ਸਵਰਾਜਬੀਰ
ਜੇਲ੍ਹ ਵਿਚ ਭਗਤ ਸਿੰਘ ਡਾਇਰੀ ਲਿਖਦਾ ਸੀ। ਇਸ ਡਾਇਰੀ ਦੇ 25ਵੇਂ ਸਫ਼ੇ ’ਤੇ ਉਸ ਨੇ ਅੰਗਰੇਜ਼ੀ ਕਵੀ ਵਿਲੀਅਮ ਵਰਡਜ਼ਵਰਥ ਦੀ ਇਹ ਕਵਿਤਾ ਦਰਜ ਕੀਤੀ ਹੈ:
ਫ਼ੌਜਾਂ ਦੀ ਤਾਕਤ ਦਿਸਦੀ ਹੋਈ ਚੀਜ਼ ਏ
ਹਕੀਕੀ ਵੀ ਤੇ ਸਮੇਂ ਦੀਆਂ ਦੀਵਾਰਾਂ ’ਤੇ ਉੱਕਰੀ ਹੋਈ ਵੀ
ਪਰ ਉਹ ਤਾਕਤ
ਆਜ਼ਾਦੀ ਦੀ ਉਸ ਜੂਝਦੀ ਸ਼ਕਤੀ ਨੂੰ ਕਿਵੇਂ ਲੱਭੇਗੀ
ਜਿਸ ਦੀ ਸਿਰਜਣਾ ਬਹਾਦਰ ਲੋਕ ਕਰਦੇ ਨੇ
ਤੇ ਜਦ ਚਾਹੁਣ, ਆਪਣੀ ਮਰਜ਼ੀ ਨਾਲ
ਉਸ ਨੂੰ ਛੁਪਾ ਲੈਂਦੇ ਨੇ
ਕੀ ਇਹ (ਫ਼ੌਜੀ ਤਾਕਤ) ਬਦਲਾ ਲਵੇਗੀ?
ਉਸ ਤਕਦੀਰੀ ਥਾਂ ਤਕ ਨਾ ਕੋਈ ਪੈਰ
ਜਾ ਸਕਦੇ, ਨਾ ਕੋਈ ਨਜ਼ਰ
ਉਹ ਸ਼ਕਤੀ, ਉਹ ਰੂਹ
ਜਿਹੜੀ ਤੇਜ਼ ਹਵਾਵਾਂ ਵਾਂਗ ਉੱਡਦੀ
ਜਾਂ ਆਪਣੀਆਂ ਡਰਾਉਣੀਆਂ ਗੁਫ਼ਾਵਾਂ ਵਿਚ
ਹਵਾਵਾਂ ਵਾਂਗ ਈ ਸੌਂਦੀ
ਸਾਲਾਂ ਦੇ ਸਾਲ, ਨੇੜੇ ਤੇ ਦੂਰ
ਇਹ ਦੇਸੀ ਫ਼ਸਲ ਉੱਗਦੀ ਰਹਿੰਦੀ
ਇਹ ਮਿੱਟੀ ਤੋਂ ਪਾਣੀ ਵਾਂਗ ਉੱਠਦੀ
ਤੇ ਹਰ ਹੋਂਠ ਤਕ ਪਹੁੰਚ ਜਾਂਦੀ
ਉਸ ਨੂੰ ਖ਼ੁਸ਼ੀ ਦੇਣ ਦੇ ਲਈ
ਵਰਡਜ਼ਵਰਥ ਦੀ ਇਸ ਕਵਿਤਾ ਦਾ ਸਿਰਲੇਖ ਹੈ: ‘‘ਫ਼ੌਜਾਂ ਦੀ ਤਾਕਤ ਦਿਸਦੀ ਹੋਈ ਚੀਜ਼ ਏ’’ (The Power of Armies is a Visible Thing)। ਭਗਤ ਸਿੰਘ ਨੇ ਡਾਇਰੀ ਦੇ ਖੱਬੇ ਹੱਥ ਲੀਕ ਮਾਰ ਕੇ ਲਿਖਿਆ ਏ ‘ਆਜ਼ਾਦੀ ਲਈ ਲੜਾਈ (Fight for Freedom)’। ਕੁਦਰਤ ਦੇ ਵੱਖ ਵੱਖ ਰੰਗਾਂ ਨੂੰ ਸ਼ਬਦਾਂ ਵਿਚ ਚਿਤਰਣ ਵਾਲਾ ਵਿਲੀਅਮ ਵਰਡਜ਼ਵਰਥ ਫਰਾਂਸੀਸੀ ਇਨਕਲਾਬ ਤੋਂ ਪ੍ਰਭਾਵਿਤ ਸੀ; ਉਹ 1790ਵਿਆਂ ਵਿਚ ਕਈ ਵਾਰ ਫਰਾਂਸ ਗਿਆ; ਉਹ ਅੰਗਰੇਜ਼ੀ ਚਿੰਤਕਾਂ ਐਡਮੰਡ ਬਰਕ ਅਤੇ ਵਿਲੀਅਮ ਗੌਡਵਿਨ ਤੋਂ ਵੀ ਪ੍ਰਭਾਵਿਤ ਸੀ। ਭਗਤ ਸਿੰਘ ਡਾਇਰੀ ਦੇ 104ਵੇਂ ਸਫ਼ੇ ’ਤੇ ਐਡਮੰਡ ਬਰਕ ਦੇ ਇਹ ਸ਼ਬਦ ਦਰਜ ਕਰਦਾ ਹੈ, ‘‘ਇਕ ਸੂਝਵਾਨ ਸਿਆਸੀ ਆਗੂ ਹਮੇਸ਼ਾਂ ਇਹ ਸਮਝਣ ਦੀ ਕੋਸ਼ਿਸ਼ ਕਰਦਾ ਏ ਕਿ ਉਹ ਆਪਣੇ ਦੇਸ਼ ਦੇ ਮੌਜੂਦਾ ਹਾਲਾਤ ਦੀ ਚੰਗੀ ਤਰ੍ਹਾਂ ਵਰਤੋਂ ਕਿਵੇਂ ਕਰੇਗਾ।’’ ਭਗਤ ਸਿੰਘ ਨੇ ਵੀ ਫਰਾਂਸੀਸੀ ਇਨਕਲਾਬ ਦਾ ਅਧਿਐਨ ਕੀਤਾ ਤੇ ਇਸ ’ਤੇ ਨੋਟਸ ਬਣਾਏ (ਸਫ਼ੇ 183-189)। ਜੇਲ੍ਹ ਵਿਚ ਬੈਠਾ ਭਗਤ ਸਿੰਘ ਕੀ ਕਰ ਰਿਹਾ ਹੈ, ਉਹ ਪੜ੍ਹ ਰਿਹਾ ਹੈ, ਹਿੰਦੋਸਤਾਨ ਦੇ ਲੇਖਕਾਂ ਨੂੰ, ਜਰਮਨੀ, ਰੂਸ, ਇਟਲੀ, ਫਰਾਂਸ, ਇੰਗਲੈਂਡ ਤੇ ਹੋਰ ਦੇਸ਼ਾਂ ਦੇ ਲੇਖਕਾਂ ਨੂੰ। ਉਹ ਪੜ੍ਹਦਾ ਹੀ ਨਹੀਂ ਸਗੋਂ ਨਾਲ ਨਾਲ ਉਨ੍ਹਾਂ ਦੀਆਂ ਕਿਤਾਬਾਂ ਦੇ ਨੋਟਸ ਵੀ ਬਣਾਉਂਦਾ ਹੈ।
ਉਹ ਰਾਬਿੰਦਰਨਾਥ ਟੈਗੋਰ ਦੀ ਇਕ ਟੂਕ ਨੋਟ ਕਰਦਾ ਹੈ, ‘‘ਮਨੁੱਖਤਾ ਖ਼ੁਸ਼ੀਆਂ ਨੂੰ ਕੁਰਬਾਨ ਕਰਕੇ ਪੈਸਾ ਕਮਾ ਰਹੀ ਹੈ; ਯੂਰੋਪ ਦੀ ਮੌਜੂਦਾ ਸਭਿਅਤਾ ਦੀ ਖ਼ਾਹਿਸ਼ ਸ਼ੈਤਾਨੀਅਤ (ਭਾਵ ਪੈਸਾ/ਸਰਮਾਇਆ) ਨੂੰ ਆਪਣੀ ਤੇ ਸਿਰਫ਼ ਆਪਣੀ ਵਾਹਿਦ ਮਲਕੀਅਤ ਬਣਾਉਣਾ ਹੈ। (ਡਾਇਰੀ ਸਫ਼ਾ 39)। ਡਾਇਰੀ ਦੇ 103ਵੇਂ ਪੰਨੇ ’ਤੇ ਉਹ ਫਿਰ ਟੈਗੋਰ ਵੱਲ ਪਰਤਦਾ ਹੈ ਤੇ ਨੋਟ ਕਰਦਾ ਹੈ, ‘‘ਉਹ ਜੱਜ ਜਿਹੜਾ ਪੀੜ/ਦੁੱਖ ਮਹਿਸੂਸ ਨਹੀਂ ਕਰਦਾ, ਉਹ ਨਿਆਂ ਕਰਨ ਦਾ ਹੱਕ ਨਹੀਂ ਰੱਖਦਾ।’’
ਭਗਤ ਸਿੰਘ ਸਮਾਜਿਕ ਇਕਰਾਰਨਾਮੇ (Social Contract) ਦੇ ਸਾਰੇ ਸਿਧਾਂਤਕਾਰਾਂ ਹੋਬਜ਼, ਲੌਕ (Locke), ਰੂਸੋ ਸਭ ਨੂੰ ਨਿੱਠ ਕੇ ਪੜ੍ਹਦਾ ਹੈ। ਇਨ੍ਹਾਂ ਸਿਧਾਂਤਕਾਰਾਂ ਅਨੁਸਾਰ ਰਿਆਸਤ/ਸਟੇਟ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਸਮਾਜ ਅਫ਼ਰਾ-ਤਫ਼ਰੀ ਅਤੇ ਅਰਾਜਕਤਾ ਵਾਲੀ ਹਾਲਤ (State of Nature) ਵਿਚ ਸੀ। ਉਸ ਅਫ਼ਰਾ-ਤਫ਼ਰੀ ਨੂੰ ਖ਼ਤਮ ਕਰਨ ਲਈ ਲੋਕ ਆਪਸ ਵਿਚ ਇਕ ਅਹਿਦ ਜਾਂ ਇਕਰਾਰ ਕਰਦੇ ਹਨ ਕਿ ਰਿਆਸਤ/ਸਟੇਟ ਦੀ ਜ਼ਰੂਰਤ ਹੈ। ਇਨ੍ਹਾਂ ਸਿਧਾਂਤਕਾਰਾਂ ਦੀ ਮਨੁੱਖਤਾ, ਸਮਾਜ ਅਤੇ ਰਿਆਸਤ ਬਾਰੇ ਪਹੁੰਚ ਵਿਚ ਬਹੁਤ ਅੰਤਰ ਹੈ ਪਰ ਇਕ ਸਾਂਝ ਇਹ ਹੈ ਕਿ ਉਹ ਇਹ ਸਮਝਦੇ ਹਨ ਕਿ ਰਿਆਸਤ/ ਸਟੇਟ/ਹਕੂਮਤ ਸਮਾਜ ਦੇ ਅਹਿਦਨਾਮੇ/ਇਕਰਾਰਨਾਮੇ ਕਾਰਨ ਹੋਂਦ ਵਿਚ ਆਈ ਹੈ; ਇਹ ਰੱਬ ਦੀ ਦਿੱਤੀ ਹੋਈ ਦੈਵੀ ਬਖਸ਼ਿਸ਼ ਨਹੀਂ ਹੈ; ਇਸ ਤਰ੍ਹਾਂ ਇਨ੍ਹਾਂ ਚਿੰਤਕਾਂ ਨੇ ਇਸ ਸਿਧਾਂਤ ਕਿ ਰਾਜਿਆਂ ਵਿਚ ਦੈਵੀ ਅੰਸ਼ ਹੁੰਦਾ ਹੈ, ਨੂੰ ਲੋਕਾਂ ਦੇ ਮਨਾਂ ਵਿਚੋਂ ਕੱਢਣ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਭਗਤ ਸਿੰਘ ਸੋਚਦਾ ਹੈ ਕਿ ਇਨਕਲਾਬ ਨੂੰ ਇਸ ਨਜ਼ਰੀਏ (ਸਮਾਜਿਕ ਇਕਰਾਰਨਾਮੇ ਦੇ ਪੱਖ) ਤੋਂ ਕਿਵੇਂ ਵੇਖਿਆ ਜਾਵੇ; ਉਹ ਟਿੱਪਣੀ ਕਰਦਾ ਹੈ, ‘‘ਇਨਕਲਾਬ ਉਦੋਂ ਹੀ ਵਾਜਬ (ਨਿਆਂ-ਸੰਗਤ) ਹੁੰਦਾ ਹੈ ਜਦੋਂ ਸਰਕਾਰ ਇਕਰਾਰਨਾਮੇ/ਅਹਿਦਨਾਮੇ ਦੇ ਨਿੱਜੀ ਅਧਿਕਾਰਾਂ ਦੀ ਰੱਖਿਆ ਕਰਨ ਦੇ ਆਪਣੇ ਅਹਿਦ ਤੋਂ ਮੁਨਕਰ ਹੋ ਜਾਵੇ।’’ (ਡਾਇਰੀ ਦਾ ਪੰਨਾ 176)
ਕਾਰਲ ਮਾਰਕਸ, ਲੈਨਿਨ, ਟਰਾਟਸਕੀ, ਸਾਰੇ ਭਗਤ ਸਿੰਘ ਦੀ ਡਾਇਰੀ ਵਿਚ ਹਾਜ਼ਰ ਹਨ। ਉੱਥੇ ਵਿਚਾਰਾਂ ਦਾ ਟਕਰਾਉ ਹੈ। ਭਗਤ ਸਿੰਘ ਸਾਰੇ ਚਿੰਤਕਾਂ ਦੇ ਵਿਚਾਰ ਨੋਟ ਕਰ ਰਿਹਾ ਹੈ; ਜੇ ਉਹ ਜਿਉਂਦਾ ਰਹਿੰਦਾ ਤਾਂ ਕਿਸ ਨਤੀਜੇ ’ਤੇ ਪਹੁੰਚਦਾ, ਅਸੀਂ ਨਹੀਂ ਜਾਣਦੇ। ਨਿਆਂ-ਪ੍ਰਣਾਲੀ ਬਾਰੇ ਉਹ ਨਿਊਜ਼ੀਲੈਂਡ ਦੇ ਕਾਨੂੰਨਦਾਨ ਅਤੇ ਜੱਜ ਜੌਹਨ ਸਾਲਮੰਡ ਦੀਆਂ ਲਿਖਤਾਂ ਵਿਚੋਂ ਵੇਰਵੇ ਸਹਿਤ ਨੋਟਸ ਬਣਾਉਂਦਾ ਹੈ ਕਿ ਕਾਨੂੰਨ ਕਿੰਨੀ ਤਰ੍ਹਾਂ ਦਾ ਹੁੰਦਾ ਅਤੇ ਹੋ ਸਕਦਾ ਹੈ; ਇਸ ਦਾ ਵਿਕਾਸ ਕਿਵੇਂ ਹੋਇਆ। ਉਹ ਸਾਲਮੰਡ ਦੁਆਰਾ ਦਿੱਤੇ ਗਏ ਬੁਨਿਆਦੀ ਸਿਧਾਂਤਾਂ ਨੂੰ ਨੋਟ ਕਰਦਾ ਹੈ, ‘‘ਸਿਵਲ ਨਿਆਂ ਹੱਕਾਂ ਦੀ ਰਾਖੀ ਕਰਦਾ ਹੈ। ਫ਼ੌਜਦਾਰੀ ਨਿਆਂ ਗ਼ਲਤੀਆਂ ਦੀ ਸਜ਼ਾ ਦਿੰਦਾ ਹੈ। (ਸਫ਼ਾ 112)’’
ਸਿਧਾਂਤਕਾਰ, ਸਾਹਿਤਕਾਰ, ਪ੍ਰਸ਼ਾਸਕ, ਕਾਨੂੰਨਦਾਨ, ਭਗਤ ਸਿੰਘ ਸਭ ਨੂੰ ਪੜ੍ਹ ਰਿਹਾ ਹੈ। ਅਪਟੋਨ ਸਿਨਕਲੇਅਰ, ਵਾਲਟ ਵਿਟਮੈਨ, ਹੈਨਰਿਕ ਇਬਸਨ, ਵਿਕਟਰ ਹਿਊਗੋ, ਬਰਨਾਰਡ ਸ਼ਾਅ, ਜੈਕ ਲੰਡਨ ਤੇ ਹੋਰ ਕਈ ਸਾਹਿਤਕਾਰ ਡਾਇਰੀ ਦੇ ਸਫ਼ਿਆਂ ’ਤੇ ਹਾਜ਼ਰ ਹਨ।
ਭਗਤ ਸਿੰਘ ਜੇਲ੍ਹ ਵਿਚ ਹੈ। ਬੰਦੀਖਾਨੇ ਵਿਚ ਕੈਦ ਬੰਦਾ ਜੇਲ੍ਹ ਬਾਰੇ ਹੋਰਨਾਂ ਦੇ ਤਜਰਬੇ ਅਤੇ ਵਿਚਾਰ ਪੜ੍ਹਨਾ ਚਾਹੁੰਦਾ ਹੈ। ਉਹ ਅੰਗਰੇਜ਼ੀ ਕਵੀ ਬਾਇਰਨ ਦੀਆਂ ਬੰਦੀਖਾਨੇ ਬਾਰੇ ਲਿਖੀਆਂ ਇਹ ਤੁਕਾਂ ਡਾਇਰੀ ਦੇ 29ਵੇਂ ਸਫ਼ੇ ’ਤੇ ਨੋਟ ਕਰਦਾ ਹੈ:
ਉੱਥੇ ਨਾ ਤਾਰੇ ਸਨ, ਨਾ ਧਰਤੀ, ਨਾ ਸਮਾਂ
ਨਾ ਕੋਈ ਹੁੰਡੀ ਸੀ, ਨਾ ਭਾਣ (ਪੈਸਿਆਂ ਦੀ)
ਨਾ ਚੰਗਿਆਈ, ਨਾ ਅਪਰਾਧ
ਉੱਥੇ ਚੁੱਪ ਸੀ ਤੇ ਨਿਸੱਤੇ ਸਾਹ
ਜਿਨ੍ਹਾਂ ’ਚ ਨਾ ਜ਼ਿੰਦਗੀ ਦੀ ਗੰਧ ਸੀ, ਨਾ ਮੌਤ ਦੀ
ਇਹ ਸਤਰਾਂ ਬਾਇਰਨ ਦੀ ਲੰਮੀ ਕਵਿਤਾ, ‘‘ਕਿਲੋਨ ਦਾ ਕੈਦੀ (The Prisoner of Chillon)’ ਵਿਚੋਂ ਹਨ ਜਿਹੜੀ ਉਸ ਨੇ ਜਨੇਵਾ ਦੇ ਇਕ ਦੇਸ਼ਭਗਤ ਇਸਾਈ ਸਾਧੂ ਫਰਾਂਸਵਾਂ ਬੋਨੀਵਾਰਡ ਬਾਰੇ ਲਿਖੀ ਜਿਸ ਨੂੰ ਸਵਾਏ ਦੇ ਡਿਊਕ ਚਾਰਲਸ ਤੀਸਰੇ ਨੇ 1932 ਤੋਂ 1936 ਤਕ ਬੰਦੀ ਬਣਾ ਕੇ ਰੱਖਿਆ ਸੀ। ਉਸ ਨੇ ਜੇਲ੍ਹ ਤਜਰਬਿਆਂ ਬਾਰੇ ਕਈ ਹੋਰ ਕਵਿਤਾਵਾਂ ਵੀ ਨੋਟ ਕੀਤੀਆਂ ਹਨ:
ਓ ਨੰਗੀਓ ਕੰਧੋ, ਬੰਦੀਖਾਨੇ ਦੇ ਸੋਚ-ਵਿਚਾਰੋ!
ਕਿੰਨੇ ਉਦਾਸ ਤੇ ਹਨੇਰੇ ਹੋ ਤੁਸੀਂ
ਕਿੰਨਾ ਬੋਝ ਵਾਲਾ ਕੰਮ ਹੁੰਦਾ ਏ
ਇਕ ਬੰਦੀਵਾਨ ਨੂੰ ਬੇਦਮ ਕਰ ਦੇਣਾ
ਤੇ ਫਿਰ ਆਜ਼ਾਦੀ ਦੇ ਸੁਪਨੇ ਲੈਣ ਨੂੰ ਕਹਿਣਾ
ਇਹ ਸਤਰਾਂ ਰੂਸੀ ਇਨਕਲਾਬੀ, ਵਿਗਿਆਨੀ ਤੇ ਕਵੀ ਨਿਕੋਲੋਈ ਮੋਰੋਜ਼ੋਵ ਦੀਆਂ ਨੇ ਜਿਹੜਾ 1882 ਤੋਂ 1905 ਤਕ ਜ਼ਾਰ ਦੀ ਕੈਦ ਵਿਚ ਰਿਹਾ (ਡਾਇਰੀ ਦਾ ਪੰਨਾ: 30)। ਭਗਤ ਸਿੰਘ ਨੇ ਮੋਰੋਜ਼ੋਵ ਦੀਆਂ ਬਹੁਤ ਸਾਰੀਆਂ ਕਾਵਿ-ਟੁਕੜੀਆਂ ਨੋਟ ਕੀਤੀਆਂ ਹਨ। ਮੋਰੋਜ਼ੋਵ ਦੀ ਕੁਰਬਾਨੀ ਵੀ ਮਹਾਨ ਸੀ ਅਤੇ ਕਵਿਤਾ ਵੀ ਬੁਲੰਦ। ਇਕ ਹੋਰ ਕਾਵਿ-ਟੁਕੜੀ (ਪੰਨਾ 31) ਜੇਲ੍ਹ-ਜੀਵਨ ਨੂੰ ਇੰਝ ਚਿਤਰਦੀ ਹੈ:
ਇੱਥੇ ਹਰ ਚੀਜ਼ ਕਿੰਨੀ ਚੁੱਪ ਏ
ਜੀਵਨਹੀਣੀ, ਪੀਲੀ
ਵਰ੍ਹੇ ਲੰਘ ਜਾਂਦੇ ਨੇ ਬਿਨਾਂ ਕੁਝ ਕੀਤਿਆਂ
ਕੋਈ ਨਿਸ਼ਾਨ ਨਹੀਂ ਬਚਦਾ
ਕਿੰਨੇ ਬੋਝਲ ਨੇ ਹੌਲੀ ਹੌਲੀ ਰੀਂਗਦੇ ਇਹ ਦਿਨ, ਇਹ ਹਫ਼ਤੇ
ਨੀਰਸ ਅਕੇਵੇਂ ਨਾਲ ਭਰੀਆਂ ਬੁੱਕਲਾਂ ਉਨ੍ਹਾਂ ਦੀਆਂ
ਬਹਰਹਾਲ ਭਗਤ ਸਿੰਘ ਦੀ ਡਾਇਰੀ ਵਿਚ ਆਏ ਸਾਰੇ ਚਿੰਤਕਾਂ, ਸਾਹਿਤਕਾਰਾਂ, ਵਿਦਵਾਨਾਂ, ਕਾਨੂੰਨਦਾਨਾਂ, ਇਨਕਲਾਬੀਆਂ, ਦੇਸ਼ ਭਗਤਾਂ, ਸਮਾਜਿਕ ਕਾਰਕੁਨਾਂ ਆਦਿ ਦਾ ਜ਼ਿਕਰ ਕਰਨਾ ਸੰਭਵ ਨਹੀਂ ਹੈ।
(2)
23 ਮਾਰਚ, 1931 ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫ਼ਾਂਸੀ ’ਤੇ ਲਟਕਾ ਦਿੱਤਾ ਗਿਆ। ਲੋਕ-ਮਨ ਪਸ਼ੇਮਾਨ ਸੀ, ਦੁਖੀ, ਨਾਉਮੀਦ; ਉਹ ਕਲਪਨਾ ਦਾ ਸੰਸਾਰ ਪੈਦਾ ਕਰਦਾ ਹੈ ਜਿਸ ਵਿਚ ਭਗਤ ਸਿੰਘ ਨੂੰ ਲਾੜੇ ਵਜੋਂ ਤਸੱਵਰ ਕੀਤਾ ਜਾਂਦਾ ਹੈ ਅਤੇ ਮੌਤ ਨੂੰ ਲਾੜੀ। ਲੋਕ-ਮਨ ਮੌਤ ਨਾਲ ਉਸ ਦੇ ਇਸ ਵਿਆਹ ’ਤੇ ਭੈਣਾਂ ਦੇ ਗਾਉਣ ਵਾਲੀਆਂ ਘੋੜੀਆਂ ਲਿਖਦਾ ਹੈ। ਇਕ ਘੋੜੀ ਇਸ ਤਰ੍ਹਾਂ ਹੈ:
ਆਵੋ ਨੀਂ ਸਈਓ, ਰਲ ਗਾਵੋ ਘੋੜੀਆਂ
ਜੰਞ ’ਤੇ ਹੋਈ ਹੈ ਤਿਆਰ ਵੇ ਹਾਂ
ਮੌਤ ਕੁੜੀ ਨੂੰ ਵਿਆਹੁਣ ਚਲਿਆ
ਭਗਤ ਸਿੰਘ ਸਰਦਾਰ ਵੇ ਹਾਂ
ਹੱਥਕੜੀ ਦਾ ਗਾਨਾ ਫ਼ਰੰਗੀਆਂ ਬੱਧਾ
ਲਾੜੇ ਨੂੰ ਸ਼ਿੰਗਾਰ ਵੇ ਹਾਂ।
ਘੋੜੀ ਤੇ ਮਹਿੰਦੀ ਤੈਨੂੰ ਲਾਈ ਫ਼ਰੰਗੀਆਂ
ਗਲ ਫਾਂਸੀ ਦਾ ਸੋਹਣਾ ਹਾਰ ਵੇ ਹਾਂ।
ਆਵੋ ਨੀਂ ਸਈਓ ਰਲ ਗਾਵੋ ਘੋੜੀਆਂ
ਜੰਞ ਤੇ ਹੋਈ ਹੈ ਤਿਆਰ ਵੇ ਹਾਂ।
ਮਾਤਾ ਪਿਆਰੀ ਅੱਜ ਹੰਝੂਆਂ ਦਾ ਪਾਣੀ ਪੀਤਾ
ਤੇਰੇ ਉੱਤੋਂ ਵਾਰ ਵੇ ਹਾਂ।
ਭੈਣ ਪਿਆਰੀ ਦੀਆਂ ਭਰੀਆਂ ਨੇ ਅੱਖਾਂ
ਡੁੱਲ੍ਹ ਡੁੱਲ੍ਹ ਪੈਂਦਾ ਵਿਚੋਂ ਨੀਰ ਵੇ ਹਾਂ।
ਰਾਜਗੁਰੂ, ਸੁਖਦੇਵ ਵੀ ਤੁਰ ਪਏ
ਯਾਰਾਂ ਦੇ ਜਿਹੜੇ ਯਾਰ ਵੇ ਹਾਂ।
ਸ਼ਮਾ ਵਤਨ ਦੇ ਤਿੰਨ ਪ੍ਰਵਾਨੇ ਚੱਲੇ
ਸੱਦਣ ਡੋਲਾ ਮਾਰ ਵੇ ਹਾਂ ।
ਆਵੋ ਨੀਂ ਸਈਓ ਰਲ ਗਾਵੋ ਘੋੜੀਆਂ
ਜੰਞ ਤੇ ਹੋਈ ਹੈ ਤਿਆਰ ਵੇ ਹਾਂ।
ਸਤਲੁਜ ਦੇ ਕੰਢੇ ਤੇਰੀ ਵੇਦੀ ਬਣਾਈ
ਲਹਿਰਾਂ ਨੇ ਕੀਤਾ ਹੈ ਸ਼ਿੰਗਾਰ ਵੇ ਹਾਂ।
ਚਾਲੀ ਕਰੋੜ ਤੇਰੀ ਜੰਞ ਵੇ ਲਾੜਿਆ
ਕਈ ਪੈਦਲ ਤੇ ਕਈ ਅਸਵਾਰ ਵੇ ਹਾਂ।
ਖੜ੍ਹ ਖੜ੍ਹ ਸੋਂਹਦੇ ਗਮ ਨਾ ਕੋਈ
ਮੱਥੇ ’ਤੇ ਲਾਲੀ ਬੇਸ਼ੁਮਾਰ ਵੇ ਹਾਂ।
ਕੌਮ ਲਈ ਮਿਟਣ ਦਾ ਸ਼ੌਕ ਦਿਲ ਵਿੱਚ
ਰਿਹਾ ਰੂਹਾਂ ਤੇ ਠਾਠਾਂ ਮਾਰ ਵੇ ਹਾਂ।
ਆਵੋ ਨੀਂ ਸਈਓ ਰਲ ਗਾਵੋ ਘੋੜੀਆਂ
ਜੰਞ ਤੇ ਹੋਈ ਹੈ ਤਿਆਰ ਵੇ ਹਾਂ।
ਜਦ ਤੱਕ ਚਮਕਣ ਚੰਨ ਤੇ ਤਾਰੇ
ਜਦ ਤੱਕ ਰਹੇ ਸੰਸਾਰ ਵੇ ਹਾਂ।
ਇਸ ਸ਼ਹੀਦ ਦਾ ਨਾਮ ਚਮਕੇ
ਸੂਰਜ ਦੀ ਮਾਰੇ ਚਮਕਾਰ ਵੇ ਹਾਂ।
ਰੱਸੀ ਫਾਂਸੀ ਦੀ ਸ਼ੇਰ ਨੇ ਚੁੰਮਕੇ
ਦਿੱਤਾ ਸੂਲੀ ਨੂੰ ਸ਼ਿੰਗਾਰ ਵੇ ਹਾਂ।
ਬਲਕਾਰੀ ਅਮਰ ਹੋਇਆ ਦੇਸ਼ ਤੇ ਮਿਟਕੇ
ਭਗਤ ਸਿੰਘ ਸਰਦਾਰ ਵੇ ਹਾਂ।
ਆਵੋ ਨੀਂ ਸਈਓ ਰਲ ਗਾਵੋ ਘੋੜੀਆਂ
ਜੰਞ ਤੇ ਹੋਈ ਹੈ ਤਿਆਰ ਵੇ ਹਾਂ।
ਲੋਕ-ਮਨ ਹੋਰ ਤੀਬਰ ਕਲਪਨਾ ਕਰਦਾ ਹੈ; ਉਹ ਸੁਪਨਿਆਂ ਵਿਚ ਭਗਤ ਸਿੰਘ ਦੀ ਲਾੜੀ/ਨਾਰ ਸਿਰਜ ਲੈਂਦਾ ਹੈ; ਨਾਰ ਨੂੰ ਜੇਲ੍ਹ ਵਿਚ ਲੈ ਆਉਂਦਾ ਹੈ; ਉਹ ਦਰੋਗੇ ਨੂੰ ਮਿਲਦੀ ਅਤੇ ਭਗਤ ਸਿੰਘ ਨਾਲ ਮੁਲਾਕਾਤ ਕਰਦੀ ਹੈ:
ਉਹਦੀ ਹੋਣੇ ਵਾਲੀ ਨਾਰ ਜੀ ਪਈ ਤੱਕਦੀ ਉਸ ਦਾ ਰਾਹ।
ਕਿਸੇ ਜਾਂਦੇ ਜਾਂਦੇ ਰਾਹੀ ਨੇ ਦਿੱਤੀ ਉਸਨੂੰ ਖਬਰ ਪਹੁੰਚਾ।
ਉਹ ਰੋਂਦੀ ਤੇ ਕੁਰਲਾਂਵਦੀ, ‘‘ਰੱਬਾ ਦਿੱਤਾ ਕਹਿਰ ਕਮਾ।
ਰੱਬਾ! ਮੈਂ ਕੀ ਤੇਰਾ ਵਿਗਾੜਿਆ
ਕਿਹੜੇ ਜਨਮ ਦਾ ਬਦਲਾ ਲਿਆ?
ਕੋਈ ਦੇਖੀ ਨਾ ਖ਼ੁਸ਼ੀ ਜੱਗ ਦੀ ਅਜੇ ਪੂਰਾ ਨਾ ਹੋਇਆ ਚਾਅ।
ਦਾਤਾ ਐਡਾ ਜ਼ੁਲਮ ਕਮਾਵਨਾ ਤੂੰ ਚੰਗਾ ਬੇਪਰਵਾਹ।
ਜਾ ਮਿਲੀ ਦਰੋਗੇ ਜੇਲ੍ਹ ਨੂੰ ਲਈ ਮੁਲਾਕਾਤ ਕਰਾ।
ਕਹਿੰਦੀ: ‘‘ਇਹ ਕੀ ਜ਼ੁਲਮ ਕਮਾ ਲਿਆ
ਤੁਸੀਂ ਪੈ ਗਏ ਕਿਹੜੇ ਰਾਹ?
ਕੰਧਾਂ ਮੇਰੇ ਦੇਸ਼ ਦੀਆਂ ਰੋਂਦੀਆਂ
ਰਹੀਆਂ ਛਮ ਛਮ ਨੀਰ ਵਹਾ।
ਕਦੀ ਸਿਹਰਾ ਬੰਨ੍ਹਕੇ ਆਵਸੀ
ਪਈ ਤਕਣੀ ਆਂ ਤੇਰਾ ਰਾਹ।
ਮੇਰੀਆਂ ਸਧਰਾਂ ਹਾਲੀ ਅਧੂਰੀਆਂ
ਮੇਰਾ ਪੂਰਾ ਨਾ ਹੋਇਆ ਚਾਅ।
ਕੁਝ ਤਰਸ ਕਰ ਮੇਰੇ ਹਾਲ ’ਤੇ
ਮੈਨੂੰ ਹਾਣੀਆਂ ਨਾਲ ਲੈ ਜਾ।
ਮੈਂ ਕਦੇ ਦੀ ਤਰਲੇ ਪਾਂਵਦੀ
ਮੇਰੇ ਦਿਲ ਦੇ ਸ਼ਹਿਨਸ਼ਾਹ।’’
ਕਿਹਾ ਵੀਰ ਭਗਤ ਸਿੰਘ ਸਾਹਿਬ ਨੇ,
‘‘ਨਾ ਤੂੰ ਭੋਲੀਏ ਨੀਰ ਵਹਾ।
ਮੈਂ ਦੇਸ਼ ਤੋਂ ਤਨ ਮਨ ਵਾਰਿਆ
ਪੂਰਾ ਹੋ ਗਿਆ ਮੇਰਾ ਚਾਅ।
ਮੈਂ ਬਣਕੇ ਮਾਲੀ ਦੇਸ਼ ਦਾ
ਕਈ ਦਿੱਤੇ ਨੇ ਬੂਟੇ ਲਾ।
ਫਲ ਖਾਣਗੇ ਬੱਚੇ ਦੇਸ਼ ਦੇ
ਅਸੀਂ ਦਿੱਤਾ ਫਰਜ਼ ਨਿਭਾਅ।
ਅਸੀਂ ਅਮਰ ਸ਼ਹੀਦੀ ਪਾ ਕੇ
ਲੈਣਾ ਜੀਵਨ ਸਫਲ ਬਣਾ।
ਸਾਡਾ ਦੇਸ਼ ਆਜ਼ਾਦ ਹੋ ਜਾਵਣਾ
ਕੋਈ ਹੋਰ ਨਾ ਦਿਲ ਵਿੱਚ ਚਾਅ।
ਕੱਲ੍ਹ ਘੋੜੀ ਉੱਤੇ ਚੜ੍ਹ ਜਾਵਣਾ
ਮੇਰਾ ਹੋਣਾ ਈ ਕੱਲ੍ਹ ਵਿਆਹ।
ਮੇਰੇ ਤੇਤੀ ਕਰੋੜ ਬਰਾਤੀਆਂ
ਆਉਣੀ ਬਰਾਤ ਸਜਾਅ।
ਮੇਰੀਆਂ ਭੈਣਾਂ ਘੋੜੀਆਂ ਗਾਂਦੀਆਂ
ਬੜਾ ਵਾਗ ਫੜਾਈ ਦਾ ਚਾਅ।
ਤੂੰ ਭੀ ਗੀਤ ਖ਼ੁਸ਼ੀ ਦੇ ਗਾ ਕੇ
ਲਈਂ ਆਪਣਾ ਦਿਲ ਪਰਚਾ।’’
ਸਮਾਂ ਹੋ ਗਿਆ ਸਮਾਪਤ ਮਿਲਣ ਦਾ
ਦਿੱਤਾ ਜ਼ਾਲਮ ਬਿਗਲ ਵਜਾ।
ਸਾਥੀ ਵਿਛੜੇ ਜਨਮ ਜਨਮ ਦੇ
ਦਿੱਤਾ ਜ਼ਾਲਮ ਵਿਛੋੜਾ ਪਾ।
ਸੋਹਣੇ ਦੇਸ਼ ਦੇ ਵੀਰ ਸ਼ੇਰ ਨੂੰ
ਦਿੱਤਾ ਫਾਂਸੀ ਦੇ ਤਖਤੇ ਚੜ੍ਹਾ।
ਇਹਨਾਂ ਜ਼ਾਲਮਾਂ ਜ਼ੁਲਮ ਕਮਾ ਲਿਆ
ਦਿੱਤੀ ਜਗਦੀ ਜੋਤ ਬੁਝਾ।
ਸਾਡੇ ਦੇਸ਼ ਦੇ ਅਮਰ ਸ਼ਹੀਦ ਦੀਆਂ
ਰਹੇ ਲੋਕ ਨੇ ਘੋੜੀਆਂ ਗਾ।
ਲੋਕ-ਮਨ ਦੀ ਭਾਵਨਾ ਦੇਖੋ, ਉਹ ਭਗਤ ਸਿੰਘ ਨੂੰ ‘ਵੀਰ ਭਗਤ ਸਿੰਘ ਸਾਹਿਬ’ ਕਹਿੰਦਾ ਹੈ; ‘ਅਮਰ ਸ਼ਹੀਦ’ ਤੇ ‘ਵੀਰ ਸ਼ੇਰ’ ਮੰਨਦਾ ਹੈ।
(3)
ਸਾਡੇ ਕੋਲ ਕਿੰਨੇ ਭਗਤ ਸਿੰਘ ਹਨ; ਸ਼ਹੀਦ, ਸਿਧਾਂਤਕਾਰ, ਕੁਰਬਾਨੀ ਦਾ ਮੁਜੱਸਮਾ, ਲੋਕ-ਕਲਪਨਾ ਦੀ ਭਾਵੁਕਤਾ ਰਾਹੀਂ ਘੋੜੀ ਚੜ੍ਹਦਾ ਭਰਾ, ਚਿਤਵਿਆ ਹੋਇਆ ਮਹਬਿੂਬ, ਪਤੀ। ਅੱਜ ਵੀ ਉਹਦੇ ਸਿਧਾਂਤਾਂ ਤੇ ਕੁਰਬਾਨੀ ਦੀ ਗੂੰਜ ਦੁਨੀਆ ਦੇ ਕੋਨੇ ਕੋਨੇ ਵਿਚ ਸੁਣਾਈ ਪੈਂਦੀ ਹੈ; ਕੋਈ ਦੇਸ਼ ਆਪਣੇ ਜਹਾਜ਼ ਦਾ ਨਾਂ ਉਸ ਦੇ ਨਾਂ ’ਤੇ ਰੱਖਦਾ ਹੈ, ਦੁਨੀਆ ਦੇ ਕਿਸੇ ਕੋਨੇ ਵਿਚ ਉਸ ਦਾ ਬੁੱਤ ਲੱਗਦਾ ਹੈ; ਉਸ ’ਤੇ ਫਿਲਮਾਂ ਬਣਦੀਆਂ ਹਨ, ਨਾਟਕ ਤੇ ਕਵਿਤਾਵਾਂ ਲਿਖੀਆਂ ਜਾਂਦੀਆਂ ਹਨ। ਇਨਕਲਾਬੀ ਉਸ ਦੇ ਨਾਂ ਦੀ ਸਹੁੰ ਖਾਂਦੇ ਹਨ। ਆਪਣੇ ਹੱਕਾਂ ਲਈ ਲੜਨ ਵਾਲੇ ਲੋਕ ਉਸ ਤੋਂ ਪ੍ਰੇਰਨਾ ਲੈਂਦੇ ਹਨ।
ਉਪਰੋਕਤ ਘੋੜੀ ਵਿਚ ਭਗਤ ਸਿੰਘ ਨੂੰ ਇਕ ਮਰਦ ਵਜੋਂ ਚਿਤਵਿਆ ਗਿਆ ਹੈ। ਮਰਦ-ਔਰਤ ਨਾਲ ਰਿਸ਼ਤਾ ਸੁਭਾਵਿਤ ਤੇ ਕੁਦਰਤੀ ਹੈ। ਕੀ ਭਗਤ ਸਿੰਘ ਦੇ ਮਨ ਵਿਚ ਕਿਸੇ ਕੁੜੀ, ਮਹਬਿੂਬਾ, ਪਤਨੀ ਦਾ ਤਸੱਵਰ ਸੀ; ਇਹ ਕੋਈ ਨਹੀਂ ਦੱਸ ਸਕਦਾ। ਆਪਣੀ ਕਿਤਾਬ ‘‘ਇਨਕਲਾਬੀ ਖਾਹਿਸ਼ਾਂ’ ਵਿਚ ਮਜ਼ਦੂਰ ਆਗੂ ਸਤੀਸ਼ ਲੂੰਬਾ ਦੀ ਧੀ ਅਨੀਆ ਲੂੰਬਾ ਉਸ ਸਮੇਂ ਦੀਆਂ ਸਿਆਸੀ ਲਹਿਰਾਂ ਵਿਚ ਹਿੱਸਾ ਲੈਣ ਵਾਲੀਆਂ ਕੁੜੀਆਂ ਊਸ਼ਾਬਾਈ ਡਾਂਗੇ, ਕਲਪਨਾ ਦੱਤ, ਪਾਰਵਰਤੀ, ਦੁਰਗਾ ਦੇਵੀ ਵੋਹਰਾ, ਪਾਰਵਤੀ, ਵਿਮਲਾ ਡਾਂਗ, ਸ਼ੀਲਾ ਦੀਦੀ, ਰਜ਼ੀਆ ਸੱਜਾਦ ਜ਼ਹੀਰ, ਲਕਸ਼ਮੀ ਸਹਿਗਲ, ਊਸ਼ਾ ਦੱਤ ਵਰਮਾ ਅਤੇ ਕਈ ਹੋਰਨਾਂ ਦਾ ਜ਼ਿਕਰ ਕਰਦੀ ਹੈ। ਭਗਤ ਸਿੰਘ ਦੇ ਸਾਥੀ ਹਿੰਦੀ ਲੇਖਕ ਯਸ਼ਪਾਲ ਨੇ ਇਨਕਲਾਬੀ ਸਾਥੀ ਪ੍ਰਕਾਸ਼ਵਤੀ ਨਾਲ ਵਿਆਹ ਕੀਤਾ। ਭਗਤ ਸਿੰਘ ਇਨ੍ਹਾਂ ਔਰਤਾਂ ’ਚੋਂ ਕਿੰਨੀਆਂ ਨੂੰ ਮਿਲਿਆ ਸੀ? ਅਸੀਂ ਇਸ ਬਾਰੇ ਜ਼ਿਆਦਾ ਨਹੀਂ ਜਾਣਦੇ। ਔਰਤਾਂ ਜਨਤਕ ਸੰਘਰਸ਼ਾਂ ਵਿਚ ਹਿੱਸਾ ਲੈਂਦੀਆਂ ਰਹੀਆਂ ਹਨ। ਆਪਣੀ ਜੇਲ੍ਹ ਡਾਇਰੀ ਵਿਚ ਉਹਨੇ ਰੂਸੀ ਇਨਕਲਾਬੀ ਵੇਰਾ ਫਿਗਨਰ ਦੀਆਂ ਕਈ ਕਾਵਿ-ਟੁਕੜੀਆਂ ਦਰਜ ਕੀਤੀਆਂ ਹਨ। ਫਿਗਨਰ ਨੂੰ ਮੌਤ ਦੀ ਸਜ਼ਾ ਹੋਈ ਸੀ ਜੋ ਸਾਇਬੇਰੀਆ ਵਿਚ 20 ਸਾਲ ਕੈਦ ਤੇ ਬਾਅਦ ਵਿਚ ਅੰਦਰੂਨੀ ਜਲਾਵਤਨੀ ਵਿਚ ਬਦਲੀ ਗਈ। ਉਹ ਬਹੁਤ ਸੁਹਣੀ ਔਰਤ ਸੀ। ਅਰਾਜਕਤਾਵਾਦੀ ਪੀਟਰ ਕਰਪੋਤਕਿਨ (ਭਗਤ ਸਿੰਘ ਨੇ ਕਰਪੋਤਕਿਨ ਬਾਰੇ ਲੇਖ ਅਗਸਤ 1928 ਵਿਚ ਲਿਖਿਆ ਸੀ) ਨੇ ਉਸ ਬਾਰੇ ਲਿਖਿਆ ਹੈ, ‘‘ਉਹ ਬਹੁਤ ਸੋਹਣੀ ਹੈ; ਪੂਜਾ ਕਰਨਯੋਗ ਹੈ।’’ ਵੇਰਾ ਦੀ ਹੇਠ ਲਿਖੀ ਕਾਵਿ-ਟੁਕੜੀ (ਡਾਇਰੀ ਦੇ ਪੰਨੇ 29 ’ਤੇ ਦਰਜ) ਗੁੰਮਨਾਮ ਇਨਕਲਾਬੀਆਂ ਬਾਰੇ ਹੈ:
ਤੇ ਸਭ ਤੋਂ ਚੰਗੇ ਕੁਰਬਾਨ ਹੋ ਗਏ
ਉਨ੍ਹਾਂ ਨੂੰ ਵੀਰਾਨੇ ਵਿਚ ਦਫ਼ਨਾਇਆ ਗਿਆ
ਕੋਈ ਅੱਥਰੂ ਨਾ ਵਗਿਆ ਉਨ੍ਹਾਂ ਲਈ
ਅਜਨਬੀ ਹੱਥਾਂ ਨੇ ਉਨ੍ਹਾਂ ਨੂੰ ਕਬਰਾਂ ਤਕ ਪਹੁੰਚਾਇਆ
ਨਾ ਕੋਈ ਕਰਾਸ (ਇਸਾਈ ਧਾਰਮਿਕ ਚਿੰਨ੍ਹ)
ਨਾ ਕੋਈ ਵਲਗਣ
ਨਾ ਕਬਰ ’ਤੇ ਗੱਡਿਆ ਕੋਈ ਪੱਥਰ
ਕੋਈ ਉਨ੍ਹਾਂ ਦੇ ਮਾਣਮੱਤੇ ਨਾਂ ਨਹੀਂ ਦੱਸਦਾ
ਉਨ੍ਹਾਂ ’ਤੇ ਘਾਹ ਉੱਗਦਾ ਏ
ਨਾਜ਼ੁਕ ਪੱਤੇ ਭੇਤ ਛੁਪਾਉਣ ਲਈ ਝੁਕੇ ਰਹਿੰਦੇ ਨੇ
ਇਸ ਦੀਆਂ ਇਕੋ ਇਕ ਗਵਾਹ ਸਨ
ਕਿਨਾਰੇ ਨਾਲ ਟਕਰਾਉਂਦੀਆਂ
ਪਾਣੀ ਦੀਆਂ ਆਪਮੁਹਾਰੀਆਂ ਤੇ ਗੁਸੈਲ ਛੱਲਾਂ
ਪਰ ਉਹ ਤਾਕਤਵਰ ਛੱਲਾਂ ਵੀ
ਉਨ੍ਹਾਂ ਦੇ ਦੂਰ-ਦੁਰਾਡੇ ਘਰਾਂ ਤਕ
ਅਲਵਿਦਾ ਦਾ ਸੁਨੇਹਾ ਲਿਜਾ ਨਾ ਸਕੀਆਂ
ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਵੀ ਅਜਨਬੀ ਹੱਥਾਂ ਨੇ ਸਤਲੁਜ ਕੰਢੇ ਸਾੜਿਆ। ਪਾਣੀ ਦੀਆਂ ਛੱਲਾਂ ਕਿਨਾਰਿਆਂ ਨਾਲ ਟਕਰਾਉਂਦੀਆਂ ਰਹੀਆਂ।
(4)
ਭਗਤ ਸਿੰਘ ਨੂੰ ਸ਼ਾਇਰੀ ਪੜ੍ਹਨ ਦਾ ਬਹੁਤ ਸ਼ੌਕ ਸੀ। ਉਸ ਨੇ ਪੰਜਾਬੀ, ਉਰਦੂ, ਹਿੰਦੀ, ਅੰਗਰੇਜ਼ੀ, ਰੂਸੀ ਅਤੇ ਕਈ ਹੋਰ ਜ਼ੁਬਾਨਾਂ ਦੇ ਕਵੀਆਂ ਨੂੰ ਬੜੀ ਸ਼ਿੱਦਤ ਨਾਲ ਪੜ੍ਹਿਆ। ਉਰਦੂ ਦੇ ਸ਼ਾਇਰ ਗ਼ਾਲਬਿ, ਦਾਗ਼, ਰਾਮਪ੍ਰਸਾਦ ਬਿਸਮਿਲ, ਬਿਰਜ ਨਰਾਇਣ ਚਕਬਸਤ ਅਤੇ ਪੰਜਾਬੀ ਸ਼ਾਇਰ ਗੌਹਰ ਉਸ ਦੇ ਪਸੰਦੀਦਾ ਸ਼ਾਇਰ ਸਨ। ਉਸ ਨੂੰ ਬਿਸਮਿਲ ਅਤੇ ਚਕਬਸਤ ਦੀਆਂ ਗ਼ਜ਼ਲਾਂ ਬਹੁਤ ਪਸੰਦ ਸਨ। ਬਿਰਜ ਨਰਾਇਣ ਚਕਬਸਤ ਦੇ ਇਹ ਸ਼ਿਅਰ ਯਾਦਗਾਰੀ ਹਨ:
ਮਿਟਨੇ ਵਾਲੋਂ ਕੀ ਵਫ਼ਾ ਕਾ ਯਹ ਸਬਕ ਯਾਦ ਰਹੇ
ਬੇੜੀਆਂ ਪਾਓਂ ਮੇਂ ਹੋਂ ਔਰ ਦਿਲ ਆਜ਼ਾਦ ਰਹੇ
ਬਾਗ਼ਬਾਨ ਦਿਲ ਸੇ ਵਤਨ ਕੋ ਯਹ ਦੁਆ ਦੇਤਾ ਹੈ,
ਮੈਂ ਰਹੂੰ ਯਾ ਨਾ ਰਹੂੰ ਯਹ ਚਮਨ ਆਬਾਦ ਰਹੇ।
ਉਸ ਨੂੰ ਚਕਬਸਤ ਦਾ ਇਹ ਸ਼ਿਅਰ ਵੀ ਬਹੁਤ ਪਸੰਦ ਸੀ:
ਉਨਹੇਂ ਯਹ ਫ਼ਿਕਰ ਹੈ ਹਰ ਦਮ ਨਈਂ ਤਰਜ਼-ਏ-ਜਫ਼ਾ ਕਿਆ ਹੈ
ਹਮੇਂ ਯਹ ਸ਼ੌਕ ਹੈ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ
(5)
ਇਹ ਕੈਦ ਤੇ ਸ਼ਹੀਦੀ ਦੀਆਂ ਗੱਲਾਂ ਨੇ। ਭਗਤ ਸਿੰਘ ਜੇਲ੍ਹ ਵਿਚ ਜਾਣ ਤੋਂ ਬਹੁਤ ਪਹਿਲਾਂ ਦੇਸ਼ ਦੇ ਲੋਕਾਂ ਅਤੇ ਖ਼ਾਸ ਕਰਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਿਹਾ ਸੀ। ਉਸ ਨੇ ਨੌਜਵਾਨ ਭਾਰਤ ਸਭਾ ਅਤੇ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਜਥੇਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਆਪਣੀਆਂ ਲਿਖਤਾਂ ਨਾਲ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਤੇ ਵਿਦਿਆਰਥੀਆਂ ਨੂੰ ਸੰਘਰਸ਼ ਕਰਨ ਲਈ ਪ੍ਰੇਰਿਆ। ਉਸ ਦੀਆਂ ਲਿਖਤਾਂ ਵਿਚੋਂ ਮੌਲਿਕਤਾ ਪ੍ਰਤੱਖ ਝਲਕਦੀ ਹੈ। ਉਦਾਹਰਣ ਦੇ ਤੌਰ ’ਤੇ ਉਸ ਨੇ ਪੰਜਾਬੀ ਨੌਜਵਾਨਾਂ ਨੂੰ ਇਹ ਸੰਦੇਸ਼ ਦਿੱਤਾ: ‘‘ਨੌਜਵਾਨ ਪੰਜਾਬੀਓ, ਦੂਜੇ ਸੂਬਿਆਂ ਦੇ ਨੌਜਵਾਨ ਆਪ ਆਪਣੀ ਥਾਂ ’ਤੇ ਤੂਫ਼ਾਨੀ ਰਫ਼ਤਾਰ ਨਾਲ ਕੰਮ ਕਰ ਰਹੇ ਹਨ। ਤਿੰਨ ਫਰਵਰੀ ਨੂੰ ਬੰਗਾਲ ਦੇ ਨੌਜਵਾਨਾਂ ਨੇ ਜਿਸ ਜਥੇਬੰਦੀ ਤੇ ਜਾਗਰਤੀ ਦਾ ਸਬੂਤ ਦਿੱਤਾ, ਉਹ ਸਾਡੇ ਲਈ ਚਾਨਣ ਮੁਨਾਰਾ ਹੈ। ਪੰਜਾਬ ਆਪਣੀਆਂ ਬੇਮਿਸਾਲ ਕੁਰਬਾਨੀਆਂ ਅਤੇ ਬਲੀਦਾਨਾਂ ਦੇ ਬਾਵਜੂਦ ਵੀ ਰਾਜਸੀ ਤੌਰ ’ਤੇ ਪਛੜਿਆ ਹੋਇਆ ਸੂਬਾ ਮੰਨਿਆ ਜਾਂਦਾ ਹੈ। ਕਿਸ ਲਈ? ਇਸ ਕਰਕੇ ਕਿ ਅਸੀਂ ਇਕ ਯੋਧਿਆਂ ਦੀ ਕੌਮ ਵਿਚੋਂ ਤਾਂ ਹਾਂ, ਪਰ ਸਾਡੇ ਵਿਚ ਜਥੇਬੰਦੀ ਤੇ ਅਨੁਸ਼ਾਸਨ ਦੀ ਕਮੀ ਹੈ। ਅਸੀਂ ਜੋ ਕਿ ਪੁਰਾਤਨ ਸਮੇਂ ਦੀ ਟੈਕਸਿਲਾ ਦੀ ਯੂਨੀਵਰਸਿਟੀ ’ਤੇ ਮਾਣ ਕਰਦੇ ਹਾਂ, ਅੱਜ ਸਭਿਆਚਾਰ ਤੋਂ ਬਿਲਕੁਲ ਕੋਰੇ ਬੈਠੇ ਹਾਂ ਅਤੇ ਸਭਿਆਚਾਰ ਬਣਾਉਣ ਲਈ ਉੱਚ ਕੋਟੀ ਦੇ ਸਾਹਿਤ ਦੀ ਲੋੜ ਹੈ।’’
ਕਿਸਾਨਾਂ ਤੇ ਮਜ਼ਦੂਰਾਂ ਨੂੰ ਜਥੇਬੰਦ ਕਰਨ ਬਾਰੇ ਉਸ ਦੇ ਵਿਚਾਰ ਸਨ: ‘‘ਇਹੀ ਕਾਰਨ ਹੈ ਕਿ ਸਾਡੇ ਲੀਡਰ ਅੰਗਰੇਜ਼ਾਂ ਅੱਗੇ ਗੋਡੇ ਟੇਕਣਾ ਪਸੰਦ ਕਰਦੇ ਹਨ, ਬਜਾਏ ਕਿਸਾਨਾਂ ਅੱਗੇ ਝੁਕਣ ਦੇ। ਪੰਡਿਤ ਜਵਾਹਰ ਲਾਲ ਦੀ ਗੱਲ ਵੱਖਰੀ ਹੈ। ਕੀ ਤੁਸੀਂ ਕਿਸੇ ਵੀ ਨੇਤਾ ਦਾ ਨਾਂ ਲੈ ਸਕਦੇ ਹੋ ਜਿਸ ਨੇ ਮਜ਼ਦੂਰਾਂ ਜਾਂ ਕਿਸਾਨਾਂ ਨੂੰ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਨਹੀਂ, ਉਹ ਖ਼ਤਰਾ ਮੁੱਲ ਨਹੀਂ ਲੈਣਗੇ। ਇਹੀ ਤਾਂ ਉਨ੍ਹਾਂ ਦੀ ਘਾਟ ਹੈ। ਇਸ ਕਰਕੇ ਮੈਂ ਕਹਿੰਦਾ ਹਾਂ ਕਿ ਉਹ ਸੰਪੂਰਨ ਆਜ਼ਾਦੀ ਨਹੀਂ ਚਾਹੁੰਦੇ। ਆਰਥਿਕ ਅਤੇ ਪ੍ਰਬੰਧਕੀ ਦਬਾਅ ਪਾ ਕੇ ਉਹ ਚੰਦ ਹੋਰ ਸੁਧਾਰ ਯਾਨੀ ਭਾਰਤੀ ਪੂੰਜੀਪਤੀਆਂ ਲਈ ਚੰਦ ਹੋਰ ਰਿਆਇਤਾਂ ਪ੍ਰਾਪਤ ਕਰਨਾ ਚਾਹੁਣਗੇ। ਇਸ ਕਰਕੇ ਮੈਂ ਕਹਿੰਦਾ ਹਾਂ ਕਿ ਇਸ ਅੰਦੋਲਨ ਦਾ ਭੱਠਾ ਤਾਂ ਬੈਠੇਗਾ ਹੀ।’’
ਇਹ ਸੀ ਭਗਤ ਸਿੰਘ, ਗੰਭੀਰ ਤੇ ਸੂਝਵਾਨ ਚਿੰਤਕ ਅਤੇ ਸਿਆਸੀ ਆਗੂ ਜਿਸ ਨੇ ਮਕਾਨਕੀ ਢੰਗ ਨਾਲ ਕਿਸੇ ਵਿਚਾਰਧਾਰਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ; ਉਹ ਭਾਰਤੀ ਸਮਾਜ ਵਿਚ ਜਾਤ ਤੇ ਵਰਣ ਆਸ਼ਰਮ ਦੇ ਮਹੱਤਵ ਨੂੰ ਸਮਝਦਾ ਸੀ; ਉਸ ਨੇ ਦਲਿਤਾਂ ਨੂੰ ਅਸਲੀ ਕਿਰਤੀ ਕਹਿੰਦਿਆਂ ਇਉਂ ਵੰਗਾਰਿਆ: ‘‘ਅਛੂਤ ਕਹਾਉਣ ਵਾਲੇ ਅਸਲੀ ਸੇਵਕੋ ਤੇ ਵੀਰੋ, ਉੱਠੋ। ਆਪਣਾ ਇਤਿਹਾਸ ਦੇਖੋ। ਗੁਰੂ ਗੋਬਿੰਦ ਸਿੰਘ ਦੀ ਫ਼ੌਜ ਦੀ ਅਸਲੀ ਤਾਕਤ ਤੁਹਾਡੀ ਸੀ। ਸ਼ਿਵਾ ਜੀ ਤੁਹਾਡੇ ਆਸਰੇ ਹੀ ਇਹ ਸਭ ਕੁਝ ਕਰ ਸਕਿਆ ਜਿਸ ਨਾਲ ਅੱਜ ਉਸ ਦਾ ਨਾਂ ਜ਼ਿੰਦਾ ਹੈ। ਤੁਹਾਡੀਆਂ ਕੁਰਬਾਨੀਆਂ ਸੋਨੇ ਦੇ ਅੱਖਰਾਂ ਵਿਚ ਲਿਖੀਆਂ ਹੋਈਆਂ ਹਨ।’’ ਉਹ ਜਾਣਦਾ ਸੀ ਕਿ ਜਾਤ-ਪਾਤ ਦੇ ਸਵਾਲ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਉਸ ਨੇ ਸਿਆਸੀ ਜਾਂ ਆਰਥਿਕ ਇਨਕਲਾਬ ਨਾਲੋਂ ਸਮਾਜਿਕ ਇਨਕਲਾਬ ਨੂੰ ਤਰਜੀਹ ਦਿੰਦਿਆਂ ਦਲਿਤਾਂ ਨੂੰ ਇਸ ਤਰ੍ਹਾਂ ਸੰਬੋਧਿਤ ਹੋਇਆ, ‘‘ਸਮਾਜਿਕ (Social) ਐਜੀਟੇਸ਼ਨ ਇਨਕਲਾਬ ਪੈਦਾ ਕਰ ਦਿਓ ਅਤੇ ਪੋਲੀਟੀਕਲ ਤੇ ਆਰਥਿਕ ਇਨਕਲਾਬ ਵਾਸਤੇ ਕਮਰ ਕੱਸੇ ਕਰ ਲਓ। ਤੁਸੀਂ ਹੀ ਮੁਲਕ ਦੀ ਜੜ੍ਹ ਹੋ, ਅਸਲੀ ਤਾਕਤ ਹੋ, ਉਠੋ! ਸੁੱਤੇ ਹੋਏ ਸ਼ੇਰੋ, ਵਿਦਰੋਹੀਓ ਵਿਪੱਲਵ ਜਾਂ ਵਿਦਰੋਹ ਖੜ੍ਹਾ ਕਰ ਦਿਓ।’’
(ਭਗਤ ਸਿੰਘ ਦੀ ਡਾਇਰੀ ਬਾਰੇ ਸਮੱਗਰੀ ਪੁਸਤਕ ‘Bhagat Singh’s Jail Note Book’ ਵਿਚੋਂ ਲਈ ਗਈ ਹੈ। ਇਸ ਦੇ ਸੰਪਾਦਕ ਹਰੀਸ਼ ਜੈਨ ਅਤੇ ਪੁਸਤਕ ਲੜੀ ਦੇ ਸੰਪਾਦਕ ਮਲਵਿੰਦਰਜੀਤ ਸਿੰਘ ਵੜੈਚ ਹਨ।)
ਦਹਿਸ਼ਤਗਰਦੀ ਬਾਰੇ
‘‘ਇਹ ਗੱਲ ਪ੍ਰਸਿੱਧ ਹੈ ਕਿ ਮੈਂ ਦਹਿਸ਼ਤਪਸੰਦ ਰਿਹਾ ਹਾਂ ਪਰ ਮੈਂ ਦਹਿਸ਼ਤਪਸੰਦ ਨਹੀਂ ਹਾਂ। ਮੈਂ ਇਕ ਇਨਕਲਾਬੀ ਹਾਂ ਜਿਸ ਦੇ ਕੁਝ ਨਿਸ਼ਚਿਤ ਵਿਚਾਰ ਅਤੇ ਆਦਰਸ਼ ਹਨ ਅਤੇ ਜਿਸ ਦੇ ਸਾਹਮਣੇ ਇਕ ਲੰਮਾ ਪ੍ਰੋਗਰਾਮ ਹੈ। ਮੇਰਾ ਇਹ ਪੱਕਾ ਵਿਸ਼ਵਾਸ ਹੈ ਕਿ ਅਸੀਂ ਬੰਬਾਂ ਅਤੇ ਪਿਸਤੌਲਾਂ ਨਾਲ ਲਾਭ ਪ੍ਰਾਪਤ ਨਹੀਂ ਕਰਾਂਗੇ। ਇਹ ਗੱਲ ਹਿੰਦੋਸਤਾਨ ਰਿਪਬਲਿਕਨ ਆਰਮੀ ਦੇ ਇਤਿਹਾਸ ਤੋਂ ਸਪੱਸ਼ਟ ਹੈ। ਨਿਰਾ ਬੰਬ ਸੁੱਟਣਾ ਨਾ ਸਿਰਫ਼ ਬੇਫ਼ਾਇਦਾ ਹੈ ਸਗੋਂ ਕਈ ਵਾਰ ਨੁਕਸਾਨਦੇਹ ਵੀ ਹੈ, ਇਸ ਦੀ ਜ਼ਰੂਰਤ ਕਿਸੇ ਖ਼ਾਸ ਹਾਲਤ ਵਿਚ ਪੈ ਸਕਦੀ ਹੈ। ਸਾਡਾ ਮੁੱਖ ਮਕਸਦ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜਥੇਬੰਦ ਕਰਨਾ ਹੋਣਾ ਚਾਹੀਦਾ ਹੈ।’’
– ਭਗਤ ਸਿੰਘ
ਪੰਜਾਬੀ ਨੌਜਵਾਨਾਂ ਲਈ ਸੰਦੇਸ਼
‘‘ਨੌਜਵਾਨ ਪੰਜਾਬੀਓ, ਦੂਜੇ ਸੂਬਿਆਂ ਦੇ ਨੌਜਵਾਨ ਆਪ ਆਪਣੀ ਥਾਂ ’ਤੇ ਤੂਫ਼ਾਨੀ ਰਫ਼ਤਾਰ ਨਾਲ ਕੰਮ ਕਰ ਰਹੇ ਹਨ। ਤਿੰਨ ਫਰਵਰੀ ਨੂੰ ਬੰਗਾਲ ਦੇ ਨੌਜਵਾਨਾਂ ਨੇ ਜਿਸ ਜਥੇਬੰਦੀ ਤੇ ਜਾਗਰਤੀ ਦਾ ਸਬੂਤ ਦਿੱਤਾ, ਉਹ ਸਾਡੇ ਲਈ ਚਾਨਣ ਮੁਨਾਰਾ ਹੈ। ਦੂਜੇ ਪੰਜਾਬ ਆਪਣੀਆਂ ਬੇਮਿਸਾਲ ਕੁਰਬਾਨੀਆਂ ਅਤੇ ਬਲੀਦਾਨਾਂ ਦੇ ਬਾਵਜੂਦ ਰਾਜਸੀ ਤੌਰ ’ਤੇ ਪਛੜਿਆ ਹੋਇਆ ਸੂਬਾ ਮੰਨਿਆ ਜਾਂਦਾ ਹੈ। ਕਿਸ ਲਈ? ਇਸ ਕਰਕੇ ਕਿ ਅਸੀਂ ਇਕ ਯੋਧਿਆਂ ਦੀ ਕੌਮ ਵਿਚੋਂ ਤਾਂ ਹਾਂ, ਪਰ ਸਾਡੇ ਵਿਚ ਜਥੇਬੰਦੀ ਤੇ ਅਨੁਸ਼ਾਸਨ ਦੀ ਕਮੀ ਹੈ। ਅਸੀਂ ਜੋ ਕਿ ਪੁਰਾਤਨ ਸਮੇਂ ਦੀ ਟੈਕਸਿਲਾ ਦੀ ਯੂਨੀਵਰਸਿਟੀ ’ਤੇ ਮਾਣ ਕਰਦੇ ਹਾਂ, ਅੱਜ ਸਭਿਆਚਾਰ ਤੋਂ ਬਿਲਕੁਲ ਕੋਰੇ ਬੈਠੇ ਹਾਂ ਅਤੇ ਸਭਿਆਚਾਰ ਬਣਾਉਣ ਲਈ ਉੱਚ ਕੋਟੀ ਦੇ ਸਾਹਿਤ ਦੀ ਲੋੜ ਹੈ ਅਤੇ ਅਜਿਹਾ ਸਾਹਿਤ ਇਕ ਸਾਂਝੀ ਤੇ ਉਨਤ ਬੋਲੀ ਤੋਂ ਬਗ਼ੈਰ ਨਹੀਂ ਰਚਿਆ ਜਾ ਸਕਦਾ। ਅਫ਼ਸੋਸ : ਕਿ ਸਾਡੇ ਪਾਸ ਇਨ੍ਹਾਂ ਵਿਚੋਂ ਕੁਝ ਵੀ ਨਹੀਂ।’’
– ਭਗਤ ਸਿੰਘ
ਆਜ਼ਾਦੀ
ਨੌਜਵਾਨਾਂ ਦੀਆਂ ਲਾਸ਼ਾਂ
ਉਹ ਸ਼ਹੀਦ ਜੋ ਫਾਂਸੀ ਦੇ ਫੰਦਿਆਂ ’ਤੇ ਲਟਕਾਏ ਗਏ
ਦਿਲ ਜਿਨ੍ਹਾਂ ਦੇ ਛਲਣੀ ਕੀਤੇ ਗਏ ਗੋਲੀਆਂ ਨਾਲ
ਉਹ ਜੋ ਠੰਢੇ ਤੇ ਬੇਹਰਕਤ ਲੱਗਦੇ ਨੇ
ਉਹ ਕਿਤੇ ਹੋਰ ਜਿਉਂਦੇ ਨੇ
ਉਸ ਜ਼ੁੰਬਿਸ਼ ਦੇ ਨਾਲ
ਜੋ ਕਦੀ ਵੀ ਕਤਲ ਨਹੀਂ ਕੀਤੀ ਜਾ ਸਕਦੀ
ਓ ਰਾਜਿਓ! ਉਹ ਹੋਰ ਨੌਜਵਾਨਾਂ ’ਚ ਜਿਉਂਦੇ ਨੇ
ਉਨ੍ਹਾਂ ਭਰਾਵਾਂ ’ਚ, ਜੋ ਤਿਆਰ-ਬਰ-ਤਿਆਰ ਨੇ
ਤੁਹਾਡੇ ਤੋਂ ਨਾਬਰ ਹੋਣ ਲਈ
ਮੌਤ ਨੇ ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ
ਉਹ ਸਭ ਕੁਝ ਸਿੱਖ ਗਏ
ਰੁਤਬਾ ਉਨ੍ਹਾਂ ਦਾ ਬੁਲੰਦ ਹੋਇਆ
ਆਜ਼ਾਦੀ ਲਈ ਸ਼ਹੀਦ ਦੀ ਕੋਈ ਕਬਰ ਨਹੀਂ ਹੁੰਦੀ
ਉਨ੍ਹਾਂ ’ਚੋਂ ਆਜ਼ਾਦੀ ਦੇ ਬੂਟੇ ਉੱਗਦੇ
ਤੇ ਹੋਰ ਬੀਜ ਫੁੱਟਦੇ
ਜੋ ਹਵਾਵਾਂ ਦੂਰ ਲੈ ਜਾਂਦੀਆਂ
ਮੀਂਹ ਤੇ ਬਰਫ਼ਾਂ ਜਿਨ੍ਹਾਂ ਨੂੰ ਪਾਲਦੇ
– ਵਾਲਟ ਵਿਟਮੈਨ (ਡਾਇਰੀ, ਸਫ਼ਾ 20-21)
ਸ਼ਹੀਦ
ਜਿਹੜਾ ਵੀ ਮਨੁੱਖ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਾਰੀ ਜ਼ਿੰਦਗੀ ਆਪਣੇ ਹਮਵਤਨਾਂ ਨਾਲ ਹੁੰਦੀਆਂ ਜ਼ਿਆਦਤੀਆਂ ਦਾ ਵਿਰੋਧ ਕਰਦਿਆਂ ਗੁਜ਼ਾਰਦਾ ਹੈ, ਜਬਰ-ਜ਼ੁਲਮ ਅਤੇ ਅਨਿਆਂ ਪ੍ਰਤੀ ਚੇਤੰਨ ਅਤੇ ਉਦਾਸੀਨ ਰਹਿੰਦਿਆਂ ਇਸ ਨੂੰ ਜਾਰੀ ਰਹਿਣ ਦੇਣ ਵਾਲਿਆਂ ਦੇ ਮੁਕਾਬਲਤਨ ਉਹ ਸੰਤ ਹੁੰਦਾ ਹੈ, ਚਾਹੇ ਉਸ ਦੇ ਵਿਰੋਧ ਕਾਰਨ ਉਸ ਦੀ ਆਪਣੀ ਜ਼ਿੰਦਗੀ ਦੇ ਨਾਲ ਨਾਲ ਹੋਰਾਂ ਦੀ ਜ਼ਿੰਦਗੀ ਵੀ ਫਨਾਹ ਕਿਉਂ ਨਾ ਹੋ ਜਾਵੇ। ਅਜਿਹੇ ਬੰਦੇ ਨੂੰ ਪਹਿਲਾ ਪੱਥਰ ਉਹੀ ਮਾਰੇ ਜਿਸ ਨੇ ਸਮਾਜ ਵਿਚ ਵਿਚਰਦਿਆਂ ਕਦੇ ਕੋਈ ਪਾਪ ਨਾ ਕੀਤਾ ਹੋਵੇ।
– ਐਮਾ ਗੋਲਡਮੈਨ (ਡਾਇਰੀ, ਪੰਨਾ 22)