ਸੁਰਜੀਤ ਪਾਤਰ
ਇਹ ਬਾਤ ਨਿਰੀ ਏਨੀ ਹੀ ਨਹੀਂ, ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ
ਇਹ ਪਿੰਡ ਦੇ ਵਸਦੇ ਰਹਿਣ ਦਾ ਏ, ਜਿਹਨੂੰ ਤੌਖ਼ਲਾ ਉੱਜੜ ਜਾਣ ਦਾ ਏ
ਉਂਜ ਤਾਂ ਇਹ ਚਿਰਾਂ ਦਾ ਉੱਜੜ ਰਿਹਾ, ਕੋਈ ਅੱਜ ਨਈਂ ਉਜੜਨ ਲੱਗਿਆ ਏ
ਇਹਨੂੰ ਗੈਰਾਂ ਨੇ ਵੀ ਲੁੱਟਿਆ ਏ ਤੇ ਆਪਣਿਆਂ ਵੀ ਠੱਗਿਆ ਏ
ਇਹਦਾ ਮਨ ਪਿੰਡੇ ਤੋਂ ਵੱਧ ਜ਼ਖ਼ਮੀ, ਦੁੱਖ ਰੂਹ ਤੋਂ ਵਿੱਛੜ ਜਾਣ ਦਾ ਏ
ਇਹ ਬਾਤ ਨਿਰੀ ਏਨੀ ਹੀ ਨਹੀਂ…
ਇਹ ਗੱਲ ਨਿਰੀ ਖੇਤਾਂ ਦੀ ਨਹੀਂ, ਇਹ ਗੱਲ ਤਾਂ ਸਫ਼ਿਆਂ ਦੀ ਵੀ ਹੈ
ਅੱਖਰ ਨੇ ਜਿਨ੍ਹਾਂ ਤੇ ਬੀਜਾਂ ਜਿਹੇ, ਉਹਨਾਂ ਸੱਚ ਦੇ ਫ਼ਲਸਫ਼ਿਆਂ ਦੀ ਵੀ ਹੈ
ਮੈਨੂੰ ਫ਼ਿਕਰ ਲਾਲੋ ਦੇ ਕੋਧਰੇ ਦਾ, ਤੈਨੂੰ ਭਾਗੋ ਦੇ ਪਕਵਾਨ ਦਾ ਏ
ਇਹ ਬਾਤ ਨਿਰੀ ਏਨੀ ਹੀ ਨਹੀਂ…
ਆਖੀ ਸੀ ਕਦੇ ਇਕ ਪੁਰਖੇ ਨੇ, ਉਹ ਬਾਤ ਅਜੇ ਤੱਕ ਹੈ ਸੱਜਰੀ
ਨਹੀਂ ਕੰਮ ਥਕਾਉਂਦਾ ਬੰਦੇ ਨੂੰ, ਬੰਦੇ ਨੂੰ ਥਕਾਉਂਦੀ ਬੇਕਦਰੀ
ਇਹ ਦੁੱਖ ਓਸੇ ਬੇਕਦਰੀ ਦਾ, ਇਹ ਸੱਲ ਓਸੇ ਅਪਮਾਨ ਦਾ ਏ
ਇਹ ਬਾਤ ਨਿਰੀ ਏਨੀ ਹੀ ਨਹੀਂ…
ਖੂਹ ਵਗਦੇ ਵਗਦੇ ਛਪਨ ਹੋਏ, ਹੁਣ ਬਾਤ ਨੇ ਸਦੀਆਂ ਗਈਆਂ ਦੀ
ਮੈਂ ਜਾਣਦਾਂ ਯੁੱਗ ਬਦਲਦੇ ਨੇ, ਤਿੱਖੀ ਰਫ਼ਤਾਰ ਹੈ ਪਹੀਆਂ ਦੀ
ਬੰਦੇ ਨੂੰ ਮਿੱਧ ਕੇ ਨਾ ਲੰਘ ਜਾਵਣ, ਇਹ ਫ਼ਰਜ਼ ਵੀ ਨੀਤੀਵਾਨ ਦਾ ਏ
ਇਹ ਬਾਤ ਨਿਰੀ ਏਨੀ ਹੀ ਨਹੀਂ…
ਤੇਰੇ ਵੱਡੇ ਵਸਣ ਘਰਾਣੇ ਵੀ, ਸਾਡੇ ਰਹਿਣ ਦੇ ਨਿੱਕੇ ਘਰ ਵਸਦੇ
ਸਭ ਚੁੱਲ੍ਹਿਆਂ ਵਿਚ ਅੱਗ ਬਲ਼ਦੀ ਰਵ੍ਹੇ, ਸਭ ਧੀਆਂ ਪੁੱਤ ਵਸਦੇ ਰਸਦੇ
ਇਹ ਗੱਲ ਸਭਨਾਂ ਦੇ ਵਸਣ ਦੀ ਹੈ, ਇਹ ਜਸ਼ਨ ਤਾਂ ਵੰਡ ਕੇ ਖਾਣ ਦਾ ਏ
ਇਹ ਬਾਤ ਨਿਰੀ ਏਨੀ ਹੀ ਨਹੀਂ…
ਕਿਉਂ ਧੀ ਕਿਸੇ ਕਿਰਤੀ ਕੰਮੀ ਦੀ, ਉਹਨਾਂ ਦੀ ਖ਼ਾਤਰ ਧੀ ਹੀ ਨਹੀਂ
ਜੋ ਪੁੱਤ ਨੇ ਡਾਢਿਆਂ ਦੇ ਜਾਏ, ਉਹਨਾਂ ਦੀ ਕਿਤੇ ਪੇਸ਼ੀ ਹੀ ਨਹੀਂ
ਤੂੰ ਡਰ ਉਹਨਾਂ ਦੀ ਅਦਾਲਤ ਤੋਂ, ਜਿੱਥੇ ਹੋਣਾ ਅਦਲ ਈਮਾਨ ਦਾ ਏ
ਇਹ ਬਾਤ ਨਿਰੀ ਏਨੀ ਹੀ ਨਹੀਂ…
ਤੇਰੇ ਨਾਲ ਅਮੀਰ ਵਜ਼ੀਰ ਖੜੇ, ਮੇਰੇ ਨਾਲ ਪੈਗੰਬਰ ਪੀਰ ਖੜੇ
ਰਵਿਦਾਸ, ਫ਼ਰੀਦ, ਕਬੀਰ ਖੜੇ, ਮੇਰੇ ਨਾਨਕ ਸ਼ਾਹ ਫ਼ਕੀਰ ਖੜੇ
ਮੇਰਾ ਨਾਮਦੇਵ, ਮੇਰਾ ਧੰਨਾ ਵੀ, ਮੈਨੂੰ ਮਾਣ ਅਪਣੀ ਇਸ ਸ਼ਾਨ ਦਾ ਏ
ਇਹ ਬਾਤ ਨਿਰੀ ਏਨੀ ਹੀ ਨਹੀਂ…
ਇਹ ਬਾਤ ਨਿਰੀ ਏਨੀ ਹੀ ਨਹੀਂ, ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ
ਇਹ ਬਾਤ ਹੈ ਵਸਦੀ ਦੁਨੀਆ ਦੀ, ਜਿਹਨੂੰ ਤੌਖ਼ਲਾ ਉੱਜੜ ਜਾਣ ਦਾ ਏ।
ਸੰਪਰਕ: 98145-04272
ਸੁਲੇਖ: ਜਤਿੰਦਰ ਸਿੰਘ