ਕੋਈ ਵੀ ਦੁਕਾਨਦਾਰ ਨਹੀਂ ਸੀ ਜਾਣਦਾ ਕਿ ਦਾਤਾ ਮਾਰਕਿਟ ਵਿਚ ਕਿੰਝ ਆਇਆ, ਕਦੋਂ ਆਇਆ ਅਤੇ ਕਿੱਥੋਂ ਆਇਆ? ਲਗਭਗ ਸੱਠ ਵਰ੍ਹਿਆਂ ਨੂੰ ਢੁੱਕ ਚੁੱਕਾ ਦਾਤਾ ਸਦਾ ਹੀ ਚੀਥੜਿਆਂ ਵਿਚ ਰਹਿੰਦਾ, ਮੈਲਾ ਕੁਚੈਲਾ ਤੇ ਸੂਰਤੋਂ ਬੇ-ਸੂਰਤ। ਬਜ਼ੁਰਗ ਦੁਕਾਨਦਾਰ ਦੱਸਦੇ ਕਿ ਦਾਤਾ ਬਚਪਨ ਤੋਂ ਹੀ ਇਸ ਮਾਰਕਿਟ ਵਿਚ ਰਹਿ ਰਿਹਾ ਹੈ। ਸ਼ਾਇਦ ਉਹ ਕੋਈ ਯਤੀਮ ਸੀ ਜਾਂ ਕਿਧਰੋਂ ਭੁੱਲਿਆ ਭਟਕਿਆ ਇੱਧਰ ਆ ਗਿਆ ਸੀ, ਕੋਈ ਨਹੀਂ ਸੀ ਜਾਣਦਾ। ਬੋਲਦਾ ਵੀ ਨਹੀਂ ਸੀ ਦਾਤਾ ਕਿਸੇ ਨਾਲ। ਬਸ ਅਗਲੇ ਵੱਲ ਵੇਖਦਾ ਰਹਿੰਦਾ। ਟੁਕਰ ਟੁਕਰ। ਇਕ ਦੋ ਵਾਰੀ ਪੁਲੀਸ ਵਾਲਿਆਂ ਨੇ ਵੀ ਦਾਤੇ ਤੋਂ ਉਸ ਦਾ ਅਤਾ-ਪਤਾ ਜਾਨਣ ਦੀ ਕੋਸ਼ਿਸ਼ ਕੀਤੀ, ਪਰ ਵਿਅਰਥ। ਜਾਂ ਤਾਂ ਦਾਤਾ ਦੱਸਣਾ ਨਹੀਂ ਸੀ ਚਾਹੁੰਦਾ ਜਾਂ ਸ਼ਾਇਦ ਉਸ ਨੂੰ ਸੱਚੀਓਂ ਕੁਝ ਯਾਦ ਨਹੀਂ ਸੀ। ਇਹ ਇਕ ਭੇਤ ਹੀ ਬਣਿਆ ਰਿਹਾ।
ਕਿਸੇ ਨੇ ਦਾਤੇ ਨੂੰ ਰੋਟੀ ਦੇ ਦੇਣੀ, ਕਿਸੇ ਨੇ ਪਾਣੀ ਤੇ ਕਿਸੇ ਚਾਹ। ਕਦੇ ਕਦਾਈਂ ਕੋਈ ਦੁਕਾਨਦਾਰ ਉਸ ਨੂੰ ਫਲ-ਫਰੂਟ ਦੇ ਛੱਡਦਾ। ਦਾਤਾ ਉਸ ਦੀ ਦੁਕਾਨ ਅੱਗੇ ਝਾੜੂ ਮਾਰਨ ਲੱਗਦਾ ਜਾਂ ਉਸ ਦਾ ਕੋਈ ਹੋਰ ਕੰਮ ਕਰ ਦਿੰਦਾ। ਮਤੇ ਸੋਚਦਾ ਹੋਵੇਗਾ ਕਿ ਉਹ ਭਿਖਾਰੀ ਨਹੀਂ, ਰੋਟੀ ਹੱਕ ਦੀ ਖਾਂਦਾ ਹੈ। ਇਉਂ ਕਰਦਿਆਂ ਖ਼ੁਦਾਰੀ ਉਸ ਦੀਆਂ ਅੱਖਾਂ ਵਿਚ ਜਿਵੇਂ ਤੈਰਨ ਲੱਗਦੀ। ਫੇਰ ਰੋਟੀ ਫੜ ‘ਜਿਊਂਦਾ ਰਹਿ’ ਕਹਿ ਕੇ ਉਹ ਅੱਗੇ ਵਧ ਜਾਂਦਾ ਅਤੇ ਮਾਰਕਿਟ ਵਿਚ ਖੜ੍ਹੇ ਬਰੋਟੇ ਹੇਠਾਂ ਬੈਠ ਕੇ ਉਹ ਰੋਟੀ ਖਾਣ ਲੱਗਦਾ। ਇਕ ਰੋਟੀ ਉਹ ਸਭ ਤੋਂ ਪਹਿਲਾਂ, ਉਸ ਦੇ ਨਾਲ ਪੂਛ ਹਿਲਾ ਹਿਲਾ ਘੁੰਮਦੇ ਕਾਲੂ ਨੂੰ ਪਾਉਂਦਾ। ਦੋਵੇਂ ਇਤਮਿਨਾਨ ਨਾਲ ਰੋਟੀ ਖਾਂਦੇ ਤੇ ਬਰੋਟੇ ਥੱਲੇ ਹੀ ਇਕ ਅੱਧ ਘੰਟਾ ਸੁਸਤਾਉਂਦੇ।
ਦਾਤੇ ਦੇ ਮੂੰਹੋਂ ‘ਜਿਊਂਦਾ ਰਹਿ’ ਤੋਂ ਇਲਾਵਾ ਕੋਈ ਹੋਰ ਸ਼ਬਦ ਕਿਸੇ ਨਹੀਂ ਸੀ ਸੁਣਿਆ।
ਸ਼ਾਮ ਨੂੰ ਕਿਸੇ ਨੇ ਚਾਹ ਦੇ ਦੇਣੀ ਤਾਂ ਦਾਤਾ ਆਪਣੇ ਮੈਲੇ ਝੋਲੇ ਵਿਚੋਂ ਆਪਣਾ ਮੱਗਾ ਕੱਢ ਉਸ ਵਿਚ ਪੁਆ ਲੈਂਦਾ ਤੇ ਬਰੋਟੇ ਹੇਠ ਬਹਿ ਕੇ ਹੀ ਪੀਣ ਲੱਗਦਾ। ਹੁਣ ਜਿਵੇਂ ਉਹ ਇਸ ਮਾਰਕਿਟ ਦਾ ਹੀ ਇਕ ਅਨਿੱਖੜਵਾਂ ਅੰਗ ਬਣ ਗਿਆ ਸੀ। ਰਾਤ ਨੂੰ ਕਦੇ ਕਿਸੇ ਦੁਕਾਨ ਅੱਗੇ ਸੌਂ ਜਾਂਦਾ, ਕਦੇ ਕਿਸੇ ਅੱਗੇ। ਹਾਲਾਂਕਿ ਮਾਰਕਿਟ ਦੇ ਸਾਹਮਣੇ ਹੀ ਇਕ ਮੰਦਰ ਅਤੇ ਗੁਰਦੁਆਰਾ ਸੀ, ਥੋੜ੍ਹੀ ਥੋੜ੍ਹੀ ਵਿੱਥ ਉੱਤੇ, ਪਰ ਉੱਥੇ ਮੰਗਤਿਆਂ ਦੀਆਂ ਲੱਗਦੀਆਂ ਕਤਾਰਾਂ ਵਿਚ ਸ਼ਾਮਿਲ ਹੁੰਦਿਆਂ ਦਾਤੇ ਨੂੰ ਕਿਸੇ ਨਹੀਂ ਸੀ ਵੇਖਿਆ। ਕਦੇ ਕਿਸੇ ਤੋਂ ਹੱਥ ਅੱਡ ਦਾਤੇ ਨੇ ਪੈਸੇ ਨਹੀਂ ਸਨ ਮੰਗੇ। ਜੇ ਕੋਈ ਮਾਰਕਿਟ ਵਿਚ ਆਇਆ ਗਾਹਕ ਪੈਸੇ ਦੇਣ ਦੀ ਕੋੋਸ਼ਿਸ਼ ਕਰਦਾ ਤਾਂ ਦਾਤਾ ਉਸ ਵੱਲ ਭੈੜਾ ਭੈੜਾ ਝਾਕਦਾ ਤੇ ਪੈਸੇ ਵਾਪਸ ਸਰਕਾ ਦਿੰਦਾ।
‘‘ਬਾਊ ਜੀ, ਇਹ ਤਾਂ ਦਾਤਾ ਹੈ ਜੀ ਇਸ ਮਾਰਕਿਟ ਦਾ, ਪੈਸੇ ਨਹੀਂ ਤੁਹਾਡੇ ਲੈਣੇ ਇਹਨੇ। ਗੁੱਸਾ ਨਾ ਕਰਿਓ।’’ ਅਜਿਹੇ ਗਾਹਕ ਨੂੰ ਕੋਈ ਨਾ ਕੋਈ ਦੁਕਾਨਦਾਰ ਜਾਂ ਉਸ ਦਾ ਕਰਿੰਦਾ ਸਮਝਾ ਦਿੰਦਾ।
ਦਾਤਾ ਉਸ ਦਿਨ ਰੋਟੀ ਖਾ ਕੇ ਬਰੋਟੇ ਹੇਠਾਂ ਸੁੱਤਾ ਪਿਆ ਸੀ ਕਿ ਮਾਰਕਿਟ ਵਿਚ ਅਫ਼ਰਾ-ਤਫ਼ਰੀ ਫੈਲ ਗਈ। ਭੱਜ-ਨੱਠ ਦੀਆਂ ਆਵਾਜ਼ਾਂ ਸੁਣ, ਦਾਤਾ ਅੱਬੜਵਾਹੇ ਉੱਠਿਆ ਤੇ ਆਲਾ-ਦੁਆਲਾ ਵੇਖਣ ਲੱਗਿਆ। ਕਾਲੂ ਵੀ ਬੇਤਹਾਸ਼ਾ ਭੌਂਕ ਰਿਹਾ ਸੀ। ਦੁਕਾਨਦਾਰ ਕਾਹਲੀ ਕਾਹਲੀ ਸ਼ਟਰ ਹੇਠਾਂ ਸੁੱਟ ਆਪਣੀਆਂ ਦੁਕਾਨਾਂ ਨੂੰ ਜਿੰਦੇ ਲਾ ਰਹੇ ਸਨ। ਅਨੇਕਾਂ ਹੀ ਗਾਹਕ ਰਾਸ਼ਨ ਅਤੇ ਦਵਾਈ ਵਾਲੀਆਂ ਦੁਕਾਨਾਂ ਅੱਗੇ ਕਤਾਰਾਂ ਬੰਨ੍ਹੀ ਖੜ੍ਹੇ ਸਨ। ਪੁਲੀਸ ਵਾਲੇ ਸਾਇਰਨ ਵਜਾਉਂਦੀਆਂ ਗੱਡੀਆਂ ਵਿਚੋਂ ਘੁੰਮ ਘੁੰਮ ਸਭ ਨੂੰ ਦੁਕਾਨਾਂ ਛੇਤੀ ਬੰਦ ਕਰਨ ਲਈ ਆਖ ਰਹੇ ਸਨ।
‘‘ਸਰਕਾਰ ਵੱਲੋਂ ਕਰੋਨਾ ਕਰਕੇ ਦੇਸ ਭਰ ਵਿਚ ਲੌਕਡਾਊਨ ਲਗਾ ਦਿੱਤਾ ਗਿਆ ਹੈ… ਸਭ ਨੂੰ ਅਪੀਲ ਹੈ ਕਿ ਛੇਤੀ ਤੋਂ ਛੇਤੀ ਆਪਣੇ ਆਪਣੇ ਘਰ ਜਾਓ।’’ ਪੁਲੀਸ ਵੱਲੋਂ ਇਹ ਐਲਾਨ ਵਾਰ ਵਾਰ ਕੀਤੇ ਜਾ ਰਹੇ ਸਨ। ਇਕ ਡਰ ਅਤੇ ਭੈਅ ਚਾਰੇ ਪਾਸੇ ਛਾ ਗਿਆ ਸੀ।
ਸ਼ਾਮ ਪੈਂਦਿਆਂ ਹੀ ਸਾਰੇ ਪਾਸੇ ਸੰਨਾਟਾ ਪਸਰ ਗਿਆ। ਰੌਲੇ-ਗੌਲੇ ਵਿਚ ਕਿਸੇ ਦਾ ਧਿਆਨ ਦਾਤੇ ਵੱਲ ਨਾ ਗਿਆ। ਉਹ ਓਵੇਂ ਹੀ ਬਰੋਟੇ ਥੱਲੇ ਆਲਾ-ਦੁਆਲਾ ਵੇਖ ਰਿਹਾ ਸੀ। ਸੁੰਨ-ਮਸਾਨ। ਕਾਲੂ ਵੀ ਸਹਿਮਿਆ ਹੋਇਆ ਸੀ। ਮਾਰਕਿਟ ਦੀਆਂ ਸਾਰੀਆਂ ਹੀ ਦੁਕਾਨਾਂ ਬੰਦ ਹੋ ਚੁੱਕੀਆਂ ਸਨ। ਹੁਣ ਹਨੇਰਾ ਉਤਰ ਆਇਆ ਸੀ। ਦਾਤੇ ਨੂੰ ਆਪਣੇ ਪਿੰਡੇ ਵਿਚੋਂ ਸੇਕ ਆਉਣ ਲੱਗਾ ਅਤੇ ਉਸ ਦਾ ਸਿਰ ਦਰਦ ਨਾਲ ਪਾਟਣ ਲੱਗਾ। ਔਖੇ ਸੌਖੇ ਉਸ ਨੇ ਆਪਣੇ ਝੋਲੇ ਵਿਚ ਪਈ ਪਾਣੀ ਦੀ ਬੋਤਲ ਵਿਚੋਂ ਬਚਿਆ ਪਾਣੀ ਪੀਤਾ ਅਤੇ ਸੋਟੀ ਦੇ ਸਹਾਰੇ ਉੱਠ, ਬੰਦ ਪਈਆਂ ਦੁਕਾਨਾਂ ਅੱਗੇ ਫਿਰਨ ਲੱਗਾ। ਕਾਲੂ ਉਹਦੇ ਨਾਲ ਨਾਲ ਸੀ। ਦਾਤਾ ਬੁੁਖ਼ਾਰ ਨਾਲ ਨਿਢਾਲ ਹੁੰਦਾ ਜਾ ਰਿਹਾ ਸੀ। ਉਸ ਨੂੰ ਪਿਸ਼ਾਬ ਦਾ ਜ਼ੋਰ ਪਿਆ ਤੇ ਉਹ ਮਾਰਕਿਟ ਵਿਚ ਬਣੇ ਬਾਥਰੂਮ ਵੱਲ ਗਿਆ, ਪਰ ਉਹ ਬੰਦ ਸੀ। ਹੌਲੀ ਹੌਲੀ ਦਾਤਾ ਦੁਕਾਨਾਂ ਦੇ ਪਿਛਲੇ ਪਾਸੇ ਚਲਾ ਗਿਆ ਜਿੱਥੇ ਅਕਸਰ ਝਾੜ-ਬੂਟੀ ਖੜ੍ਹੀ ਹੁੰਦੀ ਅਤੇ ਗੰਦ-ਮੰਦ ਖਿਲਰਿਆ ਹੁੰਦਾ। ਦਾਤਾ ਇਕ ਦੁਕਾਨ ਦੀ ਪਿਛਲੀ ਕੰਧ ਦਾ ਸਹਾਰਾ ਲੈ ਪਿਸ਼ਾਬ ਕਰਨ ਲੱਗਾ ਤਾਂ ਉਸ ਦਾ ਸਰੀਰ ਜਿਵੇਂ ਝੂਠਾ ਪੈਣ ਲੱਗਾ ਅਤੇ ਉਹ ਉੱਥੇ ਹੀ ਨਿਢਾਲ ਹੋ ਡਿੱਗ ਪਿਆ। ਉਸ ਦਾ ਮੱਥਾ ਬੁਖ਼ਾਰ ਨਾਲ ਤਪਣ ਲੱਗਾ। ਇੰਝ ਹੀ ਉੱਥੇ ਪਿਆਂ-ਪਿਆਂ ਉਸ ਦੀ ਅੱਖ ਲੱਗ ਗਈ। ਅੱਧੀ ਰਾਤੀਂ ਉਸ ਨੂੰ ਕੰਬਣੀ ਜਿਹੀ ਛਿੜੀ ਤੇ ਉਸ ਹੌਲੀ ਹੌਲੀ ਅੱਖਾਂ ਖੋਲ੍ਹੀਆਂ। ਦਾਤੇ ਨੇ ਆਸਮਾਨ ਵੱਲ ਤੱਕਿਆ। ਦੂਰ ਕਿੱਧਰੇ ਧੁੰਦਲੇ ਧੁੰਦਲੇ ਤਾਰੇ ਉਸ ਦੀ ਨਜ਼ਰੀਂ ਪਏ। ਉਸ ਨੂੰ ਸੜਾਂਦ ਮਹਿਸੂਸ ਹੋਈ, ਪਰ ਸਰੀਰ ਵਿਚ ਉੱਠਣ ਜੋਗੀ ਤਾਕਤ ਨਹੀਂ ਸੀ। ਕਾਲੂ ਵੀ ਉਸ ਨਾਲ ਹੀ ਉੱਠਿਆ, ਪਰ ਕੁਝ ਦੇਰ ਬੇਮਾਅਨੇ ਭੌਂਕ ਕੇ ਫਿਰ ਦਾਤੇ ਨਾਲ ਹੀ ਸੌਂ ਗਿਆ।
ਦਿਨ ਚੜ੍ਹ ਆਇਆ ਸੀ। ਸੂਰਜ ਦੀ ਕਿਰਨ ਦਾਤੇ ਉਪਰ ਪਈ ਤਾਂ ਉਸ ਦੀਆਂ ਰੜਕਦੀਆਂ ਅੱਖਾਂ ਖੁੱਲ੍ਹਣ ਲੱਗੀਆਂ, ਪਰ ਸਰੀਰ ਵਿਚ ਉੱਕਾ ਹੀ ਸਾਹ ਸਤ ਨਹੀਂ ਸੀ। ਸੋ ਉੱਠਣ ਦੀ ਹਿੰਮਤ ਨਾ ਕਰ ਸਕਿਆ। ਝੋਲੇ ਵਿਚ ਹੱਥ ਮਾਰਿਆ ਤਾਂ ਬਿਸਕੁਟ ਦਾ ਇਕ ਪੈਕਟ ਉਸ ਦੇ ਹੱਥ ਲੱਗਾ। ਦਾਤੇ ਨੇ ਪੰਜ ਛੇ ਬਿਸਕੁਟ ਪਹਿਲਾਂ ਕਾਲੂ ਨੂੰ ਪਾਏ। ਫੇਰ ਮਸੀਂ ਤਿੰਨ ਚਾਰ ਬਿਸਕੁਟ ਸੁੱਕੇ ਗਲ ਰਾਹੀਂ ਆਪਣੇ ਅੰਦਰ ਲੰਘਾਏ। ਹਾਲਾਂਕਿ ਮਾਰਕਿਟ ਦੇ ਪਿਛਲੇ ਪਾਸੇ, ਜਿੱਧਰ ਦਾਤਾ ਪਿਆ ਸੀ, ਕੁਝ ਕੋਠੀਆਂ ਸਨ ਪਰ ਦੂਰ ਦੂਰ ਤੱਕ ਸੁੰਨ ਪਸਰੀ ਪਈ ਸੀ। ਸ਼ਾਮ ਤੱਕ ਦਾਤਾ ਉਵੇਂ ਹੀ ਪਿਆ ਰਿਹਾ, ਬੁਖ਼ਾਰ ਵਿਚ ਤਪਦਾ।
ਉਸ ਦੀ ਅੱਖ ਖੁੱਲ੍ਹੀ ਤੇ ਵੇਖਿਆ ਕਿ ਕਾਲੂ ਉਸ ਪਾਸ ਨਹੀਂ ਸੀ। ਉੱਠਣ ਦੀ ਹਾਲੇ ਵੀ ਉਸ ਵਿਚ ਤਾਕਤ ਨਹੀਂ ਸੀ। ਕੁਝ ਚਿਰ ਮਗਰੋਂ ਉਸ ਨੂੰ ਕਾਲੂ ਆਉਂਦਾ ਦਿਸਿਆ ਜਿਸ ਦੇ ਮੂੰਹ ਵਿਚ ਬੰਦ ਦਾ ਅੱਧਾ ਟੁਕੜਾ ਸੀ ਜੋ ਉਸ ਦਾਤੇ ਮੂਹਰੇ ਲਿਆ ਧਰਿਆ। ‘ਜਿਊਂਦਾ ਰਹਿ’ ਕਹਿਣਾ ਚਾਹੁੰਦਿਆਂ ਵੀ ਦਾਤਾ ਕਹਿ ਨਹੀਂ ਸੀ ਸਕਿਆ। ਉਸ ਨੇ ਕਾਲੂ ਨੂੰ ਹੌਲੀ ਹੌਲੀ ਦੁਲਾਰਿਆ ਅਤੇ ਔਖਾ ਸੌਖਾ ਬੰਦ ਖਾਣ ਲੱਗਾ। ਕਾਲੂ ਨੇ ਵੀ ਪੂਛ ਹਿਲਾਈ। ਦਾਤਾ ਫਿਰ ਨਿਢਾਲ ਹੋ ਗਿਆ। ਉਸ ਦਾ ਸੇਕ ਜਾਪਦਾ ਸੀ ਕਿ ਹੁਣ ਕਾਲੂ ਵੀ ਮਹਿਸੂਸ ਕਰ ਰਿਹਾ ਸੀ।
ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਮਾਰਕਿਟ ਅਤੇ ਘਰਾਂ ਵਿਚਾਲੇ ਦੀ ਸੜਕ ਉੱਤੇ ਇਕ ਗੱਡੀ ਵੇਖ ਕਾਲੂ ਭੌਕਣ ਲੱਗਾ। ਇਹ ਪੁਲੀਸ ਦੀ ਪੀਸੀਆਰ ਗੱਡੀ ਸੀ ਜੋ ਕਾਲੂ ਦੇ ਲਗਾਤਾਰ ਭੌਂਕਣ ਕਰਕੇ ਥੋੜ੍ਹਾ ਹੌਲੀ ਹੋ ਗਈ ਤੇ ਫੇਰ ਲਗਭਗ ਰੁਕ ਹੀ ਗਈ। ਕਾਲੂ ਗੱਡੀ ਵੱਲ ਮੂੰਹ ਕਰ ਕੇ ਲਗਾਤਾਰ ਭੌਂਕੀ ਜਾ ਰਿਹਾ ਸੀ। ਦੋ ਪੁਲੀਸ ਕਰਮੀ ਗੱਡੀ ਵਿਚ ਸਨ। ਗੱਡੀ ਰੋਕ, ਇਕ ਨੇ ਸਰਚ ਲਾਈਟ ਕਾਲੂ ਵੱਲ ਮਾਰੀ ਅਤੇ ਉਨ੍ਹਾਂ ਨੂੰ ਦੁਕਾਨਾਂ ਪਿੱਛੇ ਕਿਸੇ ਵਿਅਕਤੀ ਦੇ ਪਏ ਹੋਣ ਦਾ ਅਹਿਸਾਸ ਹੋਇਆ। ਦੋਵਾਂ ਨੇ ਹਿੰਮਤ ਕਰ ਉਸ ਪਾਸੇ ਨੂੰ ਵਧਣਾ ਸ਼ੁਰੂ ਕੀਤਾ ਤੇ ਨੇੜੇ ਜਾ ਉਨ੍ਹਾਂ ਨੇ ਦਾਤੇ ਨੂੰ ਪਛਾਣ ਲਿਆ। ਉਹ ਦੋਵੇਂ ਇਸ ਇਲਾਕੇ ਦੇ ਬੀਟ ਮੁਲਾਜ਼ਮ ਸਨ। ਇਕ ਹੈੱਡ ਕਾਂਸਟੇਬਲ ਰਮੇਸ਼ ਤਿਵਾੜੀ ਤੇ ਦੂਜਾ ਡਰਾਈਵਰ ਲਿਆਕਤ ਖ਼ਾਨ। ਉਨ੍ਹਾਂ ਦਾਤੇ ਨੂੰ ਸਹਾਰਾ ਦੇ ਕੇ ਬਿਠਾਇਆ। ਕਾਲੂ ਨੇ ਹੁਣ ਭੌਂਕਣਾ ਬੰਦ ਕਰ ਦਿੱਤਾ ਸੀ। ਜਿਵੇਂ ਉਹ ਸਮਝ ਗਿਆ ਹੋਵੇ ਕਿ ਉਸ ਨੇ ਆਪਣਾ ਫ਼ਰਜ਼ ਨਿਭਾ ਦਿੱਤਾ ਹੈ, ਹੁਣ ਦਾਤੇ ਨੂੰ ਸਾਂਭਣ ਵਾਲੇ ਆ ਗਏ ਹਨ।
ਲਿਆਕਤ ਗੱਡੀ ਵਿਚੋਂ ਪਾਣੀ ਅਤੇ ਰੋਟੀ ਦਾ ਪੈਕਟ ਲੈ ਆਇਆ ਸੀ। ਉਨ੍ਹਾਂ ਦਾਤੇ ਦੇ ਤਪ ਰਹੇ ਪਿੰਡੇ ਤੋਂ ਅੰਦਾਜ਼ਾ ਲਗਾ ਲਿਆ ਸੀ ਕਿ ਉਸ ਨੂੰ ਤੇਜ਼ ਬੁਖ਼ਾਰ ਹੈ, ਪਰ ਤਸੱਲੀ ਹੋਈ ਕਿ ਉਨ੍ਹਾਂ ਕੋਲ ਮੈਡੀਕਲ ਕਿਟ ਵਿਚ ਬੁਖ਼ਾਰ ਦੀ ਦਵਾਈ ਪਈ ਸੀ। ਦਾਤੇ ਦਾ ਮੂੰਹ ਹੱਥ ਧੁਆ, ਉਸ ਨੂੰ ਰੋਟੀ ਦਾ ਪੈਕਟ ਫੜਾਇਆ ਜਿਸ ਵਿਚੋਂ ਦਾਤੇ ਨੇ ਪਹਿਲੀ ਰੋਟੀ ਕਾਲੂ ਨੂੰ ਪਾਈ ਤੇ ਫਿਰ ਆਪ ਖਾਧੀ। ਮਗਰੋਂ ਰੱਜ ਕੇ ਪਾਣੀ ਪੀਤਾ ਤੇ ਹੋਰ ਰੋਟੀ ਲਈ ਇਸ਼ਾਰਾ ਕੀਤਾ। ਪੁਲੀਸ ਦੀ ਗੱਡੀ ਵਿਚ ਕਰੋਨਾ ਦੇ ਚੱਲਦਿਆਂ ਰੋਟੀ ਦੇ ਕੁਝ ਹੋਰ ਪੈਕਟ ਵੀ ਪਏ ਸਨ। ਲਿਆਕਤ ਨੇ ਰੋਟੀ ਦਾ ਇਕ ਹੋਰ ਪੈਕਟ ਲਿਆ ਕੇ ਦੇ ਦਿੱਤਾ ਜੋ ਦਾਤੇ ਤੇ ਕਾਲੂ ਨੇ ਖਾ ਲਿਆ। ਹੁਣ ਉਸ ਦੇ ਸਰੀਰ ਵਿਚ ਕੁਝ ਜਾਨ ਪੈਣ ਲੱਗੀ।
ਰਮੇਸ਼ ਨੇ ਦਾਤੇ ਦਾ ਮੂੰਹ ਹੱਥ ਧੁਆਉਣ ਮਗਰੋਂ ਬੁਖ਼ਾਰ ਦੀ ਗੋਲੀ ਦਿੰਦਿਆਂ ਕਿਹਾ, ‘‘ਦਾਤਿਆ ਫ਼ਿਕਰ ਨਾ ਕਰੀਂ, ਤੂੰ ਭੁੱਖਾ ਨ੍ਹੀਂ ਮਰਦਾ। ਗੁਰਦੁਆਰਾ ਸਾਹਿਬ ਵੱਲੋਂ ਲੰਗਰ ਦਾ ਪੂਰਾ ਇੰਤਜ਼ਾਮ ਕੀਤਾ ਹੋਇਐ ਕਰੋਨਾ ਕਰਕੇ।’’
‘‘ਜਿਊਂਦਾ ਰਹਿ ਕਰੋਨਿਆ…’’ ਦਾਤੇ ਨੇ ਉਪਰ ਵੱਲ ਤੱਕ, ਦੋਵੇਂ ਹੱਥ ਜੋੜ, ਦਾਤੇ ਦਾ ਸ਼ੁਕਰ ਕੀਤਾ ਕਿ ਹੁਣ ਉਹ ਤੇ ਕਾਲੂ ਘੱਟੋ ਘੱਟ ਭੁੱਖੇ ਨਹੀਂ ਮਰਨਗੇ।
– ਰੰਜੀਵਨ ਸਿੰਘ
ਸੰਪਰਕ: 98150-68816
ਦਰਵੇਸ਼
‘‘ਸ਼ੰਟੀ! ਆਹ ਲੈ ਵੇ ਦਸ ਰੁਪਏ, ਜਾਹ ਦੁਕਾਨ ਤੋਂ ਦੋ ਲੱਡੂ ਲੈ ਆ।’’ ਮਾਂ ਨੇ ਦਸ ਦਾ ਨੋਟ ਫੜਾਉਂਦਿਆਂ ਪੁੱਤ ਨੂੰ ਕਿਹਾ।
ਸ਼ੰਟੀ ਤੁਰਿਆ ਤਾਂ ਮਾਂ ਨੇ ਆਵਾਜ਼ ਦੇ ਕੇ ਕਿਹਾ, ‘‘ਵੇ ਸਸਤੇ ਜੇ ਲਿਆਈਂ।’’ ਉਹ ਨੇੜੇ ਦੀ ਦੁਕਾਨ ਤੋਂ ਦੋ ਲੱਡੂ ਲਿਆਇਆ ਤੇ ਮਾਂ ਨੂੰ ਫੜਾ ਦਿੱਤੇ। ਮਾਂ ਨੇ ਸਾਰੇ ਪਰਿਵਾਰ ਤੋਂ ਚੁਹਾ ਕੇ ਗਲੀ ’ਚ ਫਿਰਦੇ ਕਾਲੇ ਕੁੱਤੇ ਨੂੰ ਸੱਦ ਕੇ ਖੁਆ ਦਿੱਤੇ।
‘‘ਮਾਂ, ਇਹ ਲੱਡੂ ਕੁੱਤੇ ਨੂੰ ਕਿਉਂ ਖੁਆਏ ਨੇ?’’ ਸ਼ੰਟੀ ਨੇ ਬੜੀ ਉਤਸੁਕਤਾ ਨਾਲ ਪੁੱਛਿਆ।
‘‘ਵੇ ਪੁੱਤ! ਪੰਡਿਤ ਜੀ ਨੇ ਦੱਸਿਆ ਸੀ, ਆਪਣੇ ਪਰਿਵਾਰ ’ਤੇ ਸ਼ਨੀ ਗ੍ਰਹਿ ਦਾ ਪ੍ਰਭਾਵ ਐ, ਕਾਲਾ ਕੁੱਤਾ ਦਰਵੇਸ਼ ਹੁੰਦਾ ਹੈ। ਤੇ ਦਰਵੇਸ਼ ਨੂੰ ਲੱਡੂ ਖੁਆਉਣ ਨਾਲ ਪਾਪ ਧੋਤੇ ਜਾਂਦੇ ਨੇ, ਗ੍ਰਹਿ ਲਹਿ ਜਾਂਦੈ, ਕਲੇਸ਼ ਦੂਰ ਹੋ ਜਾਂਦੈ, ਘਰ ’ਚ ਸੁੱਖ ਸ਼ਾਂਤੀ ਰਹਿੰਦੀ ਐ, ਤਾਂ ਖੁਆਏ ਨੇ।’’ ਮਾਂ ਨੇ ਸਮਝਾਇਆ।
‘‘ਮਾਂ, ਫੇਰ ਦੇਸੀ ਘਿਓ ਦੇ ਖਵਾਉਣੇ ਸੀ, ਇਹ ਸਸਤੇ ਲੱਡੂ ਖਾ ਕੇ ਜੇ ਥੋਡਾ ਦਰਵੇਸ਼ ਬਿਮਾਰ ਹੋ ਗਿਆ?’’ ਸ਼ੰਟੀ ਨੇ ਨਵਾਂ ਸੁਆਲ ਖੜ੍ਹਾ ਕੀਤਾ।
‘‘ਭਲਾਂ ਕੁੱਤੇ ਵੀ ਕਦੇ ਬਿਮਾਰ ਹੁੰਦੇ ਨੇ, ਸਾਰਾ ਦਿਨ ਗਲੀਆਂ ’ਚੋਂ ਇਹੋ ਜਿਹਾ ਹੀ ਖਾਂਦੇ ਫਿਰਦੇ ਨੇ।’’ ਮਾਂ ਨੇ ਦਲੀਲ ਦਿੱਤੀ।
‘‘ਮਾਂ ਪਹਿਲਾਂ ਨਿਖੇੜਾ ਤਾਂ ਕਰ, ਬਈ ਤੂੰ ਲੱਡੂ ਦਰਵੇਸ਼ ਨੂੰ ਖੁਆਏ ਨੇ ਜਾਂ ਕੁੱਤੇ ਨੂੰ!’’ ਸੰਨੀ ਨੇ ਤਰਕ ਦੇ ਆਧਾਰ ’ਤੇ ਸਪਸ਼ਟ ਜੁਆਬ ਮੰਗਿਆ।
‘‘ਜਾਹ ਵੇ! ਦੋ ਜਮਾਤਾਂ ਕਾਹਦੀਆਂ ਪੜ੍ਹ ਗਿਆ, ਮਾਂ ਨੂੰ ਵੀ ਟਿੱਚ ਹੀ ਸਮਝਦਾ ਐ,’’ ਮਾਂ ਕੋਲ ਉਸ ਦੇ ਸੁਆਲ ਦਾ ਕੋਈ ਜੁਆਬ ਨਹੀਂ ਸੀ।
– ਬਲਵਿੰਦਰ ਸਿੰਘ ਭੁੱਲਰ
ਸੰਪਰਕ: 098882-75913
ਰਾਹਤ ਕੋਸ਼ ਵਾਲਾ ਦਾਨ
ਕਰੋਨਾ ਰਾਹਤ ਫੰਡ ’ਚ ਭੁਗਤਾਨ ਵਾਲੇ ਸਕਰੀਨ ਸ਼ੌਟ ਨੂੰ ਫੇਸਬੁੱਕ ’ਤੇ ਪਾਉਣ ਸਾਰ ਹੀ ਹਰਜਿੰਦਰ ਨੂੰ ਤਾਰੀਫ਼ ਅਤੇ ਵਾਹੋਵਾਹੀ ਵਾਲੇ ਕਮੈਂਟ ਆਉਣੇ ਸ਼ੁਰੂ ਹੋ ਗਏ। ਉਹ ਡਰਾਇੰਗ ਰੂਮ ’ਚ ਬਹਿ ਕੇ ਸਭ ਨੂੰ ਵਾਰੀ ਸਿਰ ਸ਼ੁਕਰੀਆ, ਥੈਂਕਸ, ਧੰਨਵਾਦ ਆਦਿ ਜਵਾਬ ਦੇ ਰਿਹਾ ਸੀ। ਇਸ ਦੌਰਾਨ ਬਾਹਰ ਬਰਾਂਡੇ ਵਿਚੋਂ ਉਸ ਦੇ ਪੁੱਤਰ ਲੱਕੀ ਨੇ ਆਵਾਜ਼ ਮਾਰਦਿਆਂ ਕਿਹਾ, ‘‘ਡੈਡੀ ਜੀ… ਜਗੀਰ ਅੰਕਲ ਆਏ ਨੇ, ਤੁਹਾਡੇ ਨਾਲ ਗੱਲ ਕਰਨੀ ਹੈ।’’
ਹਰਜਿੰਦਰ ਨੇ ਮੂੰਹ ’ਚ ਸ਼ਬਦ ਚੱਬਦੇ ਹੋਏ ਕਿਹਾ, ‘‘ਤੜਕੇ ਤੜਕੇ ਕੀ ਲੈਣ ਆ ਗਿਆ ਇਹ? ਪੁੱਛ ਉਸ ਤੋਂ।’’
ਲੱਕੀ ਨੇ ਥੋੜ੍ਹੀ ਦੇਰ ਬਾਅਦ ਜਵਾਬ ਦਿੱਤਾ, ‘‘ਡੈਡੀ, ਉਹ ਕਹਿ ਰਹੇ ਹਨ ਕਿ ਕੰਮ ਧੰਦਾ ਬੰਦ ਹੋ ਜਾਣ ਕਰਕੇ ਢਿੱਡ ਭਰਨਾ ਔਖਾ ਹੋ ਗਿਆ ਹੈ, ਉਹ ਪੈਸੇ ਮੰਗ ਰਹੇ ਹਨ ਕਹਿੰਦੇ ਬਾਅਦ ’ਚ ਦੇ ਦੇਣਗੇ।’’
‘‘ਉਏ, ਉਹਨੂੰ ਕਹਿ ਹਜੇ ਲੌਕਡਾਊਨ ਐ, ਸਾਰੇ ਬੈਂਕ ਬੰਦ ਨੇ। ਐੱਮ.ਸੀ. ਦੇ ਘਰ ਜਾਵੇ, ਕੋਈ ਫੰਡ ਆਇਆ ਹੋਣੈ ਇਹਦੇ ਵਰਗਿਆਂ ਲਈ।’’ ਇਹ ਕਹਿ ਕੇ ਹਰਜਿੰਦਰ ਫਿਰ ਕਮੈਂਟਸ ਦੇ ਜਵਾਬ ਦੇਣ ’ਚ ਮਸ਼ਰੂਫ ਹੋ ਗਿਆ।
– ਹਰਪ੍ਰੀਤ ਸਿੰਘ ਬਰਾੜ
ਈ-ਮੇਲ: harpreet9936@gmail.com