ਰਿਪੁਦਮਨ ਸਿੰਘ ਰੂਪ
ਚਿਰਾਂ ਮਗਰੋਂ
ਬਹੁਤ ਲੰਮੇਂ ਸਮੇਂ ਮਗਰੋਂ
ਪੂੰਜੀ ਨੇ ਬੋਤਲ ਚੁੱਕੀ
ਜਿੰਨ ਵਾਲੀ ਬੋਤਲ।
ਪੂੰਜੀ ਨੇ ਬੜੇ ਠਾਠ ਨਾਲ
ਬੋਤਲ ਦਾ ਡਾਟ ਖੋਲ੍ਹਿਆ
ਡਾਟ ਖੁੱਲ੍ਹਦੇ ਸਾਰ
ਜਿੰਨ ਬਾਹਰ ਆਉਣ ਲੱਗਾ।
ਜਿੰਨ ਬਾਹਰ ਆਇਆ
ਬਹੁਤ ਵੱਡਾ ਕੱਦ-ਕਾਠ
ਲੰਮਾ-ਚੌੜਾ ਕੱਦ-ਕਾਠ
ਹੱਥ ਜੋੜ ਬੋਲਿਆ।
ਮੇਰੇ ਮਾਲਿਕ, ਮੇਰੇ ਆਕਾ
ਆਦੇਸ਼ ਦੇਵੋ, ਕੀ ਕਰਾਂ?
ਲੋੜ ਕੀ ਪੈ ਗਈ ਮੇਰੀ?
ਹੁਕਮ ਕਰੋ ਮੇਰੇ ਆਕਾ।
ਪੂੰਜੀ ਬੋਲੀ, ਸੰਸਾਰ ਪੂੰਜੀ
ਮੇਰਾ ਹਾਲ ਬਹੁਤ ਬੁਰਾ
ਚਾਰੇ ਪਾਸੇ ਮੇਰੇ ਵਿਰੁੱਧ
ਬਗ਼ਾਵਤਾਂ ਹੀ ਬਗ਼ਾਵਤਾਂ।
ਫ਼ਿਕਰ ਨਾ ਕਰੋ ਮੇਰੇ ਆਕਾ
ਦੱਸੋ ਮੈਂ ਕੀ ਕਰਾਂ?
ਕੀਹਨੂੰ ਖਾਵਾਂ, ਕੀਹਨੂੰ ਛੱਡਾਂ?
ਕੀਹਨੂੰ ਕਰਾਂ ਮਲੀਆਮੇਟ?
ਸੁਨਾਮੀ ਲਿਆਵਾਂ ਮੇਰੇ ਆਕਾ?
ਹੜ੍ਹਾਂ ਵਿੱਚ ਡੋਬਾਂ ਸੰਸਾਰ?
ਔੜ੍ਹ ਲਿਆਵਾਂ ਮੇਰੇ ਆੱਕਾ?
ਭੁੱਖਮਰੀ ਨਾਲ ਮਰੇ ਸੰਸਾਰ?
ਜੰਗਾਂ ਲਾਵਾਂ, ਅੱਗ ਵਰ੍ਹਾਵਾਂ?
ਲਪਟਾਂ ਵਿਚ ਸੜੇ ਸੰਸਾਰ?
ਜਾਤਾਂ-ਧਰਮਾਂ ਵੰਡੀਆਂ ਪਾਵਾਂ?
ਆਪਸ-ਵਿੱਚ ਲੜ ਮਰੇ ਸੰਸਾਰ?
ਪੂੰਜੀ ਪੂੰਜੀ ਕਰਨ ਸਾਰੇ
ਸਾਰੇ ਮੰਨਣ ਮੈਨੂੰ ਸਿਰਦਾਰ
ਸਾਰੇ ਝੁਕਣ ਮੇਰੇ ਅੱਗੇ
ਉੱਚਾ ਹੋਵੇ ਮੇਰਾ ਕਿਰਦਾਰ।
ਉੱਚਾ ਕਰਦੈਂ ਤੁਹਾਡਾ ਕੱਦ
ਥੋੜ੍ਹਾ ਉਡੀਕੋ ਮੇਰੀ ਸਰਕਾਰ
ਹਾਹਾਕਾਰ ਮਚਾ ਕੇ ਆਉਣੈ
ਆ ਕੇ ਦੱਸਦੈਂ ਮੇਰੀ ਸਰਕਾਰ
ਦੂਰੋਂ ਦਿਸਦੈ ਆਉਂਦਾ ਜਿੰਨ
ਲੱਗਦੈ ਜਿਵੇਂ ਬੜਾ ਪ੍ਰਸੰਨ
ਹੱਥ ਜੋੜਕੇ ਬੋਲਿਆ ਜਿੰਨ
ਕਰਤਾ ਸਰਕਾਰ ਤੁਹਾਡਾ ਕੰਮ।
ਹਾਹਾਕਾਰ ਮਚਾ ਦਿੱਤੀ ਹੈ
ਤੜਪ ਰਿਹਾ ਹੈ ਕੁੱਲ ਸੰਸਾਰ
ਰੋਣ-ਪਿੱਟਣ ਚਾਰੇ ਪਾਸੇ
ਜੱਗ ਬਣਿਆ ਇੱਕ ਮਸਾਣ।
ਦਰਿਆਵਾਂ ਦੇ ਵਿਚ ਰੁੜਦੀਆਂ ਲਾਸ਼ਾਂ
ਗਿਰਝਾਂ ਕੁੱਤੇ ਜਿਨ੍ਹਾਂ ਨੂੰ ਖਾਣ
ਕਹਿੰਦੇ ‘ਬੰਦੇ ਦਾ ਬੰਦਾ ਦਾਰੂ’
ਝੂਠਾ ਕਰਤਾ ਇਹ ਅਖਾਣ।
ਕੰਮਕਾਰ ਸਭ ਬੰਦ ਕਰ ਦਿੱਤੇੇ
ਭੁੱਖਮਰੀ ਲਏ ਪੈਰ ਪਸਾਰ।
ਬੱਚੇ ਰੁਲਦੇ ਪੈਰਾਂ ਦੇ ਵਿੱਚ
ਹਰ ਕੋਈ ਸਾਂਭੇ ਆਪਣੀ ਜਾਨ।
ਖੁੱਲ੍ਹਾ ਪਿਐ ਸਾਰਾ ਮੈਦਾਨ
ਸਾਂਭ ਲੈ ਹੁਣ ਮੇਰੀ ਸਰਕਾਰ
ਸੰਸਾਰ ਨੂੰ ਕਰ ਮੁੱਠੀ ਦੇ ਵਿੱਚ
ਬਣ ਦੁਨੀਆਂ ਦੀ ਤੂੰ ਸਿਰਦਾਰ।
ਸੰਪਰਕ: 98767-68960
…ਤੇ ਉਹ ਪਿਆਸਾ ਹੀ ਤੁਰ ਗਿਆ
ਅਮ੍ਰਤ
ਉਹ ਹੁਣ ਤੁਹਾਡੇ ਹੱਥ ਨਹੀਂ ਆਏਗਾ
ਤੁਸੀਂ ਯੂਏਪੀਏ ਲਗਾਓ ਜਾਂ ਟਾਡਾ,
ਉਸ ਨੂੰ ਕੋਈ ਨਹੀਂ ਡੱਕ ਸਕੇਗਾ
ਉਹ ਹੁਣ ਤੁਹਾਡੀ ਕੈਦ ਤੋਂ ਆਜ਼ਾਦ ਹੈ।
ਤੁਸੀਂ ਕਦੇ ਨਹੀਂ ਭੁਲਾ ਸਕੋਗੇ,
ਕਿਵੇਂ ਉਸ ਬੇਗੁਨਾਹ ਨੂੰ
ਤੰਤਰ ਦੇ ਪਿਆਦਿਆਂ ਨੇ,
ਗੁਨਾਹਗਾਰਾਂ ਦੀ ਕਤਾਰ ’ਚ ਖੜ੍ਹਾਇਆ ਸੀ।
ਕਿਵੇਂ ਉਸ ਨੂੰ ਢਾਹੁਣ ਲਈ
ਵਿਛਾਇਆ ਗਿਆ ਸੀ ਕਾਨੂੰਨ ਦਾ ਜਾਲ।
ਉਹ, ਜੋ ਮਜ਼ਲੂਮਾਂ ਲਈ ਹੱਕ ਮੰਗਦਾ ਸੀ
ਲੜਦਾ ਸੀ ਹੋਰਾਂ ਦਾ ਭਵਿੱਖ ਬਚਾਉਣ ਲਈ,
ਉਹ ਜੋ ਚਾਹੁੰਦਾ ਸੀ ਲੋਕਾਈ ਦਾ ਭਲਾ ਕਰਨਾ
ਕਿਵੇਂ ਖੋਹ ਲਿਆ ਤੁਸੀਂ ਉਸ ਤੋਂ ਜਿਊਣ ਦਾ ਅਧਿਕਾਰ।
ਉਹ ਜੋ ਈਸਾ ਤੋਂ ਮੰਗ ਲਿਆਇਆ ਸੀ
ਹੋਰਨਾਂ ਸਾਰਿਆਂ ਦੇ ਦੁੱਖਾਂ ਦੀ ਸਲੀਬ,
ਤੇ ਢੋਅ ਰਿਹਾ ਸੀ ਜ਼ਿੰਦਗੀ ਲਈ ਚਾਨਣ
ਕਿਵੇਂ ਤੁਸੀਂ ਬੁੱਢੇ ਹੱਡਾਂ ਨੂੰ ਧੱਕ ਦਿੱਤਾ ਸਲਾਖਾਂ ਪਿੱਛੇ,
ਮੀਲਾਂ ਤੱਕ ਫੈਲਿਆ ਸੀ ਜਿੱਥੇ ਹਨੇਰੇ ਦਾ ਜੰਗਲ।
ਤੇ ਆਪਣੀਆਂ ਬੇਜਾਨ ਲੱਤਾਂ ਨਾਲ
ਉਹ ਇਨ੍ਹੀਂ ਰਾਹੀਂ ਵੀ ਤੁਰ ਲੈਂਦਾ,
ਜੇ ਪਿਆਸ ਬੁਝਾਉਣ ਲਈ ਆਪਣੇ ਕੰਬਦੇ ਹੱਥਾਂ ਨਾਲ
ਪੀ ਸਕਦਾ ਉਹ ਦੋ ਘੁੱਟ ਪਾਣੀ।
ਪਰ ਤੁਸੀਂ ਉਸ ਤੋਂ ਖੋਹ ਲਏ ਸਿੱਪਰ ਤੇ ਸਟਰਾਅ
ਤੇ ਉਹ ਪਿਆਸਾ ਹੀ ਤੁਰ ਪਿਆ
ਕਦੇ ਨਾ ਮੁੱਕਣ ਵਾਲੇ ਰਾਹਾਂ ’ਤੇ।
ਉਹ ਚਲਾ ਗਿਆ ਹੁਣ ਤੁਹਾਡੀ ਕੈਦ ਤੋਂ
ਦੂਰ… ਬਹੁਤ ਦੂਰ।
ਤੇ ਤੁਸੀਂ ਹੁਣ ਉਮਰ ਭਰ ਧੋ ਨਹੀਂ ਸਕੋਗੇ
ਉਸ ਦੇ ਖ਼ੂਨ ਨਾਲ ਲਿੱਬੜੇ ਆਪਣੇ ਹੱਥ।
ਸੰਪਰਕ: 98726-61846