ਆਤਮਜੀਤ
ਸੰਸਾਰ ਪ੍ਰਸਿੱਧ ਕਵੀ, ਚਿਤਰਕਾਰ ਅਤੇ ਚਿੰਤਕ ਖਲੀਲ ਜਬਿਰਾਨ (1883-1931) ਦੀਆਂ ਕਵਿਤਾਵਾਂ ਦੁਨੀਆਂ ਦੀਆਂ ਸੌ ਤੋਂ ਵੱਧ ਜ਼ਬਾਨਾਂ ਵਿਚ ਛਪ ਚੁੱਕੀਆਂ ਹਨ। ਲਬਿਨਾਨ ਵਿਚ ਜਨਮੇ ਖਲੀਲ ਦੀਆਂ ਸਾਰੀਆਂ ਪੁਸਤਕਾਂ ਨੂੰ ਸੱਤਾ ਵੱਲੋਂ ਸਾੜ ਦਿੱਤਾ ਗਿਆ ਸੀ। ਫਿਰ ਵੀ ਉਸਦੀ ਕਿਤਾਬ ‘ਦ ਪ੍ਰਾਫ਼ੈਟ’ ਦੀਆਂ ਇਕ ਕਰੋੜ ਤੋਂ ਵੱਧ ਕਾਪੀਆਂ ਵਿਕੀਆਂ ਹਨ। ਉਹ ਲੈਬਨਾਨੀ-ਅਮਰੀਕੀ ਸੀ। ‘ਪਿਟੀ ਦ ਨੇਸ਼ਨ’ ਨਾਂ ਦੀ ਕਵਿਤਾ ਉਸਨੇ ਆਪਣੇ ਸਮੇਂ ਦੀ ਕੱਟੜਤਾ ਤੋਂ ਦੁਖੀ ਹੋ ਕੇ ਲਿਖੀ ਸੀ ਜੋ ਕਿ ਉਸਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਪੁਸਤਕ ‘ਦ ਗਾਰਡਨ ਆਫ਼ ਪ੍ਰਾਫ਼ੈਟ’ ਵਿਚ ਛਪੀ ਸੀ। ਖਲੀਲ ਜਬਿਰਾਨ ਦੀ ਤਰਜ਼ ’ਤੇ ਅਮਰੀਕੀ ਕਵੀ ਲਾਰੇਂਸ ਫ਼ਰਲਿੰਗਟੀ (1919-2021) ਨੇ ਇਸੇ ਨਾਂ ਦੀ ਇਕ ਹੋਰ ਕਵਿਤਾ 2007 ਵਿਚ ਲਿਖੀ।
ਦੋਹਾਂ ਕਵੀਆਂ ਦਾ ਸਮਾਂ, ਪਿਛੋਕੜ ਅਤੇ ਸੰਦਰਭ ਵੱਖੋ-ਵੱਖਰਾ ਹੈ ਪਰ ਇਹ ਦੋਵੇਂ ਕਵਿਤਾਵਾਂ ਅੱਜ ਦੇ ਸਮੇਂ ਦਾ ਵੀ ਓਨਾ ਹੀ ਵੱਡਾ ਸੱਚ ਬਿਆਨ ਕਰਦੀਆਂ ਹਨ। ਆਮ ਕਰਕੇ ਅਸੀਂ ਆਪਣੀਆਂ ਮੁਸੀਬਤਾਂ ਦਾ ਕਾਰਨ ਰਾਜਸੀ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਮੰਨ ਕੇ ਖ਼ੁਦ ਸੁਰਖਰੂ ਹੋ ਜਾਂਦੇ ਹਾਂ। ਬਹੁਤਾ ਸਾਹਿਤ ਇਸੇ ਨਜ਼ਰ ਤੋਂ ਲਿਖਿਆ ਜਾਂਦਾ ਹੈ। ਕੁਝ ਲੋਕ ਬੁਰੀ ਕਿਸਮਤ ਨੂੰ ਮੁਸੀਬਤਾਂ ਦਾ ਕਾਰਨ ਮੰਨ ਲੈਂਦੇ ਹਨ। ਪਰ ਇਨ੍ਹਾਂ ਦੋਹਾਂ ਕਵਿਤਾਵਾਂ ਦੀ ਸਾਂਝੀ ਖਾਸੀਅਤ ਇਹ ਹੈ ਕਿ ਇਨ੍ਹਾਂ ਵਿਚ ਸਿੱਧੇ ਤੌਰ ’ਤੇ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਕਾਰਨ ਮਿਥਿਆ ਗਿਆ ਹੈ ਕਿਉਂਕਿ ਉਨ੍ਹਾਂ ਕੋਲ ਸਹੀ ਵਕਤ ’ਤੇ ਕਰਨ ਵਾਲੇ ਸਹੀ ਸਵਾਲ ਨਹੀਂ ਹਨ ਜਾਂ ਸਵਾਲ ਕਰਨ ਦੀ ਹਿੰਮਤ ਨਹੀਂ ਹੈ। ਇਸ ਸੰਬੰਧ ਵਿਚ ਬਰਟ੍ਰੰਡ ਰੱਸੇਲ ਦਾ ਇਹ ਕਥਨ ਕਿੰਨਾ ਢੁਕਵਾਂ ਹੈ ਕਿ, “ਲੋਕਰਾਜ ਦਾ ਘੱਟੋ-ਘੱਟ ਇਹ ਲਾਭ ਤਾਂ ਹੈ ਕਿ ਪਾਰਲੀਮੈਂਟ ਦਾ ਕੋਈ ਵੀ ਮੈਂਬਰ ਉਸਨੂੰ ਚੁਣਨ ਵਾਲਿਆਂ ਤੋਂ ਵੱਧ ਮੂਰਖ ਨਹੀਂ ਹੋ ਸਕਦਾ। ਉਹ ਨੇਤਾ ਜਿੱਡਾ ਵੱਡਾ ਬੌਂਗਾ ਹੈ, ਵੋਟਾਂ ਪਾਉਣ ਵਾਲੇ ਉਸਤੋਂ ਵੀ ਵੱਡੇ ਬੇਵਕੂਫ਼ ਹਨ।”
ਮਹਾਨ ਰਚਨਾਵਾਂ ਦੀ ਇਕ ਖ਼ੂਬੀ ਇਹ ਵੀ ਹੁੰਦੀ ਹੈ ਕਿ ਉਹ ਜਿਹੜੇ ਮਰਜ਼ੀ ਸਮੇਂ ਦੌਰਾਨ ਲਿਖੀਆਂ ਜਾਣ, ਉਹ ਹਰ ਸਮੇਂ ਤਾਜ਼ਾ ਅਤੇ ਢੁਕਵੀਆਂ ਹੁੰਦੀਆਂ ਹਨ। ਇਸੇ ਲਈ ਇਹ ਰਚਨਾਵਾਂ ਸੰਵੇਦਨਸ਼ੀਲ ਲੋਕਾਂ ਨੂੰ ਆਪਣੇ ਅੰਦਰ ਝਾਤ ਮਾਰਨ ਦਾ ਮੌਕਾ ਦੇਂਦੀਆਂ ਹਨ। ਸਾਨੂੰ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਵੀ ਤਰਸਯੋਗ ਕੌਮ ਤਾਂ ਨਹੀਂ? ਅਸੀਂ ਬੇਵਕੂਫ਼ ਹਾਂ, ਬੁਜ਼ਦਿਲ ਹਾਂ ਜਾਂ ਇਹ ਨਜ਼ਮਾਂ ਝੂਠੀਆਂ ਹਨ, ਇਸਦਾ ਫ਼ੈਸਲਾ ਪਾਠਕ ਆਪ ਕਰਨ।
ਤਰਸਯੋਗ ਹੈ ਉਹ ਕੌਮ
ਖਲੀਲ ਜਬਿਰਾਨ
ਤਰਸਯੋਗ ਹੈ ਉਹ ਕੌਮ ਜਿਹੜੀ ਆਸਥਾਵਾਂ ਨਾਲ ਭਰੀ ਹੋਈ ਹੈ
ਪਰ ਧਾਰਮਿਕਤਾ ਤੋਂ ਸੱਖਣੀ ਹੈ
ਤਰਸ ਕਰੋ ਉਸ ਕੌਮ ਤੇ ਜਿਹੜੀ ਆਪਣੀ ਭੋਂ ਦਾ ਅੰਨ ਨਹੀਂ ਖਾਂਦੀ
ਤੇ ਆਪਣੇ ਬਣਾਏ ਵਸਤਰ ਨਹੀਂ ਪਾਉਂਦੀ
ਤਰਸਯੋਗ ਹੈ ਉਹ ਕੌਮ ਜਿਹੜੀ ਧੱਕੜ ਨੂੰ ਨਾਇਕ ਮੰਨਦੀ ਹੈ
ਤੇ ਹਰਲ-ਹਰਲ ਕਰਦੇ ਜੇਤੂ ਨੂੰ ਹੀ ਸਭ ਕੁਝ ਸਮਝਦੀ ਹੈ
ਤਰਸਯੋਗ ਹੈ ਉਹ ਕੌਮ ਜਿਹੜੀ ਸੁਪਨੇ ਵਿਚ ਜਨੂੰਨ ਨੂੰ ਨਫ਼ਰਤ ਕਰਦੀ ਹੈ
ਪਰ ਜਾਗਦਿਆਂ ਹੀ ਉਸ ਅੱਗੇ ਵਿਛ ਜਾਂਦੀ ਹੈ
ਦਇਆ ਕਰੋ ਉਸ ਕੌਮ ’ਤੇ
ਜਿਹੜੀ ਸਿਰਫ਼ ਬੰਦੇ ਦੇ ਅੰਤਮ ਸਸਕਾਰ ’ਤੇ ਮੂੰਹ ਖੋਲ੍ਹਦੀ ਹੈ
ਜੋ ਸਿਰਫ਼ ਆਪਣੇ ਉੱਜੜੇ ਅਤੀਤ ’ਤੇ ਮਾਣ ਕਰਦੀ ਹੈ
ਤੇ ਉਦੋਂ ਤਕ ਨਹੀਂ ਉਭਾਸਰਦੀ
ਜਦ ਤਾਈਂ ਸਿਰ ’ਤੇ ਤਲਵਾਰ ਨਾ ਲਟਕ ਜਾਵੇ
ਰਹਿਮ ਕਰੋ ਉਸ ਕੌਮ ’ਤੇ
ਜਿਸਦੇ ਰਾਜਨੇਤਾ ਲੂੰਬੜ ਹਨ ਤੇ ਦਾਰਸ਼ਨਿਕ ਮਦਾਰੀ
ਦਇਆਯੋਗ ਹੈ ਉਹ ਕੌਮ
ਜਿਸਦੀ ਕਲਾ ਮਹਿਜ਼ ਨਕਲ ਤੇ ਟਾਂਕੇਬਾਜ਼ੀ ਹੈ
ਤਰਸ ਖਾਉ ਉਸ ਕੌਮ ’ਤੇ
ਜਿਹੜੀ ਨਵੇਂ ਸ਼ਾਸਕ ਦਾ ਗੱਜ-ਵੱਜ ਕੇ ਸਵਾਗਤ ਕਰਦੀ ਹੈ
ਤੇ ਜਾਣ ਲੱਗਿਆਂ ਉਸ ’ਤੇ ਅਵਾਜ਼ਾਂ ਕੱਸਦੀ ਹੈ
ਤਾਂਕਿ ਉਸਤੋਂ ਅਗਲੇ ਦੀਆਂ ਤੂਤੀਆਂ ਵਜਾਈਆਂ ਜਾ ਸਕਣ
* * *
ਰਹਿਮ ਹੋਵੇ ਉਸ ਕੌਮ ’ਤੇ
ਲਾਰੇਂਸ ਫ਼ਰਲਿੰਗਟੀ
ਰਹਿਮ ਹੋਵੇ ਉਸ ਕੌਮ ’ਤੇ ਜਿਸਦੇ ਲੋਕ ਭੇਡਾਂ ਹਨ
ਤੇ ਚਰਵਾਹੇ ਜਿਨ੍ਹਾਂ ਨੂੰ ਕੁਰਾਹੇ ਪਾਉਂਦੇ ਹਨ
ਰਹਿਮ ਕਰੋ ਉਸ ਕੌਮ ’ਤੇ ਜਿਸਦੇ ਨੇਤਾ ਝੂਠੇ ਹਨ
ਜਿਸਦੇ ਸੰਤਾਂ ਨੂੰ ਗੂੰਗਾ ਬਣਾ ਦਿੱਤਾ ਗਿਐ
ਤੇ ਹਵਾ ਦੀਆਂ ਤਰੰਗਾਂ ’ਤੇ ਵੀ ਰਾਜ ਹੈ, ਕੱਟੜਪੰਥੀਆਂ ਦਾ
ਤਰਸ ਕਰੋ ਉਸ ਕੌਮ ’ਤੇ ਜਿਹੜੀ ਸਿਰਫ਼
ਚੜ੍ਹਦੇ ਸੂਰਜ ਨੂੰ ਸਲਾਮੀ ਲਈ ਬੋਲਦੀ ਹੈ
ਜਿਹੜੀ ਉਸ ਧੱਕੜਸ਼ਾਹ ਨੂੰ ਨਾਇਕ ਮੰਨਦੀ ਹੈ
ਜੋ ਰਾਜ ਕਰਨਾ ਚਾਹੁੰਦੈ ਆਪਣੇ ਬਲ ਨਾਲ
ਤੇ ਦੂਜਿਆਂ ਨੂੰ ਯਾਤਨਾਵਾਂ ਦੇ ਕੇ
ਰਹਿਮ ਕਰੋ ਉਸ ਕੌਮ ’ਤੇ ਜੋ ਆਪਣੀ ਤੋਂ ਇਲਾਵਾ
ਕੋਈ ਹੋਰ ਬੋਲੀ ਨਹੀਂ ਜਾਣਦੀ
ਤੇ ਨਾ ਪਛਾਣਦੀ ਹੈ ਕਿਸੇ ਹੋਰ ਸਭਿਆਚਾਰ ਨੂੰ
ਤਰਸਯੋਗ ਹੈ ਉਹ ਕੌਮ ਜਿਹੜੀ ਸਿਰਫ਼ ਮਾਇਆ ਦੇ ਸਾਹ ਲੈਂਦੀ ਹੈ
ਅਤੇ ਅੰਨ-ਪਾਣੀ ਤੁੰਨ ਕੇ ਸੌਂ ਜਾਂਦੀ ਹੈ
ਉਸ ਕੌਮ ’ਤੇ ਰਹਿਮ ਕਰੋ, ਤਰਸ ਖਾਵੋ ਉਨ੍ਹਾਂ ਲੋਕਾਂ ’ਤੇ
ਜਿਹੜੇ ਆਪਣੇ ਹੱਕਾਂ ਨੂੰ ਖੁਰਨ ਅਤੇ ਆਜ਼ਾਦੀ ਨੂੰ ਭੁਰਨ ਦੇਂਦੇ ਹਨ
ਮੇਰੇ ਪਿਆਰੇ ਮੁਲਕ! ਤੇਰੀਆਂ ਅੱਖਾਂ ਵਿਚ
ਸਾਡੀ ਆਜ਼ਾਦੀ ਵਾਸਤੇ ਹੰਝੂ ਹਨ!!
* * *