ਮਲਕੀਤ ਸਿੰਘ ਮਛਾਣਾ
ਉਹ ਪਿੰਡ ਦੇ ਛਿਪਦੇ ਪਾਸਿਉਂ ਆਉਂਦੀ ਸਪੀਕਰ ਦੀ ਆਵਾਜ਼ ਸੁਣ ਕੇ ਉੱਧਰ ਨੂੰ ਹੋ ਤੁਰਿਆ। ਪਿੰਡ ਦੇ ਰੱਜੇ ਪੁੱਜੇ ਸਰਦਾਰ ਜੱਗਰ ਸਿੰਘ ਦੀ ਧੀ ਦਾ ਵਿਆਹ ਸੀ ਤੇ ਮੁੰਡੇ ਵਾਲੇ ਗਾਉਣ ਵਾਲੀ ਪਾਰਟੀ ਆਪਣੇ ਨਾਲ ਲੈ ਕੇ ਆਏ ਸਨ। ਵਾਹਵਾ ਭੀੜ ਜੁੜੀ ਸੀ। ਉਹਨੇ ਹੌਲੀ ਹੌਲੀ ਛਟੀਆਂ ਦੇ ਛੌਰ ’ਤੇ ਚੜ੍ਹ ਕੇ ਗਵੱਈਏ ਤੱਕ ਲਏ ਸਨ। ਉਹ ਤਾਂ ਹਾਲੇ ਛੋਟਾ ਸੀ, ਪਿੰਡ ਦੇ ਇੱਕੋ ਇੱਕ ਪ੍ਰਾਇਮਰੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਗਾਣੇ ਦੇ ਬੋਲਾਂ ਦੇ ਮਤਲਬ ਤਾਂ ਬਾਹਲੇ ਉਹਦੇ ਪੱਲੇ ਨਹੀਂ ਸਨ ਪਏ, ਪਰ ਇਹ ਬੋਲ ਕਈ ਦਿਨ ਗੁਣਗੁਣਾ ਕੇ ਆਪਣਾ ਦਿਲ ਪਰਚਾਉਂਦਾ ਰਿਹਾ।
ਪੰਜਵੀਂ ਜਮਾਤ ਵਿੱਚ ਵੀ ਉਹਦੇ ਨਾਲ ਇਸ ਤਰ੍ਹਾਂ ਦਾ ਇੱਕ ਵਾਕਾ ਪੇਸ਼ ਆਇਆ। ਪਿੰਡ ਦੇ ਕਈ ਬੱਚੇ ਜਿਹੜੇ ਨਾਲ ਦੇ ਪਿੰਡ ਪੱਕਾ ਕਲਾਂ ਛੇਵੀਂ-ਸੱਤਵੀਂ ਜਮਾਤ ਵਿੱਚ ਪੜ੍ਹਨ ਜਾਂਦੇ ਸਨ, ਉਹਨੂੰ ਆਪਣੇ ਨਾਲ ਲੈ ਗਏ ਕਿ ਅੱਜ ਉੱਥੇ ਵੀ ਇਕ ਗਾਉਣ-ਵਜਾਉਣ ਵਾਲ਼ੀ ਪਾਰਟੀ ਨੇ ਆਉਣਾ ਹੈ। ਉਹਨੇ ਜਾ ਕੇ ਦੇਖਿਆ ਤਾਂ ਵਾਕਈ ਉੱਥੇ ਬਹੁਤ ਇਕੱਠ ਸੀ। ਉਹਨੇ ਗਲੀ ਵਿੱਚ ਲੱਗੇ ਨਲਕੇ ਤੋਂ ਪਾਣੀ ਪੀਤਾ ਤੇ ਸਟੇਜ ਦੇ ਨੇੜੇ ਜਾ ਖੜ੍ਹਾ ਹੋਇਆ ਜਿਹੜੀ ਦੋ ਗੱਡਿਆਂ ਨੂੰ ਜੋੜ ਕੇ ਬਣਾਈ ਗਈ ਸੀ। ਫਿਰ ਇੱਕ ਚਿੱਟੇ ਕੁੜਤੇ ਚਾਦਰੇ ਤੇ ਸ਼ਮਲੇ ਵਾਲੀ ਚਿੱਟੀ ਪੱਗ ਵਾਲਾ ਨੌਜਵਾਨ ਹੱਥ ਵਿੱਚ ਤੂੰਬੀ ਫੜੀ ਸਟੇਜ ’ਤੇ ਆਣ ਹਾਜ਼ਰ ਹੋਇਆ, ਉਹਦੇ ਨਾਲ ਹੱਥ ਵਿੱਚ ਬੈਗ ਫੜੀ ਕਾਲੀਆਂ ਐਨਕਾਂ ਵਾਲੀ ਇੱਕ ਬਹੁਤ ਹੀ ਖ਼ੂਬਸੂਰਤ ਮੁਟਿਆਰ ਵੀ ਕੁਰਸੀ ’ਤੇ ਆਣ ਬੈਠੀ। ਸਟੇਜ ਸਕੱਤਰ ਨੇ ਮਾਈਕ ਰਾਹੀਂ ਉਸ ਗਾਇਕ ਪਾਰਟੀ ਦਾ ਨਾਂ ‘ਮੁਹੰਮਦ ਸਦੀਕ ਅਤੇ ਰਣਜੀਤ ਕੌਰ’ ਐਲਾਨਿਆ। ਆਸਮਾਨ ਉੱਤੇ ਬੱਦਲ ਛਾ ਗਏ ਸਨ ਅਤੇ ਕਿਸੇ ਵੀ ਵਕਤ ਜ਼ੋਰਦਾਰ ਮੀਂਹ ਦਾ ਛਰਾਟਾ ਦਸਤਕ ਦੇ ਸਕਦਾ ਸੀ ਪਰ ਉੱਪਰ ਵੱਲ ਕਿਸੇ ਦਾ ਧਿਆਨ ਹੀ ਨਹੀਂ ਗਿਆ ਤੇ ਸਾਰਿਆਂ ਦੀਆਂ ਨਜ਼ਰਾਂ ਸਾਹਮਣੇ ਸਟੇਜ ’ਤੇ ਗੱਡੀਆਂ ਹੋਈਆਂ ਸਨ… ਕਿ ਕਦੋਂ ਕਿਸੇ ਗੀਤ ਦੇ ਬੋਲ ਕੰਨਾਂ ਵਿੱਚ ਪੈਣ।
ਬੱਸ ਫਿਰ ਕੀ ਸੀ! ਆਸਮਾਨੀ ਬੱਦਲਾਂ ਨੂੰ ਤਾਂ ਹਾਲੇ ਵਿਹਲ ਨਹੀਂ ਸੀ ਪਰ ਅਗਲੇ ਕੁਝ ਹੀ ਪਲਾਂ ਵਿੱਚ ਸਟੇਜ ਤੋਂ ਗੀਤਾਂ ਦਾ ਮੀਂਹ ਵਰ੍ਹਨ ਲੱਗ ਪਿਆ। ਇੱਕ ਤੋਂ ਬਾਅਦ ਇੱਕ ਦੋਗਾਣਾ ਬਿਨਾਂ ਕੋੋਈ ਵਕਤ ਗੁਆਏ ਪੇਸ਼ ਹੁੰਦਾ ਰਿਹਾ। ਸਾਰੇ ਪਾਸੇ ਖ਼ਾਮੋਸ਼ੀ ਛਾ ਗਈ। ਸਰੋਤਿਆਂ ਦੇ ਹਾਵ-ਭਾਵ ਦੱਸ ਰਹੇ ਸਨ ਕਿ ਉਹ ਕਿੰਨੇ ਲੁਤਫ਼-ਅੰਦੋਜ਼ ਹੋ ਰਹੇ ਹਨ। ਉਹ ਖ਼ੁਦ ਵੀ ਤਾਂ ਗਾਇਕ ਜੋੜੀ ਦੀ ਗੀਤ-ਅਦਾਇਗੀ ਨਾਲ ਸਰੂਰ ਵਿੱਚ ਤਾਰੀਆਂ ਲਾ ਰਿਹਾ ਸੀ। ਦੋ-ਢਾਈ ਘੰਟਿਆਂ ਦਾ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਗੁਜ਼ਰ ਗਏ। ਇਸੇ ਕਰਕੇ ਗੀਤ-ਸੰਗੀਤ ਨਾਲ ਗੜੁੱਚ ਹੋਏ ਉਸ ਦੇ ਦਿਲ-ਓ-ਦਿਮਾਗ਼ ’ਤੇ, ਪਿੰਡ ਨੂੰ ਮੁੜਦੇ ਵਕਤ ਪਏ ਮੋਹਲੇਧਾਰ ਮੀਂਹ ਦਾ ਭੋਰਾ ਵੀ ਅਸਰ ਨਹੀਂ ਸੀ ਹੋਇਆ।
ਅਗਲੇ ਸਾਲ ਉਹ ਵੀ ਛੇਵੀਂ ਜਮਾਤ ਵਿੱਚ ਪੱਕਾ ਕਲਾਂ ਦੇ ਹਾਈ ਸਕੂਲ ਵਿੱਚ ਜਾ ਦਾਖਲ ਹੋਇਆ। ਪਤਾ ਨਹੀਂ ਸਦੀਕ ਦਾ ਇਸ ਪਿੰਡ ਨਾਲ ਕੀ ਖ਼ਾਸ ਮੋਹ ਸੀ, ਉਹ ਹਰ ਤੀਜੇ ਦਿਨ ਇੱਥੇ ਆਇਆ ਰਹਿੰਦਾ। ਸਕੂਲ ਵਿੱਚ ਵੀ ਬਹੁਤ ਸਖ਼ਤੀ ਸੀ ਤੇ ਅਜਿਹੇ ਪ੍ਰੋਗਰਾਮ ਦੇਖਣ ਲਈ ਬੱਚਿਆਂ ਨੂੰ ਸਕੂਲੋਂ ਛੁੱਟੀ ਨਹੀਂ ਸੀ ਮਿਲਦੀ। ਇਸੇ ਕਰਕੇ ’ਖਾੜੇ ਦੇ ਸ਼ੌਕੀਨ ਮੁੰਡੇ ਅੱਧੀ ਛੁੱਟੀ ਵੇਲ਼ੇ ਅੱਖ ਬਚਾ ਕੇ ਤੇ ਬਸਤੇ ਚੁੱਕ ਕੇ ਸਕੂਲੋਂ ਦੌੜ ਜਾਂਦੇ। ’ਖਾੜੇ ਵਿੱਚ ਸਦੀਕ ‘ਮਲਕੀ ਕੀਮਾ’, ‘ਆਉਣ ਨ੍ਹੇਰੀਆਂ ਜਾਣ ਨ੍ਹੇਰੀਆਂ’, ‘ਨੀਂ ਮੈਂ ਲੈਣ ਮੁਕਲਾਵਾ ਤੇਰਾ ਆਇਆ ਬੱਲੀਏ’, ‘ਸੁਰਮਾਂ ਪੰਜ ਰੱਤੀਆਂ’ ਜਿਹੇ ਢੇਰ ਸਾਰੇ ਗੀਤਾਂ ਨਾਲ ‘ਲੰਬ’ ਕੱਢ ਦਿੰਦਾ ਤੇ ਅਗਲੇ ਦਿਨ ਮਾਸਟਰ ਸਵੇਰ ਸਵੇਰੇ ਪ੍ਰਾਰਥਨਾ ਸਭਾ ’ਚ ਸਕੂਲੋਂ ਦੌੜੇ ਮੁੰਡਿਆਂ ਦੀ ‘ਲੰਬ’ ਕੱਢ ਦਿੰਦੇੇ। ਇਹ ਸਿਲਸਿਲਾ ਕਈ ਸਾਲ ਇੱਦਾਂ ਹੀ ਚਲਦਾ ਰਿਹਾ।
ਉਨ੍ਹੀਂ ਦਿਨੀਂ ਸਦੀਕ ਦੀ ਇੰਨੀ ਚੜ੍ਹਾਈ ਸੀ ਕਿ ਉਹ ਇੱਕ ਦਿਨ ਵਿੱਚ ਤਿੰਨ ਤਿੰਨ ਪ੍ਰੋਗਰਾਮ ਭੁਗਤਾਉਂਦਾ। ਲੋਕ ਉਸ ਤੋਂ ਪੁੱਛ ਕੇ ਵਿਆਹ ਦੀ ਤਾਰੀਕ ਪੱਕੀ ਕਰਦੇ ਸਨ ਕਿ ਉਹ (ਸਦੀਕ) ਕਿਹੜੇ ਦਿਨ ਉਨ੍ਹਾਂ ਲਈ ਵਿਹਲਾ ਹੈ।
ਉਹ ਘਰਾਂ ਵਿੱਚੋਂ ਲਗਦੇ ਆਪਣੇ ਚਾਚੇ ਦੇ ਸਾਈਕਲ ਦੇ ਪਿੱਛੇ ਬਹਿ ਕੇ ਸਕੂਲ ਜਾਂਦਾ ਸੀ ਤੇ ਚਾਚਾ ਉਸ ਨੂੰ ਨੇੜੇ-ਤੇੜੇ ਦੇ ਹੋਰਾਂ ਪਿੰਡਾਂ ਵਿੱਚ ਅਜਿਹੇ ਸੰਗੀਤਕ ਅਖਾੜਿਆਂ ਵਿੱਚ ਲੈ ਜਾਂਦਾ ਪਰ ਉਸ ਨੂੰ ਜ਼ਿਆਦਾ ਮਜ਼ਾ ‘ਸਦੀਕ’ ਦੇ ’ਖਾੜੇ ਦਾ ਹੀ ਆਉਂਦਾ। ਕਈ ਵਾਰ ਇਹ ‘ਮਜ਼ਾ’ ਮਹਿੰਗਾ ਵੀ ਪੈ ਜਾਂਦਾ…।
ਇਕ ਵਾਰ ਦੀ ਗੱਲ ਹੈ ਕਿ ਸੰਗਤ ਮੰਡੀ ਟੇਸ਼ਨ ਦੇ ਪਰਲੇ ਪਾਸੇ ਬਰਾੜਾਂ ਦੇ ਘਰ ਉਨ੍ਹਾਂ ਦੇ ਵੱਡੇ ਮੁੰਡੇ ਦਾ ਵਿਆਹ ਸੀ। ਪਿੰਡੋ ਪਿੰਡ ਖ਼ਬਰ ਹੁੰਦੀ ਹੁੰਦੀ ਚਾਚੇ ਤੱਕ ਵੀ ਪਹੁੰਚ ਗਈ ਕਿ ਫਲਾਣੀ ਤਰੀਕ ਨੂੰ ਬਰਾੜਾਂ ਦੇ ‘ਖਾੜਾ’ ਲੱਗਣਾ ਹੈ। ਚਾਚੇ ਨੇ ਵੀ ਆਪਣਾ ਸਾਈਕਲ ਸ਼ਿੰਗਾਰ ਲਿਆ ਅਤੇ ਮਿਥੇ ਦਿਨ ’ਤੇ ਉਹਨੂੰ ਵੀ ਆਪਣੇ ਨਾਲ ਟੰਗ ਲਿਆ। ਉਹਨੇ ਰਾਹ ਵਿੱਚ ਦੇਖਿਆ ਕਿ ਉਨ੍ਹਾਂ ਵਾਂਗ ਹੋਰ ਵੀ ਬਹੁਤ ਸਾਰੇ ’ਖਾੜੇ ਦੇ ਸ਼ੌਕੀਨ ਭੱਜੇ ਜਾ ਰਹੇ ਸਨ। ਇੱਕ-ਇੱਕ ਸਾਈਕਲ ’ਤੇ ਤਿੰਨ-ਤਿੰਨ ਲਮਕਦੇ ਜਾਂਦੇ ਸਨ, ਕਈ ਊਠਾਂ ਦੀ ਰੇਲ ਬਣਾਈ ਜਾਂਦੇ ਸਨ। ਸਭ ਨੂੰ ਉਮੀਦ ਸੀ ਕਿ ਮੁਹੰਮਦ ਸਦੀਕ-ਰਣਜੀਤ ਕੌਰ ਦੀ ਜੋੜੀ ਹੀ ਆਵੇਗੀ। ਇਕੱਠ ਬਹੁਤ ਸੀ। ਦੁਪਹਿਰ ਦੇ ਤਿੰਨ ਵੱਜ ਗਏ, ’ਖਾੜੇ ਦੀ ਕੋਈ ਵਾਈ ਨਾ ਧਾਈ। ਕਦੇ ਕਹਿੰਦੇ ਕਿ ਸਦੀਕ ਨੇ ਨਹੀਂ ਆਉਣਾ, ਕਰਨੈਲ ਗਿੱਲ ਆਊਗਾ। ਕਦੇ ਕਹਿੰਦੇ ਕਿ ਉਨ੍ਹਾਂ ਦੀ ਕਾਰ ਪੈਂਚਰ ਹੋ ਗਈ, ਹੁਣ ਕੇ.ਦੀਪ ਤੇ ਜਗਮੋਹਨ ਕੌਰ ਆਉਣਗੇ। ਜਿੰਨੇ ਮੂੰਹ ਉਨੀਆਂ ਗੱਲਾਂ। ਗਰਮੀ ਡਾਢੀ ਸੀ, ਨੇੜੇ ਪਾਣੀ ਵੀ ਨਹੀਂ ਸੀ ਪੀਣ ਨੂੰ। ਸ਼ਾਮ ਦੇ ਅੱਠ ਵੱਜ ਗਏ, ਹਨੇਰਾ ਹੋ ਚੱਲਿਆ ਸੀ। ਗਾਉਣ ਵਾਲਾ ਕੋਈ ਨਾ ਪਹੁੰਚਿਆ। ਬਾਹਲੇੇ਼ ਸ਼ੌਕੀਨਾਂ ਦੇ ਧੋਤੇ ਮੂੰਹ ਚਪੇੜ ਵੱਜੀ ਸੀ। ਲੋਕ ਅਵਾ-ਤਵਾ ਬੋਲਦੇ ਵਾਪਸ ਜਾਣ ਲੱਗ ਪਏ ਸਨ। ਚਾਚੇ ਨੇ ਵੀ ਮੁੜਨ ਦਾ ਮਨ ਬਣਾ ਲਿਆ ਤੇ ਉਹਨੂੰ ਆਪਣੇ ਸਾਈਕਲ ’ਤੇ ‘ਲੱਦ’ ਲਿਆ ਕਿਉਂਕਿ ਖੜ੍ਹੇ ਖੜ੍ਹੇ ਦੀਆਂ ਉਹਦੀਆਂ ਲੱਤਾਂ ਆਕੜ ਗਈਆਂ ਸਨ।
ਰਾਤ ਨੌਂ ਵਜੇ ਦੇ ਆਸਪਾਸ ਉਹ ਘਰ ਪਹੁੰਚੇ, ਅੱਗੇ ਘਰ ਦੇ ਬੜੇ ਫ਼ਿਕਰਮੰਦ ਸਨ, ਬਈ ਇੰਨੀ ਰਾਤ ਹੋ ਚੱਲੀ ਹੈ, ਮੁੰਡੇ ਘਰ ਨਹੀਂ ਮੁੜੇ। ਸਾਈਕਲ ਤੋਂ ਤਾਂ ਉਹਨੂੰ ਚਾਚੇ ਨੇ ਜਿਵੇਂ ਕਿਵੇਂ ਉਤਾਰ ਲਿਆ ਪਰ ਉਹਤੋਂ ਨਾ ਤਾਂ ਮੰਜੇ ’ਤੇ ਬੈਠਿਆ ਜਾਵੇ ਤੇ ਨਾ ਹੀ ਪਿਆ ਜਾਵੇ, ਉਹਦਾ ਸਾਰਾ ਸਰੀਰ ਹੀ ਆਕੜ ਗਿਆ। ਉਹਦੇ ਬਾਪੂ ਨੇ ਪਹਿਲਾਂ ਤਾਂ ਚੰਗੇ ਛੰਦ ਸੁਣਾਏ, ਫਿਰ ਉਹਦੀ ਹਾਲਤ ਦੇਖ ਕੇ ਰਹਿਮ ਆ ਗਿਆ ਤੇ ਉਨ੍ਹਾਂ ਨੇ ਸਰ੍ਹੋਂ ਦਾ ਤੇਲ ਗਰਮ ਕਰ ਕੇ ਉਹਦੀਆਂ ਲੱਤਾਂ ਦੀ ਮਾਲਿਸ਼ ਕੀਤੀ, ਫਿਰ ਕਿਤੇ ਜਾ ਕੇ ਉਹ ਪਾਸਾ ਲੈਣ ਜੋਗਾ ਹੋਇਆ।
ਅੱਠਵੀਂ ਜਮਾਤ ਵਿੱਚ ਪੜ੍ਹਦੇ ਨੇ ਉਹਨੇ ਤੂੰਬੀ ਦਾ ਜੁਗਾੜ ਕਰ ਲਿਆ, ਘਰੇ ਬਾਪੂ ਦੀ ਸਖ਼ਤੀ ਸੀ। ਇਸੇ ਕਰਕੇ ਤੂੰਬੀ ਉਹਨੇ ਖੇਤ ਹੀ ਝੁੰਬੀ ਵਿੱਚ ਲੁਕੋ ਰੱਖੀ ਸੀ ਤੇ ਆਨੀ-ਬਹਾਨੀ ਉਹ ਸ਼ਾਮ ਨੂੰ ਖੇਤ ਜਾ ਕੇ ਤੂੰਬੀ ਵਜਾਉਣ ਦਾ ਅਭਿਆਸ ਕਰਦਾ। ਡਰ ਦੇ ਵਾਤਾਵਰਣ ਵਿੱਚ ਬੰਦੇ ਦੀ ਕਲਾ ਛੇਤੀ ਕੀਤੇ ਨਹੀਂ ਨਿਖਰਦੀ ਪਰ ਉਹਦੇ ਅੰਦਰਲੇ ਜਨੂੰਨ ਨੇ ਬਾਜ਼ੀ ਮਾਰ ਲਈ ਤੇ ਉਹ ਹਲਕੀਆਂ ਫੁਲਕੀਆਂ ਤਰਜ਼ਾਂ ਕੱਢਣ ਲੱਗ ਪਿਆ।
ਇੱਕ ਦਿਨ ਵੱਟ ’ਤੇ ਬੈਠਾ ਤੂੰਬੀ ਵਜਾਉਂਦਾ ਹੋਇਆ ਉਹ ਪੂਰੇ ਸਰੂਰ ਵਿੱਚ ਸੀ ਕਿ ਉਹਦੇ ਬਾਪੂ ਨੇ ਉਹਨੂੰ ਉੱਤੋਂ ਜਾ ਫੜਿਆ ਤੇ ਕੜਕ ਕੇ ਬੋਲਿਆ, ‘‘… ਹਾਅ ਕੀ ਕਰਦੈਂ ਉਏ?’’
‘‘ਮੈਂ…’’ ਇਸ ਤਰ੍ਹਾਂ ਅਚਾਨਕ ਬਾਪੂ ਨੂੰ ਦੇਖ ਕੇ ਉਹ ਬੇਹੱਦ ਘਬਰਾ ਗਿਆ ਤੇ ਉਹਦੇ ਗਲ਼ੇ ਵਿੱਚੋਂ ਕੋਈ ਆਵਾਜ਼ ਨਾ ਨਿਕਲ ਸਕੀ।
‘‘ਇਹ ਕੀ ਕਰ ਰਿਹੈਂ?’’ ਉਹਦੇ ਬਾਪੂ ਨੇ ਆਪਣਾ ਸਵਾਲ ਫਿਰ ਉਸੇ ਅੰਦਾਜ਼ ਵਿੱਚ ਦੁਹਰਾਇਆ।
‘‘ਬਾ… ਬਾ… ਬਾ… ਬਾਪੂ! ਮੈਂ ਸਦੀਕ ਬਣਨੈਂ,’’ ਉਹ ਵੱਟ ਤੋਂ ਉਠਦਿਆਂ ਬੜੀ ਮੁਸ਼ਕਿਲ ਨਾਲ ਬੱਸ ਇੰਨਾ ਹੀ ਵਾਕ ਬੋਲ ਸਕਿਆ। ‘‘ਸਾ… ਸਦੀਕ ਦਾ…’’ ਉਹਦੇ ਬਾਪੂ ਨੇ ਇਸ ਗੱਲ ਰਾਹੀਂ ਆਪਣਾ ਰੱਦ-ਇ-ਅਮਲ ਜ਼ਾਹਿਰ ਕੀਤਾ ਤੇ ਇਕ ਕਰਾਰਾ ਜਿਹਾ ਥੱਪੜ ਉਹਦੀ ਗੱਲ ’ਤੇ ਰਸੀਦ ਕਰ ਦਿੱਤਾ। ਇਸ ਨਾਲ ਉਹਦੀ ਪੱਗ ਟੇਢੀ ਹੋ ਗਈ ਤੇ ਤੂੰਬੀ ਹੱਥੋਂ ਛੁੱਟ ਕੇ ਔਹ ਜਾ ਪਈ। ‘‘ਬੰਦਾ ਬਣ ਕੇ ਪੜ੍ਹਾਈ ਕਰ ਲੈ… ਕੁਛ ਨੀਂ ਨਿਕਲਣਾ ਏਸ … ਕੰਮ ’ਚੋਂ। ਕਿਸੇ ਕਿੱਤੇ ਲੱਗਜੇਂਗਾ ਤਾਂ ਜ਼ਿੰਦਗੀ ਸੌਖੀ ਲੰਘ ਜੂਗੀ, ਨਹੀਂ ਤਾਂ ਮਾਤੜ ਆਂਗੂੰ ਧੱਕੇ ਖਾਏਂਗਾ ਸਾਰੀ ਉਮਰ ਖੇਤਾਂ ’ਚ,’’ ਉਹਦਾ ਬਾਪ ਇਹ ਤਾੜਨਾ ਕਰਦਾ ਹੋਇਆ ਪਿੰਡ ਨੂੰ ਜਾਂਦੀ ਸੜਕ ’ਤੇ ਜਾ ਚੜ੍ਹਿਆ।
ਆਪਣੀ ਕਲਾ ਦੇ ਕਿਸੇ ਹੱਦ ਤੱਕ ਗਲ਼ ਗੂਠਾ ਦਿੰਦਾ ਹੋਇਆ ਉਹ ਪੜ੍ਹ-ਲਿਖ ਕੇ ਇੱਕ ਸਰਕਾਰੀ ਮਹਿਕਮੇ ਵਿੱਚ ਭਰਤੀ ਹੋ ਗਿਆ। ਸਰਕਾਰੀ ਮੁਲਾਜ਼ਮ ਕਿੱਥੇ ਮਿਲਦੈ, ਇਸ ਕਰਕੇ ਜਲਦੀ ਹੀ ਇੱਕ ਘਰੇਲੂ ਕੁੜੀ ਨਾਲ ਉਹਦਾ ਵਿਆਹ ਹੋ ਗਿਆ। ਡਿਊਟੀ ਦੀ ਵਜ੍ਹਾ ਕਰਕੇ ਮਜਬੂਰਨ ਉਹਨੂੰ ਆਪਣੀ ਠਾਹਰ ਸ਼ਹਿਰ ਬਣਾਉਣੀ ਪਈ ਪਰ ਸਦੀਕ ਨੂੰ ਦੇਖਣ ਤੇ ਸੁਣਨ ਦੀ ਹੁੱਬ ਉਹਦੇ ਅੰਦਰ ਸਾਰੀ ਉਮਰ ਜਿਉਂ ਦੀ ਤਿਉਂ ਠਾਠਾਂ ਮਾਰਦੀ ਰਹੀ। ਉਹ ਦਫ਼ਤਰੋਂ ਛੁੱਟੀ ਲੈ ਕੇ ਮੋਟਰਸਾਈਕਲ ਨੂੰ ਕਿੱਕ ਮਾਰਦਾ ਤੇ ਨੇੜੇ-ਤੇੜੇ ਆਏ ਸਦੀਕ ਦਾ ’ਖਾੜਾ ਰੂਹ ਨਾਲ ਸੁਣਦਾ। ਇਸ ਕਰਕੇ ਘਰ ਦੇ ਕੰਮ ਵਾਸਤੇ ਲਈ ਛੁੱਟੀ ’ਤੇ ਵੀ ਉਹਦੀ ਪਤਨੀ ਤਨਜ਼ ਕਸਣੋਂ ਨਾ ਹਟਦੀ… ‘‘ਲੱਗਦੈ ਅੱਜ ਫੇਰ ਮੁੰਡੇ ਨੇ ਸਦੀਕ ਦੇਖਣ ਜਾਣੈਂ।’’
ਉਹਦਾ ਬਾਪ ਇੱਕ ਦਿਨ ਜਦੋਂ ਦੁਪਹਿਰੇ ਖੇਤੋਂ ਘਰ ਨੂੰ ਆ ਰਿਹਾ ਸੀ ਤਾਂ ਪਿੰਡ ਦੇ ਵਾਟਰ ਵਰਕਸ ਕੋਲ ਇੱਕ ਅੰਬੈਸਡਰ ਕਾਰ ਉਹਦੇ ਕੋਲ ਆ ਕੇ ਰੁਕੀ ਤੇ ਇੱਕ ਪੈਂਟ-ਸ਼ਰਟ ਪਹਿਨੀ ਸਮੱਧਰ ਜਿਹੇ ਬੰਦੇ ਨੇ ਕਾਰ ਵਿੱਚੋਂ ਨਿਕਲ ਕੇ ਕਿਸੇ ਪਿੰਡ ਦਾ ਰਾਹ ਪੁੱਛਿਆ ਅਤੇ ਉਹ ਮੁੜ ਕਾਰ ਦੀ ਪਿਛਲੀ ਸੀਟ ’ਤੇ ਜਾ ਬੈਠਾ। ਛੱਪੜ ’ਤੇ ਮੱਝਾਂ ਪਿਆਉਣ ਆਇਆ ਨੰਬਰਦਾਰਾਂ ਦਾ ਮੇਲਾ ਕਾਰ ਵੱਲ ਭੱਜ ਕੇ ਆਇਆ ਪਰ ਉਦੋਂ ਤੱਕ ਕਾਰ ਜਾ ਚੁੱਕੀ ਸੀ।
‘‘ਤਾਇਆ ਤੈਨੂੰ ਪਤਾ ਇਹ ਬੰਦਾ ਕੌਣ ਸੀ? ਆਹ ਜਿਹੜਾ ਹੁਣੇ ਤੇਰੇ ਨਾਲ ਗੱਲਾਂ ਕਰਦਾ ਸੀ?’’
‘‘ਨਾ ਬਈ ਸ਼ੇਰਾ… ਮੈਂ ਤਾਂ ਨ੍ਹੀਂ ਜਾਣਦਾ ਇਹਨੂੰ।’’
‘‘ਤਾਇਆ ਇਹ ਸਦੀਕ ਸੀ… ਪੰਜਾਬੀ ਗਵੱਈਆ… ਮੁਹੰਮਦ ਸਦੀਕ!!’’
‘‘ਹੱਛਾ ਇਹ ਆ ਸਦੀਕ! ਯਾਰ, ਮੈਂ ਇਹੋ ਜਿਹੇ ਬੰਦੇ ਨੂੰ ਸੀਰੀ ਨਾ ਰੱਖਾਂ… ਸਾਡਾ ਛੋਹਰ ਪਤਾ ਨੀਂ ਕਿਉਂ ਇਹਦੇ ਪਿੱਛੇ ਕਮਲ਼ਾ ਹੋਇਐ ਫਿਰਦੈ…’’ ਮਨਬਚਨੀ ਉਹਦੇ ਅੰਦਰ ਖੌਰੂ ਪਾਉਣ ਲੱਗੀ।
ਕੁਦਰਤੀ ਕੁਝ ਦਿਨਾਂ ਬਾਅਦ ਸਦੀਕ ਦਾ ’ਖਾੜਾ ਉਹਦੇ ਪਿੰਡ ਆਣ ਲੱਗਾ। ਉਹਦਾ ਬਾਪ ਸਵੇਰ ਤੋਂ ਹੀ ਖੇਤ ਵਿੱਚ ਮੱਕੀ ਦੀ ਗੋਡੀ ਕਰਨ ਡਿਹਾ ਸੀ। ਨਾਲ ਦੇ ਪਿੰਡਾਂ ਦੇ ਲੋਕ ਸਦੀਕ ਦਾ ’ਖਾੜਾ ਦੇਖਣ ਲਈ ਉਹਦੇ ਕੋਲ਼ੋਂ ਦੀ ਸ਼ੂਟ ਵੱਟੀ ਲੰਘੀ ਜਾਂਦੇ ਸਨ। ਜਾਣ-ਪਛਾਣ ਵਾਲੇ ਮਖ਼ੌਲ ਕਰਦੇ ਲੰਘਦੇ-
‘‘ਬੱਲੇ ਉਏ ਬਾਪੂ!!! ਤੇਰੇ ਪਿੰਡ ਅੱਜ ਸਦੀਕ ਨੇ ਆਉਣਾ, ਦੁਨੀਆਂ ਤੇਰੇ ਪਿੰਡ ਨੂੰ ਉਲਰੀ ਪਈ ਆ ਤੇ ਤੂੰ ਹੈਥੇ ਮੱਕੀ ਗੁੱਡੀ ਜਾਨੈਂ…!’’
ਕੋਈ ਦੂਜਾ ਮਸ਼ਕਰੀ ਕਰਦਾ, ‘‘ਓ ਤੂੰ ਚਾਹ ਨਾ ਪਿਆਈਂ, ਆ ਜਾ ਸਦੀਕ ਤਾਂ ਦੇਖ ਲੈ ਕੇਰਾਂ।’’
ਲੋਕਾਂ ਦਾ ਰਉਂ ਦੇਖ ਕੇ ਉਹਦੇ ਬਾਪ ਨੇ ਕਸੀਆ ਮੋਢੇ ’ਤੇ ਰੱਖਿਆ ਤੇ ਅਣਮੰਨੇ ਮਨ ਨਾਲ ਲੋਕਾਂ ਦੇ ਇਕੱਠ ਵਿੱਚ ਜਾ ਖੜ੍ਹਾ। ਰੱਬ ਦੇ ਨਾਂ ਨਾਲ ਪ੍ਰੋਗਰਾਮ ਸ਼ੁਰੂ ਹੋਇਆ। ਫਿਰ ਦੋਗਾਣਾ ਗਾਇਕੀ ਦਾ ਦੌਰ ਚੱਲ ਪਿਆ। ਸਾਰੇ ਪਾਸੇ ਇਕਦਮ ਚੁੱਪ ਵਰਤ ਗਈ, ਲੋਕ ਸੁਸਰੀ ਵਾਂਗੂੰ ਸੌਂ ਗਏ। ਸਦੀਕ ਦੀ ਕਲਾਕਾਰੀ ਤੇ ਤੂੰਬੀ ਦੀ ਟੁਣਕਾਰ ਨੇ ਸਭ ਸਰੋਤੇ ਮੋਹ ਲਏ… ਇੱਥੋਂ ਤੱਕ ਕਿ ਉਹਦਾ ਬਾਪ ਵੀ ਮੋਹਿਆ ਗਿਆ।
‘‘ਯਾਰ, ਦੇਖਣ ਨੂੰ ਈ ਪੱਕੇ ਜੇ ਰੰਗ ਦਾ… ਗੀਤਾਂ ਦੀਆਂ ਤਾਂ ਪਤੰਦਰ ਬਚੀਆਂ ਪੁਆ ਦਿੰਦਾ…। ਹੈਂ!! ਮੈਂ ਤਾਂ ਐਵੇਂ ਈ ਹੁਣ ਤੱਕ ਮੁੰਡੇ ਨੂੰ ਘੂਰਦਾ ਰਿਹਾ…।’’ ਬਾਪ ਦੇ ਅੰਦਰ ਦਾ ਕਲਾਕਾਰ ਵੀ ਜਾਗ ਉੱਠਿਆ। ਉਂਜ ਤਾਂ ਜੰਮਦਾ ਈ ਹਰ ਬੰਦਾ ਕਲਾਕਾਰ ਹੁੰਦਾ ਪਰ ਘਰ ਦੀਆਂ ਤੰਗੀਆਂ-ਤੁਰਸ਼ੀਆਂ ਤੇ ਮਜਬੂਰੀਆਂ ਉਹਦੀ ਵਾਹ ਨਹੀਂ ਜਾਣ ਦਿੰਦੀਆਂ ਤੇ ਉਹਨੂੰ ਉਹ ਮੌਕੇ ਨਸੀਬ ਨਹੀਂ ਹੁੰਦੇ ਜਿਹਦਾ ਉਹ ਹੱਕਦਾਰ ਹੁੰਦਾ ਹੈ।
ਫਿਰ ਸਦੀਕ ਇੱਕ ਦਿਨ ਲੋਕ ਸਭਾ ਦੀਆਂ ਵੋਟਾਂ ਵਿੱਚ ਖੜ੍ਹਾ ਹੋਇਆ। ਮੁਲਾਜ਼ਮ ਹੋਣ ਨਾਤੇ ਬੇਸ਼ੱਕ ਉਹਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਤੁਅੱਲਕ ਨਹੀਂ ਸੀ (ਤੇ ਮੁਲਾਜ਼ਮ ਦਾ ਹੋਣਾ ਵੀ ਨਹੀਂ ਚਾਹੀਦਾ) ਪਰ ਉਹਨੇ ਇੱਕ ਲੱਤ ’ਤੇ ਖੜ੍ਹ ਕੇ ਰੱਬ ਅੱਗੇ ਦੁਆ ਕੀਤੀ ਕਿ … ‘‘ਹੇ ਸੱਚੇ ਪਾਤਸ਼ਾਹ… ਬੱਸ! ਮੇਰਾ ਸਦੀਕ ਜਿੱਤ ਜਾਵੇ।’’ ਤੇ ਉਹਦੀ ਦੁਆ ਪੂਰੀ ਵੀ ਹੋ ਗਈ। ਸਦੀਕ ਚੰਗੀਆਂ ਵੋਟਾਂ ਲੈ ਕੇ ਲੋਕ ਸਭਾ ਦੀਆਂ ਪੌੜੀਆਂ ਜਾ ਚੜਿਆ।
ਇਹ ਸਾਰੀ ਗੱਲ ਉਹਨੇ ਆਪਣੀ ਕਲੋਨੀ ਵਿੱਚ ਮਿਲਣ-ਗਿਲਣ ਵਾਲੇ ਇੱਕ ਗੁਆਂਢੀ ਨਾਲ ਸਾਂਝੀ ਕੀਤੀ। ਕੁਦਰਤੀ ਉਹ ਬੰਦਾ ਸਦੀਕ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇੱਕ ਰਾਤ ਸਦੀਕ ਜਦੋਂ ਉਸ ਗੁਆਂਢੀ ਦੇ ਘਰ ਆਇਆ ਤਾਂ ਉਸ (ਗੁਆਂਢੀ) ਨੇ ਮੁਲਾਕਾਤ ਦੌਰਾਨ ਇਹ ਮਾਜਰਾ ਸਦੀਕ ਦੇ ਧਿਆਨ ਵਿੱਚ ਲਿਆਂਦਾ। ਸਦੀਕ ਬੜਾ ਹੈਰਾਨ ਹੋਇਆ ਤੇ ਉਹਨੇ ਉਸੇ ਵੇਲ਼ੇ ਉਸ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ।
ਉਹ ਤੇਜ਼ ਧੜਕਦੇ ਦਿਲ ਨਾਲ ਉਸ ਕਮਰੇ ਅੰਦਰ ਦਾਖ਼ਲ ਹੋਇਆ ਜਿੱਥੇ ਸਦੀਕ ਬਿਰਾਜਮਾਨ ਸੀ।
‘‘ਆਹ ਬੰਦੈ ਸਦੀਕ ਸਾਹਿਬ… ਜੀਹਨੇ ਥੋਡੀ ਜਿੱਤ ਵਾਸਤੇ ਇੱਕ ਲੱਤ ’ਤੇ ਖੜ੍ਹ ਕੇ ਅਰਦਾਸ ਕੀਤੀ ਆ… ਇਹ ਤਾਂ ਬਚਪਨ ਤੋਂ ਹੀ ਥੋਡਾ ਉਪਾਸ਼ਕ ਹੈ’’ ਗੁਆਂਢੀ ਨੇ ਸਦੀਕ ਨਾਲ ਉਹਦਾ ਤੁਆਰਫ਼ ਕਰਾਇਆ।
‘‘ਹੱਛਾ!’’ ਸਦੀਕ ਨੇ ਉੱਠ ਕੇ ਉਹਨੂੰ ਜੱਫੀ ’ਚ ਲੈ ਲਿਆ ਤੇ ਪੁੱਛਿਆ, ‘‘ਕਿਵੇਂ ਓਂ ਕਾਕਾ ਜੀ?’’
‘‘ਕੀ ਪੁੱਛਦੇ ਓਂ ਜੀ! ਧਰਮ ਨਾਲ ਬਾਹਲੀ਼ ਕੁੱਟ ਖਾਧੀ ਆ ਥੋਡੇ ਪਿੱਛੇ…’’ ਉਹ ਖ਼ੁਸ਼ੀ ਵਿੱਚ ਨਮ ਹੋਈਆਂ ਅੱਖਾਂ ਨਾਲ ਬੱਸ ਇੰਨਾ ਕੁ ਹੀ ਆਖ ਸਕਿਆ।
ਸੰਪਰਕ: 96461-14221