ਸਿਰਦਾਰ ਕਪੂਰ ਸਿੰਘ
ਭੂਮਿਕਾ
ਸਿਰਦਾਰ ਕਪੂਰ ਸਿੰਘ ਆਈ.ਸੀ.ਐੱਸ. ਨੂੰ ਪੰਜਾਬੀ ਪਾਠਕ ਬਾਖੂ਼ਬੀ ਜਾਣਦੇ ਹਨ, ਪਰ ਰਾਜਨੀਤੀਵੇਤਾ ਵਜੋਂ। ਉਹ ਪੰਜਾਬੀ ਸਾਹਿਤ ਰਸੀਏ ਸਨ, ਕਈਆਂ ਨੂੰ ਯਕੀਨ ਨਹੀਂ। ਇਹ ਭੂਮਿਕਾ ਸਿਰਦਾਰ ਨੇ 1942 ਈ. ਵਿਚ ਲਿਖੀ ਸੀ। ਇਕ ਇਤਿਹਾਸਕ ਦਸਤਾਵੇਜ਼ ਵਜੋਂ ਪਾਠਕਾਂ ਦੀ ਨਜ਼ਰ ਕਰਨ ਦਾ ਮਨ ਕੀਤਾ।
– ਪੇਸ਼ਕਾਰ: ਹਰਪਾਲ ਸਿੰਘ ਪੰਨੂ
ਪੰਜ ਦਰਿਆ ਦਾ ਮੋਹਨ ਸਿੰਘ ਆਪਣੀਆਂ ਕਵਿਤਾਵਾਂ ਦਾ ਇਕ ਹੋਰ ਸੰਗ੍ਰਹਿ ਪੰਜਾਬੀ ਜਨਤਾ ਦੇ ਸਾਹਮਣੇ ਰਖਦਾ ਹੈ। ਉਸ ਦੀਆਂ ਪਹਿਲੀਆਂ ਰਚਨਾਵਾਂ ਦੇ ਰਸੀਏ, ਜਿਨ੍ਹਾਂ ਦੀ ਗਿਣਤੀ ਬਹੁਤ ਹੈ, ਇਸ ਸੰਗ੍ਰਹਿ ਵਿਚ ਵੀ ਰੰਗਾਂ ਦੀ ਉਹੀ ਭਿੰਨਤਾ ਤੇ ਸੁਗੰਧੀ ਦੀ ਉਹੀ ਬਹੁਲਤਾ ਦੇਖਣਗੇ। ਸਗੋਂ ਇਕ ਵਾਧਾ ਵੀ। ਉਹ ਹੈ ਇਕ ਖ਼ਾਸ ਤਰ੍ਹਾਂ ਦੀ ਨਵੀਨਤਾ ਤੇ ਤਾਕਤ ਜੋ ਨਾ ਸਿਰਫ਼ ਕਵੀ ਦੀ ਵਧੇਰੇ ਪੱਕੀ ਤੇ ਰਸੀ ਹੋਈ ਸ਼ਖ਼ਸੀਅਤ ਦੀ ਸੂਚਕ ਹੈ ਸਗੋਂ ਉਸ ਦੀ ਅਜੋਕੀ ਯੋਰਪੀਨ ਕਵਿਤਾ ਨਾਲ ਡੂੰਘੀ ਤੇ ਅਨੇਕ-ਪੱਖੀ ਜਾਣਕਾਰੀ ਦਾ ਸਬੂਤ ਵੀ ਦਿੰਦੀ ਹੈ। ਇਕ ਗੀਤਕਾਰ ਦੇ ਤੌਰ ’ਤੇ ਤਾਂ ਉਹ ਅੱਗੇ ਹੀ ਆਪਣੀ ਤਾਕਤ ਪ੍ਰਗਟ ਕਰ ਚੁੱਕਾ ਹੈ, ਪਰ ਇਨ੍ਹਾਂ ਕਵਿਤਾਵਾਂ ਵਿਚ ਉਹ ਆਦਰਸ਼ਵਾਦ ਦੇ ਧੁੰਦਲੇ ਸੁਪਨ-ਦੇਸ਼ਾਂ ਤੇ ਕਵੀ ਦੀ ਸੁਨਹਿਰੀ ਕਲਪਨਾ ਦੇ ਮੁਕਾਬਲੇ ਵਿਚ ਗ਼ਮ ਭਰੇ ਤਜਰਬੇ, ਮਾਯਾ ਦੀ ਅਸਥਿਰਤਾ ਅਤੇ ਜੀਵਨ ਦੀਆਂ ਸਖ਼ਤ ਹਕੀਕਤਾਂ ਦੀਆਂ ਤਿੱਖੀਆਂ ਤੇ ਅਪਧਰੀਆਂ ਨੋਕਾਂ ਦਾ ਵੀ ਜ਼ਿਕਰ ਕਰਦਾ ਹੈ। ਇਹ ਆਖ਼ਰੀ ਪਹਿਲੂ ਮੇਰੇ ਖ਼ਿਆਲ ਵਿਚ, ਅੱਜ ਕੱਲ੍ਹ ਦੀ ਕਵਿਤਾ ਨੂੰ, ਜਿਵੇਂ ਕਿ ਉਹ ਉਤਰੀ ਯੂਰਪ ਦੇ ਦੇਸ਼ਾਂ ਵਿਚ ਸਮਝੀ ਜਾਂਦੀ ਹੈ ਅਤੇ ਨੀਯਤ ਰੂਪਾਂ ਤੇ ਗਿਣੇ-ਮਿਥੇ ਅਨੁਭਵਾਂ ਵਾਲੀ ਰਵਾਇਤੀ ਕਵਿਤਾ ਨੂੰ ਨਿਖੇੜਦਾ ਹੈ।
ਸੋਲ੍ਹਵੀਂ ਸਦੀ ਤਕ ਤਕਰੀਬਨ ਸਾਰੇ ਦਾ ਸਾਰਾ ਹਿੰਦੋਸਤਾਨੀ ਸਾਹਿਤ ਸੰਸਕ੍ਰਿਤ ਵਿਚ ਲਿਖਿਆ ਜਾਂਦਾ ਰਿਹਾ ਸੀ, ਪਰ ਇਸ ਦੇ ਬਾਅਦ ਕੁਦਰਤੀ ਤੌਰ ’ਤੇ ਭਾਰਤ ਦੀ ਪ੍ਰਤਿਭਾ ਹਿੰਦੋਸਤਾਨੀ ਜਨਤਾ ਦੀਆਂ ਬੋਲੀਆਂ ਵਿਚ ਉਜਾਗਰ ਹੋਣ ਲਗ ਪਈ। ਯੂਰਪੀਨ ਲੋਕਾਂ ਦੇ ਹਿੰਦੋਸਤਾਨ ਵਿਚ ਆਉਣ ਨਾਲ ਹਿੰਦੋਸਤਾਨੀ ਸਾਹਿਤ ਨੂੰ ਇਕ ਨਵੀਂ ਪ੍ਰੇਰਨਾ ਮਿਲੀ। ਪੰਜਾਬੀ ਵੀ ਇਸ ਅਸਰ ਤੋਂ ਬਚ ਨਾ ਸਕੀ। ਇਸ ਦੇ ਉਲਟ, ਕਈ ਯੂਰਪੀਨ ਲੇਖਕ ਵੀ ਅਜੇਹੇ ਹੋਏ ਹਨ ਜਿਨ੍ਹਾਂ ਨੂੰ ਹਿੰਦੋਸਤਾਨ ਤੇ ਹਿੰਦੋਸਤਾਨੀ ਸਾਹਿਤ ਨੇ ਖਿੱਚ ਪਾਈ ਹੈ ਅਤੇ ਜਿਨ੍ਹਾਂ ਨੇ ਹਿੰਦੋਸਤਾਨੀ ਜੀਵਨ ਤੇ ਸਭਿਆਚਾਰ ਬਾਰੇ ਆਪਣੇ ਅਨੁਭਵ ਅੰਗਰੇਜ਼ੀ ਬੋਲੀ ਵਿਚ ਪ੍ਰਗਟ ਕਰਨ ਦਾ ਯਤਨ ਕੀਤਾ ਹੈ। ਸਰ ਐਡਵਿਨ ਆਰਨਲਡ ਜਿਸ ਨੇ ਆਪਣੀ ਪ੍ਰਸਿੱਧ ਕਵਿਤਾ ‘ਲਾਈਟ ਆਫ਼ ਏਸ਼ੀਆ’ ਹਿੰਦੋਸਤਾਨ ਤੋਂ ਪ੍ਰੇਰਿਤ ਹੋ ਕੇ ਲਿਖੀ ਹੈ, ਉਸ ਤੋਂ ਵੀ ਵਧੇਰੇ ਪ੍ਰਸਿੱਧ ਹੈਨਰੀ ਦਰੋਜ਼ੀਉ ‘ਫ਼ਕੀਰ ਆਫ ਝੁੰਗੀਰਾ’ ਦਾ ਕਰਤਾ, ਤੇ ਇਸੇ ਤਰ੍ਹਾਂ ਕਈ ਹੋਰ ਜਿਨ੍ਹਾਂ ਨੇ ਹਿੰਦੋਸਤਾਨੀ ਸੋਮਿਆਂ ਤੋਂ ਮਸਾਲਾ ਲੈ ਕੇ ਉਸ ਨੂੰ ਹਿੰਦੋਸਤਾਨੀ ਨਮੂਨੇ ਮੁਤਾਬਕ ਢਾਲਿਆ। ਪਰ ਅੱਜ ਕਲ੍ਹ ਦੇ ਹਿੰਦੋਸਤਾਨੀ ਸਾਹਿਤ ਨੂੰ ਇਹ ਦਾਵਾ ਨਹੀਂ ਕਿ ਉਸ ਨੇ ਯੂਰਪ ਦੀ ਕਿਸੇ ਮਹਾਨ ਰਚਨਾ ਦੀ ਕਿਰਤ ਵਿਚ ਪ੍ਰੇਰਨਾ ਦਿੱਤੀ ਹੋਵੇ, ਭਾਵੇਂ ਇਹ ਆਪ ਬਹੁਤ ਹੱਦ ਤਕ ਕੀ ਰੰਗ ਤੇ ਕੀ ਬਣਤਰ ਦੋਹਾਂ ਪਹਿਲੂਆਂ ਤੋਂ ਅੱਜ ਕਲ੍ਹ ਦੇ ਯੂਰਪੀਨ ਲੇਖਕਾਂ ਦੀ ਰਚਨਾ ਦੀਆਂ ਨੀਂਹਾਂ ’ਤੇ ਉਸਰਿਆ ਹੋਇਆ ਹੈ।
ਕਈ ਲੋਕਾਂ ਨੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਅੱਜ ਕਲ੍ਹ ਦੀ ਕਵਿਤਾ ਤੇ ਪੁਰਾਣੀ ਕਵਿਤਾ ਵਿਚ ਕੀ ਫ਼ਰਕ ਹੈ। ਪਰ ਜਿਵੇਂ ਮੈਂ ਇਸ ਗੱਲ ਨੂੰ ਦੇਖਦਾ ਹਾਂ, ਕਿਸੇ ਵੀ ਨੂੰ ਨਿਪਟ ਉਸ ਦੇ ਇਤਿਹਾਸਕ ਸਮੇਂ ਤੋਂ ਨਹੀਂ ਜਾਚਣਾ ਚਾਹੀਦਾ ਜਿਸ ਵਿਚ ਕਿ ਉਹ ਹੋਇਆ ਹੋਵੇ, ਸਗੋਂ ਦੇਖਣ ਤੇ ਜੋਖਣ ਵਾਲੀ ਗੱਲ ਇਹ ਹੈ ਕਿ ਉਹ ਆਪਣੇ ਸਮੇਂ ਦਿਆਂ ਅਨੁਭਵਾਂ ਨੂੰ ਕਿਤਨੀ ਕੁ ਸਫ਼ਲਤਾ ਨਾਲ ਕਵਿਤਾ ਵਿਚ ਪ੍ਰਗਟ ਕਰ ਸਕਿਆ ਹੈ। ਇਹੋ ਆਖ਼ਰੀ ਕਸੌਟੀ ਹੈ; ਇਹ ਨਹੀਂ ਕਿ ਕੋਈ ਕਵਿਤਾ ਇਸ ਰੂਪ ਵਿਚ ਹੈ ਕਿ ਉਸ ਵਿਚ, ਇਸ ਵਿਸ਼ੇ ਨੂੰ ਸੰਭਾਲਦੀ ਹੈ ਕਿ ਉਸ ਨੂੰ, ਇਹ ਕੀਮਤਾਂ ਧਾਰਨ ਕਰਦੀ ਹੈ ਯਾ ਉਹ। ਮੈਂ ਜੀ.ਕੇ. ਚੈਸਟਰਟਨ ਨਾਲ ਸਹਿਮਤ ਹਾਂ ਕਿ,
ਜੋ ਕੁਝ ਵੀ ਮਹਾਨ ਤਰੀਕੇ ਨਾਲ ਸੁੰਦਰ ਤੇ ਸਤਯ ਹੈ,
ਬਹੁਤ ਸਾਦਾ ਹੁੰਦਾ ਹੈ, ਗੀਤ ਵਾਂਗ ਸਾਦਾ,
ਯਾ ਜਿਵੇਂ ਨੀਲੇ ਅਸਮਾਨ ਉਤੇ ਚਾਂਦੀ ਦੀ ਲਿਖਤ ਹੁੰਦੀ ਹੈ,
ਔਖੀ ਤੇ ਗੁੰਝਲਦਾਰ ਚੀਜ਼ ਆਮ ਤੌਰ ’ਤੇ ਗ਼ਲਤ ਹੁੰਦੀ ਹੈ।
ਮੋਹਨ ਸਿੰਘ ਦੇ ਹੱਕ ਵਿਚ ਵੀ ਇਹ ਗੱਲ ਆਖੀ ਜਾ ਸਕਦੀ ਹੈ, ਕਿਉਂਕਿ ਉਹ ਆਪਣੀਆਂ ਇਨ੍ਹਾਂ ਕਵਿਤਾਵਾਂ ਵਿਚ ‘ਔਖਾ ਤੇ ਗੁੰਝਲਦਾਰ’ ਹੋਏ ਬਿਨਾਂ ਨਵਾਂਪਨ ਲਿਆ ਸਕਣ ਵਿਚ ਬਹੁਤ ਸਫ਼ਲ ਰਿਹਾ ਹੈ।
ਆਪਣੀਆਂ ਪਹਿਲੀਆਂ ਕਵਿਤਾਵਾਂ ਵਿਚ, ਮੋਹਨ ਸਿੰਘ ਬਹੁਤ ਕਰਕੇ ਸ੍ਵੈ-ਪ੍ਰਕਾਸ਼ ਵਿਚ ਹੀ ਰੁਝਾ ਰਿਹਾ ਹੈ। ਪਰ ਇਹ ਕਵਿਤਾਵਾਂ ਪਕੇਰੀਆਂ ਤੇ ਅਜੋਕੇ ਸਮਿਆਂ ਦੇ ਤਿੱਖੇ ਤੇ ਤੀਬਰ ਵੇਗ ਮੁਤਾਬਕ ਹਨ, ਕਿਉਂਕਿ ਇਨ੍ਹਾਂ ਵਿਚ ਨਿਰੋਲ ਨਿਜੀ ਜਜ਼ਬੇ ਦੀ ਥਾਂ ਸਮਾਜਕ ਚੇਤੰਨਤਾ ਕੰਮ ਕਰ ਰਹੀ ਹੈ ਅਤੇ ਇਸ ਤਰ੍ਹਾਂ ਨਾਲ ਕਵਿਤਾ ਦੀ ਕੋਮਲਤਾ ਵਿਚ ਭਾਵੇਂ ਫ਼ਰਕ ਪੈ ਗਿਆ ਹੋਵੇ, ਪਰ ਨਿਰੋਏਪਨ ਦਾ ਨਿਸ਼ਚਿਤ ਤੌਰ ’ਤੇ ਵਾਧਾ ਹੋ ਗਿਆ ਹੈ। ਉਸ ਦੀਆਂ ਕਵਿਤਾਵਾਂ ਨਿੱਕਾ ਰੱਬ, ਸਤਿਸੰਗ, ਇਸ਼ਕ ਨੇ ਕਿਤਨਾ ਕਮੀਨਾ ਕਰ ਦਿੱਤਾ, ਮੋਹਨ ਸਿੰਘ ਦੇ ਨਵੇਂਪਨ, ਵਿਚਾਰ ਦੀ ਗਹਿਰਾਈ ਤੇ ਜਾਤੀ ਦੀ ਚੇਤੰਨਤਾ ਵਾਲੀ ਕਵਿਤਾ ਦੀਆਂ ਚੰਗੀਆਂ ਮਸਾਲਾਂ ਹਨ। ਪਰ ਘੱਟੋ ਘੱਟ ਮੈਂ, ਅਜੇ ਵੀ ਮੰਨਦਾ ਹਾਂ ਕਿ ਮੋਹਨ ਸਿੰਘ ਦੀ ਕਵਿਤਾ ਸਭ ਤੋਂ ਉੱਚੀ ਸਿਖ਼ਰ ’ਤੇ ਉਦੋਂ ਹੁੰਦੀ ਹੈ ਜਦ ਉਹ ਪੋਠੋਹਾਰ ਦੇ ਉੱਚੇ ਨੀਵੇਂ ਮੈਦਾਨਾਂ ਵਿਚੋਂ ਜੰਗਲੀ ਫੁੱਲ ’ਕੱਠੇ ਕਰ ਰਿਹਾ ਹੁੰਦਾ ਹੈ, ਉਨ੍ਹਾਂ ਲੰਮੀਆਂ ਕਣਕ ਰੰਗੀਆਂ ਕੁੜੀਆਂ ਦੇ ਵਾਲਾਂ ਦੀਆਂ ਸਪ-ਰੰਗੀਆਂ ਮੀਢੀਆਂ ਨੂੰ ਸ਼ਿੰਗਾਰਨ ਲਈ ਜਿਨ੍ਹਾਂ ਦੀਆਂ ਨਾੜਾਂ ਵਿਚ ਅੱਜ ਤਕ ਗੰਧਾਰ ਵਾਦੀ ਦੇ ਰਸਿਕ ਬਜ਼ੁਰਗਾਂ ਦਾ ਖ਼ੂਨ ਵਹਿ ਰਿਹਾ ਹੈ, ਉਹ ਫੁੱਲ ਜਿਨ੍ਹਾਂ ਵਿਚੋਂ ਅਜੇ ਤਕ ਕਾਦੰਬਰੀ, ਕਾਲੀਦਾਸ ਦੇ ਮੇਘ ਦੂਤ, ਭਰਤਰੀ ਹਰੀ ਦੇ ਸ਼ਿੰਗਾਰ ਸ਼ਤਕ, ਜੈਦੇਵ ਦੇ ਗੀਤ ਗੋਬਿੰਦ, ਵਾਰਸ ਸ਼ਾਹ ਦੀ ਹੀਰ, ਬੁੱਲ੍ਹੇ ਦੀਆਂ ਕਾਫ਼ੀਆਂ ਅਤੇ ਗੁਰੂ ਅਰਜਨ ਦੇ ਪਿਆਰ ਤੇ ਬ੍ਰਿਹੋਂ ਦੇ ਸ਼ਬਦਾਂ ਦੀ ਸੁਗੰਧੀ ਪਈ ਆਉਂਦੀ ਹੈ। ਇਸੇ ਵੰਨਗੀ ਦੀ ਯਾਦ ਤਾਜ਼ਾ ਕਰਨ ਵਾਲੇ, ਕਦੀ ਬਿਲਕੁਲ ਸਾਫ਼ ਤੌਰ ’ਤੇ, ਤੇ ਕਦੀ ਧੁੰਦਲੇ ਤੌਰ ’ਤੇ, ਹਨ ਮੋਹਨ ਸਿੰਘ ਦੇ ਖ਼ੂਬਸੂਰਤ ਗੀਤ, ਕਹੇ ਤਕ ਬੈਠਾ ਮੈਂ ਨੈਨ, ਗੱਲ ਸੁਣੀ ਜਾ, ਕੋਈ ਆਇਆ ਸਾਡੇ ਵਿਹੜੇ।
ਮੋਹਨ ਸਿੰਘ ਵਿਚ ਉਹ ਸਭ ਗੁਣ ਮੌਜੂਦ ਹਨ ਜੋ ਕਿਸੇ ਮਹਾਂ ਕਵੀ ਲਈ ਜ਼ਰੂਰੀ ਹਨ। ਉਸ ਕੋਲ ਕਲਪਨਾ ਵੀ ਹੈ ਤੇ ਤਜਰਬਾ ਵੀ। ਉਸ ਨੂੰ ਭਾਵਾਂ ਨੂੰ ਪ੍ਰਗਟ ਕਰਨ ਦਾ ਹੁਨਰ ਵੀ ਆਉਂਦਾ ਹੈ ਅਤੇ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਉਸ ਨੇ ਇਸ ਕੰਮ ਲਈ ਆਪਣੀ ਭਾਸ਼ਾ ਪੰਜਾਬੀ ਨੂੰ ਹੀ ਚੁਣਿਆ ਹੈ। ਉਸ ਨੂੰ ਕਵਿਤਾ ਦੇ ਵਿਸ਼ੇ ਦੀ ਬਹੁਤ ਸੂਝ ਹੈ ਅਤੇ ਉਸ ਵਿਚੋਂ ਲੋੜ ਅਨੁਸਾਰ ਤਿਆਗ ਤੇ ਗ੍ਰਹਿਣ ਕਰਨ ਦੀ ਬਹੁਤ ਬਰੀਕ ਤਮੀਜ਼। ਜੀਵਨ ਦਾ ਤਜਰਬਾ, ਹੋਰ ਤਜਰਤਾ, ਆਪਣੇ ਬੀਤੇ ਤੇ ਉਸ ਦੀਆਂ ਜੜ੍ਹਾਂ ਨਾਲ, ਜਿਥੋਂ ਕਿ ਉਸ ਦੇ ਕਾਵਿ ਜਜ਼ਬੇ ਫੁਟਦੇ ਹਨ, ਨਿਤ ਵਧਦੀ ਵਾਕਫ਼ੀ ਤੇ ਸਭ ਤੋਂ ਵਧ ਕੇ ਕਲਾਬਧਤਾ ਤੇ ਨੇਕ ਨੀਯਤੀ ਆਦਿ ਗੁਣ ਮੋਹਨ ਸਿੰਘ ਨੂੰ ਇਕ ਐਸਾ ਕਵੀ ਬਣਾਉਣ ਦੀ ਸੰਭਾਵਨਾ ਰੱਖਦੇ ਹਨ ਜਿਸ ਦੀ ਰਚਨਾ ਸ਼ਾਇਦ ਉਸ ਦੇ ਨਾ ਰਹਿਣ ਦੇ ਬਾਅਦ ਵੀ ਰਹਿ ਸਕੇ।