ਕਮਲੇਸ਼ ਉੱਪਲ
ਪਰਮਜੀਤ ਕੌਰ ਸਰਹਿੰਦ ਦੀ ਸਵੈਜੀਵਨੀ ‘ਰਾਹਾਂ ਦੇ ਰੁਦਨ’ (ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ) ਪਰਿਵਾਰਕ ਅਤੇ ਸਮਾਜਿਕ ਸੰਬੰਧਾਂ ਦੀ ਟੁੱਟ-ਭੱਜ ਦੇ ਬਿਆਨ ਨੂੰ ‘ਦਰਦ ਵਿਛੋੜੇ ਦਾ ਹਾਲ’ ਦੇ ਸੁਰ ਵਿਚ ਪੇਸ਼ ਕਰਦੀ ਹੈ। ਇਸ ਦਰਦ ਦੀ ਕਸਕ ਨੂੰ ਮਹਿਸੂਸਣਾ ਤੇ ਉਸ ਦੀ ਥਾਹ ਪਾਉਣੀ ਪਾਠਕਾਂ ਵਿਚੋਂ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਬਿਆਨਕਰਤਾ ਕੋਲ ਵੇਦਨਾ ਦਾ ਅਥਾਹ ਸਮੁੰਦਰ ਹੈ। ਜੀਵਨ ਵਿਚ ਵਾਪਰ ਗਈਆਂ ਭਰਾ ਅਤੇ ਪੁੱਤਰ ਦੀਆਂ ਦੋ ਦਰਦਨਾਕ ਮੌਤਾਂ ਨੇ ਲੇਖਕਾ ਨੂੰ ਘੋਰ ਦੁਖਦਾਈ ਅਹਿਸਾਸ ਦਿੱਤੇ। ਦੋ ਦੁਰਘਟਨਾਵਾਂ ਵਿਚ ਉਸ ਦੇ ਦੋ ਲਾਡਲੇ ਰੱਬ ਨੂੰ ਪਿਆਰੇ ਹੋ ਗਏ। ਭਰਾ ਹੋਰ ਵੀ ਸਨ ਪਰ ਕੜੀ ਵਰਗੇ ਜੁਆਨ ਤੇ ਪ੍ਰਤਿਭਾਸ਼ਾਲੀ ‘ਵੀਰ ਸ਼ਮਸ਼ੇਰ’ ਨੂੰ ਉਹ ਇਕ ਪਲ ਲਈ ਵੀ ਨਹੀਂ ਭੁੱਲੀ। ਉਸ ਦਾ ਇਕਲੌਤਾ ਬੇਟਾ ‘ਰਾਜਾ’ ਵੀ ਪਿੱਛੇ ਵਿਧਵਾ ਅਤੇ ਦੋ ਮਾਸੂਮ ਬੱਚਿਆਂ ਨੂੰ ਛੱਡ ਕੇ ਆਪਣੀ ਮਾਂ ਨੂੰ ਕਦੇ ਨਾ ਭਰਨ ਵਾਲਾ ਜ਼ਖ਼ਮ ਦੇ ਗਿਆ। ਦੁਰਘਟਨਾਵਾਂ ਕ੍ਰਮਵਾਰ 1982 ਅਤੇ 2005 ਵਿਚ ਵਾਪਰੀਆਂ ਜਿਨ੍ਹਾਂ ਦੇ ਸਦੀਵੀ ਸੱਲਾਂ ਦੀ ਟੀਸ ਲੇਖਕਾ ਲਈ ਤਾਉਮਰ ਕਲਮ ਚਲਾਉਣ ਲਈ ਪ੍ਰੇਰਨਾ ਬਣੀ ਰਹੀ ਹੈ। ਜੀਵਨੀ ਦੇ ਛੇਕੜਲੇ ਅਧਿਆਵਾਂ ਨੂੰ ਪੜ੍ਹਦਿਆਂ ਯਕੀਨ ਹੁੰਦਾ ਹੈ ਕਿ ਤਕਦੀਰ ਦੇ ਜ਼ਾਲਮ ਫ਼ੈਸਲੇ ਅਤੇ ਪਰਮਜੀਤ ਦੇ ਅਣਥੱਕ ਹੌਸਲੇ ਮਨੁੱਖੀ ਹੋਂਦ ਦੇ ਵਰਤਾਰਿਆਂ ਨੂੰ ਅਨੋਖੇ ਅਮਲ ਦਾ ਲਬਿਾਸ ਪੁਆ ਰਹੇ ਹਨ। ਇਸੇ ਅਮਲ ਨੇ ਹੱਥ ਵਿਚ ਕਲਮ ਫੜਾਈ। ਜ਼ਿੰਦਗੀ ਦੇ ‘ਰੁਦਨ ਕਰਦੇ ਰਾਹ’ ਸੌਖੇ ਹੋਣ ਲਈ ਹਰਫ਼ਾਂ ਸੰਗ ਤੁਰਨ ਲੱਗੇ। ਥੋੜ੍ਹੇ ਸ਼ਬਦਾਂ ਵਿਚ ਇਹ ਹੈ ਪਰਮਜੀਤ ਕੌਰ ਦੀ ਦਾਸਤਾਂ।
ਪੁਸਤਕ ਬਾਰੇ ਲੇਖਕਾ ਦੀ ਆਪਣੀ ਲਿਖੀ ਭੂਮਿਕਾ ‘ਤੁਰਦਿਆਂ-ਤੁਰਦਿਆਂ’ ਸਮੇਤ ਇਹ ਜੀਵਨੀ 26 ਅਧਿਆਇਆਂ ਵਿਚ ਸਿਮਟਦੀ ਹੈ। ਮੂਹਰਲੇ ਅਧਿਆਇਆਂ ਵਿਚ ਕਾਮਰੇਡੀ ਅਤੇ ਸਾਹਿਤਕ ਰੁਚੀਆਂ ਵਾਲੇ ‘ਸ਼ੇਰੂ’ ਵੀਰ ਦਾ, ਜੂਨ 1984 ਤੋਂ ਸ਼ੁਰੂ ਹੋਏ ਪੰਜਾਬ ਦੇ ਕਾਲੇ ਦਿਨਾਂ ਦਾ ਅਤੇ ਕਈ ਹੋਰ ਪਰਿਵਾਰਕ ਸਮਾਜਿਕ ਵਾਕਿਆਤ ਦਾ ਅਤੇ ਨਾਲ ਹੀ ਇਸ ਦੌਰਾਨ ਇਕ ਪੁਤਰ ਅਤੇ ਦੋ ਧੀਆਂ ਦੀ ਆਮਦ ਦਾ ਜ਼ਿਕਰ ਹੈ। ਸਮੇਂ-ਸਮੇਂ ਸਹੁਰਿਆਂ ਵੱਲੋਂ ਕੀਤੀ ਬਦਸਲੂਕੀ ਅਤੇ ਗਾਹੇ-ਬਗਾਹੇ ਹੋਰ ਸਾਕ ਸਕੀਰੀਆਂ ਦੀ ਕ੍ਰਿਤਘਣਤਾ ਲੇਖਕਾ ਨੂੰ ਬਹੁਤ ਦੁਖਾਉਂਦੀ ਹੈ। ਉਹ ਇਸ ਦੁੱਖ ਨੂੰ ਕਵਿਤਾ ਦਾ ਜਾਮਾ ਪੁਆਉਂਦੀ ਰਹਿੰਦੀ ਹੈ। ਲੇਖਕਾ ਦੀਆਂ ਹੁਣ ਤਕ ਛਪੀਆਂ 15 ਪੁਸਤਕਾਂ ਵਿਚੋਂ 6 ਪੁਸਤਕਾਂ ਕਵਿਤਾ ਦੀਆਂ ਹਨ। ਇਕ ਕਾਬਲੇ-ਜ਼ਿਕਰ ਤੱਥ ਲੇਖਕਾ ਦਾ ਧਾਰਮਿਕ ਅਕੀਦਾ ਹੈ ਜੋ ਉਸ ਨੂੰ ਅੰਦਰੋਂ ਟੁੱਟਣ ਨਹੀਂ ਦਿੰਦਾ।
ਜਿਉਂ ਜਿਉਂ ਜੀਵਨ ਦੇ ਵੇਰਵਿਆਂ ਦਾ ਬਿਆਨ ਅੱਗੇ ਵਧਦਾ ਹੈ ਤਿਉਂ-ਤਿਉਂ ਬਿਆਨ ਪੁਖ਼ਤਾ ਹੁੰਦਾ ਜਾਂਦਾ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਜਾਂ ਬੇਟੀਆਂ ਕੋਲ ਲੰਡਨ ਅਤੇ ਨੌਰਵੇ ਦੀਆਂ ਫੇਰੀਆਂ ਦਾ ਵੇਰਵਾ ਏਨੀ ਬਾਰੀਕਬੀਨੀ ਨਾਲ ਉਲੀਕਿਆ ਹੈ ਕਿ ਇਹ ਸਫਰਨਾਮਾ ਹੀ ਜਾਪਦਾ ਹੈ। ਸੈਰ-ਸਪਾਟੇ ਦੇ ਇਹ ਅਨੁਭਵ ਏਨੇ ਖੁਸ਼ਨੁਮਾ ਅਤੇ ਰੱਜ ਕੇ ਚਿਤਰਮਈ ਹਨ ਕਿ ਲੇਖਕਾ ਦੇ ਵਧੀਆ ਸੈਲਾਨੀ ਹੋਣ ਦੀ ਤਸਦੀਕ ਹੋ ਜਾਂਦੀ ਹੈ। ਸੈਰ ਕਰਦੇ ਇਸ ਸੈਲਾਨੀ ਦੇ ਅਹਿਸਾਸ ਦੀ ਅਮੀਰੀ ਦੀ ਦਾਦ ਦੇਣੀ ਬਣਦੀ ਹੈ। ਖ਼ਾਸ ਕਰਕੇ ਕਰੂਜ਼ ਰਾਹੀਂ ਓਸਲੋ ਤੋਂ ਜਰਮਨੀ ਤੱਕ ਦਾ ਸਫ਼ਰ ਤੇ ਕਰੂਜ਼ ਦੀ ਡੈੱਕ ਤੋਂ ਦਿਸਦੇ ਦਿਲਫ਼ਰੇਬ ਨਜ਼ਾਰੇ, ਵੇਖਣ ਵਾਲੀ ਅੱਖ ਦਾ ਕਰਿਸ਼ਮਾ ਹਨ। ਆਪਣਿਆਂ ਨਾਲ ਸਫ਼ਰ ਵਿਚ ਬਿਤਾਏ ਪਲਾਂ ਦੇ ਇਹ ਸਜੀਵ ਪੰਨੇ ਜ਼ਿੰਦਗੀ ਦੇ ਰਾਹਾਂ ਦੀ ਰੌਸ਼ਨੀ ਹਨ, ‘ਰਾਹਾਂ ਦੇ ਰੁਦਨ’ ਨਹੀਂ ਹਨ। ਇਨ੍ਹਾਂ ਬਾਰੇ ਪੜ੍ਹਦਿਆਂ ਪਾਠਕ ਦੇ ਜ਼ਿਹਨ ’ਤੇ ਇਕ ਵੱਖਰੀ ਹੀ ਸਰਸ਼ਾਰੀ ਤਾਰੀ ਹੋ ਜਾਂਦੀ ਹੈ।
ਸੰਪਰਕ: 98149-02564