ਗੁਰਮੀਤ ਪਲਾਹੀ ਜਿੰਨਾ ਸਰਗਰਮ ਪੱਤਰਕਾਰ ਹੈ, ਓਨਾ ਹੀ ਸਰਗਰਮ ਪਾਠਕ ਤੇ ਆਲੋਚਕ ਹੈ। ਉਸ ਨੇ ਚਾਰ ਸੌ ਪਿੰਡਾਂ ਵਿਚ ਪ੍ਰਦੂਸ਼ਣ ਖਿ਼ਲਾਫ ਮੁਹਿੰਮ ਚਲਾਈ ਹੈ ਤੇ ਕੁਦਰਤੀ ਵਣ ਤ੍ਰਿਣ ਦਾ ਰਾਖਾ ਹੈ। ਕੁਝ ਪਿੰਡਾਂ ਵਿਚ ਖੇਡ ਮੈਦਾਨ ਤੇ ਸਟੇਡੀਅਮ ਬਣਾਉਣ ਦੀ ਜਾਗ ਲਾਈ ਹੈ। ਉਸ ਨੇ ਪੰਦਰਾਂ ਸਾਲ ਪਿੰਡਾਂ ਵਿਚ ਸਕੂਲ ਮਾਸਟਰੀ ਕੀਤੀ ਤੇ ਬਾਕੀ ਦੀ ਉਮਰ ਪੇਂਡੂ ਵਿਕਾਸ ਸਕੀਮਾਂ ਤੇ ਸਮਾਜ ਸੇਵਾ ਦੇ ਲੇਖੇ ਲਾ ਰਿਹੈ। ਹੁਣ ਉਹ ਫਗਵਾੜੇ ਦਾ ਵਸਨੀਕ ਹੈ ਜਿਥੇ ਰੈੱਡ ਕਰਾਸ ਭਵਨ ਵਿਚ ਉਹਦਾ ਹੈੱਡ ਕੁਆਰਟਰ ਹੈ। ਆਏ ਮਹੀਨੇ ਸਾਹਿਤਕ, ਸਭਿਆਚਾਰਕ ਤੇ ਸਿਹਤ ਸੰਬੰਧੀ ਸਮਾਗਮ ਕਰਵਾਈ ਰੱਖਦਾ ਹੈ। ਉਥੇ ਕਵੀ ਦਰਬਾਰਾਂ ਤੋਂ ਲੈ ਕੇ ਗੰਭੀਰ ਵਿਸਿ਼ਆਂ ਬਾਰੇ ਗੋਸ਼ਟੀਆਂ ਤੇ ਕਾਨਫਰੰਸਾਂ ਹੁੰਦੀਆਂ ਹਨ। ਨਵੀਆਂ ਪੁਸਤਕਾਂ ਛਪਦੀਆਂ ਤੇ ਉਨ੍ਹਾਂ ਦੇ ਰਿਲੀਜ਼ ਸਮਾਗਮ ਹੁੰਦੇ ਹਨ।
ਪ੍ਰਿੰ. ਸਰਵਣ ਸਿੰਘ
ਗੁਰਮੀਤ ਸਿੰਘ ਪਲਾਹੀ ਹਾਕੀ ਜਾਂ ਬੱਲੇ ਦਾ ਨਹੀਂ, ਕਲਮ ਦਾ ਖਿਡਾਰੀ ਹੈ। ਉਹਦੀ ਕਲਮ ਕਈ ਸਾਲਾਂ ਤੋਂ ਗੋਲ ਤੇ ਗੋਲ ਕਰੀ ਜਾਂਦੀ ਹੈ। ਉਸ ਦੇ ਦੋ ਹਜ਼ਾਰ ਤੋਂ ਵੱਧ ਲੇਖ ਛਪ ਚੁੱਕੇ ਹਨ ਅਤੇ ਪੰਜ ਪੁਸਤਕਾਂ। ਪੁਸਤਕਾਂ ਵਿਚ ਇਕ ਕਾਵਿ ਸੰਗ੍ਰਹਿ, ਦੋ ਕਹਾਣੀ ਸੰਗ੍ਰਹਿ ਤੇ ਦੋ ਲੇਖ ਸੰਗ੍ਰਹਿ ਹਨ। ਉਹਨਾਂ ਦੇ ਨਾਂ ਹਨ: ਸੁਪਨੇ ਤੇ ਪਰਛਾਵੇਂ, ਪੰਜਾਬ ਦੀ ਆਵਾਜ਼, ਅੱਜ ਦਾ ਪੰਜਾਬ, ਸੂਰਜ ਨਹੀਂ ਚੜ੍ਹਿਆ ਤੇ ਸੂਰਜ ਚੜ੍ਹਨ ਤੋਂ ਪਹਿਲਾਂ। ਸੂਰਜ ਚੜ੍ਹਨ ਤੋਂ ਪਹਿਲਾਂ ਦੇ ਪਹੁ ਫੁਟਾਲੇ ਪਿੱਛੋਂ ਹੁਣ ਉਸ ਦੀਆਂ ਲਿਖਤਾਂ ਦਾ ਸੂਰਜ ਪੂਰਾ ਹੀ ਚੜ੍ਹ ਚੁੱਕਾ ਹੈ। ਦੇਸ਼ ਵਿਦੇਸ਼ ਵਿਚ ਪੰਜਾਬੀ ਦਾ ਸ਼ਾਇਦ ਹੀ ਕੋਈ ਅਖ਼ਬਾਰ ਰਸਾਲਾ ਹੋਵੇ ਜਿਸ ਵਿਚ ਉਹਦਾ ਕੋਈ ਲੇਖ ਨਾ ਛਪਿਆ ਹੋਵੇ। ਉਸ ਨੇ ਸਿਆਸੀ, ਸਮਾਜਿਕ, ਆਰਥਿਕ, ਧਾਰਮਿਕ ਤੇ ਸਭਿਆਚਾਰਕ ਮੁੱਦਿਆਂ ਤੋਂ ਬਿਨਾ ਖੇਡਾਂ ਖਿਡਾਰੀਆਂ ਬਾਰੇ ਵੀ ਲੇਖ ਲਿਖੇ ਹਨ। ਉਹ ਹਰਫਨਮੌਲਾ ਪੱਤਰਕਾਰ ਹੈ। ਉਸ ਨੇ ਇੰਗਲੈਂਡ, ਅਮਰੀਕਾ, ਕੈਨੇਡਾ ਤੇ ਸੋਵੀਅਤ ਦੇਸ ਦੇ ਸੈਮੀਨਾਰਾਂ ਵਿਚ ਭਾਗ ਲਿਆ ਹੈ। ਜਿੰਨੇ ਲੇਖ ਲਿਖੇ ਹਨ, ਉਸ ਤੋਂ ਵੱਧ ਰੁੱਖ ਬੂਟੇ ਲਾਏ ਤੇ ਲੁਆਏ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਪ੍ਰਭਾਵਿਤ ਉਹ ਵਾਤਾਵਰਨ ਪ੍ਰੇਮੀ ਹੈ।
ਉਸ ਦਾ ਜਨਮ 15 ਦਸੰਬਰ 1950 ਨੂੰ ਰਬੇਲ ਸਿੰਘ ਅਤੇ ਸ਼ੀਲਾ ਦੇ ਘਰ ਪਿੰਡ ਪਲਾਹੀ ਵਿਚ ਹੋਇਆ। ਪਲਾਹੀ ਫਗਵਾੜੇ ਦੀ ਬਗਲ ਵਿਚ ਵੱਸਦਾ ਮਾਡਲ ਪਿੰਡ ਹੈ ਜਿਸ ਦੇ ਬਹੁਪੱਖੀ ਵਿਕਾਸ ਵਿਚ ਗੁਰਮੀਤ ਪਲਾਹੀ ਦਾ ਵੀ ਯੋਗਦਾਨ ਹੈ। ਉਹਦਾ ਜੁੱਸਾ ਭਾਵੇਂ ਇਕਹਿਰਾ ਹੈ ਪਰ ਹੱਥ ਭਾਰੇ ਕੰਮਾਂ ਨੂੰ ਪਾਉਂਦਾ ਆ ਰਿਹੈ। ਅੱਜ ਕੱਲ੍ਹ ਉਹ ਮਾਸਕ ਪੱਤਰ ‘ਧਰਤੀ ਦਾ ਸੂਰਜ’ ਅਤੇ ਆਨਲਾਈਨ ਪੇਪਰ ‘ਅੱਜ ਦਾ ਪੰਜਾਬ’ ਦਾ ਮੁੱਖ ਸੰਪਾਦਕ ਹੈ। ਪੰਜਾਬ ਕਾਲਮਨਵੀਸ ਪੱਤਰਕਾਰ ਮੰਚ ਦਾ ਪ੍ਰਧਾਨ ਹੈ ਅਤੇ ਪੰਜਾਬੀ ਵਿਰਸਾ ਟਰਸਟ ਦਾ ਜਨਰਲ ਸਕੱਤਰ। ਜਿਥੇ ਉਹਦੀ ਕਲਮ ਤੇਜ਼ ਤਰਾਰ ਸਪਰਿੰਟ ਲਾ ਰਹੀ ਹੈ, ਉਥੇ ਮੈਰਾਥਨ ਦੌੜਾਂ ਵਿਚ ਵੀ ਕਿਸੇ ਤੋਂ ਪਿੱਛੇ ਨਹੀਂ। ਹਰ ਰੋਜ਼ ਕੁਝ ਨਾ ਕੁਝ ਲਿਖਣਾ ਉਹਦਾ ਨਿੱਤਨੇਮ ਹੈ।
ਉਸ ਨੇ ਆਪਣੀ ਮੁੱਢਲੀ ਪੜ੍ਹਾਈ ਪਲਾਹੀ ਦੇ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਕਰ ਕੇ ਟੈਕਨੀਕਲ ਪੜ੍ਹਾਈ ਫਗਵਾੜੇ ਦੇ ਪੌਲੀਟੈਕਨਿਕ ਕਾਲਜ ਤੋਂ ਕੀਤੀ। ਉਹ ਪੰਜਾਬੀ ਤੇ ਸੋਸਿ਼ਆਲੋਜੀ ਵਿਸਿ਼ਆਂ ਵਿਚ ਐੱਮਏ ਤੇ ਡਿਪਲੋਮਾ ਇਨ ਮਕੈਨੀਕਲ ਇੰਜਨੀਅਰਿੰਗ ਹੈ। ਜਿੰਨਾ ਸਰਗਰਮ ਪੱਤਰਕਾਰ ਹੈ, ਓਨਾ ਹੀ ਸਰਗਰਮ ਪਾਠਕ ਤੇ ਆਲੋਚਕ ਹੈ। ਉਸ ਨੇ ਚਾਰ ਸੌ ਪਿੰਡਾਂ ਵਿਚ ਪ੍ਰਦੂਸ਼ਣ ਖਿ਼ਲਾਫ ਮੁਹਿੰਮ ਚਲਾਈ ਹੈ ਤੇ ਕੁਦਰਤੀ ਵਣ ਤ੍ਰਿਣ ਦਾ ਰਾਖਾ ਹੈ। ਕੁਝ ਪਿੰਡਾਂ ਵਿਚ ਖੇਡ ਮੈਦਾਨ ਤੇ ਸਟੇਡੀਅਮ ਬਣਾਉਣ ਦੀ ਜਾਗ ਲਾਈ ਹੈ। ਫਗਵਾੜੇ ਦੇ 25 ਪਾਰਕਾਂ ਵਿਚ ਰੁੱਖ ਬੂਟੇ ਲਾਉਣ ਦੀ ਸੇਵਾ ਸਭਾਲ ਕੀਤੀ ਹੈ। ਉਹ ਫੁੱਲਾਂ-ਕਲੀਆ ਤੇ ਮਹਿਕਾਂ ਦਾ ਮਤਵਾਲਾ ਹੈ। ਉਸ ਨੇ ਪੰਦਰਾਂ ਸਾਲ ਪਿੰਡਾਂ ਵਿਚ ਸਕੂਲ ਮਾਸਟਰੀ ਕੀਤੀ ਤੇ ਬਾਕੀ ਦੀ ਉਮਰ ਪੇਂਡੂ ਵਿਕਾਸ ਸਕੀਮਾਂ ਤੇ ਸਮਾਜ ਸੇਵਾ ਦੇ ਲੇਖੇ ਲਾ ਰਿਹੈ। ਹੁਣ ਉਹ ਫਗਵਾੜੇ ਦਾ ਵਸਨੀਕ ਹੈ ਜਿਥੇ ਰੈੱਡ ਕਰਾਸ ਭਵਨ ਵਿਚ ਉਹਦਾ ਹੈੱਡ ਕੁਆਰਟਰ ਹੈ। ਉਥੇ ਪੁਸਤਕਾਂ ਦਾ ਭੰਡਾਰ ਹੈ। ਉਹ ਰੁਜ਼ਗਾਰ ਦੇ ਨਿੱਕੇ ਮੋਟੇ ਕੋਰਸ ਵੀ ਕਰਵਾਈ ਜਾ ਰਿਹੈ। ਆਏ ਮਹੀਨੇ ਸਾਹਿਤਕ, ਸਭਿਆਚਾਰਕ ਤੇ ਸਿਹਤ ਸੰਬੰਧੀ ਸਮਾਗਮ ਕਰਵਾਈ ਰੱਖਦਾ ਹੈ। ਉਥੇ ਕਵੀ ਦਰਬਾਰਾਂ ਤੋਂ ਲੈ ਕੇ ਗੰਭੀਰ ਵਿਸਿ਼ਆਂ ਬਾਰੇ ਗੋਸ਼ਟੀਆਂ ਤੇ ਕਾਨਫਰੰਸਾਂ ਹੁੰਦੀਆਂ ਹਨ। ਨਵੀਆਂ ਪੁਸਤਕਾਂ ਛਪਦੀਆਂ ਤੇ ਉਨ੍ਹਾਂ ਦੇ ਰਿਲੀਜ਼ ਸਮਾਗਮ ਹੁੰਦੇ ਹਨ। ਉਹ ਪ੍ਰਿੰਸੀਪਲ ਵੀ ਰਿਹਾ ਤੇ ਪ੍ਰਾਜੈਕਟ ਅਫਸਰ ਵੀ। ਪੇਸ਼ ਹਨ ਉਹਦੀਆਂ ਲਿਖਤਾਂ ਦੇ ਕੁਝ ਅੰਸ਼:
ਖੇਡਾਂ, ਪੰਜਾਬ ਅਤੇ ਸਿਆਸਤ
ਖੇਡਾਂ ਪੰਜਾਬੀਆਂ ਦਾ ਸੁਭਾਅ ਹੈ। ਖੇਡ ਭਾਵੇਂ ਖੇਡ ਮੈਦਾਨ ਦੀ ਹੋਵੇ, ਸਿਆਸਤ ਦੀ ਹੋਵੇ ਜਾਂ ਖੇਡ ਗ੍ਰਹਿਸਥੀ ਜੀਵਨ ਦੀ। ਪੰਜਾਬੀਆਂ ਦੀ ਖੇਡ ਨਿਰਾਲੀ ਹੈ, ਨਿਵੇਕਲੀ ਹੈ, ਕਿਧਰੇ ਦਿਲ-ਮਨ ਨੂੰ ਛੂਹ ਲੈਣ ਵਾਲੀ ਹੈ, ਕਿਧਰੇ ਜਾਨ ਲੇਵਾ ਹੈ ਤੇ ਕਿਧਰੇ ਦੂਸਰਿਆਂ ਨੂੰ ਸਬਕ ਸਿਖਾਉਣ ਵਾਲੀ ਹੈ। ਕਿਧਰੇ ਆਪਣਾ ਉਜਾੜਾ ਆਪ ਕਰਨ ਵਾਲੀ ਵੀ ਹੈ।
ਸਿਆਸਤ ਦੀਆਂ ਅੰਦਰਲੀਆਂ ਪੇਚਦਗੀਆਂ ਜਾਂ ਗੁੰਝਲਾਂ ਤੋਂ ਅਨਜਾਣ, ਕਿਸੇ ਦੂਜੇ ਦੀ ਗੱਲ ਨੂੰ ਸਹਿਜ-ਸੁਭਾਅ ਮੰਨ ਲੈਣ ਵਾਲੇ ਪੰਜਾਬੀ, ਖੇਡ ਖੇਤਰ ਚ ਮੱਲਾਂ ਮਾਰਨ ਲਈ ਮਸ਼ਹੂਰ ਤਾਂ ਹੋਏ ਹੀ, ਦੇਸੀਂ-ਪਰਦੇਸੀਂ ਜੁੱਸਿਆਂ ਦੇ ਬਲ ਤੇ ਸੋਚ ਦੇ ਜ਼ੋਰ ਨਾਲ, ਤਰਕੀਬਾਂ ਅਤੇ ਮਿਲਾਪੜੇ ਸੁਭਾਅ ਨਾਲ ਆਪਣੇ ਕੱਦ ਕਾਠ ਤੇ ਕਾਰੋਬਾਰ ਵਧਾਉਣ ਚ ਵੀ ਸਫ਼ਲ ਹੋਏ ਹਨ।ਇੰਜ ਵਿਸ਼ਵ ਪੱਧਰ ਤੇ ਵਿਚਰਦਿਆਂ ਉਹਨਾਂ ਨੇ ਨਾ ਆਪਣੀ ਮਾਂ-ਬੋਲੀ ਭੁਲਾਈ, ਨਾ ਆਪਣੀ ਮਾਂ-ਖੇਡ ਕਬੱਡੀ ਖੇਡਣੀ ਛੱਡੀ, ਨਾ ਪਹਿਲਵਾਨੀ ਤੋਂ ਮੂੰਹ ਮੋੜਿਆ ਤੇ ਨਾ ਆਪਣੇ ਰੰਗਲੇ ਪੰਜਾਬੀ ਸਭਿਆਚਾਰ ਨੂੰ ਤਿਲਾਂਜ਼ਲੀ ਦਿੱਤੀ। ਆਪਣੇ ਸਭਿਆਚਾਰ ਅਤੇ ਆਪਣੇ ਨਿੱਜੀ ਧਰਮ ਨੂੰ ਤਾਂ ਉਨ੍ਹਾਂ ਆਪਣੀ ਜ਼ਿੰਦਗੀ ਚੋਂ ਬਾਹਰ ਹੋਣ ਹੀ ਕੀ ਦੇਣਾ ਸੀ!
ਪੰਜਾਬੀਆਂ ਦਾ ਖੇਡਾਂ ਨਾਲ ਮੋਹ, ਆਪਣੇ ਖੇਤਾਂ ਨਾਲ ਮੋਹ ਜਿਹਾ ਹੈ। ਖੇਤ ਦੀ ਵੱਟ ਲਈ ਸ਼ਰੀਕਾਂ ਨਾਲ ਵੱਢ-ਟੁੱਕ, ਆਪਣੇ ਹੱਕ ਲਈ ਲੜਾਈ ਉਹਨਾਂ ਦੇ ਕਣ-ਕਣ ਚ ਵਸੀ ਹੋਣ ਕਰਕੇ ਜੁੱਸਿਆਂ ਦੀ ਤਾਕਤ ਵਧਾਉਣਾ, ਸਰੀਰਾਂ ਨੂੰ ਪਾਲਣਾ ਤਾਕਤ ਦਾ ਦਿਖਾਵਾ ਕਰਨਾ ਅਤੇ ਫਿਰ ਉਸੇ ਤਾਕਤ ਨੂੰ ਕਿਸੇ ਥਾਂ ਸਿਰ ਵਰਤਣਾ ਪੰਜਾਬੀਆਂ ਦਾ ਸ਼ੌਕ ਹੈ। ਬੱਦਲਾਂ ਦੀ ਗਰਜਣ, ਬਿਜਲੀ ਦੀ ਗੜਕਣ ਅਤੇ ਲਿਸ਼ਕਣ ਦਾ ਕਦੇ ਉਹਨਾਂ ਦੇ ਮਨ ਚ ਡਰ ਨਹੀਂ ਰਿਹਾ। ਉਹ ਜਦੋਂ ਲੜਦੇ ਭਿੜਦੇ ਹਨ, ਕਬੱਡੀ ਦੇ ਮੈਦਾਨ ਵਿਚ, ਪਹਿਲਵਾਨੀ ਦੇ ਅਖਾੜੇ ਵਿਚ, ਛੈਲ-ਛਬੀਲੇ ਗੱਭਰੂ ਦਹਾੜਦੇ ਹਨ ਤਾਂ ਸ਼ੇਰਾਂ ਦੀ ਗਰਜਨਾ ਵੀ ਲੋਕਾਂ ਨੂੰ ਭੁੱਲ ਜਾਂਦੀ ਹੈ। ਖੇਡ ਤਾਂ ਪੰਜਾਬੀ ਲਈ ਉਹਦਾ ਵਿਰਸਾ ਹੈ, ਬਾਬੇ ਨਾਨਕ ਦੀ ਬਾਣੀ ਦਾ ਸੱਚ ਹੈ, ਜਿਹਨੂੰ ਪੱਲੇ ਬੰਨ੍ਹ ਉਹ ਜ਼ਿੰਦਗੀ `ਚ ਵਿਚਰਦਾ ਹੈ, ਪ੍ਰਾਪਤੀਆਂ ਕਰਦਾ ਹੈ, ਉਹਦੇ ਗੁਣ ਗਾਉਂਦਾ ਹੈ ਤੇ ਉਹਦਾ ਲੱਖ-ਲੱਖ ਸ਼ੁਕਰ ਮਨਾਉਂਦਾ ਹੈ।
ਪਿੰਡ ਦੀ ਸਵੇਰ ਵੇਖ ਲਓ, ਭਾਵੇਂ ਸ਼ਾਮ! ਖੇਡਾਂ ਦਾ ਝਲਕਾਰਾ ਪਿੰਡਾਂ ਦੀ ਬਰੂਹਾਂ ਚ ਦਿਸਦਾ ਹੈ। ਬਿਨਾ ਸ਼ੱਕ ਪੰਜਾਬੀ ਜੁੱਸਿਆਂ ਨੂੰ ਉਜਾੜਨ ਦੇ ਨਸ਼ਿਆਂ ਦੇ ਸਾਜ਼ਿਸ਼ੀ ਹਮਲਿਆਂ ਨੇ ਪੰਜਾਬੀ ਨੌਜਵਾਨਾਂ, ਬੱਚਿਆਂ, ਮੁਟਿਆਰਾਂ ਦੇ ਰਾਹ ਔਝੜੇ ਕੀਤੇ ਹਨ। ਮੁੰਡੇ ਮੋਟਰ ਸਾਈਕਲਾਂ, ਮੋਬਾਇਲਾਂ, ਟੌਅਰਾਂ ਤੇ ਵਿਦੇਸ਼ੀ ਉਡਾਰੀਆਂ ਦੇ ਰਾਹ ਪਾ ਦਿਤੇ ਹਨ। ਮੁਟਿਆਰਾਂ ਵੀ ਇਸੇ ਤਰ੍ਹਾਂ ਰੀਸੋ-ਰੀਸੀ ਉਹ ਹਰ ਸ਼ੌਕ ਪਾਲ ਰਹੀਆਂ ਹਨ ਜੋ ਮੁੰਡੇ ਪਾਲ ਰਹੇ ਹਨ ਪਰ ਖੇਡਾਂ ਹਾਲੇ ਵੀ ਪੰਜਾਬੀਆਂ ਦੀ ਜੀਵਨ ਜਾਚ ਹਨ। ਖੇਡਾਂ ਹਾਲੇ ਵੀ ਉਹਨਾਂ ਦੇ ਖ਼ੂਨ ਚ ਰਚੀਆਂ ਹੋਈਆਂ ਹਨ। ਖੇਡਾਂ ਅਤੇ ਭੰਗੜੇ ਦੀ ਸੁਰ-ਤਾਲ, ਗਿੱਧੇ ਦੀ ਧਮਾਲ ਤੇ ਬੋਲੀਆਂ ਨੂੰ, ਬਾਬੇ ਦੀ ਬਾਣੀ ਨੂੰ, ਕਿਹੜਾ ਸਿਆਸੀ ਦਲਾਲ, ਕਿਹੜਾ ਸਿਆਸੀ ਭਗਵਾਪਨ, ਕਿਹੜਾ ਸਿਆਸੀ ਡਿਕਟੇਟਰ, ਪੰਜਾਬੀਆਂ ਤੋਂ ਖੋਹ ਸਕਦਾ ਹੈ ਜਾਂ ਖੋਹ ਸਕਿਆ ਹੈ? ਭਾਵੇਂ ਖੋਹਣ ਦੇ ਯਤਨ 1947 ਵਿਚ ਹੋਏ, 84 ਵਿਚ ਵੀ ਹੋਏ, ਨਸ਼ਿਆਂ ਦੀ ਮਾਰ ਅਤੇ ਖਾੜਕੂਵਾਦ ਸਮੇਂ ਸ਼ਰੇਆਮ ਹਜ਼ਾਰਾਂ ਨੌਜਵਾਨਾਂ ਦੇ ਮਾਰਨ, ਲਾਪਤਾ ਕਰਨ ਦੇ ਯਤਨਾਂ ਨਾਲ ਵੀ ਹੋਏ ਅਤੇ ਹੁਣ ਕਿਸਾਨਾਂ ਵਿਰੁੱਧ ਕਾਲੇ ਕਾਨੂੰਨ ਬਣਾ ਕੇ, ਉਹਨਾਂ ਦੀ ਜ਼ਮੀਨ ਨੂੰ, ਉਹਨਾਂ ਦੀ ਹੋਂਦ ਨੂੰ, ਉਹਨਾਂ ਦੀ ਅਣਖ਼ ਨੂੰ ਖ਼ਤਰਾ ਪੈਦਾ ਕਰ ਕੇ ਵੀ ਹੋਏ! ਪਰ ਪੰਜਾਬੀ, ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ `ਚ ਹਾਲੇ ਵੀ ‘ਟੈਂਅ ਨਾ ਮੰਨਣ ਕਿਸੇ ਦੀ’ ਰਉਂ ਵਿਚ ਹੀ ਵਿਚਰ ਰਹੇ ਹਨ।
ਪੰਜਾਬ ਦਾ ਪਿੰਡ ਕਦੇ ਉਦਾਸ ਹੁੰਦਾ ਹੈ, ਕਦੇ ਹੁਲਾਸ ਨਾਲ ਭਰਦਾ ਹੈ। ਉਦਾਸ ਹੁੰਦਾ ਹੈ ਜਦੋਂ ਕੋਈ ਜੁਆਨ ਨਸਿ਼ਆਂ ਦੀ ਬਲੀ ਚੜ੍ਹਦਾ ਹੈ, ਜਦੋਂ ਕੋਈ ਕਿਸਾਨ ਸ਼ਤੀਰਾਂ ਨਾਲ ਲਟਕ ਜਾਂਦਾ ਹੈ, ਸਲਫਾਸ ਪੀ ਕੇ ਖ਼ੁਦਕੁਸ਼ੀ ਕਰ ਜਾਂਦਾ ਹੈ ਪਰ ਖ਼ੁਸ਼ ਹੁੰਦਾ ਹੈ ਉਦੋਂ ਜਦੋਂ ਹਾਕੀ ਵਰਗੀ ਓਲੰਪਿਕ ਖੇਡ ਜਿੱਤ ਕੇ ਪੰਜਾਬੀ ਖਿਡਾਰੀ ਵਰ੍ਹਿਆਂ ਬਾਅਦ ਦੇਸ਼ ਨੂੰ ਖ਼ੁਸ਼ੀ ਦਿੰਦੇ ਹਨ। ਪੰਜਾਬ ਦਾ ਪਿੰਡ ਉਦਾਸ ਹੁੰਦਾ ਹੈ ਉਦੋਂ ਜਦੋਂ ਧੀਆਂ
ਦਾ ਕੁੱਖਾਂ ਵਿਚ ਕਤਲ ਕੀਤਾ ਜਾਂਦਾ ਹੈ, ਖੁਸ਼ ਹੁੰਦਾ ਹੈ ਉਦੋਂ ਜਦੋਂ ਧੀਆਂ ਖੇਡਾਂ ਤੇ ਪੜ੍ਹਾਈ ਦੇ ਖੇਤਰ ਵਿਚ ਵੱਡੀਆਂ
ਮੱਲਾਂ ਮਾਰਦੀਆਂ ਹਨ ਅਤੇ ਮਾਪਿਆਂ ਤੇ ਸਮਾਜ ਦੀ ਖੁਸ਼ੀ ਵਿਚ ਵਾਧਾ ਕਰਦੀਆਂ ਹਨ।
ਪੰਜਾਬ ਦੇ ਪਿੰਡਾਂ ਦੇ ਪਹਿਲਵਾਨੀ ਅਤੇ ਕਬੱਡੀ ਦੇ ਅਖਾੜੇ, ਫੁੱਟਬਾਲ ਤੇ ਵਾਲੀਵਾਲ ਦੇ ਮੈਦਾਨ ਆਦਿ ਪਿੰਡ ਦਾ ਸ਼ਿੰਗਾਰ ਹਨ। ਸਵੇਰੇ, ਸ਼ਾਮੀਂ ਬੱਚੇ, ਨੌਜਵਾਨ ਜਦੋਂ ਖੇਡ ਮੈਦਾਨ ਵਿਚ ਉਤਰਦੇ ਹਨ, ਪ੍ਰੈਕਟਿਸ ਕਰਦੇ ਹਨ, ਜੁੱਸਿਆਂ ਨੂੰ ਤਕੜਾ ਕਰਦੇ ਹਨ ਅਤੇ ਫਿਰ ਕਬੱਡੀ, ਫੁੱਟਬਾਲ ਆਦਿ ਦੇ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ ਤਾਂ ਨਜ਼ਾਰਾ ਦੇਖਿਆਂ ਹੀ ਬਣਦਾ ਹੈ। ਖੁਸ਼ੀ ਦੇ ਪਲ ਤਾਂ ਖੇਡ ਮੈਦਾਨ ਉਦੋਂ ਹੰਢਾਉਂਦਾ ਹੈ, ਜਦੋਂ ਪਿੰਡਾਂ ਵਿਚ ਫੁੱਟਬਾਲ ਟੂਰਨਾਮੈਂਟ, ਵੇਟ ਲਿਫਟਿੰਗ ਮੁਕਾਬਲੇ ਅਤੇ ਕਬੱਡੀ ਦੇ ਕੱਪ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡਾਂ ਵਿਚ ਕਰਵਾਏ ਜਾਂਦੇ ਹਨ। ਉਹ ਨੌਜਵਾਨਾਂ ਨੂੰ ਖੇਡਾਂ ਵਿਚ ਰੁਚਿਤ ਹੋਣ ਦਾ ਹੁਲਾਰਾ ਦਿੰਦੇ ਹਨ। ਇਹ ਹੁਲਾਸ ਅਗਲੇ ਸਾਲ ਵਿਚ ਨਵੀਂ ਆਸ ਨਾਲ ਜਿਊਂਦਾ ਜਾਗਦਾ ਆਉਂਦਾ ਹੈ। ਪਿੰਡ ਦੇ ਜਾਗਣ ਵਾਂਗ, ਜੋ ਕਦੇ ਸੌਂਦਾ ਨਹੀਂ, ਸਾਵਧਾਨ ਰਹਿੰਦਾ ਹੈ, ਆਪਣੇ ਬੱਚਿਆਂ ਲਈ, ਆਪਣੇ ਪੁੱਤਾਂ ਧੀਆਂ ਲਈ, ਆਪਣੇ ਵਿਰਸੇ-ਸਭਿਆਚਾਰ ਲਈ ਅਤੇ ਸਭ ਤੋਂ ਵੱਧ ਮਾੜੇ-ਭੈੜੇ ਉਹਨਾਂ ਲੋਕਾਂ ਤੋਂ ਆਪਣੇ ਭਵਿੱਖ ਨੂੰ ਬਚਾਉਣ ਲਈ, ਜਿਹੜੇ ਉਹਨਾਂ ਪੱਲੇ ਭ੍ਰਿਸ਼ਟਾਚਾਰ ਪਾ ਰਹੇ ਹਨ। ਉਹਨਾਂ ਵਿਚ ਧੜੇਬੰਦੀ ਦੇ ਬੀਅ ਬੀਜ ਰਹੇ ਹਨ, ਜਿਹੜੇ ਨਫ਼ਰਤ-ਸਾੜੇ ਦੀ ਸਿਆਸਤ ਕਰ ਕੇ ਧਰਮ-ਜਾਤ ਦੀ ਵੰਡ ਦਾ ਵਖਰੇਵਾਂ ਪਾ ਕੇ, ਵੋਟ ਰਾਜੀਨੀਤੀ ਦੀ ਖਾਤਰ ਸਭੋ ਕੁਝ ਹਥਿਆਉਣਾ ਚਾਹੁੰਦੇ ਹਨ, ਪਿੰਡ ਵੀ, ਖੇਤ ਵੀ, ਖੇਡ ਵੀ ਅਤੇ ਮਨੁੱਖੀ ਜ਼ਿੰਦਗੀ ਵੀ।
ਪੰਜਾਬੀਆਂ ਦੀ ਪਹਿਲੀ ਕਿਲਕਾਰੀ ਖੇਡ ਹੈ। ਬਚਪਨ, ਜੁਆਨੀ, ਬੁਢਾਪਾ ਉਹਨਾਂ ਨੂੰ ਕਿਸੇ ਹੀਲੇ ਵੀ ਖੇਡ ਤੋਂ ਵੱਖ ਨਹੀਂ ਹੋਣ ਦਿੰਦਾ। ਇਹੋ ਖੇਡ ਦਾ ਰੰਗ, ਉਹਨਾਂ ਨੂੰ ਸਰਹੱਦਾਂ ਦੀ ਰਾਖੀ ਲਈ ਭੇਜਦਾ ਹੈ, ਇਹੋ ਖੇਡ ਦਾ ਰੰਗ ਉਹਨਾਂ ਨੂੰ ਨਿਹੱਕਿਆਂ ਦੇ ਹੱਕ ਵਿਚ ਖੜ੍ਹਨ, ਉਹਨਾਂ ਲਈ ਜਾਨ ਵਾਰਨ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਦੇ ਸੰਘਰਸ਼ ਲਈ ਪ੍ਰੇਰਦਾ ਹੈ। ਖੇਡ ਖੇਡ ਵਿਚ ਪੰਜਾਬੀ ਵੱਡੀਆਂ ਪ੍ਰਾਪਤੀਆਂ ਕਰਦੇ ਹਨ ਪਰ ਪੰਜਾਬ ਨੇ ‘ਖੇਡ-ਖੇਡ’ ਵਿਚ ਅਤੀਤ ਵਿਚ ਬਹੁਤ ਕੁਝ ਗੁਆਇਆ ਵੀ ਹੈ। ਸਿਆਸੀ ਖੇਡਾਂ ਵਿਚ ਦਿੱਲੀ ਹੱਥੋਂ ਪੰਜਾਬੀ ਮਾਤ ਖਾਂਦੇ ਰਹੇ ਹਨ ਪਰ ਕਦੇ ਝੁਕੇ ਨਹੀਂ, ਅੜੇ ਰਹੇ, ਖੜ੍ਹੇ ਰਹੇ। ਧਨ, ਦੌਲਤ, ਸਰੀਰ, ਮਨ ਦਾ ਚੈਨ ਗੁਆਇਆ ਪਰ ਬੜਾ ਕੁਝ ਪਾਇਆ ਅਣਖ਼, ਸੰਤੁਸ਼ਟੀ ਅਤੇ ਮਾਣ ਤਾਣ। ਬਿਨਾ ਸ਼ੱਕ ਅਫ਼ਗਾਨੇ-ਕਸ਼ਮੀਰੇ-ਦਿੱਲੀ ਤੱਕ ਰਾਜ ਕੀਤਾ ਪਰ ਇਮਾਨਦਾਰ ਖੇਡ ਦੀ ਕਰਾਮਾਤ ਹੀ ਕਹਾਂਗੇ, ਸਭੋ ਕੁਝ ਸਿਮਟ ਕੇ ਪੰਜ ਦਰਿਆਵਾਂ ਦੇ ਕੰਢਿਆਂ ਤੇ ਸੰਭਾਲ ਲਿਆ ਪਰ ਸਿਆਸੀ ਰੰਗ ਢੰਗ ਦੀ ਖੇਡ ਨੇ, ਉਹਦੇ ਪੱਲੇ ਢਾਈ ਦਰਿਆ ਹੀ ਰਹਿਣ ਦਿੱਤੇ। ਰਾਜਧਾਨੀ ਤੇ ਪੰਜਾਬੀ ਬੋਲਦੇ ਇਲਾਕੇ ਤਾਂ ਸਾਜ਼ਿਸ਼ ਤਹਿਤ ਉਹਨਾਂ ਹਥਿਆਏ ਹੀ, ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਖੋਹ ਲਿਆ। ਪੰਜਾਬੀ ਭਾਸ਼ਾ ਜਿਸ ਦੇ ਆਧਾਰ ਤੇ ਸੂਬਾ ਪੰਜਾਬ ਬਣਿਆ ਸੀ, ਸਿਆਸਤਦਾਨਾਂ ਦੀ ਬੇਰੁਖ਼ੀ ਕਾਰਨ ਪੰਜਾਬੀ ਮਾਂ ਬੋਲੀ, ਮਤਰੇਈ ਮਾਂ ਵਾਲਾ ਸਲੂਕ ਹੰਢਾ ਰਹੀ ਹੈ। ਇਹ ਖੇਡਾਂ, ਇਹ ਚਾਲਾਂ ਇਹ ਸਾਜ਼ਿਸ਼ਾਂ ਹੰਢਾਉਣ ਲਈ ਆਦੀ ਹੋ ਚੁੱਕੇ ਪੰਜਾਬੀ ਫਿਰ ਵੀ ਜਿਸਮਾਨੀ ਖੇਡਾਂ ਨਹੀਂ ਭੁੱਲੇ, ਮੇਲੇ ਨਹੀਂ ਭੁਲੇ, ਸਭਿਆਚਾਰ ਨਹੀਂ ਭੁੱਲੇ!
ਸਰਕਾਰਾਂ ਖੇਡਾਂ ਨਾਲ ਮਜ਼ਾਕ ਕਰ ਰਹੀਆਂ ਹਨ। ਕਦੇ ਕਦੇ ਖੇਡਾਂ ਨੂੰ ਸਿਆਸਤ ਲਈ ਵਰਤਦੀਆਂ ਹਨ। ਪਿਛਲੇ ਵਰ੍ਹਿਆਂ ਵਿਚ ਜੋ ਵਿਸ਼ਵ ਕਬੱਡੀ ਕੱਪ ਪੰਜਾਬ ਸਰਕਾਰ ਨੇ ਕਰਵਾਏ, ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ, ਉਵੇਂ ਹੀ ਜਿਵੇਂ ਵਰ੍ਹਿਆਂ-ਬੱਧੀ ਪੰਜਾਬ ਵਿਚ ਪਰਵਾਸੀ ਸੰਮੇਲਨ ਕਰਵਾਏ ਵੋਟਾਂ ਦੀ ਪ੍ਰਾਪਤੀ ਲਈ। ਖੇਡਾਂ ਸਿਆਸਤ ਲਈ!
ਪੰਜਾਬ ਦੀਆਂ ਸਰਕਾਰਾਂ ਨੇ ਕਦੇ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਨਜ਼ਰ ਸਵੱਲੀ ਨਹੀਂ ਕੀਤੀ। ਕਿਥੇ ਗਏ ਹਰ ਵਰ੍ਹੇ ਪਿੰਡਾਂ ਵਿਚ ਕਰਵਾਏ ਜਾਣ ਵਾਲੇ, ਬਲਾਕ, ਜ਼ਿਲ੍ਹਾ, ਸੂਬਾ ਪੱਧਰੀ ਖੇਡ ਮੁਕਾਬਲੇ? ਸਿਰਫ਼ ਗਿਣਤੀ ਦੇ ਸਕੂਲਾਂ ਵਿਚ ਸਿਮਟ ਕੇ ਰਹਿ ਗਏ ਹਨ ਇਹ ਖੇਡ ਮੁਕਾਬਲੇ। ਖੋਹ-ਖੋਹ, ਕਬੱਡੀ, ਫੁੱਟਬਾਲ, ਵਾਲੀਬਾਲ ਤੇ ਟੇਬਲ ਟੈਨਿਸ ਦੇ ਮੁਕਾਬਲਿਆਂ ਤੱਕ ਸੀਮਤ, ਉਹ ਵੀ ਖ਼ਾਨਾ ਪੂਰਤੀ ਲਈ। ਕਿੰਨੇ ਸਟੇਡੀਅਮ ਹਨ ਪੰਜਾਬੀ ਸੂਬੇ ਵਿਚ? ਕਿੰਨੀਆਂ ਜਿੰਮਾਂ ਹਨ ਪੰਜਾਬ ਵਿਚ? ਕਿੰਨੇ ਕੋਚ ਭਰਤੀ ਕੀਤੇ ਹਨ ਖੇਡ ਵਿਭਾਗ ਵਿਚ? ਕਿੰਨੇ ਪੀਟੀਆਈ ਡੀਪੀਈ ਸਿੱਖਿਆ ਵਿਭਾਗ ਵਿਚ ਤਾਇਨਾਤ ਹਨ? ਕਿੰਨਾ ਬਜਟ ਹੈ ਖੇਡ ਵਿਭਾਗ ਦਾ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ? ਏਧਰ ਸਰਕਾਰਾਂ ਦਾ ਧਿਆਨ ਹੀ ਨਹੀਂ।
ਪੰਜਾਬ ਸਰਕਾਰ ਦੀ ਖੇਡ ਨੀਤੀ ਕਿਥੇ ਹੈ? ਸੂਬੇ ਦਾ ਖੇਡ ਵਿਭਾਗ ਕਾਗਜ਼ਾਂ ਵਿਚ ਹੋਏਗਾ, ਅਮਲਾਂ ਵਿਚ ਪੰਜਾਬ ਵਿਚ ਕਿਧਰੇ ਦਿਖਾਈ ਨਹੀਂ ਦੇਂਦਾ। ਪਿੰਡਾਂ ਦੀਆਂ ਬਰੂਹਾਂ ਵਿਚ ਤਾਂ ਉਸ ਦੀ ਦਸਤਕ ਨਾ-ਮਾਤਰ ਹੈ। ਇੰਜ ਕਿਵੇਂ ਵਿਕਾਸ ਕਰੇਗਾ ਪੰਜਾਬ ਦਾ ਖੇਡ ਸਭਿਆਚਾਰ? ਇੰਜ ਕਿਵੇਂ ਬਚੇਗਾ ਪੰਜਾਬ? ਇਕੱਲੀ ਸਰਕਾਰ ਹੀ ਕਿਉਂ, ਸਾਡੇ ਪੰਜਾਬੀ ਖੇਡ ਧੁਰੰਤਰ, ਪੰਜਾਬੀ-ਬੁੱਧੀਜੀਵੀ, ਸੁਚੇਤ ਪੰਜਾਬੀ ਆਪਣੇ ਹੱਕਾਂ, ਆਪਣੇ ਨਾਲ ਹੁੰਦੇ ਧੱਕਿਆਂ, ਖੇਡਾਂ ਨਾਲ ਹੋ ਰਹੇ ਵਿਤਕਰੇ ਸਬੰਧੀ ਚੁੱਪ ਕਿਉਂ ਧਾਰੀ ਬੈਠੇ ਹਨ? ਅਸੀਂ ਜਿਹੜੇ ਢੁੱਠਾਂ ਵਾਲੇ, ਵੱਡੇ ਉੱਦਮੀ, ਫੋਕੀ ਖੁਸ਼ੀ ਵਿਚ ਫੁੱਲੇ ਨਹੀਂ ਸਮਾਂ ਰਹੇ, ਕਿਉਂ? ਆਖ਼ਰ ਆਪਣੀ ਹਾਲਤ ਕ੍ਰਾਂਤੀਕਾਰੀ ਕਵੀ ਲਾਲ ਸਿੰਘ ਦਿਲ ਦੀ ਕਵਿਤਾ ‘ਅਸੀਂ ਵੱਡੇ ਵੱਡੇ ਪਹਿਲਵਾਨ’ ਵਾਲੀ ਕਿਉਂ ਬਣਾਈ ਬੈਠੇ ਹਾਂ?
ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕੱਸ ਲੈਂਦੇ ਹਾਂ ਲੰਗੋਟੇ
ਲੜਨ ਲਈ ਭੁੱਖ ਨੰਗ ਨਾਲ
ਜੋੜ ਤੋੜ ਕਰਦੇ ਰਹਿਣਾ ਹੀ ਸਾਡੀ ਕਸਰਤ ਹੈ
ਦਾਅ ਬਹੁਤ ਡਾਢੇ ਨੇ
ਬੋਲਣ ਦੀ ਥਾਂ ਚੁੱਪ ਕਰ ਜਾਣਾ
ਪੀਣ ਦੀ ਥਾਂ ਪਿਆਸੇ ਮਰ ਜਾਣਾ
ਖਾਣ ਦੀ ਥਾਂ ਕਸਮ ਖਾਣੀ ਲੜਦੇ ਰਹਿਣ ਦੀ
ਪਛਾੜਦੇ ਹਾਂ ਵੱਡੇ ਵੱਡੇ ਪਹਿਲਵਾਨ
ਗਰਦਨ ਤੇ ਗੋਡਾ ਧਰ ਕੇ
ਖੇਤ ਪਏ ਗਧੇ ਵਾਲੀ ਜੂਨ ਭੋਗਦੇ ਹਾਂ
ਪਰ ਤਾਂ ਵੀ ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਲੰਗੋਟੇ ਕੱਸ ਲੈਂਦੇ ਹਾਂ!
ਪੰਜ ਨਾਮਵਰ ਪੰਜਾਬੀ ਪਰਵਾਸੀ
ਕੈਨੇਡਾ ਦੇ ਸ਼ਹਿਰ ਟੈਰਸ ਦਾ ਵਾਸੀ ਰਵਿੰਦਰ ਰਵੀ ਪੰਜਾਬੀ ਸਾਹਿਤ ਜਗਤ ਦਾ ਵੱਡਾ ਹਸਤਾਖ਼ਰ ਹੈ। ਜੁਆਨੀ ਵਿਚ ਉਹ ਕਬੱਡੀ ਦਾ ਤਕੜਾ ਖਿਡਾਰੀ ਸੀ। ਉਦੋਂ ਉਨ੍ਹਾਂ ਦੇ ਪਿੰਡ ਜਗਤਪੁਰ ਦੀ ਕਬੱਡੀ ਵਿਚ ਝੰਡੀ ਹੁੰਦੀ ਸੀ। ਪ੍ਰੋ. ਪਿਆਰਾ ਸਿੰਘ ਗਿੱਲ ਦੇ ਘਰ 8 ਮਾਰਚ 1938 ਨੂੰ ਸਿਆਲਕੋਟ ਵਿਖੇ ਜਨਮੇ ਰਵਿੰਦਰ ਰਵੀ ਨੇ ਐੱਮਏ ਪੰਜਾਬੀ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਪਹਿਲਾਂ ਆਪਣੇ ਪਿੰਡ ਤੇ ਫਿਰ ਕੀਨੀਆ ਦੇ ਸਿੱਖਿਆ ਵਿਭਾਗ ਵਿਚ 1967 ਤੋਂ 1974 ਤੱਕ ਪੜ੍ਹਾਇਆ ਅਤੇ ਉਸ ਤੋਂ ਬਾਅਦ ਕੈਨੇਡਾ ਵਿਚ ਲੰਮਾ ਸਮਾਂ ਅਧਿਆਪਕ-ਲਾਇਬ੍ਰੇਰੀਅਨ ਦੇ ਕਿੱਤੇ ਨਾਲ ਜੁੜੇ ਰਹੇ। ਉਨ੍ਹਾਂ ਨੇ ਵਾਰਤਕ, ਕਵਿਤਾ, ਨਾਟਕ, ਸਫਰਨਾਮੇ, ਸਾਹਿਤਕ ਸਵੈ-ਜੀਵਨੀ ਅਤੇ ਸਾਹਿਤਕ ਅਲੋਚਨਾ ਸਬੰਧੀ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਭਾਸ਼ਾਵਾਂ ਵਿਚ 80 ਤੋਂ ਵੱਧ ਪੁਸਤਕਾਂ ਲਿਖੀਆਂ। ਬਿਮਾਰ ਸਦੀ, ਚੌਕ ਨਾਟਕ, ਸਿਫਰ ਨਾਟਕ, ਮਨ ਦੇ ਹਾਣੀ, ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ। ਰੂਹ ਪੰਜਾਬ ਦੀ, ਤਿੰਨ ਨਾਟਕ, ਮਖੌਟੇ ਤੇ ਹਾਦਸੇ, ਚੱਕਰਵਿਊ ਤੇ ਪੈਰਾਮਿਡ ਜਿਹੀਆਂ ਪੁਸਤਕਾਂ ਲਿਖ ਕੇ ਉਹ ਪੰਜਾਬੀ ਸਾਹਿਤ ਜਗਤ ਵਿਚ ਆਪਣੀ ਵਿਸ਼ੇਸ਼ ਪਛਾਣ ਰਖਦੇ ਹਨ। ਉਨ੍ਹਾਂ ਨੂੰ 1983 ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਈਸ਼ਵਰ ਚੰਦਰ ਨੰਦਾ ਪੁਰਸਕਾਰ ਸਮੇਤ ਦੇਸ਼-ਵਿਦੇਸ਼ ਦੀਆਂ ਸਾਹਿਤਕ ਸਭਾਵਾਂ ਤੇ ਅਦਬੀ ਅਦਾਰਿਆਂ ਵਲੋਂ 31 ਮਾਨ ਸਨਮਾਨ ਪ੍ਰਾਪਤ ਹੋ ਚੁੱਕੇ ਹਨ। ਰਵਿੰਦਰ ਰਵੀ ਪੰਜਾਬੀ ਦਾ ਨਿਰਾਲਾ ਕਵੀ ਹੈ ਜਿਸ ਨੇ ਪੰਜਾਬੀ ਵਿਚ ਕਾਵਿ-ਨਾਟਕ ਲਿਖ ਕੇ ਕੈਨੇਡਾ ਰਹਿੰਦਿਆਂ ਨਵੇਂ ਤਜਰਬੇ ਕੀਤੇ। ਉਹ ਹਾਲੇ ਵੀ ਲਿਖਣ ਪੜ੍ਹਨ ਵਿਚ ਪੂਰਾ ਸਰਗਰਮ ਹੈ।
ਫਿਜ਼ਿਕਸ ਦੇ ਖੇਤਰ ਵਿਚ ਔਪਟੀਕਲ ਫਾਈਬਰ ਦੀ ਖੋਜ ਕਰਨ ਵਾਲੇ ‘ਫਾਈਬਰ ਔਪਟੀਕਲ ਪਿਤਾਮਾ’ ਕਹੇ ਜਾਂਦੇ ਅਮਰੀਕਾ ਵਿਚ ਵਿਸ਼ੇਸ਼ ਰੁਤਬਾ ਰੱਖਦੇ ਡਾ. ਨਰਿੰਦਰ ਸਿੰਘ ਕਪਾਨੀ 31 ਅਕਤੂਬਰ 1926 ਨੂੰ ਮੋਗੇ ਵਿਖੇ ਪੈਦਾ ਹੋਏ ਸਨ। ਬਿੱਲ ਗੇਟਸ ਅਤੇ ਸਟੀਵ ਜੋਬਸ ਜਿਹੀਆਂ ਪ੍ਰਾਪਤੀਆਂ ਵਾਲੇ, ਆਗਰਾ ਯੂਨੀਵਰਸਿਟੀ ਦੇ ਗਰੈਜੂਏਟ, ਇੰਪੀਰੀਅਲ ਕਾਲਜ ਲੰਡਨ ਤੋਂ ਔਪਟੀਕਸ ਵਿਚ ਪੀਐੱਚਡੀ ਕਰਨ ਵਾਲੇ ਡਾ. ਨਰਿੰਦਰ ਸਿੰਘ, ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਵਿਖੇ ਰਹਿੰਦੇ ਰਹੇ। ਉਨ੍ਹਾਂ ਦੀ ਖੋਜ ਨੇ ਲੇਜ਼ਰ, ਬਾਇਓ ਮੈਡੀਕਲ ਇੰਸਟਰੂਮੈਂਟਸ ਤੇ ਸੂਰਜੀ ਊਰਜਾ ਵਿਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਨੇ 100 ਤੋਂ ਵੱਧ ਪੇਟੈਂਟ ਦਰਜ ਕਰਵਾਏ ਅਤੇ ਨੈਸ਼ਨਲ ਇਨਵੈਂਟਰ ਕੌਂਸਲ ਦੇ ਮੈਂਬਰ ਸਨ। ਉਨ੍ਹਾਂ ਨੂੰ ਕਈ ਸੰਸਥਾਵਾਂ ਵਲੋਂ ਐਵਾਰਡ ਮਿਲੇ ਅਤੇ ਉਹ ਬ੍ਰਿਟਿਸ਼ ਰਾਇਲ ਅਕੈਡਮੀ ਆਫ ਇੰਜਨੀਅਰਿੰਗ ਸਮੇਤ ਕਈ ਸੰਸਥਾਵਾਂ ਦੇ ਫੈਲੋ ਸਨ। ਉਨ੍ਹਾਂ ਨੇ ਔਪਟੀਕਸ ਟੈਕਨੌਲੋਜੀ ਇਨ ਕਾਰਪੋਰੇਟਿਡ ਨਾਂ ਦੀ ਕੰਪਨੀ ਸਥਾਪਤ ਕੀਤੀ, ਉਸ ਦੇ ਚੇਅਰਮੈਨ ਬਣੇ, ਉਪਰੰਤ ਅਮਰੀਕਾ ਦੀਆਂ ਕਈ ਕੰਪਨੀਆਂ ਵਿਚ ਡਾਇਰੈਕਟਰ ਵਜੋਂ ਵੀ ਕੰਮ ਕੀਤਾ। ਅਕੈਡਮਿਕ ਖੇਤਰ ਵਿਚ ਉਨ੍ਹਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਚ ਪ੍ਰੋਫੈਸਰ ਵਜੋਂ ਪੜ੍ਹਾਇਆ। ਪੋਸਟ ਗਰੈਜੂਏਟ ਵਿਦਿਆਰਥੀਆਂ ਦੇ ਖੋਜ ਕਾਰਜਾਂ ਦੀ ਸੁਪਰਵੀਜ਼ਨ ਕੀਤੀ। ਡਾ. ਕਪਾਨੀ ਪ੍ਰਸਿੱਧ ਪੰਜਾਬੀ ਸਕਾਲਰ, ਸਿੱਖ ਆਰਟ ਦੇ ਮੁਦਈ ਅਤੇ ਬੁੱਤਤਰਾਸ਼ੀ ਕਲਾ ਦੇ ਵੀ ਪ੍ਰੇਮੀ ਸਨ। ਉਹ ਕੁਝ ਮਹੀਨੇ ਪਹਿਲਾਂ ਗੁਜ਼ਰ ਗਏ ਹਨ।
ਪੰਜਾਬੀ ਦੇ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਇਨ੍ਹਾਂ ਦਿਨਾਂ ਵਿਚ ਸਰੀ, ਕੈਨੇਡਾ ਵਿਚ ਨਿਵਾਸ ਰੱਖਦੇ ਹਨ। ਜ਼ਰਿਾ, ਜਿ਼ਲ੍ਹਾ ਫਿਰੋਜ਼ਪੁਰ ਵਿਚ 1956 ਵਿਚ ਜਨਮੇ ਜਰਨੈਲ ਸਿੰਘ ਫ੍ਰੀਲਾਂਸ ਚਿੱਤਰਕਾਰ, ਡਿਜ਼ਾਈਨਰ, ਫੋਟੋਗ੍ਰਾਫਰ ਅਤੇ ਆਰਟ ਪੱਤਰਕਾਰ ਹਨ। ਪੰਜਾਬੀ ਜੀਵਨ ਦੇ ਯਥਾਰਥ, ਸਿੱਖਾਂ ਦੀ ਕੁਰਬਾਨੀ ਅਤੇ ਸੰਘਰਸ਼ ਨੂੰ ਅਨੋਖੇ ਢੰਗ ਨਾਲ ਪੇਸ਼ ਕਰ ਕੇ ਉਨ੍ਹਾਂ ਨੇ ਆਪਣੀ ਅਦਭੁੱਤ ਕਲਾ ਦਾ ਪ੍ਰਦਰਸ਼ਨ ਕਰਦਿਆਂ ਜਗਤ ਪ੍ਰਸਿੱਧੀ ਹਾਸਲ ਕੀਤੀ ਹੈ। ਲੋਪ ਹੋ ਰਹੇ ਪੰਜਾਬ ਦੇ ਪਿੰਡਾਂ ਦੀ ਜ਼ਿੰਦਗੀ ਦੇ ਵੱਖੋ-ਵੱਖਰੇ ਪੱਖਾਂ, ਪੰਜਾਬੀ ਸਭਿਆਚਾਰ ਅਤੇ ਰੀਤੀ ਰਿਵਾਜ਼ਾਂ ਨੂੰ ਪੂਰੀ ਸ਼ਿੱਦਤ ਨਾਲ ਉਨ੍ਹਾਂ ਨੇ ਕਾਗਜ਼ ਤੇ ਕੈਨਵਸ `ਤੇ ਚਿੱਤਰਿਆ ਹੈ। ਚਰਖਾ ਕੱਤਦੀ, ਸੂਈ ਗੰਧੂਈ ਨਾਲ ਕਢਾਈ ਕਰਦੀ, ਖੂਹ ਤੋਂ ਪਾਣੀ ਢੋਂਦੀ, ਖੇਤਾਂ ਵਿਚ ਕਪਾਹ ਚੁਗਦੀ ਪੰਜਾਬਣ, ਉਨ੍ਹਾਂ ਦੇ ਬਣਾਏ ਇਹੋ ਜਿਹੇ ਚਿਤਰ ਹਨ, ਜਿਨ੍ਹਾਂ ਨੂੰ ਦੇਸ਼-ਵਿਦੇਸ਼ ਵਸਦੇ ਪੰਜਾਬੀ ਘਰਾਂ ਵਿਚ ਸਜਾਉਣ ਲਈ ਥਾਂ ਮਿਲੀ ਹੋਈ ਹੈ। ਉਨਾਂ ਦੀਆਂ ਕ੍ਰਿਤਾਂ ਕੈਲੰਡਰਾਂ ਤੇ ਵਧਾਈ ਕਾਰਡਾਂ ਆਦਿ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਉਨ੍ਹਾਂ ਦੇ 50 ਤੋਂ ਵੱਧ ਆਰਟੀਕਲ ਅਖ਼ਬਾਰਾਂ ਰਸਾਲਿਆਂ ਵਿਚ ਛਪੇ ਹਨ। ਉਨ੍ਹਾਂ ਨੂੰ ਪੰਜਾਬੀ ਕਲਾ ਅਤੇ ਸਭਿਆਚਾਰ `ਚ ਵਿਸ਼ੇਸ਼ ਯੋਗਦਾਨ ਵਜੋਂ ਇੰਟਰਨੈਸ਼ਨਲ ਪੰਜਾਬੀ ਚੈਂਬਰ ਆਫ ਕਾਮਰਸ ਮਿਸੀਸਾਗਾ ਵੱਲੋਂ&ਨਬਸਪ; ‘ਅਚੀਵਰ ਆਫ ਦੀ ਯੀਅਰ’ ਅਤੇ ‘ਕੁਈਨ ਡਾਇਮੰਡ ਜੁਬਲੀ ਮੈਡਲ ਸਰੀ ਸਨਮਾਨ’ ਮਿਲੇ ਹਨ। ‘ਵੈਨਕੂਵਰ ਸਨ’ ਅਖ਼ਬਾਰ ਨੇ ਉਨ੍ਹਾਂ ਦਾ ਨਾਂ 100 ਦੱਖਣੀ ਏਸ਼ੀਅਨ ਹੀਰਿਆਂ ਵਿਚ ਸ਼ੁਮਾਰ ਕੀਤਾ ਹੈ।
8 ਜੁਲਾਈ 1940 ਨੂੰ ਪਿੰਡ ਚਕਰ ਜਿ਼ਲ੍ਹਾ ਲੁਧਿਆਣਾ ਵਿਚ ਜਨਮੇ ਪ੍ਰਿੰ. ਸਰਵਣ ਸਿੰਘ, ਪੰਜਾਬੀਆਂ ਦੀ ਕੈਨੇਡੀਅਨ ਰਾਜਧਾਨੀ ਬਰੈਂਪਟਨ ਵਿਚ ਰਹਿੰਦੇ ਹਨ। ਉਹ ਜਸਵੰਤ ਸਿੰਘ ਕੰਵਲ ਦੇ ਪਿੰਡ ਢੁੱਡੀਕੇ ਕਾਲਜ ਵਿਚ ਤੀਹ ਸਾਲ ਪੜ੍ਹਾਉਂਦੇ ਰਹਿਣ ਕਾਰਨ ਢੁੱਡੀਕੇ ਦੇ ਹੀ ਵੱਜਦੇ ਹਨ। ਉਹਨਾਂ ਨੇ ਖੇਡਾਂ ਖਿਡਾਰੀਆਂ ਬਾਰੇ ਸੈਂਕੜੇ ਲੇਖ ਤੇ ਦੋ ਦਰਜਨ ਪੁਸਤਕਾਂ ਲਿਖ ਕੇ ਪੰਜਾਬੀ ਖੇਡ ਜਗਤ ਵਿਚ ਚੋਖਾ ਨਾਮਣਾ ਖੱਟਿਆ ਹੈ। ਦੇਸ਼ ਵਿਦੇਸ਼ ਦੇ ਖੇਡ ਮੇਲਿਆਂ ਚ ਕਬੱਡੀ ਮੈਚਾਂ ਦੀ ਕੁਮੈਂਟਰੀ ਕੀਤੀ ਹੈ ਤੇ ਉਨ੍ਹਾਂ ਬਾਰੇ ਲਿਖਿਆ ਹੈ। ‘ਪੰਜਾਬ ਦੇ ਉੱਘੇ ਖਿਡਾਰੀ’ ਪੁਸਤਕ ਤੋਂ ਲੈ ਕੇ ਉਹ ਪੰਜਾਹ ਦੇ ਕਰੀਬ ਕਿਤਾਬਾਂ ਛਪਵਾ ਚੁੱਕੇ ਹਨ। ਖੇਡ ਪੁਸਤਕਾਂ ਨਾਲ ਕਹਾਣੀਆਂ, ਸਫ਼ਰਨਾਮੇ, ਹਾਸ ਵਿਅੰਗ, ਜੀਵਨੀਆਂ, ਸਵੈ-ਜੀਵਨੀ ਤੇ ਨਬਿੰਧ ਲਿਖੇ ਅਤੇ ਸੈਂਕੜੇ ਸ਼ਬਦ ਚਿੱਤਰ ਉਲੀਕੇ ਹਨ। ਕੁਝ ਕਿਤਾਬਾਂ ਅਨੁਵਾਦਿਤ ਤੇ ਸੰਪਾਦਿਤ ਵੀ ਕੀਤੀਆਂ ਹਨ। ਉਨ੍ਹਾਂ ਬਾਰੇ ਵਰਿਆਮ ਸਿੰਘ ਸੰਧੂ ਨੇ ‘ਪੰਜਾਬੀ ਵਾਰਤਕ ਦਾ ਉੱਚਾ ਬੁਰਜ’ ਪੁਸਤਕ ਸੰਪਾਦਿਤ ਕੀਤੀ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨਟ ਤੇ ਸਿੰਡੀਕੇਟ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਮੈਂਬਰ ਰਹੇ। ਡਾ. ਜੌਹਲ ਦਾ ਕਾਲਜ ਕਹੇ ਜਾਂਦੇ ਅਮਰਦੀਪ ਕਾਲਜ ਮੁਕੰਦਪੁਰ ਦੇ ਪ੍ਰਿੰਸੀਪਲ ਰਹੇ। ਉਹ ਕਬੱਡੀ ਵਿਸ਼ਵ ਕੱਪ ਦੀ ਟੈਕਨੀਕਲ ਕਮੇਟੀ ਦੇ ਮੋਹਰੀ ਵੀ ਰਹੇ। ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਟਰੱਸਟ ਢੁੱਡੀਕੇ, ਪੰਜਾਬੀ ਸੱਥ ਲਾਂਬੜਾ ਤੇ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਸ਼੍ਰੋਮਣੀ ਪੰਜਾਬੀ ਲੇਖਕ ਤੇ ਖੇਡ ਲੇਖਕ ਦੇ ਪੁਰਸਕਾਰਾਂ ਨਾਲ ਨਿਵਾਜਿਆ ਜਾ ਚੁੱਕਾ ਹੈ।
ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੀ ਤਿੱਖੀ ਤੇ ਬੇਬਾਕ ਕਲਮ ਨੇ ਨਿਰੰਤਰ ਉਨ੍ਹਾਂ ਅਣਛੋਹੇ ਮਸਲਿਆਂ ਨੂੰ ਛੋਹਿਆ ਜਿਨ੍ਹਾਂ ਤਕ ਕੋਈ ਵਿਰਲਾ ਟਾਵਾਂ ਪੱਤਰਕਾਰ ਹੀ ਪਹੁੰਚ ਕਰ ਸਕਦਾ ਹੈ। ਪੰਜਾਬੀ ਤੇ ਅੰਗਰੇਜ਼ੀ ਬੋਲੀਆਂ ਵਿਚ ਲਿਖਣ ਸਦਕਾ ਅਤੇ ਖ਼ੁਦ ਪਰਵਾਸੀ ਪੰਜਾਬੀ ਹੋਣ ਦੇ ਨਾਤੇ ਉਨ੍ਹਾਂ ਨੇ ਵਿਦੇਸ਼ ਵਸਦੇ ਨਵੀਂ ਪੁਰਾਣੀ ਪੀੜ੍ਹੀ ਦੇ ਪੰਜਾਬੀਆਂ ਵਿਚ ਵਿਸ਼ੇਸ਼ ਭੱਲ ਬਣਾਈ ਹੋਈ ਹੈ। ਪਰਵਾਸੀ ਪੰਜਾਬੀਆਂ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲਾ, ਸਿੱਖਾਂ ਦੇ ਮਸਲਿਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਭਾਰਨ ਵਾਲਾ ਸ਼ਾਇਦ ਉਹ ਇਕੱਲਾ ਹੀ ਇਹੋ ਜਿਹਾ ਪੱਤਰਕਾਰ ਹੈ, ਜਿਸ ਨੂੰ ਪੰਜਾਬ ਦੇ ਪੰਜਾਬੀ ਪਾਠਕਾਂ ਵੱਲੋਂ ਵੀ ਓਨਾ ਹੀ ਮਾਣ ਸਤਿਕਾਰ ਮਿਲਿਆ ਹੈ ਜਿੰਨਾ ਵਿਦੇਸ਼ਾਂ ਚ ਵਸਦੇ ਪਰਵਾਸੀ ਪੰਜਾਬੀਆਂ ਵੱਲੋਂ ਮਿਲਦਾ ਹੈ। ਸ਼ੇਰਗਿੱਲ ਵਰਗੇ ਦੇਸ਼ ਵਿਦੇਸ਼ ਘੁੰਮਦੇ ਬੰਦੇ ਨੂੰ ਪੰਜਾਬ ਵਿਚ ਪਰਵਾਸੀ ਪੰਜਾਬੀਆਂ ਦੇ ਹਿਤਾਂ ਦੀ ਠੀਕ ਤਰ੍ਹਾਂ ਦੇਖਭਾਲ ਕਰਨ ਲਈ ਯੋਗ ਥਾਂ ਮਿਲਣੀ ਚਾਹੀਦੀ ਹੈ। ਉਮਰ ਦੀ ਪੌਣੀ ਸਦੀ ਹੰਢਾ ਚੁੱਕੇ ਨਰਪਾਲ ਸਿੰਘ ਸ਼ੇਰਗਿੱਲ ਅੱਜ ਵੀ ਨੌਜਵਾਨਾਂ ਵਾਂਗ ਵਿਚਰਦੇ ਹਨ। ਆਪਣੇ ਖੋਜੀ ਸੁਭਾਅ ਸਦਕਾ ਗਿਆਨ ਸਾਗਰ ਵਿਚ ਡੁੱਬਕੀ ਲਾਉਂਦੇ ਹਨ ਕਿ ਮੋਤੀ ਕੱਢ ਲਿਆਉਂਦੇ ਹਨ। ਹਵਾ ਵਿਚ ਹੱਥ ਮਾਰਦੇ ਹਨ ਤਾਂ ਤਾਰੇ ਫੜ ਲਿਆਉਂਦੇ ਹਨ। ਮਿੱਟੀ ਫਰੋਲਦੇ ਹਨ ਤਾਂ ਸੋਨਾ ਕੱਢ ਵਿਖਾਉਂਦੇ ਹਨ। ਲੰਡਨ ਰਹਿੰਦਿਆਂ ਉਹਨਾਂ ਨੇ ਪਰਵਾਸੀ ਪੰਜਾਬੀਆਂ ਲਈ ਕਈ ਪੱਤਰਕਾਵਾਂ ਪ੍ਰਕਾਸ਼ਤ ਕੀਤੀਆਂ। ਸਮੁੰਦਰੋਂ ਪਾਰ ਦਾ ਪੰਜਾਬੀ ਸੰਸਾਰ, ਇੰਡੀਅਨ ਐਬਰੋਡ ਐਂਡ ਪੰਜਾਬ ਇੰਪੈਕਟ, ਉਨ੍ਹਾਂ ਦੀਆਂ ਸਰਵੋਤਮ ਡਾਇਰੈਕਟਰੀ ਪੁਸਤਕਾਂ ਹਨ। ਪਿਛੋਂ ਪਟਿਆਲਾ ਵਾਸੀ ਹਨ ਅਤੇ 1966 ਤੋਂ ਯੂਕੇ ਦੇ ਵਾਸੀ ਹਨ। ਉਹ 1000 ਤੋਂ ਵੱਧ ਆਰਟੀਕਲ ਲਿਖ ਚੁੱਕੇ ਹਨ।
ਸੰਪਰਕ: principalsarwansingh@gmail.com