ਮੇਰੀ ਬਰਤਾਨੀਆ ਫੇਰੀ

ਮੇਰੀ ਬਰਤਾਨੀਆ ਫੇਰੀ

ਡਾ. ਅਜੀਤਪਾਲ ਸਿੰਘ

ਕਰੋਨਾ ਮਹਾਂਮਾਰੀ ਦੇ ਸੰਤਾਪ ਤੋਂ ਕੁਝ ਰਾਹਤ ਮਿਲਣ ’ਤੇ ਹਵਾਈ ਉਡਾਣਾਂ ਖੁੱਲ੍ਹਣ ’ਤੇ ਤਕਰੀਬਨ ਚਾਲੀ ਦਿਨਾਂ ਦੀ ਉਡੀਕ ਪਿੱਛੋਂ ਛੇ ਮਹੀਨੇ ਲਈ ਵੀਜ਼ਾ ਮਨਜ਼ੂਰ ਹੋਇਆ। ਅਸੀਂ ਇੱਕ ਅਕਤੂਬਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਹਵਾਈ ਜਹਾਜ਼ ਵਿਚ ਸਵਾਰ ਹੋ ਗਏ। ਸਾਰਾ ਜਹਾਜ਼ ਪੰਜਾਬੀਆਂ ਨਾਲ ਭਰਿਆ ਸੀ। ਸਭ ਲਈ ਮਾਸਕ, ਗਾਉੂਨ ਤੇ ਹੋਰ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਸੀ। ਅਸੀਂ ਬਰਮਿੰਘਮ ਹਵਾਈ ਅੱਡੇ ’ਤੇ ਜਾ ਉਤਰੇ ਅਤੇ ਬੇਟਾ ਸੁਹੇਲ ਸਾਨੂੰ ਘਰ ਲੈ ਗਿਆ।

ਸਾਫ਼ ਸੁਥਰੇ ਵਾਤਾਵਰਣ, ਵਧੀਆ ਸੜਕਾਂ, ਆਵਾਜਾਈ ਦਾ ਵਧੀਆ ਸਿਸਟਮ, ਪੌਣ-ਪਾਣੀ, ਸੀਵਰੇਜ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਸੁਚੱਜੀ ਵਿਉਂਤਬੰਦੀ ਕਾਰਨ ਆਮ ਲੋਕਾਂ ਦਾ ਜੀਵਨ ਇੱਥੇ ਕਾਫ਼ੀ ਸੁਖਾਲਾ ਹੈ। ਪੀਣ ਯੋਗ ਸਾਫ਼ ਪਾਣੀ, ਬਿਜਲੀ ਤੇ ਰਸੋਈ ਗੈਸ ਦੀ ਚੌਵੀ ਘੰਟੇ ਨਿਰਵਿਘਨ ਸਪਲਾਈ ਅਤੇ ਠੰਢ ਤੋਂ ਬਚਾਅ ਲਈ ਘਰਾਂ ਅੰਦਰ ਹੀਟ ਸਿਸਟਮ ਹੈ।

ਹੱਥੀਂ ਕੰਮ ਕਰਨ ਵਾਲੇ ਹੁਨਰਮੰਦ ਤੇ ਗ਼ੈਰ-ਹੁਨਰਮੰਦ ਕਾਮਿਆਂ ਦੀ ਇੱਥੇ ਬਹੁਤ ਮੰਗ ਹੈ। ਮਿਹਨਤ ਦਾ ਵਾਜਬ ਮੁੱਲ ਮਿਲਦਾ ਹੋਣ ਕਰਕੇ ਮਜ਼ਦੂਰੀ ਕਰਨ ਵਾਲਿਆਂ ਕੋਲ ਵੀ ਘਰ, ਕਾਰਾਂ ਹਨ। ਗੁਜ਼ਾਰਾ ਸੌਖਾ ਹੌ ਜਾਂਦਾ ਹੈ। ਬੈਂਕ ਨਾਂ-ਮਾਤਰ ਵਿਆਜ ’ਤੇ ਕਰਜ਼ੇ ਦੇ ਦਿੰਦੇ ਹਨ ਜਿਸ ਕਰਕੇ ਲੋਕ ਆਸਾਨੀ ਨਾਲ ਕਿਸ਼ਤਾਂ ਉਤਾਰਦੇ ਰਹਿੰਦੇ ਹਨ।

ਰੁਜ਼ਗਾਰ ਦੀ ਇੱਥੇ ਕੋਈ ਘਾਟ ਨਹੀਂ। ਕੰਮ ਬਹੁਤੇ ਪ੍ਰਾਈਵੇਟ ਹਨ। ਇਸ ਦੇ ਬਾਵਜੂਦ ਬੇਰੁਜ਼ਗਾਰ ਰਹਿਣ ਵਾਲਿਆਂ ਨੂੰ ਰਿਹਾਇਸ਼ ਅਤੇ ਪਰਿਵਾਰ ਦੇ ਸਾਰੇ ਜੀਆਂ ਨੂੰ ਬੇਰੁਜ਼ਗਾਰੀ ਭੱਤਾ ਮਿਲਦਾ ਹੈ। ਬੱਚਿਆਂ ਦੇ ਪਾਲਣ ਪੋਸ਼ਣ ਲਈ ਬੱਝਵੇਂ ਪੈਸੇ ਹਰ ਮਹੀਨੇ ਸਭ ਨੂੰ ਮਿਲਦੇ ਹਨ।

ਇੱਥੋਂ ਦੀਆਂ ਸਾਰੀਆਂ ਰੇਲਾਂ, ਬੱਸਾਂ ਤੇ ਟੈਕਸੀਆਂ ਏਸੀ ਹਨ। ਮੌਸਮ ਦੀ ਠੰਢ ਤਾਂ ਹੀ ਮਹਿਸੂਸ ਹੁੰਦੀ ਹੈ ਜੇ ਹਵਾ ਚਲਦੀ ਹੋਵੇ। ਮੁਲਕ ਦੇ ਸਾਰੇ ਨਾਗਰਿਕਾਂ/ਪਰਵਾਸੀਆਂ ਲਈ ਇਲਾਜ ਤੇ ਸਿੱਖਿਆ ਮੁਫ਼ਤ ਹੈ। ਜਨਤਕ ਖੇਤਰ ਦੇ ਵਿੱਦਿਅਕ ਅਦਾਰੇ ਅਤੇ ਹਸਪਤਾਲ ਗਿਣਤੀ ਤੇ ਗੁਣਵੱਤਾ ਪੱਖੋਂ ਤਸੱਲੀਬਖ਼ਸ਼ ਹਨ।

ਇੱਥੇ ਭ੍ਰਿਸ਼ਟਾਚਾਰ ਨਹੀਂ ਹੁੰਦਾ। ਕਾਨੂੰਨ ਸਖ਼ਤ ਹੋਣ ਕਰਕੇ ਇਨ੍ਹਾਂ ਦੀ ਉਲੰਘਣਾ ਵੀ ਨਹੀਂ ਕੀਤੀ ਜਾਂਦੀ। ਪੈਦਲ ਯਾਤਰੀਆਂ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ। ਸੜਕ ਦੁਰਘਟਨਾਵਾਂ ਨਾਂ-ਮਾਤਰ ਹਨ। ਦੁਰਘਟਨਾ ਬੀਮੇ ਦਾ ਕਲੇਮ ਫੌਰੀ ਮਿਲ ਜਾਂਦਾ ਹੈ। ਲੋਕਾਂ ਦੀ ਮਿਹਨਤ ਅਨੁਸਾਰ ਹੀ ਆਮ ਲੋੜ ਦੀਆਂ ਚੀਜ਼ਾਂ ਦੀਆਂ ਕੀਮਤਾਂ ਹਨ। ਹਰਿਆਵਲ ਬਹੁਤ ਹੈ। ਦਰਖਤ ਕੱਟਣ ਦੀ ਮਨਾਹੀ ਹੈ। ਘਰਾਂ ਦੇ ਅੱਗੇ ਪਿੱਛੇ ਬਗੀਚਿਆਂ ਵਿਚ ਘਾਹ ਲਾਉਣਾ ਲਾਜ਼ਮੀ ਹੈ। ਸਾਰੇ ਘਰ ਦੋ ਮੰਜ਼ਿਲੇ ਹਨ। ਇੱਥੇ ਪੁਲੀਸ ਲੋਕਾਂ ਨੂੰ ਤੰਗ ਨਹੀਂ ਕਰਦੀ। ਪੁਲੀਸ ਕਾਰਵਾਈ ਫੌਰੀ ਹੁੰਦੀ ਹੈ। ਇੱਥੇ ਵੀਆਈਪੀ ਸਭਿਆਚਾਰ ਨਹੀਂ। ਐੱਮਪੀ, ਵਿਧਾਇਕਾਂ ਜਾਂ ਮੰਤਰੀਆਂ ਨੂੰ ਸੁਰੱਖਿਆ ਗਾਰਡ ਜਾਂ ਡਰਾਈਵਰ ਨਹੀਂ ਮਿਲਦੇ। ਉਹ ਆਮ ਨਾਗਰਿਕਾਂ ਵਾਂਗ ਵਿਚਰਦੇ ਹਨ। ਆਮ ਲੋਕ ਉਨ੍ਹਾਂ ਨੂੰ ਆਰਾਮ ਨਾਲ ਮਿਲ ਸਕਦੇ ਹਨ। ਸੇਕਸ਼ਪੀਅਰ, ਡਾਰਵਿਨ ਤੇ ਮਾਰਕਸ ਦਾ ਜੀਵਨ ਇੱਥੇ ਬੀਤਿਆ ਹੈ।

ਕਵੈਂਟਰੀ ਸ਼ਹਿਰ ਇੱਥੋਂ ਦੇ ਵਿਗਿਆਨੀਆਂ ਕਾਰਨ ਪ੍ਰਸਿੱਧ ਹੈ। ਦੂਜੀ ਆਲਮੀ ਜੰਗ ’ਚ ਵਰਤੇ ਸਾਰੇ ਜੰਗੀ ਜਹਾਜ਼ ਇੱਥੇ ਹੀ ਬਣੇ। ਭਾਫ਼ ਨਾਲ ਚੱਲਣ ਵਾਲੇ ਰੇਲਵੇ ਇੰਜਣ ਦੀ ਖੋਜ ਬਰਤਾਨੀਆ ਦੇ ਸ਼ਹਿਰ ਬਰਮਿੰਘਮ ’ਚ ਹੋਈ। ਦੂਜੀ ਫੁੱਟਬਾਲ ਲੀਗ ਇੱਥੇ ਬਣੀ। ਯੂਰਪ ਦੀ ਸਭ ਤੋਂ ਵੱਡੀ ਜਨਤਕ ਲਾਇਬ੍ਰੇਰੀ ਇੱਥੇ ਹੀ ਹੈ। ਇਤਿਹਾਸ ਇੱਥੇ ਮਿਊਜ਼ੀਅਮਾਂ ’ਚ ਸਾਂਭਿਆ ਪਿਆ ਹੈ। ਵਾਰ ਮੈਮੋਰੀਅਲ ਪਾਰਕ ਕਵੈਂਟਰੀ ’ਚ ਕਾਫ਼ੀ ਪ੍ਰਸਿੱਧ ਹੈ। ਯੂਕੇ ਦੇ ਸ਼ਹਿਰ ਕਵੈਂਟਰੀ, ਬਰਮਿੰਘਮ, ਲੈਸਟਰ, ਲੰਡਨ ਆਦਿ ’ਚ ਸਾਹਿਤਕ ਸਭਾਵਾਂ ਕਾਫ਼ੀ ਹਨ। ਡਾ. ਕਰਨੈਲ ਸਿੰਘ ਸ਼ੇਰਗਿੱਲ, ਦਰਸ਼ਨ ਢਿਲੋਂ, ਕੁਲਵੰਤ ਕੌਰ, ਅਜ਼ੀਮ ਸ਼ੇਖਰ, ਕ੍ਰਿਪਾਲ ਸਿੰਘ ਪੂਨੀ, ਮਨਪ੍ਰੀਤ ਬਦਨੀ ਕਲਾਂ, ਸੰਤੋਖ ਸਿੰਘ ਹੇਅਰ, ਕੁੱਕੜਪਿੰਡੀਆ, ਦਵਿੰਦਰ ਨੌਰਾ, ਖਰਲਵੀਰ, ਸੁਖਦੇਵ ਬਾਂਸਲ, ਗੁਰਚਰਨ ਸੱਗੂ, ਨਛੱਤਰ ਸਿੰਘ, ਸਰਦੂਲ ਸਿੰਘ ਗਿੱਲ, ਜਸਵਿੰਦਰ ਰਤੀਆਂ, ਬਲਵਿੰਦਰ ਚਹਿਲ, ਸੁਖਦੇਵ ਸਿੱਧੂ, ਮੋਤਾ ਸਿੰਘ ਸਰਾਏ, ਦਿਲਬਾਗ ਸਿੰਘ, ਧਰਮਚੰਦ ਮਹੇ, ਸਰਦੂਲ ਸਿੰਘ, ਸ਼ੀਤਲ ਸਿੰਘ, ਹਰੀਸ਼ ਮਲਹੋਤਰਾ, ਮਹਿੰਦਰ ਗਿੱਲ ਆਦਿ ਸਾਹਿਤਕਾਰਾਂ ਦੀਆਂ ਰਚਨਾਵਾਂ ਇੱਥੇ ਕਾਫ਼ੀ ਪੜ੍ਹੀਆਂ ਜਾਂਦੀਆਂ ਹਨ। ਪੰਜਾਬੀ ਭਾਈਚਾਰਾ ਸਾਰੇ ਸ਼ਹਿਰਾਂ ’ਚ ਰਹਿੰਦਾ ਹੈ। ਪੰਜਾਬ ਤੋਂ ਪਹੁੰਚੇ ਸਾਹਿਤਕਾਰਾਂ ਦਾ ਮਾਣ-ਤਾਣ ਕਰਦੇ ਹਨ। ਭਾਰਤੀ ਮਜ਼ਦੂਰ ਸਭਾ (ਇੰਡੀਅਨ ਵਰਕਰਜ਼ ਐਸੋਸੀਏਸ਼ਨ) ’ਚ ਪੰਜਾਬੀ ਸਰਗਰਮ ਹਨ। ਸ਼ਹੀਦ ਊਧਮ ਸਿੰਘ ਭਲਾਈ ਟਰੱਸਟ ਬਰਮਿੰਘਮ ’ਚ ਸੋਹੋ ਰੋਡ ’ਤੇ ਸਥਿਤ ਹੈ। ਸ਼ਹੀਦ ਊਧਮ ਸਿੰਘ, ਮਦਨ ਲਾਲ ਢੀਂਗਰਾ ਅਤੇ ਗ਼ਦਰੀ ਲਹਿਰ ਦੇ ਸ਼ਹੀਦਾਂ ਦਾ ਇਤਿਹਾਸ ਇੱਥੇ ਸਾਂਭਿਆ ਗਿਆ ਹੈ।

ਰੈਸ਼ਨਲਿਸਟ ਸੁਸਾਇਟੀ ਗ੍ਰੇਟ ਬ੍ਰਿਟੇਨ (ਤਰਕਸ਼ੀਲ ਸੁਸਾਇਟੀ ਇੰਗਲੈਂਡ) ਦੀਆਂ ਬਰਾਂਚਾਂ ਲੰਡਨ, ਬਰਮਿੰਘਮ ਤੇ ਕਵੈਂਟਰੀ ਵਿਚ ਹਨ। ਇੱਥੇ ਤਰਕਸ਼ੀਲ ਮੈਗਜ਼ੀਨ ਕਾਫ਼ੀ ਗਿਣਤੀ ਵਿਚ ਆਉਂਦੇ ਹਨ ਤੇ ਲੋਕ ਪੜ੍ਹਦੇ ਵੀ ਹਨ। ਇੱਥੇ ਤਰਕਸ਼ੀਲ ਮੇਲੇ ਵੀ ਲਾਏ ਜਾਂਦੇ ਹਨ। ਸਹਿਦੇਵ ਵਿਰਦੀ, ਲਵਕੇਸ਼ ਪਰਾਸ਼ਰ, ਖਰਲਵੀਰ, ਸ਼ੀਰਾ ਜੌਹਲ, ਪ੍ਰੀਤਮਪਾਲ, ਭਗਵੰਤ ਸਿੰਘ ਆਦਿ ਪ੍ਰਸਿੱਧ ਤਰਕਸ਼ੀਲ ਆਗੂ ਹਨ।

ਇੰਗਲੈਂਡ ਦੇ ਹਰ ਸ਼ਹਿਰ ਵਿਚ ਗੁਰਦੁਆਰੇ ਹਨ। 1989 ਦੇ ਅੰਕੜਿਆਂ ਮੁਤਾਬਿਕ ਧਾਰਮਿਕ ਵਿਚਾਰਾਂ ਦੇ ਭਾਰਤੀਆਂ ਨੇ ਬਰਤਾਨੀਆ ’ਚ 200 ਤੋਂ ਵੱਧ ਗੁਰਦੁਆਰੇ ਤੇ ਤਕਰੀਬਨ 80 ਮੰਦਰ ਅਤੇ ਮੁਸਲਮਾਨਾਂ (ਪਾਕਿਸਤਾਨੀ, ਬੰਗਲਾਦੇਸ਼ੀ ਤੇ ਹੋਰ) ਨੇ ਤਕਰੀਬਨ 100 ਮਸਜਿਦਾਂ ਬਣਾਈਆਂ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਇੱਥੇ ਵੀ ਵੱਖ ਵੱਖ ਜਾਤਾਂ ਦੇ ਆਧਾਰ ’ਤੇ ਗੁਰਦੁਆਰੇ ਬਣਾਏ ਹੋਏ ਹਨ।

ਇਸ ਤੋਂ ਇਲਾਵਾ ਮੰਦਰ, ਚਰਚ ਤੇ ਮਸੀਤਾਂ ਵੀ ਮੌਜੂਦ ਹਨ। ਅੰਗਰੇਜ਼ਾਂ ਨੇ ਆਪਣੀਆਂ ਚਰਚਜ਼ ਸਾਂਭ ਕੇ ਰੱਖੀਆਂ ਹਨ। ਦੂਜੀ ਆਲਮੀ ਜੰਗ ਵਿਚ ਤਬਾਹ ਹੋਈਆਂ ਚਰਚਜ਼ ਨੂੰ ਦੁਬਾਰਾ ਬਣਾਇਆ ਗਿਆ ਹੈ।

ਭਾਰਤੀ ਮੂਲ ਦੇ ਲੋਕ ਕਾਫ਼ੀ ਜ਼ਿਆਦਾ ਗਿਣਤੀ ਵਿਚ ਇੱਥੇ ਪੱਕੇ ਤੌਰ ’ਤੇ ਵਸੇ ਹੋਏ ਹਨ ਜਿਨ੍ਹਾਂ ਵਿਚ ਦੋ-ਤਿਹਾਈ ਤੋਂ ਵੱਧ ਹਿੱਸਾ ਪੰਜਾਬੀਆਂ ਦਾ ਹੈ। ਪਿਛਲੇ ਕਈ ਦਹਾਕਿਆਂ ਵਿਚ ਪੰਜਾਬੀਆਂ ਨੇ ਸਖ਼ਤ ਮਿਹਨਤ ਕਰ ਕੇ ਇੱਥੇ ਆਪਣੇ ਪੈਰ ਜੰਮਾਏ ਹਨ। ਉਨ੍ਹਾਂ ਦੀ ਵੱਡੀ ਗਿਣਤੀ ਅਜੇ ਵੀ ਵੱਖ ਵੱਖ ਖੇਤਰਾਂ ਦੇ ਮਜ਼ਦੂਰਾਂ ਤੇ ਨੌਕਰੀਪੇਸ਼ਾ ਲੋਕਾਂ ਦੀ ਹੈ, ਪਰ ਇਨ੍ਹਾਂ ਵਿਚੋਂ ਚੋਖੀ ਗਿਣਤੀ ਵਿਚ ਸਨਅਤਕਾਰ ਅਤੇ ਵਪਾਰੀ ਵੀ ਬਣ ਚੁੱਕੇ ਹਨ। ਦਰਅਸਲ, ਪੰਜਾਬੀ ਹੁਣ ਬਰਤਾਨੀਆ ’ਚ ਇਕੋ ਸ਼੍ਰੇਣੀ ਦੇ ਨਹੀਂ ਰਹੇ। ਨੀਮ ਸਰਮਾਏਦਾਰੀ ਅਤੇ ਕੁਝ ਕਰੋੜਪਤੀਆਂ ਦੇ ਉਭਾਰ ਕਾਰਨ ਉਨ੍ਹਾਂ ਵਿਚ ਜਮਾਤੀ ਵਖਰੇਵੇਂ ਵੀ ਉੱਭਰ ਆਏ ਹਨ। ਧਰਮ ਅਤੇ ਜਾਤ ਬਾਰੇ ਮਾਨਤਾ ਅਤੇ ਕਾਰ-ਵਿਹਾਰ ਇਨ੍ਹਾਂ ਨੇ ਭਾਰਤ ਵਾਂਗ ਹੀ ਬਰਕਰਾਰ ਰੱਖਿਆ ਹੋਇਆ ਹੈ। ਇੱਥੇ ਆਉਣ ਵਾਲੇ ਪੰਜਾਬੀਆਂ ਦੀ ਜ਼ਿਆਦਾਤਰ ਗਿਣਤੀ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਹੈ। ਕੁਝ ਪੰਜਾਬੀ ਖੇਤ ਮਜ਼ਦੂਰਾਂ ਅਤੇ ਦਲਿਤਾਂ ਵਿੱਚੋਂ ਵੀ ਹਨ। ਛੋਟੇ ਕਸਬਿਆਂ/ਸ਼ਹਿਰਾਂ ’ਚੋਂ ਆਏ ਪੜ੍ਹੇ ਲਿਖੇ ਲੋਕ ਵੀ ਹਨ। ਪੰਜਾਬੀ ਲੋਕ ਇੱਥੋਂ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਵੱਸਦੇ ਹਨ। ਭਾਰਤੀ ਅਤੇ ਪਾਕਿਸਤਾਨੀ ਪੰਜਾਬੀਆਂ ਦੀ ਬਰਤਾਨੀਆ ਦੀ ਸਿਆਸਤ ’ਚ ਕਾਫ਼ੀ ਸ਼ਮੂਲੀਅਤ ਹੈ। 1938 ਵਿਚ ਕੁਝ ਜਾਗਰੂਕ ਲੋਕਾਂ ਨੇ ਮਿਲ ਕੇ ਕਵੈਂਟਰੀ ਵਿਚ ਇੰਡੀਅਨ ਵਰਕਰਜ਼ ਐਸੋਸੀਏਸ਼ਨ ਬਣਾਈ। ਇਸ ਦਾ ਉਦੇਸ਼ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ’ਚ ਯੋਗਦਾਨ ਪਾਉਣਾ ਅਤੇ ਆਪਸੀ ਮੇਲਜੋਲ ਵਧਾਉਣਾ ਸੀ। ਅੱਜ ਇਸ ਦੀਆਂ ਸ਼ਾਖਾਵਾਂ ਕਈ ਸ਼ਹਿਰਾਂ ਅੰਦਰ ਹਨ ਜੋ ਧਰਮ ਨਿਰਪੱਖ ਹਨ। ਇਸ ਨੇ ਵੱਖ ਵੱਖ ਸਮੇਂ ਆਰਥਿਕ, ਸਿਆਸੀ ਤੇ ਸਭਿਆਚਾਰਕ ਖੇਤਰ ’ਚ ਕਿਰਤੀ ਵਰਗ ਦੇ ਮਸਲਿਆਂ ਨੂੰ ਹੱਲ ਕਰਨ ਵਾਸਤੇ ਅਗਵਾਈ ਦਿੱਤੀ ਹੈ। ਹਡਰਸਫੀਲਡ, ਸਾਉੂਥਾਲ, ਬਲੈਕਬਰਨ ਤੇ ਸਾਉੂਥੈਂਪਟਨ ਵਿਚ ਆਜ਼ਾਦ ਮਜ਼ਦੂਰ ਸਭਾਵਾਂ ਵੀ ਬਣੀਆਂ ਜਿਨ੍ਹਾਂ ’ਚੋਂ ਸਾਉੂਥਾਲ ਦੀ ਸਭਾ ਕਾਫ਼ੀ ਵੱਡੀ ਸੀ। 1989 ’ਚ ਬਰਤਾਨੀਆ ’ਚ ਤਕਰੀਬਨ 8 ਲੱਖ ਭਾਰਤੀ ਵੱਸਦੇ ਸਨ। ਬਰਤਾਨੀਆ ਵਿਚ ਭਾਰਤੀਆਂ, ਪਾਕਿਸਤਾਨੀਆਂ ਅਤੇ ਬੰਗਲਾਦੇਸ਼ੀਆਂ ਦੀ ਕਾਫ਼ੀ ਵਸੋਂ ਹੈ। ਸਾਉੂਥਾਲ ਵਿਚ 1980ਵਿਆਂ ਦੇ ਮੱਧ ਵਿਚ ਛਪਦੇ ਰਹੇ ਮਾਸਿਕ ਪੰਜਾਬੀ ਰਸਾਲੇ ‘ਚਰਚਾ’ ਦੀ ਭੂਮਿਕਾ ਨਿਧੜਕ, ਧਰਮ ਨਿਰਪੱਖ, ਸਪਸ਼ਟ ਤੇ ਅਗਾਂਹਵਧੂ ਰਹੀ। ਹਰਬਖਸ਼ ਮਕਸੂਦਪੁਰੀ ਦੇ ਪੰਜਾਬ ਸਮੱਸਿਆ ਬਾਰੇ ਖੋਜ ਭਰਪੂਰ ਲੇਖ ਇਸ ਵਿਚ ਛਪਦੇ ਸਨ। ਇੱਥੇ ਪਰਵਾਸ ਕਰ ਕੇ ਆਏ ਪੰਜਾਬੀਆਂ ਵਿਚ ਬਹੁਗਿਣਤੀ ਦੁਆਬੀਆਂ ਦੀ ਹੈ। 1960ਵਿਆਂ ਦੇ ਦਹਾਕੇ ਵਿਚ ਆਏ ਕਈ ਲੋਕ ਮੈਨੂੰ ਮਿਲੇ ਜਿਨ੍ਹਾਂ ਨੇ ਬਰਤਾਨੀਆ ਦੇ ਸਨਅਤੀ ਇਨਕਲਾਬ ਵੇਲੇ ਕਾਰਖਾਨਿਆਂ ਵਿਚ ਪੰਜਾਹ ਪੰਜਾਹ ਡਿਗਰੀ ਤੱਕ ਦੇ ਤਾਪਮਾਨ ਵਿਚ ਕੰਮ ਕੀਤਾ। ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਇੱਥੇ ਹੀ ਸੈੱਟ ਹੋ ਗਈਆਂ ਹਨ। ਕਈ ਗ਼ੈਰਕਾਨੂੰਨੀ ਤੌਰ ’ਤੇ ਵੀ ਇੱਥੇ ਆਏ ਹੋਣਗੇ। ਕਈ ਅਜਿਹੇ ਵੀ ਹਨ ਜੋ ਆਪਣੇ ਨੇੜਲੇ ਰਿਸ਼ਤੇਦਾਰਾਂ ਨਾਲ ਕੰਟਰੈਕਟ ਮੈਰਿਜ ਕਰ ਕੇ ਇੱਥੇ ਪਹੁੰਚੇ। ਇੱਥੇ ਆਏ ਜ਼ਿਆਦਾਤਰ ਪੰਜਾਬੀ ਜਾਂ ਭਾਰਤੀ ਆਪਣੇ ਦੇਸ਼ ਨੂੰ ਵਾਪਸ ਨਹੀਂ ਜਾਣਾ ਚਾਹੁੰਦੇ। ਭਾਰਤ ਵਿਚਲੇ ਸਿਆਸੀ ਭ੍ਰਿਸ਼ਟਾਚਾਰ ਅਤੇ ਰੂੜੀਵਾਦੀ ਸੋਚ ਤੋਂ ਸਾਰੇ ਹੀ ਡਰਦੇ ਹਨ। ਇਸ ਦੇ ਬਾਵਜੂਦ ਇੱਥੇ ਰਹਿ ਰਹੇ ਪੰਜਾਬੀ ਆਪਣੇ ਪੰਜਾਬ ਨਾਲ ਬਹੁਤ ਲਗਾਉ ਮਹਿਸੂਸ ਕਰਦੇ ਹਨ। ਪੰਜਾਬ ’ਚ ਵਾਪਰਦੀ ਹਰ ਘਟਨਾ ਦਾ ਨੋਟਿਸ ਵੀ ਲੈਂਦੇ ਹਨ, ਉਸ ਦਾ ਅਸਰ ਵੀ ਹੰਢਾਉਂਦੇ ਹਨ। ਇੱਥੋਂ ਦੇ ਪੰਜਾਬੀ ਸਮੇਂ ਸਮੇਂ ਸਿਰ ਭਾਰਤ ਦੇ ਲੋਕਾਂ ਦੇ ਸੰਘਰਸ਼ਾਂ ਵਿਚ ਆਪਣਾ ਯੋਗਦਾਨ ਵੀ ਪਾਉਂਦੇ ਰਹਿੰਦੇ ਹਨ। ਇੱਥੋਂ ਦੇ ਕਈ ਸ਼ਹਿਰਾਂ ਵਿਚ ਨਿੱਜੀ ਟੀ.ਵੀ. ਚੈਨਲ ਅਤੇ ਰੇਡੀਓ ਪੰਜਾਬੀ ਭਾਸ਼ਾ ਵਿਚ ਚਲਦੇ ਹਨ ਅਤੇ ਪੰਜਾਬੀ ਮੂਲ ਦੇ ਲੋਕ ਉੱਥੇ ਐਂਕਰਾਂ ਵਜੋਂ ਕੰਮ ਕਰਦੇ ਹਨ। ਭਾਰਤ ਵਿਚ ਚੱਲਦੇ ਕਿਸਾਨ ਅੰਦੋਲਨ ਦੀ ਇੱਥੇ ਕਾਫ਼ੀ ਚਰਚਾ ਹੈ ਅਤੇ ਇਹ ਲੋਕ ਉੱਥੇ ਵਾਪਰਦੀ ਹਰ ਘਟਨਾ ਦਾ ਅਸਰ ਮਹਿਸੂਸ ਕਰਦੇ ਹਨ। ਇੱਥੇ ਵਸਦੇ ਪੰਜਾਬੀਆਂ ’ਚੋਂ ਬਹੁਗਿਣਤੀ ਵਿਆਹ ਸ਼ਾਦੀਆਂ ਪੰਜਾਬ ਵਿਚ ਜਾ ਕੇ ਹੀ ਕਰਦੇ ਹਨ ਅਤੇ ਧੀਆਂ-ਪੁੱਤ ਵੀ ਉੱਥੋਂ ਹੀ ਵਿਆਹ ਕੇ ਲਿਆਉਂਦੇ ਹਨ। ਕੁਝ ਅਜਿਹੇ ਵੀ ਹਨ ਜੋ ਇੱਥੇ ਸੈਟਲ ਹੋਏ ਪਰਿਵਾਰਾਂ ਵਿਚ ਆਪਣਾ ਰਿਸ਼ਤਾ ਬਣਾ ਅਤੇ ਵਿਆਹ ਵੀ ਇੱਥੇ ਕਰ ਲੈਂਦੇ ਹਨ। ਅੰਤਰਜਾਤੀ ਵਿਆਹਾਂ ਦਾ ਚਲਨ ਇੱਥੇ ਵੀ ਟਾਵਾਂ ਟਾਵਾਂ ਦਿਸਦਾ ਹੈ। ਪਿਆਰ ਵਿਆਹਾਂ ਦੀ ਰਵਾਇਤ ਭਾਵੇਂ ਵਧ ਰਹੀ ਹੈ। ਇੱਥੇ ਵਸਦੇ ਪੰਜਾਬੀ ਆਪਣੇ ਰੀਤੀ ਰਿਵਾਜ, ਤਿਉਹਾਰ ਤੇ ਮੇਲੇ ਇਕੱਠੇ ਹੋ ਕੇ ਮਨਾਉਂਦੇ ਹਨ। ਕਈ ਰਸਮਾਂ ਗੁਰਦੁਆਰਿਆਂ ਵਿਚ ਨਿਭਾਈਆਂ ਜਾਂਦੀਆਂ ਹਨ। ਗੁਰਦੁਆਰੇ ਵਿਚ ਚਲਦੀ ਲੰਗਰ ਪ੍ਰਥਾ ਲੋਕਾਂ ਵਿਚ ਕਾਫ਼ੀ ਹਰਮਨ ਪਿਆਰੀ ਹੈ। ਕਰੋਨਾ ਦੀ ਮਹਾਂਮਾਰੀ ਦੌਰਾਨ ਇੱਥੋਂ ਦੇ ਗੁਰਦੁਆਰਿਆਂ ਨੇ ਲੰਗਰ ਦੀ ਸੇਵਾ ਆਪਣੇ ਵਾਹਨਾਂ ਰਾਹੀਂ ਲੋੜਵੰਦਾਂ ਤੱਕ ਪਹੁੰਚਾਈ ਸੀ। ਕਈ ਗੁਰਦੁਆਰਿਆਂ ਵਿਚ ਲੰਗਰ ਚੌਵੀ ਘੰਟੇ ਚੱਲਦਾ ਹੈ। ਲੰਗਰ ਕੁਰਸੀਆਂ ਮੇਜ਼ਾਂ ’ਤੇ ਬੈਠ ਕੇ ਵੀ ਛਕਿਆ ਜਾ ਸਕਦਾ ਹੈ।

ਲੰਡਨ ਸ਼ਹਿਰ ਦੇ ਸਾਊਥਾਲ ਖੇਤਰ ’ਚ ਵੱਡੀ ਗਿਣਤੀ ਵਿਚ ਪੰਜਾਬੀ ਵੱਸਦੇ ਹਨ। ਉਨ੍ਹਾਂ ਨੇ ਉੱਥੇ ਵੱਡਾ ਗੁਰਦੁਆਰਾ ਬਣਾਇਆ ਹੋਇਆ ਹੈ। ਲੰਡਨ ’ਚ ਸਿੰਘ ਸਭਾ ਗੁਰਦੁਆਰਾ ਵੀ ਹੈ। ਲੰਡਨ ਦੀ ਆਕਸਫੋਰਡ ਯੂਨੀਵਰਸਿਟੀ ਬਹੁਤ ਵੱਡੀ ਹੈ ਅਤੇ ਪੂਰੇ ਸ਼ਹਿਰ ਵਿਚ ਫੈਲੀ ਹੋਈ ਹੈ। ਇੱਥੋਂ ਕਾਫ਼ੀ ਭਾਰਤੀ ਪੜ੍ਹਾਈ ਕਰ ਕੇ ਕਾਨੂੰਨ ਤੇ ਡਾਕਟਰੀ ਦੇ ਖੇਤਰ ਵਿਚ ਮੱਲਾਂ ਮਾਰ ਚੁੱਕੇ ਹਨ। ਇਕ ਹੋਰ ਯੂਨੀਵਰਸਿਟੀ ‘ਕੋਵੈਂਟਰੀ ਯੂਨੀਵਰਸਿਟੀ’ ਦੇ ਨਾਂ ਨਾਲ ਪ੍ਰਸਿੱਧ ਹੈ ਜੋ ਕਾਫ਼ੀ ਵੱਡੇ ਖੇਤਰ ’ਚ ਫੈਲੀ ਹੈ। ਇੱਥੇ ਮੈਡੀਕਲ ਇੰਜਨੀਅਰਿੰਗ, ਨਰਸਿੰਗ, ਆਰਟਸ, ਤਕਨੀਕ, ਲਿਟਰੇਚਰ ਅਤੇ ਲਾਅ ਦੀਆਂ ਕਲਾਸਾਂ ਲੱਗਦੀਆਂ ਹਨ। ਬਰਮਿੰਘਮ ਯੂਨੀਵਰਸਿਟੀ ਦਾ ਵੀ ਕਾਫ਼ੀ ਯੋਗਦਾਨ ਹੈ।

ਡਾਕਟਰੀ ਦੇ ਖੇਤਰ ਵਿਚ ਇੱਥੋਂ ਦੀ ਕਾਫ਼ੀ ਪ੍ਰਸਿੱਧੀ ਹੈ। 1950 ਵਿਚ ਹੀ ਦਿਲ ਦੇ ਛੇਕ ਨੂੰ ਬੰਦ ਕਰਨ ਦੀ ਪਹਿਲੀ ਸਰਜਰੀ ਬਰਮਿੰਘਮ ਦੇ ਬੱਚਿਆਂ ਦੇ ਹਸਪਤਾਲ ਵਿਚ ਕੀਤੀ ਗਈ ਸੀ। ਕੁਈਨ ਐਲਿਜ਼ਬੈੱਥ ਹੌਸਪੀਟਲ ਵੀ ਬਰਮਿੰਘਮ ਸ਼ਹਿਰ ਵਿਚ ਹੈ ਅਤੇ ਇੱਥੇ ਦੀ ਉਚੇਰੀ ਡਾਕਟਰੀ ਕਾਫ਼ੀ ਪ੍ਰਸਿੱਧ ਹੈ। ਐਮਆਰਸੀਪੀ, ਐੱਫਆਰਸੀਐੱਸ, ਐਫਆਰਸੀਪੀ, ਐਫਆਰ ਸੀਆਰ ਵਰਗੀਆਂ ਫੈਲੋਸ਼ਿਪਜ਼ ਇੰਗਲੈਂਡ ਵੱਲੋਂ ਦਿੱਤੀਆਂ ਜਾਂਦੀਆਂ ਹਨ ਅਤੇ ਬਹੁਤ ਘੱਟ ਲੋਕ ਇਹ ਹਾਸਲ ਕਰਨ ਵਿਚ ਕਾਮਯਾਬ ਹੁੰਦੇ ਹਨ। ਡਾ. ਭੀਮਰਾਓ ਅੰਬੇਡਕਰ ਨੇ ਵੀ ਆਪਣੀ ਪੜ੍ਹਾਈ ਲੰਡਨ ਸਕੂਲ ਆਫ਼ ਇਕਨੌਮਿਕਸ ਤੋਂ ਪੀਐੱਚਡੀ ਹਾਸਲ ਕਰਨ ਲਈ ਇੱਥੇ ਹੀ ਕੀਤੀ। ਅੰਗਰੇਜ਼ੀ ਦਾ ਪ੍ਰਸਿੱਧ ਕਵੀ ਸ਼ੇਕਸਪੀਅਰ ਬਰਤਾਨੀਆ ਦੇ ਸਟਰੈੱਟਫੋਰਡ ਪਿੰਡ ਵਿਚ ਪੈਦਾ ਹੋਇਆ ਜਿੱਥੇ ਉਸ ਦਾ ਘਰ ਯਾਦਗਾਰ ਵਜੋਂ ਸਾਂਭਿਆ ਹੋਇਆ ਹੈ। ਜਰਮਨੀ ਤੋਂ ਇੱਥੇ ਆਏ ਦਾਰਸ਼ਨਿਕ ਕਾਰਲ ਮਾਰਕਸ ਨੇ ਲੰਡਨ ਵਿਚ ਰਹਿ ਕੇ ਆਲਮੀ ਆਰਥਿਕਤਾ ਦਾ ਵਿਸ਼ਲੇਸ਼ਣ ਕਰਦੀ ‘ਕੈਪੀਟਲ’ ਨਾਂ ਦੀ ਪ੍ਰਸਿੱਧ ਖੋਜ ਪੁਸਤਕ ਇੱਥੇ ਲਿਖੀ ਤੇ ਇਸ ਦਾ ਪਹਿਲਾ ਸੰਸਕਰਣ ਇੱਥੇ ਹੀ ਛਪਵਾਇਆ। ਇਸ ਪੁਸਤਕ ਦੇ ਦੂਜੇ ਅਤੇ ਤੀਜੇ ਸੰਸਕਰਣ ਉਸ ਦੀ ਮੌਤ ਤੋਂ ਬਾਅਦ ਉਸ ਦੇ ਦੋਸਤ ਫਰੈਡਰਿਕ ਏਂਗਲਜ਼ ਨੇ ਛਪਵਾਏ। ਕਮਿਊਨਿਸਟ ਮੈਨੀਫੈਸਟੋ ਦਾ ਖਰੜਾ ਵੀ ਇਨ੍ਹਾਂ ਦਾਰਸ਼ਨਿਕਾਂ ਨੇ ਬਣਾਇਆ ਸੀ। ਇੱਥੇ ਕਾਰਲ ਮਾਰਕਸ ਦੀ ਕਬਰ ਵੀ ਬਣੀ ਹੋਈ ਹੈ ਅਤੇ ਬੁੱਤ ਵੀ ਲੱਗਿਆ ਹੈ। ਲੈਸਟਰ ਸੁਕੇਅਰ ਆਫ ਲੰਦਨ ਵਿਚ ਸ਼ੇਕਸਪੀਅਰ ਦਾ ਆਦਮਕੱਦ ਬੁੱਤ ਸਥਾਪਤ ਕੀਤਾ ਹੋਇਆ ਹੈ। ਸੰਸਾਰ ਪ੍ਰਸਿੱਧ ਉਤਪਤੀ ਦੇ ਸਿਧਾਂਤ ਦੇ ਖੋਜੀ ਡਾਰਵਿਨ ਦਾ ਜਨਮ ਸਥਾਨ ਵੀ ਬਰਮਿੰਘਮ ਦੇ ਨੇੜੇ ਇਕ ਇਲਾਕੇ ਵਿਚ ਹੈ ਜੋ ਹੁਣ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਖੋਜਾਂ ਦੇ ਖੇਤਰ ’ਚ ਇੰਗਲੈਂਡ ਦੁਨੀਆ ’ਚ ਮੋਹਰੀ ਰਿਹਾ ਹੈ। ਇੱਥੋਂ ਦਾ ਸਨਅਤੀ ਇਨਕਲਾਬ ਬਹੁਤ ਮਸ਼ਹੂਰ ਹੋਇਆ ਹੈ।

ਇਨ੍ਹਾਂ ਸਭ ਗੱਲਾਂ ਕਾਰਨ ਹੀ ਕਿਹਾ ਜਾਂਦਾ ਸੀ ਕਿ ਅੰਗਰੇਜ਼ਾਂ ਦੇ ਰਾਜ ਵਿਚ ਸੂਰਜ ਨਹੀਂ ਛਿਪਦਾ ਕਿਉਂਕਿ ਅੰਗਰੇਜ਼ਾਂ ਨੇ ਕਈ ਮੁਲਕਾਂ ਨੂੰ ਆਪਣੀਆਂ ਬਸਤੀਆਂ ਬਣਾਈ ਰੱਖਿਅ‍ਾ ਅਤੇ ਉੱਥੋਂ ਦੇ ਪੈਦਾਵਾਰ ਦੇ ਵਸੀਲਿਆਂ ਤੇ ਕੱਚੇ ਮਾਲ ਨੂੰ ਆਪਣੇ ਦੇਸ਼ ਦੇ ਵਿਕਾਸ ਲਈ ਵਰਤਿਆ।

ਲੰਡਨ ਦੀ ਪਾਰਲੀਮੈਂਟ, ਪ੍ਰਾਈਮ ਮਨਿਸਟਰ ਹਾਊਸ, ਕੁਈਨ ਵਿਕਟੋਰੀਆ ਅਤੇ ਐਲਿਜ਼ਬੈੱਥ ਦਾ ਨਿੱਜੀ ਮਹਿਲ ਵਿੰਡਸਰ ਕਾਸਲ ਅਤੇ ਸਰਕਾਰੀ ਰਿਹਾਇਸ਼, ਲੰਡਨ ਬਰਿੱਜ, ਲੰਡਨ ਆਈ, ਕੈਕਸਟਨ ਹਾਲ, ਟਾਵਰ ਆਫ ਲੰਡਨ, ਸਿੰਘ ਸਭਾ ਗੁਰਦੁਆਰਾ ਅਤੇ ਕਈ ਇਤਿਹਾਸਕ ਗਿਰਜਾਘਰ ਦੇਖਣਯੋਗ ਥਾਵਾਂ ਹਨ। ਲੰਡਨ ਦਾ ਥੇਮਸ ਰਿਵਰ ਵੀ ਵੇਖਣ ਯੋਗ ਥਾਂ ਹੈ ਜਿੱਥੇ ਕਈ ਰੰਗਾਂ ਦੇ ਪਾਣੀ ’ਚ ਤੈਰਦੇ ਪੰਛੀ ਮਨਮੋਹਕ ਦ੍ਰਿਸ਼ ਪੇਸ਼ ਕਰਦੇ ਹਨ। ਲੰਡਨ ਦੀ ਤਰਜ਼ ’ਤੇ ਹੀ ਭਾਰਤ ਦਾ ਰਾਸ਼ਟਰਪਤੀ ਭਵਨ, ਸੰਸਦ ਭਵਨ, ਸੁਪਰੀਮ ਕੋਰਟ, ਇੰਡੀਆ ਗੇਟ ਤੇ ਰਾਜਪਥ ਦੇ ਡਿਜ਼ਾਈਨ ਬਣੇ ਹਨ। ਪੰਜਾਬ ’ਤੇ ਕਬਜ਼ਾ ਕਰ ਲੈਣ ਪਿੱਛੋਂ ਅੰਗਰੇਜ਼ਾਂ ਨੇ ਸ਼ਹਿਜ਼ਾਦਾ ਦਲੀਪ ਸਿੰਘ ਨੂੰ ਇੰਗਲੈਂਡ ਲਿਆਂਦਾ ਅਤੇ ਉਸ ਦਾ ਸਾਰਾ ਜੀਵਨ ਇੱਥੇ ਹੀ ਬੀਤਿਆ। ਇਸ ਲਈ ਉਸ ਦੀਆਂ ਯਾਦਾਂ ਇੱਥੇ ਹੀ ਹਨ।
* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
ਸੰਪਰਕ: 98156-29301

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All