ਮੁਹੰਮਦ ਇਮਤਿਆਜ਼
‘‘ਰਾਮ ਲਖਨ! ਹਲੀਂ ਤੱਕ ਚਾਹ ਨ੍ਹੀਂ ਆਈ, ਜਾਰ!’’ ਕਹਿੰਦਿਆਂ ਤੇਜੇ ਮਿਸਤਰੀ ਨੇ ਮੇਖ ’ਤੇ ਪਹਿਲਾਂ ਨਾਲੋਂ ਤੇਜ਼ ਸੱਟ ਮਾਰੀ।
‘‘ਇਹੀ ਤਾਂ, ਮਿੱਸਰੀ ਜੀ, ਮੈਂ ਸੋਚੀ ਜਾਂਦਾ ਹੈਗਾਂ!’’ ਪੈਰਾਂ ਭਾਰ ਬੈਠਾ ਰਾਮ ਲਖਨ ਗੋਡਿਆਂ ’ਚ ਕੂਹਣੀਆਂ ਫਸਾਈ ਬੋਲਿਆ।
‘‘ਚਲ ਫੇਰ, ਪ੍ਰਸ਼ਾਦੇ ਈ ਛਕ ਲਈਏ!…,’’ ਕਹਿੰਦਿਆਂ ਉਸ ਨੇ ਹਥੌੜੀ ਪਾਸੇ ਰੱਖੀ ਤੇ ਨਵੇਂ ਬਣੇ ਅਟੈਚਡ ਬਾਥਰੂਮ ’ਚ ਵੜ ਗਿਆ।
ਵਾਸ਼ ਬੇਸਿਨ ਦੀ ਟੂਟੀ ਖੋਲ੍ਹ ਪਹਿਲਾਂ ਉਸ ਨੇ ਆਪਣੇ ਹੱਥ ਧੋਤੇ ਤੇ ਫਿਰ ਉਸ ਦੇ ਸ਼ੀਸ਼ੇ ’ਚ ਆਪਣੀ ਪੱਗ ਨੂੰ ਨਿਹਾਰਿਆ।
‘‘ਫਿੱਟ ਐ!’’ ਢਿੱਲੇ ਪੇਚਾਂ ਵਾਲੀ ਭਾਰੀ ਪੱਗ ’ਚ ਫਸਾਈ ਪੈਨਸਿਲ ਠੀਕ ਕਰਦਿਆਂ ਉਸ ਅੱਗੇ ਬੇਬੇ ਦਾ ਚਿਹਰਾ ਮੂਰਤੀਮਾਨ ਹੋ ਗਿਆ।
ਛੋਟੇ ਹੁੰਦਿਆਂ ਪਹਿਲੀ ਵਾਰ ਬੰਨ੍ਹੀ ਪੱਗ ਜਦੋਂ ਉਸ ਨੇ ਬੇਬੇ ਨੂੰ ਦਿਖਾਈ ਸੀ ਤਾਂ ਉਸ ਦੇ ਮੂੰਹੋਂ ਆਪਮੁਹਾਰੇ ਨਿਕਲ ਗਿਆ ਸੀ, ‘‘ਨੀ! ਮੇਰਾ ਡੀ.ਸੀ. ਪੁੱਤ!’’
‘‘ਜੇ ਅੱਜ ਬੀਬੀ ਜਿਉਂਦੀ ਹੁੰਦੀ…!’’ ਉਸ ਨੂੰ ਦਾਦੀ ਦੀਆਂ ਉਸ ਬਾਰੇ ਛੋਟੇ ਹੁੰਦੇ ਦੀਆਂ ਦੱਸੀਆਂ ਗੱਲਾਂ ਯਾਦ ਆਈਆਂ: ‘‘ਤੈਨੂੰ ਪਤੈ! ਆਪਣੇ ਖਾਨਦਾਨ ਦੇ ਸਾਰੇ ਜਬਾਕ ਘਰੇ ਈ ਪੈਦਾ ਹੋਏ ਨੇ, ਇੱਕ ਤੈਨੂੰ ਛੱਡ ਕੇ! … ਤੂੰ ਤਾਂ ਭਜਾਇਆ ਵੀ ਸਾਨੂੰ ਪਟਿਆਲੇ…!’’ ‘‘ਪਟਿਆਲੇ?’’ ਹੁਣ ਵੀ ਤੇਜੇ ਨੂੰ ਹੈਰਾਨੀ ਹੁੰਦੀ ਸੀ। ‘‘ਹੋਰ!! ਪਟਿਆਲੇ, ਰਾਜੇ ਦੇ ਸ਼ਹਿਰ ’ਚ! ਉਹ ਵੀ ਬੜੇ ਪਰਾਈਬੇਟ ਅਸਪਤਾਲ ’ਚ! … ਹੋਰ!! … ਮਾਂ ਤੇਰੀ ਦੀ ਤਬੀਤ ਖਰਾਬ ਹੋ-ਗੀ। ਤੇਰੇ ਨਾਨੇ ਨੂੰ ਲੈ ਕੇ ਭੱਜਣਾ ਪਿਆ! … ਜਦ ਕੌਣ ਜਾਂਦਾ ਤੀ ਅਸਪਤਾਲਾਂ ’ਚ! ਉਹਨੂੰ ਡਰ ਤੀ, ਭਾਈ! ਔਲਾਦ ਤਾਂ ਕੁੜੀ ਦੇ ਸਹੁਰਿਆਂ ਦੀ ਅਮਾਨਤ ਹੁੰਦੀ ਐ! ਜਦੋਂ ਪਤਾ ਲੱਗਿਆ ਤਾਂ ਮਗਰੇ ਮਠਿਆਈ ਲੈ ਕੇ ਮੈਂ ਤੇ ਤੇਰਾ ਡੈਡੀ ਭੱਜ-ਪੇ! …ਫੇਰ, ਅਸਪਤਾਲ ਆਲੇ ਤੈਨੂੰ ਦੇਖਣ ਨਾ ਦੇਣ! … ਮਸ਼ੀਨਾਂ ’ਚ ਰੱਖਿਆ ਹੋਇਆ ਤੀ ਤੂੰ! ਨਰਸ ਨੂੰ ਪੈਸੇ ਦੇ ਕੇ ਦੇਖਿਆ, ਤਾਂ ਸਾਡੇ ਕਾਲਜੇ ਠੰਢ ਪਈ!’’ ‘‘ਵਾਰਡ ਨੰਬਰ ਜਾਂ ਕਮਰਾ ਨੰਬਰ ਯਾਦ ਐ, ਬੇਬੇ, ਤੈਨੂੰ?’’ ‘‘ਉਹ ਤੇਰੇ ਡੈਡੀ ਨੂੰ ਪਤਾ ਤੀ, ਭਾਈ!’’
‘‘ਤੈਨੂੰ ਪਤੈ, ਮੇਰਾ ਜਨਮ ਪਟਿਆਲ਼ੇ ਹੋਇਆ ਸੀ, ਬੜੇ ਅਸਪਤਾਲ ’ਚ!’’ ਉਸ ਨੇ ਟਿਫਨ ਖੋਲ੍ਹਦਿਆਂ ਰਾਮ ਲਖਨ ਵੱਲ ਵੇਖਿਆ।
‘‘ਅੱਛਾ ਮਿੱਸਰੀ ਜੀ?’’ ਰਾਮ ਲਖਨ ਸਟੀਲ ਦੇ ਡੱਬਿਆਂ ਨੂੰ ਖੁੱਲ੍ਹਦਿਆਂ ਵੇਖਦਾ ਰਿਹਾ।
‘‘ਹੋਰ ਕੀ? ਉੱਨੀ ਸੌ ਪਚਾਸੀ ’ਚ!’’ ਹਥੇਲੀ ਦੇ ਨਾਲ-ਨਾਲ ਉਸ ਨੇ ਭਰਵੱਟੇ ਵੀ ਫੈਲਾਏ, ‘‘ਤੇਰੇ ਅਰਗੇ ਨੂੰ ਤਾਂ ਓਥੇ ਵੜਨ ਬੀ ਨ੍ਹੀਂ ਦੇਂਦੇ!’’
ਰਾਮ ਲਖਨ ਕੁਝ ਨਾ ਬੋਲਿਆ। ਉਹ ਖਿੜਕੀ ਦੇ ਇੱਕ ਪੱਲੇ ’ਤੇ ਹਥੌੜੀ ਅਜ਼ਮਾਉਣ ਲੱਗਿਆ ਹੋਇਆ ਸੀ।
ਹਸਪਤਾਲ ਦੀ ਬਹੁ-ਮੰਜ਼ਿਲਾ ਇਮਾਰਤ ਤੇਜੇ ਦੀਆਂ ਅੱਖਾਂ ਅੱਗੋਂ ਘੁੰਮ ਗਈ। ਮੇਨ ਰੋਡ ’ਤੇ ਬਣੀ ਇਮਾਰਤ ਨੂੰ ਚਲਦੀ ਬਸ ’ਚੋਂ ਵੇਖਦਿਆਂ ਕਈ ਵਾਰ ਉਸ ਦਾ ਅੰਦਰ ਜਾਣ ਨੂੰ ਵੀ ਦਿਲ ਕੀਤਾ ਸੀ। ਪਰ ਹੌਸਲਾ ਕਦੇ ਨਹੀਂ ਸੀ ਹੋਇਆ।
‘‘ਤੂੰ ਰੋਟੀ ਨ੍ਹੀਂ ਖਾਣੀ, ਓਏ?’’
‘‘ਨਾ, ਮਿੱਸਰੀ ਜੀ! ਮੈਂ ਤਾਂ ਕੰਮ ਤੋਂ ਵਿਹਲਾ ਹੋ ਕੇ ਘਰ ਜਾ ਕੇ ਈ ਖਾਂਦਾ ਹੁੰਨਾਂ ਹੈਗਾਂ ਜੀ!’’
‘‘ਅਗਰ ਲੇ ਕੇ ਨਹੀਂ ਆਇਆ, ਤਾਂ ਮੇਰੇ ਸੇ ਲੈ-ਲਾ! … ਜਾਹ, ਜਾ ਕੇ ਹੱਥ ਧੋ ਆ!’’
‘‘ਨਹੀਂ ਮਿੱਸਰੀ ਜੀ! ਖਾਓ ਤੁਸੀਂ! ਮੈਂ ਘਰ ਜਾ ਕੇ ਈ ਖਾਊਂ…!’’
‘‘ਤੈਨੂੰ ਪਤੈ! ਘਰ ਸਾਡੇ, ਚਾਹੇ ਕੋਈ ਪਿੰਡੋਂ ਆਉਂਦਾ, ਚਾਹੇ ਬਾਹਰੋਂ… ਰੋਟੀ-ਚਾਹ ਤੋਂ ਬਿਨਾ ਨਹੀਂ ਸੀ ਜਾਂਦਾ ਕਦੇ! ਘਰੇ ਹਰ ਟੈਮ ਲੰਗਰ ਲੱਗਿਆ ਰਹਿੰਦਾ ਸੀ!’’
ਮਾਰਬਲ ਦੇ ਫਰਸ਼ ’ਤੇ ਖਿੰਡੇ ਬੂਰ ਦੇ ਪਰਲੇ ਪਾਸੇ ਜਾ ਰਾਮ ਲਖਨ ਨੇ ਦੂਜੀ ਖਿੜਕੀ ਦਾ ਪੱਲਾ ਚੁੱਕ ਲਿਆ।
ਬਾਥਰੂਮ ’ਚੋਂ ਹੱਥ ਧੋ ਕੇ ਨਿਕਲਦਿਆਂ ਤੇਜਾ ਉਸ ਨੂੰ ਪੱਲੇ ਦੀ ਇੱਕ ਬਾਹੀ ਨੂੰ ਦੂਜੀ ’ਚ ਪਾਉਂਦਿਆਂ ਵੇਖਦਾ ਰਿਹਾ। ਉਸ ਨੂੰ ਖਿੜਕੀ ਦੇ ਪੱਲੇ ਨਾਲ ਘੁਲਦਿਆਂ ਵੇਖ ਤੇਜੇ ਨੇ ਉਸ ਕੋਲੋਂ ਝਪੱਟਾ ਮਾਰ ਕੇ ਪੱਲਾ ਫੜ ਲਿਆ, ‘‘ਲਿਆ ਉਰ੍ਹਾਂ! ਤੇਰੇ ਵੱਸ ਦਾ ਰੋਗ ਨ੍ਹੀਂ ਏਹ!’’
ਪੈਰਾਂ ਭਾਰ ਬੈਠਾ ਰਾਮ ਲਖਨ ਘੁੱਗੂ ਬਣੀਂ ਉਸ ਨੂੰ ਤੇਸੀ ਨਾਲ ਬਾਹੀ ਦੇ ਛਿੱਲੜ ਉਧੇੜਦਿਆਂ ਵੇਖਦਾ ਰਿਹਾ।
‘‘ਤੁਸੀਂ ਲੋਕ ਨ੍ਹਾਂ ਟਕਨੀਕ ਸੇ ਨ੍ਹੀਂ ਚਲਤੇ! … ਐਮੇਂ ਈ ਜਦੋਂ ਲੌਕਡਾਊਨ ਹੋਇਆ ਤਾਂ ਉੱਠ ਕੇ ਤੁਰ ਪੇ ਪੈਦਲ ਈ! ਦੱਸ! ਸੈਂਕੜੇ ਕਿਲੋਮੀਟਰ ਵਾਟ ਪੈਦਲ ਚਲ ਕੇ ਕਿਮੇਂ ਤੈਅ ਹੁੰਦੀ ਐ, ਭਲਾਂ?’’
‘‘ਨਹੀਂ, ਮਿੱਸਰੀ ਜੀ! ਹੋਰ ਅਸੀਂ ਲੋਗ ਕਰਦਾ ਭੀ ਕੀ, ਭਲਾ! ਐਥੇ ਭੁੱਖ ਨਾਲ ਈ ਮਰਨਾ ਸੀਗਾ! ਏਸ ਤੋਂ ਚੰਗਾ, ਆਪਣੇ ਘਰ ਪਹੁੰਚ ਕੇ ਮਰੋ!’’
‘‘ਤੂੰ ਤਾਂ ਕਮਲੀ ਬਾਤੇਂ ਕਰਦੈਂ, ਰਾਮ ਲਖਨ! ਅਬ ਮੇਰੇ ਕੋ ਦੇਖ! ਪਟਿਆਲ਼ੇ ਦੇੇ ਬੜੇ ਅਸਪਤਾਲ ’ਚ ਪੈਦਾ ਹੋਇਆ ਸੀ ਮੈਂ…,’’ ਉਸ ਨੇ ਤੇਸੀ ’ਤੇ ਹਥੌੜੀ ਮਾਰਨੀ ਬੰਦ ਕਰ ਦਿੱਤੀ, ‘‘ਵਧੀਆ ਕੰਮ ਚੱਲ ਪਿਆ ਸੀ ਪਲਾਈਆਂ ਦਾ! ਪਰ ਨਾਲ ਦਾ ਪਾਟਨਰ ਠੱਗੀ ਮਾਰ ਗਿਆ! ਪੂਰੇ ਪੰਦਰਾਂ ਲਾਖ ਦੀ! …ਕਿਤਨੇ ਕੀ?’’ ਉਸ ਨੇ ਪੱਕਾ ਕਰਨ ਲਈ ਉਸ ਵੱਲ ਵੇਖਿਆ।
‘‘ਪੰਦਰਾਂ ਲਾਖ ਕੀ।’’
‘‘ਹਾਂਅ! ਪੂਰੇ ਪੰਦਰਾਂ ਲਾਖ ਕੀ!’’ ਦੋਵੇਂ ਹੱਥਾਂ ਦੀਆਂ ਉਂਗਲਾਂ ਖੜ੍ਹੀਆਂ ਕਰਨ ਨਾਲ ਵੀ ਜਦੋਂ ਉਸ ਨੂੰ ਪੰਦਰਾਂ ਪੂਰੇ ਹੁੰਦੇ ਨਾ ਦਿਸੇ ਤਾਂ ਉਸ ਨੇ ਹਥੇਲੀਆਂ ਛੱਡ ਕੇ ਗੱਲ ਅੱਗੇ ਵਧਾਈ, ‘‘ਕਯਾ ਕਰਤਾ? … ਮਰ ਜਾਂਦਾ? … ਮਸਾਂ-ਮਸਾਂ ਸੁੱਖਾਂ ਸੁੱਖ ਕੇ ਲਿਆ ਥਾ ਮੈਂ!’’
ਇੱਕ ਮਿੰਟ ਦੇ ਵਕਫ਼ੇ ਤੋਂ ਬਾਅਦ ਵੀ ਜਦੋਂ ਰਾਮ ਲਖਨ ਕੁਝ ਨਾ ਬੋਲਿਆ ਤਾਂ ਉਸ ਨੇ ਭਰਵੱਟੇ ਉੱਪਰ-ਹੇਠਾਂ ਹਿਲਾ ਕੇ ਆਪਣੀ ਗੱਲ ਦਾ ਪ੍ਰਭਾਵ ਚੈੱਕ ਕੀਤਾ। ਪਰ ਰਾਮ ਲਖਨ ਉਸ ਵੱਲ ਖਾਲੀ ਅੱਖਾਂ ਨਾਲ ਵੇਖਦਾ ਰਿਹਾ।
‘‘ਅਗਰ ਮਿੱਸਰੀ ਜੀ, ਚਾਏ ਮਿਲ ਜਾਏ ਨਾ…!’’
‘‘ਹੁਣ ਕਿੰਨੇ ਸੁਨੇਹੇ ਤਾਂ ਭੇਜ ਚੁੱਕੇ ਹੇਠਾਂ…! ਹਮ ਮਿਸਤਰੀ ਹੈ ਮਿਸਤਰੀ! ਵਿਹਲ ਨ੍ਹੀਂ ਮਿਲਦੀ ਥੀ! ਚਾਹਾਂ-ਰੋਟੀਆਂ ਦੀ ਕੋਈ ਕਮੀ ਨ੍ਹੀਂ ਆਤੀ ਥੀ ਹਮੇਂ…! ਭਾਈ ਸਾਹਬ! ਆਈ.ਟੀ.ਆਈ. ਸੇ ਪੜ੍ਹਿਆ ਹੋਇਆ ਹੈ ਹਮ! … ਕੋਈ ਨੌਕਰੀ ਨ੍ਹੀਂ ਮਿਲੀ। ਨਾ ਬਾਹਰ ਕਾ ਜੁਗਾੜ ਬਨਯਾ ਕੋਈ! ਕਯਾ ਕਰਤੇ! ਮਰ ਜਾਤੇ! … ਕਰ-ਲੀ ਠੇਕੇਦਾਰੀ ਸ਼ੁਰੂ! ਏਕ ਕੋਠੀ ਕਾ ਠੇਕਾ ਪੂਰਾ ਹੋਤਾ ਨ੍ਹੀਂ ਥਾ, ਦਸ ਔਰ ਆ ਜਾਤੇ ਥੇ! ਲੌਕਡਾਊਨ ਸੇ ਪਹਲੇ ਲੋਕ ਮਿੰਨਤਾਂ ਕਰਤੇ ਥੇ ਮੇਰੀਆਂ! ਯਹ ਤੋ ਗ੍ਹਰਵਾਲੀ ਕਹਿਨ ਲੱਗ ਪਈ, ਬਈ, ਬਿਹਲੇ ਬੈਠ ਕੇ ਕਿਆ ਹੋਗਾ! ਜੈਸਾ ਕਾਮ ਮਿਲਤਾ ਹੈ, ਕਰ ਲੋ! … ਹਮ ਨੇ ਤੋ ਕਭੀ ਦਿਹਾੜੀ ਕੀਤੀ ਹੀ ਨ੍ਹੀਂ ਸੀ!’’
‘‘ਯਹਾਂ ਤੋ, ਮਿੱਸਰੀ ਜੀ, ਕਿਸੀ ਨੇ ਜਾਤ ਭੀ ਨ੍ਹੀਂ ਪੂਛੀ…!’’
ਤੇਜਾ ਉਸ ਦੀ ਗੱਲ ਦਾ ਜਵਾਬ ਦੇਣ ਲੱਗਿਆ, ਪਰ ਪੌੜੀਆਂ ’ਚ ਕਦਮਾਂ ਦੀ ਆਵਾਜ਼ ਸੁਣ ਮੁੜ ਹਥੌੜੀ ਚਲਾਉਣ ਲੱਗ ਪਿਆ।
ਪੌੜੀਆਂ ’ਚੋਂ ਤੀਹ-ਪੈਂਤੀ ਵਰ੍ਹਿਆਂ ਦੀ ਇੱਕ ਔਰਤ ਪ੍ਰਗਟ ਹੋਈ। ਉਸ ਨੇ ਮੂੰਹ ਤੇ ਨੱਕ ਦੁਆਲੇ ਚੁੰਨੀ ਲਪੇਟੀ ਹੋਈ ਸੀ। ਚੁੰਨੀ ਦੀ ਸਥਿਤੀ ਨੂੰ ਹੋਰ ਪੱਕਾ ਕਰਨ ਲਈ ਉਸ ਨੇ ਅੱਗੇ ਹੱਥ ਰੱਖਿਆ ਹੋਇਆ ਸੀ।
ਕਮਰੇ ’ਚ ਵੜਦਿਆਂ ਹੀ ਉਹ ਉਨ੍ਹਾਂ ਦੋਵਾਂ ਕੋਲੋਂ ਆਪਣੇ-ਆਪ ਬਚਾਉਂਦੀ ਹੋਈ ਦੂਰ-ਦੂਰ ਹੋ ਕੇ ਬਾਲਕੋਨੀ ’ਚ ਚਲੀ ਗਈ।
ਉਸ ਨੂੰ ਵਾਪਸ ਆਉਂਦਿਆਂ ਵੇਖ ਤੇਜੇ ਨੇ ਰਾਮ ਲਖਨ ਨੂੰ ਕੂਹਣੀ ਮਾਰੀ।
‘‘ਮੈਡਮ ਜੀ! ਚਾਏ ਭੇਜ ਦੋ ਦੋ ਕੱਪ!’’
ਔਰਤ ਨੇ ਦੂਰੋਂ ਹੀ ਰਾਮ ਲਖਨ ਵੱਲ ਰੁਕ ਕੇ ਵੇਖਿਆ ਤੇ ਬਿਨਾ ਜਵਾਬ ਦਿੱਤਿਆਂ ਪੌੜੀਆਂ ਵੱਲ ਚਲੀ ਗਈ।
‘‘ਰਾਮ ਲਖਨ! ਚਾਹ ਤਾਂ ਪੀਤੀ ਸੀ, ਬਈ ਮੈਂ ਇੱਕ ਜਗ੍ਹਾ! … ਸਾਡੇ ਪਿੰਡ ਦਾ ਮੁੰਡਾ ਤਸੀਲਦਾਰ ਲੱਗਿਆ ਹੋਇਆ ਸੀ। ਕੋਠੀ ਬਣਦੀ ਸੀ ਓਹਦੀ! ਉਹ ਕਹੇ ਮੈਂ ਕੋਠੀ ਦਾ ਸਾਰਾ ਕੰਮ ਕਰਾਉਣਾ ਈ ਤੇਰੇ ਤੋਂ ਐ! ਤੇ ਮੇਰੇ ਕੋਲ ਟੈਮ ਨਾ। ਪਰ ਪਿੰਡ ਦੀ ਲਿਹਾਜ ਪਗਾਉਣੀ ਪਈ! … ਤੂੰ ਦੇਖ ਲੈ, ਬਈ, ਚਾਹ ਦੀ ਛਬੀਲ ਈ ਲਾ-’ਤੀ ਉਨ੍ਹਾਂ ਨੇ! ਅਰ, ਚਾਹ ਵੀ ਸੁਆਦ ਏਨੀ… ਬਈ, ਤੂੰ ਪੀਤੀ ਨ੍ਹੀਂ ਹੋਣੀ ਕਦੇ!’’
‘‘ਮਿੱਸਰੀ! ਤਸੀਲਦਾਰ ਕੇ ਸਾਥ ਹੈਗੀ ਥੋਡੀ?’’
‘‘ਤਸੀਲਦਾਰ! … ਮੈਂ ਕਿਹਾ, ਬੜੇ-ਬੜੇ ਅਫ਼ਸਰਾਂ ਦੀਆਂ ਕੋਠੀਆਂ ’ਚ ਕੰਮ ਕੀਤੈ ਮੈਂ! ਆਹ ਤਾਂ ਕਰੋਨੇ ਨੇ ਮਾਰ ਲੇ … ਨਹੀਂ ਤਾਂ ਮੈਂ ਕਿੱਥੋਂ ਇੱਕਾ-ਦੁੱਕਾ ਕਮਰੇ ਦਾ ਕੰਮ ਫੜਦਾ ਸੀ ਭਲਾਂ!’’
ਕੁਝ ਸਮਾਂ ਲੰਘਣ ਤੋਂ ਬਾਅਦ ਔਜ਼ਾਰਾਂ ਦੀ ਠੱਕ-ਠੱਕ ਦੌਰਾਨ ਤੇਜੇ ਨੂੰ ਇਕਦਮ ਫੇਰ ਚੇਤੇ ਆਇਆ, ‘‘ਰਾਮ ਲਖਨ, ਚਾਹ ਨ੍ਹੀਂ ਆਈ, ਜਾਰ!’’
‘‘ਹੋਰ ਮਿੱਸਰੀ ਜੀ! ਮੇਰਾ ਤਾਂ ਆਪ ਸ਼ਰੀਰ ਟੁੱਟਦਾ ਪਿਆ ਹੈਗਾ!’’
ਕੁਝ ਸਮਾਂ ਹੋਰ ਲੰਘਣ ਤੋਂ ਬਾਅਦ ਜਦੋਂ ਪੌੜੀਆਂ ’ਚ ਕਦਮਾਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਔਜ਼ਾਰਾਂ ’ਤੇ ਚਲਦੇ ਹੱਥ ਹੋਰ ਤੇਜ਼ ਹੋ ਗਏ।
ਦੋਵਾਂ ਨੂੰ ਖਾਲੀ ਹੱਥ ਪ੍ਰਗਟ ਹੋਇਆ ਤੀਹ-ਪੈਂਤੀ ਸਾਲਾਂ ਦਾ ਆਦਮੀ ਦਿਖਾਈ ਦਿੱਤਾ। ਮਾਸਕ ਵਾਲੇ ਚਿਹਰੇ ਨੂੰ ਧਿਆਨ ਨਾਲ ਵੇਖਣ ’ਤੇ ਤੇਜੇ ਨੂੰ ਸਮਝ ਲੱਗੀ ਕਿ ਉਹ ਘਰ ਦਾ ਮਾਲਕ ਸੀ।
‘‘ਹੋਰ, ਕਿਮੇਂ ਚੱਲ ਰਿਹੈ ਕੰਮ?’’ ਵਿਅਕਤੀ ਨੇ ਦੂਰੋਂ ਖੜ੍ਹਿਆਂ ਹੀ ਪੁੱਛਿਆ।
‘‘ਕੰਮ ਤਾਂ ਠੀਕ ਐ, ਬਾਊ ਜੀ! ਪਰ ਚਾਹ ਤਾਂ ਪਲਾ ਦਿਓ…!’’ ਤੇਜਾ ਬੋਲਿਆ।
ਨਾਲ ਹੀ ਰਾਮ ਲਖਨ ਨੇ ਵੀ ਹਾਮੀ ਭਰੀ, ‘‘ਕਿਤਨੀ ਬਾਰ ਸੁਨੇਹਾ ਭੇਜਿਆ ਹੈਗਾ, ਪਰ ਚਾਹ ਨ੍ਹੀਂ ਆਈ ਅਭੀ ਤੱਕ!’’
‘‘ਚਾਹ ਤਾਂ, ਯਾਰ, ਥੋਨੂੰ ਪਤਾ ਈ ਐ…,’’ ਵਿਅਕਤੀ ਕੁਝ ਝਿਜਕਿਆ, ‘‘ਕੋਵਿਡ ਚੱਲ ਰਿਹੈ!’’
ਫਿਰ ਜਿਵੇਂ ਉਸ ਨੂੰ ਕੁਝ ਫੁਰਨਾ ਫੁਰਿਆ ਹੋਵੇ, ‘‘ਚਾਹ-ਚੂਹ ਤਾਂ ਤੁਸੀਂ ਆਪਣੇ ਘਰੋਂ ਲੈ ਆਇਆ ਕਰੋ!’’
ਤੇਜਾ ਤੇ ਰਾਮ ਲਖਨ ਉਸ ਵੱਲ ਬਿੱਟ-ਬਿੱਟ ਵੇਖਦੇ ਰਹਿ ਗਏ। ਤੇਜੇ ਨੇ ਸੰਦ ਛੱਡ ਕੇ ਜਿਵੇਂ ਮੋਰਚਾ ਸੰਭਾਲਿਆ ਹੋਵੇ, ‘‘ਬਾਊ! ਤੇਰੀ ਚਾਹ ਨਾਲ ਕਿਹੜਾ ਕਰੋਨਾ ਹੋਣ ਲੱਗਿਐ, ਭਲਾਂ?’’
‘‘ਗੱਲ ਮਿਸਤਰੀ ਇਹ ਨ੍ਹੀਂ…’’ ਵਿਅਕਤੀ ਨੇ ਗੱਲ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪਰ ਤੇਜੇ ਦਾ ਸੁਰ ਹੋਰ ਉੱਚਾ ਹੋ ਗਿਆ, ‘‘ਤੂੰ ਸਾਡੇ ਘਰ ਆਈਂ ਕਦੇ! ਜੇ ਤੈਨੂੰ ਚਾਹ-ਰੋਟੀ ਨਾਲ ਨਾ ਰਜਾ ’ਤਾ! ਚਾਹੇ ਮਹੀਨਾ ਬੈਠਾ ਰਹੀਂ! ਕਰੋਨਾ ’ਚ ਲੰਗਰ ਚਲਦਾ ਰਿਹੈ ਘਰ ਸਾਡੇ! ਆਹ, ਜਿਹੜੇ ਗ਼ਰੀਬ (ਉਸ ਨੇ ਰਾਮ ਲਖਨ ਵੱਲ ਇਸ਼ਾਰਾ ਕੀਤਾ) ਥੋਡੇ ਅਰਗਿਆਂ ਨੇ ਕੱਢ’ਤੇ ਸੀ, ਅਸੀਂ ਈ ਸਾਂਭੇ ਨੇ…,’’ ਬੋਲਦਿਆਂ ਤੇਜਾ ਸੰਦਾਂ ਵੱਲ ਤੁਰ ਪਿਆ।
‘‘ਕਿਸੇ ਹੋਰ ਤੋਂ ਕਰਵਾ-ਲੀਂ ਕੰਮ ਆਪਣਾ…!’’ ਕਹਿੰਦਿਆਂ ਉਹ ਇੱਕ-ਇੱਕ ਔਜ਼ਾਰ ਥੈਲੇ ’ਚ ਪਾਉਣ ਲੱਗ ਪਿਆ।
ਜਦੋਂ ਉਹ ਬਾਬੂ ਕੋਲੋਂ ਲੰਘਣ ਲੱਗਿਆ ਤਾਂ ਮੂਕ ਖੜ੍ਹਾ ਬਾਬੂ ਉਸ ਤੋਂ ਸਮਾਜਿਕ ਦੂਰੀ ਬਣਾਉਣੀ ਭੁੱਲ ਗਿਆ।
ਪਰ ਪੌੜੀਆਂ ’ਚੋਂ ਪਿੱਛੇ ਵੱਲ ਝਾਕੇ ਤੇਜੇ ਦੀਆਂ ਲਾਲ ਅੱਖਾਂ ਵੇਖ ਕੇ ਉਹ ਦੋ ਕਦਮ ਪਿੱਛੇ ਹੋ ਗਿਆ।
‘‘ਤੇਜ ਪ੍ਰਤਾਪ ਸਿਹੁੰ ਨੋਂ ਐ ਮੇਰਾ! ਐਨੀ ਕੁ ਦਿਹਾੜੀ ’ਤੇ ਤਾਂ ਮੈਂ ਕਦੇ ਊਈਂ ਨ੍ਹੀਂ ਸੀ ਕੰਮ ਕੀਤਾ!’’ ਦੋ ਪੌੜੀਆਂ ਹੋਰ ਉੱਤਰ ਕੇ ਉਸ ਨੇ ਦੁਬਾਰਾ ਫਿਰ ਚਿਹਰਾ ਪਿੱਛੇ ਘੁਮਾਇਆ, ‘‘ਪਟਿਆਲ਼ੇ ਦੇ ਬੜੇ ਅਸਪਤਾਲ ’ਚ ਜਨਮ ਹੋਇਆ ਐ ਮੇਰਾ!’’