ਪ੍ਰਿੰ. ਸਰਵਣ ਸਿੰਘ
ਗੁਰਦੇਵ ਰੁਪਾਣਾ ਵੇਖਣ ਨੂੰ ਓਡਾ ਨਹੀਂ ਲੱਗਦਾ ਜਿੱਡਾ ਹੈ। ਵੇਖਣ ਨੂੰ ਅਮਲੀ ਜਿਹਾ ਲੱਗਦੈ, ਪਰ ਹੈ ਅਫਲਾਤੂਨ। ਨਿੱਕੇ ਨਾਵਲਾਂ ਤੇ ਨਿੱਕੀਆਂ ਕਹਾਣੀਆਂ ਦਾ ਨੈਸ਼ਨਲ ਚੈਂਪੀਅਨ। ਅੰਗਰੇਜ਼ੀ ’ਚ ਲਿਖਦਾ ਤਾਂ ਸੰਭਵ ਸੀ ਇੰਟਰਨੈਸ਼ਨਲ ਚੈਂਪੀਅਨ ਬਣਦਾ। ਪਰ ਉਸ ਨੂੰ ਘਰ ਦੀ ਤੇ ਅੰਗਰੇਜ਼ੀ ਦੀ ਤੰਗੀ ਮਾਰ ਗਈ। ਨਿੱਕੇ ਕਦਮਾਂ ਨਾਲ ਵੱਡੀ ਛਾਲ ਨਾ ਵੱਜ ਸਕੀ। ਕੁਝ ਉਹਦੀ ਬੋਲ ਬਾਣੀ ਲੈ ਬੈਠੀ। ਪੰਗੇਹੱਥਾ ਜੁ ਹੋਇਆ। ਮੇਰਾ ਉਹ ਸ਼ੁਗਲੀ ਯਾਰ ਹੈ। ਸ਼ੁਗਲ ਕਰਦਿਆਂ ਨਾ ਅਗਲੇ ਨੂੰ ਬਖਸ਼ਦੈ, ਨਾ ਆਪਣੇ ਆਪ ਨੂੰ। ਉਹਦਾ ਪੂਰਾ ਨਾਂ ਹੈ ਡਾ. ਗੁਰਦੇਵ ਸਿੰਘ ਵਿਰਕ। ਉਹਦੇ ਵਿਚ ਵਿਰਕਾਂ ਵਾਲੇ ਸਾਰੇ ਗੁਣ ਔਗਣ ਹਨ। ਪਰ ਜੇਕਰ ਚੱਕ-ਥੱਲ ਕਰਨ ’ਚ ਕੁਆਲੀਫਾਈ ਕਰ ਜਾਂਦਾ ਤਾਂ ਆਹ ਐਵਾਰਡ ਕਦੋਂ ਦੇ ਵੱਟ ’ਤੇ ਪਏ ਸੀ। ‘ਹਵਾ’ ਤੇ ‘ਸ਼ੀਸ਼ਾ’ ਵਰਗੀਆਂ ਕਹਾਣੀਆਂ ਕਦੋਂ ਦੀਆਂ ਲਿਖੀਆਂ ਜਾ ਚੁੱਕੀਆਂ ਸਨ। ‘ਗੋਰੀ’ ਨਾਵਲ ਦੇ ਪੱਚੀ ਐਡੀਸ਼ਨ ਛਪ ਚੁੱਕੇ ਸਨ।
ਉਹ ਆਮ ਵੀ ਹੈ ਤੇ ਖ਼ਾਸ ਵੀ। ਰੁਪਾਣੇ ’ਚ ਆਮ, ਦਿੱਲੀ ’ਚ ਖ਼ਾਸ। ਐਵਾਰਡ ਵੀ ਉਹਦੇ ‘ਆਮ-ਖ਼ਾਸ’ ਕਹਾਣੀ ਸੰਗ੍ਰਹਿ ਨੂੰ ਮਿਲਿਆ। ਆਪਣੇ ਨਾਂ ਨਾਲ ਵਿਰਕ ਉਹ ਇਸ ਕਰਕੇ ਨਹੀਂ ਲਾਉਣ ਲੱਗਾ ਕਿ ਉਹਦੀਆਂ ਚੰਗੀਆਂ ਕਹਾਣੀਆਂ ਕੁਲਵੰਤ ਸਿੰਘ ਵਿਰਕ ਦੇ ਖਾਤੇ ’ਚ ਨਾ ਪੈ ਜਾਣ ਤੇ ਵਿਰਕ ਦੀਆਂ ਮਾੜੀਆਂ ਉਹਦੇ ਖਾਤੇ ਨਾ ਚੜ੍ਹ ਜਾਣ! ਘਰ ’ਚ ਉਹਦਾ ਨਾਂ ਦੇਵ ਸੀ, ਹਾਣੀਆਂ ਦਾ ਦੇਬਾ, ਦਸਵੀਂ ਦਾ ਫਾਰਮ ਭਰਨ ਵੇਲੇ ਗੁਰਦੇਵ ਸਿੰਘ ਵਿਰਕ ਤੇ ਪੀਐੱਚ.ਡੀ. ਕਰਨ ਪਿੱਛੋਂ ਡਾ. ਗੁਰਦੇਵ ਸਿੰਘ ਵਿਰਕ। ਉਹਨੂੰ ਕਲਮੀ ਨਾਂ ਗੁਰਦੇਵ ਰੁਪਾਣਾ ਇਸ ਲਈ ਰੱਖਣਾ ਪਿਆ ਕਿ ਸੱਤ ਗੁਰਦੇਵ ਤਾਂ ਉਹਦੇ ਸਕੂਲ ’ਚ ਹੀ ਪੜ੍ਹਦੇ ਸਨ। ਲਿਖਣ ਵਾਲੇ ਕੀ ਪਤਾ ਸਤਾਰਾਂ ਜਾਂ ਸੱਤਰ ਹੋਣ? ਸੋ ਉਸ ਨੇ ਪਿੰਡ ਰੁਪਾਣੇ ਦਾ ਹੋਣ ਕਰਕੇ ਗੁਰਦੇਵ ਰੁਪਾਣਾ ਰੱਖ ਲਿਆ।
ਵੈਸੇ ਗੁਰਦੇਵ ਰੁਪਾਣਾ ਨਾਂ ਥਾਂ-ਥਾਂ ਛਪਣ ਪਿੱਛੋਂ ਵੀ ਪਿੰਡ ਰੁਪਾਣੇ ਦੇ ਸੌ ’ਚੋਂ ਨੱਬੇ ਬੰਦਿਆਂ ਨੂੰ ਨਹੀਂ ਪਤਾ ਕਿ ਸਾਹਿਤ ਅਕਾਡਮੀ ਦਾ ਐਵਾਰਡ ਹਾਸਲ ਕਰਨ ਵਾਲਾ ਗੁਰਦੇਵ ਰੁਪਾਣਾ ਉਨ੍ਹਾਂ ਦੇ ਪਿੰਡ ਰੁਪਾਣੇ ਦਾ ਹੀ ਹੈ! ਮੈਂ ਪਿਛਲੇ ਸਾਲ ਉਹਨੂੰ ਰੁਪਾਣੇ ਮਿਲਣ ਗਿਆ ਤਾਂ ਸੱਥ ’ਚ ਬੈਠੇ ਬੰਦਿਆਂ ਤੋਂ ਪੁੱਛਿਆ, “ਭਾਈ ਸਾਹਿਬ, ਗੁਰਦੇਵ ਰੁਪਾਣੇ ਦਾ ਘਰ ਕਿਧਰ ਹੈ?” ਕਿਸੇ ਤੋਂ ਪਤਾ ਨਾ ਲੱਗੇ। ਵੇਰਵੇ ਦੇ ਕੇ ਮੈਂ ਉਹਦਾ ਘਰ ਮਸਾਂ ਲੱਭਿਆ। ਅਸਲ ਵਿਚ ਪਿੰਡ ’ਚ ਉਹ ਗੁਰਦੇਵ ਰੁਪਾਣਾ ਨਹੀਂ ‘ਗੁਰਦੇਵ ਦਿੱਲੀ ਵਾਲਾ’ ਵੱਜਦੈ! ਦਿੱਲੀ ਜੁ ਰਹਿੰਦਾ ਰਿਹਾ।
ਉਹਦੀਆਂ ਦਿੱਲੀ ਦੀਆਂ ਗੁੱਝੀਆਂ ਗੱਲਾਂ ਦੱਸਣ ਤੋਂ ਪਹਿਲਾਂ ਦੱਸਣਾ ਬਣਦਾ ਹੈ ਕਿ ਉਹ ਸਮੱਧਰ ਕੱਦ ਦਾ ਕੱਦਾਵਰ ਲੇਖਕ ਹੈ। ਉਹਦੇ ਪੈਰ ਛੋਟੇ ਹਨ, ਪਰ ਸਿਰ ਵੱਡਾ ਹੈ। ਪੈਰੀਂ ਬੱਚਿਆਂ ਵਾਲੀ ਗੁਰਗਾਬੀ ਪਾ ਕੇ ਸਰ ਜਾਂਦੈ। ਪੱਗ ਵੀ ਗੁਰਗਾਬੀ ਦੇ ਹਿਸਾਬ ਦੀ ਨਿੱਕੀ ਬੰਨ੍ਹਦਾ ਹੈ। ਬੂਟ ਕਦੇ ਪਾਏ ਨਹੀਂ ਜਾਂ ਕਹਿ ਲਓ ਪਏ ਨਹੀਂ। ਬੂਟਾਂ ਤੋਂ ਬਿਨਾਂ ਫੁੱਟਬਾਲ ਖੇਡਣ ਲੱਗਾ ਤਾਂ ਤਕੜਾ ਖਿਡਾਰੀ ਨਾ ਬਣ ਸਕਿਆ। ਪਰ ਲੇਖਕ ਬਣ ਕੇ ਕਈ ਕੱਪ ਜਿੱਤੇ ਤੇ ਸਾਹਿਤ ਅਕੈਡਮੀ ਦੀ ਟਰਾਫੀ ਨੂੰ ਜਾ ਹੱਥ ਪਾਇਆ। 1936 ਦੀ ਵਿਸਾਖੀ ਦਾ ਜੰਮਿਆ ਚੁਰਾਸੀ ਕੱਟ ਗਿਐ। ਮੈਂ ਐਵਾਰਡ ਦੀ ਵਧਾਈ ਦਿੰਦਿਆਂ ਹੱਲਾਸ਼ੇਰੀ ਦਿੱਤੀ, “ਦਸ ਸਾਲ ਹੋਰ ਕੱਟ ਜੇਂ ਤਾਂ ਅੰਮ੍ਰਿਤਾ ਪ੍ਰੀਤਮ ਤੇ ਗੁਰਦਿਆਲ ਸਿੰਘ ਤੋਂ ਵੀ ’ਗਾਂਹ ਪਹੁੰਚ ਸਕਦੈਂ!” ਉਹ ਹਾ-ਹਾ ਕਰ ਕੇ ਹੱਸਿਆ।
ਹਾ-ਹਾ ਕਰ ਕੇ ਉਹ ਗੁੱਝਾ ਹਾਸਾ ਹੱਸਦੈ ਤੇ ਹੱਸਣ ਲੱਗਾ ਅੱਖਾਂ ਮੀਚ ਲੈਂਦੈ ਪਈ ਉਹਦੀ ਲਾਈ ਆਰ ਦਾ ਪਤਾ ਨਾ ਲੱਗੇ। ਮੇਰਾ ਉਹ 1962-67 ਦਾ ਦਿੱਲੀ ਦਾ ਬੇਲੀ ਹੈ। ਅਸੀਂ ਇਕੋ ਸਮੇਂ ਦਿੱਲੀ ਗਏ ਸਾਂ। ਮੈਂ ਚਕਰੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ ਜਾਂਦਾ ਦਿੱਲੀ ਖ਼ਾਲਸਾ ਕਾਲਜ ਜਾ ਪੁੱਜਾ ਤੇ ਉਹ ਰੁਪਾਣੇ ਤੋਂ ਕਾਮਰੇਡਾਂ ਦੀ ਰੈਲੀ ’ਚ ਜਾਂਦਾ ਦਿੱਲੀ ਦਾ ਸਕੂਲ ਮਾਸਟਰ ਬਣ ਗਿਆ। ਉੱਥੇ ਅਸੀਂ ਇਕ ਦੂਜੇ ਨੂੰ ਕੁੰਭ ਦੇ ਮੇਲੇ ਵਿਚ ਵਿਛੜੇ ਭਰਾਵਾ ਵਾਂਗ ਟੱਕਰੇ। ਉਹ ਪੂਰਾ ਪੰਗੇਹੱਥਾ ਸੀ। ਜੇ ਮੈਂ ਦਿੱਲੀ ਛੱਡ ਕੇ ਢੁੱਡੀਕੇ ਨਾ ਮੁੜਦਾ ਤਾਂ ਪਤਾ ਨਹੀਂ ਕਿਹੋ ਜਿਹੇ ਪੰਗੇ ਲੈਂਦੇ? ਪੰਗਾ ਲਏ ਬਿਨਾਂ ਉਹਦਾ ਸਰਦਾ ਨਹੀਂ ਸੀ। ਕਦੇ ਸਤਿਆਰਥੀ ਨਾਲ, ਕਦੇ ਅੰਮ੍ਰਿਤਾ ਪ੍ਰੀਤਮ, ਕਦੇ ਬਲਵੰਤ ਗਾਰਗੀ, ਕਦੇ ਅਜੀਤ ਕੌਰ ਤੇ ਕਦੇ ਭਾਪਾ ਪ੍ਰੀਤਮ ਸਿੰਘ ਨਾਲ। ਭਾਪਾ ਪ੍ਰੀਤਮ ਸਿੰਘ ਬਿਮਾਰ ਨਾ ਹੁੰਦਾ ਤਾਂ ਉਸ ਨੇ ਮੁਕੱਦਮਾ ਵਾਪਸ ਨਹੀਂ ਸੀ ਲੈਣਾ। ਵਾਪਸ ਇਸ ਕਰਕੇ ਲਿਆ ਕਿ ਬਿਮਾਰ ਬੰਦੇ ਨਾਲ ਕਾਹਦੀ ਲੜਾਈ?
ਇਕ ਵਾਰ ਮੈਂ ਉਹਦੇ ਹੋਸਟਲ ਦੇ ਫੰਕਸ਼ਨ ’ਚ ਗਿਆ। ਪੁੱਛਣ ਲੱਗਾ, “ਮੈਂ ‘ਢੋਲਕੀ’ ਵਾਲੀ ਨਜ਼ਮ ਨਾ ਸੁਣਾ ਆਵਾਂ?” ਨਜ਼ਮ ਪੰਗੇਹੱਥੀ ਸੀ। ਸੁਪਰੀਮ ਕੋਰਟ ਦਾ ਚੀਫ਼ ਜਸਟਿਸ ਮੁੱਖ ਮਹਿਮਾਨ ਸੀ। ਉਹ ਉਹਦੀ ਵੀ ਢੋਲਕੀ ਵਜਾ ਆਇਆ, ਪਰ ਜੱਜ ਸਮਝ ਹੀ ਨਾ ਸਕਿਆ।
ਜਦੋਂ ਉਹ ਪੀਐੱਚ.ਡੀ. ਕਰਦਾ ਸੀ ਤੇ ਦਿੱਲੀ ਯੂਨੀਵਰਸਿਟੀ ਦੇ ਪੋਸਟ ਗਰੈਜੂਏਟ ਹੋਸਟਲ ਵਿਚ ਰਹਿੰਦਾ ਸੀ। ਸਾਥੋਂ ਮੂਹਰੇ ਖਾਲੀ ਪਈ ਸੀਟ ਉੱਤੇ ਇਕ ਨੌਜੁਆਨ ਬੋਧੀ ਭਿਕਸ਼ੂ ਆ ਬੈਠਾ। ਉਹਦੇ ਭਗਵੀਂ ਗਿਲਤੀ ਮਾਰੀ ਹੋਈ ਸੀ ਤੇ ਰੋਡ ਭੋਡ ਸਿਰ ਉੱਤੇ ਲਾਈਟ ਲਿਸ਼ਕ ਰਹੀ ਸੀ। ਸਾਡਾ ਸਿਰ ’ਚ ਠੋਲਾ ਮਾਰਨ ਨੂੰ ਜੀਅ ਕੀਤਾ। ਰੁਪਾਣਾ ਕਹੇ ਮਾਰ ਠੋਲਾ, ਪਰ ਮੇਰੀ ਹਿੰਮਤ ਨਾ ਪਵੇ। ਬੋਧੀ ਨੇ ਰੁਪਾਣੇ ਨੂੰ ਧੌਣ ਭੁਆ ਕੇ ਕੁਝ ਔਖ ਨਾਲ ਵੇਖਿਆ। ਗੁਰਦੇਵ ਅੰਦਰਲਾ ਦੇਬਾ ਜਾਗ ਪਿਆ। ਉਸ ਨੇ ਧੂੰਏ ਦਾ ਗੋਲਾ ਬਣਾ ਕੇ ਭਿਕਸ਼ੂ ਦੇ ਬਲਬ ਵਾਂਗ ਜਗਦੇ ਸਿਰ ’ਤੇ ਛੱਡਿਆ। ਉਹੀ ਗੱਲ ਹੋਈ ਜੀਹਦਾ ਡਰ ਸੀ। ਗਠੀਲੇ ਭਿਕਸ਼ੂ ਦੀਆਂ ਅੱਖਾਂ ਲਾਲ ਹੋ ਗਈਆਂ। ਉਸ ਨੇ ਪੰਡਾਲ ਤੋਂ ਬਾਹਰ ਨਿਕਲਣ ਲਈ ਵੰਗਾਰਿਆ। ਉਹਦੇ ਨਾਲ ਪੰਜ ਛੇ ਜਣਿਆਂ ਦੀ ਢਾਣੀ ਵੇਖ ਕੇ ਮੈਂ ਉੁਹਨੂੰ ਖਿੱਚ ਕੇ ਕਮਰੇ ਵਿਚ ਲੈ ਗਿਆ ਜਿਸ ਨਾਲ ਬਚਾਅ ਹੋ ਗਿਆ। ਉਹ ਹੋਸਟਲ ’ਚੋਂ ਨਿਕਲਣੋਂ ਮਸਾਂ ਬਚਿਆ ਤੇ ਪੀਐੱਚ.ਡੀ. ਪੂਰੀ ਕਰ ਗਿਆ।
ਪੀਐੱਚ.ਡੀ. ਦੀ ਗੱਲ ਵੀ ਸੁਣ ਲਓ। ਨਜਮ ਹੁਸੈਨ ਨੇ ਅੰਗਰੇਜ਼ੀ ਕਿਤਾਬ ‘ਰਿਕਰੰਟ ਪੈਟਰਨ ਇਨ ਪੰਜਾਬੀ ਪੋਇਟਰੀ’ ਅੰਮ੍ਰਿਤਾ ਪ੍ਰੀਤਮ ਨੂੰ ਭੇਜੀ। ਅੰਮ੍ਰਿਤਾ ਦਾ ਅੰਗਰੇਜ਼ੀ ਵਿਚ ਹੱਥ ਤੰਗ ਹੋਣ ਕਰਕੇ ਉਸ ਨੇ ਬੇਦੀ ਨੂੰ ਭੇਜ ਦਿੱਤੀ। ਉਹਦਾ ਹੱਥ ਓਦੂੰ ਵੀ ਤੰਗ। ਬੇਦੀ ਨੇ ਰੁਪਾਣੇ ਨੂੰ ਦੇ ਦਿੱਤੀ ਕਿ ‘ਨਾਗਮਣੀ ਸ਼ਾਮ’ ’ਚ ਅੰਮ੍ਰਿਤਾ ਨੂੰ ਮੋੜ ਦੇਈਂ। ਰੁਪਾਣੇ ਨੇ ਕਿਤਾਬ ਪੜ੍ਹ ਲਈ ਤੇ ਪ੍ਰੋ. ਅਤਰ ਸਿੰਘ ਨੂੰ ਵੀ ਜਾ ਪੜ੍ਹਾਈ। ਉਹ ਕਹਿੰਦਾ, “ਤੂੰ ਇਸ ਪੈਟਰਨ ’ਤੇ ਪੀਐੱਚਡੀ ਕਰ ਸਕਦੈਂ। ਕਾਦਰਯਾਰ ਦੀ ਕਵਿਤਾ ’ਤੇ ਕਰ ਲੈ, ਮੈਂ ਤੇਰਾ ਗਾਈਡ ਬਣਜੂੰ।” ਰੁਪਾਣੇ ਅੰਦਰਲਾ ਦੇਬਾ ਫਿਰ ਜਾਗ ਪਿਆ। ਕਹਿੰਦਾ, “ਗਾਈਡ-ਗੂਡ ਨੀ ਮੈਂ ਤੈਨੂੰ ਬਣਾਉਣਾ। ਤਰਲੋਕ ਕੰਵਰ ਨੂੰ ਬਣਾਊਂ। ਚੱਲ ਗਾਈਡੈਂਸ ਤੈਥੋਂ ਈ ਲਈ ਜਾਊਂ।” ਅਤਰ ਸਿਓਂ ਦੂਰਅੰਦੇਸ਼ ਸੀ, ਰੁਪਾਣੇ ਦੀ ਰਮਜ਼ ਨੂੰ ਸਮਝਦਾ ਸੀ। ਇਉਂ ਹੋਈ ਉਹਦੀ ਪੀਐੱਚ.ਡੀ.। ਉਸ ਨੇ ਕਦੇ ਇਸ ਡਿਗਰੀ ਦਾ ਫਾਇਦਾ ਨਾ ਉਠਾਇਆ ਤੇ ਸਕੂਲ ਅਧਿਆਪਕ ਵਜੋਂ ਹੀ ਸੇਵਾਮੁਕਤ ਹੋਇਆ। ਕਹਿੰਦਾ, “ਮੈਂ ਕਿਤੇ ਅਰਜ਼ੀ-ਉਰਜੀ ਨੀ ਦਿੰਦਾ ਹੁੰਦਾ।”
ਨਾਂ ਨਾਲ ਡਾਕਟਰ ਨਾ ਲਾਉਣ ਬਾਰੇ ਪੁੱਛੋ ਤਾਂ ਜਵਾਬ ਮਿਲਦੈ, “ਪਹਿਲਾਂ ਈ ਸਾਹਿਤ ਦੇ ਡਾਕਟਰ ਬਹੁਤ ਨੇ। ਪਈ ਟਰ-ਟਰ ਹੋਈ ਜਾਂਦੀ ਐ! ਜੇ ਕੋਈ ਡਾ. ਗੁਰਦੇਵ ਰੁਪਾਣਾ ਕਹੂ ਤਾਂ ਲੱਗੂ ਜਿਵੇਂ ਮਰੀਜ਼ਾਂ ਦਾ ਡਾਕਟਰ ਹੋਊ। ਨਾਲੇ ਡਾਕਟਰ ਵੀ ਕਾਹਦਾ? ਅੱਖਾਂ ਦਾ? ਦੰਦਾਂ ਦਾ? ਡੰਗਰਾਂ ਦਾ? ਆਪਾਂ ਤੋਂ ਨੀ ਬਣ ਹੁੰਦਾ ਡੰਗਰ ਡਾਕਟਰ!”
ਇਕ ਦਿਨ ਉਹ ਦਿੱਲੀ ਤੋਂ ਢੁੱਡੀਕੇ ਮਿਲਣ ਆਇਆ। ਮੇਰੀ ਪਤਨੀ ਕਹਿਣ ਲੱਗੀ, “ਵੀਰ ਜੀ, ਭੈਣ ਜੀ ਨੂੰ ਵੀ ਨਾਲ ਲਈ ਆਉਣਾ ਸੀ।” ਕਹਿਣ ਲੱਗਾ, “ਉਹਤੋਂ ਈ ਤਾਂ ਖਹਿੜਾ ਛੁਡਾ ਕੇ ਆਇਆਂ।”
ਚਾਹ ਪਾਣੀ ਪੀਣ ਤੋਂ ਪਹਿਲਾਂ ਈ ਪੁੱਛਣ ਲੱਗ ਪਿਆ, “ਹੈਗੀ ਆ ਘੁੱਟ?”
ਘੁੱਟ ਪੀਣ ਦੀ ਦੇਰ ਸੀ ਕਿ ਤਰਾਰੇ ’ਚ ਹੋ ਕੇ ਕਹਿਣ ਲੱਗਾ, “ਚਲ ਵਿਖਾ ਹੁਣ ਲੇਖਕਾਂ ਦਾ ਪਿੰਡ ਢੁੱਡੀਕੇ। ਮਿਲਾ ਆਪਣੇ ਵੱਡੇ ਕੰਬਲ ਨੂੰ।” ਕੁਦਰਤੀ ਕੰਵਲ ਹੋਰੀਂ ਉੱਦਣ ਚੰਡੀਗੜ੍ਹ ਵੱਲ ਗਏ ਹੋਏ ਸਨ ਜਿਸ ਕਰਕੇ ਉਸ ਨਾਲ ਪੈਣ ਵਾਲੇ ਪੰਗੇ ਤੋਂ ਬਚਾਅ ਰਿਹਾ। ਮੈਂ ਉਹਨੂੰ ਸਕੂਟਰ ’ਤੇ ਬਿਠਾ ਕੇ ਢੁੱਡੀਕੇ ਦਾ ਗੇੜਾ ਕਢਾਇਆ। ਫਿਰ ਮੇਰੇ ਪਿੰਡ ਚਕਰ ਦੇ ਰਾਹ ਪਏ। ਗੁਰਦੁਆਰੇ ਦਾ ਉੱਚਾ ਨਿਸ਼ਾਨ ਸਾਹਿਬ ਵੇਖ ਕੇ ਆਖਣ ਲੱਗਾ, “ਬੱਲੇ ਬੱਲੇ ਕਿੰਨਾ ਉੱਚਾ!” ਮੈਂ ਸੋਚਿਆ, ‘ਪੰਗਾ ਲੈਣ ਦੇ ਮੂਡ ’ਚ ਐ, ਕਿਤੇ ਸਿਆਪਾ ਹੀ ਨਾ ਪਾ ਦੇਵੇ!’
ਪਿੰਡੋਂ ਸੇਵਾ ਕਰਾ ਕੇ ਮੱਲ੍ਹੇ ਆਏ ਤਾਂ ਨਾਵਲਕਾਰ ਕਰਮਜੀਤ ਕੁੱਸਾ ਮਿਲ ਗਿਆ। ਉਹ ਵੀ ਅੱਗੋਂ ਟੱਲੀ। ਹੋਰ ਪੀ ਕੇ ਘਿਲਬਿੱਲੀਆਂ ਬੁਲਾਉਣ ਲੱਗੇ ਤਾਂ ਮੈਂ ਰੁਪਾਣੇ ਨੂੰ ਸਕੂਟਰ ’ਤੇ ਲੱਦ ਲਿਆ। ਬਾਂਹਾਂ ਲੱਕ ਦੁਆਲੇ ਵਲਾ ਲਈਆਂ ਬਈ ਡਿੱਗੇ ਨਾ। ਰਸੂਲਪੁਰ ਤੇ ਦੌਧਰ ਵਿਚਾਲੇ ਭਾਰਾ ਬੋਹੜ ਸੀ। ਮੁੜ-ਮੁੜ ਆਖੇ, “ਸਕੂਟਰ ਰੋਕ, ਮੈਂ ਬੋਹੜ ਨੂੰ ਜੱਫੀ ਪਾਉਣੀ ਐਂ। ਤਰਸ ਗਿਆਂ ਬੋਹੜਾਂ ਨੂੰ ਜੱਫੀਆਂ ਪਾਉਣ ਨੂੰ! ਮੈਂ ਬੋਹੜ ਨੂੰ ਜੱਫੀ ਪਾਉਨਾਂ ਤੂੰ ਫੋਟੂ ਖਿੱਚ।”
ਫੋਟੋ ਖਿੱਚਣ ਪਿੱਛੋਂ ਜਦੋਂ ਨਹਿਰ ਦੇ ਪੁਲ ’ਤੇ ਆਏ ਤਾਂ ਕਹਿੰਦਾ, “ਰੋਕ, ਨਹਿਰ ’ਚ ਤਰੀਏ। ਮੇਰਾ ਛਾਲ ਮਾਰਨ ਨੂੰ ਜੀਅ ਕਰਦੈ।” ਉਸ ਵੇਲੇ ਨਹਿਰ ਦੇ ਪੁਲ ਉੱਤੇ ਰੁਕਣਾ ਮੈਂ ਖ਼ਤਰੇ ਤੋਂ ਖਾਲੀ ਨਾ ਸਮਝਿਆ। 80ਵਿਆਂ ਦਾ ਦੌਰ ਸੀ। ਕੋਈ ਸਕੂਟਰ ਖੋਹ ਕੇ ਸਾਨੂੰ ਨਹਿਰ ’ਚ ਰੋੜ੍ਹ ਸਕਦਾ ਸੀ। ਇਉਂ ਹੋ ਜਾਂਦਾ ਤਾਂ ਆਹ ਸਾਹਿਤ ਅਕਾਡਮੀ ਵਾਲਾ ਇਨਾਮ ਕਿਵੇਂ ਮਿਲਦਾ! ਢੁੱਡੀਕੇ ਪਹੁੰਚੇ ਤਾਂ ਰੋਟੀ ਟੁੱਕ ਤਿਆਰ ਸੀ। ਪਰ ਉਹ ਕੁਝ ਵੀ ਖਾਣ ਪੀਣ ਜੋਗਾ ਨਹੀਂ ਸੀ ਰਿਹਾ। ਉਹਦਾ ਜੀਅ ਪਰਚਾਉਣ ਲਈ ਮੈਂ ਕਦੇ ਉਹਦੀ ਕਹਾਣੀ ਕਹਾਣੀ ‘ਸ਼ੀਸ਼ਾ’, ਕਦੇ ਨਾਵਲ ‘ਗੋਰੀ’ ਤੇ ਕਦੇ ਕਹਾਣੀ ‘ਹਵਾ’ ਦੀ ਗੱਲ ਤੋਰਦਾ, ਪਰ ਉਹ ਖ਼ੁਦ ਹਵਾ ਵਿਚ ਸੀ। ਪਰ ਆਫ਼ਰੀਨ ਉਹਦੇ ਕਿ ਸਵੇਰੇ ਉੱਠਦਿਆਂ ਉਹ ਚੰਗਾ ਭਲਾ ਸੀ ਤੇ ਵੱਡੇ ਕੰਬਲ ਨੂੰ ਕੰਵਲ ਸਾਹਿਬ ਕਹਿ ਰਿਹਾ ਸੀ। ਨਿੱਕੇ ਪੈਰਾਂ ਨਾਲ ਵੱਡੀਆਂ ਛਾਲਾਂ ਮਾਰਨ ਦੀਆਂ ਗੱਲਾਂ ਕਰ ਰਿਹਾ ਸੀ। ਨਾਵਲ ‘ਮੂਰਤੀ’ ਲਿਖਣ ਦੀ ਤਿਆਰੀ ਵਿਚ ਸੀ। ਖ਼ੈਰ! ਇਹ ਟ੍ਰੇਲਰ ਹੈ, ਪੂਰੀ ਫਿਲਮ ਪੁਸਤਕ ‘ਪੰਜਾਬ ਦੇ ਕੋਹੇਨੂਰ’ ਵਿਚ ਵਿਖਾਵਾਂਗਾ।
ਸੰਪਰਕ: 90579-91661