ਰਾਜਪਾਲ ਸਿੰਘ
‘ਜ਼ਮੀਨ, ਬੰਦੂਕਾਂ, ਜਾਤੀ, ਔਰਤ’ (Land Guns Caste Woman) ਕਿਸੇ ਪੁਸਤਕ ਲਈ ਬੜਾ ਅਜੀਬ ਜਿਹਾ ਨਾਂ ਹੈ ਜਿਸ ਵਿੱਚ ਚਾਰ ਵੱਖੋ-ਵੱਖਰੇ ਸ਼ਬਦਾਂ ਨੂੰ ਇੱਕ-ਦੂਜੇ ਨਾਲ ਸਬੰਧਿਤ ਕਰਕੇ ਨਾਮ ਲਈ ਕੋਈ ਤੁਕ ਬਣਾਉਣ ਦੀ ਬਜਾਏ ਇਹ ਚਾਰ ਅਸਬੰਧਿਤ ਜਾਪਦੇ ਸ਼ਬਦ ਹੀ ਸਿਰਲੇਖ ਉਪਰ ਨਾਮ ਵਜੋਂ ਲਿਖ ਦਿੱਤੇ ਗਏ ਹਨ। ਜਿੰਨਾ ਪੁਸਤਕ ਦਾ ਨਾਮ ਅਨੂਠਾ ਹੈ ਲੇਖਕਾ ਗੀਤਾ ਰਾਮਾਸਵਾਮੀ ਦਾ ਜੀਵਨ ਉਸ ਤੋਂ ਵੀ ਵੱਧ ਵਿਲੱਖਣ ਹੈ। ਇਹ ਪੁਸਤਕ ਲੇਖਕਾ ਦੀ ਸਵੈ-ਜੀਵਨੀ ਹੈ ਜਿਸ ਵਿੱਚ ਉਪਰੋਕਤ ਚਾਰੇ ਚੀਜ਼ਾਂ ਨਾਲ ਉਸ ਦਾ ਲਗਾਤਾਰ ਅਤੇ ਗਹਿਰਾ ਵਾਸਤਾ ਬਣਿਆ ਰਹਿੰਦਾ ਹੈ।
ਅਸੀਂ ਬਹੁਤ ਸਾਰੇ ਅਜਿਹੇ ਲੋਕਾਂ ਬਾਰੇ ਪੜ੍ਹਦੇ ਸੁਣਦੇ ਹਾਂ ਜਿਨ੍ਹਾਂ ਨੇ ਆਪਣੇ ਮੁਆਸ਼ਰੇ ਦੇ ਰਵਾਇਤੀ ਮਾਹੌਲ ਨੂੰ ਤੋੜ ਕੇ ਜਿਉਣ ਦਾ ਆਪਣੇ ਲਈ ਬਿਲਕੁਲ ਵੱਖਰਾ ਰਾਹ ਚੁਣਿਆ ਪਰ ਗੀਤਾ ਇਨ੍ਹਾਂ ਵੱਖਰਿਆਂ ਵਿੱਚੋਂ ਵੀ ਬਹੁਤ ਵੱਖਰੀ ਹੈ। ਗੀਤਾ ਰਾਮਾਸਵਾਮੀ ਤਾਮਿਲ ਬ੍ਰਾਹਮਣ ਪਰਿਵਾਰ ਵਿੱਚ ਜਨਮ ਲੈਂਦੀ ਹੈ ਜਿੱਥੇ ਰਸੋਈ ਵਿੱਚ ਕਦੇ ਲਸਣ ਅਤੇ ਪਿਆਜ਼ ਨਹੀਂ ਵੜੇ ਸਨ, ਮਾਂਹਵਾਰੀ ਆਉਣ’‘ਤੇ ਵੱਖਰੇ ਕਮਰੇ ਵਿੱਚ ਰਹਿਣਾ ਅਤੇ ਕਿਸੇ ਬਰਤਨ ਨੂੰ ਹੱਥ ਨਹੀਂ ਲਗਾਉਣਾ ਸੀ, ਕਿਸੇ ਲੜਕੇ ਨਾਲ ਗੱਲ ਨਹੀਂ ਕਰਨੀ ਸੀ ਕਿਉਂਕਿ ਦੱਸਿਆ ਗਿਆ ਸੀ ਕਿ ਕਿਸੇ ਲੜਕੇ ਦੇ ਕੋਲ ਬੈਠਣ ਨਾਲ ਵੀ ਗਰਭ ਠਹਿਰ ਜਾਂਦਾ ਹੈ ਆਦਿ। ਬੇਹੱਦ ਜ਼ਹੀਨ ਗੀਤਾ ਇਨ੍ਹਾਂ ਸਾਰੀਆਂ ਗੱਲਾਂ ’ਤੇ ਸਵਾਲ ਕਰਦੀ ਹੈ ਅਤੇ ਉਲੰਘਣਾ ਵੀ ਕਰਦੀ ਹੈ। ਬੇਸ਼ੱਕ ਇਹ ਕੋਈ ਖ਼ਾਸ ਗੱਲਾਂ ਨਹੀਂ ਸਨ, ਪਰੰਪਰਾਵਾਦੀ ਪਰਿਵਾਰਾਂ ਵਿੱਚ ਬਹੁਤ ਕੁਝ ਅਜਿਹਾ ਚਲਦਾ ਹੈ ਅਤੇ ਬਹੁਤ ਕੁੜੀਆਂ ਅਜਿਹਾ ਕੁਝ ਸਹਿਣ ਤੋਂ ਇਨਕਾਰੀ ਹੋ ਜਾਂਦੀਆਂ ਹਨ। ਇਹ ਜ਼ਿਕਰ ਸਿਰਫ਼ ਇਸ ਲਈ ਹੈ ਕਿ ਬਾਅਦ ਵਾਲੀ ਜ਼ਿੰਦਗੀ ਦੀ ਗੱਲ ਚੱਲੇ ਤਾਂ ਪਤਾ ਹੋਵੇ ਕਿ ਉਹ ਕਿਹੋ ਜਿਹੇ ਪਰਿਵਾਰਕ ਪਿਛੋਕੜ ਵਿੱਚੋਂ ਆਈ ਸੀ।
ਅਜਿਹੀਆਂ ਬ੍ਰਾਹਮਣਵਾਦੀ ਪਰੰਪਰਾਵਾਂ ਅਤੇ ਬੰਦਿਸ਼ਾਂ ਵਾਲੇ ਪਰਿਵਾਰ ਵਿੱਚ ਪਲੀ ਇਹ ਲੜਕੀ ਸਭ ਤੋਂ ਨੀਵੀਆਂ ਸਮਝੀਆਂ ਜਾਂਦੀਆਂ ਜਾਤੀਆਂ ਦੇ ਲੋਕਾਂ ਵਿੱਚ ਕੰਮ ਕਰਦੀ ਹੈ, ਉਨ੍ਹਾਂ ਵਿੱਚ ਰਹਿੰਦੀ ਹੋਈ ਗਊ ਮਾਸ ਸਮੇਤ ਮੋਟਾ ਮਾਸ, ਗੰਦ ’ਤੇ ਪਲਦੇ ਸੂਰਾਂ ਦਾ ਮਾਸ ਖਾਣ ਤੱਕ ਕੁਝ ਵੀ ਖਾਣ ਪਹਿਨਣ ਤੋਂ ਹਿਚਕਿਚਾਉਂਦੀ ਨਹੀਂ। ਤਾਮਿਲ ਭਾਸ਼ੀ, ਫਰਾਟੇਦਾਰ ਅੰਗਰੇਜ਼ੀ ਬੋਲਣ ਵਾਲੀ ਗੀਤਾ ਐਮਰਜੈਂਸੀ ਦੌਰਾਨ ਰੂਪੋਸ਼ ਹੋਣ ਸਮੇਂ ਚੰਡੀਗੜ੍ਹ ਆ ਕੇ ਪੰਜਾਬੀ ਵੀ ਸਿਖਦੀ ਹੈ ਅਤੇ ਦਸਵੀਂ ਦੀ ਪੰਜਾਬੀ ਪਹਿਲੇ ਦਰਜੇ ਵਿੱਚ ਪਾਸ ਕਰਦੀ ਹੈ। ਫਿਰ ਆਂਧਰਾ ਪ੍ਰਦੇਸ਼ ਦੇ ਲੋਕਾਂ ਵਿੱਚ ਕੰਮ ਕਰਨ ਲਈ ਤੇਲਗੂ ਬੋਲਣ ਸਮਝਣ ਵਿੱਚ ਮੁਹਾਰਤ ਹਾਸਲ ਕਰਦੀ ਹੈ। ਉਸ ਨੂੰ ਆਪਣੇ ਸਿਆਸੀ ਗਰੁੱਪ ਦੀ ਕਾਰਗੁਜ਼ਾਰੀ ’ਤੇ ਸ਼ੰਕੇ ਖੜ੍ਹੇ ਹੁੰਦੇ ਹਨ ਤਾਂ ਉਹ ਉਸ ਖ਼ਿਲਾਫ਼ ਵੀ ਬਗ਼ਾਵਤ ਕਰਦੀ ਹੈ, ਪਾਰਟੀ ਛੱਡ ਦਿੰਦੀ ਹੈ। ਹੈਦਰਾਬਾਦ ਵਿੱਚ ਇੱਕ ਸਫਲ ਪ੍ਰਕਾਸ਼ਨ ਘਰ ਸਥਾਪਿਤ ਕਰਦੀ ਹੈ ਪਰ ਸਿਆਸੀ ਕੰਮ ਕਰਨ ਦੀ ਚਿਣਗ ਉਸ ਨੂੰ ਫਿਰ ਖਿੱਚ ਕੇ ਸੰਘਰਸ਼ਮਈ ਜ਼ਿੰਦਗੀ ਵਿੱਚ ਲੈ ਜਾਂਦੀ ਹੈ। ਉਹ ਜਗੀਰੂ ਦਾਬੇ ਦੇ ਸ਼ਿਕਾਰ ਆਂਧਰਾ ਦੇ ਇੱਕ ਅਤਿ ਪਛੜੇ ਇਲਾਕੇ ਇਬਰਾਹੀਮਪਟਨਮ ਵਿੱਚ ਦਲਿਤ ਖੇਤ ਮਜ਼ਦੂਰਾਂ ਵਿੱਚ ਕੰਮ ਕਰਕੇ ਇੱਕ ਦਹਾਕੇ ਵਿੱਚ (1984-93) ਉਨ੍ਹਾਂ ਦੀਆਂ ਜ਼ਿੰਦਗੀਆਂ ਬਦਲ ਦਿੰਦੀ ਹੈ। ਬਗੈਰ ਕਿਸੇ ਪਾਰਟੀ ਢਾਂਚੇ ਦੇ ਉਸ ਇਕੱਲੀ ਵੱਲੋਂ ਜਥੇਬੰਦ ਕੀਤੇ ਕੰਮ ਦੀਆਂ ਪ੍ਰਾਪਤੀਆਂ ਵਰਣਨਯੋਗ ਹਨ – ਇਸ ਦੌਰਾਨ 17 ਹਜ਼ਾਰ ਬੰਧੂਆ ਮਜ਼ਦੂਰਾਂ ਨੂੰ ਮੁਕਤੀ ਦਿਵਾਈ ਗਈ ਅਤੇ ਉਨ੍ਹਾਂ ਦੇ ਕਰਜ਼ ਮੁਆਫ਼ ਕਰਵਾਏ ਗਏ, 14 ਹਜ਼ਾਰ ਏਕੜ ਜ਼ਮੀਨ ਜਾਗੀਰਦਾਰਾਂ ਦੇ ਕਬਜ਼ੇ ਵਿਚੋਂ ਛੁਡਵਾ ਕੇ ਗਰੀਬਾਂ ਨੂੰ ਦਿਵਾਈ ਗਈ, ਔਰਤਾਂ ਦੀ ਮਜ਼ਦੂਰੀ ਜੋ ਅੱਠ ਆਨੇ ਤੋਂ ਲੈ ਕੇ ਦੋ ਰੁਪਏ ਤੱਕ ਸੀ ਵਧਾ ਕੇ 4-5 ਰੁਪਏ ਅਤੇ ਆਦਮੀਆਂ ਦੀ 6-7 ਰੁਪਏ ਤੋਂ 14-15 ਰੁਪਏ ਤੱਕ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ, ਪੱਕੇ ਮਜ਼ਦੂਰਾਂ ਦੀ ਉਜ਼ਰਤ ਢਾਈ ਤੋਂ ਤਿੰਨ ਗੁਣਾ ਵਧਵਾਈ ਗਈ। ਇਸ ਤੋਂ ਇਲਾਵਾ ਹਜ਼ਾਰਾਂ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਇਆ ਗਿਆ ਅਤੇ ਸਭ ਤੋਂ ਵੱਡੀ ਗੱਲ ਉਨ੍ਹਾਂ ਗਰੀਬਾਂ ਵਿੱਚ ਸਵੈਮਾਣ ਅਤੇ ਸਿਆਸੀ ਸਮਝ ਪੈਦਾ ਕੀਤੀ ਗਈ।
ਇਹ ਸਾਰਾ ਕੁਝ ਕਰਨ ਵਾਲੀ ਗੀਤਾ ਰਾਮਾਸਵਾਮੀ ਲਈ ਘਰ ਤੋਂ ਬਾਹਰ ਦੀ ਜ਼ਿੰਦਗੀ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ ਕਿ ਉਹ ਕੌਮੀ ਵਿਗਿਆਨ ਪ੍ਰਤਿਭਾ ਇਮਤਿਹਾਨ (NTSE) ਵਿਚੋਂ ਵਜੀਫ਼ਾ ਲੈ ਕੇ ਉਸਮਾਨੀਆ ਯੂਨੀਵਰਸਿਟੀ ਵਿੱਚ ਸਾਇੰਸ ਪੜ੍ਹਨ ਲੱਗਦੀ ਹੈ। ਉੱਥੇ ਉਹ ਖੱਬੇ ਪੱਖੀ ਵਿਦਿਆਰਥੀਆਂ ਨੂੰ ਮਿਲਦੀ ਹੈ ਜਿਨ੍ਹਾਂ ਰਾਹੀਂ ਉਸ ਦੀ ਇੱਕ ਨਵੇਂ ਸੰਸਾਰ ਅਤੇ ਨਵੇਂ ਸੰਸਾਰ ਦ੍ਰਿਸ਼ਟੀਕੋਣ ਨਾਲ ਜਾਣ ਪਛਾਣ ਹੁੰਦੀ ਹੈ। ਇਹ ਉਸ ਨੂੰ ਖਿੱਚ ਕੇ ਨਕਸਲੀਆਂ ਦੇ ਚੰਦਰ ਪੂਲਾਰੈਡੀ ਗਰੁੱਪ ਨਾਲ ਜੋੜ ਦਿੰਦਾ ਹੈ। ਉਹ ਜੀਅ-ਜਾਨ ਲਾ ਕੇ ਜਥੇਬੰਦੀ ਦਾ ਕੰਮ ਕਰਦੀ ਹੈ, ਉਸ ਦੀ ਊਰਜਾ, ਪ੍ਰਤੀਬੱਧਤਾ ਅਤੇ ਪ੍ਰਤਿਭਾ ਵੇਖ ਕੇ ਉਸ ਨੂੰ ਵੱਡੇ ਕੰਮ ਵੀ ਦਿੱਤੇ ਜਾਂਦੇ ਹਨ। ਜੂਨ 1975 ਵਿੱਚ ਐਮਰਜੈਂਸੀ ਲੱਗ ਜਾਂਦੀ ਹੈ ਤਾਂ ਹੋਰਨਾਂ ਨਾਲ ਉਸ ਨੂੰ ਵੀ ਰੂਪੋਸ਼ ਹੋਣ ਦੀ ਹਦਾਇਤ ਮਿਲਦੀ ਹੈ। ਹੁਣ ਘਰਦਿਆਂ ਨੂੰ ਵੀ ਉਸ ਦੀਆਂ ਗਤੀਵਿਧੀਆਂ ਦਾ ਪਤਾ ਚੱਲ ਜਾਂਦਾ ਹੈ ਅਤੇ ਉਹ ਉਸ ਨਾਲ ਇੱਕ ਚਾਲ ਖੇਡਦੇ ਹਨ। ਉਸ ਨੂੰ ਸੁਨੇਹਾ ਦਿੱਤਾ ਜਾਂਦਾ ਹੈ ਕਿ ਉਸ ਦੀ ਮਾਤਾ ਨੂੰ ਦਿਲ ਦਾ ਦੌਰਾ ਪਿਆ ਹੈ, ਉਹ ਮਿਲਣਾ ਚਾਹੁੰਦੀ ਹੈ। ਜਦ ਗੀਤਾ ਘਰ ਪਹੁੰਚਦੀ ਹੈ ਤਾਂ ਉਸ ਨੂੰ ਕੈਦ ਕਰ ਲਿਆ ਜਾਂਦਾ ਹੈ ਅਤੇ ਮਾਨਸਿਕ ਰੋਗਾਂ ਦੇ ਇੱਕ ‘ਡਾਕਟਰ’ ਕੋਲ ਲਿਜਾਇਆ ਜਾਂਦਾ ਹੈ ਕਿ ਇਸ ਦਾ ਨਕਸਲੀਆਂ ਨੇ ਬਰੇਨਵਾਸ਼ ਕਰ ਦਿੱਤਾ ਹੈ। ਉਹ ਡਾਕਟਰ ਰਾਮਾਰਾਓ ਉਨ੍ਹਾਂ ਨੂੰ ਭਰੋਸਾ ਦਿੰਦਾ ਹੈ ਕਿ ਉਹ ‘ਬਰੇਨਵਾਸ਼’ ਦਾ ਅਸਰ ਖ਼ਤਮ ਕਰ ਦੇਵੇਗਾ ਜਿਸ ਲਈ ਡਾਕਟਰ ਵੱਲੋਂ ਉਸ ਨੂੰ ਬਿਜਲੀ ਦੇ ਝਟਕੇ ਲਗਾਏ ਜਾਂਦੇ ਹਨ। ਵੀਹ ਦਿਨ ਉਸ ਦਾ ਇਹ ਕਥਿਤ ਇਲਾਜ ਚਲਦਾ ਹੈ ਜਿਸ ਦੌਰਾਨ ਵਾਰ ਵਾਰ ਬਿਜਲੀਆਂ ਲਾਉਣ ਨਾਲ ਉਸ ਦੀ ਮਾਨਸਿਕ ਅਤੇ ਸਰੀਰਕ ਸਿਹਤ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ ਜੋ ਬਾਅਦ ਵਿੱਚ ਵੀ ਉਸ ਨੂੰ ਤੰਗ ਕਰਦਾ ਰਿਹਾ। ਖ਼ੈਰ! ਉਹ ਕਿਸੇ ਤਰ੍ਹਾਂ ਆਪਣੇ ਸਾਥੀਆਂ ਨਾਲ ਸੰਪਰਕ ਬਣਾਉਂਦੀ ਹੈ ਜਿਨ੍ਹਾਂ ਦੀ ਸਹਾਇਤਾ ਨਾਲ ਉਹ ਘਰ ਦੀ ਕੈਦ ਵਿੱਚੋਂ ਫਰਾਰ ਹੋ ਜਾਂਦੀ ਹੈ। ਬਾਕੀ ਸਾਰੀ ਜ਼ਿੰਦਗੀ ਉਹ ਦੱਬੇ ਕੁਚਲੇ ਲੋਕਾਂ ਦੇ ਹਾਲਾਤ ਬਦਲਣ ਲਈ ਸੰਘਰਸ਼ ਕਰਨ ਵਿੱਚ ਲਾਉਂਦੀ ਹੈ।
* * *
ਇਹ ਸਵੈ-ਜੀਵਨੀ ਬਹੁਤ ਵੱਖਰੀ ਹੈ, ਦਿਲਚਸਪ ਹੈ, ਜਿਉਣ ਦਾ ਇੱਕ ਬਦਲਵਾਂ ਮਾਡਲ ਸਿਰਜਦੀ ਹੈ, ਦੱਬੇ ਕੁਚਲੇ ਲੋਕਾਂ ਦੇ ਜੀਵਨ ਅਤੇ ਸੰਘਰਸ਼ ਬਾਰੇ ਬਹੁਤ ਜਾਣਕਾਰੀ ਦਿੰਦੀ ਹੈ, ਇਸ ਸਿਸਟਮ ਦੀਆਂ ਪਰਤਾਂ ਨੂੰ ਵਧੀਆ ਢੰਗ ਨਾਲ ਫਰੋਲਦੀ ਹੈ। ਇਸ ਪੁਸਤਕ ਦੀ ਅਸਲ ਮਹੱਤਤਾ ਉਨ੍ਹਾਂ ਸਵਾਲਾਂ ਨੂੰ ਨਜਿੱਠਣ ਵਿੱਚ ਹੈ ਜਿਨ੍ਹਾਂ ਦਾ ਉਸ ਨੂੰ ਆਪਣੇ ਕੰਮ ਦੌਰਾਨ ਸਾਹਮਣਾ ਕਰਨਾ ਪੈਂਦਾ ਹੈ। ਇੱਕ ਵੱਡਾ ਸਵਾਲ ਹੈ: ਕੀ ਸਿਆਸੀ ਸੱਤਾ ਹਾਸਲ ਕਰਨ ਲਈ ਲੜਨਾ ਹੀ ਜ਼ਰੂਰੀ ਹੈ ਜਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਉਨ੍ਹਾਂ ਦਾ ਜੀਵਨ ਬਿਹਤਰ ਬਣਾਉਣਾ ਵੀ ਠੀਕ ਹੈ। ਇਹ ਸਵਾਲ ਉਸ ਦੀ ਜ਼ਿੰਦਗੀ ਵਿੱਚ ਜਲਦੀ ਹੀ ਆ ਜਾਂਦਾ ਹੈ ਜਦ ਐਮਰਜੈਂਸੀ ਹਟਣ ਤੋਂ ਤੁਰੰਤ ਬਾਅਦ ਉਹ ਅਤੇ ਉਸ ਦਾ ਪਤੀ ਸਿਰਿਲ ਰੈਡੀ ਦੋ ਕੁ ਸਾਲ ਲਈ ਗਾਜ਼ੀਆਬਾਦ ਰਹਿੰਦੇ ਹਨ। ਉੱਥੇ ਉਹ ਵਾਲਮੀਕੀਆਂ ਦੀ ਬਸਤੀ ਵਿੱਚ ਜਾ ਕੇ ਪੁੱਛਦੇ ਹਨ ਕਿ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਨ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ‘ਸਾਡੇ ਬੱਚਿਆਂ ਨੂੰ ਅੰਗਰੇਜ਼ੀ ਸਿਖਾ ਦਿਉ।’ ਉਹ ਨਿਰਾਸ਼ ਹੁੰਦੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਜੇ ਉਹ ਸਾਰੇ ਵਾਲਮੀਕੀਆਂ ਦੇ ਬੱਚਿਆਂ ਨੂੰ ਵੀ ਅੰਗਰੇਜ਼ੀ ਸਿਖਾ ਦੇਵੇਗੀ ਤਾਂ ਵੀ ਇਨਕਲਾਬ ਤਾਂ ਨੇੜੇ ਨਹੀਂ ਹੋਵੇਗਾ। ਫਿਰ ਵੀ ਉਹ ਉਨ੍ਹਾਂ ਦੀ ਮੰਗ ਉੱਤੇ ਦੋ ਸਾਲ ਉਨ੍ਹਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣ ਵਿੱਚ ਲਗਾ ਦਿੰਦੀ ਹੈ ਪਰ ਆਪਣੇ ਨਕਸਲੀ ਪਿਛੋਕੜ ਕਾਰਨ ਬਣੇ ਵਿਚਾਰਾਂ ਕਰਕੇ ਆਪਣੇ ਉਸ ਕੰਮ ਵਿੱਚੋਂ ਉਹ ਕੋਈ ਸੰਤੁਸ਼ਟੀ ਨਹੀਂ ਹਾਸਲ ਕਰਦੀ ਅਤੇ ਆਂਧਰਾ ਦੇ ਲੋਕਾਂ ਵਿੱਚ ਕੰਮ ਕਰਨ ਲਈ ਹੈਦਰਾਬਾਦ ਚਲੀ ਜਾਂਦੀ ਹੈ। ਇਸ ਕੰਮ, ਭਾਵ ਬੱਚਿਆਂ ਦੇ ਅੰਗਰੇਜ਼ੀ ਪੜ੍ਹਨ, ਦੀ ਉਨ੍ਹਾਂ ਲੋਕਾਂ ਲਈ ਕੀ ਮਹੱਤਤਾ ਸੀ, ਇਸਦਾ ਅਹਿਸਾਸ ਉਸ ਨੂੰ ਕੁਝ ਸਾਲ ਬਾਅਦ ਹੁੰਦਾ ਹੈ।
ਹੈਦਰਾਬਾਦ ਨੇੜਲੇ ਇਲਾਕੇ ਇਬਰਾਹੀਮਪਟਨਮ ਦੇ ਦਲਿਤਾਂ ਵਿੱਚ ਕੰਮ ਦੌਰਾਨ ਇਹ ਸਵਾਲ ਹੋਰ ਜ਼ੋਰਦਾਰ ਅਤੇ ਠੋਸ ਰੂਪ ਵਿੱਚ ਉਸ ਦੇ ਸਾਹਮਣੇ ਆਉਂਦਾ ਹੈ ਜਦ ਨਕਸਲੀ ਆਗੂ ਲੋਕਾਂ ਦੇ ਮਸਲਿਆਂ ਬਾਰੇ ਬੋਲਣ ਸਮੇਂ ਇੱਥੋਂ ਸ਼ੁਰੂ ਕਰਦੇ ਸਨ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਾਨੂੰ ਤਿੰਨ ਪਹਾੜਾਂ ਨੂੰ ਨਸ਼ਟ ਕਰਨਾ ਹੋਵੇਗਾ- ਸਾਮਰਾਜਵਾਦ, ਜਾਗੀਰਦਾਰੀ ਅਤੇ ਦਲਾਲ ਸਰਮਾਏਦਾਰੀ; ਜਦੋਂਕਿ ਅੰਬੇਡਕਰਵਾਦੀ ਉਨ੍ਹਾਂ ਦੀਆਂ ਰੋਜ਼ਾਨਾ ਸਮੱਸਿਆਵਾਂ ਬਾਰੇ ਗੱਲ ਕਰਦੇ ਅਤੇ ਉਨ੍ਹਾਂ ਦੇ ਹੱਲ ਲਈ ਕੰਮ ਕਰਦੇ ਸਨ। ਉਸ ਦੀ ਆਪਣੀ ਟ੍ਰੇਨਿੰਗ ਇਨਕਲਾਬੀ ਸਿਆਸਤ ਵਿੱਚ ਹੋਈ ਹੋਣ ਕਰਕੇ ਇਨਕਲਾਬੀ ਸੰਘਰਸ਼ ਖੜ੍ਹੇ ਕਰਨ ਵਾਲਾ ਕੰਮ ਹੀ ਉਸ ਨੂੰ ਚੰਗਾ ਲੱਗਦਾ ਸੀ ਪਰ ਆਪਣੇ ਅਮਲੀ ਅਨੁਭਵ ਵਿੱਚੋਂ ਉਸ ਨੂੰ ਸਪਸ਼ਟ ਹੋਇਆ ਕਿ ਇਨਕਲਾਬੀ ਸੰਘਰਸ਼ ਅਤੇ ਸੁਧਾਰਕ ਕੰਮਾਂ ਵਿੱਚ ਦੁਫੇੜ ਗਲਤ ਲੀਹ ਹੈ। ਇਸ ਦੌਰਾਨ ਉਸ ਨੂੰ ਆਪਣੇ ਗਾਜ਼ੀਆਬਾਦ ਵਿੱਚ ਕੀਤੇ ਕੰਮ ਦੀ ਮਹੱਤਤਾ ਦਾ ਵੀ ਅਹਿਸਾਸ ਹੁੰਦਾ ਹੈ ਜਦ ਉਹ ਆਪਣੇ ਇੱਕ ਦਿੱਲੀ ਫੇਰੇ ਦੌਰਾਨ ਮੁੜ ਉਸ ਬਾਲਮੀਕੀ ਬਸਤੀ ਵਿੱਚ ਜਾਂਦੀ ਹੈ ਤਾਂ ਉੱਥੋਂ ਦਾ ਇੱਕ ਵਸਨੀਕ ਉਸ ਦਾ ਬੜਾ ਸਤਿਕਾਰ ਕਰਦਾ ਹੋਇਆ ਦੱਸਦਾ ਹੈ ਕਿ ਉਸ ਵੱਲੋਂ ਕਰਵਾਈ ਪੜ੍ਹਾਈ ਨੇ ਤਾਂ ਉਸ ਦੇ ਭਰਾ ਅਤੇ ਹੋਰ ਅਨੇਕਾਂ ਬੱਚਿਆਂ ਦੀਆਂ ਜ਼ਿੰਦਗੀਆਂ ਹੀ ਬਦਲ ਦਿੱਤੀਆਂ ਜੋ ਹੁਣ ਪਖਾਨੇ ਸਾਫ਼ ਕਰਨ ਦੀ ਬਜਾਏ ਚੰਗੇ ਸਨਮਾਨਜਨਕ ਕੰਮਾਂ ਉੱਤੇ ਲੱਗੇ ਹੋਏ ਹਨ। ਉਹ ਅੰਬੇਦਕਰ ਨੂੰ ਵੀ ਪੜ੍ਹਦੀ ਹੈ, ਅੰਬੇਦਕਰੀ ਵਿਚਾਰਧਾਰਾ ਨਾਲ ਜੁੜੇ ਲੋਕਾਂ ਦੇ ਕੰਮ ਨੂੰ ਵਾਚਦੀ ਹੈ। ਪੁਸਤਕ ਵਿੱਚ ਉਹ ਇਨਕਲਾਬੀ ਧਿਰਾਂ ਵੱਲੋਂ ਵਿਕਾਸਮਈ ਕੰਮਾਂ ਨੂੰ ਰੱਦ ਕਰਨ ਅਤੇ ਅੰਬੇਦਕਰੀ ਧਿਰਾਂ ਵੱਲੋਂ ਇਸ ਸਿਸਟਮ ਦੇ ਦਾਇਰੇ ਵਿੱਚ ਹੀ ਰਹਿ ਕੇ ਕੰਮ ਕਰਨ, ਦੋਵਾਂ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਬਾਰੇ ਭਾਵਪੂਰਤ ਵਿਸ਼ਲੇਸ਼ਣ ਕਰਦੀ ਹੈ।
ਇੱਕ ਹੋਰ ਵੱਡਾ ਮਸਲਾ ਕਮਿਊਨਿਸਟ ਪਾਰਟੀਆਂ /ਗਰੁੱਪਾਂ ਵਿੱਚ ਵੱਖਰੇ ਵਿਚਾਰ ਰੱਖਣ ਦੀ ਆਜ਼ਾਦੀ ਨਾ ਹੋਣਾ ਹੈ। ਆਗੂ ਚਾਹੁੰਦੇ ਹਨ ਕਿ ਪਾਰਟੀ ਕਾਡਰ ਉਨ੍ਹਾਂ ਦਾ ਕਿਹਾ ਅੱਖਾਂ ਮੀਟ ਕੇ ਮੰਨੇ, ਵੱਖਰੇ ਵਿਚਾਰਾਂ ਨੂੰ ਕੋਈ ਮਾਨਤਾ ਨਹੀਂ, ਕਿੰਤੂ ਪ੍ਰੰਤੂ ਕਰਨ ਵਾਲਿਆਂ ਨੂੰ ਖੂੰਜੇ ਲਾ ਦਿੱਤਾ ਜਾਂਦਾ ਹੈ। ਇਸ ਤੋਂ ਦੁਖੀ ਹੋ ਕੇ ਉਹ ਕਮਿਊਨਿਸਟ ਪਾਰਟੀਆਂ ਵਿੱਚ ਫ਼ੈਸਲੇ ਲੈਣ ਲਈ ਵਰਤੇ ਜਾਂਦੇ ਢੰਗ ਜਮਹੂਰੀ ਕੇਂਦਰੀਵਾਦ ਬਾਰੇ ਲਿਖਦੀ ਹੈ, “ਜਮਹੂਰੀ ਕੇਂਦਰਵਾਦ ਇਕੋ ਇੱਕ ਅਜਿਹਾ ਹਥਿਆਰ ਸੀ ਜਿਸ ਨਾਲ ਖੱਬਿਆਂ ਨੇ ਬਹਿਸ ਵਿਚਾਰ ਨੂੰ ਖ਼ਤਮ ਕਰਕੇ ਆਪਣੇ ਆਪ ਨੂੰ ਨਸ਼ਟ ਕਰ ਲਿਆ।” ਉਹ ਹੋਰ ਲਿਖਦੀ ਹੈ- “ਇਨ੍ਹਾਂ (ਕਮਿਊਨਿਸਟਾਂ) ਦੀ ਇੱਕ ਬੁਨਿਆਦੀ ਸਮੱਸਿਆ ਪਰਦਰਸ਼ਤਾ ਦੀ ਘਾਟ ਹੈ। ਉਹ ਕਦੇ ਵੀ ਆਪਣੀ ਗਲਤੀ ਨਹੀਂ ਮੰਨਣਗੇ, ਉਹ ਲੋਕਾਂ ਵਿੱਚ ਖੁੱਲ੍ਹੀ ਬਹਿਸ ਲਈ ਨਹੀਂ ਜਾਣਗੇ। ਲੋਕ ਅਜਿਹੀਆਂ ਪਾਰਟੀਆਂ ਤੋਂ ਅੱਕੇ ਹੋਏ ਸਨ ਜੋ ਲੋਕਾਂ ਨੂੰ ਤਾਂ ਲਗਾਤਾਰ ਇੱਕ ਹੋ ਜਾਣ ਲਈ ਕਹਿੰਦੀਆਂ ਰਹਿੰਦੀਆਂ ਹਨ ਪਰ ਖ਼ੁਦ ਅਨੇਕਾਂ ਧੜਿਆਂ ਵਿੱਚ ਵੰਡੀਆਂ ਜਾਂਦੀਆਂ ਹਨ। ਇਨ੍ਹਾਂ ਸਾਰੀਆਂ ਦੇ ਉਦੇਸ਼ ਅਤੇ ਮੈਨੀਫੈਸਟੋ ਇਕੋ ਜਿਹੇ ਹੁੰਦੇ ਹਨ ਪਰ ਆਪਣੀਆਂ ਜਨਤਕ ਜਥੇਬੰਦੀਆਂ ਨੂੰ ਵੀ ਕਿਸੇ ਸਾਂਝੇ ਮੁੱਦੇ ਉੱਤੇ ਇਕੱਠੀਆਂ ਨਹੀਂ ਹੋਣ ਦਿੰਦੀਆਂ।” ਉਸ ਦਾ ਪਾਰਟੀ ਨਾਲੋਂ ਆਪਣਾ ਤੋੜ ਵਿਛੋੜਾ ਵੀ ਅਜਿਹਾ ਕੁਝ ਵੇਖ ਕੇ ਹੋਇਆ ਜਦ ਐਮਰਜੈਂਸੀ ਦੌਰਾਨ ਆਪਣੇ ਆਗੂ ਚੰਦਰਪੁੱਲਾ ਰੈਡੀ ਨਾਲ ਇੱਕੋ ਮਕਾਨ ਵਿੱਚ ਰਹਿੰਦਿਆਂ ਉਸ ਦੀ ਕਾਰਜ-ਸ਼ੈਲੀ ਉੱਤੇ ਇਤਰਾਜ਼ ਕੀਤੇ ਤਾਂ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ।
ਇਸੇ ਤਰ੍ਹਾਂ ਆਪਣੇ ਤਜ਼ਰਬੇ ਵਿੱਚੋਂ ਉਹ ਜਾਤ ਅਤੇ ਜਮਾਤ ਦੇ ਆਧਾਰ ਉੱਤੇ ਪੈਂਦੀ ਸਾਂਝ ਦਾ ਵੀ ਠੋਸ ਆਧਾਰ ਉੱਤੇ ਮੁਲਾਂਕਣ ਕਰਦੀ ਹੈ। ਉਸ ਵੇਖਿਆ ਕਿ ਆਪਣੀ ਜਾਤ ਦੇ ਲੋਕਾਂ ਦੀ ਮਦਦ ਉੱਤੇ ਆਉਣਾ ਇੱਕ ਸੁਭਾਵਿਕ ਵਰਤਾਰਾ ਸੀ ਜਦੋਂਕਿ ਆਰਥਿਕ ਜਮਾਤ ਦੇ ਆਧਾਰ ’ਤੇ ਇਕਮੁੱਠਤਾ ਕਾਇਮ ਕਰਨ ਲਈ ਬਹੁਤ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਸਨ।
ਇਸ ਵਿੱਚੋਂ ਉਸ ਨੂੰ ਲੱਗਦਾ ਹੈ ਕਿ ਜਮਾਤ ਅਤੇ ਆਰਥਿਕ ਮੁੱਦਿਆਂ ਦੀ ਆੜ ਵਿੱਚ ਕਮਿਊਨਿਸਟਾਂ ਦਾ ਜਾਤ ਦੇ ਮਸਲਿਆਂ ਨੂੰ ਅਣਗੌਲਿਆਂ ਕਰਨਾ ਠੀਕ ਰਾਹ ਨਹੀਂ ਹੈ। ਉਨ੍ਹਾਂ ਨੂੰ ਅੰਬੇਦਕਰਵਾਦ ਦੀ ਮਹੱਤਤਾ ਵੀ ਸਮਝਣੀ ਚਾਹੀਦੀ ਹੈ।
ਇਸ ਪੁਸਤਕ ਦੀ ਵਧਵੀਂ ਮਹੱਤਤਾ ਇਸ ਗੱਲ ਵਿੱਚ ਹੈ ਕਿ ਉਹ ਜੋ ਵੀ ਵਿਸ਼ਲੇਸ਼ਣ ਕਰਦੀ ਅਤੇ ਵਿਚਾਰ ਦਿੰਦੀ ਹੈ ਉਹ ਕਿਸੇ ਅਕਾਦਮਿਕ ਬੁੱਧੀਜੀਵੀ ਦੇ ਕੇਵਲ ਕਿਤਾਬਾਂ ਪੜ੍ਹ ਕੇ ਹਾਸਲ ਕੀਤੇ ਗਿਆਨ ਉੱਤੇ ਆਧਾਰਿਤ ਨਹੀਂ ਸਗੋਂ ਲੋਕਾਂ ਵਿੱਚ ਪੂਰੀ ਤਰ੍ਹਾਂ ਖੁੱਭ ਕੇ ਕੀਤੇ ਕੰਮ ਦੇ ਤਜਰਬੇ ਵਿਚੋਂ ਨਿਕਲੇ ਹਨ। ਉਸ ਨੇ ਅਤਿ ਗ਼ਰੀਬ ਲੋਕਾਂ ਦੀ ਜ਼ਿੰਦਗੀ ਖ਼ੁਦ ਜਿਉਂ ਕੇ ਵੇਖੀ, ਆਪਣੇ ਖਿਲਾਫ਼ ਹੋਏ ਭੰਡੀ ਪ੍ਰਚਾਰ ਤੋਂ ਲੈ ਕੇ ਜਾਨ ਉੱਤੇ ਹੋਏ ਕਾਤਲਾਨਾ ਹਮਲਿਆਂ ਨੂੰ ਝੱਲਿਆ, ਜਾਗੀਰਦਾਰਾਂ ਅਤੇ ਸਰਕਾਰੀ ਤੰਤਰ ਦੇ ਦਾਬੇ ਅਤੇ ਜ਼ੁਲਮਾਂ ਨੂੰ ਪੀੜਤ ਧਿਰ ਵਾਲੇ ਪਾਸੇ ਤੋਂ ਅਨੁਭਵ ਕੀਤਾ, ਲੋਕਾਂ ਦੇ ਸੰਘਰਸ਼ਾਂ ਨੂੰ ਸੇਧ ਦਿੱਤੀ। ਸਮਾਜਿਕ ਜਾਂ ਰਾਜਨੀਤਕ ਕਾਰਕੁੰਨ ਗੀਤਾ ਰਾਮਾਸਵਾਮੀ ਦੇ ਜੀਵਨ ਅਨੁਭਵਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ।
ਸੰਪਰਕ: 98767-10809