ਹਰੀਸ਼ ਜੈਨ
ਕਾਵਿ ਕਿਆਰੀ
ਦੇਵੀ ਦੇਵਤਿਆਂ ਦੀ ‘ਹਾਈ-ਕਮਾਂਡ’ ਨੇ
ਐਮਰਜੰਸੀ ਕਾਊਂਸਲ ਦੀ
ਹੰਗਾਮੀ ਮੀਟਿੰਗ ਸੱਦੀ ਹੈ।
ਗੰਭੀਰ ਮਸਲਾ ਹੈ।
‘ਨਾਰਦ’ ਦਾ ‘ਪ੍ਰੋਟੋਟਾਈਪ’
ਸਹੱਸਤਰਾਂ ਵਰ੍ਹਿਆਂ ਦੀ
ਬੌਧਿਕ ਘਾਲਣਾ ਨਾਲ
‘ਵਰਤਣਯੋਗ’ ਪੱਧਰ ’ਤੇ ਪੁੱਜਾ ਹੈ।
ਦੇਵੀ ਦੇਵਤਿਆਂ ਦਾ
ਇਸ ਬੌਧਿਕ ਘਾੜਤ ’ਤੇ
ਸਵੈ-ਸਿੱਧ, ਸਦੀਵੀ ਤੇ ਮੌਲਿਕ ਅਧਿਕਾਰ ਹੈ।
ਇਹ ਜੱਗ ਜ਼ਾਹਿਰ ਹੈ।
ਇਸ ਮਾਡਲ ਦੀ
ਕਿਸੇ ਵੀ ਤਰ੍ਹਾਂ ਦੀ ਵਰਤੋਂ ਲਈ
ਇਜਾਜ਼ਤ ਮੰਗਣਾ
ਅਤੇ ਲਿਖਤੀ ਮਨਜ਼ੂਰੀ ਲੈਣਾ
ਕਾਨੂੰਨਨ ਅਤੇ ਨੈਤਿਕ ਪੱਖੋਂ
ਨਿਹਾਇਤ ਜ਼ਰੂਰੀ ਹੈ
ਜੋ ਨਹੀਂ ਹੋਇਆ, ਅਤੇ
ਵੇਖਦਿਆਂ ਵੇਖਦਿਆਂ
ਪੂਰਾ ਸੌਰ ਮੰਡਲ
ਅਨੈਤਿਕਤਾ ਦੀ ਗ੍ਰਿਫ਼ਤ ਵਿੱਚ ਆ ਗਿਆ ਹੈ
ਜੋ ਬਿਨਾਂ ਨਾਰਾਇਣ ਦੇ
ਰਾਤ ਦਿਨ, ਬਿਨਾਂ ਸਾਹ ਲਏ
‘ਨਾਰਦ’ ਦਾ ਸ਼੍ਰਵਣ ਕਰ ਰਿਹਾ ਹੈ।
ਦੇਵੀ ਦੇਵਤਿਆਂ ਦਾ ਅਰਥਚਾਰਾ
ਨਿਤਾ-ਪ੍ਰਤੀ ਨਿੱਘਰ ਰਿਹਾ ਹੈ, ਅਤੇ
ਅਤੇ ਸੌਰਮੰਡਲੀ ਨੈੱਟਵਰਕ
ਦਿਨ ਦੁੱਗਣੀ ਰਾਤ ਚੌਗਣੀ
ਤਰੱਕੀ ਕਰ ਰਿਹਾ ਹੈ।
ਕੁਝ ਤਾਂ ਕਰਨਾ ਜ਼ਰੂਰੀ ਹੈ।
ਵਕੀਲ ਆ ਗਏ ਹਨ।
ਰਾਤਾਂ ਦਾ ਤੇਲ ਬਲ ਰਿਹਾ ਹੈ।
‘ਪੇਪਰ-ਬੁੱਕ’ ਤਿਆਰ ਹੋ ਰਹੀ ਹੈ
ਦਾਅਵਾ ਸਿੱਧ ਕਰਨ ਲਈ
ਇਤਿਹਾਸ
ਮਿਥਿਹਾਸ
ਨੀਤੀਆਂ
ਸਮ੍ਰਿਤੀਆਂ ’ਚੋਂ
ਲੰਮੇ ਹਵਾਲੇ ਲਏ ਗਏ ਹਨ।
ਅਦਾਲਤੀ ਲੋੜਾਂ ਅਨੁਸਾਰ
ਪੁਰਾਣੀਆਂ ਭਾਸ਼ਾਵਾਂ ਦਾ
ਅਨੁਵਾਦ ਹੋ ਗਿਆ ਹੈ, ਅਤੇ
‘ਪੀ.ਆਈ.ਐੱਲ.’ ਦਾ ਖਰੜਾ
‘ਹਾਈਕਮਾਂਡ’ ਦੀ ਨਜ਼ਰਸਾਨੀ ਲਈ
ਤਿਆਰ ਹੋ ਗਿਆ ਹੈ।
ਐਮਰਜੰਸੀ ਕਾਊਂਸਲ ਦੀ ਮੀਟਿੰਗ
’ਚ ਪਾਸ ਹੋ ਜਾਣ ਦੀ ਆਸ ਹੈ।
ਦੇਵੀ ਦੇਵਤਿਆਂ ਦੀ ‘ਪੀ.ਆਈ.ਐੱਲ.’
ਮੰਗ ਕਰਦੀ ਹੈ ਕਿ
‘ਨਾਰਦ’ ਦੇ ‘ਪ੍ਰੋਟੋਟਾਈਪ’ ਤੋਂ ਈਜਾਦ ਅਤੇ
ਵਿਕਸਿਤ ਕੀਤੇ ਗਏ
ਸਾਰੇ ‘ਨੈੱਟਵਰਕ’ ਅਤੇ ‘ਯੰਤਰਾਂ’ ’ਤੇ
ਦੇਵੀ ਦੇਵਤਿਆਂ ਦਾ
‘ਬੌਧਿਕ ਸੰਪਤੀ ਅਧਿਕਾਰ’
ਮੰਨਿਆ ਜਾਵੇ ਅਤੇ
ਹਰ ‘ਤਾਰ’ ਜਾਂ ‘ਬੇਤਾਰ’ ਨਾਲ ਜੁੜੇ
ਯੰਤਰ ’ਤੇ ਹਰ ਖੇਤਰ ਦੀ ਪ੍ਰਚੱਲਿਤ ਭਾਸ਼ਾ ਵਿੱਚ
‘ਨਾਰਦ’ ਸ਼ਬਦ ਦਾ ਮੁਖਰ ਰੂਪ ’ਚ ਉਲੇਖ ਹੋਵੇ।
ਹਰ ‘ਯੰਤਰ’ ‘ਬੂਟ’ ਹੋਣ ਦੇ ਵਕਫ਼ੇ ਦੌਰਾਨ, ਅਤੇ
‘ਗੱਲਬਾਤ’ ਆਰੰਭਣ ਸਮੇਂ ਲਾਜ਼ਮੀ ਤੌਰ ’ਤੇ
‘ਨਾਰਾਇਣ’ ‘ਨਾਰਾਇਣ’ ਦਾ ਉਚਾਰ ਕਰੇ।
ਵਪਾਰਕ ਨੇਮਾਂ ਅਨੁਸਾਰ
‘ਨੈੱਟਵਰਕਾਂ’ ਅਤੇ ‘ਯੰਤਰਾਂ’ ਤੋਂ ਉਪਜੇ
ਅਰਥਚਾਰੇ ਦਾ ਬਣਦਾ ਹਿੱਸਾ
ਦੇਵੀ ਦੇਵਤਿਆਂ ਦੇ ਕੋਸ਼ ਨੂੰ
ਟ੍ਰਾਂਸਫ਼ਰ ਕੀਤਾ ਜਾਵੇ
ਤਾਂ ਜੋ ਉਹਨਾਂ ਦੇ ਵਿਕਾਸ ਦੇ ਕਾਰਜ
ਆਉਂਦੇ ਸਮਿਆਂ ਵਿੱਚ ਵੀ
ਨਿਰਵਿਘਨ ਚਲਦੇ ਰਹਿਣ।
ਦੇਵੀ ਦੇਵਤਿਆਂ ਦਾ ਮੰਨਣਾ ਹੈ
ਉਨ੍ਹਾਂ ਦੀਆਂ ਮੰਗਾਂ ਹੱਕ-ਬਜਾਨਬ ਹਨ
ਅਤੇ ਵਿਧੀ ਅਨੁਸਾਰ ਹਨ।
ਉਨ੍ਹਾਂ ਨੂੰ ਕਾਨੂੰਨ ਅਤੇ ਅਦਾਲਤ ’ਤੇ ਪੂਰਾ ਭਰੋਸਾ ਹੈ।
ਆਉਂਦੀ ਤਾਰੀਖ਼ ’ਤੇ ‘ਨੋਟਿਸ ਆਫ਼ ਮੋਸ਼ਨ’
ਹੋ ਜਾਣ ਦਾ ਪੂਰਾ ਯਕੀਨ ਹੈ।
ਸੰਪਰਕ: 98150-00873