ਰੌਚਕ ਅਤੇ ਜਾਣਕਾਰੀ ਭਰਿਆ ਸਫ਼ਰਨਾਮਾ : The Tribune India

ਪੁਸਤਕ ਚਰਚਾ

ਰੌਚਕ ਅਤੇ ਜਾਣਕਾਰੀ ਭਰਿਆ ਸਫ਼ਰਨਾਮਾ

ਰੌਚਕ ਅਤੇ ਜਾਣਕਾਰੀ ਭਰਿਆ ਸਫ਼ਰਨਾਮਾ

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ

ਮਨਮੋਹਨ ਸਿੰਘ ਢਿੱਲੋਂ ਨੇ ਆਪਣੇ ਅਨੁਭਵ ਪਾਠਕਾਂ ਨਾਲ ਸਾਂਝੇ ਕਰਨ ਲਈ ਸਫ਼ਰਨਾਮਾ ‘ਬੰਦੇ ਦੀ ਵੁੱਕਤ ਐ ਜਿੱਥੇ’ ਲਿਖਿਆ ਹੈ। ਇਹ ਸਫ਼ਰਨਾਮਾ ਪੜ੍ਹ ਕੇ ਪਤਾ ਲੱਗਦਾ ਹੈ ਕਿ ਕੁਝ ਸਦੀਆਂ ਪਹਿਲਾਂ ਇਹ ਬੇਆਬਾਦ ਧਰਤੀ ਸੀ ਜਿੱਥੇ ਬਹੁਤ ਪਛੜੇ ਕਿਸਮ ਦੇ ਲੋਕ ਰਹਿ ਰਹੇ ਸਨ। ਫਿਰ ਅੰਗਰੇਜ਼ ਵਪਾਰੀਆਂ ਨੇ ਇਸ ਨੂੰ ਆਪਣੀ ਬਸਤੀ ਵਜੋਂ ਵਿਕਸਿਤ ਕੀਤਾ। ਇੰਗਲੈਂਡ ਵਾਸੀ ਘੁਮੱਕੜ ਕੈਪਟਨ ਜੇਮਜ਼ ਕੁੱਕ ਨੇ 1788 ਵਿਚ ਆਸਟਰੇਲੀਆ ਨੂੰ ਦੁਨੀਆਂ ਸਾਹਮਣੇ ਲਿਆਂਦਾ। ਉਹ ਨਿਰਾ ਘੁਮੱਕੜ ਹੀ ਨਹੀਂ ਸਗੋਂ ਫ਼ੌਜੀ ਜਰਨੈਲ ਵੀ ਸੀ। ਉਹ 1400 ਜੰਗੀ ਕੈਦੀਆਂ ਨੂੰ ਨਾਲ ਲੈ ਕੇ ਆਇਆ ਅਤੇ ਇੱਥੇ ਕਬਜ਼ਾ ਕਰ ਲਿਆ। ਉਹ ਇੱਥੋਂ ਦੇ ਮੂਲ ਵਾਸੀਆਂ ਨੂੰ ਗੋਲੇ ਬਾਰੂਦ ਦੇ ਜ਼ੋਰ ਨਾਲ ਲਗਾਤਾਰ ਜੰਗਲਾਂ ਵੱਲ ਧੱਕਦੇ ਰਹੇ ਜਿਸ ਕਾਰਨ ਉਨ੍ਹਾਂ ਦਾ ਜੀਵਨ ਲਗਾਤਾਰ ਸੁੰਗੜਦਾ ਰਿਹਾ। ਅੱਜ ਉੱਥੋਂ ਦੇ ਮੂਲ ਵਾਸੀ ਬਹੁਤ ਪੱਛੜੀ ਜ਼ਿੰਦਗੀ ਜਿਊਂ ਰਹੇ ਹਨ।

ਮੁਫ਼ਤ ਦੇ ਪੈਸਿਆਂ ਨਾਲ ਇਹ ਲੋਕ ਨਸ਼ੱਈ ਅਤੇ ਨਿਕੰਮੇ ਬਣ ਗਏ ਹਨ।

ਇੱਥੋਂ ਦੇ ਖੁਸ਼ਗਵਾਰ ਮੌਸਮ ਅਤੇ ਕੁਦਰਤੀ ਅਮੀਰੀ ਕਾਰਨ ਇੰਗਲੈਂਡ ਦੇ ਲੋਕ ਇੱਥੇ ਆ ਕੇ ਵੱਸਣ ਲੱਗੇ। 1850 ਵਿਚ ਸੋਨੇ ਦੀਆਂ ਖਾਣਾਂ ਮਿਲਣ ਕਰਕੇ ਯੂਰਪੀਅਨ ਲੋਕਾਂ ਦੀ ਆਸਟਰੇਲੀਆ ਵੱਲ ਖਿੱਚ ਹੋਰ ਵੀ ਵਧ ਗਈ। 1920 ਤੱਕ ਇੱਥੋਂ ਸੋਨਾ ਨਿਕਲਦਾ ਰਿਹਾ। ਲੇਖਕ ਨੇ ਵਲਹੱਲ੍ਹਾ ਅਤੇ ਬਾਲਾਰੈਟ ਦੀਆਂ ਖਾਣਾਂ ਬਾਰੇ ਵਿਸਥਾਰ ਵਿਚ ਲਿਖਿਆ ਹੈ। ਸੋਨਾ ਲੱਭਣ, ਕੱਢਣ ਅਤੇ ਮੁੱਕਣ ਤੱਕ ਦੀ ਕਹਾਣੀ ਬਿਆਨ ਕੀਤੀ ਹੈ। ਜਿੱਥੋਂ ਪਹਿਲਾਂ ਲੋਕ ਸੋਨਾ ਕੱਢਦੇ ਰਹੇ ਬਾਅਦ ’ਚ ਸਰਕਾਰਾਂ ਨੇ ਉਨ੍ਹਾਂ ਵੀਰਾਨ ਥਾਵਾਂ ਨੂੰ ਸੈਰ-ਸਪਾਟੇ ਦੀਆਂ ਥਾਵਾਂ ਵਜੋਂ ਵਿਕਸਿਤ ਕਰ ਲਿਆ। 1960 ਤੱਕ ਇਸ ਮੁਲਕ ਵਿਚ ਸਿਰਫ਼ ਗੋਰੀ ਚਮੜੀ ਵਾਲੇ ਲੋਕ ਹੀ ਰਹਿੰਦੇ ਸਨ, ਪਰ ਹੁਣ ਇੱਥੇ ਦੋ ਸੌ ਤੋਂ ਵੱਧ ਦੇਸ਼ਾਂ ਦੇ ਲੋਕ ਵੱਸਦੇ ਹਨ। ਇਸ ਸਫ਼ਰਨਾਮੇ ਵਿਚ ਉੱਥੋਂ ਦੇ ਚੰਗੇ ਪ੍ਰਬੰਧ ਦੀ ਗੱਲ ਵੀ ਕੀਤੀ ਗਈ ਹੈ।

ਤੁਲਨਾਤਮਕ ਪਰਿਪੇਖ: ਆਸਟਰੇਲੀਆ ਸਰਕਾਰ ਅਤੇ ਉੱਥੋਂ ਦੇ ਭਾਈਚਾਰੇ ਦੇ ਆਮ ਨਾਗਰਿਕਾਂ ਲਈ ਕੀਤੇ ਕੰਮਾਂ ਦਾ ਵੇਰਵਾ ਦਿੰਦਿਆਂ ਬਾਕੀ ਲੇਖਕਾਂ ਵਾਂਗ ਮਨਮੋਹਨ ਸਿੰਘ ਢਿੱਲੋਂ ਵੀ ਆਪਣੇ ਦੇਸ਼ ਵਾਸੀਆਂ ਦੇ ਸੁਭਾਅ ਅਤੇ ਖ਼ਾਸਕਰ ਇੱਥੋਂ ਦੇ ਲੀਡਰਾਂ ਅਤੇ ਸਰਕਾਰਾਂ ’ਤੇ ਟੋਣੇ ਲਗਾਉਣੋਂ ਬਾਜ਼ ਨਹੀਂ ਆਉਂਦਾ। ਇਸੇ ਤਰ੍ਹਾਂ ਪਾਣੀ ਦੀ ਸੰਭਾਲ, ਸੰਸਦ ਦੀ ਸੁਰੱਖਿਆ, ਪਲਾਸਟਿਕ ਦੇ ਲਿਫ਼ਾਫ਼ਿਆਂ ’ਤੇ ਪਾਬੰਦੀ ਸਬੰਧੀ ਅਤੇ ਹੋਰ ਕਈ ਪੱਖਾਂ ’ਤੇ ਗੱਲਬਾਤ ਕਰਦਿਆਂ ਲੇਖਕ ਆਸਟਰੇਲੀਆ ਸਰਕਾਰ ਦੀ ਪ੍ਰਸ਼ੰਸਾ ਕਰਦਾ ਹੈ ਅਤੇ ਆਪਣੇ ਦੇਸ਼ ਦੇ ਮਾੜੇ ਪੱਖ ਨੂੰ ਉਘਾੜ ਕੇ ਪੇਸ਼ ਕਰਦਾ ਹੈ। ਇਹ ਤੁਲਨਾਤਮਿਕ ਪਰਿਪੇਖ ਸਫ਼ਰਨਾਮੇ ਨੂੰ ਹੋਰ ਰੌਚਕ ਬਣਾ ਦਿੰਦਾ ਹੈ ਅਤੇ ਪਾਠਕਾਂ ਨੂੰ ਆਪਣੇ ਦੇਸ਼ ਵਿਚ ਹੋਣ ਵਾਲੇ ਸੁਧਾਰਾਂ ਸਬੰਧੀ ਸੁਚੇਤ ਕਰਦਾ ਹੈ ਤਾਂ ਜੋ ਇੱਥੇ ਵੀ ਬੰਦੇ ਵੀ ਵੁੱਕਤ ਪੈ ਸਕੇ।

ਵਿਸ਼ੇਸ਼ ਧਿਆਨ ਦੇ ਵਿਸ਼ੇ: ਆਸਟਰੇਲੀਆ ਦੇ ਮੂਲ ਨਿਵਾਸੀ ਅਤੇ ਉੱਥੇ ਕਿਸੇ ਸਮੇਂ ਰਹੀਆਂ ਸੋਨੇ ਦੀਆਂ ਖਾਣਾਂ ਤੋਂ ਬਿਨਾਂ ਦੋ ਹੋਰ ਵਿਸ਼ੇ ਹਨ ਜਿਨ੍ਹਾਂ ਵੱਲ ਲੇਖਕ ਦਾ ਵਿਸ਼ੇਸ਼ ਧਿਆਨ ਗਿਆ। ਇਕ ਇਹ ਕਿ ਇੱਥੇ ਜੰਗਲ ਬਹੁਤ ਹਨ। ਤੁਸੀਂ ਆਪਣੀ ਮਰਜ਼ੀ ਨਾਲ ਰੁੱਖ ਨਹੀਂ ਕੱਟ ਸਕਦੇ। ਆਸਟਰੇਲੀਆ ਵਿਚ ਵਿਸ਼ਾਲ ਜੰਗਲਾਂ ਨੂੰ ਅਕਸਰ ਅੱਗ ਵੀ ਲੱਗ ਜਾਂਦੀ ਹੈ ਜਿਸ ਨੂੰ ਬੁਝਾਉਣ ਲਈ ਸਰਕਾਰ ਨੇ ਵਿਸ਼ੇਸ਼ ਪ੍ਰਬੰਧ ਕਰ ਰੱਖੇ ਹਨ।

ਜੰਗਲਾਂ ਅਤੇ ਨਦੀਆਂ ਕਰਕੇ ਹੀ ਇਹ ਲੋਕ ਕੁਦਰਤ ਦੇ ਨੇੜੇ ਰਹਿ ਕੇ ਜਿਊਂਦੇ ਹਨ। ਦੂਸਰਾ ਪੱਖ ਇਹ ਕਿ ਇੱਥੇ ਵੱਖ-ਵੱਖ ਕਿਸਮ ਦੀ ਸ਼ਰਾਬ ਆਮ ਹੀ ਬਣਦੀ ਅਤੇ ਵਿਕਦੀ ਹੈ ਜਿਸ ਦਾ ਮੁੱਖ ਕਾਰਨ ਇਹ ਹੈ ਕਿ ਸ਼ਰਾਬ ਉਨ੍ਹਾਂ ਦੇ ਖਾਣ-ਪੀਣ ਦਾ ਅਹਿਮ ਅੰਗ ਹੈ। ਉਨ੍ਹਾਂ ਦੇ ਪਾਰਕਾਂ ਵਿਚ ਵੀ ਮਾਸ ਪਕਾਉਣ ਦੇ ਸੰਦ (ਬਾਰ-ਬੀ-ਕਿਊ) ਹੁੰਦੇ ਹਨ ਅਤੇ ਲੋਕ ਸਫ਼ਰ ਦੌਰਾਨ ਵੀ ਥੋੜ੍ਹੀ ਬਹੁਤ ਸ਼ਰਾਬ ਪੀ ਰੱਖਦੇ ਹਨ, ਪਰ ਉਹ ਖਰਮਸਤੀ ਬਿਲਕੁਲ ਨਹੀਂ ਕਰਦੇ। ਇਸ ਸਫ਼ਰਨਾਮੇ ਵਿਚ ਇਕ ਪੱਤਰਕਾਰ ਦੀ ਅੱਖ ਵੱਲੋਂ ਵੇਖਿਆ ਆਸਟਰੇਲੀਆ ਹੈ। ਉਸ ਦੀ ਸਾਹਿਤਕ ਯੋਗਤਾ ਨੇ ਇਸ ਨੂੰ ਰੌਚਿਕ ਬਣਾਇਆ ਹੈ। ਲੇਖਕ ਮਾਨਵਵਾਦੀ ਪਹੁੰਚ ਅਧੀਨ ਉਨ੍ਹਾਂ ਲੋਕਾਂ ਦੀ ਧਰਤੀ, ਪਾਣੀ ਅਤੇ ਹਵਾ ਦੀ ਸ਼ੁੱਧਤਾ ਲਈ ਕੀਤੇ ਕੰਮਾਂ ਦੀ ਤਾਰੀਫ਼ ਕਰਦਾ ਹੈ। ਲੇਖਕ ਦੀ ਬਾਰੀਕ ਨਜ਼ਰ ਨੇ ਪੰਜਾਬੀਆਂ ਦੇ ਭੂ-ਹੇਰਵੇ ਨੂੰ ਪਛਾਣ ਲਿਆ ਹੈ। ਲੇਖਕ ਨੇ ਉੱਥੇ ਪੰਜਾਬੀ ਭਾਸ਼ਾ ਨੂੰ ਬਚਾਈ ਰੱਖਣ ਅਤੇ ਇਸ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਲੇਖਕ ਕੋਲੋਂ ਭਾਰਤੀ ਲੋਕਾਂ ਦੇ ਮਾਨਵ ਹਿਤਕਾਰੀ ਕੰਮ ਵੀ ਅਣਡਿੱਠ ਨਹੀਂ ਹੋਏ। ਲੇਖਕ ਅਨੁਸਾਰ ਵਿਸ਼ਵ ਨੇ ਮੰਨਿਆ ਹੈ ਕਿ ਆਸਟਰੇਲੀਆ ਔਰਤਾਂ ਲਈ ਸਭ ਤੋਂ ਸੁਰੱਖਿਅਤ ਦੇਸ਼ ਹੈ। ਲੇਖਕ ਨੇ ਆਸਟਰੇਲੀਆ ਦੀਆਂ ਲਾਇਬ੍ਰੇਰੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ ਜਿੱਥੇ ਕੁਝ ਪੰਜਾਬੀ ਪੁਸਤਕਾਂ ਵੀ ਰੱਖੀਆਂ ਹੋਈਆਂ ਹਨ।

ਸਮੁੱਚੇ ਰੂਪ ਵਿਚ ਸਫ਼ਰਨਾਮਾ ਰੌਚਕ ਅਤੇ ਜਾਣਕਾਰੀ ਭਰਪੂਰ ਹੈ। ਕੁਝ ਰੰਗਦਾਰ ਤਸਵੀਰਾਂ ਨੇ ਇਸ ਨੂੰ ਹੋਰ ਵੀ ਸੋਹਣਾ ਬਣਾਇਆ ਹੈ। ਇਹ ਪੜ੍ਹ ਕੇ ਪਤਾ ਲੱਗਦਾ ਹੈ ਕਿ ਅਜੇ ਵੀ ਭਾਰਤ ਵਿਚ ਬੰਦੇ ਦੀ ਵੁੱਕਤ ਨਹੀਂ ਹੈ।

ਸੰਪਰਕ: 94175-34823

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਸ਼ਹਿਰ

View All