਾਲ ਲਏ। ਹੁਣ ਜਦੋਂ ਸੱਤਰਾਂ ਬਹੱਤਰਾਂ ਨੂੰ ਢੁੱਕ ਗਈ ਗ਼ਰੀਬੀ ਨਾਲ ਜੂਝਦੀ ਹਾਲੇ ਵੀ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਈ ਰਹਿੰਦੀ।
ਅੱਜ ਉਹ ਆਪਣੀ ਭੈਣ ਕਰਮੀ ਨੂੰ ਵੇਖ ਸਾਰੇ ਦੁੱਖ ਭੁੱਲ ਗਈ, ਪਰ ਅੱਜ ਉਸ ਦੇ ਮਨ ਨੂੰ ਹੈਰਾਨੀ ਦੀਆਂ ਤੰਦਾਂ ਵੀ ਨਾਲੋ-ਨਾਲ ਵਲ੍ਹੇਟੇ ਪਾ ਰਹੀਆਂ ਹਨ ਕਿ ਕਰਮੀ ਨੇ ਉਸ ਨੂੰ ਕਿਉਂ ਲੱਭਿਆ, ਕਿੰਜ ਲੱਭਿਆ? ਉਹ ਵੀ ਇੰਨੇ ਸਾਲਾਂ ਬਾਅਦ! ਉਸ ਦੀ ਹੈਰਾਨੀ ਦੀਆਂ ਤੰਦਾਂ ਨੂੰ ਕਰਮੀ ਨੇ ਆਪੇ ਹੀ ਇੱਕ ਇੱਕ ਕਰਕੇ ਤੋੜਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਨੇ ਦੱਸਿਆ ਕਿ ਉਸ ਨਾਲ ਵੈਰ ਕਮਾਉਣ ਵਾਲੇ ਉਸ ਦੇ ਭਰਾ ਅਵਤਾਰ ਫ਼ੌਜੀ ਦੀ ਜਾਨ ਅਟਕੀ ਪਈ ਹੈ ਇੱਕ ਵਾਰ ਜੀਤੋ ਨੂੰ ਵੇਖਣ ਲਈ। ਉਹ ਆਪਣੀ ਭੈਣ ਜੀਤੋ ਤੋਂ ਆਪਣੇ ਗੁਨਾਹ ਦੀ ਇੱਕ ਵਾਰ ਮੁਆਫ਼ੀ ਮੰਗਣਾ ਚਾਹੁੰਦਾ ਹੈ। ਉਹ ਕਰਮੀ ਨੂੰ ਪੁੱਛਣ ਲੱਗੀ, ‘‘ਬੀਬੀ ਦਾ ਕੀ ਹਾਲ ਐ? ਤੇ ਬਾਪੂ? ਉਹਦੀ ਸਿਹਤ ਕਿਵੇਂ ਐ?’’ ਜੀਤੋ ਦੇ ਸਵਾਲ ਸੁਣ ਕੇ ਕਰਮੀ ਅੱਖਾਂ ਭਰ ਕੇ ਕਹਿਣ ਲੱਗੀ, ‘‘ਬੀਬੀ ਤੇ ਬਾਪੂ ਤਾਂ ਕਦੋਂ ਦੇ ਗੁਜ਼ਰ ਗਏ… ਭਾਵੇਂ ਆਖ਼ਰੀ ਸਮੇਂ ਬਾਪੂ ਨੇ ਵੀਰੇ ਦੇ ਬਹੁਤ ਤਰਲੇ ਕੀਤੇ ਤੈਨੂੰ ਵੇਖਣ ਲਈ, ਪਰ ਸਾਡੇ ਅੜਬ ਵੀਰੇ ਨੇ ਬਾਪੂ ਦੀ ਵਾਹ ਨਾ ਚੱਲਣ ਦਿੱਤੀ। ਜੀਤੋ ਜੀਤੋ ਕਰਦਾ ਹੀ ਤੁਰ ਗਿਆ। ਬੇਬੇ ਵਿਚਾਰੀ ਤਾਂ ਆਖ਼ਰੀ ਵੇਲੇ ਝੱਲਿਆਂ ਵਾਂਗੂੰ ਹੋ ਗਈ ਸੀ… ਗੁੰਮ ਸੁੰਮ ਹੀ ਰਹੀ… ਮੂੰਹੋਂ ਕੁਝ ਨਾ ਬੋਲਦੀ… ਪਤਾ ਨਹੀਂ ਢਿੱਡ ਵਿੱਚ ਹੀ ਕੀ ਕੁਝ ਲੈ ਗਈ… ਆਪਣਾ ਦੁੱਖ ਕਿਸੇ ਅੱਗੇ ਨਾ ਫਰੋਲਿਆ ਕਦੇ… ਪਹਿਲਾਂ ਤਾਂ ਕਦੇ ਕਦਾਈਂ ਮੇਰੇ ਅੱਗੇ ਰੋ ਲੈਂਦੀ ਸੀ ਤੈਨੂੰ ਯਾਦ ਕਰ ਕਰ ਕੇ, ਪਰ ਆਖ਼ਰੀ ਵੇਲੇ ਤਾਂ ਉਹ ਵੀ ਜਿਵੇਂ ਭੁੱਲ ਗਈ।’’
ਕਰਮੀ ਬੇਬੇ ਬਾਪੂ ਦੀਆਂ ਆਖ਼ਰੀ ਘੜੀਆਂ ਨੂੰ ਯਾਦ ਕਰ ਕਰ ਜੀਤੋ ਨੂੰ ਦੱਸਦੀ ਰਹੀ ਤੇ ਜੀਤੋ ਦੇ ਅੰਦਰ ਟੁੱਟ ਭੱਜ ਹੁੰਦੀ ਰਹੀ। ਉਸ ਦੇ ਕੋਇਆਂ ’ਚੋਂ ਪਾਣੀ ਗਿੜਦਾ ਰਿਹਾ। ਦੋਵੇਂ ਭੈਣਾਂ ਮਾਂ ਪਿਓ ਦੀਆਂ ਯਾਦਾਂ ਦੀ ਚੰਗੇਰ ਨੂੰ ਮਨ ਦੀ ਸਰਦਲ਼ ’ਤੇ ਬੋਚ ਇੱਕ ਦੂਜੇ ਨੂੰ ਕਲਾਵੇ ’ਚ ਲੈ ਕਿੰਨਾ ਚਿਰ ਰੋਂਦੀਆਂ ਰਹੀਆਂ।
ਕੁਝ ਚਿਰ ਮਗਰੋਂ ਕਰਮੀ ਆਪੇ ਦੱਸਣ ਲੱਗੀ ਕਿ ਅੱਜ ਵੀਰਾ ਸ਼ਾਇਦ ਆਪਣੇ ਕਰਮਾਂ ਦੀ ਸਜ਼ਾ ਭੁਗਤ ਰਿਹੈ.. ਉਸ ਦੀ ਜਾਨ ਅਟਕੀ ਪਈ ਘੰਢ ਵਿੱਚ ਤੈਨੂੰ ਵੇਖਣ ਲਈ… ਉਹ ਤੜਕੇ ਤੋਂ ਆਥਣ ਇੱਕ ਟੱਕ ਪਿਆ ਪਿਆ ਛੱਤ ਵੱਲ ਵੇਖਦਾ ਰਹਿੰਦਾ… ਜਦੋਂ ਕੋਈ ਕੋਲ ਜਾਂਦਾ ਤਾਂ ਤ੍ਰਭਕ ਕੇ ਆਖਦਾ… ਆ ਗਈ ਜੀਤੋ?… ਭੈਣ ਤੈਨੂੰ ਰੱਬ ਦਾ ਵਾਸਤਾ ਇੱਕ ਵਾਰ ਵੇਖ ਲੈ ਉਹਨੂੰ… ਤੈਨੂੰ ਵੇਖ ਕੇ ਸ਼ਾਇਦ ਉਹਦੀ ਵੀ ਮੁਕਤੀ ਹੋ ਜਾਵੇ…।’’
ਜੀਤੋ ਚੁੱਪ ਵੱਟ ਖੜ੍ਹੀ ਰਹੀ। ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਸ ਭਰਾ ਨੂੰ ਕਿੰਜ ਮਿਲਣ ਜਾਵੇ ਜਿਹਨੇ ਏਨੇ ਵਰ੍ਹੇ ਉਸ ਦੀ ਕੋਈ ਵਾਤ ਨਾ ਪੁੱਛੀ। ਮਾਂ ਪਿਓ ਦੇ ਮਰਨ ’ਤੇ ਵੀ ਉਸ ਨੂੰ ਨਾ ਸੱਦਿਆ। ਉਹ ਚੁੱਪ ਉਂਜ ਦੀ ਉਂਜ ਹੀ ਬੋਹੜ ਕੋਲ ਬੋਹੜ ਵਾਂਗੂੰ ਖੜ੍ਹੀ ਰਹੀ। ਗੱਲ ਨੂੰ ਅੱਗੇ ਤੋਰਦਿਆਂ ਕਰਮੀ ਨੂੰ ਪੁੱਛਣ ਲੱਗੀ, ‘‘ਤੈਨੂੰ ਕਿੰਜ ਪਤਾ ਲੱਗਾ ਕਿ ਮੈਂ ਇਸ ਪਿੰਡ ਵਿੱਚ ਹਾਂ?’’ ਕਰਮੀ ਦੱਸਣ ਲੱਗੀ, ‘‘ਇਹ ਤਾਂ ਭਲਾ ਹੋਵੇ ਬਚਨੇ ਬੁੜ੍ਹੇ ਦਾ। ਇੱਕ ਵਾਰ ਅਵਤਾਰ ਫ਼ੌਜੀ ਵੀਰੇ ਨੇ ਸ਼ਰਾਬ ਦੀ ਲੋਰ ਵਿੱਚ ਉਸ ਨੂੰ ਤੇਰੇ ਬਾਰੇ ਦੱਸਿਆ ਸੀ। ਨਾਲ ਧਮਕੀ ਵੀ ਦਿੱਤੀ ਸੀ ਕਿ ਜੇ ਇਸ ਦੀ ਸੂਹ ਕਿਸੇ ਨੂੰ ਲੱਗੀ ਤਾਂ ਤੇਰੀ ਖ਼ੈਰ ਨਹੀਂ। ਬਚਨਾ ਬੁੜ੍ਹਾ ਐਨੇ ਵਰ੍ਹਿਆਂ ਤੱਕ ਵੀਰੇ ਦੀ ਦਿੱਤੀ ਧਮਕੀ ਨਾਲ ਹੀ ਡਰਿਆ ਰਿਹਾ, ਪਰ ਹੁਣ ਵੀਰੇ ਨੂੰ ਮੰਜੇ ’ਤੇ ਪਿਆ ਵੇਖ ਉਹਦੀ ਆਖ਼ਰੀ ਇੱਛਾ ਦੀ ਪੂਰਤੀ ਲਈ ਉਹ ਮੇਰੇ ਨਾਲ ਤੁਰ ਪਿਆ।’’
ਜੀਤੋ ਬਿਨਾਂ ਕੁਝ ਬੋਲਿਆਂ ਘਰ ਵੱਲ ਤੁਰ ਪਈ। ਕਰਮੀ ਤੇ ਬਚਨਾ ਬੁੜ੍ਹਾ ਉਹਦੀਆਂ ਪੈੜਾਂ ਨੂੰ ਬੋਚਦੇ ਹੋਏ ਉਹਦੇ ਮਗਰ ਮਗਰ ਤੁਰ ਪਏ ਇਸ ਆਸ ਨਾਲ ਕਿ ਜੀਤੋ ਉਨ੍ਹਾਂ ਦੇ ਨਾਲ ਆਪਣੇ ਪੇਕੇ ਘਰ ਆਖ਼ਰੀ ਸਾਹਾਂ ’ਤੇ ਪਏ ਵੀਰੇ ਦੀ ਆਖ਼ਰੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਨਾਲ ਤੁਰ ਪਵੇਗੀ। ਘਰ ਪਹੁੰਚ ਕੇ ਜੀਤੋ ਨੇ ਜਦੋਂ ਆਪਣੀਆਂ ਨੂੰਹਾਂ ਨਾਲ ਆਪਣੀ ਭੈਣ ਤੇ ਬਚਨੇ ਬੁੜ੍ਹੇ ਨੂੰ ਮਿਲਾਇਆ ਅਤੇ ਆਪਣੇ ਮੰਜੇ ’ਤੇ ਪਏ ਵੀਰੇ ਬਾਰੇ ਦੱਸਿਆ ਤਾਂ ਉਸ ਦੀਆਂ ਨੂੰਹਾਂ ਹੈਰਾਨ ਸਨ ਕਿ ਜਿਹੜੇ ਪੇਕੇ ਕਦੇ ਉਹਦੇ ਦੁੱਖ ਸੁੱਖ ਵਿੱਚ ਨਹੀਂ ਖੜ੍ਹੇ ਉਹ ਅੱਜ ਕਿਸ ਹੱਕ ਨਾਲ ਲੈਣ ਆਏ ਹਨ? ਉਸ ਦੀ ਵੱਡੀ ਨੂੰਹ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਸਾਡੀ ਬੀਬੀ ਅਸੀਂ ਨਹੀਂ ਭੇਜਣੀ ਕਿਉਂਕਿ ਉਸ ਦੀਆਂ ਨੂੰਹਾਂ ਜੀਤੋ ਨਾਲ ਮੋਹ ਦੀਆਂ ਤੰਦਾਂ ਵਿੱਚ ਬੱਝੀਆਂ ਹੋਈਆਂ ਸਨ। ਉਹ ਜੀਤੋ ਦਾ ਕੋਈ ਦੁੱਖ ਨਹੀਂ ਸਹਾਰ ਸਕਦੀਆਂ। ਧੀਆਂ ਵਾਂਗੂੰ ਜੀਤੋ ਨਾਲ ਹਮੇਸ਼ਾਂ ਖੜ੍ਹੀਆਂ। ਜਦੋਂ ਜਦੋਂ ਜੀਤੋ ਆਪਣੇ ਪੇਕਿਆਂ ਨੂੰ ਯਾਦ ਕਰ ਕਰ ਰੋਈ ਉਨ੍ਹਾਂ ਨੇ ਜੀਤੋ ਨੂੰ ਆਪਣੀ ਮਾਂ ਵਾਂਗੂੰ ਸੰਭਾਲਿਆ। ਵੱਡੀ ਨੂੰਹ ਦੇ ਇਨਕਾਰ ਤੋਂ ਬਾਅਦ ਜੀਤੋ ਦੇ ਚਿਹਰੇ ’ਤੇ ਉਭਰਦੇ ਹਾਵ ਭਾਵ ਨੂੰ ਵੇਖ ਛੋਟੀ ਨੂੰਹ ਨੇ ਨੀਝ ਲਾ ਕੇ ਵੇਖਿਆ। ਉਹ ਜੀਤੋ ਨੂੰ ਜੱਫ਼ੀ ਪਾ ਆਖਣ ਲੱਗੀ, ‘‘ਬੀਬੀ ਰੋਂਦੀ ਕਾਹਨੂੰ ਐਂ? ਮੈਨੂੰ ਪਤਾ ਪੇਕੇ ਜਿਹੋ ਜਿਹੇ ਵੀ ਹੋਣ ਧੀਆਂ ਹਮੇਸ਼ਾ ਪੇਕਿਆਂ ਨੂੰ ਉਡੀਕਦੀਆਂ ਨੇ… ਅੱਜ ਤੇਰਾ ਵੀਰਾ ਤੈਨੂੰ ਉਡੀਕਦਾ ਹੈ… ਜਾਂ ਜੇ ਤੇਰੀ ਰੂਹ ਐ ਜਾਣ ਦੀ।’’ ਜੀਤੋ ਦੇ ਝੁਰੜੀਆਂ ਭਰੇ ਚਿਹਰੇ ਨੂੰ ਵੇਖ ਵੱਡੀ ਨੂੰਹ ਇੱਕ ਸੂਟ ਝੋਲੇ ਵਿੱਚ ਪਾ ਕੇ ਉਸ ਦੇ ਹੱਥ ਫੜਾਉਂਦੀ ਹੋਈ ਆਖਣ ਲੱਗੀ, ‘‘ਲੈ ਬੀਬੀ! ਮਿਲ ਆ ਆਪਣੇ ਵੀਰੇ ਨੂੰ… ਪਰ ਛੇਤੀ ਆਈਂ… ਤੇਰੇ ਬਿਨਾਂ ਘਰ ਖਾਣ ਨੂੰ ਪੈਂਦੈ।’’ ਉਹ ਝੋਲਾ ਫੜ ਆਪਣੇ ਪੇਕਿਆਂ ਦੇ ਰਾਹ ਪੈ ਗਈ।
ਸੰਪਰਕ: 98143-85918