ਬਾਵਾ ਬਲਵੰਤ
ਪੰਜਾਬੀ ਦੇ ਮਸ਼ਹੂਰ ਕਵੀ ਬਾਵਾ ਬਲਵੰਤ ਨੇ ਇਹ ਲੇਖ ਉੱਘੇ ਚਿੱਤਰਕਾਰ ਜਸਵੰਤ ਸਿੰਘ ਬਾਰੇ ਉਦੋਂ ਲਿਖਿਆ ਸੀ ਜਦ ਜਸਵੰਤ ਸਿੰਘ ਦੀ ਕਲਾ ਸਿਖਰਾਂ ’ਤੇ ਸੀ।
ਜਸਵੰਤ ਸਿੰਘ ਦਾ ਜਨਮ 10 ਅਪਰੈੈਲ 1918 ਨੂੰ ਰਾਵਲਪਿੰਡੀ ਵਿਖੇ ਹੋਇਆ। ਵਾਤਾਵਰਣ ਦੀਆਂ ਤੰਗੀਆਂ ਤੇ ਮਜਬੂਰੀਆਂ ਦੇ ਹੋਣ ’ਤੇ ਵੀ ਕਾਮਯਾਬੀ ਨਾਲ ਮੈਟ੍ਰਿਕ ਪਾਸ ਕਰ ਗਏ। ਡਰਾਇੰਗ ਤੇ ਤਸਵੀਰਾਂ ਬਣਾਉਣ ਦਾ ਸ਼ੌਕ ਕਿਸ਼ੋਰ ਅਵਸਥਾ ਤੋਂ ਹੀ ਸੀ।
ਸਨਾਤਨ ਧਰਮ ਸਕੂਲ ਦੀ ਪੜ੍ਹਾਈ ਦੇ ਦਿਨਾਂ ਵਿਚ ਵੀ ਉਹ ਤਸਵੀਰਾਂ ਬਣਾਉਂਦੇ ਤੇ ਕੁਝ ਰੋਜ਼ੀ ਲਈ ਵੀ ਕੰਮ ਕਰਦੇ ਰਹੇ। ਮਾਸਟਰ ਵੀ ਉਨ੍ਹਾਂ ਦੇ ਕੰਮ ਤੋਂ ਖ਼ੁਸ਼ ਸਨ ਤੇ ਆਪਣੇ ਹੋਣਹਾਰ ਸ਼ਾਗਿਰਦ ਦੀ ਕਾਮਯਾਬੀ ਲਈ ਕੋਸ਼ਿਸ਼ ਤੇ ਅਰਦਾਸ ਕਰਦੇ ਸਨ। ਸਕੂਲੀ ਪੜ੍ਹਾਈ ਤੋਂ ਬਾਅਦ ਜਸਵੰਤ ਸਿੰਘ ਕਾਲਜ ਵਿਚ ਵੀ ਦਾਖ਼ਿਲ ਹੋਏ, ਪਰ ਆਰਥਿਕ ਕਠਿਨਾਈਆਂ ਕਾਰਨ ਕਾਲਜ ਛੱਡਣਾ ਪਿਆ।
ਵਿੱਦਿਆ ਨੂੰ ਵਿਦਾ ਕਹਿਣ ਤੋਂ ਉਪਰੰਤ ਹੁਣ ਕੰਮ ਦੀ ਭਾਲ ਜਾਰੀ ਹੋਈ, ਪਰ ਨਾਲ-ਨਾਲ ਦ੍ਰਿਸ਼-ਚਿੱਤਰ (ਲੈਂਡਸਕੇਪ) ਵੀ ਬਣਾਉਂਦੇ ਰਹੇ। ਇਨ੍ਹਾਂ ਦਿਨਾਂ ਵਿਚ ਤੇ ਆਪਣੇ ਪੜ੍ਹਾਈ ਦੇ ਸਮੇਂ, ਉਨ੍ਹਾਂ ਆਪਣੇ ਇਲਾਕੇ ਦੀ ਦੂਰ-ਦੂਰ ਤੱਕ ਸੈਰ ਕੀਤੀ। ਇਲਾਕੇ ਦੀਆਂ ਖੁੱਲ੍ਹਾਂ, ਪਹਾੜੀਆਂ, ਚਟਾਨਾਂ, ਨਦੀ-ਨਾਲਿਆਂ ਤੇ ਮੌਸਮਾਂ ਤੋਂ ਉਹ ਬਹੁਤ ਪ੍ਰਭਾਿਵਤ ਹੋਏ। ਬਚਪਨ ਵਿਚ ਵੇਖੇ ਇਹ ਸਾਰੇ ਨਜ਼ਾਰੇ ਉਨ੍ਹਾਂ ਦਾ ਖ਼ਜ਼ਾਨਾ ਬਣ ਗਏ ਤੇ ਅੱਜ ਚਿੱਤਰਾਂ ਦੀ ਸ਼ਕਲ ਵਿਚ ਰੂਪਮਾਨ ਹੋ ਰਹੇ ਹਨ।
ਚਿੱਤਰਕਾਰ ਤੇ ਚਿੱਤਰ-ਕਲਾ ਲਈ ਉਸ ਵੇਲੇ ਰਾਵਲਪਿੰਡੀ ਦਾ ਮੈਦਾਨ ਸੌੜਾ ਸੀ। ਇਸ ਲਈ ਜਸਵੰਤ ਹੋਰਾਂ ਨੂੰ ਸੰਨ 1936 ਵਿਚ ਲਾਹੌਰ ਆਉਣਾ ਪਿਆ। ਲਾਹੌਰ ਇਸ ਵੇਲੇ ਕਲਾ ਤੇ ਸਾਹਿਤ ਦਾ ਕੇਂਦਰ ਬਣ ਰਿਹਾ ਸੀ। ਆਉਂਦੀ ਵਾਰ ਉਹ ਆਪਣੇ ਦ੍ਰਿਸ਼-ਚਿੱਤਰ ਵੀ ਨਾਲ ਲੈ ਆਏ। ਲਾਹੌਰ ਵਿਚ ਉਨ੍ਹਾਂ ਦੀ ਕੋਈ ਖ਼ਾਸ ਵਾਕਫ਼ੀਅਤ ਨਹੀਂ ਸੀ। ਕਲਾਕਾਰ ਦੀਆਂ ਉਮੀਦਾਂ, ਆਪਣੀਆਂ ਤਸਵੀਰਾਂ ਸਹਿਤ ਦਰ-ਦਰ ਭਟਕਦੀਆਂ ਰਹੀਆਂ, ਪਰ ਕੋਈ ਕਾਮਯਾਬੀ ਨਾ ਹੋਈ। ਹਾਂ, ਇਕ ਨਵਾਂ ਰਾਹ ਉਨ੍ਹਾਂ ਨੂੰ ਜ਼ਰੂਰ ਦਿਸ ਪਿਆ।
ਇਕ ਦੁਕਾਨਦਾਰ ਉਨ੍ਹਾਂ ਦੇ ਮਿੱਤਰ ਬਣ ਗਏ ਤੇ ਉਨ੍ਹਾਂ ਜਸਵੰਤ ਹੋਰਾਂ ਨੂੰ ਦੱਸਿਆ ਕਿ ‘‘ਪਹਿਲਾਂ ਤੁਸੀਂ ਬਾਜ਼ਾਰ ਦੀਆਂ ਵਪਾਰਕ ਤਸਵੀਰਾਂ ਬਣਾਓ ਤੇ ਕਿਸੇ ਦੇ ਨਾਲ ਕੰਮ ਸ਼ੁਰੂ ਕਰ ਦਿਓ।’’ ਸੋ ਉਨ੍ਹਾਂ ਰੇਲਵੇ ਰੋਡ ’ਤੇ ਕਿਸੇ ਦੀ ਦੁਕਾਨ ’ਤੇ ਸਾਇਨ ਬੋਰਡਾਂ ਦਾ ਕੰਮ ਸ਼ੁਰੂ ਕਰ ਦਿੱਤਾ। ਚਾਹੇ ਇਸ ਕੰਮ ਵਿਚ ਮਿਹਨਤ ਬਹੁਤ ਵੱਧ ਤੇ ਪੈਸੇ ਥੋੜ੍ਹੇ ਸਨ, ਪਰ ਉਹ ਪੂਰੀ ਲਗਨ ਨਾਲ ਕੰਮ ਕਰਦੇ ਰਹੇ। ਇਸ ਤਰ੍ਹਾਂ ਉਨ੍ਹਾਂ ਦੇ ਹੱਥ ਵਿਚ ਕਮਰਸ਼ਿਅਲ ਕੰਮ ਲਈ ਸਫ਼ਾਈ ਤੇ ਤੇਜ਼ੀ ਆ ਗਈ। ਸਾਇਨ ਬੋਰਡਾਂ ਤੋਂ ਬਾਅਦ ਉਨ੍ਹਾਂ ਬਾਜ਼ਾਰ ਦਾ ਡਿਜ਼ਾਈਨ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਹੁਣ ਰੇਲਵੇ ਰੋਡ ਤੋਂ ਮੋਰੀਗੇਟ, ਅਨੰਦ ਭਵਨ ਵਿਚ ਆ ਗਏ।
ਚਿੱਤਰਕਾਰ ਦੇ ਅੰਦਰ ਅੱਗੇ ਵਧਣ ਦੀ ਲਗਨ ਠਾਠਾਂ ਮਾਰ ਰਹੀ ਸੀ। ਨਵੇਂ-ਨਵੇਂ ਤਜਰਬੇ, ਕੰਮ ਦਾ ਸ਼ੌਕ ਤੇ ਉਨ੍ਹਾਂ ਦਾ ਕਲਾ-ਪਿਆਰ ਉਨ੍ਹਾਂ ਨੂੰ ਪੰਜਾਬ ਤੋਂ ਦੂਰ ਕਲਕੱਤੇ ਲੈ ਗਿਆ। ਸੰਨ 1939 ਵਿਚ ਉਹ ਕਲਕੱਤੇ ਪਹੁੰਚ ਗਏ। ਕੁਝ ਚਿਰ ਕੰਮ ਕੀਤਾ ਤੇ ਫੇਰ ਪੰਜਾਬ ਆ ਗਏ, ਪਰ ਸੰਨ 1940 ਦੇ ਸ਼ੁਰੂ ਵਿਚ ਕਲਕੱਤੇ ਚਲੇ ਗਏ। ਹੁਣ ਉਨ੍ਹਾਂ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕੀਤਾ। ਭੁੱਖਾਂ ਸਹਿੰਦੇ ਹੋਏ ਵੀ ਜੀਅ ਨਾ ਛੱਡਿਆ। ਸਾਲ-ਡੇਢ ਸਾਲ ਕੰਮ ਕਰਨ ਪਿੱਛੋਂ ਫੇਰ ਪੰਜਾਬ ਆਉਣ ਦਾ ਪਿਆਰ ਜਾਗਿਆ ਤੇ ਬੰਗਾਲ ਦੇ ਕਲਾ-ਭੰਡਾਰ ਸ਼ਹਿਰ ਵਿਚੋਂ ਬਹੁਤ ਕੁਝ ਲੈ ਕੇ ਸੰਨ 1941 ਵਿਚ ਲਾਹੌਰ ਵਾਪਸ ਆਏ। ਹੁਣ ਉਨ੍ਹਾਂ ਪੱਕੀ ਤਰ੍ਹਾਂ ਦਿਲ ਜਮਾ ਕੇ ਲਾਹੌਰ ਰਹਿਣ ਦਾ ਇਰਾਦਾ ਕੀਤਾ ਤੇ ਕੰਮ ਸ਼ੁਰੁੂ ਕਰ ਦਿੱਤਾ।
ਇਨ੍ਹਾਂ ਦਿਨਾਂ ਵਿਚ ਉਰਦੂ ਤੇ ਪੰਜਾਬੀ ਸਾਹਿਤ ਖ਼ੂਬ ਚੜ੍ਹਦੀਆਂ ਕਲਾਂ ਵਿਚ ਸਨ। ਜਸਵੰਤ ਸਿੰਘ ਹੋਰਾਂ ਦਾ ਕੰਮ, ਕੁਝ ਰੰਗ ਵਿਖਾ ਰਿਹਾ ਸੀ। ਉਰਦੂ ਪੁਸਤਕਾਂ ਦੇ ਕਈ ਟਾਈਟਲ ਉਨ੍ਹਾਂ ਦੇ ਹੱਥ ਵਿਚੋਂ ਨਿਕਲ ਰਹੇ ਸਨ। ਹੁਣ ਉਨ੍ਹਾਂ ਦੀ ਜਾਣ-ਪਹਿਚਾਣ ਦਾ ਘੇਰਾ ਬਹੁਤ ਚੌੜਾ ਹੋ ਗਿਆ। ਪ੍ਰਸਿੱਧ ਕਹਾਣੀ ਲੇਖਕ ਕ੍ਰਿਸ਼ਨ ਚੰਦਰ, ਸ੍ਰੀ ਘਨੱਈਆ ਲਾਲ ਕਪੂਰ, ਸਾਹਿਰ ਲੁਧਿਆਣਵੀ ਤੇ ਰਾਜਿੰਦਰ ਸਿੰਘ ‘ਬੇਦੀ’ ਜਿਹੇ ਮਹਾਨ ਲਿਖਾਰੀਆਂ ਨਾਲ ਉਨ੍ਹਾਂ ਦਾ ਮੇਲ-ਜੋਲ ਹੋ ਗਿਆ। ਪੰਜਾਬ ਦੇ ਸਭ ਵੱਡੇ-ਵੱਡੇ ਲੇਖਕ ਵੀ ਉਨ੍ਹਾਂ ਦੇ ਮਿੱਤਰ ਬਣ ਚੁੱਕੇ ਸਨ। ਇਨ੍ਹਾਂ ਦੀ ਦੁਕਾਨ ’ਤੇ ਦਿਨੋ-ਦਿਨ ਸਾਹਿਤਕ ਮਹਿਫ਼ਲਾਂ ਵਧਦੀਆਂ ਗਈਆਂ। ਇਨ੍ਹਾਂ ਦਿਨਾਂ ਵਿਚ ਹੀ ਮੈਂ ਉਨ੍ਹਾਂ ਦੀ ਸਚਿੱਤਰ ਕੀਤੀ ਹੋਈ ਪੰਜਾਬੀ ਪੁਸਤਕ ‘ਨੌਂ ਕਲੀਆਂ ਹਾਰ’ ਦੇਖੀ। ਇਸ ਵਿਚ ਦੋ ਰੰਗੇ ਤੇ ਤਿੰਨ ਰੰਗੇ ਚਿੱਤਰ ਬਣੇ ਸਨ। ਉਸ ਵੇਲੇ ਪੰਜਾਬੀ ਵਿਚ ਉਹ ਪੁਸਤਕ ਨਵੀਂ ਤੇ ਸੁੰਦਰ ਕਲਾਕਾਰੀ ਦਾ ਨਮੂਨਾ ਸੀ। ਇਸ ਦੇ ਚਿੱਤਰਾਂ ਵਿਚੋਂ ਕਲਾਕਾਰ ਦੇ ਮਹਾਨ-ਭਵਿੱਖਤ ਦੀ ਉੱਜਲੀ ਨੁਹਾਰ ਉੱਘੜ ਰਹੀ ਸੀ। ਹੁਣ ਉਨ੍ਹਾਂ ਦਾ ਕੰਮ ਚੰਗਾ ਚੱਲ ਨਿਕਲਿਆ ਤੇ ਸੰਨ 1947 ਤੱਕ ਜ਼ੋਰ-ਸ਼ੋਰ ਨਾਲ ਕੰਮ ਕਰਦੇ ਰਹੇ। ਲਾਹੌਰ ਦੇ ਇਸ ਵਾਤਾਵਰਣ ਵਿਚ ਉਨ੍ਹਾਂ ਦੇ ਖ਼ਿਆਲ ਵਿਚ ਬੜੀ ਨਵੀਨਤਾ ਤੇ ਪੁਖ਼ਤਾਈ ਆਉਂਦੀ ਗਈ। ਮਈ ਦੇ ਮਹੀਨੇ ਤੱਕ ਲਾਹੌਰ ਹੀ ਰਹੇ, ਪਰ ਦਿਨ-ਬ-ਦਿਨ ਫ਼ਸਾਦਾਂ ਦੀ ਅੱਗ ਤੇਜ਼ ਹੋ ਰਹੀ ਸੀ। ਹੁਣ ਇਹ ਅੱਗ ਲਾਹੌਰ ਦੇ ਬਹੁਤ ਨੇੜੇ ਪਹੁੰਚ ਚੁੱਕੀ ਸੀ। ਇਸ ਲਈ ਜੂਨ 1947 ਵਿਚ ਦਿੱਲੀ ਆ ਗਏ। ਪਰ ਚਿੱਤਰਕਾਰ ਨੂੰ ਲਾਹੌਰ ਛੱਡਣ ਦਾ ਅਜੇ ਤੱਕ ਦੁਖ ਹੈ। ਰਾਜਧਾਨੀ ਵਿਚ ਆ ਕੇ ਉਨ੍ਹਾਂ ਆਪਣੇ ਆਪ ਨੂੰ ਸਮੇਟਿਆ ਤੇ ਕੰਮ ਸ਼ੁਰੂ ਕਰ ਦਿੱਤਾ। ਪਰ ਹੁਣ ਸਭ ਕੁਝ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ ਜਿਸ ਲਈ ਉਨ੍ਹਾਂ ਨੂੰ ਦਿਨ-ਰਾਤ ਇਕ ਕਰਨਾ ਪਿਆ।
ਰਾਗ ਵਿੱਦਿਆ ਦਾ ਸ਼ੌਕ ਉਨ੍ਹਾਂ ਨੂੰ ਕਾਫ਼ੀ ਦੇਰ ਪਹਿਲਾਂ ਦਾ ਸੀ। ਉਹ ਸ੍ਰੀ ਬੀ.ਐਨ. ‘ਦੱਤਾ’ ਜੀ ਕੋਲੋਂ ਰਾਗ ਸਿਖਦੇ ਰਹੇ ਤੇ ਅੱਜਕੱਲ੍ਹ ਬੜੇ ਗ਼ੁਲਾਮ ਅਲੀ ਤੱਕ ਉਨ੍ਹਾਂ ਦੇ ਮਿੱਤਰ ਹਨ। ਰਾਗ ਦੇ ਨਾਲ ਉਨ੍ਹਾਂ ਨੂੰ ਸੈਰ ਦਾ ਕਾਫ਼ੀ ਸ਼ੌਕ ਹੈ। ‘ਮਰੀ’ ਤੋਂ ਲੈ ਕੇ ‘ਆਬੂ’ ਤੱਕ ਸੈਰ ਕਰ ਚੁੱਕੇ ਹਨ ਤੇ ਹਰ ਸਾਲ ਕਿਸੇ ਨਾ ਕਿਸੇ ਪਹਾੜੀ ਅਸਥਾਨ ’ਤੇ ਜਾਂਦੇ ਹਨ ਜਿੱਥੇ ਉਹ ਚਿੱਤਰ ਰੂਪਮਾਨ ਕਰਦੇ ਹਨ। ਸਾਹਿਤ ਦਾ ਸ਼ੌਕ ਅਜਿਹਾ ਹੈ ਕਿ ਦੁਨੀਆਂ ਦਾ ਚੰਗਾ ਸਾਹਿਤ ਹਰ ਵੇਲੇ ਪੜ੍ਹਦੇ ਰਹਿੰਦੇ ਹਨ। ਚੰਗੀਆਂ ਫ਼ਿਲਮਾਂ ਵੇਖਣ ਦਾ ਵੀ ਕਾਫ਼ੀ ਸ਼ੌਕ ਰੱਖਦੇ ਹਨ। ਉਨ੍ਹਾਂ ਦੇ ਨੇੜੇ ਹੋਣ ’ਤੇ ਪਤਾ ਲੱਗਦਾ ਹੈ ਕਿ ਉਹ ਦਿਨ ਤੋਂ ਰਾਤ ਤੱਕ ਲਲਿਤ ਕਲਾਵਾਂ ਵਿਚ ਘਿਰੇ ਰਹਿੰਦੇ ਹਨ। ਕਿਸੇ ਵੇਲੇ ਰਾਗ ਦੇ ਰਿਆਜ਼ ਵਿਚ ਲੱਗੇ ਹਨ, ਤੇ ਕਿਸੇ ਵੇਲੇ ਸਾਹਿਤ ਪੜ੍ਹ ਰਹੇ ਹਨ, ਕਦੀ ਦੁਕਾਨ ’ਤੇ ਬਾਜ਼ਾਰ ਦਾ ਕੰਮ ਕਰਦੇ ਤੇ ਵਪਾਰਕ-ਚਿੱਤਰ ਬਣਾ ਰਹੇ ਹਨ ਤੇ ਕਦੇ ਅੱਧੀ ਰਾਤ ਤੱਕ ਆਪਣੇ ਲਈ ਲਲਿਤ-ਚਿੱਤਰ ਬਣਾਉਂਦੇ ਦਿਸਦੇ ਹਨ। ਇਹ ਉਨ੍ਹਾਂ ਦਾ ਨਿੱਤ ਪ੍ਰਤਿ ਦਾ ਕੰਮ ਹੈ।
ਰਾਗਾਂ ਦੇ ਅਤਿ ਪ੍ਰੇਮੀ ਹੋਣ ਦੇ ਨਾਤੇ, ਅਸੀਂ ਉਨ੍ਹਾਂ ਦੀਆਂ, ਰਾਗਾਂ ਸਬੰਧੀ ਤਸਵੀਰਾਂ ਪਹਿਲਾਂ ਦੇਖਦੇ ਹਾਂ। ਰਾਗ-ਚਿੱਤਰ ਉਨ੍ਹਾਂ ਬਹੁਤ ਹੀ ਪ੍ਰਤਿਭਾਸ਼ਾਲੀ ਢੰਗ ਨਾਲ ਬਣਾਏ ਹਨ। ਆਮ ਤੌਰ ’ਤੇ ਸਾਡੇ ਚਿੱਤਰਕਾਰ ਰਾਗ ਤੇ ਰਾਗਨੀਆਂ ਨੂੰ ਕਾਂਗੜਾ ਤੇ ਰਾਜਪੂਤ ਸ਼ੈਲੀਆਂ ਵਿਚ ਚਿਤਰ ਕੇ ਹੀ ਸੰਤੁਸ਼ਟ ਹੋ ਜਾਂਦੇ ਹਨ, ਪਰ ਜਸਵੰਤ ਸਿੰਘ ਅਜਿਹਾ ਨਹੀਂ ਕਰਦਾ। ਉਹ ਆਧੁਨਿਕ ਚਿੱਤਰ-ਸ਼ੈਲੀ ਵਿਚ ਆਪਣੀ ਮੌਲਿਕ ਸ਼ੈਲੀ ਨੂੰ ਜਨਮ ਦੇਂਦਾ ਹੈ। ਏਸੇ ਲੜੀ ਵਿਚ ਉਸ ਦਾ ਸਰਬੋਤਮ ਚਿੱਤਰ ਰਾਗ ‘ਪੂਰੀਆ’ ਆਪਣੀ ਜ਼ਿੰਦਗੀ ਦੀ ਸ਼ਾਮ ਵਿਚ ਪਹੁੰਚੀ, ਇਕ ਔਰਤ ਦੇ ਥੱਕੇ-ਹੁਟੇ ਤੇ ਝੁਰੜੀਆਂ ਭਰੇ ਚਿਹਰੇ ਦੁਆਰਾ, ਡੁੱਬ ਰਹੇ ਸੂਰਜ ਦਾ ਵਾਤਾਵਰਣ ਸਾਡੇ ਸਾਹਮਣੇ ਸਾਕਾਰ ਕਰਦਾ ਹੈ। ਬੀਤੇ ਸਾਲਾਂ ਦੇ ਦੁੱਖ ਤੇ ਤਕਲੀਫ਼ਾਂ ਉਸ ਦੀਆਂ ਅੱਖੀਆਂ ਵਿਚ ਭਰ ਦਿੱਤੀਆਂ ਹਨ। ਵਿਸ਼ੇ ਪੱਖ ਤੋਂ ਛੁੱਟ ਇਹ ਬੜੀ ਮਿਹਨਤ ਨਾਲ ਬਣਾਇਆ ਹੋਇਆ ਇਕ ਲਖਾਇਕ ਅਧਿਐਨ ਹੈ। ਉਹ ਰਾਗਾਂ ਨੂੰ ਨਵੇਂ ਰੰਗ ਵਿਚ ਪੇਸ਼ ਕਰਨ ਲਈ ਨਵੇਂ ਪ੍ਰਤੀਕ ਤੇ ਨਵੇਂ ਚਿੰਨ੍ਹ ਲੱਭਦੇ ਹਨ। ਰਾਗ ‘ਭੈਰਵ’, ‘ਪਹਾੜੀ’, ‘ਮਾਰਵਾ’, ‘ਮੇਘ’ ਤੇ ‘ਸੋਹਣੀ’ ਸਭ ਨਵੇਂ ਢੰਗ ਨਾਲ ਉਲੀਕੇ ਹਨ। ਇਹੋ ਉਨ੍ਹਾਂ ਦੀ ਮੌਲਿਕਤਾ ਦਾ ਸਬੂਤ ਹੈ।
ਦੂਜੀ ਪ੍ਰਕਾਰ ਦੇ ਉੱਤਮ ਤੇ ਅਨੋਖੇ ਚਿੱਤਰ, ਉਨ੍ਹਾਂ ਦੇ ਚਟਾਨਾਂ ਵਾਲੇ ਚਿੱਤਰ ਹਨ। ਜਸਵੰਤ ਸਿੰਘ ਦੀ ਇਹ ਵਿਲੱਖਣਤਾ ਹੈ ਕਿ ਉਹ ਹਰ ਥਾਂ ਤੋਂ ਚਿੰਨ੍ਹ ਤੇ ਪ੍ਰਤੀਕ ਲੱਭ ਲੈਂਦਾ ਹੈ। ਕਲਾਕਾਰ ਮਾਉਂਟ ਆਬੂ ਗਿਆ, ਉਸ ਨੂੰ ਖ਼ੁਸ਼ਕ ਪਹਾੜੀਆਂ, ਚਟਾਨਾਂ ਤੇ ਪਹਾੜਾਂ ਦੇ ਹੋਰ ਦ੍ਰਿਸ਼ ਗੱਲਾਂ ਕਰਦੇ ਨਜ਼ਰ ਆਏ। ਫੇਰ ਇਹ ਸਭ ਦ੍ਰਿਸ਼ ਤੇ ਚਟਾਨਾਂ ਕਲਾਕਾਰ ਦੀ ਆਤਮਾ ਵਿਚ ਡੁੱਬ ਗਈਆਂ ਤੇ ਚਿੱਤਰਾਂ ਦੇ ਰੂਪ ਵਿਚ ਸਾਕਾਰ ਹੋਈਆਂ। ਇਸ ਕਿਸਮ ਦੇ ਚਿੱਤਰ ਬਹੁਤ ਹੀ ਜਾਨਦਾਰ ਤੇ ਨਵੀਨ ਰੰਗ ਦੇ ਹਨ। ਖ਼ੁਸ਼ਕ ਚਟਾਨਾਂ ਵਿਚੋਂ ਉਨ੍ਹਾਂ ਨੇ ਮਾਨਵ ਮਨ ਦੇ ਹਾਵਾਂ-ਭਾਵਾਂ ਨੂੰ ਕਲਾਮਈ ਢੰਗ ਰਾਹੀਂ ਮੂਰਤੀਮਾਨ ਕੀਤਾ ਹੈ। ਕਲਾਕਾਰ ਦੀ ਕਲਾ ਆਪਣੇ ਪੂਰੇ ਜੋਬਨ ’ਤੇ ਹੈ। ਇਸ ਪ੍ਰਕਾਰ ਦੇ ਚਿੱਤਰਾਂ ਵਿਚੋਂ, ‘ਛੇਕਿਆ ਹੋਇਆ’, ‘ਸੁਪਨਕਾਰ’ ਤੇ ‘ਤਪੱਸਵੀ’ ਬਹੁਤ ਹੀ ਉੱਚ ਪਾਏ ਦੇ ਚਿੱਤਰ ਕਹੇ ਜਾ ਸਕਦੇ ਹਨ। ਫੇਰ ਇਨ੍ਹਾਂ ਚਿੱਤਰਾਂ ਦਾ ਰੰਗ-ਵਿਧਾਨ ਐਸਾ ਹੈ ਕਿ ਵੇਖਣ ਵਾਲਾ ਵਾਹ-ਵਾਹ ਕਰ ਉੱਠਦਾ ਹੈ।
ਜਸਵੰਤ ਸਿੰਘ ਨੇ ‘ਲੈਂਡ-ਸਕੇਪ’ ਵੀ ਕਾਫ਼ੀ ਬਣਾਏ ਹਨ। ਇਨ੍ਹਾਂ ਦ੍ਰਿਸ਼-ਚਿੱਤਰਾਂ ਵਿਚ ਉਨ੍ਹਾਂ ਦੀ ਵਿਲੱਖਣਤਾ ਬਿਰਾਜਮਾਨ ਹੈ। ‘ਵੀਰਾਨਾ’ ਜਾਂ ‘ਬੰਜਰ ਧਰਤੀ’ ਤੇ ‘ਰੇਗਿਸਤਾਨ ਦਾ ਫੁੱਲ’ ਚਿੱਤਰ ਕੁਦਰਤੀ ਸੁੰਦਰਤਾ ਨਾਲੋਂ ਵੱਧ ਸੁੰਦਰ ਜਾਪਦੇ ਹਨ ਤੇ ਕਲਾਕਾਰ ਆਪਣੇ ਡੂੰਘੇ ਭਾਵ ਪੇਸ਼ ਕਰਦਾ ਨਜ਼ਰ ਆਉਂਦਾ ਹੈ। ਉਹ ਭਾਵੇਂ ਕਈ ਭਾਵ ਪ੍ਰਗਟ ਕਰਦੇ ਹੋਣ, ਪਰ ਇਹ ਵਿਸ਼ੇਸ਼ ਚਿੱਤਰ ਕਹੇ ਜਾ ਸਕਦੇ ਹਨ। ਕਲਾਕਾਰ ਨੂੰ ਬਚਪਨ ਦੇ ਦੇਖੇ ਹੋਏ ਵੀਰਾਨੇ ਯਾਦ ਹਨ ਤੇ ਕਈ ਵਾਰੀ ਉਹ ਆਪਣੀਆਂ ਵੀਰਾਨ ਆਸਾਂ ਨਾਲ ਉਨ੍ਹਾਂ ਦੀ ਤੁਲਨਾ ਕਰਦਾ ਹੈ। ਕਲਾਕਾਰ ਜੀਵਨ ਦੀਆਂ ਵੀਰਾਨ ਮੰਜ਼ਿਲਾਂ ਉਪਰ ਦੀ ਲੰਘਦਾ ਹੋਇਆ ਆਪਣੇ ਲਕਸ਼ ਵੱਲ ਜਾ ਰਿਹਾ ਹੈ। ਉਹ ਹਰ ਮੰਜ਼ਿਲ ’ਤੇ ‘ਸੱਚ’ ਦੀ ਖੋਜ ਕਰਦਾ ਹੈ। ਮੰਜ਼ਿਲਾਂ ਚਾਹੇ ਵੀਰਾਨ ਹਨ, ਪਰ ਕਲਾਕਾਰ ਨੂੰ ਵੀ ਉਦਾਸੀਆਂ ਪਸੰਦ ਹਨ। ਇਨ੍ਹਾਂ ਉਦਾਸੀਆਂ ਵਿਚ ਉਸ ਨੂੰ ਆਪਣੀ ਸਚਾਈ ਰੂਪੀ ਸੋਹਣੀ ਦੀ ਯਾਦ ਆਉਂਦੀ ਹੈ ਤੇ ਉਹ ਹਰ ਔਖੀ ਘਾਟੀ ਤੋਂ ਖ਼ੁਸ਼ੀ-ਖ਼ੁਸ਼ੀ ਲੰਘ ਜਾਂਦਾ ਹੈ। ਇਕ ਮਿੱਠਾ-ਮਿੱਠਾ ਦਰਦ ਉਨ੍ਹਾਂ ਦੇ ਜੀਵਨ ਨੂੰ ਸਵਾਦ ਦੇਂਦਾ ਰਹਿੰਦਾ ਹੈ। ਫੇਰ ਦੂਜੀ ਮੰਜ਼ਿਲ ਇਕ ਭਿਆਨਕ ਵੀਰਾਨੀ, ਪਰ ਮਾਰੂਥਲ ਵਿਚ ਵੀ ਉਸ ਨੂੰ ਕੋਈ ‘ਗੁਲੇ ਲਾਲਾ’ ਨਜ਼ਰ ਆਉਂਦਾ ਹੈ। ‘ਲਾਲਾ’ ਦੇ ਫੁੱਲ ਦੀ ਸੁੰਦਰਤਾ ਕਲਾਕਾਰ ਨੂੰ ਚਿਰ-ਸੱਚ ਦੀ ਪਹਿਚਾਣ ਤੇ ਮੰਜ਼ਿਲ ਦੀ ਸਿਖ਼ਰ ਵੱਲ ਇਸ਼ਾਰੇ ਕਰਦੀ ਹੈ।
ਜਸਵੰਤ ਸਿੰਘ ਨੇ ਕਈ ਰੰਗਾਂ ਦੇ ਚਿੱਤਰ ਬਣਾਏ ਹਨ। ਇਨ੍ਹਾਂ ਸਤਰਾਂ ਦੇ ਲਿਖਾਰੀ ਨੂੰ ਕਈ ਵਾਰ ਉਨ੍ਹਾਂ ਦੀ ਨੁਮਾਇਸ਼ ਦੇਖਣ ਦਾ ਮੌਕਾ ਮਿਲਿਆ ਹੈ ਤੇ ਉਨ੍ਹਾਂ ਦੀਆਂ ਸੁੰਦਰ ਤਸਵੀਰਾਂ ਸਾਹਮਣੇ, ਕਈ ਹੁਸੀਨ ਤੇ ਪਾਰਖੂ ਸੂਰਤਾਂ ਨੂੰ ਤਸਵੀਰ ਬਣਿਆ ਵੇਖਿਆ ਹੈ। ਜਿੱਥੇ ਉਨ੍ਹਾਂ ਦੀ ਕਲਾ ਸੁਹਜ ਭਰਪੂਰ ਹੈ, ਉੱਥੇ ਖ਼ਿਆਲਾਂ ਦੀ ਵੀ ਅਮੀਰ ਹੈ। ਉਹ ਇਕ ਦਾਰਸ਼ਨਿਕ ਕਲਾਕਾਰ ਹੈ। ਨਵੀਆਂ ਸਚਾਈਆਂ ਦੇ ਨਾਲ ਉਹ ਭਾਰਤ ਦੀ ਪਰੰਪਰਾ ਤੋਂ ਵੀ ਪੂਰੀ ਤਰ੍ਹਾਂ ਜਾਣੂ ਹੈ। ਉਹ ਜਾਣਦਾ ਹੈ ਕਿ ਮੌਤ ਵਿਚ ਕਿਵੇਂ ਜ਼ਿੰਦਗੀ ਲੁਕੀ ਪਈ ਹੈ, ਅਨ੍ਹੇਰਿਆਂ ਦੀ ਗੋਦ ਵਿਚ ਕਿਵੇਂ ਉਜਾਲੇ ਪਲ ਰਹੇ ਹਨ ਤੇ ਖ਼ਿਜ਼ਾਂ ਦੇ ਪਿੱਛੇ ਕਿਵੇਂ ਬਹਾਰ ਨਵੇਂ ਨਾਚ ਲਈ ਤਿਆਰ ਹੋ ਰਹੀ ਹੈ।
ਇਹ ਭਾਵ ਉਸ ਨੇ ਆਪਣੇ ਚਿੱਤਰ ‘ਆਵਾਗਉਣ’ ਵਿਚ ਪ੍ਰਗਟਾਏ ਹਨ। ਇਕ ਸੁੱਕੇ ਪੱਤੇ ਵਿਚ ਹਰਾ-ਭਰਾ ਹੋ ਰਿਹਾ ਬੂਟਾ ਵਿਖਾਇਆ ਗਿਆ ਹੈ। ਰੰਗਕਾਰੀ ਐਸੀ ਕਮਾਲ ਦੀ ਹੈ ਕਿ ਮਟਮੈਲਾ ਪੱਤਾ ਭੁਰਦਾ ਨਜ਼ਰ ਆ ਰਿਹਾ ਹੈ, ਪਰ ਉਸ ਦੇ ਦਾਮਨ ਵਿਚ ਬਹਾਰ ਹੈ। ਉਨ੍ਹਾਂ ਦਾ ਇਕ ਚਿੱਤਰ ‘ਨਵਾਂ-ਯੁਗ’ ਵੀ ਬਹੁਤ ਪ੍ਰਸਿੱਧ ਹੋਇਆ ਹੈ। ਕੰਡਿਆਂ ਵਾਲੀ ਤਾਰ ਹਟ ਜਾਣ ਨਾਲ ਮਾਨਵ ਨੂੰ ਆਸਮਾਨ ਦੀਆਂ ਖੁੱਲ੍ਹਾਂ ਪ੍ਰਾਪਤ ਹੋ ਜਾਂਦੀਆਂ ਹਨ ਤੇ ਉਹ ਉਸ ਖੁੱਲ੍ਹ ਵਿਚ ਪ੍ਰਵੇਸ਼ ਕਰ ਸਕਦਾ ਹੈ। ਕੰਡਿਆਲੀ ਤਾਰ ਹਟੀ ਪਈ ਹੈ ਤੇ ਨੀਲੇ ਰੰਗ ਵਿਚ ਅੰਬਰ ਦੀਆਂ ਖੁੱਲ੍ਹਾਂ ਹਨ। ਉਹ ਬੜੇ ਹੀ ਸੁੰਦਰ ਚਿੰਨ੍ਹਾਂ ਵਿਚ ਆਪਣੇ ਭਾਵਾਂ ਨੂੰ ਪ੍ਰਗਟਾਉਣ ਵਿਚ ਕਾਮਯਾਬ ਹੋਏ ਹਨ।
ਕਲਾਕਾਰ ਨੂੰ ਸ਼ਾਮਾਂ ਤੇ ਸਵੇਰਿਆਂ ਦੇ ਘੁਲਵੇਂ-ਮਿਲਵੇਂ ਰੰਗ ਖ਼ਾਸ ਕਰਕੇ ਪਸੰਦ ਹਨ। ਇਸ ਲਈ ‘ਸੰਧੀ ਪ੍ਰਕਾਸ਼ ਰਾਗ’ ਹੀ ਉਨ੍ਹਾਂ ਜ਼ਿਆਦਾ ਰੂਪਮਾਨ ਕੀਤੇ ਹਨ। ਇਹ ਦੋਵੇਂ ਸਮੇਂ ਅਸਲ ਵਿਚ ਪ੍ਰੇਰਨਾ ਦੇਣ ਵਾਲੇ ਤੇ ਸਾਤਵਿਕ ਹੁੰਦੇ ਹਨ।
ਜਸਵੰਤ ਸਿੰਘ ਦੀਆਂ ‘ਸ਼ਿਵ ਸ਼ਕਤੀ’, ‘ਮਾਂ-ਬੱਚਾ’ ਆਦਿ ਤਸਵੀਰਾਂ ਬਹੁਤ ਉੱਚ ਪਾਏ ਦੀਆਂ ਹਨ ਜਿਹੜੀਆਂ ਕਲਾਕਾਰ ਦਾ ਹੋਰ ਅਗੇਰੇ ਵਧਿਆ ਕਦਮ ਦਰਸਾਉਂਦੀਆਂ ਹਨ ਕਿਉਂਕਿ ਕਲਾਕਾਰ ਵਿਕਾਸਵਾਦ ਵਿਚ ਯਕੀਨ ਰੱਖਦਾ ਹੈ। ‘ਸੁਰੱਖਸ਼ਿਤ’ ਇਕ ਆਸ਼ਾ ਭਰਪੂਰ ਤਸਵੀਰ ਹੈ ਤੇ ਆਸ਼ਾ ਮਾਨਣ ਨੂੰ ਅੰਬਰ ਦੀਆਂ ਬੁਲੰਦੀਆਂ ਦਾ ਮਾਲਿਕ ਹੋਣ ਲਈ ਪੁਕਾਰ ਰਹੀ ਹੈ। ਜਸਵੰਤ ਸਿੰਘ ਦੇ ਚਿੱਤਰ ਵਿਸਮਾਦੀ ਪ੍ਰਭਾਵ ਪਾਉਂਦੇ ਹਨ। ਸਭ ਤੋਂ ਵੱਡੀ ਖ਼ੂਬੀ ਉਨ੍ਹਾਂ ਦੇ ਚਿੱਤਰਾਂ ਵਿਚ ਇਹ ਹੈ ਕਿ ਉਹ ਕਿਸੇ ਦੀ ਜਾਂ ਪੱਛਮ ਦੀ ਨਕਲ ਨਹੀਂ ਪ੍ਰਤੀਤ ਹੁੰਦੇ। ਉਨ੍ਹਾਂ ਦਾ ਆਪਣਾ ਹੀ ਨਿੱਜੀ ਰੰਗ ਤੇ ਮੌਲਿਕਤਾ ਹੈ। ਇਸੇ ਲਈ ਉਨ੍ਹਾਂ ਦਾ ਹਰ ਚਿੱਤਰ ਕਿਸੇ ‘ਸੁੰਦਰ ਸਚਾਈ’ ਨਾਲ ਭਰਿਆ ਨਜ਼ਰ ਆਉਂਦਾ ਹੈ।