ਬਿੰਦਰ ਸਿੰਘ ਖੁੱਡੀ ਕਲਾਂ
“ਜਾਗਰਾ ਧੁੱਪ ਆ ਗਈ ਤੈਨੂੰ ਤਾਂ। ਆਹ ਉਰਾਂ ਨੂੰ ਛਾਵੇਂ ਹੋ ਜਾ।’’ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਧਰਨੇ ‘ਤੇ ਬੈਠੇ ਜਾਗਰ ਸਿਹੁੰ ਨੂੰ ਨਛੱਤਰ ਸਿੰਘ ਨੇ ਆਪਣੇ ਕੋਲ ਛਾਵੇਂ ਆਉਣ ਦਾ ਇਸ਼ਾਰਾ ਕੀਤਾ।
“ਨਛੱਤਰ ਸਿਆਂ ਆਪਾਂ ਨੂੰ ਕਿਰਤੀ ਲੋਕਾਂ ਨੂੰ ਧੁੱਪਾਂ ਕੁਛ ਨੀ ਕਹਿੰਦੀਆਂ। ਆਪਣਾ ਤਾਂ ਨਸੀਬ ਨੇ ਇਹ ਕੜਕਦੀਆਂ ਧੁੱਪਾਂ।’’ ਬੈਠਿਆਂ ਬੈਠਿਆਂ ਹੀ ਰਿਸਕ ਕੇ ਨਛੱਤਰ ਸਿਹੁੰ ਕੋਲ ਛਾਵੇਂ ਗਏ ਜਾਗਰ ਨੇ ਅੱਗੇ ਗੱਲ ਤੋਰੀ, “ਨਛੱਤਰ ਸਿਆਂ ਵੀ ਭਲਾ ਇਹ ਸਰਕਾਰ ਨੂੰ ਪਤਾ ਨਹੀਂ ਕਿ ਕਿਸਾਨ ਤਾਂ ਪਹਿਲਾਂ ਈ ਬਿਪਤਾ ਦਾ ਮਾਰਿਆ ਪਿਐ। ਉੱਪਰੋਂ ਪਤੰਦਰ ਇਹੋ ਜੇ ਕਾਨੂੰਨ ਪਾਸ ਕਰੀ ਜਾਂਦੇ ਨੇ। ਅਖੇ ਏਸ ਕਾਨੂੰਨ ਨਾਲ ਕਿਸਾਨ ਦੀ ਆਮਦਨ ਵਧੂ। ਓਏ ਭਲੇਮਾਣਸੋ ਜੇ ਕਿਸਾਨਾਂ ਦੀ ਆਮਦਨ ਵਧਾਉਣੀ ਆ ਤਾਂ ਕਿਸਾਨਾਂ ਦੇ ਖਰਚੇ ਘਟਾਓ। ਰੇਅ, ਸਪਰੇਅ ਅਤੇ ਤੇਲ ਸਸਤਾ ਦਿਓ ਖੇਤੀ ਲਈ। ਜਦੋਂ ਖਰਚਾ ਘਟ ਗਿਆ ਆਮਦਨ ਆਪੇ ਵਧ ਜੂ।’’ ਸਿੱਧੇ ਸਾਦੇ ਦਿਸਦੇ ਜਾਗਰ ਸਿੰਹੁ ਦੀਆਂ ਗੱਲਾਂ ਸਟੇਜ ਦੇ ਬੁਲਾਰੇ ਨਾਲੋਂ ਵੀ ਤਰਕ ਭਰਪੂਰ ਜਾਪਦੀਆਂ ਸਨ।
“ਨਾਲੇ ਨਛੱਤਰ ਸਿਆਂ ਸੌ ਹੱਥ ਰੱਸਾ ਸਿਰੇ ‘ਤੇ ਗੰਢ। ਮੁੱਕਦੀ ਗੱਲ ਤਾਂ ਇਹ ਵੀ ਏਸੀ ਅਤੇ ਧੁੱਪ ਤਾਂ ਹਨ ਈ ਆਪਸ ’ਚ ਵਿਰੋਧੀ। ਏਸੀ ‘ਚ ਬਹਿ ਕੇ ਤਾਂ ਏਸੀ ਵਾਲਿਆਂ ਦੇ ਪੱਖ ਦੇ ਈ ਫੈਸਲੇ ਹੋਣਗੇ। ਜੇ ਸਰਕਾਰ ਨੇ ਸੱਚਮੁਚ ਧੁੱਪ ਵਾਲਿਆਂ ਦੇ ਹੱਕ ‘ਚ ਫੈਸਲਾ ਕਰਨਾ ਸੀ ਤਾਂ ਧੁੱਪ ਵਾਲਿਆਂ ਦੀ ਰਾਇ ਲੈਂਦੀ।’’
“ਜਾਗਰ ਸਿਆਂ ਤੂੰ ਰਾਇ ਲੈਣ ਦੀ ਗੱਲ ਕਰਦੈਂ। ਏਸੀ ਤਾਂ ਧੁੱਪ ਦੀ ਗੱਲ ਸੁਣਨ ਨੂੰ ਤਿਆਰ ਨਹੀਂ।’’ ਨਛੱਤਰ ਸਿਹੁੰ ਨੇ ਜਾਗਰ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਸਟੇਜ ਵੱਲੋਂ ਲਗਾਏ ਜਾ ਰਹੇ ਨਾਅਰਿਆਂ ਦਾ ਉੱਚੀ ਬਾਂਹ ਕਰਕੇ ਜਵਾਬ ਦੇਣਾ ਸ਼ੁਰੂ ਕੀਤਾ।
ਸੰਪਰਕ: 98786-05965