ਕ੍ਰਿਸ਼ਨ ਕੁਮਾਰ ਰੱਤੂ
ਬੁੱਕਰ ਸਾਹਿਤ ਪੁਰਸਕਾਰ ਦੇ ਇਤਿਹਾਸ ਵਿਚ ਪਹਿਲੀ ਵਾਰੀ ਦੱਖਣੀ ਏਸ਼ਿਆਈ ਭਾਸ਼ਾਵਾਂ ’ਚੋਂ ਹਿੰਦੀ ਨਾਵਲ ‘ਰੇਤ ਸਮਾਧੀ’ ਯਾਨੀ ਟੌਂਬ ਆਫ ਸੈਂਡ’ ਨੂੰ ਇਸ ਵਰ੍ਹੇ ਦਾ ਇਹ ਵੱਕਾਰੀ ਸਾਹਿਤਕ ਪੁਰਸਕਾਰ ਦਿੱਤਾ ਗਿਆ ਹੈ। ਇਹ ਪੁਰਸਕਾਰ ਹਿੰਦੀ ਲੇਖਿਕਾ ਗੀਤਾਂਜਲੀ ਸ੍ਰੀ ਦੇ ਨਾਵਲ ‘ਰੇਤ ਸਮਾਧੀ’ ਨੂੰ ਦਿੱਤਾ ਗਿਆ ਹੈ ਇਸ ਦਾ ਹਿੰਦੀ ਤੋਂ ਅੰਗਰੇਜ਼ੀ ਅਨੁਵਾਦ ਪ੍ਰਸਿੱਧ ਅਨੁਵਾਦਕ ਤੇ ਕਲਾਕਾਰ ਡੇਜ਼ੀ ਰੌਕਵੈੱਲ ਨੇ ਕੀਤਾ ਹੈ।
ਗੀਤਾਂਜਲੀ ਦੇ ਇਸ ਵੱਡਆਕਾਰੀ ਨਾਵਲ ਦੀ ਹਿੰਦੀ ਵਿਚ ਏਨੀ ਚਰਚਾ ਨਹੀਂ ਸੀ ਹੋਈ ਪਰ ਡੇਜ਼ੀ ਰੌਕਵੈੱਲ ਵੱਲੋਂ ਅਨੁਵਾਦਤ 725 ਸਫ਼ਿਆਂ ਦੀ ਇਸ ਪੁਸਤਕ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਕਹਾਣੀ ਲੱਖਾਂ ਕਹਾਣੀਆਂ ਵਿਚੋਂ ਇਕ ਹੈ ਜੋ ਦੱਖਣੀ ਏਸ਼ਿਆਈ ਮੁਲਕਾਂ ਖ਼ਾਸਕਰ ਹਿੰਦੋਸਤਾਨੀ ਬਰੇ-ਸਗੀਰ ਵਿਚ ਵਾਪਰੀਆਂ ਅਤੇ 1947 ਦੀ ਦੇਸ਼ਵੰਡ ਵੇਲੇ ਵਾਪਰੀਆਂ ਘਟਨਾਵਾਂ ਦੀ ਮਾਨਵੀ ਤ੍ਰਾਸਦੀ ਦੀ ਯਾਦ ਸਦਾ ਚੇਤਿਆਂ ਵਿਚ ਤਾਜ਼ਾ ਰਹੇਗੀ।
ਗੀਤਾਂਜਲੀ ਸ੍ਰੀ ਹਿੰਦੀ ਦੀ ਕਹਾਣੀਕਾਰ ਤੇ ਨਾਵਲਕਾਰ ਹੈ। ਉਸ ਦੇ ਹਿੰਦੀ ਵਿਚ ਸਿਰਫ਼ ਤਿੰਨ ਨਾਵਲ ਤੇ ਕਹਾਣੀਆਂ ਦੀ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਆਪਣੇ ਧੰਨਵਾਦੀ ਭਾਸ਼ਣ ਵਿਚ ਗੀਤਾਂਜਲੀ ਨੇ ਕਿਹਾ, ‘‘ਮੈਂ ਕਦੇ ਵੀ ਬੁੱਕਰ ਜਿੱਤਣ ਦੀ ਕਲਪਨਾ ਤੀਕ ਨਹੀਂ ਸੀ ਕੀਤੀ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਅਜਿਹਾ ਕੁਝ ਕਰ ਸਕਦੀ ਹਾਂ। ਇਹ ਵੱਡਾ ਪੁੁਰਸਕਾਰ ਹੈ। ਮੈਂ ਹੈਰਾਨ ਹਾਂ, ਪ੍ਰਸੰਨ ਹਾਂ। ਮੈਂ ਸਨਮਾਨਿਤ ਮਹਿਸੂਸ ਕਰ ਰਹੀ ਹਾਂ।’’
ਰੇਤ ਸਮਾਧੀ ਯਾਨੀ ‘ਟੌਂਬ ਆਫ ਸੈਂਡ’ ਦੀ ਕਹਾਣੀ ਹੈ ਕੀ? ਜਿਸ ਨੇ ਬੁੱਕਰ ਦੇ ਚੋਣਕਾਰਾਂ ਨੂੰ ਪ੍ਰਭਾਵਿਤ ਕੀਤਾ। ਮੈਂ ਪਿਛਲੇ ਵਰ੍ਹੇ ਇਸ ਨਾਵਲ ਦਾ ਹਿੰਦੀ ਸੰਸਕਰਣ ‘ਰੇਤ ਸਮਾਧੀ’ ਪੜ੍ਹਿਆ ਸੀ। ਇਹ 80 ਵਰ੍ਹਿਆਂ ਦੀ ਬਿਰਧ ਮਾਂ ਦੀ ਕਹਾਣੀ ਹੈ ਜੋ ਧਰਮ, ਦੇਸ਼ਾਂ ਤੇ ਲਿੰਗਕ ਸਮੱਸਿਆਵਾਂ ਨਾਲ ਜਟਿਲ ਮਾਨਵੀ ਰਿਸ਼ਤਿਆਂ ਨੂੰ ਜੋੜਦੀ ਹੈ। ਇਸ ਵੰਡ ਦੀ ਤ੍ਰਾਸਦੀ ਦਾ ਵਰਣਨ ਹੈ ਜੋ ਕਾਫ਼ੀ ਲੰਬਾ ਤੇ ਘਟਨਾਵਾਂ ਨਾਲ ਭਰਿਆ ਹੋਇਆ ਹੈ।
‘ਟੌਂਬ ਆਫ ਸੈਂਡ’ ਵਿਚ ਭਾਰਤ ਦੀ ਉਹ ਪਰਿਵਾਰਕ ਤ੍ਰਾਸਦੀ ਹੈ ਜੋ ਅੱਜ ਵੀ ਹਜ਼ਾਰਾਂ ਘਰਾਂ ਦੀਆਂ ਯਾਦਾਂ ਦਾ ਹਿੱਸਾ ਹੈ। ਵੰਡ ਦੇ ਇੰਨੇ ਸਾਲਾਂ ਬਾਅਦ ਵੀ। ਇੰਜ ਲੱਗਦਾ ਹੈ ਕਿ ਦੁੱਖ ਤੇ ਰਿਸ਼ਤਿਆਂ ਦੇ ਜ਼ਖ਼ਮ ਸਰਹੱਦਾਂ ਤੇ ਰਾਜਨੀਤੀ ਤੋਂ ਕਿਤੇ ਉਪਰ ਹੁੰਦੇ ਹਨ।
ਇਸ ਨਾਵਲ ਵਿਚ ਉਹ ਸਭ ਕੁਝ ਹੈ ਜੋ ਇਕ ਔਰਤ ਦੀ ਜ਼ਿੰਦਗੀ ’ਚ ਵਾਪਰਦਾ ਹੈ। ਔਰਤ ਹੀ ਹੈ ਜੋ ਇਕ ਸਮੇਂ ਕਈ ਬਿਪਤਾਵਾਂ ਤੇ ਖ਼ੁਸ਼ੀਆਂ ਨੂੰ ਬੰਨ੍ਹ ਕੇ ਰਹਿ ਸਕਦੀ ਹੈ। ਇਹ ਵੰਡ ਤੋਂ ਬਾਅਦ ਭਾਰਤ ਦੀ ਇਕ ਔਰਤ ਦੀ ਤ੍ਰਾਸਦੀ ਦੀ ਕਹਾਣੀ ਹੈ। ਵੰਡ ਤੋਂ ਬਾਅਦ ਦੀ ਬੇਹੱਦ ਕਲਾਤਮਕ ਤਸਵੀਰ। ਜ਼ਿੰਦਗੀ ਦੇ ਆਖ਼ਰੀ ਮਰਹਲੇ ’ਤੇ ਕਿਵੇਂ ਇੱਛਾਵਾਂ ਦੇ ਬੰਧਨ ’ਚ ਸੰਚਾਰ ਹੁੰਦਾ ਹੈ ਤੇ ਜ਼ਿੰਦਗੀ ਮੁਸਕਰਾਉਂਦੀ ਹੈ। ਇਹ ਨਾਵਲ ਇਸ ਦੀ ਬਹੁਤ ਵਧੀਆ ਮਿਸਾਲ ਹੈ।
ਇਸ ਵਿਚ ਮੌਤ ਦਾ ਹਾਲ ਅਤੇ ਜ਼ਿੰਦਗੀ ਦੀਆਂ ਗੱਲਾਂ ਦਾ ਉਹ ਸੱਚ ਹੈ ਜੋ ਕੋਈ ਸਾਰੀ ਉਮਰ ਕਿਸੇ ਅਜਿਹੇ ਵਿਅਕਤੀ ਨਾਲ ਵੀ ਸਾਂਝਾ ਨਹੀਂ ਕਰ ਸਕਦਾ ਜਿਸ ਨੂੰ ਉਹ ਸਾਰੀ ਉਮਰ ਦਾ ਜਾਣਦਾ ਹੋਵੇ। ਇਹ ਹੀ ਜ਼ਿੰਦਗੀ ਦਾ ਅਮਲ ਹੈ।
ਹਿੰਦੀ ਦੀ ਕਿਤਾਬ ਨੂੰ ਕੌਮਾਂਤਰੀ ਪੁਰਸਕਾਰ ਮਿਲਣਾ ਇਕ ਅਦਭੁੱਤ ਘਟਨਾ ਹੈ ਜਿਸ ਦਾ ਸਭ ਨੇ ਸਵਾਗਤ ਕੀਤਾ ਹੈ। ਗੀਤਾਂਜਲੀ ਸ੍ਰੀ ਦੀ ਪੁਸਤਕ ਨੂੰ ਇਹ ਪੁਰਸਕਾਰ ਮਿਲਣਾ ਸਾਨੂੰ 1970 ਵਿਚ ਗੈਬਰੀਅਲ ਗਾਰਸ਼ੀਆ ਮਾਰਖੇਜ਼ ਦੇ ਨਾਵਲ ‘ਹੰਡਰਡ ਯੀਅਰਜ਼ ਆਫ਼ ਸਾਲੀਟਿਊਡ’ ਦੀ ਯਾਦ ਦਿਵਾਉਂਦਾ ਹੈ ਜੋ ਲਾਤੀਨੀ ਅਮਰੀਕੀ ਭਾਸ਼ਾ ਦੀ ਪੁਸਤਕ ਦਾ ਅੰਗਰੇਜ਼ੀ ਅਨੁਵਾਦ ਸੀ। ਇਸ ਤਰ੍ਹਾਂ ਹਿੰਦੀ ਤੇ ਦੂਸਰੀਆਂ ਭਾਸ਼ਾਵਾਂ ਲਈ ਇਹ ਕਿਤਾਬ ਕਈ ਭਾਸ਼ਾਈ ਰਸਤਿਆਂ ਨੂੰ ਖੋਲ੍ਹਦੀ ਹੈ ਤੇ ਅਨੁਵਾਦ ਦੇ ਨਵੇਂ ਆਯਾਮ ਸਿਰਜਦੀ ਹੈ।
ਗੀਤਾਂਜਲੀ ਸ੍ਰੀ ਦਾ ਪਹਿਲਾ ਨਾਵਲ ‘ਮਾਈ’ 1990 ਵਿਚ ਪ੍ਰਕਾਸ਼ਿਤ ਹੋਇਆ ਸੀ। ਉਸ ਤੋਂ ਬਾਅਦ ‘ਹਮਾਰਾ ਸ਼ਹਿਰ ਉਸ ਬਰਸ’ ਆਇਆ। ਫਿਰ ‘ਤਿਰੋਹਿਤ’ ਤੇ ਬਾਅਦ ਵਿਚ ‘ਖਾਲ੍ਹੀ ਜਗ੍ਹਾ’ ਨਾਵਲ ਛਪਿਆ ਸੀ ਜਿਸ ਨਾਲ ਉਹ ਹਿੰਦੀ ਲੇਖਿਕਾ ਬਣ ਗਈ।
ਉਸ ਦੇ ਬਾਕੀ ਕਹਾਣੀ ਸੰਗ੍ਰਹਿ ਵੀ ਇਸਤਰੀ ਮਨ ਦੀਆਂ ਗਹਿਰਾਈਆਂ ਨੂੰ ਵਿਖਾਉਂਦੇ ਹਨ। ਉਹ ਰਿਸ਼ਤਿਆਂ ਦੀਆਂ ਪੀਡੀਆਂ ਗੁੰਝਲਾਂ ਨੂੰ ਆਪਣੀ ਸ਼ੈਲੀ ਨਾਲ ਖੋਲ੍ਹਦੀ ਹੈ। ਭਾਰਤੀ ਜ਼ੁਬਾਨਾਂ ਤੋਂ ਇਲਾਵਾ ਉਸ ਦੀਆਂ ਪੁਸਤਕਾਂ ਦੇ ਅਨੁਵਾਦ ਅੰਗਰੇਜ਼ੀ, ਫਰੈਂਚ, ਜਰਮਨ ਵਿਚ ਹੋ ਚੁੱਕੇ ਹਨ। ਉਸ ਦੇ ਨਾਵਲ ਮਾਈ ਦਾ ਅਨੁਵਾਦ ‘ਕ੍ਰਾਸਵਰਡ ਐਵਾਰਡ’ ਲਈ ਵੀ ਨਾਮਜ਼ਦ ਹੋਇਆ ਸੀ।
ਇਸ ਨਾਵਲ ਨੂੰ ਬੁੱਕਰ ਪੁਰਸਕਾਰ ਮਿਲਣਾ ਹਿੰਦੀ ਤੇ ਦੂਸਰੀਆਂ ਭਾਸ਼ਾਵਾਂ ਲਈ ਇਕ ਮਾਣਨਯੋਗ ਪਲ ਹੈ। ਗੀਤਾਂਜਲੀ ਨੇ ਕਿਹਾ ਕਿ ਉਹ ਪਰੰਪਰਾਵਾਂ ਨਾਲ ਜੁੜੀ ਹੋਈ ਲੇਖਿਕਾ ਹੈ ਤੇ ਹਿੰਦੀ ਭਾਸ਼ਾ ਦੀ ਇਕ ਇਤਿਹਾਸਕ ਪਰੰਪਰਾ ਹੈ। ਇਸ ਮੁਕਾਬਲੇ ਵਿਚ ਪੰਜ ਹੋਰ ਅਨੁਵਾਦਤ ਪੁਸਤਕਾਂ ਸਨ ਪਰ ਜਿਵੇਂ ਜਿਊਰੀ ਨੇ ਕਿਹਾ- ‘‘ਇਹ ਸੱਚ ਹੈ ਕਿ ਇਹ ਇਕ ਨਾਵਲ ਦੀ ਕਹਾਣੀ ਹੈ ਪਰ ਇਸ ਸੀਮਾ ਤੋਂ ਪਰ੍ਹੇ ਇਕ ਜ਼ਿੰਦਗੀ ਦੀ ਕਹਾਣੀ ਹੈ। ਕਹਾਣੀ ਕਦੇ ਪੂਰੀ ਹੁੰਦੀ ਹੈ ਕਦੇ ਅਧੂਰੀ, ਪਰ ਇਹ ਇਕ ਮੁਕੰਮਲ ਤੇ ਦਿਲਚਸਪ ਕਹਾਣੀ ਹੈ। ਅਨੁਵਾਦਕ ਡੇਜ਼ੀ ਰੌਕਵੈੱਲ ਨੇ ਕਿਹਾ ਕਿ ਇਹ ਉਸ ਦਾ ਹਿੰਦੀ ਭਾਸ਼ਾ ਲਈ ਪ੍ਰੇਮ ਹੀ ਹੈ ਕਿ ਉਸ ਦੀ ਅਨੁਵਾਦਿਤ ਪੁਸਤਕ ਬੁੱਕਰ ਤੀਕ ਪਹੁੰਚੀ ਹੈ।
ਗੀਤਾਂਜਲੀ ਦੀ ਇਸ ਪੁਸਤਕ ਨਾਲ ਅਨੁਵਾਦ ਦਾ ਰੁਤਬਾ ਵੀ ਵਧਿਆ ਹੈ ਜੋ ਆਉਣ ਵਾਲੇ ਸਮੇਂ ਵਿਚ ਦੂਸਰੀਆਂ ਭਾਸ਼ਾਵਾਂ ’ਚ ਵਿਖਾਈ ਦੇਵੇਗਾ।
ਬਾਰ੍ਹਾਂ ਜੂਨ 1957 ਨੂੰ ਉੱਤਰ ਪ੍ਰਦੇਸ਼ ਦੇ ਮੈਨਪੁਰੀ ’ਚ ਪੈਦਾ ਹੋਈ ਸੀ। ਬਾਅਦ ਵਿਚ ਸੂਬੇ ਦੇ ਕਈ ਸ਼ਹਿਰਾਂ ’ਚ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਦਿੱਲੀ ਦੇ ਲੇਡੀ ਸ੍ਰੀਰਾਮ ਕਾਲਜ ਤੋਂ ਬੀ.ਏ. ਤੇ ਜੇ.ਐੱਨ.ਯੂ. ਤੋਂ ਇਤਿਹਾਸ ’ਚ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ ਹੈ। ਐਮ.ਐੱਸ. ਯੂਨੀਵਰਸਿਟੀ ਬੜੌਦਾ ਤੋਂ ਉਸ ਨੇ ਪ੍ਰੇਮ ਚੰਦ ’ਤੇ ਪੀਐੱਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਜਾਮੀਆ ਯੂਨੀਵਰਸਿਟੀ ’ਚ ਪੜ੍ਹਾਇਆ। 1987 ’ਚ ਪਹਿਲੀ ਕਹਾਣੀ ‘ਬੇਲ ਪੱਤਰ’ ਹਿੰਦੀ ਰਸਾਲੇ ‘ਹੰਸ’ ਵਿਚ ਛਪੀ ਸੀ। ਉਸ ਦੇ ਦੋ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। 2001 ’ਚ ਉਸ ਨੂੰ ਦਿੱਲੀ ਅਕਾਦਮੀ ਨੇ ਸਨਮਾਨਿਤ ਕੀਤਾ ਸੀ। ਉਹ ਸਕਾਟਲੈਂਡ ਤੇ ਫਰਾਂਸ ’ਚ ਰਾਈਟਰ ਇਨ ਰੈਜ਼ੀਡੈਂਸੀ ਵੀ ਰਹੀ ਹੈ। ਅੱਜਕੱਲ੍ਹ ਦਿੱਲੀ ਵਿਚ ਰਹਿ ਰਹੀ ਹੈ।
ਆਪਣੇ ਰਿਸ਼ਤਿਆਂ ਨੂੰ ਆਪਣੇ ਤੀਕ ਰੱਖਣ ਵਾਲੀ ਗੀਤਾਂਜਲੀ ਸ੍ਰੀ ਨਾਲ ਜੈਪੁਰ ਵਿਚ ਇਕ ਮੁਲਾਕਾਤ ਹੋਈ ਸੀ। ਇਹ ਮੁਲਾਕਾਤ ਜਵਾਹਰ ਕਲਾ ਕੇਂਦਰ ’ਚ ਦਸੰਬਰ 2008 ’ਚ ਹੋਈ ਸੀ। ਗੀਤਾਂਜਲੀ ਜ਼ਿੰਦਗੀ ਨਾਲ ਲਬਰੇਜ਼ ਦੋਸਤ ਹੈ ਅਤੇ ਉਹ ਹਿੰਦੀ ਭਾਸ਼ੀ ਹੋਣ ਕਰਕੇ ਭਾਸ਼ਾ, ਲੋਕਾਂ ਤੇ ਲੇਖਕਾਂ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ। ਉਹ ਵੰਡ ਦੇ ਦਰਦ ਨੂੰ ਵੀ ਜਾਣਦੀ ਹੈ। ਇਸ ਮੁਲਾਕਾਤ ਵਿਚ ਉਸ ਨੇ ਕਿਹਾ ਸੀ- ‘‘ਪੂਰੀ ਜ਼ਿੰਦਗੀ ਇਕ ਕਹਾਣੀ ਹੈ ਜੋ ਕਦੇ ਪੂਰੀ ਮੁਕੰਮਲ ਨਹੀਂ ਹੁੰਦੀ।’’
ਅੱਜ ਇਹ ਕੌਮਾਂਤਰੀ ਪ੍ਰਾਪਤੀ, ਇਹ ਸਨਮਾਨ ਇਕੱਲਿਆਂ ਉਸ ਦਾ ਹੀ ਨਹੀਂ ਸਗੋਂ ਭਾਰਤੀ ਭਾਸ਼ਾਵਾਂ ਦੇ ਸਾਰੇ ਲੇਖਕਾਂ ਤੇ ਭਾਸ਼ਾਵਾਂ ਦਾ ਹੈ।
ਅੱਜ ਵੀ ਉਹ ਫੋਨ ’ਤੇ ਦੱਸਦੀ ਹੈ, ‘‘ਤੁਹਾਨੂੰ ਪਤਾ ਹੈ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਬੁੱਕਰ ਵਰਗੇ ਪੁਰਸਕਾਰ ਲਈ ਮੇਰੀ ਕਿਸੇ ਪੁਸਤਕ ਨੂੰ ਚੁਣਿਆ ਜਾਵੇਗਾ। ਇਹ ਸੱਚਮੁੱਚ ਖ਼ੁਸ਼ੀ ਤੇ ਹੈਰਾਨੀ ਵਾਲਾ ਮੌਕਾ ਹੈ। ਸਰਹੱਦਾਂ ਤੋਂ ਪਾਰ ਮਾਨਵੀ ਰਿਸ਼ਤਿਆਂ ਦੀ ਹੋਂਦ ਹਮੇਸ਼ਾ ਜ਼ਿੰਦਾ ਰਹਿੰਦੀ ਹੈ।
ਲੇਖਕ ਹਿੰਦੀ ਪੰਜਾਬੀ ਦੇ ਉੱਘੇ ਬ੍ਰਾਡਕਾਸਟਰ ਅਤੇ ਦੂਰਦਰਸ਼ਨ ਦੇ ਉਪ ਮਹਾਂਨਿਦੇਸ਼ਕ ਰਹੇ ਹਨ।
ਸੰਪਰਕ: 94787-30156