ਦਵਿੰਦਰ ਸਿੰਘ ਗਿੱਲ
ਕਈ ਪੰਜਾਬੀ ਲੇਖਕਾਂ ਨੂੰ ਅਕਸਰ ਇਹ ਗਿਲਾ ਰਹਿੰਦਾ ਹੈ ਕਿ ਕੋਈ ਉਸ ਦੀ ਕਦਰ ਨਹੀਂ ਕਰਦਾ। ਲੇਖਕ ਅਕਸਰ ਆਪਣੇ ਪੱਲਿਓਂ ਪੈਸੇ ਖਰਚ ਕੇ ਆਪਣੀਆਂ ‘ਮਹਾਨ’ ਰਚਨਾਵਾਂ ਛਪਵਾਉਂਦਾ ਹੈ ਅਤੇ ਫਿਰ ਕਿਤਾਬ ਨੂੰ ਰਿਓੜੀਆਂ ਵਾਂਗ ਵੰਡਦਾ ਹੈ। ਜੇ ਲੇਖਕ ਸਰਕਾਰੀ ਕਰਮਚਾਰੀ ਹੋਵੇ ਤਾਂ ਕਿਤਾਬਾਂ ਵੰਡਣ ਲਈ ਸਭ ਤੋਂ ਪਹਿਲਾਂ ਆਪਣੇ ਸਹਿਕਰਮੀਆਂ ਨੂੰ ਚੁਣਦਾ ਹੈ। ਸਾਨੂੰ ਵੀ ਮਾਂ ਬੋਲੀ ਦੀ ਸੇਵਾ ਕਰਦਿਆਂ ਬਾਰਾਂ ਤੇਰ੍ਹਾਂ ਸਾਲ ਹੋ ਚੁੱਕੇ ਹਨ। ਆਪਣੇ ਨਾਟਕਾਂ ਵਿੱਚ ਤਾਂ ਮੈਂ ਸਥਾਪਤੀ ਨੂੰ ਵੰਗਾਰਦਾ ਹਾਂ ਪਰ ਦਿਨ ਰਾਤ ਇਸੇ ਆਹਰੇ ਲੱਗਾ ਰਹਿੰਦਾ ਹਾਂ ਕਿ ਇਹ ਸਥਾਪਤੀ ਮੈਨੂੰ ਕੋਈ ਇਨਾਮ ਸ਼ਿਨਾਮ ਕਦੋਂ ਦੇਵੇਗੀ। ਇਨਾਮ ਸਨਮਾਨ ਦੀ ਝਾਕ ਵਿੱਚ ਕਈ ਵਾਰ ਤਾਂ ਮੇਰਾ ਰੋਣ ਨਿਕਲ ਜਾਂਦਾ ਹੈ। ਉਸ ਸਮੇਂ ਮੈਂ ਕੋਈ ਅੱਗ ਉਗਲਦੀ ਕਵਿਤਾ ਲਿਖਦਾ ਹਾਂ। ਕਵਿਤਾ ਵਿੱਚ ਹਰ ਹਾਲ ਡਟੇ ਰਹਿਣ ਦਾ ਸੰਦੇਸ਼ ਹੁੰਦਾ ਹੈ ਪਰ ਮੈਂ ਹੀ ਜਾਣਦਾ ਹਾਂ ਕਿ ਮੈਂ ਅੰਦਰੋਂ ਕਿੰਨਾ ਡਿੱਗਿਆ ਹੁੰਦਾ ਹਾਂ। ਪਿੱਛੇ ਜਿਹੇ ਜਦੋਂ ਲੇਖਕਾਂ ਵੱਲੋਂ ਇਨਾਮ ਵਾਪਸੀ ਦੀ ਮੁਹਿੰਮ ਚੱਲੀ ਸੀ ਤਾਂ ਮੈਂ ਬਹੁਤ ਪ੍ਰੇਸ਼ਾਨ ਹੋਇਆ ਕਿਉਂਕਿ ਮੇਰੇ ਕੋਲ ਮੋੜਨ ਵਾਲਾ ਕੁਝ ਹੈ ਹੀ ਨਹੀਂ ਸੀ।
ਹੁਣ ਜੇ ਹੋਵੇ ਲੇਖ , ਤੇ ਹੋਵੇ ਵੀ ਪੰਜਾਬੀ ਦਾ, ਤੇ ਉੱਤੋਂ ਹੋਵੇ ਖ਼ਾਸ ਕਿੱਤੇ ਵਾਲਾ ਤਾਂ ਨਿੰਮ ’ਤੇ ਕਰੇਲਾ ਚੜ੍ਹਨ ਵਾਲੀ ਗੱਲ ਹੋ ਜਾਂਦੀ ਹੈ। ਵੈਸੇ ਪਿੱਛੇ ਜਿਹੇ ‘‘ਫੇਸਬੁੱਕ ਯੂਨੀਵਰਸਿਟੀ’’ ਦੇ ਇੱਕ ਵਿਦਵਾਨ ਨੇ ਇਹ ਖੋਜ ਕੀਤੀ ਸੀ ਕਿ ਪੰਜਾਬੀ ਦੇ ਬਹੁਤੇ ਲੇਖਕ ਕਿੱਤੇ ਵਜੋਂ ਅਧਿਆਪਕ ਹਨ। ਮਾਂ ਬੋਲੀ ਦੀਆਂ ਲੱਤਾਂ ਘੁੱਟਣ ਵਾਲੇ ਐਨੇ ਵਿਦਵਾਨਾਂ ਦਾ ਇੱਕੋ ਮਹਿਕਮੇ ’ਚੋਂ ਹੋਣ ਦਾ ਵੱਡਾ ਕਾਰਨ ਉਸ ਵਿਦਵਾਨ ਨੇ ਇਹ ਦੱਸਿਆ ਕਿ ਇਨ੍ਹਾਂ ਕੋਲ ਵਿਹਲ ਬਹੁਤ ਹੁੰਦੀ ਹੈ ਸਗੋਂ ਉਸ ਅਨੁਸਾਰ ਤਾਂ ਇਹ ਵਿਹਲੇ ਹੀ ਹੁੰਦੇ ਹਨ। ਇਹੀ ਗੱਲ ਮੇਰਾ ਪੁਲਸੀਆ ਮਿੱਤਰ ਵੀ ਕਹਿੰਦਾ ਹੁੰਦਾ ਹੈ। ਉਸ ਨੂੰ ਵੀ ਲਿਖਣ ਦਾ ਬਹੁਤ ਸ਼ੌਕ ਹੈ ਪਰ ਟਾਈਮ ਨਹੀਂ ਮਿਲਦਾ। ਇੱਕ ਦਿਨ ਮੈਂ ਕਿਹਾ ਕਿ ਮਿੱਤਰਾ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਤਾਂ ਅੱਗੋਂ ਕਹਿਣ ਲੱਗਾ, ‘‘ਭਰਾਵਾ ਕੀ ਕਰੀਏ? ਵੀਹ ਸਾਲ ਦੀ ਨੌਕਰੀ ਕਰ ਕੇ ਐਸੀ ਆਦਤ ਪੈ ਗਈ ਐ ਕਿ ਹੱਥ ਪੈੱਨ ਵੱਲ ਵਧਾਈਦੈ ਪਰ ਜਾਂਦਾ ਡੰਡੇ ਵੱਲ ਐ।’’ ਖ਼ੈਰ, ਕਹਿੰਦੇ ਐ ਕਿ ਬਾਰ੍ਹੀਂ ਸਾਲੀਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਐ। ਸੋ ਲੇਖਣ ਦੇ ਤੇਰ੍ਹਵੇਂ ਸਾਲ ’ਚ ਮੈਨੂੰ ਲੱਗਿਆ ਕਿ ਸਾਡੀ ਵੀ ਸੁਣੀ ਗਈ। ਸਾਡੇ ਬੁੱਧੀਜੀਵੀਆਂ ਦੇ ਮਹਿਕਮੇ ਨੂੰ ਅਚਾਨਕ ਹੀ ਆਪਣੇ ਲੇਖਕਾਂ ਦਾ ਮੋਹ ਜਾਗ ਪਿਆ। ਸਾਰੇ ਅਧਿਆਪਕ ਲੇਖਕਾਂ ਨੂੰ ਮੁੱਖ ਦਫ਼ਤਰ ਮਿਲਣੀ ਲਈ ਬੁਲਾ ਲਿਆ।
ਤੁਰਨ ਲੱਗਿਆਂ ਬਾਪੂ ਦਾ ਕਿਹਾ ਯਾਦ ਆਇਆ ਕਿ ਘੋੜੇ ਦੀ ਪਿਛਾੜੀ ਤੇ ਅਫ਼ਸਰਾਂ ਦੇ ਮੂਹਰ ਦੀ ਨਹੀਂ ਲੰਘਣਾ ਚਾਹੀਦਾ ਪਰ ਹੁਣ ਤਾਂ ਜਾਣਾ ਹੀ ਪੈਣਾ ਸੀ। ਉੱਥੇ ਜਾ ਕੇ ਪਤਾ ਲੱਗਿਆ ਕਿ ਯੂ.ਐੱਨ.ਓ. ਐਵੇਂ ਭਕਾਈ ਮਾਰਦੀ ਐ ਬਈ ਪੰਜਾਹ ਸਾਲਾਂ ਵਿੱਚ ਪੰਜਾਬੀ ਭਾਸ਼ਾ ਖ਼ਤਮ ਹੋ ਜਾਵੇਗੀ। ਜਿਸ ਭਾਸ਼ਾ ਵਿੱਚ ਐਨੇ ਲੇਖਕ ਹੋਣ ਉਸ ਨੂੰ ਕੋਈ ਕਿਵੇਂ ਮਾਰ ਸਕਦਾ ਹੈ? ਹੈਰਾਨੀ ਇਹ ਸੀ ਕਿ ਪੰਜਾਬੀ ਦੀ ਕਿਤਾਬ ਮਸਾਂ ਦੋ ਸੌ ਛਪਦੀ ਹੈ ਪਰ ਐਥੇ ਤਾਂ ਲੇਖਕ ਹੀ ਤਿੰਨ ਸੌ ਤੋਂ ਉੱਤੇ ਫਿਰਦੇ ਸਨ। ਮਾਂ ਬੋਲੀ ਦੀ ਸੇਵਾ ਕਰਨ ਵਾਲਿਆਂ ਦੀ ਗਿਣਤੀ ਅਤੇ ਉਤਸ਼ਾਹ ਵੇਖ ਕੇ ਸੀਨਾ ਐਨਾ ਚੌੜਾ ਹੋ ਗਿਆ ਕਿ ਖੰਘ ਛਿੜ ਪਈ। ਇਸ ਤੋਂ ਵੱਧ ਖ਼ੁਸ਼ੀ ਵਾਲੀ ਗੱਲ ਕੀ ਹੋ ਸਕਦੀ ਸੀ ਕਿ ਮੈਨੂੰ ਲੇਖਕ ਵਜੋਂ ਕੋਈ ਵੀ ਨਹੀਂ ਸੀ ਜਾਣਦਾ। ਜਾਣਦਾ ਤਾਂ ਖ਼ੈਰ ਮੈਂ ਵੀ ਪੰਜਾਂ ਸੱਤਾਂ ਨੂੰ ਹੀ ਸੀ ਪਰ ਪਹੁੰਚੇ ਹੋਏ ਬਹੁਗਿਣਤੀ ਲੇਖਕ ਆਪਣੇ ਆਪ ਨੂੰ ਟਾਲਸਟਾਏ ਦੇ ਫੁੱਫੜ ਸਮਝ ਰਹੇ ਸਨ।
‘‘ਬਾਈ ਜੀ ਤੁਸੀਂ ਕੀ ਲਿਖਦੇ ਹੋ?’’ ਮੈਂ ਹੌਲੀ ਜਿਹੇ ਨਾਲ ਬੈਠੇ ਲੇਖਕ ਨੂੰ ਪੁੱਛਿਆ।
‘‘ਹੱਦ ਹੋ ਗਈ ਯਾਰ, ਤੂੰ ਮੈਨੂੰ ਜਾਣਦਾ ਹੀ ਨਹੀਂ!’’ ਉਹ ਮੈਨੂੰ ਪੈ ਨਿਕਲਿਆ, ‘‘ਮੇਰੇ ਦੋ ਸੌ ਤੋਂ ਵੱਧ ਲੇਖ
ਛਪ ਚੁੱਕੇ ਐ ਅਖ਼ਬਾਰਾਂ ਦੇ ਨਾਰੀ ਅੰਕ ਵਾਲੇ ਪੰਨੇ
’ਤੇ।’’ ਇਹ ਕਹਿੰਦਿਆਂ ਉਸ ਨੇ ਮੈਨੂੰ ਖਾ ਜਾਣ |ਵਾਲਿਆਂ ਵਾਂਗ ਵੇਖਿਆ।
‘‘ਅੱਛਾ! ਤਾਂ ਉਹ ਤੁਸੀਂ ਹੋ ਜਿਨ੍ਹਾਂ ਦਾ ਲੇਖ ‘ਔਰਤਾਂ ਕਿਵੇਂ ਰੱਖਣ ਨਹੁੰਆਂ ਦਾ ਧਿਆਨ’ ਬੜਾ ਮਸ਼ਹੂਰ ਹੋਇਆ ਸੀ। ਬਾਈ, ਮੈਂ ਤਾਂ ਤੇਰੇ ਸਾਰੇ ਲੇਖ ਪੜ੍ਹੇ ਐ ਯਾਰ ‘ਸਰਦੀਆਂ ਵਿੱਚ ਕਿਵੇਂ ਰੱਖੀਏ ਸੰਘਣੇ ਕਾਲੇ ਵਾਲਾਂ ਦਾ ਧਿਆਨ’, ‘ਸੁੰਦਰ ਗਰਦਨ ਲਈ ਘਰੇਲੂ ਨੁਸਖੇ’ ਅਤੇ ‘ਪਤੀ ਨੂੰ ਕਿਵੇਂ ਰੱਖੀਏ ਜੁੱਤੀ ਹੇਠਾਂ’। ਵਾਹ ਬਾਈ ਜੀ, ਮੈਂ ਤਾਂ ਧੰਨ ਹੋ ਗਿਆ ਇੱਥੇ ਆ ਕੇ। ਮੈਂ ਆਪਣੇ ਵੱਲੋਂ ਚਾਲੀ ਪੌਂਡ ਹਵਾ ਭਰ ਦਿੱਤੀ। ਮੈਂ ਹੋਰ ਵੀ ਭਰ ਸਕਦਾ ਸੀ ਪਰ ਲੇਖਕ ਦੀ ਸਮਰੱਥਾ ਹੀ ਇੰਨੀ ਸੀ। ਪਤੰਦਰ ਪਾਟਣ ਵਾਲਾ ਹੋਇਆ ਪਿਆ ਸੀ।
ਬਹੁਤੇ ਲੇਖਕ ਇਉਂ ਵਿਚਰ ਰਹੇ ਸਨ ਜਿਵੇਂ ਫੇਰੂ ਸ਼ਹਿਰ ਦੀ ਲੜਾਈ ’ਤੇ ਆਏ ਹੋਣ। ਕੁਝ ਉਹ ਸਨ ਜਿਹੜੇ ਰਚਨਾਤਮਕਤਾ ਦੇ ਨਾਮ ’ਤੇ ਪੱਤਰਕਾਰੀ ਹੀ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਇੱਕ ਦੀਆਂ ਰਚਨਾਵਾਂ ਇਸ ਪ੍ਰਕਾਰ ਹੁੰਦੀਆਂ ਹਨ, ‘ਨੰਬਰਦਾਰ ਦੀ ਮੱਝ ਨੇ ਦਿੱਤੇ ਦੋ ਕੱਟੇ, ਪ੍ਰਸ਼ਾਸਨ ਵੱਲੋਂ ਨਹੀਂ ਮਿਲੀ ਵਧਾਈ’। ਨਾਲ ਹੀ ਇਸ ਕੋਤਾਹੀ ਬਦਲੇ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੁੰਦੀ ਹੈ। ਖ਼ੈਰ, ਲੇਖਕਾਂ ਨੂੰ ਮਿਲਦੇ ਮਿਲਾਉਂਦਿਆਂ ਆਪਾਂ ਵੀ ਹਾਲ ਵਿੱਚ ਸੀਟ ਜਾ ਮੱਲੀ।
‘‘ਅੱਜ ਸਥਾਪਤੀ ਨਾਲ ਸਿੱਧੀ ਟੱਕਰ ਐ ਸਾਥੀਓ। ਤਕੜੇ ਰਿਹੋ। ਅੱਜ ਧੌਣ ਕੱਟੀ ਜਾਵੇ ਤਾਂ ਕੋਈ ਗੱਲ ਨਹੀਂ ਪਰ ਝੁਕਣੀ ਨਹੀਂ ਚਾਹੀਦੀ।’’ ਆਪਣੀਆਂ ਲਿਖੀਆਂ ਥੱਬਾ ਕੁ ਕਿਤਾਬਾਂ ਕੱਛ ’ਚ ਦੇਈ ਬੈਠਾ ਪਾਈਆ ਕੁ ਦਾ ਇਨਕਲਾਬੀ ਲੇਖਕ ਗੜ੍ਹਕ ਰਿਹਾ ਸੀ। ਉਹਦੀ ਗੱਲ ਸੁਣ ਕੇ ਮੈਂ ਆਪਣੀ ਧੌਣ ’ਤੇ ਤਿੰਨ ਚਾਰ ਵਾਰ ਹੱਥ ਫੇਰਿਆ। ਨਾਲ ਹੀ ਸਵੇਰੇ ਤੁਰਨ ਲੱਗਿਆਂ ਪਤਨੀ ਦੀ ਦਿੱਤੀ ਸਲਾਹ ਯਾਦ ਆਈ, ‘‘ਆਪਣੀ ਜ਼ੁਬਾਨ ਕਾਬੂ ’ਚ ਰੱਖਿਓ ਜੀ, ਐਵੇਂ ਨਾ ਟਿੱਚਰ ਕਰ ਬੈਠਿਓ। ਸੌ ਮੀਲ ’ਤੇ ਬਦਲੀ ਕਰਦਾ ਐ ਅਗਲਾ।’’ ਮੈਂ ਅਜੇ ਸੋਚ ਹੀ ਰਿਹਾ ਸੀ ਕਿ ਦੂਜੇ ਬੰਨਿਓਂ ਆਵਾਜ਼ ਆਈ, ‘‘ਘਬਰਾ ਨਾ ਸਾਥੀ। ਅੱਜ ਉਨ੍ਹਾਂ ਦਾ ਮੱਥਾ ਸਮਾਜ ਦੀ ਕਰੀਮ ਨਾਲ ਲੱਗਾ ਐ।’’ ਦਿਲ ਦੀਆਂ ਸਾਰੀਆਂ ਨਾੜਾਂ ਸੌ ਫ਼ੀਸਦੀ ਬੰਦ ਹੋਣ ਦਾ ਦਾਅਵਾ ਕਰਨ ਵਾਲਾ ਲੇਖਕ ਬੋਲਿਆ। ਇਹ ਲੇਖਕ ਵੱਡੇ ਹਸਪਤਾਲ ਦੀਆਂ ਰਿਪੋਰਟਾਂ ਵਿਖਾ ਕੇ ਦਾਅਵਾ ਕਰਦਾ ਸੀ ਕਿ ਉਸ ਦਾ ਦਿਲ ਸੌ ਪ੍ਰਤੀਸ਼ਤ ਕੰਮ ਛੱਡ ਚੁੱਕਿਆ ਹੈ ਅਤੇ ਹੁਣ ਉਸ ਨੂੰ ਫੂਕੋ, ਮਾਓ ਅਤੇ ਗੇਟੇ ਦਾ ਦਰਸ਼ਨ (ਫਲਸਫ਼ਾ) ਹੀ ਚਲਾਈ ਜਾ ਰਿਹਾ ਹੈ।
ਖੱਬੇ ਸੱਜੇ ਇਨਕਲਾਬ ਬੈਠਾ ਦੇਖ ਕੇ ਮੈਂ ਪਸੀਨੋ ਪਸੀਨੀ ਹੋ ਰਿਹਾ ਸੀ। ਮੈਨੂੰ ਲੱਗਾ ਮੈਂ ਲੇਖਕ ਹੀ ਮਾੜਾ ਨਹੀਂ, ਦਿਲ ਦਾ ਵੀ ਬਹੁਤ ਮਾੜਾ ਹਾਂ। ਮੈਂ ਖ਼ੁਦ ਨੂੰ ਇਹ ਸੋਚ ਕੇ ਧਰਵਾਸ ਦਿੱਤਾ ਕਿ ਮੈਥੋਂ ਪਹਿਲਾਂ ਧੌਣਾਂ ਕਟਵਾਉਣ ਵਾਲੇ ਘੱਟੋ ਘੱਟ ਪੌਣੇ ਤਿੰਨ ਸੌ ਲੇਖਕ ਤਾਂ ਨਿੱਤਰਨਗੇ ਹੀ।
ਖ਼ੈਰ, ਕਾਰਵਾਈ ਸ਼ੁਰੂ ਹੋਈ। ਵੱਡੇ ਸਾਹਬ ਨੇ ਲੇਖਕਾਂ ਨੂੰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਸਵੈ-ਇੱਛਾ ਨਾਲ ਯੋਗਦਾਨ ਪਾਉਣ ਲਈ ਕਿਹਾ। ਸਾਰਾ ਭਾਸ਼ਣ ਨਿੱਘ ਨਾਲ ਭਰਿਆ ਹੋਇਆ ਸੀ। ਹੋਰ ਕੁਝ ਵੀ ਖ਼ਾਸ ਨਾ ਹੋਇਆ। ਭਾਸ਼ਣ ਦੀ ਸਮਾਪਤੀ ’ਤੇ ਸਟੇਜ ਸਕੱਤਰ ਨੇ ਐਲਾਨ ਕੀਤਾ ਕਿ ਹੁਣ ਇਸ ਸਾਲ ਛਪੀਆਂ ਪੰਜ ਸੱਤ ਕਿਤਾਬਾਂ ਰਿਲੀਜ਼ ਕੀਤੀਆਂ ਜਾਣਗੀਆਂ।
ਪੰਜ ਸੱਤ? ਪਰ ਆਹ ਕੀ? ਡੇਢ ਸੌ ਲੇਖਕ ਆਪਣੀਆਂ ਦਸ ਦਸ ਸਾਲ ਪਹਿਲਾਂ ਛਪੀਆਂ ਪੁਸਤਕਾਂ ਲੈ ਕੇ ਸਟੇਜ ’ਤੇ ਚੜ੍ਹ ਗਏ। ਇਹ ਕਿਤਾਬਾਂ ਹੇਠਲੇ ਅਫ਼ਸਰਾਂ ਵੱਲੋਂ ਪਹਿਲਾਂ ਵੀ ਦਰਜਨਾਂ ਵਾਰ ਰਿਲੀਜ਼ ਕੀਤੀਆਂ ਜਾ ਚੁੱਕੀਆਂ ਸਨ। ਹਰ ਕੋਈ ‘ਸਥਾਪਤੀ’ ਨਾਲ ਫੋਟੋ ਖਿਚਵਾਉਣ ਨੂੰ ਕਾਹਲਾ ਸੀ। ‘‘ਸਮਾਜ ਦੀ ਕਰੀਮ’’ ਵਾਲਾ ਸਾਥੀ ਆਪਣੀ ਮਹਾਨ ਕਿਰਤ ‘‘ਲਟੈਣ ’ਤੇ ਲਟਕਦਾ ਟਿੱਡਾ’’ ਸਾਹਬ ਨੂੰ ਭੇਂਟ ਕਰ ਕੇ ਝੁਕ ਝੁਕ ਫੋਟੋਆਂ ਖਿਚਵਾ ਰਿਹਾ ਸੀ। ਧੌਣ ਕਟਵਾਉਣ ਦੀਆਂ ਗੱਲਾਂ ਕਰਨ ਵਾਲਾ ਤਰਲੋਮੱਛੀ ਹੋ ਰਿਹਾ ਸੀ। ਉਸ ਨੂੰ ਅੱਗੇ ਪਹੁੰਚਣ ਲਈ ਜਗ੍ਹਾ ਨਹੀਂ ਸੀ ਮਿਲ ਰਹੀ। ਉਸ ਦੇ ਚਿਹਰੇ ਦੀ ਪਰੇਸ਼ਾਨੀ ਦੱਸ ਰਹੀ ਸੀ ਕਿ ਅੱਜ ਪੰਜ ਸੱਤ ਤੱਤੀਆਂ ਤੱਤੀਆਂ ਕਵਿਤਾਵਾਂ ਤਾਂ ਵੱਟ ’ਤੇ ਪਈਆਂ ਹਨ। ਹਫ਼ੜਾ-ਦਫ਼ੜੀ ਵਾਲਾ ਮਾਹੌਲ ਬਣ ਗਿਆ। ਸਮਾਜ ਨੂੰ ਸੇਧ ਦੇਣ ਵਾਲੇ ਖ਼ੁਦ ਵਿੰਗੇ ਟੇਢੇ ਹੋਈ ਜਾ ਰਹੇ ਸਨ। ਚੰਗਾ ਲਿਖਣ ਵਾਲੇ ਲੇਖਕ ਇਸ ਸਭ ਤੋਂ ਨਿਰਲੇਪ ਆਪਣੇ ਝੋਲੇ ਚੁੱਕ ਕੇ ਤੁਰੇ ਜਾ ਰਹੇ ਸਨ। ਮੈਨੂੰ ਚਾਅ ਚੜ੍ਹਿਆ ਹੋਇਆ ਸੀ ਕਿ ਮੇਰੀ ਧੌਣ ਬਚ ਗਈ ਤੇ ਧੌਣ ਉਤਲਾ ਸਿਰ ਵੀ ਬਚ ਗਿਆ ਸੀ।
ਸੰਪਰਕ: 98550-73018