ਅੱਜ ਜਦੋਂ ਮੈਂ ਗੱਲ ਕਰ ਰਹੀ ਸਾਂ ਤਾਂ ਆਪਣੀ ਮਾਂ ਦੇ ਮੱਥੇ ’ਤੇ ਉੱਭਰੀਆਂ ਤਿਊੜੀਆਂ, ਗੁੱਸੇ ਨਾਲ ਫੜਫੜਾ ਰਹੇ ਬੁੱਲ੍ਹ ਦਿਸੇ। ਉਨ੍ਹਾਂ ਦੀਆਂ ਮੈਨੂੰ ਲਗਾਤਾਰ ਘੂਰਦੀਆਂ ਅੱਖਾਂ ਜਿਵੇਂ ਕਹਿ ਰਹੀਆਂ ਹੋਣ, ‘‘ਹਾਲੇ ਥੱਕੀ ਨਹੀਂ ਗੱਲ ਕਰਕੇ! ਹੋਰ ਕਿੰਨੀਆਂ ਕੁ ਗੱਲਾਂ ਰਹਿ ਗਈਆਂ?’’ ਭਾਵੇਂ ਮੌਸਮ ਠੰਢਾ ਸੀ, ਪਰ ਮੇਰੀ ਮਾਂ ਦੇ ਮੱਥੇ ’ਤੇ ਪਸੀਨੇ ਦੀਆਂ ਬੂੰਦਾਂ ਉੱਭਰ ਰਹੀਆਂ ਸਨ। ਆਪਣੇ ਮਾਂ ਪਿਓ ਦੇ ਅੱਜਕੱਲ੍ਹ ਬਦਲ ਰਹੇ ਵਤੀਰੇ ਨੂੰ ਵੇਖ ਮੇਰੀਆਂ ਸੋਚਾਂ ਵਿਚ ਵੀ ਅਜੀਬ ਜਿਹੀ ਹਲਚਲ ਮਚੀ ਹੋਈ ਹੈ ਜਿਹੜੀ ਮੈਨੂੰ ਰਾਤਾਂ ਨੂੰ ਚੱਜ ਨਾਲ ਸੌਣ ਵੀ ਨਹੀਂ ਦਿੰਦੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮਾਂ ’ਚ ਅਚਾਨਕ ਇਹ ਬਦਲਾਅ ਕਿਉਂ? ਅੱਗੇ ਤਾਂ ਕਦੇ ਮੈਨੂੰ ਫੋਨ ’ਤੇ ਗੱਲ ਕਰਨ ਤੋਂ ਨਹੀਂ ਸਨ ਰੋਕਦੇ ਸਗੋਂ ਆਪ ਮੇਰੀ ਗੱਲ ਕਰਵਾਉਂਦੇ ਸਨ ਮੇਰੀ ਭੂਆ ਨਾਲ। ਉਹ ਵਿਚਾਰੀ ਤਾਂ ਪਹਿਲਾਂ ਹੀ ਦੁੱਖਾਂ ਦੀ ਭੰਨੀ ਹੋਈ ਹੈ ਤੇ ਹੁਣ ਅਸੀਂ ਵੀ ਉਸ ਤੋਂ ਪਾਸਾ ਵੱਟ ਲਈਏ? ਮੈਨੂੰ ਤਾਂ ਕਦੇ ਕਦੇ ਆਪਣੇ ਪਿਓ ’ਤੇ ਵੀ ਬਹੁਤ ਗੁੱਸਾ ਆਉਂਦਾ, ਇੰਜ ਲੱਗਦਾ ਹੈ ਜਿਵੇਂ ਉਹ ਵੀ ਆਪਣੀ ਭੈਣ ਨਾਲ ਗੱਲ ਕਰਨ ਤੋਂ ਕਤਰਾਉਂਦਾ ਹੈ। ਇਹ ਮੇਰੇ ਪਿਓ ਦੀ ਉਹੀ ਲਾਡਲੀ ਭੈਣ ਹੈ ਜਿਸ ਨੂੰ ਉਹ ਕਦੇ ਮੇਰੇ ਨਾਲੋਂ ਵੀ ਵੱਧ ਪਿਆਰ ਕਰਦਾ ਸੀ ਤੇ ਮੈਂ ਆਪਣੇ ਪਿਓ ਦਾ ਆਪਣੇ ਨਾਲੋਂ ਵੱਧ ਕਿਸੇ ਹੋਰ ਨਾਲ ਮੋਹ ਵੇਖ ਖਿੱਝ ਜਾਂਦੀ ਸਾਂ। ਅੱਜ ਮੇਰੇ ਲਈ ਇਹ ਸਹਿਣਾ ਔਖਾ ਹੋਇਆ ਪਿਆ ਹੈ ਕਿ ਮੇਰੀ ਉਸ ਭੂਆ ਤੋ ਮੇਰੇ ਮਾਪਿਆਂ ਨੇ ਅਚਾਨਕ ਮੁੱਖ ਕਿਉਂ ਮੋੜ ਲਿਆ? ਮੈਨੂੰ ਸਮਝ ਨਹੀਂ ਆਉਂਦਾ ਕਿ ਅਜਿਹਾ ਅਚਾਨਕ ਇਕਦਮ ਹੋ ਕੀ ਗਿਆ? ਏਨੇ ਗੂੜ੍ਹੇ ਰਿਸ਼ਤਿਆਂ ਵਿਚ ਏਨੀ ਵਿੱਥ…? ਰੱਬ ਦੀ ਕੀਤੀ ਤਾਂ ਬੰਦਾ ਰੋ ਪਿੱਟ ਕੇ ਜਰ ਲੈਂਦਾ ਹੈ, ਪਰ ਆਪਣਿਆਂ ਦਾ ਕੀਤਾ ਧੱਕਾ ਜਰਨਾ ਬਹੁਤ ਔਖਾ ਹੈ। ਮੈਂ ਬਹੁਤ ਹੈਰਾਨ ਹੁੰਦੀ ਹਾਂ ਆਪਣੀ ਭੂਆ ਦਾ ਜੇਰਾ ਵੇਖ ਕੇ, ਕਿਵੇਂ ਜਰ ਗਈ ਸਾਰਾ ਕੁਝ? ਜਦੋਂ ਮੈਂ ਭੂਆ ਦੀਆਂ ਅੱਖਾਂ ਵੱਲ ਵੇਖਦੀ ਹਾਂ ਤਾਂ ਮੈਨੂੰ ਉਸ ਦੀਆਂ ਅੱਖਾਂ ਵਿਚ ਆਪਣੇ ਲਈ ਬਹੁਤ ਮੋਹ ਤਰਦਾ ਨਜ਼ਰ ਆਉਂਦਾ ਹੈ। ਭਾਵੇਂ ਭੂਆ ਦੀਆਂ ਅੱਖਾਂ ’ਚ ਉਹ ਪਹਿਲਾਂ ਵਾਲੀ ਚਮਕ
ਨਹੀਂ ਰਹੀ ਜਿਹੜੀ ਚਮਕ ਲਾਲੀ ਵੀਰੇ ਦੇ ਹੁੰਦਿਆਂ ਹੁੰਦੀ ਸੀ। ਲਾਲੀ ਵੀਰੇ ’ਚ ਭੂਆ ਦੀ ਜਾਨ ਵਸਦੀ ਸੀ। ਉਹ ਵੀ ਵੀਰੇ ਦੇ ਮਗਰ ਮਗਰ ਆ ਗਈ ਸੀ ਆਸਟਰੇਲੀਆ, ਇਹ ਸੋਚ ਕੇ ਕਿ ਵੀਰਾ ਖ਼ਬਰੇ ਰੋਟੀ ਖਾਂਦਾ ਵੀ ਹੈ ਚੱਜ ਨਾਲ ਕਿ ਨਹੀਂ? ਕਹਿੰਦੀ ਸੀ ਆਪਣੇ ਹੱਥਾਂ ਨਾਲ ਪਕਾ ਕੇ ਦਿਆ ਕਰਾਂਗੀ ਗਰਮ ਗਰਮ ਰੋਟੀਆਂ, ਪਰ ਉਹਨੂੰ ਕੀ ਪਤਾ ਸੀ ਜਿਹਨੂੰ ਗਰਮਾ ਗਰਮ ਰੋਟੀਆਂ ਦੇਣੀਆਂ ਉਹ ਤਾਂ…।
ਮੇਰੀ ਭੂਆ ਇੰਡੀਆ ਤੋਂ ਆਸਟਰੇਲੀਆ ਆ ਅੱਜਕੱਲ੍ਹ ਆਪਣੇ ਪੁੱਤ ਦੇ ਘਰ ਠਹਿਰੀ ਹੋਈ ਹੈ। ਉਹੀ ਪੁੱਤ ਜਿਹੜਾ ਕਦੋਂ ਦਾ ਸਿਵਿਆਂ ਦੀ ਰਾਖ਼ ’ਚ ਬਦਲ ਗਿਆ। ਇੱਕੋ ਇੱਕ ਪੁੱਤ ਸੀ ਮੇਰੀ ਭੂਆ ਦਾ। ਚੌਵੀ ਸਾਲਾਂ ਦਾ ਗੱਭਰੂ। ਭੂਆ ਨੇ ਸਾਰੀ ਉਮਰ ਆਪਣੇ ਉਸ ਪੁੱਤ ਬਾਰੇ ਸੋਚ ਸੋਚ ਕੇ ਕੱਢ ਦਿੱਤੀ। ਸੋਚਦੀ ਸੀ ਪੁੱਤ ਨੂੰ ਵਿਆਹ ਕੇ ਨੂੰਹ ਵਾਲੀ ਬਣ ਜਾਵੇਗੀ ਤੇ ਫੇਰ ਪੋਤੇ ਪੋਤੀਆਂ ’ਚ ਖੇਡਦਿਆਂ ਆਪਣੇ ਹੰਢਾਏ ਦੁੱਖ ਕਿਸ ਨੂੰ ਚੇਤੇ ਆ ਜਾਣਗੇ? ਪਰ ਵਿਚਾਰੀ ਨੂੰ ਕੀ ਪਤਾ ਸੀ! ਏਨੀ ਮਾੜੀ ਤਾਂ ਰੱਬ ਕਿਸੇ ਦੁਸ਼ਮਣ ਨਾਲ ਵੀ ਨਾ ਕਰੇ। ਸੋਚ ਕੇ ਮੇਰੇ ਬੁੱਲ੍ਹ ਮੇਰੇ ਦੰਦਾਂ ਵਿਚ ਟੁੱਕੇ ਗਏ।
ਉਹ ਮਸਾਂ ਅਠਾਈ ਕੁ ਵਰ੍ਹਿਆਂ ਦੀ ਸੀ ਜਦੋਂ ਉਹਦੇ ਨਾਲ ਲਾਵਾਂ ਲੈਣ ਵਾਲੇ ਦੇ ਸਾਹਾਂ ਦੀਆਂ ਤੰਦਾਂ ਟੁੱਟ ਗਈਆਂ। ਭੂਆ ਨੂੰ ਮਿੰਟ ਨਹੀਂ ਲੱਗਿਆ ਸੁਹਾਗਣ ਤੋਂ ਵਿਧਵਾ ਹੋਣ ’ਚ। ਉਹ ਤਾਂ ਉੱਦਣ ਬੜੀ ਖ਼ੁਸ਼ ਸੀ ਕਿਉਂਕਿ ਪੰਜ ਵਰ੍ਹੇ ਜੋ ਹੋ ਗਏ ਸਨ ਭੂਆ ਨੂੰ ਫੁੱਫੜ ਦੇ ਲੜ ਲੱਗਿਆਂ। ਇਨ੍ਹਾਂ ਪੰਜ ਵਰ੍ਹਿਆਂ ’ਚ ਉਹਨੇ ਆਪਣੇ ਪਤੀ ਨਾਲ ਕਦੇ ਲੜ ਕੇ ਨਹੀਂ ਸੀ ਵੇਖਿਆ। ਫੁੱਫੜ ਜੀ ਵੀ ਭੂਆ ਦੀ ਹਾਂ ’ਚ ਹਾਂ ਮਿਲਾਉਂਦੇ। ਬਹੁਤ ਗੂੜ੍ਹਾ ਪਿਆਰ ਸੀ ਦੋਵਾਂ ਦਾ। ਸ਼ਾਇਦ ਇੰਨਾ ਕੁ ਹੀ ਸਾਥ ਸੀ। ਉਸ ਸ਼ਾਮ ਭੂਆ ਆਪਣੇ ਜੀਵਨ ਸਾਥੀ ਨੂੰ ਉਡੀਕ ਰਹੀ ਸੀ, ਪਰ ਉਸ ਨੂੰ ਕੀ ਪਤਾ ਸੀ ਕਿ ਇਹ ਉਮਰਾਂ ਦੀ ਉਡੀਕ ਬਣ ਜਾਵੇਗੀ। ਉਸ ਸ਼ਾਮ ਭੂਆ ਦੀ ਜ਼ਿੰਦਗੀ ’ਚ ਅਜਿਹਾ ਹਨੇਰਾ ਪਸਰਿਆ ਜਿਹੜਾ ਉਸ ਦੀ ਜ਼ਿੰਦਗੀ ’ਚ ਪੱਕੇ ਪੈਰ ਪਸਾਰ ਕੇ ਬੈਠ ਗਿਆ। ਉਸ ਦਿਨ ਘਰ ਫੁੱਫੜ ਜੀ ਨਹੀਂ ਆਏ, ਉਨ੍ਹਾਂ ਦੀ ਲਾਸ਼ ਆਈ। ਲਾਸ਼ ਵੀ ਇਸ ਹਾਲਤ ਵਿਚ ਜਿਸ ਨੂੰ ਵੇਖਿਆ ਵੀ ਨਹੀਂ ਸੀ ਜਾ ਸਕਦਾ। ਕੋਈ ਟਰੱਕ ਵਾਲਾ ਦਰੜ ਕੇ ਚਲਿਆ ਗਿਆ ਸੀ ਭੂਆ ਦੀਆਂ ਖ਼ੁਸ਼ੀਆਂ, ਸੱਧਰਾਂ ਤੇ ਸੁਪਨਿਆਂ ਨੂੰ। ਫੁੱਫੜ ਜੀ ਦੇ ਤੁਰ ਜਾਣ ਮਗਰੋਂ ਭੂਆ ਜਿਵੇਂ ਪੱਥਰ ਹੋ ਗਈ ਹੋਵੇ। ਉਸ ਨੂੰ ਕੋਈ ਸੁੱਧ ਬੁੱਧ ਨਹੀਂ ਸੀ ਰਹਿੰਦੀ। ਬੀਬੀ ਦੱਸਦੀ ਹੁੰਦੀ ਉਦੋਂ ਭੂਆ ਦੀ ਕੁੜੀ ਮਹਿਕ ਮਸਾਂ ਡੇਢ ਕੁ ਸਾਲ ਦੀ ਸੀ ਤੇ ਲਾਲੀ ਵੀਰਾ ਚਾਰ ਕੁ ਸਾਲ ਦਾ। ਮੇਰੇ ਦਾਦਾ ਦਾਦੀ ਤੇ ਭੂਆ ਦੇ ਰੱਬ ਵਰਗੇ ਸੱਸ ਸਹੁਰੇ ਨੇ ਬਥੇਰਾ ਜ਼ੋਰ ਲਾਇਆ ਕਿ ਉਸ ਦੀ ਜ਼ਿੰਦਗੀ ਵਿਚ ਦੁਬਾਰਾ ਖ਼ੁਸ਼ੀਆਂ ਦੇ ਰੰਗ ਭਰੇ ਜਾਣ, ਪਰ ਉਹ ਹਮੇਸ਼ਾਂ ਆਖਦੀ ਜਦੋਂ ਇਕ ਵਾਰ ਜ਼ਿੰਦਗੀ ਦੇ ਰੰਗ ਉੱਡ ਜਾਣ ਤਾਂ ਕੋਈ ਹੋਰ ਰੰਗ ਨਹੀਂ ਜਚਦਾ। ਫਿੱਕੇ ਰੰਗਾਂ ਨਾਲ ਸਾਂਝ ਪਾ ਕੇ ਹੀ ਮੈਂ ਆਪਣੀ ਜ਼ਿੰਦਗੀ ਕੱਢ
ਲੈਣੀ। ਨਾਲੇ ਸੁੱਖ ਨਾਲ ਮੈਨੂੰ ਕਾਹਦਾ ਘਾਟਾ? ਰੱਬ
ਨੇ ਇੱਕ ਧੀ ਤੇ ਪੁੱਤ ਦਿੱਤਾ। ਉਨ੍ਹਾਂ ਨਾਲ ਹੀ ਮੇਰੀ ਜ਼ਿੰਦਗੀ ਦੇ ਰੰਗ ਭਰ ਜਾਣੇ।
ਭੂਆ ਨੂੰ ਤਿੰਨ ਚਾਰ ਵਰ੍ਹੇ ਲੱਗ ਗਏ ਆਪਣੇ ਆਪ ਨੂੰ ਸੰਭਾਲਦਿਆਂ। ਉਦੋਂ ਤੱਕ ਮਹਿਕ ਵੀ ਸਕੂਲ ਜਾਣ ਲੱਗੀ ਤੇ ਲਾਲੀ ਵੀਰਾ ਵੀ ਤੀਜੀ ਜਮਾਤ ਵਿਚ ਹੋ ਗਿਆ। ਭੂਆ ਦੀ ਸੱਸ ਬਹੁਤ ਚੰਗੀ ਸੀ। ਉਹਨੇ ਭੂਆ ਨੂੰ ਆਪਣੀਆਂ ਧੀਆਂ ਨਾਲੋਂ ਵੀ ਵੱਧ ਪਿਆਰਿਆ। ਭੂਆ ਦਾ ਦਿਓਰ ਦਰਾਣੀ ਵੀ ਉਸ ਦੀ ਬਹੁਤ ਇੱਜ਼ਤ ਕਰਦੇ। ਭੂਆ ਲਈ ਉਹ ਆਪਣੇ ਭੈਣ ਭਰਾਵਾਂ ਨਾਲੋਂ ਵੀ ਵੱਧ ਸਨ। ਚੰਗੀ ਜ਼ਮੀਨ ਜਾਇਦਾਦ ਬਣਾਈ ਹੋਈ ਸੀ ਫੁੱਫੜ ਜੀ ਨੇ। ਉਨ੍ਹਾਂ ਦਾ ਕੰਮ ਧੰਦਾ ਬਹੁਤ ਚੰਗਾ ਸੀ, ਪਰ ਦਿਓਰ ਨੇ ਕਦੇ ਵੀ ਉਨ੍ਹਾਂ ਦੀ ਜਾਇਦਾਦ ’ਤੇ ਹੱਕ ਨਹੀਂ ਜਤਾਇਆ। ਸ਼ਹਿਰ ਵਿਚਲੀਆਂ ਤਿੰਨ ਦੁਕਾਨਾਂ ਅਤੇ ਕੋਠੀ ਦੇ ਕਿਰਾਏ ਵੱਲ ਕਦੇ ਵੀ ਕਿਸੇ ਨੇ ਝਾਕ ਨਹੀਂ ਰੱਖੀ। ਉਹ ਰੁਪਏ ਆਏ ਮਹੀਨੇ ਭੂਆ ਦੇ ਹੱਥ ’ਤੇ ਧਰੇ ਜਾਂਦੇ ਸਨ। ਭੂਆ ਦੇ ਸਹੁਰੇ ਨੇ ਘਰ ਅਤੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਆਪੇ ਚੁੱਕਿਆ ਹੋਇਆ ਸੀ। ਉਸ ਨੂੰ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਪਰ ਇਕੋ ਕਮੀ ਸੀ ਜਿਹੜੀ ਕਦੇ ਪੂਰੀ ਨਹੀਂ ਸੀ ਹੋ ਸਕਦੀ।
ਭੂਆ ਹਾਲੇ ਜੀਣਾ ਸਿੱਖ ਹੀ ਰਹੀ ਸੀ ਮਹਿਕ ਅਤੇ ਲਾਲੀ ਨੂੰ ਵੇਖ ਵੇਖ। ਸ਼ਾਇਦ ਜ਼ਿੰਦਗੀ ਨੂੰ ਭੂਆ ਦਾ ਜਿਉਣ ਦਾ ਇਹ ਢੰਗ ਵੀ ਪਸੰਦ ਨਹੀਂ ਆਇਆ। ਇਕ ਹੋਰ ਚਿੰਗਿਆੜੀ ਬੇਵਕਤ ਮੱਚ ਉੱਠੀ ਭੂਆ ਦੀਆਂ ਖ਼ੁਸ਼ੀਆਂ ਸਾੜ ਕੇ ਸੁਆਹ ਕਰਨ ਲਈ। ਇਸ ਵਾਰ ਕਿਸਮਤ ਨੇ ਭੂਆ ਦੇ ਲੇਖਾਂ ਵਿਚੋਂ ਧੀ ਨਾਂ ਦੀ ਲਕੀਰ ਵੱਢ ਪਰ੍ਹਾਂ ਸੁੱਟ ਦਿੱਤੀ। ਉਹ ਬਹੁਤ ਰੋਈ, ਧੀ ਲਈ ਬਹੁਤ ਤੜਪੀ, ਪਰ ਮਹਿਕ ਦੇ ਸਾਹ ਵੀ ਪਲਾਂ ਵਿਚ ਧੋਖਾ ਦੇ ਗਏ। ਇਕ ਦਿਨ ਮਾੜਾ ਜਿਹਾ ਤਾਪ ਹੋਇਆ ਤੇ ਦੂਜੇ ਦਿਨ ਹੈਜ਼ੇ ਨੇ ਖਾ ਲਈ ਮਹਿਕ। ਡਾਕਟਰ ਨੇ ਮਿੰਟ ਲਾਇਆ ਨਾਂਹ ਵਿਚ ਸਿਰ ਮਾਰਨ ਨੂੰ। ਆਖਣ ਲੱਗਾ, ‘‘ਹੁਣ ਕੁਝ ਨਹੀਂ ਬਚਿਆ ਇਹਦੇ ’ਚ। ਘਰ ਲੈ ਜਾਓ।’’ ਮੇਰੀ ਭੂਆ ਡਾਕਟਰ ਮੁੂਹਰੇ ਹੱਥ ਜੋੜ ਤਰਲੇ ਮਿੰਨਤਾਂ ਕਰਨ ਲੱਗੀ ਕਿ ਮੇਰੀ ਧੀ ਨੂੰ ਬਚਾ ਲਓ। ਖ਼ੈਰ! ਉਸ ਨੇ ਪਹਾੜ ਜਿੱਡਾ ਜੇਰਾ ਕਰ ਇਹ ਦੁੱਖ ਵੀ ਜਰ ਲਿਆ। ਹੁਣ ਉਸ ਦੀ ਰੂਹ ਦੀਆਂ ਤੰਦਾਂ ਉਸ ਦੇ ਪੁੱਤ ਨਾਲ ਬੱਝੀਆਂ ਰਹਿ ਗਈਆਂ।
ਉਹ ਸਵੇਰੇ ਸ਼ਾਮ ਰੱਬ ਅੱਗੇ ਪੁੱਤ ਦੀ ਲੰਬੀ ਉਮਰ ਦੀਆਂ ਅਰਦਾਸਾਂ ਕਰਦੀ। ਹੋਰ ਬਚਿਆ ਵੀ ਕੀ ਸੀ ਉਹਦੇ ਕੋਲ? ਲਾਡਾਂ ਚਾਵਾਂ ਨਾਲ ਪੜ੍ਹਾਇਆ ਲਿਖਾਇਆ ਬਾਰ੍ਹਵੀਂ ਕਰਵਾਈ। ਪੁੱਤ ਹੁਣ ਉਡਾਰ ਹੋ ਗਿਆ ਸੀ ਤੇ ਆਪਣੀਆਂ ਮਨਮਰਜ਼ੀਆਂ ਕਰਨੀਆਂ ਵੀ ਉਹਨੇ ਸਿੱਖ ਲਈਆਂ ਸਨ। ਭੂਆ ਦੇ ਮਾਂ ਪਿਓ ਤੇ ਵੱਡਾ ਭਰਾ ਯਾਨੀ ਮੇਰੇ ਦਾਦਾ ਦਾਦੀ ਅਤੇ ਪਿਓ ਆਸਟਰੇਲੀਆ ਵੱਸਦੇ ਹਨ। ਲਾਲੀ ਦੇ ਮਨ ਵਿਚ ਵੀ ਰੀਝਾਂ ਪਣਪ ਗਈਆਂ ਆਸਟਰੇਲੀਆ ਆਉਣ ਦੀਆਂ। ਭਾਵੇਂ ਭੂਆ ਭੋਰਾ ਹੱਕ ਵਿਚ ਨਹੀਂ ਸੀ ਆਪਣਾ ਘਰ-ਬਾਰ ਛੱਡ ਕੇ ਵਿਦੇਸ਼ ਆਉਣ ਦੇ, ਪਰ ਜਵਾਨ ਪੁੱਤ ਦੀਆਂ ਰੀਝਾਂ ਮੂਹਰੇ ਬੇਵੱਸ ਹੋ ਕੇ ਹਾਮੀ ਭਰ ਦਿੱਤੀ। ਪਹਿਲਾਂ ਪੁੱਤ ਬਾਹਰ ਤੋਰਿਆ ਤੇ ਮਗਰ ਮਗਰ ਆਪ ਵੀ ਆ ਗਈ। ਜਦੋਂ ਲਾਲੀ ਸਾਡੇ ਕੋਲ ਆਇਆ ਉਦੋਂ ਮੇਰੇ ਮਾਪੇ ਬਹੁਤ ਖ਼ੁਸ਼ ਸਨ। ਉਦੋਂ ਹੀ ਕਿਉਂ ਉਸ ਤੋਂ ਪਹਿਲਾਂ ਵੀ ਮੇਰੇ ਮਾਪੇ ਮੇਰੀ ਭੂਆ ਨੂੰ ਬਹੁਤ ਮੋਹ ਕਰਦੇ ਸਨ। ਕੋਈ ਦਿਨ ਅਜਿਹਾ ਨਹੀਂ ਸੀ ਲੰਘਦਾ ਜਿੱਦਣ ਭੂਆ ਨਾਲ ਫ਼ੋਨ ’ਤੇ ਗੱਲ ਨਾ ਹੋਈ ਹੋਵੇ। ਜਦੋਂ ਵੀ ਅਸੀਂ ਇੰਡੀਆ ਜਾਂਦੇ ਮੇਰੀ ਮਾਂ ਭੂਆ ਲਈ ਵਧੀਆ ਤੋਂ ਵਧੀਆ ਤੋਹਫ਼ੇ ਲੈ ਕੇ ਜਾਂਦੀ। ਭੂਆ ਵੀ ਮੇਰੇ ਮਾਂ ਪਿਓ ਨੂੰ ਤੇ ਮੈਨੂੰ ਆਪਣੀਆਂ ਪਲਕਾਂ ’ਤੇ ਬਿਠਾ ਕੇ ਰੱਖਦੀ। ਮੈਨੂੰ ਤਾਂ ਬਹੁਤਾ ਹੀ ਲਾਡ ਲਡਾਉਂਦੀ। ਉਦੋਂ ਮੇਰੇ ਮਾਪਿਆਂ ਨੂੰ ਕਦੇ ਬੁਰਾ ਨਹੀਂ ਲੱਗਿਆ। ਹੁਣ ਪਤਾ ਨਹੀਂ ਕੀ ਹੋ ਗਿਆ? ਹੁਣ ਜਦੋਂ ਭੂਆ ਮੇਰੇ ਨਾਲ ਲਾਡ ਨਾਲ ਗੱਲਾਂ ਕਰਦੀ ਤੇ ਮੈਨੂੰ ਵੀ ਉਹਦੇ ’ਤੇ ਮੋਹ ਆਉਂਦਾ ਹੈ ਤਾਂ ਮੇਰੇ ਮਾਪਿਆਂ ਦੀਆਂ ਅੱਖਾਂ ਵਿਚ ਮੈਨੂੰ ਅਜੀਬ ਜਿਹੇ ਡਰ ਦਾ ਪਰਛਾਵਾਂ ਨਜ਼ਰ ਆਉਣ ਲੱਗਦਾ ਹੈ। ਮੈਂ ਉਨ੍ਹਾਂ ਨੂੰ ਕਿੰਨੀ ਵਾਰ ਪੁੱਛ ਚੁੱਕੀ ਹਾਂ ਕਿ ਆਖ਼ਰ ਅਜਿਹਾ ਕੀ ਹੋ ਗਿਆ? ਤੁਸੀਂ ਭੂਆ ਤੋਂ ਮੂੰਹ ਕਿਉਂ ਵੱਟ ਰਹੇ ਹੋ? ਉਹ ਵਿਚਾਰੀ ਤਾਂ ਪਹਿਲਾਂ ਹੀ ਰੱਬ ਦੀ ਮਾਰੀ ਹੋਈ ਹੈ, ਪਰ ਤੁਸੀਂ ਉਸ ਨਾਲੋਂ ਆਪਣਾ ਤੇ ਮੇਰਾ ਮੋਹ ਤੋੜ ਕੇ ਉਹਨੂੰ ਮੌਤ ਤੋਂ ਪਹਿਲਾਂ ਹੀ ਕਿਉਂ ਮਾਰਨਾ ਚਾਹੁੰਦੇ ਹੋ? ਪਰ ਉਨ੍ਹਾਂ ਕੋਲ ਮੇਰੀ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਹੁੰਦਾ। ਜਵਾਬ ਤਾਂ ਬੀਬੀ ਤੇ ਬਾਪੂ ਜੀ ਕੋਲ ਵੀ ਨਹੀਂ ਫਿਰ ਕੀਹਨੂੰ ਪੁੱਛਾਂ ਮੈਂ? ਮੈਨੂੰ ਕੁਝ ਸਮਝ ਨਹੀਂ ਆਉਂਦਾ।
ਭੂਆ ਨੇ ਲਾਲੀ ਨੂੰ ਸਾਡੇ ਕੋਲ ਭੇਜਿਆ। ਛੇਤੀ ਹੀ ਲਾਲੀ ਨੂੰ ਪਾਪਾ ਨੇ ਵੱਖਰਾ ਘਰ ਲੈ ਦਿੱਤਾ। ਬੀਬੀ ਤੇ ਬਾਪੂ ਜੀ ਵੀ ਲਾਲੀ ਨਾਲ ਰਹਿਣ ਲੱਗੇ। ਆਖ਼ਰ ਨਾਨਾ ਨਾਨੀ ਸਨ ਇੰਜ ਦੋਹਤੇ ਨੂੰ ’ਕੱਲਾ ਕਿਵੇਂ ਛੱਡ ਸਕਦੇ ਸਨ? ਤੇ ਭੂਆ ਵੀ ਆ ਗਈ ਆਪਣੇ ਪੁੱਤ ਕੋਲ। ਜ਼ਿੰਦਗੀ ਸੋਹਣੀ ਤੁਰ ਪਈ। ਭੂਆ ਦੇ ਦਿਓਰ ਦੇ ਪੁੱਤ ਦਾ ਵਿਆਹ ਵੀ ਆ ਗਿਆ। ਭੂਆ ਨੇ ਵਿਆਹ ’ਚ ਸਾਂਝ ਪਾਉਣਾ ਆਪਣਾ ਫ਼ਰਜ਼ ਸਮਝਿਆ ਤੇ ਆਪਣੇ ਫ਼ਰਜ਼ ਨੂੰ ਨਿਭਾਉਣ ਲਈ ਇੰਡੀਆ ਗਈ। ਲਾਲੀ ਵੀ ਮੰਗਿਆ ਹੋਇਆ ਸੀ ਤੇ ਵਿਆਹ ਦੇ ਦਿਨ ਹਾਲੇ ਧਰਨੇ ਸਨ, ਪਰ ਉਸ ਨੂੰ ਕੀ ਪਤਾ ਸੀ ਕਿ ਇਹ ਦਿਨ ਕਦੇ ਧਰੇ ਨਹੀਂ ਜਾਣੇ। ਭੂਆ ਨੂੰ ਇੰਡੀਆ ਆਇਆਂ ਦੋ ਦਿਨ ਹੀ ਹੋਏ ਸਨ ਕਿ ਨਾਲ ਹੀ ਖ਼ਬਰ ਆ ਗਈ ਕਿ ਲਾਲੀ ਨੂੰ ਸੱਟ ਲੱਗੀ। ਭੂਆ ਉਨ੍ਹੀਂ ਪੈਰੀਂ ਟਿਕਟ ਕਰਾ ਵਾਪਸ ਆਸਟਰੇਲੀਆ ਆ ਪਹੁੰਚੀ। ਇਕ ਵਾਰ ਫਿਰ ਮੌਤ ਜਿੱਤ ਗਈ ਤੇ ਜ਼ਿੰਦਗੀ ਹਾਰ ਗਈ। ਭੂਆ ਨੂੰ ਪੁੱਤ ਦੀ ਲਾਸ਼ ਹੀ ਮਿਲੀ। ਉਹ ਵੀ ਪਿਓ ਵਰਗੀ ਕਿਸਮਤ ਹੀ ਲਿਖਵਾ ਕੇ ਲਿਆਇਆ ਸੀ ਤੇ ਕਿਸਮਤ ’ਚ ਲਿਖਿਆ ਹੋਇਆ ਸੀ ਐਕਸੀਡੈਂਟ।
ਭੂਆ ਦਾ ਸਭ ਕੁਝ ਲੁੱਟਿਆ ਗਿਆ। ਨਾ ਪੁੱਤ ਬਚਿਆ ਨਾ ਧੀ। ਸੰਤਾਲੀ ਸਾਲ ਦੀ ਉਮਰ ਵਿਚ ਭੂਆ ਖ਼ਾਲੀ ਹੋ ਕੇ ਬੈਠ ਗਈ। ਉਸ ਦਾ ਕਿਧਰੇ ਦਿਲ ਨ੍ਹੀਂ ਸੀ ਲੱਗਦਾ। ਹੁਣ ਭੂਆ ਜੇ ਮੇਰੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਦੀ ਹੈ ਤਾਂ ਪਤਾ ਨਹੀਂ ਕਿਉਂ ਮੇਰੇ ਮੰਮੀ ਪਾਪਾ ਉਸ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖਦੇ ਨੇ। ਜਿਵੇਂ ਉਹ ਡਰਦੇ ਹੋਣ ਕਿਧਰੇ ਭੂਆ ਮੈਨੂੰ ਉਨ੍ਹਾਂ ਕੋਲੋਂ ਖੋਹ ਨਾ ਲਏ। ਮੈਨੂੰ ਆਪਣੇ ਮਾਂ ਪਿਓ ਦੀਆਂ ਇਨ੍ਹਾਂ ਅਜੀਬ ਗੱਲਾਂ ’ਤੇ ਤਰਸ ਆਉਂਦਾ ਹੈ। ਭਲਾ ਇਉਂ ਵੀ ਕਦੇ ਹੁੰਦਾ ਹੈ? ਕੌਣ ਕਿਸੇ ਦੀ ਔਲਾਦ ਨੂੰ ਖੋਹ ਸਕਦਾ ਹੈ? ਮੈਂ ਚਾਹੇ ਆਪਣੀ ਭੂਆ ਨਾਲ ਲਾਡ ਕਰਾਂ ਭਾਵੇਂ ਨਾ… ਧੀ ਤਾਂ ਆਪਣੇ ਮਾਪਿਆਂ ਦੀ ਹੀ ਰਹਾਂਗੀ। ਪਰ ਉਨ੍ਹਾਂ ਨੂੰ ਕਿੰਜ ਸਮਝਾਵਾਂ, ਇਹ ਮੇਰੇ ਵੱਸ ਤੋਂ ਬਾਹਰੀ ਗੱਲ ਹੈ।
ਮੇਰੇ ਮਾਪਿਆਂ ਦੇ ਰੁੱਖੇ ਵਤੀਰੇ ਤੋਂ ਦੁਖੀ ਹੋ ਭੂਆ ਇੰਡੀਆ ਚਲੀ ਗਈ। ’ਕੱਲੀ ਜਾਨ ਨੂੰ ਘਰ ਵੱਢ ਖਾਣ ਨੂੰ ਆਵੇ। ਉਹ ਮੇਰੇ ਤਾਏ ਦੇ ਘਰ ਚਲੀ ਗਈ। ਆਖ਼ਰ ਉਹਦਾ ਵੱਡਾ ਭਰਾ ਸੀ। ਭਰਾ ਵੀ ਬੜਾ ਮੋਹ ਦਿਖਾਉਂਦਾ ਸੀ ਕਿ ਭੈਣ ਥੋੜ੍ਹੇ ਦਿਨ ਸਾਡੇ ਘਰ ਆ ਕੇ ਰਹਿ ਤੇਰਾ ਮਨ ਬਦਲ ਜਾਵੇਗਾ। ਭੂਆ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੀ ਨੀਅਤ ਬਦਲ ਜਾਵੇਗੀ। ਉਨ੍ਹਾਂ ਨੇ ਭੂਆ ਨੂੰ ਹੱਥ ’ਚ ਕਰ ਦੋ ਦੁਕਾਨਾਂ ਆਪਣੇ ਨਾਂ ਕਰਾਉਣ ਨੂੰ ਦੇਰ ਨਾ ਲਾਈ। ਜਦੋਂ ਦੁਕਾਨਾਂ ਉਨ੍ਹਾਂ ਦੇ ਨਾਂ ਹੋ ਗਈਆਂ ਤਾਂ ਆਪੇ ਭੂਆ ਨੂੰ ਉਹਦੇ ਘਰ ਛੱਡ ਆਏ। ਮੁੜ ਕੀਹਨੇ ਸਾਰ ਲੈਣੀ ਸੀ? ਹੁਣ ਤਾਂ ਨਾ ਭੂਆ ਦੀ ਸੱਸ ਸੀ ਨਾ ਸਹੁਰਾ, ਉਹ ਤਾਂ ਕਦੋਂ ਦੇ ਮਰ ਮੁੱਕ ਗਏ ਸਨ। ਦਿਉਰ ਦਰਾਣੀ ਭਾਵੇਂ ਬਥੇਰੇ ਚੰਗੇ ਸਨ, ਪਰ ਭੂਆ ਦਾ ਭਰੋਸਾ ਟੁੱਟ ਗਿਆ ਸੀ ਆਪਣੇ ਭਰਾ ਭਤੀਜੇ ਤੋਂ ਖਾਧੀ ਸੱਟ ਕਾਰਨ। ਏਧਰ ਬੀਬੀ ਬਾਪੂ ਜੀ ਨੂੰ ਆਪਣੀ ਧੀ ਦਾ ਫ਼ਿਕਰ ਸੀ। ਉਨ੍ਹਾਂ ਨੇ ਭੂਆ ਨੂੰ ਆਪਣੇ ਪਿਆਰ ਦਾ ਵਾਸਤਾ ਦੇ ਕੇ ਆਪਣੇ ਕੋਲ ਵਾਪਸ ਸੱਦ ਲਿਆ।
ਜਦੋਂ ਬੀਜੀ ਬਾਪੂ ਜੀ ਨੇ ਭੂਆ ਨੂੰ ਵਾਪਸ ਸੱਦਿਆ ਉਦੋਂ ਵੀ ਸਾਡੇ ਘਰ ਬਹੁਤ ਕਲੇਸ਼ ਪਿਆ। ਬੀਜੀ ਤੇ ਬਾਪੂ ਜੀ ਵੀ ਹੁਣ ਤਾਂ ਹੀ ਸਾਡੇ ਘਰ ਘੱਟ ਵੱਧ ਹੀ ਆਉਂਦੇ ਹਨ। ਜ਼ਿਆਦਾਤਰ ਲਾਲੀ ਵੀਰੇ ਵਾਲੇ ਘਰ ਹੀ ਰਹਿੰਦੇ ਹਨ। ਉਂਜ ਵੀ ਲਾਲੀ ਵੀਰੇ ਦੀਆਂ ਯਾਦਾਂ ਵੱਸੀਆਂ ਹੋਈਆਂ ਨੇ ਉਸ ਘਰ ਵਿਚ। ਜਦੋਂ ਮੈਂ ਵੀ ਉਧਰ ਜਾਣ ਦੀ ਗੱਲ ਕਰਦੀ ਹਾਂ ਤਾਂ ਮੰਮੀ ਪਾਪਾ ਜਿਨ੍ਹਾਂ ਮੈਨੂੰ ਕਦੇ ਝਿੜਕ ਕੇ ਨਹੀਂ ਸੀ ਵੇਖਿਆ ਗੁੱਸੇ ਨਾਲ ਆਖਦੇ ਹਨ, ‘‘ਕੀ ਕਰਨ ਜਾਣਾ ਉੱਧਰ?’’ ਮੇਰਾ ਜੀਅ ਕਰਦਾ ਕਿ ਮੈਂ ਉਨ੍ਹਾਂ ਨੂੰ ਪੁੱਛਾਂ ਬਈ ਆਖ਼ਰ ਗੱਲ ਕੀ ਹੈ? ਪਰ ਉਨ੍ਹਾਂ ਦੇ ਉਤਰੇ ਚਿਹਰੇ ਵੇਖ ਮੇਰੇ ਮਨ ਵਿਚ ਆਏ ਅਨੇਕਾਂ ਸੁਆਲ ਮੇਰੇ ਗਲੇ ਵਿਚ ਹੀ ਡੁੱਬ ਜਾਂਦੇ ਹਨ। ਮੈਂ ਚੁੱਪ ਵੱਟ ਲੈਂਦੀ ਹਾਂ। ਕਦੇ ਕਦੇ ਮੈਂ ਸੋਚਦੀ ਹਾਂ ਕਿ ਮੇਰੇ ਤਾਏ ਵੱਲੋਂ ਭੂਆ ਤੋਂ ਹਥਿਆਈਆਂ ਦੋ ਦੁਕਾਨਾਂ ਕਾਰਨ ਹੀ ਤਾਂ ਨਹੀਂ ਵਿੱਥ ਪੈ ਗਈ ਰੂਹਾਂ ’ਚ? ਫਿਰ ਸੋਚਦੀ, ਨਹੀਂ, ਮੇਰੇ ਮਾਂ ਪਿਓ ਨੂੰ ਕਿਹੜਾ ਪੈਸੇ ਦਾ ਘਾਟਾ ਹੈ? ਬਥੇਰੀ ਪ੍ਰਾਪਰਟੀ ਉਨ੍ਹਾਂ ਕੋਲ। ਉਹ ਤਾਂ
ਆਪ ਤਾਏ ਨਾਲ ਨਾਰਾਜ਼ ਨੇ ਕਿ ਉਹਨੇ ਭੈਣ ਨਾਲ ਬੇਈਮਾਨੀ ਕੀਤੀ। ਕਿੱਥੇ ਲੈ ਕੇ ਜਾਣੀ ਹੈ ਜ਼ਮੀਨ ਜਾਇਦਾਦ ਕਿਸੇ ਦਾ ਦਿਲ ਦੁਖਾ ਕੇ? ਏਨਾ ਤਾਂ ਮੈਨੂੰ ਵੀ ਭਰੋਸਾ ਹੈ ਆਪਣੇ ਮਾਂ ਪਿਓ ’ਤੇ ਕਿ ਉਹ ਕਿਸੇ ਨਾਲ ਵੀ ਬੇਈਮਾਨੀ ਨਹੀਂ ਕਰ ਸਕਦੇ। ਪਰ ਮੈਂ ਆਪਣੀਆਂ ਸੋਚਾਂ ਦੀਆਂ ਤੰਦਾਂ ਨੂੰ ਕੀ ਕਰਾਂ ਜਿਨ੍ਹਾਂ ਵਿਚ ਮੈਂ ਦਿਨ ਰਾਤ ਉਲਝਦੀ ਜਾ ਰਹੀ ਹਾਂ।
ਅੱਜ ਮੈਂ ਬਿਨਾਂ ਕਿਸੇ ਨੂੰ ਦੱਸਿਆਂ ਬੀਬੀ ਬਾਪੂ ਜੀ ਨੂੰ ਮਿਲਣ ਜਾਣ ਬਾਰੇ ਸੋਚ ਰਹੀ ਸੀ। ਕਦੇ ਸੋਚਦੀ ਜਾਵਾਂ ਫਿਰ ਸੋਚਦੀ ਛੱਡ ਪਰ੍ਹਾਂ… ਘਰ ’ਚ ਕਲੇਸ਼ ਹੋਵੇਗਾ… ਕੀ ਫ਼ਾਇਦਾ? ਫਿਰ ਸੋਚਿਆ ਜ਼ਰੂਰੀ ਦੱਸਣਾ ਹੈ ਕਿ ਬੀਬੀ ਬਾਪੂ ਜੀ ਕੋਲ ਜਾ ਰਹੀ ਹਾਂ?… ਕਹਿ ਦਿਆਂਗੀ ਆਪਣੀ ਸਹੇਲੀ ਦੇ ਘਰ ਚੱਲੀ ਹਾਂ। ਮੈਂ ਆਪਣੇ ਮਨ ਦੀ ਗੱਲ ਮੰਨ ਲਈ ਅਤੇ ਮੰਮੀ ਨੂੰ ਦੱਸਿਆ ਕਿ ਮੈਂ ਆਪਣੀ ਸਹੇਲੀ ਹਰਜੋਤ ਨੂੰ ਮਿਲਣ ਜਾ ਰਹੀ ਹਾਂ। ਮੈਂ ਬੀਬੀ ਬਾਪੂ ਜੀ ਕੋਲ ਪਹੁੰਚ ਗਈ। ਭੂਆ ਜੀ ਕੋਲ ਲਾਲੀ ਵੀਰੇ ਦੀ ਮੰਗੇਤਰ ਆਈ ਹੋਈ ਸੀ। ਮੈਂ ਦੋ ਕੁ ਮਿੰਟ ਉਨ੍ਹਾਂ ਕੋਲ ਬੈਠੀ। ਮੇਰਾ ਮਨ ਭਰ ਆਇਆ। ਮੈਂ ਸੋਚਿਆ ਬੀਜੀ ਬਾਪੂ ਜੀ ਕੋਲ ਜਾ ਕੇ ਬੈਠਦੀ ਹਾਂ। ਮੈਂ ਉਨ੍ਹਾਂ ਨੂੰ ਸਰਪ੍ਰਾਈਜ਼ ਦੇਣ ਦੇ ਇਰਾਦੇ ਨਾਲ ਦਰਵਾਜ਼ੇ ਦੇ ਬਾਹਰ ਹੀ ਖੜ੍ਹ ਗਈ ਤੇ ਸੋਚਣ ਲੱਗੀ ਕਿ ਕੀ ਕਹਾਂ? ਮੈਂ ਬੀਜੀ ਬਾਪੂ ਜੀ ਦੀਆਂ ਜਿਹੜੀਆਂ ਗੱਲਾਂ ਸੁਣੀਆਂ ਉਨ੍ਹਾਂ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਮੇਰੀਆਂ ਸੋਚਾਂ ਦੀਆਂ ਤੰਦਾਂ ਮੇਰੇ ਦਿਲ ਦਿਮਾਗ਼ ਨਾਲ ਉਲਝ ਪਈਆਂ। ਮੈਨੂੰ ਇੰਜ ਲੱਗਿਆ ਜਿਵੇਂ ਮੇਰੇ ਪੈਰਾਂ ਥੱਲਿਓਂ ਕਿਸੇ ਨੇ ਜ਼ਮੀਨ ਖਿੱਚ ਲਈ ਹੋਵੇ। ਮੈਂ ਉਸ ਘੜੀ ਨੂੰ ਪਛਤਾ ਰਹੀ ਸਾਂ ਜਦੋਂ ਘਰੋਂ ਤੁਰੀ ਸਾਂ। ਮੇਰੇ ਸਾਹਮਣੇ ਮੇਰੀ ਜ਼ਿੰਦਗੀ ਦਾ ਇਕ ਬਹੁਤ ਵੱਡਾ ਭੇਤ ਖੁੱਲ੍ਹ ਗਿਆ ਸੀ ਜਿਸ ਦਾ ਹਮੇਸ਼ਾਂ ਭੇਤ ਬਣਿਆ ਰਹਿਣਾ ਹੀ ਸ਼ਾਇਦ ਸਭ ਲਈ ਚੰਗਾ ਸੀ। ਮੈਨੂੰ ਅੱਜ ਸਮਝ ਆ ਗਈ ਸੀ ਆਪਣੇ ਮਾਂ ਬਾਪ ਦੀਆਂ ਅੱਖਾਂ ਵਿਚਲੇ ਡਰ ਦੀ। ਉਨ੍ਹਾਂ ਦਾ ਡਰ ਸੱਚਾ ਸੀ। ਉਹ ਮੇਰੇ ਤੇ ਉਸ ਔਰਤ ਵਿਚਲੇ ਵਧ ਰਹੇ ਪਿਆਰ ਨੂੰ ਵੇਖ ਕੇ ਡਰਦੇ ਸਨ ਕਿ ਮੈਂ ਕਿਤੇ ਉਸ ਔਰਤ ਕੋਲ ਹੀ ਨਾ ਚਲੀ ਜਾਵਾਂ ਕਿਉਂਕਿ ਉਹ ਔਰਤ ਮੇਰੀ ਭੂਆ ਨਹੀਂ, ਮੈਨੂੰ ਆਪਣੀ ਕੁੱਖੋਂ ਜੰਮਣ ਵਾਲੀ ਮੇਰੀ ਮਾਂ ਹੈ। ਅੱਜ ਮੇਰੀਆਂ ਸੋਚਾਂ ਮਹਿਕ ਕੋਲ ਜਾ ਖੜ੍ਹੀਆਂ ਕਿ ਮੇਰੇ ਬਚਪਨ ਦੀਆਂ ਫੋਟੋਆਂ ਵਿਚਲੀ ਮੇਰੀ ਸ਼ਕਲ ਮਹਿਕ ਦੀਆਂ ਫੋਟੋਆਂ ਨਾਲ ਇੰਨ ਬਿੰਨ ਕਿਵੇਂ ਮਿਲ ਸਕਦੀ ਹੈ? ਮੈਂ ਕਦੇ ਨਹੀਂ ਸੀ ਸੋਚਿਆ ਕਿ ਮਹਿਕ ਮੇਰੀ ਭੂਆ ਦੀ ਕੁੜੀ ਨਹੀਂ ਸਗੋਂ ਮੇਰੀ ਸਕੀ ਭੈਣ ਹੈ। ਉਫ਼! ਹੁਣ ਵੀ ਮੈਂ ਗ਼ਲਤ ਕਹਿ ਰਹੀ ਹਾਂ। ਮਹਿਕ ਮੇਰੀ ਸਕੀ ਭੈਣ ਤਾਂ ਸੀ, ਪਰ ਇਹ ਔਰਤ ਮੇਰੀ ਭੂਆ ਨਹੀਂ, ਮਾਂ ਹੈ। ਕਿੱਡਾ ਜਿਗਰਾ ਇਸ ਔਰਤ ਦਾ! ਇਸ ਔਰਤ ਨੇ ਆਪਣੇ ਬੇਔਲਾਦ ਭਰਾ ਨੂੰ ਔਲਾਦ ਦਾ ਮਾਣ ਬਖ਼ਸ਼ਿਆ ਤੇ ਆਪਣੀ ਇੱਕੋ ਇੱਕ ਬਚੀ ਔਲਾਦ ’ਤੇ ਕਦੇ ਹੱਕ ਨਹੀਂ ਜਤਾਇਆ। ਅੱਜ ਮੈਂ ਸੁਣ ਲਈਆਂ ਆਪਣੇ ਨਾਲ ਜੁੜੀਆਂ ਸਾਰੀਆਂ ਗੱਲਾਂ। ਮੇਰੇ ਪਿਓ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਕਦੇ ਬਾਪ ਨਹੀਂ ਬਣ ਸਕਦਾ। ਪਰ ਮੇਰੀ ਇਸ ਮਾਂ ਨੂੰ ਜਦੋਂ ਪਤਾ ਲੱਗਿਆ ਕਿ ਉਸ ਦੀ ਕੁੱਖ ਵਿਚ ਜੌੜੇ ਬੱਚੇ ਨੇ… ਆਪਣੇ ਭਰਾ ਨੂੰ ਇਕ ਬੱਚਾ ਦੇਣ ਦਾ ਵਚਨ ਦਿੱਤਾ ਤੇ ਪੁਗਾਇਆ। ਕਿਸੇ ਨੂੰ ਕੰਨੋ ਕੰਨ ਖ਼ਬਰ ਨਹੀਂ ਹੋਣ ਦਿੱਤੀ। ਮੈਂ ਵੀ ਹਮੇਸ਼ਾ ਹੈਰਾਨ ਹੁੰਦੀ ਸਾਂ ਕਿ ਮਹਿਕ ਦਾ ਤੇ ਮੇਰਾ ਜਨਮ ਦਿਨ ਇਕੋ ਦਿਨ ਆਉਂਦਾ ਹੈ। ਮੈਨੂੰ ਕੀ ਪਤਾ ਸੀ ਕਿ ਕਿਉਂ ਇੱਕੋ ਦਿਨ ਆਉਂਦਾ ਹੈ? ਪਰ ਅੱਜ ਪਤਾ ਲੱਗ ਗਿਆ। ਪਰ ਹੁਣ ਮੈਂ ਕੀ ਕਰਾਂ? ਆਪਣੀ ਇਸ ਮਾਂ ਨੂੰ ਵੇਖਾਂ ਜਿਸ ਨੇ ਨੌਂ ਮਹੀਨੇ ਆਪਣੀ ਕੁੱਖ ਵਿਚ ਰੱਖਿਆ ਜਾਂ ਉਸ ਮਾਂ ਨੂੰ ਜਿਸ ਨੇ ਮੇਰੀਆਂ ਅੱਖਾਂ ਵਿਚ ਕਦੇ ਅੱਥਰੂ ਨਹੀਂ ਆਉਣ ਦਿੱਤੇ ਜਾਂ ਉਸ ਪਿਓ ਨੂੰ ਜਿਹੜਾ ਮੇਰੇ ਇਕ ਝਰੀਟ ਵੱਜਣ ’ਤੇ ਆਪਣੇ ਸਾਰੇ ਕੰਮਕਾਰ ਛੱਡ ਦਿਨ ਰਾਤ ਮੇਰੇ ਕੋਲ ਬੈਠਣ ਲਈ ਤਿਆਰ ਹੋ ਜਾਂਦਾ ਹੈ। ਉਨ੍ਹਾਂ ਦੀ ਦੁਨੀਆਂ ਤਾਂ ਮੇਰੇ ਦੁਆਲੇ ਹੀ ਘੁੰਮਦੀ ਹੈ। ਮੈਂ ਉਨ੍ਹਾਂ ਨੂੰ ਕਿਵੇਂ ਛੱਡ ਸਕਦੀ ਹਾਂ? ਅੱਜ ਮੇਰੇ ਹੱਥ ਵੱਸ ਕੁਝ ਨਹੀਂ ਹੈ। ਮੈਂ ਸਭ ਕੁਝ ਕਿਸਮਤ ’ਤੇ ਛੱਡ ਰਹੀ ਹਾਂ। ਪਰ ਮੈਂ ਆਪਣੇ ਆਪ ਨਾਲ ਇਕ ਵਾਅਦਾ ਵੀ ਕਰ ਰਹੀ ਹਾਂ ਕਿ ਮੈਂ ਇਸ ਔਰਤ ਨੂੰ ਭਾਵੇਂ ਕਦੇ ਮਾਂ ਨਾ ਕਹਾਂ, ਪਰ ਹਮੇਸ਼ਾ ਇਸ ਔਰਤ ਨੂੰ ਵੀ ਆਪਣੀ ਉਸ ਮਾਂ ਵਾਂਗੂੰ ਆਦਰ ਮਾਣ ਦਿਆਂਗੀ ਜਿਸ ਨੇ ਮੈਨੂੰ ਦੁਨੀਆ ’ਚ ਵਿਚਰਨਾ ਸਿਖਾਇਆ। ਮੈਂ ਆਪਣੇ ਮਨ ਨੂੰ ਪੱਕਾ ਕਰ ਲਿਆ ਕਿ ਮੈਂ ਕੁਝ ਨਹੀਂ ਸੁਣਿਆ… ਮੈਨੂੰ ਕੁਝ ਨਹੀਂ ਪਤਾ… ਬੀਜੀ ਬਾਪੂ ਜੀ ਕੀ ਗੱਲਾਂ ਕਰ ਰਹੇ ਨੇ? ਮੈਂ ਜ਼ਰੂਰੀ ਫ਼ੋਨ ਕਾਲ ਦਾ ਬਹਾਨਾ ਲਾ ਕੇ ਆਪਣੀ ਭੂਆ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਆਪਣੇ ਘਰ ਵੱਲ ਤੁਰ ਪਈ।
– ਮਨਦੀਪ ਰਿੰਪੀ
ਸੰਪਰਕ: 98143-85918
ਮਾਂ ਬੋਲੀ ਦਾ ਪ੍ਰਦੂਸ਼ਣ
ਚਾਚਾ ਬਿਸ਼ਨਾ ਸਾਡੇ ਪਿੰਡ ਦਾ ਮੁਹਤਬਰ ਬੰਦਾ ਹੈ ਤੇ ਸਾਡਾ ਗੁਆਂਢੀ ਵੀ। ਖ਼ਿਆਲ ਵੀ ਅਗਾਂਹਵਧੂ ਹਨ ਤੇ ਪੂਰਾ ਦਿਨ ਲੋਕਾਂ ਨੂੰ ਹਵਾ ਪਾਣੀ ਨੂੰ ਪ੍ਰਦੂਸ਼ਤ ਨਾ ਕਰਨ ਬਾਰੇ ਪ੍ਰੇਰਣਾ ਦਿੰਦਾ ਰਹਿੰਦਾ ਹੈ। ਪਰ ਮੈਨੂੰ ਉਸ ਦੀ ਇਕ ਬੁਰੀ ਆਦਤ ਬਹੁਤ ਪ੍ਰੇਸ਼ਾਨ ਕਰਦੀ ਕਿ ਗੱਲ ਕਰਦਾ ਕਰਦਾ ਵਿਚ ਬਿਨਾਂ ਸੋਚੇ ਸਮਝੇ ਗਾਲ੍ਹਾਂ ਦੀ ਵਰਤੋਂ ਲਗਾਤਾਰ ਕਰਦਾ ਰਹਿੰਦਾ। ਇਕ ਦਿਨ ਮੈਂ ਉਸ ਨੂੰ ਇਹ ਗੱਲ ਦਰਸਾਉਣ ਬਾਰੇ ਸੋਚਿਆ। ਮੈਂ ਪਲਾਸਟਿਕ ਦੇ ਕੁਝ ਲਿਫ਼ਾਫ਼ਿਆਂ ਨੂੰ ਵਿਹੜੇ ਵਿਚ ਰੱਖ ਕੇ ਅੱਗ ਲਗਾ ਦਿੱਤੀ। ਚਾਚੇ ਨੇ ਝੱਟ ਦੇਣੇ ਕੰਧ ਉੱਤੋਂ ਮੂੰਹ ਕੱਢ ਕੇ ਕਹਿਣਾ ਸ਼ੁਰੂ ਕੀਤਾ, ‘‘ਕਮਲੀਏ, ਮੈਂ ਸਾਰਾ ਦਿਨ ਕੀ ਬੋਲਦਾ ਰਹਿਨਾਂ ਬਈ ਹਵਾ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਓ ਤਾਂ ਕਿ ਅਗਲੀਆਂ ਪੀੜ੍ਹੀਆਂ ਲਈ ਕੁਝ ਬਚ ਜਾਵੇ ਤੇ ਤੂੰ ਮੇਰੇ ਨੇੜੇ ਹੀ ਪ੍ਰਦੂਸ਼ਣ ਫੈਲਾਉਣ ਲੱਗੀ ਹੋਈ ਐਂ।’’ ਮੈਂ ਜਿਵੇਂ ਇਸ ਮੌਕੇ ਦੇ ਇੰਤਜ਼ਾਰ ਵਿਚ ਹੀ ਸੀ। ਮੈਂ ਅੱਗੋਂ ਜਵਾਬ ਦਿੱਤਾ, ‘‘ਚਾਚਾ ਜੀ, ਹਵਾ ਪਾਣੀ ਦਾ ਪ੍ਰਦੂਸ਼ਣ ਜਿਵੇਂ ਗੰਦਗੀ ਤੇ ਧੂੰਏਂ ਨਾਲ ਹੁੰਦਾ ਓਵੇਂ ਹੀ ਜਿਹੜੀਆਂ ਤੁਸੀਂ ਹਰ ਗੱਲ ਵਿਚ ਗਾਲ੍ਹਾਂ ਕੱਢਦੇ ਹੋ, ਮਾਂ ਬੋਲੀ ਪੰਜਾਬੀ ਨੂੰ ਪ੍ਰਦੂਸ਼ਿਤ ਕਰ ਰਹੇ ਹੋ। ਅਗਲੀ ਪੀੜ੍ਹੀ ਨੂੰ ਇਹ ਵੀ ਸਾਫ਼ ਸੁਥਰੀ ਦੇਣੀ ਹੈ ਕਿ ਗਾਲ੍ਹਾਂ ਨਾਲ ਲਿੱਬੜੀ ਹੋਈ?’’ ਮੇਰੀ ਏਨੀ ਗੱਲ ਸੁਣ ਕੇ ਚਾਚੇ ਬਿਸ਼ਨੇ ਦੀ ਨੀਵੀਂ ਪੈ ਗਈ ਤੇ ਕੁਝ ਪਲ ਸੋਚ ਕੇ ਬੋਲਿਆ, ‘‘ਵਾਹ ਧੀਏ, ਤੂੰ ਤਾਂ ਅੱਜ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਹੁਣ ਮੈਂ ਕਦੇ ਗਾਲ੍ਹ ਨਹੀਂ ਕੱਢਾਂਗਾ ਸਗੋਂ ਹੁਣ ਤੋਂ ਲੋਕਾਂ ਨੂੰ ਇਹ ਗੱਲ ਵੀ ਸਮਝਾਇਆ ਕਰਾਂਗਾ।’’
– ਰਾਜਨਦੀਪ ਕੌਰ ਮਾਨ
ਸੰਪਰਕ: 62393-26166
ਸਟੇਟਸ ਦਾ ਕਮਾਲ
‘‘ਮਾਂ ਕਿਸੇ ਦਿਨ ਭੂਆ ਕੋਲ ਜਾ ਕੇ ਆਉਣਾ, ਉਹ ਕਾਫ਼ੀ ਪ੍ਰੇਸ਼ਾਨ ਹੈ। ਨਾਲੇ ਮਾਸੀ ਵੀ ਨੇੜੇ ਹੀ ਰਹਿੰਦੀ ਏ, ਲੱਗਦਾ ਉਸ ਕੋਲ ਵੀ ਜਾਣਾ ਪਵੇਗਾ।’’ ‘‘ਪਰ ਬੇਟਾ, ਕੀ ਹੋਇਆ? ਮੇਰੇ ਨਾਲ ਤਾਂ ਤੇਰੀ ਭੂਆ ਅਤੇ ਮਾਸੀ ਨੇ ਅਜੇ ਤੱਕ ਕਦੇ ਕੋਈ ਗੱਲ ਨਹੀਂ ਕੀਤੀ ਕਿ ਉਹ ਬਿਮਾਰ ਨੇ? ਤੈਨੂੰ ਉਨ੍ਹਾਂ ਦਾ ਫੋਨ ਆਇਆ? ਮੈਨੂੰ ਕਦੇ ਕਿਸੇ ਦਾ ਕੋਈ ਫੋਨ ਨਹੀਂ ਆਇਆ।’’
‘‘ਪਰ ਮਾਤਾ ਜੀ, ਹੁਣ ਉਹ ਸਮਾਂ ਨਹੀਂ ਕਿ ਤੁਹਾਨੂੰ ਕੋਈ ਮੂੰਹ ਨਾਲ ਹਰ ਗੱਲ ਬੋਲ ਕੇ ਦੱਸੇ, ਇਹ ਤਾਂ ਤੁਹਾਡੀ ਸਮਝਦਾਰੀ ਏ ਸਟੇਟਸ ਤੋਂ ਪੜ੍ਹ ਕੇ ਉਸ ਨੂੰ ਸਮਝਣਾ।’’ ‘‘ਤੂੰ ਕੀ ਕਹਿੰਦਾ ਏਂ! ਮੈਨੂੰ ਤਾਂ ਤੇਰੀ ਗੱਲ ਦੀ ਭੋਰਾ ਸਮਝ ਨਹੀਂ ਆਉਂਦੀ। ਸਿੱਧੀ ਤਰ੍ਹਾਂ ਦੱਸ ਤੈਨੂੰ ਕਿਸ ਨੇ ਦੱਸਿਆ?’’ ‘‘ਮਾਤਾ ਜੀ, ਮੈਨੂੰ ਵੀ ਤਾਂ ਮੋਬਾਈਲ ਨੇ ਦੱਸਿਆ ਏ।’’ ‘‘ਕੀ ਇਹ ਬੋਲਦਾ ਵੀ ਏ? ਮੈਨੂੰ ਤਾਂ ਅੱਜ ਤੇਰੇ ਕੋਲੋਂ ਪਤਾ ਲੱਗਾ ਪੁੱਤ।’’
‘‘ਨਹੀਂ ਮਾਂ, ਅੱਜਕੱਲ੍ਹ ਜ਼ਿਆਦਾਤਰ ਲੋਕ ਆਪਣੇ ਦਿਲ ਦੀ ਭੜਾਸ ਮੋਬਾਈਲ ’ਤੇ ਸਟੇਟਸ ਪਾ ਕੇ ਹੀ ਕੱਢ ਲੈਂਦੇ ਹਨ ਜਿੱਥੋਂ ਪਤਾ ਲੱਗ ਜਾਂਦਾ ਹੈ ਕਿ ਕਿਸੇ ਦੀ ਜ਼ਿੰਦਗੀ ਵਿਚ ਕੀ ਚੱਲ ਰਿਹਾ ਹੈ? ਮੈਂ ਦੇਖਿਆ ਕਿ ਭੂਆ ਦੇ ਨਿਰੰਤਰ ਪੈ ਰਹੇ ਸਟੇਟਸਾਂ ਤੋਂ ਲੱਗਦਾ ਹੈ ਕਿ ਉਸ ਨੂੰ ਕੋਈ ਬੰਦਾ ਥੋਖਾ ਦੇ ਗਿ, ਜਿਸ ’ਤੇ ਉਸ ਨੇ ਰੱਬ ਜਿੰਨਾ ਵਿਸ਼ਵਾਸ ਕੀਤਾ ਤੇ ਮਾਸੀ ਦੇ ਸਟੇਟਸਾਂ ਤੋਂ ਲੱਗਦਾ ਕਿ ਉਹ ਆਪਣੇ ਗ੍ਰਹਿਸਥ ਜੀਵਨ ਤੋਂ ਬਹੁਤ ਦੁਖੀ ਹੈ।’’ ਮਾਂ ਨੇ ਮੋਬਾਈਲ ਫੜ ਕੇ ਭੂਆ ਅਤੇ ਮਾਸੀ ਨੂੰ ਫੋਨ ਕਰ ਕੇ ਪੁੱਛਿਆ ਤਾਂ ਦੋਵੇਂ ਫੁੱਟ-ਫੁੱਟ ਕੇ ਰੋਣ ਲੱਗ ਪਈਆਂ। ਪੁੱਤਰ ਦੀਆਂ ਕਹੀਆਂ ਗੱਲਾਂ ਸੱਚ ਹੋਈਆਂ ਤਾਂ ਅੱਜ ਮਾਂ ਨੂੰ ਵੀ ਮੋਬਾਈਲ ’ਤੇ ਭਰੋਸਾ ਹੋ ਗਿਆ।
– ਕੰਵਰਦੀਪ ਸਿੰਘ ਭੱਲਾ
ਸੰਪਰਕ: 99881-94776