
ਕ੍ਰਿਸ਼ਨ ਚੰਦਰ
ਗ਼ਾਲਿਬ ਸਾਹਿਬ ਨੇ ਇਹ ਤਾਂ ਸਮਝ ਲਿਆ ਸੀ ਕਿ ਦਰਦ ਦਾ ਹੱਦ ਤੋਂ ਗੁਜ਼ਰ ਜਾਣਾ ਦਵਾਈ ਬਣ ਜਾਂਦਾ ਹੈ, ਪਰ ਉਹ ਇਹ ਨਹੀਂ ਸਮਝ ਸਕੇ ਕਿ ਦਵਾਈ ਦੀ ਕੀਮਤ ਦਾ ਹੱਦ ਤੋਂ ਗੁਜ਼ਰ ਜਾਣਾ ਦਰਦ ਬਣ ਜਾਂਦਾ ਹੈ। ਹੁਣ ਤਾਂ ਬਿਮਾਰ ਹੋਣ ਲਈ ਵੀ ਹੈਸੀਅਤ ਵਾਲਾ ਹੋਣਾ ਬਹੁਤ ਜ਼ਰੂਰੀ ਹੈ। ਨਬਜ਼ ਵੇਖਦੇ ਹੋਏ ਡਾਕਟਰ ਸਾਹਿਬ ਜੋ ਇਹ ਪੁੱਛਦੇ ਹਨ ਕਿ ਨਾਸ਼ਤੇ ਵਿੱਚ ਕੀ ਖਾਧਾ ਸੀ? ਤਾਂ ਇਸ ਸੁਆਲ ਦਾ ਬਿਮਾਰੀ ਨਾਲ ਕੋਈ ਸਬੰਧ ਨਹੀਂ ਹੁੰਦਾ। ਇਹ ਗੱਲ ਪੁੱਛ ਕੇ ਡਾਕਟਰ ਆਪਣੇ ਮਰੀਜ਼ ਦੀ ਹੈਸੀਅਤ ਦਾ ਅੰਦਾਜ਼ਾ ਲਾਉਂਦੇ ਹਨ। ਸਰੀਰ ਬਿਮਾਰ ਹੋਵੇ, ਇਹਦੇ ਲਈ ਜੇਬ੍ਹ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਇਹੋ ਕਾਰਨ ਹੈ ਕਿ ਗ਼ਰੀਬਾਂ ਵਿੱਚ ਬਿਮਾਰ ਹੋਣ ਦਾ ਰਿਵਾਜ ਹੌਲੀ-ਹੌਲੀ ਖ਼ਤਮ ਹੁੰਦਾ ਜਾ ਰਿਹਾ ਹੈ। ਹੁਣ ਅਮੀਰ ਦੇ ਬਿਮਾਰ ਹੋਣ ਦੀ ਅਤੇ ਗ਼ਰੀਬ ਦੇ ਮਰਨ ਦੀ ਖ਼ਬਰ ਆਉਂਦੀ ਹੈ। ਗ਼ਰੀਬ ਬਹੁਤ ਦਿਨਾਂ ਤੱਕ ਜਿਉਂਦਾ ਹੈ, ਫਿਰ ਇੱਕ ਦਿਨ ਮਰ ਜਾਂਦਾ ਹੈ। ਜਿਉਣ ਅਤੇ ਮਰਨ ਦੇ ਵਿਚਾਲੇ ਉਹ ਬਿਮਾਰ ਨਹੀਂ ਹੁੰਦਾ। ਬਿਮਾਰ ਉਹੀ ਅਖਵਾਉਂਦੇ ਹਨ ਜੋ ਬਿਮਾਰੀ ਨੂੰ ਸਵੀਕਾਰ ਕਰਦੇ ਹਨ, ਗ਼ਰੀਬ ਇਹਨੂੰ ਬਰਦਾਸ਼ਤ ਕਰਦਾ ਹੈ।
ਜਦੋਂ ਤੋਂ ਇਲਾਜ ਮਹਿੰਗਾ ਹੋਇਆ ਹੈ, ਪੈਸੇ ਵਾਲਿਆਂ ਨੂੰ ਬਿਮਾਰ ਹੋਣ ਦੀ ਬਿਮਾਰੀ ਲੱਗ ਗਈ ਹੈ। ਬਿਮਾਰ ਰਹਿਣ ਵਿੱਚ ਹੀ ਉਹ ਆਪਣੀ ਸ਼ਾਨ ਸਮਝਦੇ ਹਨ। ਵਿਖਾਵੇ ਦੀ ਇਸ ਖੇਡ ਵਿੱਚ ਨਾ ਦਰਦ ਹੈ ਨਾ ਦਵਾਈ ਹੈ, ਬਸ ਬਿਮਾਰੀ ਹੈ। ਅੱਜਕੱਲ੍ਹ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ, ਚਾਰ ਲੋਕਾਂ ਵਿੱਚ ਇਹ ਕਹਿਣ ਵਿੱਚ ਜੋ ਸੁਖ ਮਿਲਦਾ ਹੈ, ਉਹ ਅਦਭੁਤ ਹੈ। ਜਿਵੇਂ ਕਿਸੇ ਨੂੰ ਸ਼ਰਾਬ ਅਤੇ ਕਿਸੇ ਨੂੰ ਜੂਏ ਦੀ ਭੈੜੀ ਵਾਦੀ ਹੁੰਦੀ ਹੈ, ਉਸੇ ਤਰ੍ਹਾਂ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਬਿਮਾਰ ਹੋਣ ਦੀ ਲਤ ਲੱਗ ਗਈ ਹੈ। ਹਾਲਾਂਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ, ਫਿਰ ਵੀ ਡਾਕਟਰ ਇਨ੍ਹਾਂ ਨੂੰ ਦਵਾਈਆਂ ਦਿੰਦਾ ਹੈ ਕਿਉਂਕਿ ਉਹ ਜਾਣਦਾ ਹੈ ਇਹ ਦਵਾਈ ਲਏ ਬਿਨਾਂ ਮੰਨਣਗੇ ਨਹੀਂ। ਇਨ੍ਹਾਂ ਨੂੰ ਦਵਾਈਆਂ ਦਿੱਤੀਆਂ ਹੀ ਨਹੀਂ ਜਾਂਦੀਆਂ ਸਗੋਂ ਬਦਲ-ਬਦਲ ਕੇ ਦਿੱਤੀਆਂ ਜਾਂਦੀਆਂ ਹਨ, ਵੱਖ-ਵੱਖ ਰੰਗਾਂ ਦੀਆਂ ਦਿੱਤੀਆਂ ਜਾਂਦੀਆਂ ਹਨ। ਉਸ ਡਾਕਟਰ ਨੂੰ ਇਹ ਡਾਕਟਰ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ, ਜੋ ਇੰਜੈਕਸ਼ਨ ਨਹੀਂ ਲਾਉਂਦਾ ਗੁਲੂਕੋਜ਼ ਨਹੀਂ ਚੜ੍ਹਾਉਂਦਾ।
ਇਹ ਜੋ ਸ਼ੌਕੀਆ ਬਿਮਾਰ ਹੁੰਦੇ ਹਨ, ਬਹੁਤ ਦਿਲਚਸਪ ਬਿਮਾਰ ਹੁੰਦੇ ਹਨ। ਖਾਣ-ਪੀਣ ’ਤੇ ਇਨ੍ਹਾਂ ਦਾ ਕੋਈ ਕੰਟਰੋਲ ਨਹੀਂ ਹੁੰਦਾ। ਹੱਸਦੇ ਕੀ ਹਨ, ਠਹਾਕੇ ਲਾਉਂਦੇ ਹਨ ਪਰ ਜਿਵੇਂ ਹੀ ਕੋਈ ਮੁਲਾਕਾਤੀ ਆਉਂਦਾ ਹੈ ਸੀਰੀਅਸ ਹੋ ਜਾਂਦੇ ਹਨ, ਸ਼ਾਲ ਲੈ ਲੈਂਦੇ ਹਨ ਅਤੇ ਹੌਲੀ-ਹੌਲੀ ਬੋਲਦੇ ਹਨ। ਬੈਠੇ ਹਨ ਤਾਂ ਮੁਸ਼ਕਿਲ ਨਾਲ ਖੜ੍ਹੇ ਹੁੰਦੇ ਹਨ ਅਤੇ ਖੜ੍ਹੇ ਹਨ ਤਾਂ ਬੈਠਣ ਵਿੱਚ ‘ਆ’, ‘ਊ’ ਕਰਦੇ ਹਨ। ਮੁਲਾਕਾਤੀ ਪੁੱਛਦਾ ਹੈ- ਹੋਇਆ ਕੀ ਹੈ ਤਾਂ ਕਹਿੰਦੇ ਹਨ ਇਹੋ ਤਾਂ ਸਮਝ ਨਹੀਂ ਆ ਰਿਹਾ, ਡਾਕਟਰ ਖ਼ੁਦ ਪ੍ਰੇਸ਼ਾਨ ਹੈ ਕਿ ਹੋਇਆ ਕੀ ਹੈ? ਜਿਸਮ ਟੁੱਟ ਰਿਹਾ ਹੈ, ਜਿਸਮ ਵਿੱਚ ਹਰਾਰਤ ਹੈ, ਬੁਖ਼ਾਰ ਚੜ੍ਹ ਰਿਹਾ ਹੈ ਉੱਤਰ ਰਿਹਾ ਹੈ। ਮੁਲਾਕਾਤੀ ਮੱਥਾ ਛੋਹ ਕੇ ਕਹਿੰਦਾ ਹੈ - ਸਰੀਰ ਗਰਮ ਤਾਂ ਨਹੀਂ ਹੈ ਤਾਂ ਕਹਿੰਦੇ ਹਨ- ਅੰਦਰੂਨੀ ਬੁਖ਼ਾਰ ਹੈ। ਹੁਣ ਉਹਨੂੰ ਕਿਵੇਂ ਸਮਝਾਉਣ ਕਿ ਖ਼ਿਆਲੀ ਬੁਖ਼ਾਰ ਵਿੱਚ ਟੈਂਪਰੇਚਰ ਨਹੀਂ ਹੁੰਦਾ।
ਜਿਸਮ ਟੁੱਟ ਰਿਹਾ ਹੈ ਅਤੇ ਸਰੀਰ ਵਿੱਚ ਹਰਾਰਤ ਹੈ। ਇਹ ਅਜਿਹੀ ਬਿਮਾਰੀ ਹੈ ਜਿਸ ਵਿੱਚ ਐਕਸ-ਰੇ ਵਰਗੀ ਤਕਨੀਕ ਦਾ ਵੀ ਇਸਤੇਮਾਲ ਨਹੀਂ ਹੋ ਸਕਦਾ। ਇਨ੍ਹਾਂ ਦੀ ਜੋ ਹਰਾਰਤ ਹੈ, ਉਹ ਇਨ੍ਹਾਂ ਦੀ ਸ਼ਰਾਰਤ ਹੈ। ਜਿਸਮ ਦਾ ਟੁੱਟਣਾ ਕਿਸੇ ਟਹਿਣੀ ਦਾ ਟੁੱਟਣਾ ਤਾਂ ਹੈ ਨਹੀਂ ਜੋ ਵਿਖਾਈ ਦੇਵੇ। ਇਨ੍ਹਾਂ ਅੱਖਾਂ ਨੇ ਬਿਮਾਰੀ ਦੇ ਐਸੇ-ਐਸੇ ਸ਼ੌਕੀਨ ਵੇਖੇ ਹਨ ਜੋ ਕਿਸੇ ਇੱਕ ਬਿਮਾਰੀ ਤੋਂ ਕਦੇ ਸੰਤੁਸ਼ਟ ਨਹੀਂ ਹੁੰਦੇ। ਇਨ੍ਹਾਂ ਨੂੰ ਰੋਜ਼ ਸਵੇਰੇ ਚਾਹ ਅਤੇ ਬਿਸਕੁਟ ਨਾਲ ਰੋਗ ਦਾ ਇੱਕ ਨਵਾਂ ਨਾਂ ਚਾਹੀਦਾ ਹੈ। ਇਨ੍ਹਾਂ ਨੇ ਇਸ ਕੰਮ ਲਈ ਇੱਕ ਮੈਨੇਜਰ-ਨੁਮਾ ਬੰਦਾ ਵੀ ਰੱਖਿਆ ਹੁੰਦਾ ਹੈ ਜੋ ਇਨ੍ਹਾਂ ਦੀ ਬਿਮਾਰੀ ਨੂੰ ਮੈਨੇਜ ਕਰਦਾ ਹੈ, ਉਹਦਾ ਚੰਗੀ ਤਰ੍ਹਾਂ ਪ੍ਰਚਾਰ ਕਰਦਾ ਹੈ। ਜੇ ਠੀਕ ਤਰ੍ਹਾਂ ਪ੍ਰਚਾਰ ਹੀ ਨਾ ਹੋਵੇ ਤਾਂ ਬਿਮਾਰ ਹੋਣ ਦਾ ਕੋਈ ਫ਼ਾਇਦਾ ਹੀ ਨਹੀਂ ਹੈ। ਇੱਕ ਬਿਮਾਰ ਸੇਠ ਨੇ ਆਪਣੇ ਨੌਕਰ ਨੂੰ ਸਿਰਫ਼ ਇਸੇ ਲਈ ਕੱਢ ਦਿੱਤਾ ਕਿਉਂਕਿ ਉਹ ਬਿਮਾਰ ਹੋ ਗਿਆ ਸੀ। ਸੇਠ ਦਾ ਕਹਿਣਾ ਸੀ - ਕਮਬਖ਼ਤ ਨੌਕਰ ਹੋ ਕੇ ਮਾਲਕ ਦੀ ਬਰਾਬਰੀ ਕਰਦਾ ਹੈ!
ਬਿਮਾਰੀ ਦਾ ਸ਼ੌਕ ਵੀ ਬਹੁਤ ਮਹਿੰਗਾ ਸ਼ੌਕ ਹੈ ਅਤੇ ਇਸ ਵਿੱਚ ਪ੍ਰਤਿਯੋਗਤਾ ਵੀ ਬਹੁਤ ਹੈ। ਖ਼ੁਦ ਦੀ ਬਿਮਾਰੀ ਮੈਨੇਜ ਕਰਨ ਦੇ ਨਾਲ-ਨਾਲ ਦੂਜੇ ਦੀ ਬਿਮਾਰੀ ’ਤੇ ਵੀ ਨਜ਼ਰ ਰੱਖਣੀ ਹੁੰਦੀ ਹੈ। ਇੱਕ ਕਾਲਪਨਿਕ ਬਿਮਾਰ ਕਦੇ ਨਹੀਂ ਚਾਹੇਗਾ ਕਿ ਕੋਈ ਦੂਜਾ ਕਾਲਪਨਿਕ ਬਿਮਾਰ ਬਿਮਾਰੀ ਵਿੱਚ ਉਸ ਤੋਂ ਅੱਗੇ ਨਿਕਲ ਜਾਵੇ। ਜੋ ਜਿੰਨਾ ਵੱਡਾ ਪੂੰਜੀਪਤੀ ਉਹ ਉਨੀ ਹੀ ਸ਼ਾਨ ਨਾਲ ਬਿਮਾਰ ਹੁੰਦਾ ਹੈ। ਬਿਮਾਰ ਹੋਣ ਦੀ ਇਹ ਆਪਸ ਵਿੱਚ ਇੱਕ-ਦੂਜੇ ਨੂੰ ਵਧਾਈ ਵੀ ਦਿੰਦੇ ਹਨ। ਇਹ ਸਭ ਪੁਰਾਣੇ ਖਾਨਦਾਨੀ ਰਈਸ ਹੁੰਦੇ ਹਨ, ਜੋ ਨਵੇਂ ਰਈਸ ਨੂੰ ਕਦੇ ਸਵੀਕਾਰ ਹੀ ਨਹੀਂ ਕਰਦੇ। ਇੱਕ ਬਿਮਾਰ ਨੂੰ ਉਸ ਵੇਲੇ ਸੱਪ ਸੁੰਘ ਗਿਆ ਜਦੋਂ ਉਹਨੂੰ ਪਤਾ ਲੱਗਿਆ ਕਿ ਉਹਦਾ ਇੱਕ ਪ੍ਰਤਿਯੋਗੀ ਸਿਹਤ ਵਿੱਚ ਸੁਧਾਰ ਲਈ ਮਸੂਰੀ ਗਿਆ ਹੈ ਤਾਂ ਉਨ੍ਹਾਂ ਨੇ ਫ਼ੌਰਨ ਕਸ਼ਮੀਰ ਜਾਣ ਦਾ ਪ੍ਰੋਗਰਾਮ ਬਣਾ ਲਿਆ ਪਰ ਉਸ ਵੇਲੇ ਉਨ੍ਹਾਂ ਦੀ ਤਬੀਅਤ ਸੱਚਮੁੱਚ ਖਰਾਬ ਹੋ ਗਈ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਗੁਆਂਢੀ ਹਵਾ-ਪਾਣੀ ਬਦਲਣ ਲਈ ਸਵਿਟਜ਼ਰਲੈਂਡ ਚਲਾ ਗਿਆ ਹੈ।
- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ