ਡਾ. ਰਣਜੀਤ ਸਿੰਘ
ਕਣਕ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਅਪਣਾਇਆ। ਪੰਜਾਬੀ ਹਮੇਸ਼ਾ ਵਧ ਆਮਦਨ ਲਈ ਨਵੇਂ ਖਤਰੇ ਸਹੇੜਨ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਨੇ 1970 ਵਿਚ 11 ਲੱਖ ਟਨ ਅਨਾਜ ਦੀ ਥਾਂ 70 ਲੱਖ ਟਨ ਅਨਾਜ ਪੈਦਾ ਕੀਤਾ। ਇਹ ਚਮਤਕਾਰ ਸੀ। ਮੰਡੀਆਂ ਵਿਚ ਆਈ ਕਣਕ ਦੀ ਸਾਂਭ ਸਰਕਾਰ ਲਈ ਵੱਡੀ ਚੁਣੌਤੀ ਸੀ। ਸਕੂਲਾਂ ਵਿਚ ਗਰਮੀਆਂ ਦੀਆਂ ਅਗੇਤੀਆਂ ਛੁੱਟੀਆਂ ਕੀਤੀਆਂ ਗਈਆਂ ਤੇ ਸਕੂਲਾਂ ਵਿਚ ਕਣਕ ਨੂੰ ਸਾਂਭਿਆ ਗਿਆ। ਇਸ ਚਮਤਕਾਰ ਨੇ ਜਿਸ ਨੂੰ ਹਰੇ ਇਨਕਲਾਬ ਦਾ ਨਾਮ ਦਿੱਤਾ ਗਿਆ ਸਰਕਾਰ ਤੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ। ਭੁੱਖਮਰੀ ਦੇ ਕੰਢੇ ਖੜ੍ਹੇ ਦੇਸ਼ ਵਿਚ ਅਨਾਜ ਦੀ ਪੈਦਵਾਰ ਵਿਚ ਹੋਏ ਇਸ ਵਾਧੇ ਨਾਲ ਸਰਕਾਰ ਨੂੰ ਯਕੀਨ ਹੋ ਗਿਆ ਕਿ ਹੁਣ ਦੇਸ਼ ਅਨਾਜ ਵਿਚ ਆਤਮ-ਨਿਰਭਰ ਹੋ ਸਕੇਗਾ। ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕਣਕ ਅਤੇ ਝਨੇ ਦੀ ਘੱਟੋ-ਘੱਟ ਸਮਰਥਨ ਕੀਮਤ ਮਿੱਥੀ ਗਈ ਤਾਂ ਜੋ ਇਸ ਤੋਂ ਘੱਟ ਮੁੱਲ ਉਤੇ ਮੰਡੀ ਵਿਚ ਉਨ੍ਹਾਂ ਦੀ ਜਿਣਸ ਵਿਕ ਨਾ ਸਕੇ। ਨਵੀਆਂ ਮੰਡੀਆਂ ਬਣਾਈਆਂ ਗਈਆਂ, ਰਸਾਇਣਿਕ ਖਾਦ ਉਤੇ ਰਿਆਇਤ ਦਿੱਤੀ ਗਈ। ਟਿਊਬਵੈੱਲ ਲਗਾਉਣ ਲਈ ਕਰਜ਼ੇ ਦਾ ਪ੍ਰਬੰਧ ਕੀਤਾ ਤੇ ਸਸਤੀ ਬਿਜਲੀ ਦਾ ਪ੍ਰਬੰਧ ਕੀਤਾ। ਕਿਸਾਨਾਂ ਨੇ ਆਪਣੀ ਵਧੀ ਆਮਦਨ ਨਾਲ ਘਰ ਚੰਗੇ ਬਣਾਏ ਤੇ ਰਹਿਣ ਸਹਿਣ ਦਾ ਮਿਆਰ ਉੱਚਾ ਕੀਤਾ। ਕਿਸਾਨਾਂ ਨੇ ਵੀ ਕਲਰਾਂ ਦਾ ਸੁਧਾਰ ਕੀਤਾ, ਰੇਤ ਦੇ ਟਿੱਬਿਆਂ ਨੂੰ ਪੱਧਰਾ ਕੀਤਾ ਤਾਂ ਜੋ ਵੱਧ ਤੋਂ ਵੱਧ ਰਕਬਾ ਵਾਹੀ ਹੇਠ ਲਿਆਂਦਾ ਜਾ ਸਕੇ। ਸਰਕਾਰ ਤੇ ਖੇਤੀ ਖੋਜ ਕੇਂਦਰਾਂ ਦਾ ਸਾਰਾ ਜ਼ੋਰ ਅਨਾਜੀ ਪੈਦਾਵਾਰ ਵਿਚ ਵਾਧਾ ਕਰਨਾ ਸੀ।
ਪਿਛਲੇ ਸਾਲ ਪੰਜਾਬ ਵਿਚ ਅਨਾਜ ਦੀ ਪੈਦਾਵਾਰ 330 ਲੱਖ ਟਨ ਹੋ ਗਈ ਸੀ। ਇਸ ਸਾਲ ਮੌਸਮ ਦੀ ਖਰਾਬੀ ਕਾਰਨ ਕਣਕ ਦਾ ਝਾੜ ਚੋਖਾ ਘਟ ਗਿਆ ਹੈ। ਅਨਾਜ ਦੀ ਉਪਜ ਵਿਚ ਹੋਏ ਵਾਧੇ ਦੀ ਸਮੇਂ ਸਿਰ ਖਰੀਦ ਲਈ ਪੰਜਾਬ ਵਿਚ 154 ਪੱਕੀਆਂ ਮੰਡੀਆਂ ਹਨ ਤੇ 283 ਕੱਚੀਆਂ ਮੰਡੀਆਂ ਹਨ ਜਿਹੜੀਆਂ ਕੇਵਲ ਫ਼ਸਲ ਦੀ ਵਾਢੀ ਸਮੇਂ ਹੀ ਕੰਮ ਕਰਦੀਆਂ ਹਨ। ਕੱਚੀਆਂ ਮੰਡੀਆਂ ਵਿਚ ਉਪਜ ਨੂੰ ਮੌਸਮ ਦੀ ਮਾਰ ਤੋਂ ਬਚਾਉਣ ਦੇ ਪ੍ਰਬੰਧ ਤਾਂ ਦੂਰ ਕਿਸਾਨਾਂ ਦੇ ਬੈਠਣ ਲਈ ਵੀ ਕੋਈ ਪ੍ਰਬੰਧ ਨਹੀਂ ਹਨ। ਪੱਕੀਆਂ ਮੰਡੀਆਂ ਵਿਚ ਵੀ ਬੇਮੌਸਮੀ ਬਾਰਸ਼ ਸਮੇਂ ਅਨਾਜ ਨੂੰ ਬਚਾਉਣ ਦਾ ਕੋਈ ਪ੍ਰਬੰਧ ਨਹੀਂ ਹੈ। ਅੱਧੀ ਸਦੀ ਬੀਤਣ ਪਿਛੋਂ ਵੀ ਮੰਡੀ ਵਿਚ ਸਾਰਾ ਕੰਮਕਾਜ ਪਹਿਲਾ ਵਾਂਗ ਹੀ ਰਵਾਇਤੀ ਢੰਗਾਂ ਨਾਲ ਹੀ ਹੁੰਦਾ ਹੈ। ਪੰਜਾਬ ਦੀ ਸਾਰੀ ਖੇਤੀ ਦਾ ਤਾਂ ਮਸ਼ੀਨੀਕਰਨ ਹੋ ਗਿਆ ਹੈ ਪਰ ਮੰਡੀ ਵਿਚ ਦਾਣਿਆਂ ਦੀ ਸਾਫ਼ ਸਫ਼ਾਈ, ਤੁਲਾਈ ਤੇ ਬੋਰੀਆਂ ਭਰਨ ਦਾ ਸਾਰਾ ਕੰਮ ਮਜ਼ਦੂਰ ਹੱਥਾਂ ਨਾਲ ਹੀ ਕਰਦੇ ਹਨ। ਇਨ੍ਹਾਂ ਸਾਰੇ ਕੰਮਾਂ ਨੂੰ ਮਸ਼ੀਨਾਂ ਨਾਲ ਕਰਨ ਵਲ ਸਰਕਾਰ ਜਾਂ ਆੜ੍ਹਤੀਆਂ ਨੇ ਕੋਈ ਧਿਆਨ ਨਹੀਂ ਦਿੱਤਾ। ਅਨਾਜ ਦੀ ਅਤੇ ਸੁਰੱਖਿਅਤ ਸਾਂਭ ਸੰਭਾਲ ਵਲ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ।
ਆਖਿਆ ਜਾਂਦਾ ਹੈ ਕਿ ਸਰਕਾਰ ਕੋਲ ਅਨਾਜ ਭੰਡਾਰਨ ਲਈ ਜਿਹੜੇ ਭੰਡਾਰ ਘਰ ਹਨ, ਉਥੇ 270 ਲਖ ਟਨ ਅਨਾਜ ਭੰਡਾਰ ਕੀਤਾ ਜਾ ਸਕਦਾ ਹੈ ਪਰ ਇਹ ਆਮ ਦੇਖਿਆ ਗਿਆ ਹੈ ਕਿ ਅਨਾਜ ਦਾ ਚੋਖਾ ਭਾਗ ਖੁੱਲ੍ਹੇ ਅੰਬਰ ਹੇਠ ਤਿਰਪਾਲਾਂ ਪਾ ਕੇ ਭੰਡਾਰ ਕੀਤਾ ਜਾਂਦਾ ਹੈ। ਜਿਹੜੇ ਸਟੋਰ ਹਨ, ਉਹ ਵੀ ਕੇਵਲ ਸਟੋਰ ਹਨ
ਜਿਥੇ ਚੂਹੇ, ਸੁਸਰੀ ਤੇ ਹੋਰ ਕੀੜੇ, ਖੁੱਲ੍ਹ ਕੇ ਆਪਣਾ
ਕੰਮ ਕਰਦੇ ਹਨ। ਇੰਝ ਲੱਖਾਂ ਟਨ ਅਨਾਜ ਹਰ ਸਾਲ ਖਰਾਬ ਹੁੰਦਾ ਹੈ। ਹੋਰ ਵੀ ਕਾਰਨ ਹੋਣਗੇ ਪਰ ਇਸ ਕਾਰਨ ਫੂਡ ਕਾਰਪੋਰੇਸ਼ਨ ਦੇ ਘਾਟੇ ਵਿਚ ਹਰ ਸਾਲ ਵਾਧਾ ਹੋ ਰਿਹਾ ਹੈ।
ਜਦੋਂ ਹਰਾ ਇਨਕਲਾਬ ਸ਼ੁਰੂ ਹੋਇਆ, ਉਦੋਂ ਹੀ ਸਾਰੇ ਸੰਸਾਰ ਵਿਚ ਆਧੁਨਿਕ ਅਨਾਜ ਭੰਡਾਰ ਘਰ ਬਣਨੇ ਸ਼ੁਰੂ ਹੋ ਗਏ ਸਨ। ਇਨ੍ਹਾਂ ਨੂੰ ਸਾਇਲੋ ਆਖਿਆ ਜਾਂਦਾ ਹੈ। ਇਥੇ ਮਸ਼ੀਨਾਂ ਨਾਲ ਅਨਾਜ ਦੀ ਸਾਫ਼ ਸਫ਼ਾਈ ਤੇ ਤੁਲਾਈ ਹੁੰਦੀ ਹੈ ਤੇ ਅਜਿਹੇ ਚੈਂਬਰਾਂ ਵਿਚ ਭੰਡਾਰ ਕੀਤਾ ਜਾਂਦਾ ਹੈ ਜਿਥੇ ਕੋਈ ਇਕ ਦਹਾਕੇ ਤਕ ਅਨਾਜ ਨੂੰ ਬਿਲਕੁਲ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਮੰਡੀ ਵਿਚ ਅਨਾਜ ਦੀ ਖਰੀਦ ਕਰਨ ਵਾਲਿਆਂ ਤੋਂ ਮੰਡੀ ਫੀਸ ਲਈ ਜਾਂਦੀ ਹੈ ਪਰ ਇਸ ਨਾਲ ਇਕੱਠੇ ਹੋਏ ਪੈਸਿਆਂ ਨਾਲ ਸੂਬੇ ਵਿਚ ਕੋਈ ਵੀ ਆਧੁਨਿਕ ਅਨਾਜ ਭੰਡਾਰ ਘਰ ਨਹੀਂ ਉਸਾਰਿਆ ਗਿਆ। ਲੱਖਾਂ ਟਨ ਅਨਾਜ ਨੀਲੇ ਅੰਬਰ ਹੇਠ ਸੜਦਾ ਰਹਿੰਦਾ ਹੈ। ਇਕ ਪਾਸੇ ਦੇਸ਼ ਦੀ ਇਕ ਤਿਹਾਈ ਵਸੋਂ ਨੂੰ ਰਜਵੀਂ ਰੋਟੀ ਨਸੀਬ ਨਹੀਂ ਹੁੰਦੀ, ਦੂਜੇ ਪਾਸੇ ਲੱਖਾਂ ਟਨ ਅਨਾਜ ਗਲ ਸੜ ਜਾਂਦਾ ਹੈ। ਮੰਡੀ ਫੀਸ ਤੋਂ ਇਕੱਠਾ ਹੋਏ ਪੈਸੇ ਦਾ ਬਹੁਤਾ ਹਿੱਸਾ ਮੁਫ਼ਤ ਦੀਆਂ ਰਿਊੜੀਆਂ ਵੰਡ ਲਈ ਖਰਚ ਕੀਤਾ ਜਾਂਦਾ ਹੈ। ਮੁੱਖ ਮੰਤਰੀ ਆਪਣੇ ਸੰਗਤ ਦਰਸ਼ਨ ਸਮੇਂ ਵੀ ਗ੍ਰਾਂਟਾਂ ਦੀ ਬਖਸ਼ਿਸ਼ ਇਸੇ ਫੰਡ ਵਿਚੋਂ ਕਰਦੇ ਹਨ।
ਪਿਛਲੀ ਕੇਂਦਰ ਸਰਕਾਰ ਨੇ ਸਕੀਮ ਬਣਾਈ ਸੀ ਕਿ ਪਬਲਿਕ ਪ੍ਰਾਈਵੇਟ ਸਾਂਝ ਨਾਲ ਆਧੁਨਿਕ ਅਨਾਜ ਭੰਡਾਰ ਉਸਾਰੇ ਜਾਣ। ਸਰਕਾਰ ਇਹ ਭੰਡਾਰ ਘਰ ਇਕ ਮਿੱਥੇ ਰੇਟ ਉਤੇ ਕਿਰਾਏ ਉਤੇ ਲੈਣ ਦੀ ਗਰੰਟੀ ਦੇਵੇਗੀ। ਪ੍ਰਾਪਤ ਜਾਣਕਾਰੀ ਦੇ ਅਧਾਰ ਉਤੇ ਇਹ ਲਿਖਿਆ ਜਾ ਸਕਦਾ ਹੈ ਕਿ ਬਹੁਤ ਸਾਰੇ ਅਦਾਰਿਆਂ ਨੇ ਇਸ ਵਿਚ ਆਪਣੀ ਰੁਚੀ ਦਿਖਾਈ ਪਰ ਪੰਜਾਬ ਵਿਚ ਭ੍ਰਿਸ਼ਟਾਚਾਰ ਕਾਰਨ ਬਹੁਟ ਘਟ ਅਦਾਰਿਆਂ ਨੂੰ ਪ੍ਰਵਾਨਗੀ ਮਿਲ ਸਕੀ। ਉਨ੍ਹਾਂ ਵੀ ਉਸਾਰੀ ਨਹੀਂ ਕੀਤੀ ਕਿਉਂਕਿ ਸਰਕਾਰ ਵਲੋਂ ਉਤਸ਼ਾਹੀ ਵਤੀਰੇ ਦੀ ਥਾਂ ਪਿਛਾਂਹ ਖਿੱਚੂ ਵਤੀਰਾ ਸੀ। ਪੰਜਾਬ ਵਿਚ ਮੋਗਾ ਲਾਗੇ ਕੇਵਲ ਅਡਾਨੀ ਗਰੁੱਪ ਨੇ ਭੰਡਾਰ ਘਰ ਉਸਾਰਿਆ ਜਿਸ ਵਿਚ ਦੋ ਲਖ ਟਨ ਅਨਾਜ ਰੱਖਿਆ ਜਾ ਸਕਦਾ ਹੈ। ਕਿਸਾਨਾਂ ਕੋਲ ਇਹ ਪ੍ਰਚਾਰ ਕੀਤਾ ਗਿਆ ਕਿ ਇਨ੍ਹਾਂ ਭੰਡਾਰ ਘਰਾਂ ਨਾਲ ਰਵਾਇਤੀ ਮੰਡੀਆਂ ਖਤਮ ਹੋ ਜਾਣਗੀਆਂ ਤੇ ਕਿਸਾਨ ਸਰਮਾਏਦਾਰਾਂ ਦੇ ਰਹਿਮੋ-ਕਰਮ ਉਤੇ ਹੋ ਜਾਣਗੇ ਪਰ ਇਹ ਸਾਈਲੋ ਐੱਫਸੀਆਈ ਨੇ ਕਿਰਾਏ ਉਤੇ ਲਿਆ ਹੋਇਆ ਹੈ ਜਿਸ ਵਿਚ ਪਹਿਲਾਂ ਹੀ ਪਏ ਅਨਾਜ ਕਾਰਨ ਕੇਵਲ 80 ਹਜ਼ਾਰ ਟਨ ਅਨਾਜ ਹੀ ਹੋਰ ਰੱਖਿਆ ਜਾ ਸਕਦਾ ਹੈ। ਜਦੋਂ ਕਿ ਸੂਬੇ ਵਿਚ ਕਣਕ ਦੀ ਖਰੀਦ ਦਾ ਟੀਚਾ 130 ਲਖ ਟਨ ਰੱਖਿਆ ਗਿਆ। ਦੇਖਣ ਵਿਚ ਆਇਆ ਹੈ ਕਿ ਇਸ ਭੰਡਾਰ ਘਰ ਵਿਚ ਕਿਸਾਨ ਦੀ ਸਿੱਧੀ ਟਰਾਲੀ ਆਪਣੇ ਆਪ ਢੇਰੀ ਹੋ ਜਾਂਦੀ ਹੈ। ਨਾਲੋ-ਨਾਲ ਸਫ਼ਾਈ ਤੇ ਤੁਲਾਈ ਦਾ ਕੰਮ ਵੀ ਹੋ ਜਾਂਦਾ ਹੈ। ਭੰਡਾਰ ਘਰ ਤਕ ਅਨਾਜ ਲਿਆਉਣ ਲਈ ਕਿਸਾਨ ਨੂੰ ਕਿਰਾਇਆ ਵੀ ਦਿੱਤਾ ਜਾਂਦਾ ਹੈ। ਇਥੇ ਬੋਰੀਆਂ ਦੀ ਲੋੜ ਨਹੀਂ ਪੈਂਦੀ, ਖੁੱਲ੍ਹੇ ਅੰਬਰ ਹੇਠ ਪਈ ਕਣਕ ਤੇ ਮੀਂਹ ਕਣੀ ਸਮੇਂ ਕਿਸਾਨ ਦੇ ਸਾਹ ਵੀ ਨਹੀਂ ਸੂਤੇ ਜਾਂਦੇ, ਤੁਲਾਈ ਤੇ ਸਫ਼ਾਈ ਸਮੇਂ ਕੋਈ ਹੇਰਾਫੇਰੀ ਵੀ ਨਹੀਂ ਹੁੰਦੀ।
ਸਰਕਾਰ ਨੂੰ ਚਾਹੀਦਾ ਹੈ ਕਿ ਆੜ੍ਹਤੀਆਂ ਅਤੇ ਦੂਜੇ ਅਦਾਰਿਆਂ ਨੂੰ ਉਤਸ਼ਾਹਿਤ ਕਰੇ ਤਾਂ ਜੋ ਉਹ ਅਜਿਹੇ ਭੰਡਾਰ ਘਰ ਉਸਾਰ ਸਕਣ। ਇਸ ਨਾਲ ਅਨਾਜ ਦੀ ਸੁਚੱਜੀ ਸਾਂਭ ਸੰਭਾਲ ਨਾਲ ਚੋਖਾ ਨੁਕਸਾਨ ਘਟ ਕੀਤਾ ਜਾ ਸਕਦਾ ਹੈ। ਇਹ ਵੀ ਆਖਿਆ ਗਿਆ ਜਾਂਦਾ ਹੈ ਕਿ ਇਸ ਨਾਲ ਮਾਰਕੀਟ ਫੀਸ ਦੀ ਵਸੂਲੀ ਨਾ ਹੋਣ ਕਰਕੇ ਸਰਕਾਰ ਨੂੰ ਘਾਟਾ ਪੈਂਦਾ ਹੈ ਪਰ ਇਸ ਦਾ ਹੱਲ ਲੱਭਿਆ ਜਾ ਸਕਦਾ ਹੈ। ਇਹ ਵਸੂਲੀ ਪਹਿਲਾਂ ਵਾਂਗ ਹੀ ਖਰੀਦ ਏਜੰਸੀ ਤੋਂ ਕੀਤੀ ਜਾ ਸਕਦੀ ਹੈ। ਅਜਿਹੇ ਭੰਡਾਰ ਘਰਾਂ ਵਿਚ ਰੱਖੇ ਅਨਾਜ ਨੂੰ ਵਿਦੇਸ਼ੀ ਮੰਡੀਆਂ ਵਿਚ ਵੇਚਣਾ ਵੀ ਸੋਖਾ ਹੋਵੇਗਾ ਕਿਉਂਕਿ ਉਥੇ ਗੁਣਵੱਤਾ ਦੇ ਆਧਾਰ ਉਤੇ ਖਰੀਦ ਕੀਤੀ ਜਾਂਦੀ ਹੈ।
ਕਣਕ ਝੋਨੇ ਦੇ ਫ਼ਸਲ ਚੱਕਰ ਨੇ ਦੇਸ਼ ਨੂੰ ਭਾਵੇਂ ਅਨਾਜ ਵਿਚ ਆਤਮ-ਨਿਰਭਰ ਕਰ ਦਿੱਤਾ ਹੈ ਪਰ ਪੰਜਾਬ ਦੇ ਸੱਭਿਆਚਾਰ ਵਿਚ ਚੌਖੇ ਵਿਗਾੜ ਭਰ ਦਿੱਤੇ ਹਨ। ਪੰਜਾਬ ਵਿਚ ਦਿਖਾਵਾ ਭਾਰੂ ਹੋ ਗਿਆ ਹੈ। ਸਮਾਜਿਕ ਸਮਾਗਮਾਂ ਸਮੇਂ ਫ਼ਜ਼ੂਲ ਖਰਚੀ ਕੀਤੀ ਜਾਂਦੀ ਹੈ। ਵਿਆਹ ਸਮੇਂ ਸ਼ਰਾਬ ਪਿਲਾਉਣੀ ਅਮੀਰੀ ਦੀ ਨਿਸ਼ਾਨੀ ਬਣ ਗਈ ਹੈ। ਕਣਕ-ਝੋਨੇ ਦੇ ਫ਼ਸਲ ਚੱਕਰ ਵਿਚ ਵਿਹਲ ਬਹੁਤ ਹੈ। ਖੇਤੀ ਦਾ ਮਸ਼ੀਨੀਕਰਨ ਹੋਣ ਨਾਲ ਕੰਮ ਬਹੁਤ ਘਟ ਗਿਆ ਹੈ। ਵਿਹਲ ਨੂੰ ਸ਼ੈਤਾਨ ਦਾ ਘਰ ਆਖਿਆ ਜਾਂਦਾ ਹੈ। ਇਸ ਫ਼ਸਲ ਚੱਕਰ ਨਾਲ ਹੋਰ ਸਾਰੀਆਂ ਰਵਾਇਤੀ ਫ਼ਸਲਾਂ ਲੋਪ ਹੋ ਗਈਆਂ ਹਨ। ਹੁਣ ਕਿਸਾਨ ਨੂੰ ਘਰ ਲਈ ਲੋੜੀਂਦੀਆਂ ਬਹੁਤੀਆਂ ਵਸਤਾਂ ਬਾਜ਼ਾਰ ਵਿਚੋਂ ਖਰੀਦਣੀਆਂ ਪੈਂਦੀਆਂ ਹਨ। ਧਰਤੀ ਹੇਠਲੇ ਪਾਣੀ ਦੀ ਵੀ ਘਾਟ ਆਈ ਹੈ। ਕਿਸਾਨਾਂ ਨੂੰ ਰਾਜ ਸਰਕਾਰ ਵਲੋਂ ਰਵਾਇਤੀ ਫ਼ਸਲਾਂ ਦੀ ਕਾਸ਼ਤ ਲਈ ਉਤਸਾਹਿਤ ਕਰਨਾ ਚਾਹੀਦਾ ਸੀ। ਸਰਕਾਰ ਗੰਨੇ ਦਾ ਮੁੱਲ ਮਿੱਥਦੀ ਹੈ ਤੇ ਮਿਲਾਂ ਦੇ ਘਾਟੇ ਦੀ ਪੂਰਤੀ ਕਰਦੀ ਹੈ। ਦੁੱਧ ਵੀ ਮਿਲਕਫੈਡ ਵਲੋਂ ਮਿੱਥੇ ਮੁੱਲ ਉਤੇ ਖਰੀਦਿਆ ਜਾਂਦਾ ਹੈ। ਇਸੇ ਤਰ੍ਹਾਂ ਦਾਲਾਂ ਅਤੇ ਤੇਲ ਬੀਜਾਂ ਨੂੰ ਮਾਰਕਫੈਡ ਤੇ ਪੰਜਾਬ ਐਗਰੋ ਖਰੀਦ ਸਕਦੀ ਹੈ। ਸਬਜ਼ੀਆਂ ਦੀ ਕਾਸ਼ਤ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਖੇਤੀ ਸੈਰ-ਸਪਾਟਾ ਸਨਅਤ ਵੀ ਵਿਕਸਤ ਹੋ ਸਕਦੀ ਹੈ। ਸਰਕਾਰ ਨੇ ਮਨੁੱਖੀ ਵਸੀਲਿਆਂ ਦੇ ਵਿਕਾਸ ਲਈ ਵੀ ਕੋਈ ਵਧੀਆ ਪ੍ਰਬੰਧ ਨਹੀਂ ਕੀਤੇ। ਵਿਦਿਆ ਮਨੁੱਖੀ ਵਸੀਲਿਆਂ ਦੇ ਵਿਕਾਸ ਦਾ ਆਧਾਰ ਹੈ ਪਰ ਪੰਜਾਬ ਵਿਚ ਸਰਕਾਰੀ ਸਕੂਲਾਂ ਦੀ ਥਾਂ ਨਿਜੀ ਸਕੂਲਾਂ ਨੂੰ ਅੰਗਰੇਜ਼ੀ ਸਕੂਲਾਂ ਦੇ ਨਾਮ ਹੇਠ ਉਤਸ਼ਾਹਿਤ ਕੀਤਾ ਗਿਆ। ਹਰ ਅਦਾਰੇ ਨੇ ਕਿਸਾਨ ਦੀ ਵਧੀ ਆਮਦਨ ਨੂੰ ਲੁੱਟਣ ਦਾ ਪੂਰਾ ਯਤਨ ਕੀਤਾ ਹੈ। ਦੁੱਧ, ਦੇਸੀ ਘੀ, ਲੱਸੀ ਆਦਿ ਵਿਰੁੱਧ ਪ੍ਰਚਾਰ ਕੀਤਾ ਗਿਆ। ਲੋਕ ਚਾਹ ਦੇ ਸ਼ੁਕੀਨ ਹੋ ਗਏ। ਰਾਤ ਨੂੰ ਦੁੱਧ ਪੀਣ ਦੀ ਥਾਂ ਸ਼ਰਾਬ ਪੀਣ ਲੱਗ ਪਏ। ਦੇਸੀ ਘੀ ਦੀ ਥਾਂ ਤੇਲਾਂ ਦੀ ਵਿਕਰੀ ਵਿਚ ਵਾਧਾ ਕੀਤਾ ਗਿਆ। ਸਰਕਾਰ ਚੁੱਪ-ਚਾਪ ਦੇਖਦੀ ਰਹੀ। ਪੰਜਾਬ ਵਿਚ ਧਾਰਮਿਕ ਸਥਾਨਾਂ ਅਤੇ ਧਾਰਮਿਕ ਆਗੂਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਇਨ੍ਹਾਂ ਨੇ ਵੀ ਧਾਰਮਿਕ ਅਸੂਲਾਂ ਨਾਲ ਜੋੜਨ ਦੀ ਥਾਂ ਮਾਇਆ ਬਟੋਰਨ ਦਾ ਹੀ ਕੰਮ ਕੀਤਾ ਹੈ। ਨਵੀਂ ਸਰਕਾਰ ਆਈ ਹੈ। ਇਸ ਵਿਚ ਪਰਿਵਾਰ ਸੇਵਾ ਦੀ ਥਾਂ ਲੋਕ ਸੇਵਾ ਦੀ ਭਾਵਨਾ ਨਜ਼ਰ ਆ ਰਹੀ ਹੈ। ਸਰਕਾਰੀ ਖਜ਼ਾਨੇ ਦੀ ਲੁੱਟ ਨੂੰ ਰੋਕਿਆ ਜਾਵੇ। ਮੁਫ਼ਤ ਦੀਆਂ ਰਿਉੜੀਆਂ ਵੰਡਣ ਦੀ ਥਾਂ ਵਧੀਆ ਤੇ ਸਸਤੀ ਵਿਦਿਆ ਅਤੇ ਸਿਹਤ ਸਹੂਲਤਾਂ ਦੇਣ ਵਲ ਧਿਆਨ ਦਿੱਤਾ ਜਾਵੇ। ਕਿਸਾਨ ਦੀ ਲੋੜ ਸਮੇਂ ਬਾਂਹ ਫੜੋ, ਮੁਫ਼ਤ ਦੇ ਕੁਝ ਪੈਸੇ ਉਸ ਦੇ ਵਿਕਾਸ ਵਿਚ ਸਹਾਈ ਨਹੀਂ ਹੋ ਸਕਦੇ ਸਗੋਂ ਅਨਾਜ ਦੇ ਖਰਾਬੇ ਨੂੰ ਰੋਕ ਇਹ ਰਕਮ ਕਿਸਾਨਾਂ ਨੂੰ ਦਿੱਤੀ ਜਾਵੇ। ਇਸ ਵਾਰ ਸੰਸਾਰ ਵਿਚ ਕਣਕ ਦੀ ਮੰਗ ਵਧੀ ਹੈ ਜਦੋਂ ਕਿ ਕਿਸਾਨ ਦੀ ਪੈਦਾਵਾਰ ਘਟੀ ਹੈ। ਉਸ ਦੇ ਇਸ ਘਾਟੇ ਦੀ ਪੂਰਤੀ ਕੀਤੀ ਜਾਵੇ ਤਾਂ ਜੋ ਉਸ ਨੂੰ ਹੋਰ ਕਰਜ਼ਾ ਨਾ ਲੈਣਾ ਪਵੇ। ਕਿਸਾਨ ਨੇ ਤਾਂ ਮਸ਼ੀਨੀ ਖੇਤੀ ਅਪਣਾ ਕੇ ਇਸ ਨੂੰ ਆਧੁਨਿਕ ਬਣਾ ਲਿਆ ਹੈ ਪਰ ਸਰਕਾਰ ਵਲੋਂ ਵੀ ਖੇਤੀ ਦੇ ਮੰਡੀਕਰਨ ਨੂੰ ਆਧੁਨਿਕ ਬਣਾਇਆ ਜਾਵੇ ਤਾਂ ਜੋ ਕਿਸਾਨ ਨੂੰ ਉਪਜ ਦਾ ਪੂਰਾ ਮੁੱਲ ਮਿਲ ਸਕੇ।
ਸੰਪਰਕ: 94170-87328