ਨਵਜੀਤ ਜੌਹਲ
ਇੱਕ ਪੁਸਤਕ- ਇੱਕ ਨਜ਼ਰ
ਬਹੁਤ ਘੱਟ ਪੱਤਰਕਾਰਾਂ ਦੇ ਨਸੀਬ ਵਿਚ ਹੁੰਦਾ ਹੈ ਕਿ ਉਹ ਇੱਕ ਤੋਂ ਦੂਜੇ ਅਤੇ ਦੂਜੇ ਤੋਂ ਤੀਜੇ ਮਾਧਿਅਮ ਨੂੰ ਆਸਾਨੀ ਅਤੇ ਸਹਿਜ ਨਾਲ ਅਪਣਾ ਲੈਣ। ਸਿੱਧੂ ਦਮਦਮੀ ਪੰਜਾਬੀ ਦਾ ਇਕ ਅਜਿਹਾ ਪੱਤਰਕਾਰ ਹੈ ਜਿਸਨੇ ਰੇਡੀਓ, ਟੈਲੀਵਿਜ਼ਨ ਅਤੇ ਪ੍ਰਿੰਟ ਮੀਡੀਆ ਵਿਚ ਹੀ ਜ਼ੋਰ-ਅਜ਼ਮਾਈ ਨਹੀਂ ਕੀਤੀ, ਸਗੋਂ ਲੋਕ-ਅੱਖ ਤੋਂ ਛੁਪ ਕੇ ਕੰਮ ਕਰਦੇ ਸਰਕਾਰੀ ਪ੍ਰਚਾਰ ਤੰਤਰ ਦਾ ਰੰਗ-ਢੰਗ ਵੀ ਦੇਖਿਆ ਹੈ।
‘ਖ਼ਬਰ ਖਤਮ’ ਇਸ ਮੀਡੀਆ-ਕਰਮੀ ਦੇ ਉਪਰੋਕਤ ਦੌਰਾਂ ਵਿਚੋਂ ਲੰਘਦਿਆਂ ਹੰਢਾਏ ਸੱਚ ਅਤੇ ਕਮਾਏ ਤਜਰਬਿਆਂ ਦੀ ਦਾਸਤਾਨ ਹੈ। ਇਹ ਪੱਤਰਕਾਰੀ ਦੀ ਪਿੱਠ ਪਿੱਛੇ ਛੁਪੀ ਹੋਈ ਪੱਤਰਕਾਰੀ ਦਾ ਖੁਲਾਸਾ ਹੈ। ਇਸ ਕਿਤਾਬ ਦੀ ਲੇਖਣੀ ਇਸ ਲਈ ਬਹੁਤ ਸਹਿਜ ਹੈ ਕਿਉਂਕਿ ਲੇਖਕ ਅਪਣੀਆਂ ਪ੍ਰਾਪਤੀਆਂ ਗਿਣਾਉਣ ਲਈ ਉਤਾਵਲਾ ਨਹੀਂ, ਸਗੋਂ ਕੁਝ ਖ਼ਾਸ ਘਟਨਾਵਾਂ ਅਤੇ ਮੌਕਿਆਂ ਦੌਰਾਨ ਹੋਏ ਤਜਰਬਿਆਂ ਨੂੰ ਬੜੇ ਸਹਿਜ ਨਾਲ ਬਿਆਨ ਕਰਦਾ ਹੈ।
‘ਖ਼ਬਰ ਖਤਮ’ ਟਾਈਟਲ ਤੋਂ ਲਗਦਾ ਹੈ ਕਿ ਸ਼ਾਇਦ ਇਹ ਕਿਤਾਬ ਮੌਜੂਦਾ ਸਮਿਆਂ ਦੌਰਾਨ ਚਲਦੇ ਇਸ ਬਿਰਤਾਂਤ ਬਾਰੇ ਹੈ ਕਿ ਪੂੰਜੀਵਾਦ ਦੀ ਪੁੱਠ ਵਾਲੇ ਗੋਦੀ ਮੀਡੀਆ ਨੇ ਅਸਲ ਖ਼ਬਰ ਨੂੰ ਤਾਂ ਮਾਰ ਹੀ ਦਿੱਤਾ ਹੈ। ਇਸ ਕਿਤਾਬ ਵਿਚ ਸ਼ਾਮਲ ਇਸੇ ਸਿਰਲੇਖ ਵਾਲੇ ਲੇਖ ਵਿਚ ਲੇਖਕ ਦੱਸਦਾ ਹੈ ਕਿ ਕਿਵੇਂ ਆਕਾਸ਼ਵਾਣੀ ਵਰਗੇ ਅਦਾਰੇ ਵਿਚ ਕੰਮ ਕਰਦੇ ਨਾਮਾਨਿਗਾਰ ਦੀ ਖ਼ਬਰ ਸਿਖਰ ’ਤੇ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਜਾਂਦੀ ਹੈ। ਅਸਲ ’ਚ ਇਹ ਲੇਖ ਪੰਜਾਬ ਦੇ ਗਵਰਨਰ ਸੁਰਿੰਦਰ ਨਾਥ ਦੀ ਹਵਾਈ ਹਾਦਸੇ ਵਿਚ ਹੋਈ ਮੌਤ ਉਪਰੰਤ ਖਿਲਰੇ ਨੋਟਾਂ ਦੀ ਦਾਸਤਾਨ ਸਰਕਾਰੀ ਰੇਡੀਓ ’ਤੇ ਨਾ ਸੁਣਾਏ ਜਾ ਸਕਣ ਦੀ ਮਜਬੂਰੀ ਨੂੰ ਦਰਸਾਉਂਦਾ ਹੈ।
ਬੰਬ ਧਮਾਕੇ ਵਿਚ ਪੰਜਾਬ ਦੇ ਮੁੱਖ ਮੰਤਰੀ ਦੀ ਹੋਈ ਮੌਤ ਉਪਰੰਤ ਸਿੱਧੂ ਸਭ ਤੋਂ ਪਹਿਲਾਂ ਮੌਕੇ ਉੱਤੇ ਪੁੱਜਣ ਵਾਲਾ ਪੱਤਰਕਾਰ ਸੀ, ਜਿਸ ਨੂੰ ਉਸ ਨੇ ‘ਫਲੈਸ਼’ ਸਿਰਲੇਖ ਵਾਲੇ ਲੇਖ ਵਿਚ ਬਿਆਨਿਆ ਹੈ। ਇਸ ਲੇਖ ਵਿਚ ਸਿਆਸੀ ਪੱਤਰਕਾਰ ਬਣਨ ਦੇ ਚਾਹਵਾਨਾਂ ਲਈ ਇਕ ‘ਲੁਕਵਾਂ’ ਫਾਰਮੂਲਾ ਵੀ ਹੈ ਕਿ ਜਦੋਂ ਕੋਈ ਸਿਆਸਤਦਾਨ ਪੱਤਰਕਾਰ ਨੂੰ ਵਾਰ-ਵਾਰ ‘‘ਹੋਰ ਫਿਰ?’’ ‘‘ਹੋਰ ਫਿਰ?’’ ਕਹੇ ਤਾਂ ਇਸ ਦੇ ਅਰਥ ਪੱਤਰਕਾਰ ਨੂੰ ਫੌਰੀ ਸਮਝ ਲੈਣੇ ਚਾਹੀਦੇ ਹਨ।
ਕਿਤਾਬ ਵਿਚ ਲੇਖ ਵੀ ਹਨ, ਫੀਚਰ ਵੀ, ਮਿਡਲ ਵੀ ਅਤੇ ਮੁਲਾਕਾਤਾਂ ਵੀ। ‘ਧੀਮੀ ਸੁਰ ਦੀ ਟੀਵੀਕਾਰੀ’ ਵਿਚ ਲੇਖਕ ਆਪਣੇ ਵੱਲੋਂ ਟੈਲੀਵਿਜ਼ਨ ਪ੍ਰੋਗਰਾਮਾਂ ਦੀਆਂ ਵੱਖ-ਵੱਖ ਵੰਨਗੀਆਂ ’ਚ ਕੀਤੇ ਤਜਰਬੇ ਸਾਂਝੇ ਕਰਦਾ ਹੈ। ਇੰਦਰ ਕੁਮਾਰ ਗੁਜਰਾਲ, ਹਰਕਿਸ਼ਨ ਸਿੰਘ ਸੁਰਜੀਤ, ਗੁਰਚਰਨ ਸਿੰਘ ਟੌਹੜਾ ਅਤੇ ਕੁਲਦੀਪ ਮਾਣਕ ਨਾਲ ਕੀਤੀਆਂ ਇੰਟਰਵਿਊਜ਼ ਨੂੰ ਟੈਲੀਵਿਜ਼ਨ ਵਾਲੇ ਫਾਰਮੈਟ ਵਿਚ ਹੀ ਪੇਸ਼ ਕੀਤਾ ਗਿਆ ਹੈ।
ਜਦੋਂ ਕੋਈ ਪੱਤਰਕਾਰ ਆਪਣੇ ਤਜਰਬਿਆਂ ਨੂੰ ਕੁਝ ਦਹਾਕਿਆਂ ਬਾਅਦ ਯਾਦਾਂ ਦੇ ਝਰੋਖੇ ’ਚੋਂ ਦੇਖਦਾ ਹੈ ਤਾਂ ਕੁਦਰਤੀ ਤੌਰ ’ਤੇ ਓਹੀ ਝਰੋਖੇ ਖੁੱਲ੍ਹਦੇ ਹਨ, ਜੋ ਯਾਦਗਾਰੀ ਹੁੰਦੇ ਹਨ; ਓਹੀ ਯਾਦਾਂ ਕਿਲਕਾਰੀਆਂ ਮਾਰਦੀਆਂ ਹਨ ਜਿਹੜੀਆਂ ਸੁਚੇਤ ਹੀ ਨਹੀਂ, ਸਗੋਂ ਅਚੇਤ ਮਨ ਦਾ ਹਿੱਸਾ ਵੀ ਬਣ ਚੁੱਕੀਆਂ ਹੁੰਦੀਆਂ ਹਨ। ਫਿਰ ਭਾਵੇਂ 1982 ਦੀਆਂ ਏਸ਼ਿਆਈ ਖੇਡਾਂ ਦੌਰਾਨ ਭਾਰਤ-ਪਾਕਿਸਤਾਨ ਵਿਚਾਲੇ ਹਾਕੀ ਮੈਚ ਹੋਵੇ ਜਾਂ ਅਖ਼ਬਾਰ ਦੇ ਸੰਪਾਦਕ ਨੂੰ ਇਕ ਸਿਖਾਂਦਰੂ ਕਵੀ ਦੇ ਆਪਣੀ ਕਵਿਤਾ ਦੇ ਛਪਣ/ਨਾ ਛਪਣ ਬਾਰੇ ਆਈ ਇਕ ਫੋਨ ਕਾਲ ਹੋਵੇ ਜਾਂ ਬਹਿਮਣ ਪਿੰਡ ਦੇ ਇਕ ਪਰਿਵਾਰ ਵੱਲੋਂ ਕੀਤੀ ਖ਼ੁਦਕੁਸ਼ੀ ਦਾ ਮਾਮਲਾ
ਹੋਵੇ, ਲੇਖਕ ਪੂਰੀ ਸ਼ਿੱਦਤ ਤੇ ਸੰਵੇਦਨਸ਼ੀਲਤਾ ਨਾਲ ਬਾਤ ਪਾਉਂਦਾ ਹੈ। ਸਿੱਧੂ ਨੇ ਕਿਉਂਕਿ ਕਦੇ ਕਵਿਤਾ ਅਤੇ ਕਹਾਣੀ ’ਤੇ ਵੀ ਹੱਥ ਅਜ਼ਮਾਇਆ ਸੀ, ਇਸ ਲਈ ‘ਖ਼ਬਰ ਖਤਮ’ ਵਾਲੇ ਲੇਖਾਂ ਤੇ ਫੀਚਰਾਂ ’ਚੋਂ ਕਥਾ-ਰਸ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਇਹੀ ਵਿਸ਼ੇਸ਼ਤਾ ਇਸ ਕਿਤਾਬ ਨੂੰ ਸਾਹਿਤਕ ਪੱਤਰਕਾਰੀ ਦੇ ਘੇਰੇ ਲੈ ਆਉਂਦੀ ਹੈ।
ਸਿੱਧੂ ਦੀ ਭਾਸ਼ਾ ਵਿਚ ਸਰਲਤਾ ਵੀ ਹੈ ਤੇ ਸਾਦਗੀ ਵੀ, ਸੁਰ ਵੀ ਤੇ ਸੁਆਦ ਵੀ, ਸੂਖ਼ਮਤਾ ਵੀ ਅਤੇ ਸੰਖੇਪਤਾ ਵੀ। ‘ਐਸਟਰੋਟਰਫ’ ਲਈ ‘ਮੋਮੀ ਘਾਹ’, ‘ਸੈਂਸਰ’ ਲਈ ‘ਖਬਰ ਕਾਟੂ’ ਅਤੇ ‘ਟੀ.ਵੀ. ਪੇਸ਼ਕਾਰੀ’ ਲਈ ‘ਟੀਵੀਕਾਰੀ’ ਜਿਹੇ ਲਫ਼ਜ਼ ਵਰਤ ਕੇ ਸਿੱਧੂ ਨੇ ਪੰਜਾਬੀ ਦੀ ਸ਼ਬਦਾਵਲੀ ਵਿਚ ਵਾਧਾ ਵੀ ਕੀਤਾ ਹੈ।
ਥੋੜ੍ਹੇ ਸ਼ਬਦਾਂ ਵਿਚ ਅਸਰਦਾਰ ਢੰਗ ਨਾਲ ਬਹੁਤੀ ਗੱਲ ਕਹਿ ਜਾਣ ਦੇ ਨਮੂਨੇ ਵਜੋਂ ਕੁਲਦੀਪ ਮਾਣਕ ਨਾਲ ਇੰਟਰਵਿਊ ਦੇ ਦੂਜੇ ਪੈਰੇ ਦੇ ਪਹਿਲੇ ਤਿੰਨ ਵਾਕਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ:
‘ਰਾਰੇ ਨੂੰ ਰੜਕਾਅ ਕੇ ਬੋਲਣ ਅਤੇ ਗਜ਼ਾਂ ਦੇ ਹਿਸਾਬ ਨਾਲ ਲੰਮੀਆਂ ਹੇਕਾਂ ਲਾਉਣ ਵਾਲੇ ਮਲਵਈ ਗਾਇਕਾਂ ਦਾ ਜ਼ੋਰ ਸੀ। ਕੁਲਦੀਪ ਮਾਣਕ ਦਾ ਜ਼ਮਾਨਾ ਸੀ ਜਿਸ ਦੀ ਹੇਕ ਉਸ ਦੇ ਸਰੀਰਕ ਕੱਦ ਦੇ ਮੁਕਾਬਲੇ ਕਈ ਗੁਣਾਂ ਵੱਡੀ ਸੀ। ਤੇ ਇਹ ਵੀ
ਕਿ ਉਦੋਂ ਹਾਲੇ ਗਾਇਕੀ ਦੇ ਫੀਲਡ ਵਿਚ ਜੱਟਾਂ ਦੀ ਅੰਸ਼ ਨੇ ਐਂਟਰੀ ਨਹੀਂ ਸੀ ਮਾਰੀ।’’
ਇਸ ਕਿਤਾਬ ਤੋਂ ਇਹ ਵੀ ਪਤਾ ਲਗਦਾ ਹੈ ਕਿ ਵੱਡੇ-ਵੱਡੇ ਮੀਡੀਆ ਅਦਾਰਿਆਂ ਦੇ ਦਫ਼ਤਰਾਂ ਵਿਚ ਟੂਣੇ ਵੀ ਹੁੰਦੇ ਨੇ, ਕਿ ਕਿਵੇਂ ਇਨਾਮ ਲੈਣ ਲਈ ਸਰਕਾਰ ਦੀ ਆਲੋਚਨਾ ਵਾਲੇ ਪੰਨਿਆਂ ਨੂੰ ਕਿਤਾਬ ਵਿਚੋਂ ਗਾਇਬ ਕਰ ਦਿੱਤਾ ਜਾਂਦਾ ਹੈ, ਕਿ ਇਹ ਵੀ ਕਿ 1973 ਦੀ ਵਿਸਾਖੀ ਤੋਂ ਇਕ ਦਿਨ ਪਹਿਲਾਂ ਲੋਕ ਸਭਾ ਵਿਚ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਹੋਈ ਮੌਤ ਉਪਰੰਤ ਉਸ ਯੋਧੇ ਦੇ ਦੇਸੀ ਝੋਲੇ ਵਿਚੋਂ ਕੁਝ ਕਾਗਜ਼, ਸ਼ੂਗਰ ਦੀ ਦਵਾਈ ਤੋਂ ਇਲਾਵਾ ਜੋ ਮਿਲਿਆ ਸੀ, ਉਹ ਸੀ ਪੋਣੇ ਵਿਚ ਵਲੇਟੀਆਂ ਦੋ ਰੋਟੀਆਂ ਅਤੇ ਆਚਾਰ।
ਸੰਪਰਕ: 98155-51478