* ਪਿਆਰ ਕਰਨਾ ਬੜਾ ਹੀ ਸਹਿਜ ਹੈ
ਜਿਵੇਂ ਕਿ ਜ਼ੁਲਮ ਨੂੰ ਸਹਾਰਦੇ ਹੋਇਆਂ
ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰਨਾ
* ਮੈਂ ਜਾਣਦਾਂ ਉਨ੍ਹਾਂ ਨੂੰ, ਕਿਵੇਂ ਲੋੜ ਪਈ ਤੋਂ ਉਹ
ਪਿਘਲੇ ਮੌਸਮਾਂ ਤਕ ਨੂੰ ਵੀ
ਸਾਡੇ ਸਿਰ ’ਤੇ ਹਥਿਆਰਾਂ ਵਾਂਗ ਤਾਣ ਲੈਂਦੇ ਹਨ।
ਮੈਂ ਜਾਣਦਾਂ ਉਨ੍ਹਾਂ ਨੂੰ
ਕੀਕਣ ਲੈਰੀਆਂ ਸੋਚਾਂ ਨੂੰ ਘੇਰਾ ਪਾਉਣ ਲਈ
ਹਜ਼ਾਰਾਂ ਰਾਹਾਂ ਥਾਣੀ ਆਉਂਦੇ ਹਨ।
ਉਨ੍ਹਾਂ ਨੂੰ ਜਾਚ ਹੈ,
ਸਾਡੇ ਹੀ ਜਿਸਮਾਂ ਨੂੰ
ਸਾਡੇ ਵਿਰੁਧ ਵਰਤਣ ਦੀ
* ਮੈਂ ਪੂਰੇ ਜ਼ੋਰ ਨਾਲ
ਸ਼ਬਦਾਂ ਨੂੰ ਸੁੱਟਣਾ ਚਾਹੁੰਦਾ ਹਾਂ ਆਦਮੀ ਵੱਲ
* ਮੇਰੇ ਕੋਲ਼ ਕੋਈ ਚਿਹਰਾ
ਸੰਬੋਧਨ ਕੋਈ ਨਹੀਂ
ਧਰਤੀ ਦਾ ਝੱਲਾ ਇਸ਼ਕ ਸ਼ਾਇਦ ਮੇਰਾ ਹੈ
ਤੇ ਤਾਹੀਓਂ ਜਾਪਦੈ
ਮੈਂ ਹਰ ਚੀਜ਼ ਉੱਤੋਂ ਹਵਾ ਵਾਂਗੂੰ ਸਰਸਰਾ ਕੇ ਲੰਘ ਜਾਵਾਂਗਾ
ਸੱਜਣੋਂ ਮੇਰੇ ਲੰਘ ਜਾਣ ਤੋਂ ਮਗਰੋਂ ਵੀ
ਮੇਰੇ ਫ਼ਿਕਰ ਦੀ ਬਾਂਹ ਫੜੀ ਰੱਖਣਾ
* ਹਜ਼ਾਰਾਂ ਲੋਕ ਹਨ
ਜਿਨ੍ਹਾਂ ਕੋਲ ਰੋਟੀ ਹੈ
ਚਾਂਦਨੀਆਂ ਰਾਤਾਂ ਹਨ, ਕੁੜੀਆਂ ਹਨ
ਤੇ ‘ਅਕਲ’ ਹੈ
ਹਜ਼ਾਰਾਂ ਲੋਕ ਹਨ ਜਿਨ੍ਹਾਂ ਦੀ ਜੇਬ ’ਚ
ਹਰ ਵਕਤ ਕਲਮ ਹੁੰਦੀ ਹੈ
ਤੇ ਅਸੀਂ ਹਾਂ
ਕਿ ਕਵਿਤਾ ਲਿਖਦੇ ਹਾਂ-
* ਦੁਨੀਆ ’ਚ ਖਿੱਲਰੇ ਨਿਕਸੁਕ ਨੂੰ ਚੁਣਦਾ ਸਾਂਭਦਾ
ਹਫ਼ ਰਿਹਾ ਹੈ ਘਰੇਲੂ ਆਦਮੀ
ਘਰੇਲੂ ਆਦਮੀ ਨਿਕਸੁਕ ’ਚ ਖਿੱਲਰੇ ਘਰ ਨੂੰ
ਸਾਂਭਦਾ ਸਮੇਟਦਾ ਮਰ ਜਾਂਦਾ ਹੈ
ਘਰੇਲੂ ਆਦਮੀ ਦੇ ਉਹਲੇ ਲੁਕ ਜਾਂਦਾ ਹੈ ਪੂਰਾ ਦੇਸ਼
ਘਰੇਲੂ ਆਦਮੀ ਸਿਰਫ਼ ਘਰ ਅੰਦਰ ਹੀ ਆਦਮੀ ਹੁੰਦੈ
ਘਰੇਲੂ ਆਦਮੀ ਧੁੱਪਾਂ ’ਚ ਲੁਕੇ ਪਾਰਦਰਸ਼ੀ ਪੰਛੀਆਂ
ਦਾ ਸ਼ਿਕਾਰ ਕਰਨਾ ਚਾਹੁੰਦਾ ਹੈ
* ਅਜੇ ਮੈਂ ਜ਼ਹਿਰ ਦੀ ਨੁਮਾਇਸ਼ ਕਰਨ ਜੋਗਾ ਨਹੀਂ
ਨਹੀਂ ਤਾਂ ਧੁੱਪ ਤੋਂ ਪਰੇਸ਼ਾਨ ਹੋ ਕੇ
ਨਿੱਕੀਆਂ-ਨਿੱਕੀਆਂ ਛਾਵਾਂ ਮਗਰ ਦੌੜਨਾ ਨਹੀਂ ਸੀ
ਨਹੀਂ ਤਾਂ ਇਸ ਤਰ੍ਹਾਂ ਨਿਰਮਾਣ ਹੋ ਕੇ
ਭੋਇੰ ’ਚ ਗੱਡੇ ਡਰਨਿਆਂ ਕੋਲ਼ੋਂ ਦੀ ਕੌਣ ਲੰਘਦਾ ਹੈ।
* ਜੀਉਂਦੇ ਆਦਮੀ! ਮੁੜ੍ਹਕੇ ਦੀ, ਸਾਹਾਂ ਦੀ ਹਮਕ ਤੋਂ ਬਿਨ
ਤੇਰੇ ਕੋਲ ਹੈ ਈ ਕੀ?
ਜੀਉਂਦੇ ਆਦਮੀ! ਲੋਚਾਂ ਤੋਂ ਸੁਪਨਿਆਂ ਤੋਂ ਬਿਨਾਂ ਤੇਰੀ ਡੱਬ ’ਚ ਕੀ?