ਡਾ. ਮੇਘਾ ਸਿੰਘ
ਪੁਸਤਕ ‘ਹਿੰਮਤ ਦੇ ਹਾਸਲ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕ ਸੇਵਾਮੁਕਤ ਅਧਿਕਾਰੀ ਦਲੀਪ ਸਿੰਘ ਉੱਪਲ ਦੀ ਸਵੈ-ਜੀਵਨੀ ਹੈ। ਇਸ ਸਵੈ-ਜੀਵਨੀ ਵਿਚ ਉਨ੍ਹਾਂ ਆਪਣੀ ਬਾਲ-ਵਰੇਸ ਤੋਂ ਲੈ ਕੇ ਹੁਣ 83 ਸਾਲ ਦੀ ਉਮਰ ਤੱਕ ਆਏ ਉਤਰਾਅ-ਚੜ੍ਹਾਅ ਦੇ ਹਰ ਮਰਹਲੇ ਨੂੰ ਬੇਬਾਕੀ ਨਾਲ ਬਿਆਨ ਕਰਦਿਆਂ ਇਸ ਨੂੰ ਪ੍ਰੇਰਨਾਮਈ ਪੁਸਤਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਆਪਣੀ ਸਵੈ-ਜੀਵਨੀ ਨੂੰ ਲੇਖਕ ਨੇ 42 ਵੱਖ-ਵੱਖ ਸਿਰਲੇਖਾਂ ਤਹਿਤ ਸੂਚੀਬੱਧ ਕੀਤਾ ਹੈ ਅਤੇ ਅਖੀਰ ਵਿਚ ਅੰਤਿਕਾ ਵਜੋਂ ਇਸ ਸਵੈ-ਜੀਵਨੀ ਦੇ ਪ੍ਰੇਰਨਾਤਮਕ ਹਾਸਲ ਨੂੰ ਹਰਫ਼ਾਂ ਰਾਹੀਂ ਕਲਮਬੰਦ ਕੀਤਾ ਹੈ।
ਪੁਸਤਕ ਦੇ ਪਹਿਲੇ ਨੌਂ ਲੇਖਾਂ ਵਿਚ ਲੇਖਕ ਨੇ ਆਪਣੇ ਜਨਮ, ਪਰਿਵਾਰਕ ਪਿਛੋਕੜ, ਬਚਪਨ ਅਤੇ ਮੁੱਢਲੀ ਵਿੱਦਿਆ ਨਾਲ ਸਬੰਧਿਤ ਕੌੜੀਆਂ-ਕੁਸੈਲੀਆਂ ਜੀਵਨ ਝਲਕਾਂ ਪੇਸ਼ ਕੀਤੀਆਂ ਹਨ ਜਦੋਂਕਿ ਅਗਲੇ 14 ਲੇਖ ਪਿੰਡ ਤੋਂ ਬਾਹਰ ਨਿਕਲ ਕੇ ਆਪਣੀ ਮਿਹਨਤ-ਮੁਸ਼ੱਕਤ ਨਾਲ ਪੜ੍ਹਾਈ ਕਰ ਕੇ ਚੰਡੀਗੜ੍ਹ ਸਿਵਲ ਸਕੱਤਰੇਤ ਤੱਕ ਪਹੁੰਚ ਕੇ ਚੰਗੀ ਨੌਕਰੀ ਪ੍ਰਾਪਤ ਕਰ ਲੈਣ ਦੀ ਗਾਥਾ ਨੂੰ ਬਿਆਨ ਕਰਦੇ ਹਨ। ਪੁਸਤਕ ਦੇ ਅਗਲੇ ਨਬਿੰਧ ਲੇਖਕ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਆਉਣ ਤੋਂ ਲੈ ਕੇ ਸੇਵਾ ਨਵਿਰਤੀ ਤੱਕ ਦੇ ਸਫ਼ਰ ਅਤੇ ਉਸ ਉਪਰੰਤ ਸਮਾਜ ਸੇਵਾ ਦਾ ਰਾਹ ਅਖਤਿਆਰ ਕਰਨ ਸਬੰਧੀ ਹਨ। ਇਨ੍ਹਾਂ ਸਾਰੇ ਨਬਿੰਧਾਂ ਰਾਹੀਂ ਲੇਖਕ ਨੇ ਆਪਣੇ ਜੀਵਨ ਦੀ ਹਰ ਗੌਲਣਯੋਗ ਘਟਨਾ ਅਤੇ ਕੁਝ ਮਹੱਤਵਪੂਰਨ ਵਿਅਕਤੀਆਂ ਤੇ ਸ਼ਖ਼ਸੀਅਤਾਂ ਨਾਲ ਗੁਜ਼ਾਰੇ ਸਮੇਂ ਨੂੰ ਬਹੁਤ ਹੀ ਹਲੀਮੀ ਪਰ ਬੇਬਾਕੀ ਨਾਲ ਪੇਸ਼ ਕੀਤਾ ਹੈ। ਸਵੈ-ਜੀਵਨੀ ਲਿਖਣ ਸਮੇਂ ਅਕਸਰ ਲੇਖਕ ਆਪਣੀਆਂ ਕਮਜ਼ੋਰੀਆਂ ਤੇ ਘਾਟਾਂ ਨੂੰ ਕੁਝ ਹੱਦ ਤੱਕ ਲੁਕਾ ਜਾਂਦੇ ਹਨ ਅਤੇ ਸਫ਼ਲਤਾਵਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਹਨ, ਪਰ ਦਲੀਪ ਸਿੰਘ ਉੱਪਲ ਨੇ ਜਿੱਥੇ ਆਪਣੀ ਮਿਹਨਤ, ਸਿਰੜ ਅਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ, ਉੱਥੇ ਨਾਲ ਹੀ ਆਪਣੀਆਂ ਘਾਟਾਂ ਤੇ ਅਸਫ਼ਲਤਾਵਾਂ ਨੂੰ ਵੀ ਪਾਠਕਾਂ ਦੇ ਸਨਮੁੱਖ ਪੇਸ਼ ਕਰਨ ਦੀ ਦਲੇਰੀ ਕੀਤੀ ਹੈ।
ਸਵੈ-ਜੀਵਨੀ ਉਹੀ ਚੰਗੀ ਮੰਨੀ ਜਾਂਦੀ ਹੈ ਜਿਹੜੀ ਪਾਠਕਾਂ ਅਤੇ ਆਉਣ ਵਾਲੀਆਂ ਨਸਲਾਂ ਨੂੰ ਕੋਈ ਸੇਧ ਅਤੇ ਸਹੀ ਅਗਵਾਈ ਦੇਵੇ। ਇਹ ਜੀਵਨੀ ਮਿਹਨਤ ਅਤੇ ਸਿਰੜ ਦਾ ਸਬਕ ਸਿਖਾਉਂਦੀ ਹੈ ਅਤੇ ਸਮਾਜ ਸੇਵਾ ਦੀ ਪ੍ਰੇਰਨਾ ਵੀ ਦਿੰਦੀ ਹੈ। ਆਪਣੇ ਬੱਚਿਆਂ ਦੇ ਵਿਆਹ ਵਿਚ ਕੋਈ ਦਾਜ-ਦਹੇਜ ਅਤੇ ਸ਼ਗਨ ਨਾ ਲੈਣਾ ਵੀ ਅਜੋਕੇ ਲਾਲਚੀ ਸਮਾਜ ਨੂੰ ਅਜਿਹਾ ਕਰਨ ਦੀ ਸਿੱਖਿਆ ਦੇਣ ਵਾਲਾ ਹੈ। ਪੁਸਤਕ ਦੇ ‘ਸੇਵਾ ਨਵਿਰਤੀ ਉਪਰੰਤ ਰੁਝੇਵੇਂ’, ‘ਜਿਨ੍ਹਾਂ ਬੂਟਿਆਂ ਨੇ ਮੇਰੇ ਤੋਂ ਪਾਣੀ ਲਿਆ’, ‘ਮੇਰੇ ਦੋਸਤ ਅਤੇ ਮੂੰਹ ਬੋਲੀਆਂ ਬੇਟੀਆਂ’ ਅਤੇ ‘ਅੰਤਿਕਾ’ ਇਸ ਪੁਸਤਕ ਦਾ ਵਿਸ਼ੇਸ਼ ਹਾਸਲ ਮੰਨੇ ਜਾ ਸਕਦੇ ਹਨ। ਕੁੱਲ ਮਿਲਾ ਕੇ ਇਹ ਸਵੈ-ਜੀਵਨੀ ਬਹੁਤ ਹੀ ਪ੍ਰੇਰਨਾਤਮਕ ਕ੍ਰਿਤ ਹੈ। ਲੇਖਕ ਅਤੇ ਪ੍ਰਕਾਸ਼ਕ ਇਸ ਉੱਤਮ ਰਚਨਾ ਲਈ ਵਧਾਈ ਦੇ ਪਾਤਰ ਹਨ।
ਸੰਪਰਕ: 97800-36137