ਮਲਵਿੰਦਰ
ਡਾ. ਰਵਿੰਦਰ ਜ਼ਿੰਦਗੀ ਅਤੇ ਕਵਿਤਾ ਵਿਚ ਸੰਤੁਲਨ ਬਣਾ ਕੇ ਰੱਖਣ ਵਾਲਾ ਸ਼ਾਇਰ ਹੈ। ਉਸ ਦੀ ਕਵਿਤਾ ਉਮਰ ਵਾਂਗ ਹੀ ਪ੍ਰੌਢ ਤੇ ਸਿਆਣੀ ਹੋਈ ਜਾ ਰਹੀ ਹੈ। ਉਮਰ ਦੇ ਅਗਲੇ ਪੜਾਅ ਦਾ ਅਨੁਭਵ ਉਸ ਦੀ ਕਵਿਤਾ ਦਾ ਅਗਲਾ ਪੜਾਅ ਬਣਦਾ ਹੈ। ਉਸ ਦੀ ਕਵਿਤਾ ਦਾ ਜਿੱਥੇ ਵੀ ਅਤੇ ਜਿੰਨਾ ਵੀ ਜ਼ਿਕਰ ਹੋਇਆ ਹੈ, ਉਸ ਲਈ ਉਸ ਨੂੰ ਕੋਈ ਉਚੇਚ, ਯਤਨ ਜਾਂ ਉਪਰਾਲਾ ਨਹੀਂ ਕਰਨਾ ਪਿਆ। ਉਸ ਦੀ ਸਿਰਜਣਾ ਦਾ ਸੇਕ ਹੀ ਉਸ ਦੀ ਕਵਿਤਾ ਨੂੰ ਵਿਦਵਾਨਾਂ, ਆਲੋਚਕਾਂ ਕੋਲ ਲੈ ਕੇ ਗਿਆ ਹੈ। ਉਸ ਲਈ ਕਵਿਤਾ ਲਿਖਣਾ ਸ਼ੁਗਲ ਨਹੀਂ ਹੈ। ਉਹ ਕਵਿਤਾ ਦੀ ਸਮਰੱਥਾ ਨੂੰ ਵੀ ਸਮਝਦਾ ਹੈ ਅਤੇ ਸਮਾਜਿਕ, ਰਾਜਨੀਤਕ ਵਰਤਾਰਿਆਂ ਵਿਚ ਕਵਿਤਾ ਦੀ ਭੂਮਿਕਾ ਤੋਂ ਵੀ ਜਾਣੂ ਹੈ। ਰਵਿੰਦਰ ਉਨ੍ਹਾਂ ਸ਼ਾਇਰਾਂ ਵਿਚੋਂ ਹੈ ਜਿਹੜੇ ਇਸ ਸਵਾਲ ਦੇ ਰੂ-ਬ-ਰੂ ਹੁੰਦੇ ਹਨ ਕਿ ਮੈਂ ਕਵਿਤਾ ਕਿਉਂ ਲਿਖਦਾ ਹਾਂ। ਇਹ ਵੱਡਾ ਸਵਾਲ ਦਾਰਸ਼ਨਿਕਤਾ ਨਾਲ ਭਰਿਆ ਵਾਕ ਹੈ। ਬਹੁਤੇ ਕਵੀ ਇਸ ਸਵਾਲ ਬਾਰੇ ਚੁੱਪ ਹਨ। ਇਸ ਸਵਾਲ ਦਾ ਸਾਹਮਣਾ ਕਰਦਿਆਂ ਕਵੀ ਨੂੰ ਆਪਣੀ ਸਿਰਜਣਾ ਦੇ ਸਬੱਬ ਦੀ ਤਲਖ਼ ਹਕੀਕਤ ਬਿਆਨ ਕਰਨੀ ਪੈਂਦੀ ਹੈ। ਡਾ. ਰਵਿੰਦਰ ਨੂੰ ਕਵਿਤਾ ਕੋਲੋਂ ਕਿਸੇ ਵੱਡੀ ਤਬਦੀਲੀ ਦੀ ਆਸ ਨਹੀਂ ਹੈ। ਕਵਿਤਾ ਉਸ ਲਈ ਆਪਣੇ ਨਾਲ ਸੰਵਾਦ ਰਚਾਉਣ ਦਾ ਜ਼ਰੀਆ ਹੈ। ਉਹ ਜਾਣਦਾ ਹੈ ਕਿ ਕਵਿਤਾ ਦੀ ਪਰਵਾਜ਼ ਵਿਸ਼ਾਲ ਹੈ ਜਦੋਂਕਿ ਕਵੀ ਦੀ ਸਮਰੱਥਾ ਇਕ ਦਾਇਰੇ ਤੱਕ ਸੀਮਿਤ ਹੈ। ਕਵਿਤਾ ਉਸ ਲਈ ਸਮਝਣ ਵਾਲੀ ਨਹੀਂ, ਮਹਿਸੂਸ ਕਰਨ ਵਾਲੀ ਸ਼ੈਅ ਹੈ। ਉਸ ਦੀ ਸੋਚ ਵਿਚ ਬੱਦਲ, ਮੁਹੱਬਤ ਤੇ ਕਵਿਤਾ ਵਰ੍ਹ ਜਾਣ ਦੀ ਸਾਂਝੀ ਲੋੜ ਦੇ ਰਿਸ਼ਤੇ ਨਾਲ ਬੱਝੇ ਹਨ। ਉਸ ਦੀ ਕਵਿਤਾ ਸ਼ਾਇਰੀ ਦਾ ਸੱਚ ਬਿਆਨਦੀ ਹੈ। ਇਤਿਹਾਸ ਦੇ ਕਿਸੇ ਛਿਣ ਨੂੰ ਤਾਰਕਿਕ ਵਿਸਥਾਰ ਦੇਣ ਦੀ ਸਮਰੱਥਾ ਹੈ ਉਸ ਦੀ ਕਵਿਤਾ ਕੋਲ। ‘ਅੰਦਰ ਖੁੱਲ੍ਹਦੀ ਖਿੜਕੀ’ ਦੀ ਪਹਿਲੀ ਕਵਿਤਾ ਇਸ ਸਵਾਲ ਦਾ ਜਵਾਬ ਬਣਦੀ ਹੈ:
ਇਸ ਲਈ ਨਹੀਂ ਲਿਖਦਾ ਮੈਂ ਕਵਿਤਾ
ਇਹਦੇ ਨਾਲ ਆਏਗਾ ਕੋਈ ਵੱਡਾ ਬਦਲਾਅ
ਕਿਸੇ ਦਾ ਦੁੱਖ ਘਟੇਗਾ, ਜੀਣ ਦਾ ਰਾਹ ਦਿੱਸੇਗਾ
ਕਿਸੇ ਲਈ ਰੌਸ਼ਨੀ ਦੀ ਕਿਰਨ ਵੀ ਨਹੀਂ ਮੇਰੀ ਕਵਿਤਾ
ਕਵਿਤਾ ਲਿਖਦਾ ਹਾਂ ਇਸ ਲਈ
ਮੈਨੂੰ ਆਪਣੇ ਕੋਲ ਜਾਣ ਦਾ, ਨੇੜੇ ਬਹਿਣ ਦਾ
ਆਪਣੀ ਗੱਲ ਆਪ ਸੁਣਨ ਦਾ,
ਆਪਣੀ ਗੱਲ ਆਪਣੇ ਨਾਲ ਕਰਨ ਦਾ ਹੌਸਲਾ ਮਿਲੇ
ਅੰਦਰ ਨੂੰ ਖੁੱਲ੍ਹਣ ਵਾਲੀ ਖਿੜਕੀ ਬਣਨਾ ਚਾਹੁੰਦਾ ਹਾਂ ਮੈਂ
ਅੰਦਰ ਖੁੱਲ੍ਹਦੀ ਖਿੜਕੀ ਭਾਵ ਆਪਣੇ ਅੰਦਰ ਝਾਤੀ ਮਾਰਨਾ। ਕਵੀ ਲਈ ਆਪਣੇ ਅੰਦਰ ਝਾਕਣਾ ਬਹੁਤ ਜ਼ਰੂਰੀ ਹੈ। ਬਾਬਾ ਫਰੀਦ ਜੀ ਨੇ ਵੀ ਕਿਹਾ ਹੈ:
ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਿ ਦੇਖੁ।।
ਆਪਣੇ ਆਪ ਨੂੰ ਜਾਣੇ ਬਗੈਰ ਅਸੀਂ ਆਪਣੇ ਤੋਂ ਬਾਹਰ ਹੋ ਵਾਪਰ ਰਹੇ ਨੂੰ ਨਿਰਪੱਖ ਦ੍ਰਿਸ਼ਟੀ ਨਾਲ ਨਹੀਂ ਵੇਖ ਸਕਦੇ। ਇਹ ਕਵਿਤਾ ਕਵਿਤਾ ਦਾ ਸ਼ੁਕਰਾਨਾ ਹੈ। ਕਵਿਤਾ ਦੀ ਉਡਾਣ ਬੜੀ ਉੱਚੀ ਹੈ। ਕਵੀ ਦੀਆਂ ਸੀਮਾਵਾਂ ਦੇਹ ਤੋਂ ਅੰਦਰ ਵੱਲ ਨੂੰ ਸੁੰਗੜਦੀਆਂ ਹਨ। ਕਵਿਤਾ ਕਹੇ ਵਿੱਚ ਕਵੀ ਹਾਰੀ ਹੋਈ ਧਿਰ ਬਣਦਾ ਹੈ ਜਦੋਂ ਕਵਿਤਾ ਕਹਿੰਦੀ ਹੈ:
ਤੂੰ ਨਾ ਚੱਜ ਨਾਲ ਡੁੱਬ ਸਕਦਾ ਏਂ
ਨਾ ਤੈਰ ਸਕਦਾ ਏਂ
ਨਾ ਖੁੱਲ੍ਹ ਕੇ ਉੱਡ ਸਕਦਾ ਏਂ
ਨਾ ਨੰਗੇ ਸੱਚ ਨਾਲ
ਜ਼ਮੀਨ ’ਤੇ ਖੜ੍ਹ ਸਕਦਾ ਏਂ
ਰਵਿੰਦਰ ਆਪਣੀ ਕਵਿਤਾ ਵਿਚ ਛੋਹੇ ਗਏ ਵਿਸ਼ੇ ਦੇ ਅੰਤਰੀਵ ਤੱਕ ਪਹੁੰਚਦਾ ਹੈ। ਹਰ ਵਿਸ਼ੇ ਦੇ ਚੌਤਰਫ਼ੇ ਵਿਸਥਾਰ ਹੁੰਦੇ ਹਨ। ਚੋਗ਼, ਕਹਾਵਤਾਂ ਦੇ ਜਾਲ, ਮਾਂ-ਬੋਲੀ ਸਮੇਤ ਅਨੇਕ ਕਵਿਤਾਵਾਂ ਇਸ ਕਥਨ ਦੀ ਹਾਮੀ ਭਰਦੀਆਂ ਹਨ। ਚੋਗ਼ ਵਿਚ ਪਰਦੇਸ ਗਏ ਬੱਚਿਆਂ ਦੀ ਗੱਲ ਕੀਤੀ ਗਈ ਹੈ। ਕਹਾਵਤਾਂ ਦੇ ਜਾਲ਼ ਵਿਚ ਚਿੜੀਆਂ ਦੇ ਬਹਾਨੇ ਕੁੜੀਆਂ ਦਾ ਜ਼ਿਕਰ ਹੈ। ਮਾਂ-ਬੋਲੀ ਬਾਰੇ ਕਵਿਤਾ ਵੱਖਰੀ ਤੇ ਵਿਲੱਖਣ ਹੈ। ਵਿਦਵਾਨ ਲੋਕ ਤਾਂ ਕਵਿਤਾ ਦੀ ਵਰਗ ਵੰਡ ਕਈ ਤਰ੍ਹਾਂ ਕਰਦੇ ਹਨ ਪਰ ਵੰਡਾਂ ਵਰਗਾਂ ਤੋਂ ਪਾਰ ਜਾ ਕੇ ਵੇਖਿਆਂ ਕਵਿਤਾ ਸਿਰਫ਼ ਕਵਿਤਾ ਹੁੰਦੀ ਹੈ ਚੰਗੀ ਜਾਂ ਮਾੜੀ। ਚੰਗੀ ਕਵਿਤਾ ਨੂੰ ਲਹਿਰਾਂ, ਸਮਿਆਂ, ਘਟਨਾਵਾਂ ਵਿਚ ਨਹੀਂ ਵੰਡਿਆ ਜਾਂਦਾ। ਕਿਸਾਨੀ ਸੰਘਰਸ਼ ਅਤੇ ਕਰੋਨਾ ਕਾਲ ਨੇ ਬਹੁਤ ਸਾਰੀ ਕਵਿਤਾ ਨੂੰ ਜਨਮ ਦਿੱਤਾ ਹੈ। ਪਰ ਚੰਗੀ ਕਵਿਤਾ ਉਹ ਹੈ ਜੋ ਇਨ੍ਹਾਂ ਤੋਂ ਬਾਅਦ ਵੀ ਪੜ੍ਹੀ ਜਾਵੇਗੀ ਤੇ ਜਿਸ ਦਾ ਜ਼ਿਕਰ ਹੋਵੇਗਾ। ਰਵਿੰਦਰ ਦੀ ਕਵਿਤਾ ਵਿਚ ਸਮਿਆਂ ਤੋਂ ਪਾਰ ਜਾਣ ਦੀ ਸਮਰੱਥਾ ਹੈ। ਅਸੀਂ ਦਿੱਲੀ ਨਹੀਂ ਜਿੱਤਣੀ, ਖ਼ਸਲਾਂ ਤੇ ਨਸਲਾਂ, ਮੇਰਾ ਨਾਂ ਕਿਉਂ ਨਹੀਂ ਆਦਿ ਅਜਿਹੀਆਂ ਹੀ ਕਵਿਤਾਵਾਂ ਹਨ। ਅਸੀਂ ਦਿੱਲੀ ਨਹੀਂ ਜਿੱਤਣੀ ਕਵਿਤਾ ਦੀਆਂ ਸਤਰਾਂ ਹਨ:
ਸਾਡੇ ਲਈ ਉਂਝ ਵੀ ਦਿੱਲੀ ਉਬਲਦੀ ਦੇਗ, ਆਰਾ, ਚਰਖੜੀ
ਸੜਦੇ ਟਾਇਰ ਤੇ ਤਲਵਾਰ ਦਾ ਨਾਂ ਹੈ
ਤੁਸੀਂ ਬੇਸ਼ਕ ਇਹਦਾ ਕੋਈ ਹੋਰ ਵੀ ਨਾਂ ਰੱਖ ਲੈਂਦੇ
ਮਨੁੱਖ ਨਿਰੰਤਰ ਕੁਦਰਤ ਦਾ ਵਿਨਾਸ਼ ਕਰ ਰਿਹਾ ਹੈ। ਵਿਕਾਸ ਦੇ ਨਾਂ ’ਤੇ ਰੁੱਖਾਂ ਦਾ ਘਾਣ, ਹਵਾ ਵਿਚ ਫੈਲ ਰਿਹਾ ਪ੍ਰਦੂਸ਼ਣ ਅਤੇ ਪਹੁੰਚ ਤੋਂ ਬਾਹਰ ਜਾ ਰਿਹਾ ਸ਼ੁੱਧ ਪਾਣੀ ਸਭ ਤੋਂ ਵੱਡੇ ਫ਼ਿਕਰ ਬਣਦੇ ਜਾ ਰਹੇ ਹਨ। ਜੰਗਲ ਦਾ ਇਲਜ਼ਾਮ ਕਵਿਤਾ ਇਸੇ ਖਿਲਵਾੜ ਦੀ ਗੱਲ ਕਰਦੀ ਹੈ। ਰਵਿੰਦਰ ਆਤਮ-ਕਥਾ ਲਿਖਣ ਵਾਲੇ ਲੇਖਕਾਂ ਉਪਰ ਵੀ ਵਿਅੰਗ ਕਰਦਾ ਹੈ। ਉਹ ਲਿਖਦਾ ਹੈ:
ਕੀ ਲਿਖਣੀ ਹੈ ਆਤਮ-ਕਥਾ
ਕੀਤਾ ਹੀ ਕੀ ਹੈ ਉਮਰ ਭਰ
ਜੱਗੋਂ ਬਾਹਰਾ, ਕਿਸੇ ਤੋਂ ਵੱਖਰਾ
… … …
ਬੜੀ ਦੇਰ ਤੱਕ ਯਾਦ ਰਹੇਂਗਾ ਤੂੰ ਲੋਕਾਂ ਨੂੰ
ਇਹ ਵੀ ਤੇਰਾ ਵਹਿਮ ਹੀ ਹੈ ਹੋਰ ਕੁਝ ਨਹੀਂ
ਮਨੁੱਖ ਆਪਣੇ ਪੁਰਖਿਆਂ ਦਾ ਗੁਣਗਾਨ ਕਰਦਿਆਂ ਜ਼ਿੰਦਗੀ ਬਤੀਤ ਕਰਦਾ ਹੈ। ਉਹ ਆਪਣੇ ਕੀਤੇ ਕੰਮਾਂ ਦਾ ਲੇਖਾ-ਜੋਖਾ ਨਹੀਂ ਕਰਦਾ। ਉਹ ਅਣਖਰਚਿਆ ਹੀ ਇਸ ਜਹਾਨ ਤੋਂ ਤੁਰ ਜਾਂਦਾ ਹੈ। ਚੌਖਟੇ ਦੇ ਅੰਦਰ ਹਰ ਮਨੁੱਖ ਅੰਦਰ ਖੁੱਲ੍ਹਦੀ ਖਿੜਕੀ ਦੇ ਅਹਿਸਾਸ ਨਾਲ ਭਰਿਆ ਰਹਿੰਦਾ ਹੈ। ਇਸ ਤੋਂ ਬਾਹਰ ਅਨੰਤ ਹੈ, ਖ਼ਲਾਅ ਹੈ। ਲੋੜ ਸਾਨੂੰ ਆਪਣੀ ਔਕਾਤ ਦੇ ਮਾਪਦੰਡ ਪਰਖਣ ਦੀ ਹੈ। ਕੱਪੜਿਆਂ ਦੇ ਬਰਾਂਡ ਤੇ ਘਰ ਵਿਚ ਵਰਤੀ ਜਾਂਦੀ ਕਰਾਕਰੀ ਬੰਦੇ ਦੀ ਔਕਾਤ ਦੇ ਮਾਪਦੰਡ ਨਹੀਂ ਹੁੰਦੇ। ਔਕਾਤ ਤਾਂ ਬੰਦੇ ਅੰਦਰਲੀ ਸੰਵੇਦਨਸ਼ੀਲਤਾ ਹੁੰਦੀ ਹੈ। ਫ਼ੈਜ਼ ਅਹਿਮਦ ਫ਼ੈਜ਼ ਦੇ ਨਾਂ ਇਕ ਕਵਿਤਾ ਹੈ ‘ਕਿਹੜਾ ਕਿਹੜਾ ਧੂੰਆਂ’। ਇਹ ਧੀਮੀ ਸੁਰ ਵਾਲੀ ਰਾਜਨੀਤਕ ਕਵਿਤਾ ਹੈ:
ਕਿੱਥੋਂ ਕਿੱਥੋਂ ਉੱਠਦਾ ਧੂੰਆਂ / ਪਤਾ ਨਾ ਲੱਗਦਾ
ਨਾ ਸ਼ਹਿਰੀ ਨਾ ਸ਼ਾਇਰ ਨਾ ਸਰਕਾਰ ਨੂੰ
ਕਿਹੜਾ ਧੂੰਆਂ ਕਿੰਨਾ ਦੋਸ਼ੀ,
ਕਿੰਨਾ ਮਾਰੂ ਪਤਾ ਨਾ ਲੱਗਦਾ
ਰਾਮ ਬਨਾਮ ਰਾਮ, ਪੰਜਾ ਤੇ ਪਹਾੜ, ਅੱਧ ਭਰਿਆ-ਅੱਧ ਖ਼ਾਲੀ, ਯੁੱਧ ਤੇ ਮਹਾਂਮਾਰੀ, ਬੰਦਾ ਮਰਦਾ ਨਹੀਂ, ਕਿਤਾਬ, ਹਥਿਆਰ ਤੇ ਵਿਚਾਰ, ਟਾਇਮ ਕੈਪਸੂਲ ਆਦਿ ਕੁਝ ਹੋਰ ਚੰਗੀਆਂ ਕਵਿਤਾਵਾਂ ਹਨ। ਉਸ ਦੀ ਕਵਿਤਾ ਦਿਲ ਜਿੱਤਣ ਦਾ ਉਪਰਾਲਾ ਹੈ। ਫੁੱਲ, ਪੱਤੇ, ਰੁੱਖ, ਨਦੀ, ਪਹਾੜ, ਹਵਾ, ਬੱਦਲ, ਕਣੀਆਂ, ਚਿੜੀਆਂ, ਕੋਇਲਾਂ, ਮੋਰ, ਮਹਿਕ, ਨਜ਼ਾਰੇ, ਮੌਸਮ ਉਸ ਦੀ ਕਵਿਤਾ ਨੂੰ ਹਰਿਆਵਲੀ ਦਿੱਖ ਦਿੰਦੇ ਹਨ। ਕੁੱਲ ਮਿਲਾ ਕੇ ਡਾ. ਰਵਿੰਦਰ ਦੀ ਇਹ ਨਵੀਂ ਪੁਸਤਕ ‘ਅੰਦਰ ਖੁੱਲ੍ਹਦੀ ਖਿੜਕੀ’ ਪੜ੍ਹਨਯੋਗ ਹੈ। ਇਸ ਪੁਸਤਕ ਰਾਹੀਂ ਡਾ. ਰਵਿੰਦਰ ਦੀ ਕਵਿਤਾ ਪ੍ਰਤੀ ਸੁਹਿਰਦਤਾ ਹੋਰ ਜ਼ਿਆਦਾ ਪ੍ਰਮਾਣਿਤ ਹੁੰਦੀ ਹੈ।
ਸੰਪਰਕ: 97795-91344