ਸੁਰਿੰਦਰ ਸਿੰਘ ਤੇਜ
ਅਜਬ ਹੈ ਇਹ ਕਿਤਾਬ। ਪਹਿਲੇ ਦੋ ਅਧਿਆਇ ਬੜਾ ਮਾਯੂਸਕੁਨ ਤੇ ਹੌਲਨਾਕ ਤਸੱਵਰ ਪੇਸ਼ ਕਰਦੇ ਹਨ। ਇਹ ਫਰਵਰੀ 2024 ਵਿਚ ਭਾਰਤ ਤੇ ਚੀਨ ਦਰਮਿਆਨ ਸੰਭਾਵੀ ਜੰਗ ਦੀ ਦ੍ਰਿਸ਼ਾਵਲੀ ਚਿੱਤਰਦੇ ਹਨ। ਇਸ ਦ੍ਰਿਸ਼ਾਵਲੀ ਮੁਤਾਬਿਕ ਰਵਾਇਤੀ ਕਿਸਮ ਦੀ ਨਹੀਂ ਹੋਵੇਗੀ ਇਹ ਜੰਗ। ਇਹ 10 ਦਿਨ ਵੀ ਨਹੀਂ ਚੱਲੇਗੀ। ਬਹੁਤੀ ਲੜਾਈ ਸਾਈਬਰ-ਪੁਲਾੜ ਤੇ ਇਲੈਕਟਰੋ-ਮੈਗਨੈਟਿਕ ਖੇਤਰ ਵਿਚ ਲੜੀ ਜਾਵੇਗੀ, ਖ਼ਾਸ ਤੌਰ ’ਤੇ ਪਹਿਲੇ ਛੇ ਦਿਨਾਂ ਦੌਰਾਨ। ਚੀਨ ਵੱਲੋਂ ਭਾਰਤੀ ਸੰਚਾਰ ਉਪਗ੍ਰਹਿ ਨਾਕਾਰਾ ਬਣਾ ਦਿੱਤੇ ਜਾਣਗੇ, ਸਾਗਰੀ ਤਲਾਂ ਰਾਹੀਂ ਆਉਣ ਵਾਲੀ ਫਾਈਬਰ ਕੇਬਲ ਥਾਂ-ਥਾਂ ਤੋਂ ਕੱਟ ਕੇ ਭਾਰਤ ਦਾ ਬਾਕੀ ਜਗਤ ਨਾਲ ਇੰਟਰਨੈੱਟ ਸੰਪਰਕ ਤੋੜ ਦਿੱਤਾ ਜਾਵੇਗਾ, ਸਰਕਾਰੀ ਸੂਚਨਾ ਪ੍ਰਬੰਧ ਤੇ ਬੈਂਕਿੰਗ ਖੇਤਰ ਤਹਿਸ-ਨਹਿਸ ਕਰ ਦਿੱਤੇ ਜਾਣਗੇ ਅਤੇ ਰੇਲਵੇ ਤੇ ਸਾਰੇ ਹਵਾਈ ਅੱਡੇ ਠੱਪ ਕਰ ਦਿੱਤੇ ਜਾਣਗੇ। ਫਿਰ ਹਮਲਾ ਸਮੁੰਦਰ ਵੱਲੋਂ ਵੀ ਹੋਵੇਗਾ, ਆਕਾਸ਼ ਤੋਂ ਵੀ ਅਤੇ ਜ਼ਮੀਨੀ ਖੇਤਰ ਵਿਚ ਵੀ। ਭਾਰਤੀ ਫ਼ੌਜੀਆਂ ਦੀ ਦਲੇਰੀ ਤੇ ਜਾਂਬਾਜ਼ੀ ਕਿਸੇ ਕੰਮ ਨਹੀਂ ਆਵੇਗੀ। ਉਨ੍ਹਾਂ ਦੇ ਮੋਰਚਿਆਂ ਉਪਰ ਚੀਨੀ ਸੈਨਿਕ ਨਹੀਂ, ਮਧੂਮੱਖੀਨੁਮਾ ਡਰੋਨਾਂ ਦੇ ਝੁੰਡ ਧਾਵਾ ਬੋਲਣਗੇ। ਇਹ ਸਾਰਾ ਕੁਝ ਭਵਿੱਖਮੁਖੀ ਟੈਕਨਾਲੋਜੀ ਖ਼ਾਸ ਕਰਕੇ ਬਨਾਵਟੀ ਬੁੱਧੀ (ਆਰਟੀਫਿਸ਼ੀਅਲ ਇੰਟੈਲੀਜੈਂਸ (ਆਈ.ਏ.) ਜਾਂ ਮਸਨੂਈ ਜ਼ਹਾਨਤ) ਦੇ ਜ਼ਰੀਏ ਵਾਪਰੇਗਾ। ਲੱਦਾਖ ਤੇ ਅਰੁਣਾਚਲ ਪ੍ਰਦੇਸ਼ ਉੱਤੇ ਚੀਨ ਦਾ ਕਬਜ਼ਾ ਹੋ ਜਾਵੇਗਾ। ਪਾਕਿਸਤਾਨ ਵੀ ਮੌਕਾ ਤਾੜ ਕੇ ਸਿਆਚਿਨ ਗਲੇਸ਼ੀਅਰ ਹਥਿਆ ਲਵੇਗਾ। ਭਾਰਤ ਨੂੰ ਗੋਡੇ ਟੇਕਣੇ ਪੈਣਗੇ। ਸੌਦੇਬਾਜ਼ੀ ਲੱਦਾਖ ਜਾਂ ਅਰੁਣਾਚਲ ਨੂੰ ਬਚਾਉਣ ਲਈ ਨਹੀਂ ਸਗੋਂ ਕਸ਼ਮੀਰ ਨੂੰ ਬਚਾਉਣ ਲਈ ਕਰਨੀ ਪਵੇਗੀ।
ਉਪਰੋਕਤ ਦ੍ਰਿਸ਼ਾਵਲੀ ਕਿਸੇ ਚੀਨੀ ਜਾਂ ਪਾਕਿਸਤਾਨੀ ਉਪਨਿਆਸਕਾਰ ਦੀ ਕਲਪਨਾ ਦਾ ਕਾਰਨਾਮਾ ਨਹੀਂ ਸਗੋਂ ਰੱਖਿਆ ਮਾਮਲਿਆਂ ਦੇ ਭਾਰਤੀ ਮਾਹਿਰ ਤੇ ਕਾਲਮਨਵੀਸ ਪ੍ਰਵੀਨ ਸਾਹਨੀ ਦੀ ਸੋਚ ਤੇ ਕਲਮ ਦੀ ਪੈਦਾਇਸ਼ ਹੈ। ਉਸ ਦੀ ਨਵੀਂ ਕਿਤਾਬ ‘ਦਿ ਲਾਸਟ ਵਾਰ’ (ਆਖ਼ਰੀ ਜੰਗ; ਅਲਫ਼ ਬੁੱਕਸ; 424 ਪੰਨੇ; 999 ਰੁਪਏ) ਇਸ ਦ੍ਰਿਸ਼ਾਵਲੀ ਨੂੰ ‘ਭਵਿੱਖੀ ਹਕੀਕਤ’ ਦੱਸਦੀ ਹੈ। ਨਾਲ ਹੀ ਇਹ ਚਿਤਾਵਨੀ ਦਿੰਦੀ ਹੈ ਕਿ ਸਾਡਾ ਸਰਕਾਰੀ ਤੰਤਰ ਸਾਨੂੰ ਸੁਪਨੇ ਵੇਚਦਾ ਆ ਰਿਹਾ ਹੈ, ਅਸਲੀਅਤ ਪਛਾਣਨ ਦਾ ਯਤਨ ਨਹੀਂ ਕਰ ਰਿਹਾ। ਜੋ ਜੰਗੀ ਤਿਆਰੀਆਂ ਚੀਨ ਦੇ ਪ੍ਰਸੰਗ ਤੇ ਪਰਿਪੇਖ ਵਿਚ ਕੀਤੀਆਂ ਜਾ ਰਹੀਆਂ ਹਨ ਜਾਂ ਜੋ ਰੱਖਿਆ ਨੀਤੀਆਂ ਤੇ ਰਣਨੀਤੀਆਂ ਅਮਲ ਵਿਚ ਲਿਆਂਦੀਆਂ ਜਾ ਰਹੀਆਂ ਹਨ, ਉਹ ਅਸਲ ਖ਼ਤਰਿਆਂ ਤੇ ਖ਼ਦਸ਼ਿਆਂ ਦੇ ਟਾਕਰੇ ਲਈ ਮਾਕੂਲ ਨਹੀਂ। ਫ਼ੌਜੀ ਜਰਨੈਲ ਸਿਰਫ਼ ਦਾਅਵੇ ਕਰਦੇ ਆਏ ਹਨ, ਸੱਚ ਨਹੀਂ ਬੋਲਦੇ। ਜੀ-ਹਜ਼ੂਰੀ ਤੇ ਤਾਅਬੇਦਾਰੀ ਦੇ ਸਭਿਆਚਾਰ ਨੇ ਉਨ੍ਹਾਂ ਨੂੰ ਸੱਚ ਬੋਲਣ ਤੇ ਸੱਚ ਸੁਣਨ ਦੀ ਕਾਬਲੀਅਤ ਤੋਂ ਮਹਿਰੂਮ ਕਰ ਦਿੱਤਾ ਹੈ।
ਸਾਹਨੀ ਦਾ ਯਕੀਨ ਹੈ ਕਿ ਭਾਰਤ ਨੂੰ ਚੀਨ ਨਾਲ ਜੰਗੀ ਪੰਗਾ ਬਿਲਕੁਲ ਨਹੀਂ ਲੈਣਾ ਚਾਹੀਦਾ। ਉਹ ਇਸ ਸੰਦਰਭ ਵਿਚ 1991 ਦੀ ਖਾੜੀ ਜੰਗ ਦੀ ਯਾਦ ਦਿਵਾਉਂਦਾ ਹੈ। ਸਿਰਫ਼ ਛੇ ਦਿਨ ਚੱਲੀ ਸੀ ਉਹ ਜੰਗ। ਉਸ ਵਿਚ ਅਮਰੀਕਾ ਨੇ ਮਿਕਨਾਤੀਸੀ ਸੈਂਸਰਾਂ, ਸਾਇਬਰ ਸੰਨ੍ਹਮਾਰੀ ਤੇ ਸੂਹੀਆ ਉਪਗ੍ਰਹਿਆਂ ਦੀ ਮਦਦ ਨਾਲ ਮਹਿਜ਼ 72 ਘੰਟਿਆਂ ਦੇ ਅੰਦਰ ਇਰਾਕੀ ਫ਼ੌਜੀ ਤਾਕਤ ਦੀ ਕਮਰ ਤੋੜ ਦਿੱਤੀ ਸੀ। ਇਸ ਅਰਸੇ ਦੌਰਾਨ ਇਕ ਵੀ ਅਮਰੀਕੀ ਫ਼ੌਜੀ ਨਹੀਂ ਸੀ ਮਰਿਆ। ਉਸ ਦੀ ਇਸ ਸਮਰੱਥਾ ਨੇ ਦੁਨੀਆਂ ਭਰ ਦੇ ਮੁਲਕਾਂ ਦੀਆਂ ਅੱਖਾਂ ਚੁੰਧਿਆ ਦਿੱਤੀਆਂ ਸਨ। ਹੋਰਨਾਂ ਮੁਲਕਾਂ ਨੇ ਉਸ ਜੰਗ ਤੋਂ ਕੋਈ ਸਬਕ ਸਿੱਖਿਆ ਜਾਂ ਨਹੀਂ, ਚੀਨ ਨੇ ਉਸ ਦੇ ਗੁੱਝੇ ਅਰਥ ਜ਼ਰੂਰ ਪੜ੍ਹ ਲਏ ਸਨ। ਉਸ ਨੇ ਫ਼ੌਜੀ ਤਿਆਰੀਆਂ ਦਾ ਸਰੂਪ ਹੀ ਬਦਲ ਦਿੱਤਾ। ਇਨ੍ਹਾਂ ਤਿਆਰੀਆਂ ਨੂੰ ਟੈਕਨਾਲੋਜੀ-ਕੇਂਦ੍ਰਿਤ ਬਣਾਇਆ। ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਬਨਾਵਟੀ ਬੁੱਧੀ (ਆਈ.ਏ.) ਵਿਕਸਿਤ ਕੀਤੀ। ਇਸ ਵਿਕਾਸ ਨੂੰ ਸਮੇਂ ਤੇ ਸਥਿਤੀਆਂ ਮੁਤਾਬਿਕ ਅਪਡੇਟ ਕਰਨ ਦਾ ਅਮਲ ਉਸ ਨੇ ਮੱਠਾ ਨਹੀਂ ਪੈਣ ਦਿੱਤਾ। ਇਹ ਅਮਲ ਪਿਛਲੇ ਦੋ ਦਹਾਕਿਆਂ ਤੋਂ ਉਸ ਦੇ ਜੰਗੀ ਅਭਿਆਸਾਂ ਤੇ ਮਸ਼ਕਾਂ ਦਾ ਮੁੱਖ ਹਿੱਸਾ ਰਿਹਾ ਹੈ। ਸਾਇਬਰ ਆਕਾਸ਼ ਤੋਂ ਹਮਲੇ ਕਰਨ ਜਾਂ ਧਰਤੀ ਤੋਂ ਸਾਇਬਰ ਸੰਕੇਤਾਂ ਦੇ ਜ਼ਰੀਏ ਵਿਰੋਧੀਆਂ ਦੇ ਉਪਗ੍ਰਹਿ ਨਸ਼ਟ ਕਰਨ ਦੀ ਸਮਰੱਥਾ ਪੱਖੋਂ ਉਹ ਅਮਰੀਕਾ ਤੋਂ ਊਣਾ ਨਹੀਂ। ਇਸੇ ਲਈ ਉਸ ਨੂੰ ਅਮਰੀਕਾ ਤੋਂ ਹੁਣ ਭੈਅ ਨਹੀਂ ਆਉਂਦਾ।
ਸਾਹਨੀ ਦੱਸਦਾ ਹੈ ਕਿ ਅਜਿਹੀਆਂ ਚੀਨੀ ਤਿਆਰੀਆਂ ਨੂੰ ਭਾਰਤ-ਕੇਂਦ੍ਰਿਤ ਬਣਾਉਣ ਦਾ ਸਿਲਸਿਲਾ 2017 ਦੇ ਡੋਕਲਾਮ ਸੰਕਟ ਤੋਂ ਮਗਰੋਂ ਸ਼ੁਰੂ ਹੋਇਆ। ਡੋਕਲਾਮ ਮੋਰਚੇ ’ਤੇ ਭਾਰਤੀ ਫ਼ੌਜੀ ਹੱਥੋਹੱਥੀ ਝੜਪ ਵਿਚ ਚੀਨੀਆਂ ਤੋਂ ਬਿਹਤਰ ਸਾਬਤ ਹੋਏ। ਇਸ ਕਿਸਮ ਦੀ ਲੜਾਈ ਦਾ ਉਨ੍ਹਾਂ ਨੂੰ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਦੀਆਂ ਸਫ਼ਾਂ ਨਾਲੋਂ ਬਿਹਤਰ ਤਜਰਬਾ ਸੀ। ਇਸ ਹਕੀਕਤ ਦੇ ਮੱਦੇਨਜ਼ਰ ਚੀਨੀ ਰੱਖਿਆ ਨੀਤੀਆਂ ਉੱਤੇ ਟੈਕਨਾਲੋਜੀ ਦੀ ਪਾਣ ਚੜ੍ਹਾਈ ਗਈ। ਨਾਲ ਹੀ ਅਰੁਣਾਚਲ ਜਾਂ ਸਿੱਕਿਮ ਦੀ ਥਾਂ ਲੱਦਾਖ ਵੱਲ ਸਰਗਰਮੀ ਤੇ ਘੁਸਪੈਠ ਵਧਾਈ ਗਈ। ਇਸ ਪਹੁੰਚ ਦੇ ਨਤੀਜੇ ਪਹਿਲਾਂ ਹੀ ਸਾਡੇ ਸਾਹਮਣੇ ਹਨ। ਜਿਹੜਾ ਬੁਨਿਆਦੀ ਢਾਂਚਾ ਉਸ ਖੇਤਰ ਵਿਚ ਭਾਰਤ ਹੁਣ ਵਿਕਸਿਤ ਕਰ ਰਿਹਾ ਹੈ, ਉਸ ਤੋਂ ਬਿਹਤਰ ਢਾਂਚਾ ਚੀਨ ਨੇ ਦੋ ਦਹਾਕੇ ਪਹਿਲਾਂ ਵਿਕਸਿਤ ਕਰ ਲਿਆ ਸੀ। ਉਸ ਦੀ ਮਾਰੂ ਸਮਰੱਥਾ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਕੋਈ ਵੀ ਭਾਰਤੀ ਫ਼ੌਜੀ ਹਵਾਈ ਅੱਡਾ, ਛਾਉਣੀ ਜਾਂ ਬੰਦਰਗਾਹ ਚੀਨੀ ਮਿਜ਼ਾਈਲਾਂ ਦੇ ਨਿਸ਼ਾਨੇ ਤੋਂ ਮਹਿਫ਼ੂਜ਼ ਨਹੀਂ।
ਅਜਿਹੇ ਰੱਖਿਆ ਮਾਹਿਰਾਂ ਅਤੇ ਚੀਨੀ ਮਾਮਲਿਆਂ ਦੇ ਵਿਸ਼ੇਸ਼ਗਾਂ ਦੀ ਕਮੀ ਨਹੀਂ ਜੋ ਪ੍ਰਵੀਨ ਸਾਹਨੀ ਨੂੰ ਚੀਨੀ ਏਜੰਟ ਦੱਸਦੇ ਹਨ। ਉਹ 13 ਵਰ੍ਹੇ ਫ਼ੌਜੀ ਅਫ਼ਸਰ ਰਿਹਾ ਜਿਸ ਮਗਰੋਂ ਉਸ ਨੂੰ ਵਿਵਾਦਿਤ ਹਾਲਾਤ ਵਿਚ ਅਸਤੀਫ਼ਾ ਦੇਣਾ ਪਿਆ। ਭਾਰਤੀ ਰੱਖਿਆ ਪ੍ਰਬੰਧਨ ਤੇ ਫ਼ੌਜੀ ਜਰਨੈਲਾਂ ਪ੍ਰਤੀ ਉਸ ਦੀ ਹਿਕਾਰਤ ਨੂੰ ਅਕਸਰ ਉਸ ਦੇ ਅਤੀਤ ਦੀਆਂ ਕੜਵਾਹਟਾਂ ਨਾਲ ਜੋੜਿਆ ਜਾਂਦਾ ਹੈ। ਫ਼ੌਜ ਛੱਡਣ ਮਗਰੋਂ ਉਹ ਕਈ ਨਾਮਵਰ ਅੰਗਰੇਜ਼ੀ ਅਖ਼ਬਾਰਾਂ ਦੇ ਸੰਪਾਦਕੀ ਮੰਡਲਾਂ ਵਿਚ ਸ਼ਾਮਲ ਰਿਹਾ। 2003 ਤੋਂ ਉਹ ‘ਫੋਰਸ’ ਨਾਮੀ ਰਸਾਲੇ ਦਾ ਸੰਪਾਦਕ ਹੈ। ‘ਦਿ ਲਾਸਟ ਵਾਰ’ ਚੀਨ-ਭਾਰਤ ਫ਼ੌਜੀ ਸਬੰਧਾਂ ਬਾਰੇ ਉਸ ਦੀ ਤੀਜੀ ਕਿਤਾਬ ਹੈ। ਆਪਣੀਆਂ ਕਿਤਾਬਾਂ, ਮਜ਼ਮੂਨਾਂ ਜਾਂ ਸੋਸ਼ਲ ਮੀਡੀਆ ਪੋਸਟਾਂ ਦੇ ਜ਼ਰੀਏ ਉਹ ਚੀਨ ਦਾ ਪ੍ਰਸੰਸਕ ਹੋਣ ਦਾ ਪ੍ਰਭਾਵ ਦਿੰਦਾ ਹੈ, ਪਰ ਉਸ ਦਾ ਕਹਿਣਾ ਹੈ ਕਿ ਅੰਧ-ਰਾਸ਼ਟਰਵਾਦ ਦੀ ਥਾਂ ਉਹ ਸੱਚ ਕਹਿਣ ਤੇ ਸੱਚ ਦੱਸਣ ਦੀ ਜੁਰੱਅਤ ਨੂੰ ਆਪਣਾ ਪੇਸ਼ਾ ਤੇ ਅਕੀਦਾ ਮੰਨਦਾ ਹੈ। ‘ਦਿ ਲਾਸਟ ਵਾਰ’ ਇਸੇ ਅਕੀਦੇ ਦਾ ਇਕ ਪ੍ਰਮਾਣ ਹੈ। ਕਿਤਾਬ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਭਾਰਤ ਨੂੰ ‘ਕੁਐਡ’ ਵਰਗੇ ਚੀਨ-ਵਿਰੋਧੀ ਗੱਠਜੋੜਾਂ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਕਿਉਂਕਿ ਜੰਗ ਦੀ ਸੂਰਤ ਵਿਚ ਅਮਰੀਕਾ ਜਾਂ ਕੋਈ ਹੋਰ ਮੁਲਕ ਜਦੋਂ ਤਕ ਭਾਰਤ ਦੀ ਮਦਦ ਲਈ ਬਹੁੜੇਗਾ, ਉਦੋਂ ਤਕ ਭਾਰਤ ਦਾ ਬਹੁਤ ਕੁਝ ਵਿਗੜ ਚੁੱਕਾ ਹੋਵੇਗਾ। ਸਾਹਨੀ, ਪਾਕਿਸਤਾਨ ਨਾਲ ਵੀ ਸਬੰਧ ਸੁਧਾਰਨ ਦਾ ਹਾਮੀ ਹੈ ਕਿਉਂਕਿ ਭਾਰਤ ਇਕੋ ਸਮੇਂ ਦੋ ਮੋਰਚਿਆਂ ਉੱਤੇ ਜੰਗ ਲੜਨ ਦੇ ਸਮਰੱਥ ਨਹੀਂ। ਉਹ ਸਰਹੱਦੀ ਸੰਧੀ ਦੇ ਨਾਮ ਉੱਤੇ ਚੀਨ ਨੂੰ ਹੋਰ ਜ਼ਮੀਨ ਦੇਣ ਦੀ ਵਕਾਲਤ ਨਹੀਂ ਕਰਦਾ, ਅਸਲਵਾਦੀ ਪਹੁੰਚ ਅਪਣਾਏ ਜਾਣ ’ਤੇ ਜ਼ੋਰ ਦਿੰਦਾ ਹੈ। ਕਿਤਾਬ ਕਈ ਸਾਰੇ ਡਰਾਵਣੇ ਮੰਜ਼ਰ ਪੇਸ਼ ਕਰਦੀ ਹੈ, ਪਰ ਨਾਲ ਹੀ ਸੁਚੇਤ ਕਰਦੀ ਹੈ ਕਿ ਅਜਿਹੇ ਮੰਜ਼ਰ ਹੀ ਸਾਡੇ ਰਾਜਨੇਤਾਵਾਂ ਨੂੰ ‘‘ਗੋਲੀ ਦੀ ਥਾਂ ਗੱਲ ਦੇ ਰਾਹ ਤੁਰਨ’’ ਦੇ ਰਸਤੇ ਪਾ ਸਕਦੇ ਹਨ।
* * *
ਅੰਤਾਂ ਦਾ ਸ਼ੋਰ-ਸ਼ਰਾਬਾ, ਬਦਬੂਦਾਰ ਫ਼ਿਜ਼ਾ, ਸੜਕਾਂ ’ਤੇ ਅਰਾਜਕਤਾ, ਟਰੈਫਿਕ ਜਾਮ, ਹਾਦਸਿਆਂ ਕਾਰਨ ਮੌਤਾਂ- ਇਹ ਸਭ ਤੱਤ ਅਜੋਕੇ ਮਹਾਂਨਗਰੀ ਜੀਵਨ ਦੀ ਹੋਣੀ ਬਣੇ ਹੋਏ ਹਨ। ਪਰ ਬ੍ਰਿਟਿਸ਼ ਪੱਤਰਕਾਰ ਤੇ ਲੇਖਕ ਬ੍ਰਾਇਐਨ ਐਪਲਯਾਰਡ ਦੀ ਕਿਤਾਬ ‘ਦਿ ਕਾਰ’ (ਪੈਗਾਸਸ ਬੁੱਕਸ; 319 ਪੰਨੇ; 899 ਰੁਪਏ) ਦੱਸਦੀ ਹੈ ਕਿ 19ਵੀਂ ਸਦੀ ਵਿਚ ਲੰਡਨ, ਪੈਰਿਸ ਤੇ ਨਿਊਯਾਰਕ ਵਿਚ ਸੜਕਾਂ ਤੇ ਗਲੀਆਂ-ਬਾਜ਼ਾਰਾਂ ਵਿਚ ਸਥਿਤੀ ਹੁਣ ਨਾਲੋਂ ਬਹੁਤੀ ਵੱਖਰੀ ਨਹੀਂ ਸੀ। ਉਦੋਂ ਮੋਟਰ ਗੱਡੀਆਂ ਨਹੀਂ ਸਨ, ਘੋੜ-ਗੱਡੀਆਂ ਸਨ। ਉਹ ਸੜਕਾਂ ’ਤੇ ਅਰਾਜਕਤਾ ਵੀ ਫੈਲਾਉਂਦੀਆਂ ਸਨ, ਗੰਦਗੀ ਵੀ ਅਤੇ ਦੁਰਗੰਧ ਤਾਂ ਅਜੋਕੇ ਯੁੱਗ ਨਾਲੋਂ ਕਿਤੇ ਜ਼ਿਆਦਾ।
‘ਦਿ ਕਾਰ’ ਤੋਂ ਪਹਿਲਾਂ ਐਪਲਯਾਰਡ ਨੇ ਪੰਜ ਕਿਤਾਬਾਂ ਛਪਵਾਈਆਂ ਹੋਈਆਂ ਹਨ ਜਿਨ੍ਹਾਂ ਵਿਚ ਇਕ ਨਾਵਲ ਸ਼ਾਮਲ ਹੈ (ਜੋ ਕੁਝ ਅਦਬੀ ਇਨਾਮਾਂ ਲਈ ਨਾਮਜ਼ਦ ਵੀ ਹੋਇਆ)। ਬਾਕੀ ਦੀਆਂ ਚਾਰ ਕਿਤਾਬਾਂ ਇਤਿਹਾਸ, ਸਮਾਜ ਸ਼ਾਸਤਰ, ਸਾਹਿਤ ਤੇ ਪੱਤਰਕਾਰੀ ਦਾ ਸੁਮੇਲ ਹਨ। ‘ਦਿ ਕਾਰ’ ਇਸੇ ਸੁਮੇਲ ਦੀ ਨਵੀਂ ਤੇ ਬਿਹਤਰ ਮਿਸਾਲ ਹੈ। ਇਹ ਕਾਰ ਦੀ ਕਾਢ, ਮਕਬੂਲੀਅਤ ਤੇ ਵਿਕਾਸ ਨੂੰ ਆਧੁਨਿਕਤਾ ਦੇ ਵਿਕਾਸ ਦੇ ਬਿੰਬ ਵਜੋਂ ਪੇਸ਼ ਕਰਦੀ ਹੈ। ਇਹ ਦੱਸਦੀ ਹੈ ਕਿ ਸਾਲ 1900 ਵਿਚ ਲੰਡਨ ਦੀਆਂ ਆਵਾਜਾਈ ਲੋੜਾਂ ਦੀ ਪੂਰਤੀ ਲਈ 50 ਹਜ਼ਾਰ ਤੋਂ ਵੱਧ ਘੋੜੇ ਸਨ ਜੋ ਰੋਜ਼ਾਨਾ ਔਸਤ 500 ਟਨ ਲਿੱਦ ਕਰਦੇ ਸਨ। ਇਸ ਦੀ ਸਫ਼ਾਈ ਲਈ 900 ਦੇ ਕਰੀਬ ਸਫ਼ਾਈ ਸੇਵਕ ਮਹਾਂਨਗਰ ਵਿਚ ਤਾਇਨਾਤ ਸਨ। ਇਸ ਦੇ ਬਾਵਜੂਦ ਲੋਕਾਂ ਦੇ ਤਿਲਕਣ, ਸੱਟਾਂ-ਫੇਟਾਂ ਖਾਣ, ਕੱਪੜੇ ਖ਼ਰਾਬ ਹੋਣ, ਕੋਚਵਾਨਾਂ ਦੇ ਝਗੜੇ ਹੋਣ, ਮਾਰ-ਕੁੱਟ ਤੇ ਕਤਲ ਹੋਣ ਵਰਗੇ ਦਰਜਨਾਂ ਮਾਮਲੇ, ਸ਼ਿਕਾਇਤਾਂ ਦੇ ਰੂਪ ਵਿਚ ਪੁਲੀਸ ਕੋਲ ਪਹੁੰਚਦੇ ਸਨ। ਨਿਊਯਾਰਕ ਵਿਚ ਘੋੜਿਆਂ ਦੀ ਗਿਣਤੀ 1.30 ਲੱਖ ਸੀ। ਇਕ ਵਾਰ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸੜਕਾਂ ’ਤੇ ਸਿਰਫ਼ ਤਿੰਨ ਦਿਨਾਂ ਦੇ ਅੰਦਰ ਲਿੱਦ ਦੇ ਤਿੰਨ-ਮੰਜ਼ਿਲਾ ਇਮਾਰਤਾਂ ਜਿੰਨੇ ਉੱਚੇ ਢੇਰ ਲੱਗ ਗਏ ਸਨ।
ਅਜਿਹੀ ਅਰਾਜਕਤਾ ਦਾ ਅੰਤ ਕਾਰ ਦੀ ਆਮਦ ਰਾਹੀਂ ਹੋਇਆ। ਪਹਿਲਾਂ ਕਾਰ ਆਈ, ਫਿਰ ਵੱਡੇ ਛਕੜੇ, ਫਿਰ ਬੱਸਾਂ ਤੇ ਟਰੱਕ। ਕਾਰ ਦੀ ਕਾਢ ਦਾ ਸਿਹਰਾ ਅਕਸਰ ਜਰਮਨ ਇੰਜਨੀਅਰ ਕਾਰਲ ਫ੍ਰੈਡਰਿਕ ਬੈਨਜ਼ ਨੂੰ ਦਿੱਤਾ ਜਾਂਦਾ ਹੈ (ਉਸ ਨੇ 1885 ਵਿਚ ਪਹਿਲੀ ਵਾਰ ਤਿਪਹੀਆ ਮੋਟਰ ਕਾਰ ਸੜਕਾਂ ’ਤੇ ਚਲਾਈ), ਪਰ ਇਸੇ ਸਿਹਰੇ ਦੇ ਹੋਰਨਾਂ ਦਾਅਵੇਦਾਰਾਂ ਵਿਚ ਫਰਾਂਸੀਸੀ ਐਟੀਏਨ ਲੈਨੌਇਰ ਅਤੇ ਆਸਟ੍ਰੀਅਨ ਸਿਗਫ੍ਰਾਈਡ ਮਾਰਕਸ ਵੀ ਸ਼ਾਮਲ ਮੰਨੇ ਜਾਂਦੇ ਹਨ। ਐਪਲਯਾਰਡ ਮੁਤਾਬਿਕ ਕਾਰ ਤੇ ਹੋਰਨਾਂ ਮੋਟਰ ਗੱਡੀਆਂ ਨੇ ਪਹਿਲਾਂ ਮਹਾਂਨਗਰਾਂ ਤੇ ਹੋਰਨਾਂ ਸ਼ਹਿਰਾਂ ਨੂੰ ਸਫ਼ਾਈ ਤੇ ਸੁਹਜ ਪੱਖੋਂ ਬਿਹਤਰ ਬਣਾਉਣ ਵਿਚ ਪ੍ਰਮੁੱਖ ਭੂਮਿਕਾ ਨਿਭਾਈ, ਪਰ ਅੱਧੀ ਸਦੀ ਦੇ ਅੰਦਰ ਇਹੋ ਵਾਹਨ, ਫ਼ਿਜ਼ਾਈ ਮਲੀਨਤਾ ਦੀ ਮੁੱਖ ਵਜ੍ਹਾ ਬਣਨ ਲੱਗੇ।
ਕਿਤਾਬ ਦੇ ਪੰਜ ਅਧਿਆਇ ਕਾਰਾਂ ਦੇ ਡਿਜ਼ਾਈਨ ਵਿਚ ਤਬਦੀਲੀਆਂ ਦੇ ਨਾਲ ਨਾਲ ਇਨਸਾਨੀ ਜੀਵਨ ਸ਼ੈਲੀ ਵਿਚ ਆਈਆਂ ਤਬਦੀਲੀਆਂ ਦੀ ਤਫ਼ਸੀਲ ਪੇਸ਼ ਕਰਦੇ ਹਨ। ਦੋ ਅਧਿਆਇ ਕਾਰ ਸਨਅਤ ਉੱਤੇ ਅਮਰੀਕੀਆਂ ਤੇ ਜਰਮਨਾਂ ਦੀ ਸਰਦਾਰੀ ਦੇ ਖ਼ਾਤਮੇ ਅਤੇ ਪਹਿਲਾਂ ਜਪਾਨੀਆਂ ਤੇ ਫਿਰ ਕੋਰੀਅਨਾਂ ਦੀ ਚੜ੍ਹਤ ਬਾਰੇ ਹਨ। ਆਖ਼ਰੀ ਦੋ ਅਧਿਆਇ ਰਵਾਇਤੀ ਇੰਟਰਨਲ ਕੰਬਸਚਨ ਇੰਜਣਾਂ (ਆਈ.ਸੀ.ਈਜ਼) ਦੀ ਥਾਂ ਲੈਣ ਵਾਲੇ ਬਿਜਲਈ ਇੰਜਣਾਂ ਦੀ ਉਪਯੋਗਤਾ ਅਤੇ ਖ਼ੂਬੀਆਂ-ਖ਼ਾਮੀਆਂ ਬਾਰੇ ਹਨ। ਨਵੀਂ ਨਕੋਰ ਜਾਣਕਾਰੀ ਦੇ ਨਾਲ ਨਾਲ ਨਿਵੇਕਲੀ ਖ਼ਵਾਬ-ਖ਼ਿਆਲੀ ਦਾ ਸੁਮੇਲ ਹੈ ਇਹ ਕਿਤਾਬ।
* * *
ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰਦਿਆਂ ਹੀ ਸਿਰਫ਼ ਇਕੋ ਅਕਸ ਸਾਡੇ ਜ਼ਿਹਨ ਵਿਚ ਆਉਂਦਾ ਹੈ: ਉਹ ਹੈ ਚਿੱਤਰਕਾਰ ਸੋਭਾ ਸਿੰਘ ਵੱਲੋਂ ਚਿਤਵਿਆ ਤੇ ਚਿੱਤਰਿਆ ਹੋਇਆ। ਗੁਰੂ ਸਾਹਿਬ ਦੀ ਪੰਜਵੀਂ ਜਨਮ ਸ਼ਤਾਬਦੀ (1969) ਵੇਲੇ ਸ਼੍ਰੋਮਣੀ ਕਮੇਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਅਧੀਨ ਸੋਭਾ ਸਿੰਘ ਨੇ ਜਿਹੜੇ ਪਹਿਲੇ ਤਿੰਨ ਚਿੱਤਰ ਬਣਾਏ, ਉਨ੍ਹਾਂ ਵਾਲਾ ਚਿਹਰਾ ਸਾਡੀ ਸੋਚ-ਸੁਹਜ ਵਿਚ ਸਥਾਈ ਤੌਰ ’ਤੇ ਉਤਰ ਗਿਆ। ਗੁਰੂ ਸਾਹਿਬ ਦੇ ਚਿੱਤਰ ਪਹਿਲਾਂ ਵੀ ਮੌਜੂਦ ਸਨ ਅਤੇ ਬਾਅਦ ਵਿਚ ਵੀ ਬਣੇ ਪਰ ਸੋਭਾ ਸਿੰਘ ਦੀਆਂ ਰਚਨਾਵਾਂ ਜਿੰਨੇ ਮਕਬੂਲ ਨਹੀਂ ਹੋਏ। ਅਸੀਂ ਜਾਣਦੇ ਹਾਂ ਕਿ ਇਹ ਸਾਰੇ ਚਿੱਤਰ ਕਾਲਪਨਿਕ ਹਨ। ਹਰ ਚਿੱਤਰਕਾਰ ਨੇ ਜਿਸ ਨਜ਼ਰ ਨਾਲ ਗੁਰੂ ਨੂੰ ਚਿਤਵਿਆ-ਸਮਝਿਆ, ਉਸੇ ਮੁਤਾਬਿਕ ਨਕਸ਼ਾਂ ਤੇ ਰੰਗਾਂ ਵਿਚ ਢਾਲ ਦਿੱਤਾ। ਗੁਰੂ ਦੇ ਮੁਹਾਂਦਰੇ, ਰੰਗਾਂ ਦੀ ਚੋਣ ਅਤੇ ਚੌਗਿਰਦੇ ਆਦਿ ਦਾ ਚਿਤ੍ਰਣ ਮੁੱਖ ਤੌਰ ’ਤੇ ਗੁਰ-ਇਤਿਹਾਸ ਤੇ ਸਾਖੀਆਂ ਅੰਦਰਲੇ ਪ੍ਰਸੰਗਾਂ ਮੁਤਾਬਿਕ ਰੱਖਣ ਦਾ ਯਤਨ ਹਰ ਚਿੱਤਰਕਾਰ ਨੇ ਕੀਤਾ। ਇਨ੍ਹਾਂ ਵਿਚੋਂ ਦਰਜਨ ਦੇ ਕਰੀਬ ਚਿੱਤਰਾਂ ਦਾ ਵਿਸ਼ਲੇਸ਼ਣ ਪੇਸ਼ ਕਰਦੀ ਹੈ ਜਗਤਾਰਜੀਤ ਸਿੰਘ ਦੀ ਕਿਤਾਬ ‘ਚਿੱਤਰਕਾਰੀ ਵਿਚ ਗੁਰੂ ਨਾਨਕ’ (ਕੈਲੀਬਰ ਪਬਲੀਕੇਸ਼ਨ; 112 ਪੰਨੇ ; 180 ਰੁਪਏ)। ਬੜਾ ਗਿਆਨਵਰਧਕ ਹੈ ਇਹ ਉੱਦਮ। ਜਗਤਾਰਜੀਤ ਨੇ ਮੁੱਖ ਤੌਰ ’ਤੇ ਸੋਭਾ ਸਿੰਘ, ਕਿਰਪਾਲ ਸਿੰਘ, ਜੀ.ਐੱਸ. ਸੋਹਨ ਸਿੰਘ, ਜਸਵੰਤ ਸਿੰਘ, ਗੁਰਦਿੱਤ ਸਿੰਘ, ਡੀ.ਏ. ਆਹੂਜਾ ਤੇ ਅੱਲ੍ਹਾ ਬਖ਼ਸ਼ ਵੱਲੋਂ ਬਣਾਏ ਚਿੱਤਰਾਂ ਦੇ ਅਧਿਐਨ ਨੂੰ ਇਸ ਸੰਗ੍ਰਹਿ ਵਿਚ ਸ਼ੁਮਾਰ ਕੀਤਾ ਹੈ। ਪੂਰੀ ਰੰਗਦਾਰ ਹੋਣੀ ਚਾਹੀਦੀ ਸੀ ਇਹ ਕਿਤਾਬ। ਇਹ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਸਿੱਖ ਸੰਸਥਾਵਾਂ, ਬਾਬੇ ਨਾਨਕ ਦੀ ਵਿਚਾਰਧਾਰਕ ਮੌਲਿਕਤਾ ਤੇ ਤਰਕਸ਼ੀਲਤਾ ਨੂੰ ਗੁੱਠੇ ਲਾਉਣ ਵਾਲੀਆਂ ਕਿਤਾਬਾਂ ਤਾਂ ਖ਼ੁਸ਼ੀ ਖ਼ੁਸ਼ੀ ਸਪਾਂਸਰ ਕਰ ਦਿੰਦੀਆਂ ਹਨ, ਪਰ ਵਿਚਾਰਵਾਨਤਾ ਦੇ ਦਰ ਖੋਲ੍ਹਣ ਵਾਲੇ ਉੱਦਮਾਂ ਨੂੰ ਪਛਾਣਨ ਦਾ ਯਤਨ ਤਕ ਨਹੀਂ ਕਰਦੀਆਂ।
* * *
ਡਾ. ਗੁਰਦੇਵ ਸਿੰਘ ਸਿੱਧੂ ਦੀ ਹਰ ਨਵੀਂ ਕਿਤਾਬ ਵਡਮੁੱਲੀ ਜਾਣਕਾਰੀ ਦਾ ਭੰਡਾਰ ਹੁੰਦੀ ਹੈ। ਪੰਜਾਬ ਦੇ ਇਤਿਹਾਸ, ਖ਼ਾਸ ਕਰਕੇ ਆਜ਼ਾਦੀ ਸੰਗਰਾਮ ਅਤੇ ਇਸ ਨਾਲ ਜੁੜੀਆਂ ਪੰਥਕ ਲਹਿਰਾਂ ਦੇ ਅਦਬੀ ਬਿਰਤਾਂਤ ਨੂੰ ਲੱਭਣ, ਸਹੇਜਣ ਤੇ ਕਿਤਾਬੀ ਰੂਪ ਵਿਚ ਸੰਭਾਲਣ ਦਾ ਜਿੰਨਾ ਕੰਮ ਉਨ੍ਹਾਂ ਨੇ ਕੀਤਾ ਹੈ, ਉਹ ਵਿਲੱਖਣ ਹੈ। ਇਸੇ ਉੱਦਮ ਦੀ ਨਵੀਂ ਕੜੀ ਹੈ ‘ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ’ (ਪ੍ਰਕਾਸ਼ਕ: ਚੰਡੀਗੜ੍ਹ ਯੂਨੀਵਰਸਿਟੀ; 176 ਪੰਨੇ; 300 ਰੁਪਏ)। ਇਹ ਸ੍ਰੀ ਤਰਨ ਤਾਰਨ ਸਾਹਿਬ ਤੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕਿਆਂ ਬਾਰੇ ਡਾ. ਸਿੱਧੂ ਵੱਲੋਂ ਸੰਪਾਦਿਤ ਪੁਸਤਕਾਂ ਦੀ ਹੀ ਅਗਲੀ ਜਿਲਦ ਹੈ। ਸਾਕਾ ਸ੍ਰੀ ਪੰਜਾ ਸਾਹਿਬ, ਗੁਰੂ ਕਾ ਬਾਗ਼ ਮੋਰਚੇ ਦੌਰਾਨ 30 ਅਕਤੂਬਰ 1922 ਨੂੰ ਵਾਪਰਿਆ। ਭਾਈ ਪਰਤਾਪ ਸਿੰਘ ਤੇ ਭਾਈ ਕਰਮ ਸਿੰਘ ਦੀਆਂ ਬੇਮਿਸਾਲ ਸ਼ਹੀਦੀਆਂ ਕਾਰਨ ਇਹ ਸਾਕਾ ਸਿੱਖ ਹਿਰਦਿਆਂ ਉੱਤੇ ਸਥਾਈ ਛਾਪ ਛੱਡ ਗਿਆ। ਇਸ ਨੂੰ ਕਾਵਿ-ਰੂਪ ਵਿਚ ਬਹੁਤ ਸਾਰੇ ਸਮਕਾਲੀ ਕਵੀਆਂ ਨੇ ਬਿਆਨ ਕੀਤਾ, ਪਰ ਇਸ ਸਾਕਾ-ਕਾਵਿ ਦੇ ਇਕੱਤਰੀਕਰਨ ਦੇ ਸੰਜੀਦਾ ਯਤਨ ਨਾ ਉਸ ਸਮੇਂ ਹੋਏ ਅਤੇ ਨਾ ਹੀ ਬਾਅਦ ਵਿਚ। ਹੁਣ ਡਾ. ਸਿੱਧੂ ਦੇ ਉਪਰਾਲੇ ਸਦਕਾ ਦਰਜਨ ਦੇ ਕਰੀਬ ਕਵੀਆਂ ਦੀਆਂ ਰਚਨਾਵਾਂ ਦਾ ਸੰਕਲਨ ‘ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ’ ਦਾ ਹਿੱਸਾ ਬਣਿਆ ਹੈ। ਇਨ੍ਹਾਂ ਕਵੀਆਂ ਵਿਚੋਂ ਗਿਆਨੀ ਸੋਹਨ ਸਿੰਘ ਸੀਤਲ, ਗਿਆਨੀ ਕਰਤਾਰ ਸਿੰਘ ਕਲਾਸਵਾਲੀਆ, ਕਰਨੈਲ ਸਿੰਘ ਪਾਰਸ, ਗਿਆਨੀ ਨਿਰੰਜਣ ਸਿੰਘ ਸਰਲ, ਦੇਵਾ ਸਿੰਘ ਕਿਰਤੀ ਤੇ ਵਿਧਾਤਾ ਸਿੰਘ ਤੀਰ ਦੇ ਨਾਵਾਂ ਤੋਂ ਪੰਜਾਬੀ ਸਾਹਿਤ ਦੇ ਰਸੀਏ ਚੰਗੀ ਤਰ੍ਹਾਂ ਵਾਕਫ਼ ਹਨ। ਭਾਈ ਬਖ਼ਸ਼ੀ, ਬੂਟਾ ਸਿੰਘ ਲੈਹਰੀ ਜਾਂ ਮਹਾਂ ਸਿੰਘ ਗੁੜੇ ਕੁਝ ਅਣਜਾਣੇ ਨਾਮ ਹਨ। ਹਰ ਕਵੀ ਦੀਆਂ ਰਚਨਾਵਾਂ ਤੋਂ ਪਹਿਲਾਂ ਉਸ ਬਾਰੇ ਸੰਖੇਪ ਜਾਣ-ਪਛਾਣ ਕਿਤਾਬ ਵਿਚ ਦਰਜ ਹੈ। ਸਮੁੱਚੇ ਰੂਪ ਵਿਚ ਸਾਂਭਣਯੋਗ ਹੈ ਇਹ ਕਿਤਾਬ।