ਸਾਹਿਤਕ ਯਾਦਾਂ

ਇੱਕ ਮਿੰਨੀ ਪੱਤ੍ਰਿਕਾ ਦਾ ਅੱਧੀ ਸਦੀ ਦਾ ਸਫ਼ਰ

ਇੱਕ ਮਿੰਨੀ ਪੱਤ੍ਰਿਕਾ ਦਾ ਅੱਧੀ ਸਦੀ ਦਾ ਸਫ਼ਰ

ਸੁਰਿੰਦਰ ਕੈਲੇ

ਸੁਰਿੰਦਰ ਕੈਲੇ

ਅਣੂ ਦੀ ਪ੍ਰਕਾਸ਼ਨਾ ਦੇ ਇਤਿਹਾਸ ’ਤੇ ਨਜ਼ਰ ਮਾਰਦਿਆਂ ਮੇਰਾ ਧਿਆਨ ਪੰਜਾਹ ਸਾਲ ਪਿੱਛੇ ਚਲਾ ਜਾਂਦਾ ਹੈ। ਸਵਾਲ ਉੱਠਦੇ ਹਨ, ਅਜਿਹੇ ਸਵਾਲ ਜੋ ਕਿਸੇ ਵੀ ਸਾਹਿਤਕ ਪੱਤਰ ਦੀ ਪ੍ਰਕਾਸ਼ਨਾ ਦੇ ਆਰੰਭ ਲਈ ਜਵਾਬ ਮੰਗਦੇ ਹਨ। ਸਵਾਲ ਹਨ ਕਿ ਪ੍ਰਕਾਸ਼ਨਾ ਸ਼ੁਰੂ ਕਰਨ ਪਿੱਛੇ ਕੀ ਵਪਾਰਕ ਸੋਚ, ਪ੍ਰਸਿੱਧੀ ਦੀ ਲਾਲਸਾ ਜਾਂ ਲੋਕ ਸੇਵਾ ਭਾਵਨਾ ਹੈ। ਉਸ ਸਮੇਂ ਮੇਰੇ ਮਨ ਵਿਚ ਇਨ੍ਹਾਂ ਵਿੱਚੋਂ ਕੋਈ ਵੀ ਸਵਾਲ ਪੈਦਾ ਨਹੀਂ ਸੀ ਹੋਇਆ। ਬਗੈਰ ਸੋਚੇ ਸਮਝੇ ਸਮੇਂ ਦੇ ਵਹਿਣ ਵਿਚ ਇਹ ਰਾਹ ਚੁਣਿਆ ਸੀ ਜੋ ਅਛੋਪਲੇ ਤੇ ਸਹਿਜੇ ਲੋਕ ਪੱਖੀ ਤੇ ਮਾਨਵਤਾ ਦੀ ਵਿਚਾਰਧਾਰਾ ਨੂੰ ਪਰਣਾਇਆ ਗਿਆ। ਅਜਿਹਾ ਕਿਉਂ ਹੋਇਆ? ਦਾ ਪ੍ਰਸ਼ਨ ਸਾਹਮਣੇ ਹੈ। ਮੇਰਾ ਧਿਆਨ ਪਿਛੋਕੜ ਦੀ ਖੋਜ ਕਰਦਾ ਹੈ। ਮੈਂ ਕਲਕੱਤਾ ਯੂਨੀਵਰਸਿਟੀ ਦਾ ਈਵਨਿੰਗ ਕਾਲਜ ਦਾ ਵਿਦਿਆਰਥੀ ਸੀ ਜੋ ਦਿਨੇ ਕੰਮਕਾਰ ਵਿਚ ਰੁੱਝਿਆ ਰਹਿੰਦਾ ਸੀ ਤਾਂ ਸ਼ਾਮੀ 6 ਵਜੇ ਤੋਂ 10 ਵਜੇ ਤੱਕ ਕਾਲਜ ਦੀ ਪੜ੍ਹਾਈ ਹੁੰਦੀ ਸੀ। ਕਾਲਜ ਵਿੱਚ ਹੋਰ ਵਿਦਿਆਰਥੀਆਂ ਨਾਲ ਮੇਲ ਮਿਲਾਪ, ਵਿਚਾਰ ਚਰਚਾ ਜਾਂ ਸਮਕਾਲੀ ਹਾਲਾਤ ਬਾਰੇ ਗੱਲ ਕਰਨ ਦਾ ਸਮਾਂ ਕਿਸੇ ਕੋਲ ਨਹੀਂ ਸੀ ਹੁੰਦਾ ਕਿਉਂਕਿ ਈਵਨਿੰਗ ਕਲਾਸਾਂ ਦੇ ਵਿਦਿਆਰਥੀ ਦਿਨੇ ਕੰਮਕਾਜੀ ਹੁੰਦੇ ਸਨ। ਸਿਰਫ਼ ਪੜ੍ਹਾਈ ਹੁੰਦੀ ਸੀ। ਸੋਚਦਾ ਹਾਂ ਕਿ ਫਿਰ ਲੋਕ ਪੱਖੀ ਸੋਚ ਕਦੋਂ ਤੇ ਕਿਵੇਂ ਪੈਦਾ ਹੋਈ। ਦਰਅਸਲ, ਸਕੂਲ ਸਮੇਂ ਲਾਇਬਰੇਰੀ ਵਿੱਚੋਂ ਲੈ ਕੇ ਪੜ੍ਹਿਆ ਸਾਹਿਤ ਅਤੇ ਮੇਰੇ ਪਿੰਡ ਦੇ ਅਧਿਆਪਕ ਸ. ਪਿਆਰਾ ਸਿੰਘ ਵੱਲੋਂ ਰੂਸੀ ਸਾਹਿਤ ਪੜ੍ਹਨ ਲਈ ਮਿਲੀਆਂ ਕਿਤਾਬਾਂ ਨੇ ਅਚੇਤ ਰੂਪ ਵਿਚ ਮੈਨੂੰ ਪ੍ਰਭਾਵਿਤ ਕੀਤਾ ਤੇ ਬਾਅਦ ਵਿੱਚ ਹੋਰ ਸਾਹਿਤ ਪੜ੍ਹਨ ਨਾਲ ਮੇਰੇ ਦਿਮਾਗ਼ ਵਿਚ ਮਾਨਵੀ ਭਾਵਨਾ ਘਰ ਕਰ ਗਈ ਤੇ ਮਨੁੱਖ ਦੀ ਬਿਹਤਰੀ ਲਈ ਸੋਚਣ ਲੱਗਾ। ਗ਼ਰੀਬਾਂ ਪ੍ਰਤੀ ਹਮਦਰਦੀ ਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਹਿਤ ਯਥਾਯੋਗ ਸਹਾਇਤਾ ਦੀ ਗੁੜ੍ਹਤੀ ਮੈਨੂੰ ਪਰਿਵਾਰ ਵੱਲੋਂ ਮਿਲੀ। ਗੁਰਬਾਣੀ ਦੇ ਪਾਠ ਨੂੰ ਸਮਝ ਦਾ ਹਿੱਸਾ ਬਣਾਉਣ ਕਰਕੇ ਸਿੱਖੀ ਦੇ ਸਦਗੁਣ ਆਪਣੇ ਆਪ ਦਿਮਾਗ਼ ਵਿਚ ਘਰ ਕਰ ਗਏ ਜਿਸ ਨਾਲ ਜ਼ਿੰਦਗੀ ਦਾ ਮਕਸਦ ਤੇ ਜੀਵਨ ਜਾਚ ਦਾ ਦਰਵਾਜ਼ਾ ਖੁੱਲ੍ਹ ਗਿਆ।

ਪੱਛਮੀ ਬੰਗਾਲ ਉਦਯੋਗਿਕ ਸੂਬਾ ਹੈ। ਵੱਡੀਆਂ ਕੰਪਨੀਆਂ ਦੇ ਮੁੱਖ ਦਫ਼ਤਰ ਇੱਥੇ ਹੀ ਸਨ। ਦਫ਼ਤਰਾਂ ਦੇ ਕਰਮਚਾਰੀਆਂ ਵੱਲੋਂ ਜਲਸੇ/ਜਲੂਸ, ਕਲਮ ਛੋੜ ਹੜਤਾਲ, ਘਿਰਾਓ ਆਮ ਸੀ। ਬਾਬੂਆਂ ਨੂੰ ਨਿੱਕੀਆਂ ਨਿੱਕੀਆਂ ਕਿਰਸਾਂ ਕਰਦਿਆਂ ਦੇਖਦਾ। ਮੈਨੂੰ ਪਤਾ ਲੱਗ ਗਿਆ ਕਿ ਮਹਾਂਨਗਰ ਗ਼ਰੀਬਾਂ ਨੂੰ ਰੱਜਵੀਂ ਤੇ ਮਾਣਮੱਤੀ ਰੋਟੀ ਦੇਣ ਦੀ ਥਾਂ ਉਨ੍ਹਾਂ ਦਾ ਸ਼ੋਸ਼ਣ ਕਰ ਰਿਹਾ ਹੈ।

ਮੈਂ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਨੂੰ ਯਾਦ ਕਰਦਾ ਹਾਂ ਜਦੋਂ ਭਾਰਤ ਦੀ ਅਜ਼ਾਦੀ ਮਗਰੋਂ ਸਦੀ ਦਾ ਚੌਥਾਈ ਸਮਾਂ ਲੰਘਣ ਦੇ ਬਾਵਜੂਦ ਜਨ ਸਾਧਾਰਨ ਗੁਰਬਤ ਦੀ ਚੱਕੀ ਵਿਚ ਪਿਸ ਰਿਹਾ ਸੀ। ਰਾਜਸ਼ਾਹੀ ਸੱਤਾ ਦੇ ਗਲਿਆਰੇ ਵਿਚ ਸ਼ਾਮਲ ਹੋ ਗਈ ਸੀ ਤੇ ਜਾਗੀਰਦਾਰੀ ਢਾਂਚਾ ਪਹਿਲਾਂ ਵਾਂਗ ਹੀ ਆਪਣੀ ਪਕੜ ਮਜ਼ਬੂਤ ਕਰੀ ਬੈਠਾ ਸੀ। ਫਲਸਰੂਪ ਨਿੱਕੇ ਕਿਸਾਨ ਤੇ ਮੁਜ਼ਾਰੇ ਅਤਿ ਦੀ ਨਿੱਘਰੀ ਹਾਲਤ ਵਿੱਚ ਜਾਗੀਰਦਾਰਾਂ ਦੇ ਰਹਿਮੋ ਕਰਮ ’ਤੇ ਦਿਨ ਕਟੀ ਕਰ ਰਹੇ ਸਨ। ਉਧਰ ਚੀਨ ਦੀ ਕ੍ਰਾਂਤੀ ਤੋਂ ਪ੍ਰਭਾਵਿਤ ਤੇ ਕਾਮਰੇਡ ਮਾਓ ਦੇ ਫਲਸਫ਼ੇ ਦਾ ਸਮਰਥਕ, ਸਮਾਜਵਾਦੀ ਵਿਚਾਰਧਾਰਾ ਵਾਲਾ ਇੱਕ ਗਰੁੱਪ ਸਮਕਾਲੀ ਸਥਿਤੀ ਨੂੰ ਕਿਸਾਨੀ ਤੇ ਪੀੜਤ ਜਨ ਸਾਧਾਰਨ ਦੀ ਮੁਕਤੀ ਦਾ ਸਹੀ ਸਮਾਂ ਮੰਨਦਾ ਹੋਇਆ ਜਾਗੀਰਦਾਰਾਂ ਤੇ ਸਰਮਾਏਦਾਰਾਂ ਨੂੰ ਕਤਲ ਕਰਕੇ ਜ਼ਮੀਨਾਂ ਮੁਜ਼ਾਰਿਆਂ ਵਿਚ ਵੰਡਣ ਲੱਗਿਆ। ਛੇਤੀ ਹੀ ਗਰਮਖ਼ਿਆਲੀ ਇਸ ਲਹਿਰ ਨਾਲ ਜੁੜਦੇ ਗਏ ਤੇ ਇਹ ਲਹਿਰ ਪੂਰੇ ਮੁਲਕ ਵਿਚ ਫੈਲ ਗਈ। ਇਹ ਲਹਿਰ ਪੱਛਮੀ ਬੰਗਾਲ ਦੇ ਨਕਸਲਵਾੜੀ ਇਲਾਕੇ ਵਿਚ ਸ਼ੁਰੂ ਹੋਈ ਸੀ। ਸੋ ਇਸ ਦਾ ਨਾਂ ਨਕਸਲਵਾਦੀ ਲਹਿਰ ਪੈ ਗਿਆ ਸੀ ਤੇ ਇਸ ਦੇ ਕਾਰਕੁਨ ਨਕਸਲਵਾੜੀਏ ਕਹੇ ਜਾਣ ਲੱਗੇ। ਮੇਰੀ ਉਨ੍ਹਾਂ ਦਿਨਾਂ ਦੀ ਅਧਵਿਕਸਤ ਸੋਚ ਇਸ ਨੂੰ ਗ਼ਰੀਬ ਪੱਖੀ ਲਹਿਰ ਸਮਝ, ਇਸ ਨਾਲ ਹਮਦਰਦੀ ਵਾਲੀ ਸੀ। ਇਸ ਲਹਿਰ ਨਾਲ ਸਬੰਧਤ ਸਾਹਿਤ ਨੂੰ ਸਰਕਾਰ ਬਰਦਾਸ਼ਤ ਨਹੀਂ ਸੀ ਕਰ ਰਹੀ। ਲਹਿਰ ਨਾਲ ਜੁੜੇ ਤੇ ਲੋਕ ਹਿਤੈਸ਼ੀ ਖੱਬੇ ਪੱਖੀ ਸੋਚ ਵਾਲੇ ਲੇਖਕ ਖ਼ੁਦ ਸਾਹਿਤ ਪ੍ਰਕਾਸ਼ਨਾਂ ਰਾਹੀਂ ਆਪਣੇ ਵਿੱਤ ਮੂਜਬ ਯਤਨਸ਼ੀਲ ਸਨ। ਲੇਖਕ ਮਿੰਨੀ ਪੱਤ੍ਰਕਾਵਾਂ, ਦੁਵਰਕੇ, ਚੁਵਰਕੇ, ਅੰਤਰਦੇਸੀ ਪੱਤਰ, ਪੋਸਟ ਕਾਰਡ ਰਾਹੀਂ ਰਚਨਾਵਾਂ, ਵਿਚਾਰਧਾਰਾ ਤੇ ਪ੍ਰਚਾਰ ਪਾਠਕਾਂ ਤੱਕ ਪਹੁੰਚਾ ਰਹੇ ਸਨ।

1972 ਵਿੱਚ ਗੁਰਪਾਲ ਲਿੱਟ ਇਕ ਵਾਰੀ ਫਿਰ ਕਲਕੱਤੇ ਆਇਆ। ਉਹ ਕਾਲਜ ਸਮੇਂ ਵਿਦਿਆਰਥੀ ਯੂਨੀਅਨ ਦਾ ਬੁਲਾਰਾ ਤੇ ਆਗੂ ਸੀ। ਪੁਲੀਸ ਵੱਲੋਂ ਫੜੇ ਜਾਣ ਤੋਂ ਬਚਣ ਲਈ ਕਲਕੱਤੇ ਆਪਣੇ ਮਾਪਿਆਂ ਕੋਲ ਕੁਝ ਸਮਾਂ ਰਿਹਾ। ਉਸ ਦੇ ਮਾਪੇ ਪੰਜਾਬ ਚਲੇ ਗਏ ਸਨ ਤੇ ਉਸ ਨੂੰ ਟਰੱਕ ਸੰਭਾਲਣ ਦੀ ਜ਼ਿੰਮੇਵਾਰੀ ਅਧੀਨ ਕਲਕੱਤੇ ਭੇਜ ਦਿੱਤਾ ਸੀ। ਉਹ ਟਰੱਕ ਦੇ ਨਾਲ ਹੀ ਰਹਿੰਦਾ, ਪਰ ਕਦੀ ਕਦਾਈਂ ਟਰੱਕ ਭੇਜ ਕਲਕੱਤੇ ਰਹਿ ਜਾਂਦਾ। ਗੁਆਂਢੀ ਹੋਣ ਕਰਕੇ ਅਸੀਂ ਇੱਕ ਦੂਜੇ ਦੇ ਸੰਪਰਕ ਵਿੱਚ ਰਹਿੰਦੇ ਤੇ ਸਾਹਿਤਕ ਵਿਚਾਰ ਵਟਾਂਦਰਾ ਕਰਦੇ। ਲਹਿਰ ਦੇ ਫੇਲ੍ਹ ਹੋ ਜਾਣ ਦੇ ਬਾਵਜੂਦ ਮਿੰਨੀ ਪਰਚਿਆਂ ਦੀ ਪ੍ਰਕਾਸ਼ਨਾ ਜਾਰੀ ਸੀ। ਹਿੰਦੀ, ਬੰਗਲਾ ਆਦਿ ਭਾਸ਼ਾਵਾਂ ਦੇ ਮਿੰਨੀ ਪਰਚੇ ਪਾਠਕਾਂ ਵਿਚ ਗਹਿਰਾ ਪ੍ਰਭਾਵ ਪਾ ਰਹੇ ਸਨ। ਪੰਜਾਬੀ ਵਿਚ ਮਿੰਨੀ ਪਰਚਾ ਕੱਢਣ ਦਾ ਵਿਚਾਰ ਗੁਰਪਾਲ ਲਿੱਟ ਦੇ ਦਿਮਾਗ਼ ਦੀ ਕਾਢ ਸੀ ਜੋ ਹਿੰਦੀ, ਬੰਗਲਾ ਅਤੇ ਹੋਰ ਭਾਸ਼ਾਵਾਂ ਦੇ ਮਿੰਨੀ ਪਰਚਿਆਂ ਦੀ ਰੀਸ ਕਰਨੀ ਚਾਹੁੰਦਾ ਸੀ। ਉਨ੍ਹੀਂ ਦਿਨੀਂ ਕਲਕੱਤੇ ਵਿਚ ਇੱਕ ਹੀ ਵਿਅਕਤੀ ਪੰਜਾਬੀ ਛਪਾਈ ਦਾ ਕੰਮ ਕਰਦਾ ਸ਼ੇਰ ਸਿੰਘ (ਸਕਿਉਰਟੀ ਪ੍ਰਿੰਟਰਜ਼ ਆਫ ਇੰਡੀਆ) ਸੀ ਜਿਸ ਕੋਲ ਸਿਰਫ਼ ਪੰਜਾਬੀ ਟਾਈਪ ਸੀ, ਛਪਾਈ ਕਿਧਰੋਂ ਹੋਰ ਕਰਵਾਉਂਦਾ ਸੀ। ਫਿਰ ਉਸ ਨੇ ਛਪਾਈ ਮਸ਼ੀਨ ਵੀ ਲੈ ਲਈ ਤੇ ਭਵਾਨੀਪੁਰ 88-ਏ, ਅਸ਼ੂਤੋਸ਼ ਮੁਖਰਜੀ ਰੋਡ ਵਿਚ ਪ੍ਰੈਸ ਤਬਦੀਲ ਕਰ ਲਈ ਸੀ। ਉਨ੍ਹਾਂ ਦੇ ਸਹਿਯੋਗ ਦੇਣ ਦੇ ਵਾਅਦੇ ਨਾਲ ਅਸੀਂ ਪਹਿਲੀ ਉਡਾਰੀ ਭਰੀ ਤੇ ਅਣੂਰੂਪ ਦਾ ਪਹਿਲਾ ਅੰਕ ਜੁਲਾਈ 1972 ਵਿੱਚ ਪ੍ਰਕਾਸ਼ਿਤ ਹੋਇਆ। ਬਾਅਦ ਵਿੱਚ ਮਾਰਚ-ਅਪਰੈਲ 1975 ਅਣੂਰੂਪ ਦੀ ਥਾਂ ਅਣੂ ਨਾਂ ਥੱਲੇ ਪਰਚਾ ਪ੍ਰਕਾਸ਼ਿਤ ਹੋਣ ਲੱਗਾ ਕਿਉਂਕਿ ਭਾਰਤ ਸਰਕਾਰ ਨੇ ਇਸ ਨਾਂ ਨੂੰ ਹੀ ਪ੍ਰਵਾਨ ਕੀਤਾ ਸੀ।

ਅਣੂ ਦੀ ਪ੍ਰਕਾਸ਼ਨਾ ਬਗੈਰ ਕਿਸੇ ਵਿਉਂਤਵੰਦੀ, ਸੋਚ ਸਮਝ ਤੇ ਤਜਰਬੇ ਦੇ ਸ਼ੁਰੂ ਕੀਤੀ ਗਈ ਸੀ। ਇਸ ਦਾ ਇੱਕੋ ਇਕ ਆਧਾਰ ਉਸ ਸਮੇਂ ਛਪਦੇ ਮਿੰਨੀ ਰਸਾਲਿਆਂ (ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ ਆਦਿ) ਦੀ ਵੇਖਾ ਵੇਖੀ ਸੀ। ਉਸ ਸਮੇਂ ਦੇ ਰਾਜਸੀ ਹਾਲਾਤ ਕਾਰਨ ਛਪ ਰਹੇ ਜੁਝਾਰੂ ਸਾਹਿਤ ਨੇ ਪੰਜਾਬੀ ਪਾਠਕਾਂ ਦਾ ਧਿਆਨ ਖਿੱਚਿਆ ਤੇ ਛੇਤੀ ਹੀ ਇਹ ਪੱਤਰ ਹਰਮਨ ਪਿਆਰਾ ਹੋ ਗਿਆ। ਅਖ਼ਬਾਰ ਵਿਕਰੇਤਾ ਏਜੰਸੀਆਂ ਦੇ ਸੈਂਕੜਿਆਂ ਦੀ ਗਿਣਤੀ ਵਿਚ ਮਿਲਦੇ ਆਰਡਰ, ਲੇਖਕਾਂ ਦਾ ਸਹਿਯੋਗ ਤੇ ਪਾਠਕਾਂ ਦੀ ਮੰਗ ’ਚ ਵਾਧਾ ਹੌਸਲਾ ਵਧਾਉਂਦੇ। ਕੁਝ ਸਮੇਂ ਬਾਅਦ ਜਦੋਂ ਏਜੰਸੀਆਂ ਕੋਲੋਂ ਵਿਕਰੀ ਦੇ ਪੈਸੇ ਮੰਗੇ ਤਾਂ ਇਹ ਕੰਨੀ ਕਤਰਾ ਗਈਆਂ। ਇਕ ਵਿਕਰੇਤਾ ਨੇ ਸੈਂਕੜਿਆਂ ਦੀ ਗਿਣਤੀ ਵਿਚ ਅਦਾਰੇ ਵੱਲੋਂ ਪ੍ਰਕਾਸ਼ਿਤ ਕਿਤਾਬ ‘ਸ਼ੀਸ਼ੇ ਤੋਂ ਫੌਲਾਦ ਤੱਕ’ (ਲੇਖਕ ਅਜੀਤ ਕੁਮਾਰ ਨਾਜ) ਖਰੀਦੀ। ਗੇੜੇ ਮਾਰਨ ’ਤੇ ਉਸ ਇਕ ਪੈਸਾ ਵੀ ਨਾ ਦਿੱਤਾ। ਇਸ ਤੋਂ ਇਕ ਸਬਕ ਜ਼ਰੂਰ ਮਿਲਿਆ ਕਿ ਕਦੇ ਵੀ ਏਜੰਸੀਆਂ ਰਾਹੀਂ ਵਿਕਰੀ ਦਾ ਰਾਹ ਨਾ ਚੁਣੋ। ਫਲਸਰੂੂਪ ਅਸੀਂ ਅਣੂ ਸਿੱਧਾ ਪਾਠਕਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਤੇ ਅੱਜ ਤੱਕ ਇਹੋ ਨੀਤੀ ਲਾਗੂ ਹੈ। ਅੱਜ ਵੀ ਪਾਠਕ ਨਿਰੰਤਰ ਹੁੰਗਾਰਾ ਭਰਦੇ ਤੇ ਉਤਸ਼ਾਹਿਤ ਕਰਦੇ ਹਨ।

ਕਿਸੇ ਵੀ ਪ੍ਰਕਾਸ਼ਨਾ ਨੂੰ ਆਰਥਿਕ ਵਿਉਂਤਬੰਦੀ ਸਦਕਾ ਹੀ ਬਰਕਰਾਰ ਰੱਖਿਆ ਜਾ ਸਕਦਾ ਹੈ। ਪਰ ਅਸੀਂ ਅਣਜਾਣਪੁਣੇ ਵਿਚ ਐਵੇਂ ਸਮੇਂ ਦੇ ਵਹਿਣ ਵਿਚ ਵਹਿ ਤੁਰੇ। ਗੁਰਪਾਲ ਲਿੱਟ ਦੋ ਅੰਕਾਂ ਬਾਅਦ ਪੰਜਾਬ ਚਲਾ ਗਿਆ ਤੇ ਅਣੂ ਦੀ ਪ੍ਰਕਾਸ਼ਨਾ ਦਾ ਸਾਰਾ ਭਾਰ ਮੇਰੇ ਸਿਰ ਪੈ ਗਿਆ। ਲੇਖਕਾਂ ਨਾਲ ਸੰਪਰਕ ਰੱਖਣ ਲਈ ਹਰ ਰੋਜ਼ ਤਕਰੀਬਨ 20-25 ਚਿੱਠੀਆਂ ਲਿਖਣੀਆਂ ਪੈਂਦੀਆਂ। ਇਸੇ ਸੰਪਰਕ ਸਦਕਾ ਉੱਚ ਪਾਏ ਦੀਆਂ ਰਚਨਾਵਾਂ ਪ੍ਰਾਪਤ ਕਰਨ ਵਿਚ ਸਫ਼ਲਤਾ ਮਿਲ ਰਹੀ ਸੀ। ਆਰਥਿਕ ਪੱਖੋਂ ਵੀ ਪੂਰਾ ਬੋਝ ਮੇਰੇ ਉਪਰ ਸੀ। ਨਿੱਕੇ ਪਰਚੇ ਲਈ ਇਸ਼ਤਿਹਾਰ ਮਿਲਣ ਦੀ ਸੰਭਾਵਨਾ ਉੱਕਾ ਹੀ ਨਹੀਂ ਸੀ। ਹੱਥ ਅੱਡ ਕੇ ਪਰਚਾ ਕੱਢਣਾ ਮੇਰੇ ਸੁਭਾਅ ਦੇ ਉਲਟ ਸੀ। ਸੋਚ ਵਿਚਾਰ ਕੀਤੀ ਕਿ ਜੇਕਰ ਅਪਣੀ ਜੇਬ ਵਿੱਚੋਂ ਖਰਚਾ ਕਰਕੇ ਪੱਤਰ ਨਿਕਲ ਸਕਦਾ ਹੈ, ਜਾਰੀ ਰੱਖਿਆ ਜਾਵੇ, ਨਹੀਂ ਤਾਂ ਪ੍ਰਕਾਸ਼ਨਾ ਬੰਦ ਕਰ ਦਿੱਤੀ ਜਾਵੇ। ਸਿਰੜ ਨੂੰ ਕਾਇਮ ਰੱਖਦਿਆਂ ਮੈਂ ਇਹ ਰਸਾਲਾ ਪੰਜਾਬ ਆ ਕੇ ਜਾਰੀ ਰੱਖਿਆ ਤੇ ਇੱਥੇ ਹੀ ਭਾਰਤ ਸਰਕਾਰ ਵੱਲੋਂ ਅਣੂ ਨਾਂ ਰਜਿਸਟਰਡ ਹੋਇਆ।

ਅਣੂ ਦੀ ਪ੍ਰਕਾਸ਼ਨਾ ਵੇਲੇ ਮੇਰੀ ਉਮਰ ਤਕਰੀਬਨ 25 ਸਾਲ ਦੀ ਸੀ ਤੇ ਮੈਂ ਕਲਕੱਤਾ ਯੂਨੀਵਰਸਿਟੀ ਵਿੱਚੋਂ ਡਿਗਰੀ ਲੈ ਕੇ ਬਿਜ਼ਨਸ ਵਿਚ ਜੁਟ ਗਿਆ ਤੇ ਵਿੱਚੋਂ ਸਮਾਂ ਕੱਢ ਕੇ ਇਸ ਦੀ ਪ੍ਰਕਾਸ਼ਨਾ ਦਾ ਕੰਮ ਕਰਦਾ। ਬੌਧਿਕ ਤੌਰ ’ਤੇ ਮੇਰੀ ਵਿਚਾਰਧਾਰਾ ਬਹੁਤੀ ਪਰਪੱਕ ਨਹੀਂ ਸੀ। ਸਾਹਿਤ ਪ੍ਰਤੀ ਲਗਨ ਤੇ ਦਿਲਚਸਪੀ ਤਤਕਾਲੀ ਰਸਾਲਿਆਂ ਤੇ ਕਿਤਾਬਾਂ ਤੱਕ ਸੀ। ਉਸ ਸਮੇਂ ਪੜ੍ਹੇ ਸਾਹਿਤ ਅਤੇ ਅਣੂ ਦੇ ਲੇਖਕਾਂ ਵੱਲੋਂ ਆਉਂਦੀਆਂ ਰਚਨਾਵਾਂ ਦੇ ਪਾਠ ਤੋਂ ਮੇਰੀ ਸਮਝ, ਸੋਚ ਤੇ ਵਿਚਾਰਧਾਰਾ ਲੋਕ ਪੱਖੀ, ਪਰਪੱਕ ਹੁੰਦੀ ਗਈ। ਬਗੈਰ ਕਿਸੇ ਉਚੇਚ ਦੇ ਮੇਰਾ ਝੁਕਾਅ ਮਾਰਕਸਵਾਦ ਵੱਲ ਹੁੰਦਾ ਗਿਆ।

ਬਸਤੀਵਾਦੀ ਰਾਜ ਸਮੇਂ ਤੋਂ ਹੀ ਕਲਕੱਤਾ ਰਾਜਸੀ ਸਰਗਰਮੀਆਂ ਦਾ ਕੇਂਦਰ ਰਿਹਾ ਹੈ। ਵਿਦੇਸ਼ੀ ਸਰਕਾਰ ਨੂੰ ਚਲਦਾ ਕਰਨ ਲਈ ਇਨਕਲਾਬੀ ਜੱਥੇਬੰਦੀਆਂ ਜੂਝਦੀਆਂ ਰਹੀਆਂ ਸਨ। ਆਜ਼ਾਦੀ ਸੰਗਰਾਮ ਵਿਚ ਇੱਥੋਂ ਦੇ ਲੇਖਕਾਂ ਦਾ ਯੋਗਦਾਨ ਕਿਸੇ ਪੱਖੋਂ ਘੱਟ ਨਹੀਂ। ਕਲਕੱਤੇ ਦੇ ਪੰਜਾਬੀ ਲਿਖਾਰੀ ਤਨੋ-ਮਨੋ ਬੰਗਾਲੀ ਸਾਹਿਤਕਾਰਾਂ/ਆਜ਼ਾਦੀ ਘੁਲਾਟੀਆਂ ਨਾਲ ਮਿਲ ਕੇ ਜਦੋਜਹਿਦ ਕਰ ਰਹੇ ਸਨ। ਗਦਰੀ ਮੁਨਸ਼ਾ ਸਿੰਘ ਦੁਖੀ ਦੇ ਕਲਕੱਤੇ ਆਉਣ ’ਤੇ 1923 ਵਿੱਚ ‘ਕਵੀ ਕੁਟੀਆ, ਕਲਕੱਤਾ’ ਨਾਂ ਦੀ ਸੰਸਥਾ ਦੀ ਸਥਾਪਨਾ ਹੋਈ। ਇਸ ਦਾ ਮੰਤਵ ‘ਗਦਰ’ ਅਤੇ ‘ਗਦਰ ਲਹਿਰ’ ਵਾਂਗ ਸਾਮਰਾਜੀ ਸਰਕਾਰ ਦਾ ਤਖ਼ਤਾ ਪਲਟਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ। ਪੰਜਾਬੀ ਸਾਹਿਤ ਸਭਾ, ਪੱਛਮੀ ਬੰਗਾਲ, ਕਲਕੱਤਾ ਦੀਆਂ ਜੜ੍ਹਾਂ ਕਵੀ ਕੁਟੀਆ ਦੇ ਸਾਹਿਤ ਨਾਲ ਮਜ਼ਬੂਤ ਹੋਈਆਂ। ਮੇਰਾ ਸਾਹਿਤ ਸਭਾ ਨਾਲ ਜੁੜਣਾ ਮਾਰਕਸਵਾਦੀ ਵਿਚਾਰਧਾਰਾ ਨੂੰ ਹੋਰ ਨੇੜਿਓਂ ਸਮਝਣ ਅਤੇ ਲੋਕਾਂ ਨਾਲ ਜੁੜਣ ਦਾ ਵਸੀਲਾ ਬਣਿਆ।

ਅਣੂ ਦੀ ਪ੍ਰਕਾਸ਼ਨਾ ਨੇ ਮੈਨੂੰ ਤਤਕਾਲੀ ਪ੍ਰਸਿੱਧ ਲੇਖਕਾਂ ਨੂੰ ਪੜ੍ਹਨ ਦਾ ਮੌਕਾ ਦਿੱਤਾ। ਅਣੂ ਲਈ ਉਨ੍ਹਾਂ ਲੇਖਕਾਂ ਵੱਲੋਂ ਭੇਜੀਆਂ ਗਈਆਂ ਲਿਖਤਾਂ ਨੇ ਮੇਰੀ ਸੋਚ ਨੂੰ ਹੋਰ ਵਿਕਸਤ ਕੀਤਾ। ਨਾਟਕਕਾਰ ਅਜਮੇਰ ਸਿੰਘ ਔਲਖ, ਸਰਦਾਰ ਬਸਰਾ, ਡਾ. ਤੇਜਵੰਤ ਮਾਨ, ਸੁਲੱਖਣ ਮੀਤ, ਰਾਮ ਸਰੂਪ ਅਣਖੀ, ਜਸਬੀਰ ਢੰਡ, ਹਮਦਰਦਵੀਰ ਨੌਸ਼ਹਿਰਵੀ, ਭੁਪਿੰਦਰ ਸਿੰਘ ਪੀਸੀਐਸ, ਜੋਗਾ ਸਿੰਘ, ਡਾ. ਅਮਰ ਕੋਮਲ, ਮਿੱਤਰ ਸੈਨ ਮੀਤ, ਕਰਤਾਰ ਸਿੰਘ ਦੁੱਗਲ, ਪ੍ਰੀਤਮ ਸਿੰਘ ਰਾਹੀ ਆਦਿ ਪ੍ਰੋੜ ਲੇਖਕ ਮਿੰਨੀ ਕਹਾਣੀ ਦੇ ਮੁੱਢਲੇ ਸਿਰਜਕ ਬਣੇ। ਇਨ੍ਹਾਂ ਦੀਆਂ ਕਲਾਤਮਿਕ ਕਹਾਣੀਆਂ ਦਾ ਅਗਾਂਹਵਧੂ ਤੇ ਸਮਾਜ ਪੱਖੀ ਸੰਗਠਨ ਨਿਸ਼ਚੇ ਹੀ ਪਾਠਕ ਨੂੰ ਪ੍ਰਭਾਵਿਤ ਕਰਨ ਵਾਲਾ ਸੀ। ਮੇਰੀ ਕਹਾਣੀ ਰਚਨਾ ਅਤੇ ਵਿਚਾਰਧਾਰਾ ਉੱਪਰ ਇਨ੍ਹਾਂ ਲੇਖਕਾਂ ਦਾ ਪ੍ਰਭਾਵ ਪੈਣਾ ਕੁਦਰਤੀ ਸੀ। ਇਸ ਦੇ ਨਾਲ ਹੀ ਮੇਰੀਆਂ ਆਪਣੀਆਂ ਰਚਨਾਵਾਂ ਸਮਾਜਵਾਦੀ ਵਿਚਾਰਧਾਰਾ ਨਾਲ ਜੁੜ ਗਈਆਂ। ਕਲਕੱਤੇ ਮੈਂ ਦੇਸ਼ ਦਰਪਨ ਤੇ ਨਵੀਂ ਪ੍ਰਭਾਤ ਲਈ ਸਮਾਜਿਕ ਵਿਸ਼ਿਆਂ ’ਤੇ ਲਿਖਿਆ ਕਰਦਾ ਸੀ। ਮੇਰੇ ਇੱਕ ਵਿਅੰਗ ਨੂੰ ਘੋਖਦਿਆਂ ਗੁਰਪਾਲ ਲਿੱਟ ਨੇ ਕਿਹਾ, ਇਹੋ ਤਾਂ ਮਿੰਨੀ ਕਹਾਣੀ ਹੈ। ਇਹ ਮੇਰੀ ਮਿੰਨੀ ਕਹਾਣੀ ਅਣੂਰੂਪ ਵਿਚ ਛਪੀ ਜੋ ਧਾਰਮਿਕ ਅਦਾਰਿਆਂ ਦੀ ਕਥਨੀ ਤੇ ਕਰਨੀ ਦੇ ਫ਼ਰਕ ਦੀ ਕਥਾ ਸੀ। ਇਸ ਕਹਾਣੀ ਨੇ ਕਲਕੱਤੇ ਦੇ ਗੁਰਦੁਆਰਾ ਪ੍ਰਬੰਧ ਤੇ ਸੇਵਕਾਂ ਦਾ ਮਖੌਟਾ ਉਤਾਰ ਦਿੱਤਾ। ਪ੍ਰਬੰਧਕਾਂ ਨੇ ਬੁਖਲਾ ਕੇ ਮੈਨੂੰ ਸਜ਼ਾ ਦੇਣੀ ਚਾਹੀ, ਪਰ ਮੇਰੇ ਦ੍ਰਿੜ੍ਹ ਇਰਾਦੇ ਅਤੇ ਆਪਣੀਆਂ ਕਮਜ਼ੋਰੀਆਂ ਦੇ ਜੱਗ ਜ਼ਾਹਰ ਹੋਣ ਦੇ ਡਰੋਂ ਉਹ ਜਰਕ ਗਏ। ਅਣੂ ਦੇ ਸਮੁੱਚੇ ਇਤਿਹਾਸ ’ਤੇ ਨਜ਼ਰ ਮਾਰਦਿਆਂ ਇਹ ਗੱਲਾਂ ਉੱਭਰਕੇ ਸਾਹਮਣੇ ਆਉਂਦੀਆਂ ਹਨ:

* ਤਤਕਾਲੀ ਸਮੇਂ ਦੇ ਚਰਚਿਤ ਲੇਖਕਾਂ ਨੇ ਮਿੰਨੀ ਰਚਨਾਵਾਂ ਵੱਲ ਮੁੱਖ ਮੋੜਿਆ ਤੇ ਉੱਚ ਪਾਏ ਦੀਆਂ ਰਚਨਾਵਾਂ ਦਿੱਤੀਆਂ।

* ਪੱਤ੍ਰਿਕਾ ਦੀ ਮੰਗ ਅਨੁਸਾਰ ਅਨੇਕਾਂ ਨਵ-ਲੇਖਕ ਮਿੰਨੀ ਸਾਹਿਤ ਵੱਲ ਪ੍ਰੇਰਿਤ ਹੋਏ।

* ਪੱਤ੍ਰਿਕਾ ਦੀ ਲੋਕ ਪੱਖੀ ਸੋਚ ਤੋਂ ਪ੍ਰੇਰਨਾ ਲੈਂਦਿਆਂ ਨਵ-ਲੇਖਕ ਸਮਾਜਵਾਦੀ ਵਿਚਾਰਧਾਰਾ ਨਾਲ ਜੁੜੇ।

* ਅਣੂ ਨਾਲ ਚਰਚਿਤ ਤੇ ਪ੍ਰੋੜ ਲੇਖਕ ਹੀ ਨਹੀਂ ਜੁੜੇ ਸਗੋਂ ਬਾਅਦ ਦੇ ਨਾਮਵਰ ਲੇਖਕਾਂ ਨੇ ਵੀ ਗੌਲਣਯੋਗ ਹਿੱਸਾ ਪਾਇਆ।

* ਅਣੂ ਪੱਤ੍ਰਿਕਾ ਪੰਜਾਬੀ ਲੇਖਕਾਂ ਤੇ ਪਾਠਕਾਂ ਨੂੰ ਇੱਕੋ ਮੰਚ ਤੇ ਸਾਹਿਤ ਨਾਲ ਜੋੜਨ ਵਿਚ ਸਫਲ ਰਹੀ ਹੈ। ਅੱਜ ਇਸ ਦਾ ਦਾਇਰਾ ਹੋਰ ਵਿਸ਼ਾਲ ਹੋਇਆ ਹੈ। ਈ-ਮੇਲ ਤੇ ਵਟਸਐਪ ਰਾਹੀਂ ਹਜ਼ਾਰਾਂ ਦੀ ਗਿਣਤੀ ਵਿਚ ਨਵੇਂ ਲੇਖਕ/ਪਾਠਕ ਇਸ ਨਾਲ ਜੁੜੇ ਹਨ।

* ਬਿਨਾਂ ਕਿਸੇ ਇਸ਼ਤਿਹਾਰ ਅਤੇ ਦਾਨ ਦੇ ਵੀ ਸਾਹਿਤਕ ਪੱਤ੍ਰਿਕਾ ਲੰਮੇ ਸਮੇਂ ਤੱਕ ਜਾਰੀ ਰੱਖੀ ਜਾ ਸਕਦੀ ਹੈ, ਲੋੜ ਹੈ ਵਿਉਂਤਵੰਦੀ, ਸੰਚਾਰ, ਲੋਕ-ਪੱਖੀ ਸੇਧ ਅਤੇ ਦ੍ਰਿੜ੍ਹ ਇਰਾਦੇ ਦੀ।

ਮੈਂ, ਅਣੂ ਵਿਚ ਪ੍ਰਕਾਸ਼ਿਤ ਮਿੰਨੀ ਕਹਾਣੀਆਂ (1972-2010) ਵਿੱਚੋਂ ਚੋਣਵੀਆਂ ਕਹਾਣੀਆਂ ‘ਅਣੂ ਕਹਾਣੀਆਂ’ ਦੇ ਨਾਂ ਹੇਠ ਸੰਪਾਦਿਤ ਸੰਗ੍ਰਹਿ ਚਾਰ ਦਹਾਕਿਆਂ ਵਿਚ ਵੰਡ ਕੇ ਪ੍ਰਸਿੱਧ ਵਿਦਵਾਨਾਂ ਦੁਆਰਾ ਪੁਨਰ ਵਿਸ਼ਲੇਸ਼ਣ ਸਮੇਤ ਪ੍ਰਕਾਸ਼ਿਤ ਕੀਤਾ ਸੀ। ਇਹ ਪੁਸਤਕ ਮਿੰਨੀ ਕਹਾਣੀ ਦੇ ਨਿਕਾਸ, ਵਿਕਾਸ ਤੇ ਵਿਧਾ ਦੀ ਜਾਣਕਾਰੀ ਭਰਪੂਰ ਹੈ ਜੋ ਪਾਠਕਾਂ, ਵਿਦਵਾਨਾਂ ਤੇ ਖੋਜਾਰਥੀਆਂ ਲਈ ਇੱਕ ਇਤਿਹਾਸਕ ਦਸਤਾਵੇਜ਼ ਹੈ।

ਅਣੂ ਦਾ ਸਾਹਿਤਕ ਸਫ਼ਰ ਜਾਰੀ ਹੈ। ਇਸ ਦੇ ਲੰਮੇਰੇ ਸਫ਼ਰ ਤੈਅ ਕਰਨ ਲਈ ਪਾਠਕਾਂ, ਲੇਖਕਾਂ, ਵਿਦਵਾਨਾਂ, ਖੋਜਾਰਥੀਆਂ ਤੇ ਸ਼ੁਭਚਿੰਤਕਾਂ ਦੇ ਸਹਿਯੋਗ ਤੇ ਹੌਸਲਾ ਵਧਾਉਣ ਲਈ ਤਹਿ ਦਿਲੋਂ ਧੰਨਵਾਦੀ ਹਾਂ।

ਸੰਪਰਕ: 98725-91653

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All