ਵਾਰਿਸ ਸ਼ਾਹ ਬਕਲਮਖ਼ੁਦ
ਪੰਜਾਬ ਹੀਰ ਰਾਂਝੇ ਤੇ ਵਾਰਿਸ ਸ਼ਾਹ ਦੀ ਗੱਲ ਮੁੱਢ ਕਦੀਮ ਦੀ ਏ ਤੇ ਇਹ ਕਦੇ ਮੁੱਕਣੀ ਨਹੀਂ। ਪੂਰਨ ਸਿੰਘ ਦੇ ਆਖਣ ਵਾਂਙ ਹੀਰ ਰਾਂਝੇ ਬਿਨਾਂ ਪੰਜਾਬ ਸੱਖਣਾ, ਅਧੂਰਾ ਰਹਿਣਾ ਸੀ। ਪੰਜਾਬ-ਵਾਰਿਸ-ਹੀਰ-ਰਾਂਝਾ ਹੁਣ ਇੱਕੋ ਹਸਤੀ ਏ।
ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਕਿੱਸਾ ਹੀਰ ਦਾ ਨਵਾਂ ਬਣਾਈਏ ਜੀ।
ਏਸ ਪ੍ਰੇਮ ਦੀ ਝੋਕ ਦਾ ਸ਼ੁਭ ਕਿੱਸਾ, ਜੀਭ ਸੁਹਣੀ ਨਾਲ਼ ਸੁਣਾਈਏ ਜੀ।
ਨਾਲ਼ ਅਜਬ ਬਹਾਰ ਦੇ ਸ਼ਿਅਰ ਕਹਿ ਕੇ, ਰਾਂਝੇ ਹੀਰ ਦਾ ਮੇਲ਼ ਮਿਲਾਈਏ ਜੀ।
ਯਾਰਾਂ ਨਾਲ਼ ਬਹਿ ਕੇ ਵਿਚ ਮਜਲਿਸਾਂ ਦੇ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ॥
ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਈ।
ਫ਼ਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ, ਨਵਾਂ ਫੁੱਲ ਗੁਲਾਬ ਦਾ ਤੋੜਿਆ ਈ।
ਬਹੁਤ ਜੀਊ ਦੇ ਵਿਚ ਤਦਬੀਰ ਕਰਕੇ, ਫ਼ਰਹਾਦ ਪਹਾੜ ਨੂੰ ਫੋੜਿਆ ਈ।
ਸੱਭਾ ਬੀਨ ਕੇ ਜ਼ੇਬ ਬਣਾ ਦਿੱਤਾ, ਜੇਹਾ ਅਤਰ ਗੁਲਾਬ ਨਚੋੜਿਆ ਈ॥
***
ਸੰਨ ਯਾਰਾਂ ਸੈ ਅੱਸੀਆ ਨਬੀ ਹਿਜਰਤ, ਲੰਮੇ ਦੇਸ ਦੇ ਵਿਚ ਤਿਆਰ ਹੋਈ।
ਅਠਾਰਾਂ ਸੌ ਤੇ ਬਾਈ ਸੀ ਰਾਏ ਬਿਕਰਮ, ਜ਼ਿੰਮੀਦਾਰ ਨੂੰ ਬੜੀ ਬਹਾਰ ਹੋਈ॥
***
ਇਹ ਕ਼ੁਰਾਨ ਮਜੀਦ ਦੇ ਮਾਇਨੇ ਨੀ, ਜਿਹੜੇ ਕੌਲ ਮੀਏਂ ਵਾਰਸ ਸ਼ਾਹ ਦੇ ਨੇ॥
ਬਾਤ ਬਾਤ ਤੇਰੀ ਵਿਚ ਹੈਨ ਕਾਮਣ, ਵਾਰਸ ਸ਼ਾਹ ਦਾ ਸ਼ੇਅਰ ਵੀ ਸੇਹਰ ਹੈ ਜੀ॥
* ਸੇਹਰ = ਜਾਦੂ
ਖਰਲ ਹਾਂਸ ਮਲਕਾਂ ਮਸ਼ਹੂਰ ਮੁਲਕਾਂ, ਤਿੱਥੇ ਸ਼ੇਅਰ ਕੀਤਾ ਯਾਰਾਂ ਵਾਸਤੇ ਮੈਂ।
ਪਰਖ ਸ਼ੇਅਰ ਦੀ ਆਪ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿਚ ਨਖਾਸ ਦੇ ਮੈਂ।
ਪੜ੍ਹਨ ਗੱਭਰੂ ਦੇਸ ਵਿਚ ਖ਼ੁਸ਼ੀ ਹੋ ਕੇ ਫੁੱਲ ਬੀਜਿਆ ਵਾਸਤੇ ਬਾਸ ਦੇ ਮੈਂ॥
ਖ਼ਤਮ ਰੱਬ ਦੇ ਕਰਮ ਦੇ ਨਾਲ਼ ਹੋਈ, ਫ਼ਰਮਾਇਸ਼ ਪਿਆਰੜੇ ਯਾਰ ਦੀ ਸੀ।
ਐਸਾ ਸ਼ਿਅਰ ਕੀਤਾ ਪੁਰਮਗ਼ਜ਼ ਮੌਜ਼ੂ, ਜੇਹੀ ਮੋਤੀਆਂ ਲੜੀ ਸੰਵਾਰਦੀ ਸੀ।
ਕੁਲ ਖੋਲ੍ਹ ਕੇ ਜ਼ਿਕ੍ਰ ਬਿਆਨ ਕੀਤਾ, ਰੰਗ ਰੰਗ ਦੀ ਖ਼ੂਬ ਬਹਾਰ ਦੀ ਸੀ।
ਤਮਸੀਲ ਦੇ ਨਾਲ਼ ਬਿਆਨ ਕੀਤਾ, ਜੇਹੀ ਜ਼ੀਨਤ ਲਾਲਾਂ ਦੇ ਹਾਰ ਦੀ ਸੀ।
ਜੋ ਕੋਈ ਪੜ੍ਹੇ ਸੋ ਬਹੁਤ ਖ਼ੁਰਸ਼ੰਦ ਹੋਵੇ, ਵਾਹ ਵਾਹ ਸਭ ਖ਼ਲਕ ਪੁਕਾਰਦੀ ਸੀ।
ਵਾਰਿਸ ਸ਼ਾਹ ਨੂੰ ਸਿੱਕ ਦੀਦਾਰ ਦੀ ਸੀ, ਜੇਹੀ ਹੀਰ ਨੂੰ ਭਟਕਣਾ ਯਾਰ ਦੀ ਸੀ॥
ਬਖ਼ਸ਼ੀਂ ਲਿਖਣੇ ਵਾਲ਼ੇ ਜੁਮਲਿਆਂ ਨੂੰ, ਪੜ੍ਹਨ ਵਾਲ਼ਿਆਂ ਕਰੀਂ ਅਤਾਇ ਮੀਆਂ।
ਸੁਣਨ ਵਾਲ਼ਿਆਂ ਨੂੰ ਬਖ਼ਸ਼ੀਂ ਖ਼ੁਸ਼ੀ ਦੌਲਤ, ਰੱਖੀਂ ਜ਼ੌਕ ਤੇ ਸ਼ੌਕ ਦਾ ਚਾਇ ਮੀਆਂ।
ਰੱਖੀਂ ਸ਼ਰਮ ਹਯਾਉ ਤੂੰ ਜੁਮਲਿਆਂ ਦੀ, ਮੁੱਠੀ ਮੀਟ ਕੇ ਦੇਈਂ ਲੰਘਾਇ ਮੀਆਂ।
ਵਾਰਿਸ ਸ਼ਾਹ ਤਮਾਮ ਈ ਮੋਮਨਾਂ ਨੂੰ, ਦੇਈਂ ਦੀਂ ਈਮਾਨ ਰਜ਼ਾਇ ਮੀਆਂ॥
– ਪਿਆਰਾ ਸਿੰਘ ਪਦਮ ਦੀ ਸੰਜੋਈ ਕਿਤਾਬ ‘ਹੀਰ ਵਾਰਿਸ ਸ਼ਾਹ’ (ਨਵਯੁਗ, 1977) ਵਿੱਚੋਂ. ਸੰਤ ਸਿੰਘ ਸੇਖੋਂ ਦੀ ਜੋੜੀ ‘ਹੀਰ ਵਾਰਿਸ ਸ਼ਾਹ’ (ਸਾਹਿਤ ਅਕਾਦੇਮੀ, 1967) ਵਿਚ ਇਨ੍ਹਾਂ ਹੀ ਹਵਾਲਿਆਂ ਦੇ ਸ਼ਬਦਾਂ ਵਿਚ ਕਾਫ਼ੀ ਫ਼ਰਕ ਹੈ.
* * *
ਅਹਿਮਦਯਾਰ (1768-1845)
ਸੁਖ਼ਨ ਦਾ ਵਾਰਿਸ
ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ, ਕਿਤੇ ਨਾ ਅਟਕਿਆ ਵਲ਼ਿਆ।
ਉਸ ਮਿਨਰਾਹੀ ਚੱਕੀ ਵਾਂਙੂੰ ਨਿੱਕਾ ਮੋਟਾ ਦਲ਼ਿਆ।
…
ਵਾਰਿਸ ਸ਼ਾਹ ਜੰਡਿਆਲ਼ੇ ਵਾਲ਼ੇ, ਵਾਹ ਵਾਹ ਹੀਰ ਬਣਾਈ।
ਮੈਂ ਵੀ ਰੀਸ ਓਸੇ ਦੀ ਕਰਕੇ, ਲਿਖੀ ਤੋੜ ਨਿਭਾਈ॥
ਜੋ ਅਟਕਲ਼ ਮਜ਼ਮੂਨ ਬੰਨ੍ਹਣ ਦੀ, ਉਸਦੀ ਮੈਂ ਨਈਂ ਕਾਈ।
ਵੱਡਾ ਤਅੱਜਬ ਆਵੇ ਯਾਰੋ, ਵੇਖ ਉਹਦੀ ਵਡਿਆਈ॥
ਮੈਂ ਕਿੱਸੇ ਲਿਖਦਿਆਂ ਵਰ੍ਹੇ ਪੰਜਾਹ ਸੱਠ ਅਪਣੀ ਉਮਰ ਲੰਘਾਈ।
ਤੇ ਉਸ ਕਿੱਸਿਆਂ ਵਿੱਚੋਂ ਏਹੋ, ਇੱਕੋ ਹੀਰ ਬਣਾਈ॥
* * *
ਮੀਆਂ ਮੁਹੰਮਦ ਬਖ਼ਸ਼ (1830-1907)
ਵਾਰਿਸ ਸ਼ਾਹ
ਵਾਰਿਸ ਸ਼ਾਹ ਸੁਖ਼ਨ ਦਾ ਵਾਰਿਸ, ਨਿੰਦੇ ਕੌਣ ਉਨ੍ਹਾਂ ਨੂੰ।
ਹਰਫ਼ ਉਹਦੇ ਤੇ ਉਂਗਲ ਧਰਨੀ, ਨਾਹੀਂ ਕਦਰ ਅਸਾਂ ਨੂੰ॥
ਜਿਹੜੀ ਓਸਿ ਚੋਪੜ ਪਈ ਆਖੀ, ਜੇ ਸਮਝੇ ਕੋਈ ਸਾਰੀ।
ਹਿਕ ਹਿਕ ਸੁਖ਼ਨ ਅੰਦਰ ਖ਼ੁਸ਼ਬੋਈਂ, ਵਾਂਙ ਫੁੱਲਾਂ ਦੀ ਖਾਰੀ॥
* * *
ਬਾਵਾ ਬੁਧ ਸਿੰਘ (1878-1931)
ਭੇਟਾ
ਵਾਰਸ ਸ਼ਾਹ ਅਨਮੋਲ ਏ ਹੀਰ ਤੇਰੀ,
ਸਾਰੇ ਜਗ ਅੰਦਰ ਹੀਰੇ ਵਾਂਗ ਚਮਕੇ।
ਕਿਵੇਂ ਕੱਢ ਸ੍ਵਾਂਗ ਏ ਪੁਜ ਸਕਨ,
ਨਕਲ ਅਸਲ ਨੂੰ ਮੂਲ ਨਾ ਪਾ ਸਕੇ।
ਬੋਲੀ ਲਿਖੀ ਸੀ ਠੇਠ ਤੂੰ ਦੇਸ ਵਾਲੀ,
ਕੀਤੇ ਆ ਉਪਕਾਰ ਪੰਜਾਬੀਆਂ ’ਤੇ।
ਪਿੱਛੇ ਤੇਰੇ ਕਈਆਂ ਨੇ ਵੀ ਕਿੱਸੇ ਲਿਖੇ,
ਤੇਰੀ ਹੀਰ ਨੂੰ ਕੋਈ ਨਾ ਪੁਜਯਾ ਜੇ।
ਹਰਿ ਬੁਧ ਸਰਦਾਰ ਤੂੰ ਸ਼ਾਇਰਾਂ ਦਾ,
ਲਿਖਨ ਵਿਚ ਪੰਜਾਬੀ ਦੇ ਬੈਂਤ ਜੋੜੇ।
‘ਚੰਦ੍ਰ ਹਰੀ’ ਨੂੰ ਕਰਾਂ ਮੈਂ ਭੇਟ ਤੇਰੀ,
ਕਰੀਂ ਆ ਕਬੂਲ ਏ ਸ਼ਾਹ ਮੇਰੇ॥
* * *
ਵਿਧਾਤਾ ਸਿੰਘ ਤੀਰ (1901-1972)
ਹੀਰ ਦੇ ਕਰਤਾ ਨੂੰ
ਮਿੱਠੀ ਬੋਲੀ ਦੇ ਵਾਰਸਾ! ਸੱਚ ਮੰਨੀਂ,
ਮੰਨਾਂ ਮੈਂ ਪੰਜਾਬੀ ਦਾ ਪੀਰ ਤੈਨੂੰ।
ਪੰਜਾਂ ਪਾਣੀਆਂ ਵਿੱਚ ਤੂੰ ਲਏਂ ਲਹਿਰਾਂ,
ਆਸ਼ਕ ਸਮਝਦੇ ਅੱਖ ਦਾ ਨੀਰ ਤੈਨੂੰ।
ਕਲਮ ਨਹੀਂ, ਇਹ ਛਾਤੀਆਂ ਵਿੰਨ੍ਹਣੇ ਨੂੰ,
ਵਾਹ ਵਾਹ ਦਿੱਤਾ ‘ਵਿਧਾਤਾ’ ਨੇ ‘ਤੀਰ’ ਤੈਨੂੰ।
ਦਿੱਤੀ ਜਿੰਦ ਤੂੰ ਹੀਰ ਸਲੇਟੜੀ ਨੂੰ,
ਦੇ ਗਈ ਸਦਾ ਦੀ ਜ਼ਿੰਦਗੀ ਹੀਰ ਤੈਨੂੰ।
ਤੇਰੀ ਸੋਚ ਦੀ ਚੜ੍ਹੀ ਝਨਾਂ ਅੰਦਰ,
ਜੱਟੀ ਹੀਰ ਦੀਆਂ ਬੇੜੀਆਂ ਤਰਦੀਆਂ ਨੇ।
ਤੇਰੇ ਨੈਣਾਂ ਦੀ ਸਾਂਦਲੀਬਾਰ ਅੰਦਰ,
ਮੰਹੀਆਂ ਰਾਂਝੜੇ ਮੀਏਂ ਦੀਆਂ ਚਰਦੀਆਂ ਨੇ।
ਤੇਰੇ ਬੋਲ ਵਿਚ ਵੰਝਲੀ ਰਾਂਝਣੇ ਦੀ,
ਹੋ ਹੋ ਰਾਗ ਦੀ ਰੂਹ ਪਈ ਵੱਜਦੀ ਏ।
ਤੇਰੇ ਦਿਲ ਦੇ ਰਾਂਗਲੇ ਪਲੰਘ ਉੱਤੇ;
ਹੀਰ ਬਿਨਾਂ ਸ਼ਿੰਗਾਰ ਪਈ ਸਜਦੀ ਏ।
ਤੇਰੇ ਮਿੱਠਿਆਂ ਗੀਤਾਂ ਦਾ ਰਸ ਲੈਂਦੀ,
ਭਾਗ-ਭਰੀ ਜ਼ਬਾਨ ਨਾ ਰੱਜਦੀ ਏ।
ਤੇਰੀ ਸ਼ਾਇਰੀ ਸ਼ਾਲਾ ਕਮਾਲ ਦੀ ਏ,
ਪਈ ਨੰਗ ਪੰਜਾਬੀ ਦਾ ਕਜਦੀ ਏ।
ਜਦੋਂ ਬੋਲਿਓਂ ਸਹਿਤੀ ਦੀ ਜੀਭ ਉੱਤੇ,
ਗੁੰਗੀ ਜੱਗ ਦੀ ਹੋ ਜ਼ਬਾਨ ਰਹਿ ਗਈ।
ਰੰਗ ਵੇਖ ਕੇ ਤੇਰਿਆਂ ਨੁਸਖ਼ਿਆਂ ਦੇ,
ਮੁਠ ਵਿਚ ਧਨੰਤਰ ਦੀ ਜਾਨ ਰਹਿ ਗਈ॥
* * *
ਮੋਹਨ ਸਿੰਘ (1905-1978)
ਏਨਾ ਥੋੜ੍ਹਾ ਕਿ ਇਸ਼ਕ ਵਿਚ ਹੋ ਗਿਆ ਹਾਂ
ਵਾਰੇ ਸ਼ਾਹ ਦੇ ਰੰਗ ਵਿਚ ਗਾਉਣ ਵਾਲਾ।
ਗੁੱਝੀ ਇਸ਼ਕ ਦੀ ਅੱਗ ਨੂੰ ਵਾ ਲੱਗੀ
ਜੀਅ ਧੰਦਿਆਂ ਵਿਚ ਨਾ ਲੱਗਦਾ ਈ॥
* * *
ਹਰਿੰਦਰ ਸਿੰਘ ਮਹਬਿੂਬ (1937-2010)
ਵਾਰਿਸ ਸ਼ਾਹ ਨੂੰ
ਖ਼ੂਨੀ ਬੇ-ਦਰੇਗ ਅਸਮਾਨ ਵਿਚ
ਤੇਰੇ ਜਿਹੀ ਆਵਾਜ਼ ਕਿਉਂ ਫੇਰ ਨਾਂਹ ?
ਹੁਸਨ ਦੇ ਗ਼ਜ਼ਬ ਦਾ ਦੀਦ ਹੈ ਕਿੱਥੇ ?
ਤੀਰਾਂ ’ਚ ਬਾਜ਼, ਤੇਗਾਂ ’ਚ ਸ਼ੇਰ ਨਾਂਹ।
ਹੁੰਦਿਆਂ ਸੂਰਜਾਂ ਸ਼ਬਨਮ ਦੀ ਅੱਖ ਵਿਚ,
ਕਿਉਂ ਇਕ ਵੀ ਕਤਰਾ ਸਵੇਰ ਨਾਂਹ ?
ਪਰਛਾਵੇਂ ਝਨਾਂ ਦੇ ਸਮੇਂ ਤੋਂ ਸਿੱਕਦੇ,
ਹੀਰ ਨੇ ਆਵਣਾ ਦੂਸਰੀ ਵੇਰ ਨਾਂਹ।
ਕਦੇ ਤਾਂ ਆਵੇ ਦੁਪਹਿਰ ਦਾ ਲਸ਼ਕਰ,
ਜ਼ਹਿਰ ਦਾ ਪਿਆਲਾ ਪੀਣ ਵਿਚ ਦੇਰ ਨਾਂਹ॥
* * *
ਅਮਰਜੀਤ ਚੰਦਨ
ਵਾਰਿਸ ਵੰਦਨਾ
ਵਾਰੇ ਸ਼ਾਹ ਕਰਾਂ ਕੀ ਸਿਫ਼ਤ ਤੇਰੀ, ਲਿਖਣ ਲੱਗਾਂ ਤਾਂ ਲੱਗਦੇ ਲਫ਼ਜ਼ ਥੋਹੜੇ।
ਤੈਨੂੰ ਆਖਦੇ ਸ਼ਾਹਾਂ ਦਾ ਸ਼ਾਹ ਵਾਰਿਸ, ਬੜੇ ਜੋੜੇ ਜਿਨ੍ਹਾਂ ਨੇ ਹੈਨ ਦੋਹੜੇ॥
ਅੱਵਲ ਹਮਦ ਖ਼ੁਦਾ ਦਾ ਵਿਰਦ ਕਰਕੇ ਕਿੱਸਾ ਹੀਰ ਦਾ ਨਵਾਂ ਤੂੰ ਜੋੜਿਆ ਸੀ।
ਤੇਰੇ ਕੌਲ ਮਾਇਨੇ ਕ਼ੁਰਾਨ ਮਜੀਦ ਦੇ ਨੇ, ਮੈਂ ਸੁਰ ਲਾਵਾਂ ਜਿੱਥੋਂ ਤੈਂ ਛੋੜਿਆ ਸੀ।
ਤੇਰਾ ਹੱਥ ਚੁੰਮਾਂ ਤੇਰੀ ਕ਼ਲਮ ਚੁੰਮਾਂ, ਤੂੰ ਲਿਖਿਆ ਜੋ ਰੱਬ ਨੇ ਲੋੜਿਆ ਸੀ।
ਤੂੰ ਮੁੜ ਮਿਲ਼ਾਈਆਂ ਸਨ ਨੇਕ ਰੂਹਾਂ, ਵੈਰੀ ਪ੍ਰੀਤਾਂ ਦੇ ਜਿਨ੍ਹਾਂ ਵਿਛੋੜਿਆ ਸੀ।
ਰਾਂਝਾ ਘਰੋਂ ਟੁਰਿਆ ਮੌਤ ਪਰਨਾਵਣੇ ਨੂੰ, ਲੰਮੇ ਰਾਹੋਂ ਕਿਸੇ ਨਾ ਮੋੜਿਆ ਸੀ।
ਸਾਹ ਆਖ ਸੁਣਾਵੰਦੇ ਵੰਝਲ਼ੀ ਨੂੰ, ਕੰਡਾ ਰੂਹ ਵਿਚ ਕੇਸ ਨੇ ਪੋੜਿਆ ਸੀ।
ਹੋਇਆ ਪੰਜਾਬ-ਰਾਂਝਾ ਵਾਰਸ-ਹੀਰ ਹੋਈ, ਅੱਡ ਹੋਣ ਲੱਗੇ ਕਿਸੇ ਨਾ ਹੋੜਿਆ ਸੀ।
ਤਾਰੀਖ਼ ਜਵਾਬ ਮੰਗੇ ਅੱਜ ਉਨ੍ਹਾਂ ਪਾਸੋਂ, ਨਹੁੰ ਮਾਸ ਨਾਲ਼ੋਂ ਜਿਨ੍ਹਾਂ ਤ੍ਰੋੜਿਆ ਸੀ।
ਹੁਣ ਕਿਹਨੂੰ ਭਲਾ ਕੀ ਦੋਸ਼ ਦੇਈਏ, ਛੰਨਾ ਆਪ ਹੱਥੀਂ ਆਪ ਈ ਰੋੜ੍ਹਿਆ ਸੀ॥
* * *
ਸਵਾਮੀ ਅੰਤਰ ਨੀਰਵ
ਵਾਰਿਸ ਸ਼ਾਹ ਤਾਈਂ
੧
ਹੀਰ ਕੁੜੀ ਦੇ ਨਿੱਕੇ ਜਿਹੇ ਜੀਵਣੇ ਨੂੰ
ਵਾਰੇ ਸ਼ਾਹ ਪਿਆ ਵਡਿਆਰਦਾ ਏ
ਹੀਰ ਰਾਂਝਾ ਤਾਂ ਦੋ ਇਕ ਮੂਰਤਾਂ ਨੇ
ਉਹ ਰੱਬ ਨੂੰ ਪਿਆ ਧਿਆਵੰਦਾ ਏ
ਉਹ ਖ਼ੁਦ ਨੂੰ ਵਾਜਾਂ ਪਿਆ ਮਾਰਦਾ ਏ
ਉਹ ਸਭ ਨੂੰ ਵਾਜਾਂ ਪਿਆ ਮਾਰਦਾ ਏ
੨
ਵਾਰੇ ਸ਼ਾਹ ਦੀ ਘੜੀ ਨਾ ਕੋਈ ਜੰਮਿਆ
ਜਿਸਨੇ ਕੁੜੀ ਦੀ ਚੀਕ ਵਿਚ ਚੀਕ ਤੋਸੀ
ਲੱਗੀਆਂ-ਸੱਗੀਆਂ ਦੀ ਵਾਰੇ ਸ਼ਾਹ ਜਾਣੇ
ਮੈਂ ਵਾਰੇ ਸ਼ਾਹ ਨਹੀਂ ਕਿ ਮੈਨੂੰ ਸਭ ਪਤਾ ਹੋਸੀ
੩
ਸੱਯਦਾ ਵਾਰਸਾ ਜੇ ਤੂੰ ਜੱਟ ਹੁੰਦੋਂ, ਜਾਂ
ਸੁੰਨੀਆਂ ਤੋਂ ਮਾਸਾ ਨਾ ਘੱਟ ਹੁੰਦੋਂ
ਤੇਰੇ ਦਵਾਰੇ ਸਾਰੇ ਈ ਟ੍ਹੋਲਣੇ ਸੀ
ਤੈਨੂੰ ਚਵਰ ਤਾਂ ਸਭਨਾਂ ਝੋਲਣੇ ਸੀ॥
* ਤੋਸੀ: ਮਿਲਾਈ/ਰਲਾਈ
** ਟ੍ਹੋਲਣਾ: ਸਜਦੇ ਵਿਚ ਝੁਕਣਾ
ਸੰਜੋਗੀ: ਅਮਰਜੀਤ ਚੰਦਨ
ਸੰਪਰਕ: